Source :- BBC PUNJABI

62ਵੀਂ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਦੀ ਤਸਵੀਰ

ਤਸਵੀਰ ਸਰੋਤ, Getty Images

ਸਾਲ 1974, ਨਵੰਬਰ ਮਹੀਨਾ, ਸਥਾਨ ਜਲੰਧਰ। ਇੱਥੇ ਇਸ ਸਾਲ ਭਾਰਤੀ ਫੁੱਟਬਾਲ ਟੀਮ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਬੰਗਾਲ ਨੂੰ ਹਰਾ ਕੇ ਸੰਤੋਸ਼ ਟਰਾਫੀ ਜਿੱਤੀ। ਫਾਈਨਲ ਵਿੱਚ ਕੀਤੇ 6 ਗੋਲਾਂ ਮਗਰੋਂ ਪੰਜਾਬ ਦੀ ਫੁੱਟਬਾਲ ਦੀ ਖੂਬ ਚਰਚਾ ਹੋਈ ਸੀ।

ਇਸ ਰਿਪੋਰਟ ਵਿੱਚ ਪੰਜਾਬ ਦੀ ਫੁੱਟਬਾਲ ਬਾਰੇ ਚਰਚਾ ਕਰਾਂਗੇ। ਫੁੱਟਬਾਲ ਦਾ ਵਰਲਡ ਕੱਪ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਭਾਰਤ ਫੁੱਟਬਾਲ ਵਿਸ਼ਵ ਕੱਪ ਵਿੱਚ ਅਜੇ ਤੱਕ ਕੁਆਲੀਫਾਈ ਨਹੀਂ ਕਰ ਸਕਿਆ। ਬਾਵਜੂਦ ਇਸਦੇ ਭਾਰਤ ਵਿੱਚ ਵੀ ਫੁੱਟਬਾਲ ਕਾਫੀ ਪਸੰਦ ਕੀਤੀ ਜਾਣ ਵਾਲੀ ਖੇਡ ਹੈ।

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਫੁੱਟਬਾਲ ਦੇ ਕਈ ਕਲੱਬ ਹਨ। ਇਨ੍ਹਾਂ ਕਲੱਬਾਂ ਵਿੱਚ ਖੇਡ ਕੇ ਕਈ ਫੁੱਟਬਾਲਰਾਂ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਹੈ। ਇਸ ਰਿਪੋਰਟ ਵਿੱਚ ਪੰਜਾਬ ਵਿੱਚ ਫੁੱਟਬਾਲ ਦੇ ਇਤਿਹਾਸ ਬਾਰੇ ਵੀ ਗੱਲ ਕਰਾਂਗੇ ਕਿ ਕਿਵੇਂ ਪੰਜਾਬ ਵਿੱਚ ਫੁੱਟਬਾਲ ਦਾ ਆਗਾਜ਼ ਹੋਇਆ ਅਤੇ ਇੱਥੇ ਮੌਜੂਦਾ ਹਾਲਾਤ ਕੀ ਹਨ।

ਪੰਜਾਬ ਫੁੱਟਬਾਲ ਦਾ ਇਤਿਹਾਸ

ਪੰਜਾਬ ਵਿੱਚ ਫੁੱਟਬਾਲ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਦੇਸ਼ ਵਿੱਚ ਜਿੱਥੇ ਬੰਗਾਲ, ਗੋਆ ਅਤੇ ਕੇਰਲ ਨੂੰ ਫੁੱਟਬਾਲ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ, ਉੱਥੇ ਪੰਜਾਬ ਨੇ ਵੀ ਭਾਰਤੀ ਫੁੱਟਬਾਲ ਨੂੰ ਕਈ ਅੰਤਰਰਾਸ਼ਟਰੀ ਖਿਡਾਰੀ ਅਤੇ ਚੈਂਪੀਅਨ ਕਲੱਬ ਦਿੱਤੇ ਹਨ। ਜਿਸ ਸਮੇਂ ਭਾਰਤ ਵਿੱਚ ਬ੍ਰਿਟਿਸ਼ ਰਾਜ ਸੀ ਉਸ ਸਮੇਂ ਪੰਜਾਬ ਵਿੱਚ ਫੁੱਟਬਾਲ ਐਸੋਸੀਏਸ਼ਨ ਦੀ ਸ਼ੁਰੂਆਤ 1932 ਵਿੱਚ ਲਾਹੌਰ ਵਿਖੇ ਹੋਈ ਸੀ।

ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਸਾਲ 1932 ਵਿੱਚ ਉੱਤਰ-ਪੂਰਬ ਭਾਰਤ ਫੁੱਟਬਾਲ ਐਸੋਸੀਏਸ਼ਨ ਦੇ ਅਧੀਨ ਵਿਧੀਵਤ ਤੌਰ ‘ਤੇ ਸੰਗਠਿਤ ਕੀਤਾ ਗਿਆ।

ਇਸ ਦੇ ਪਹਿਲੇ ਪ੍ਰਧਾਨ ਸਰ ਸਿਕੰਦਰ ਹਯਾਤ ਖਾਨ ਸਨ ਅਤੇ ਸਰਕਾਰੀ ਕਾਲਜ, ਲਾਹੌਰ ਦੇ ਡਾਇਰੈਕਟਰ ਆਫ ਫਿਜ਼ੀਕਲ ਐਜੂਕੇਸ਼ਨ ਐਚ. ਏ. ਸੂਫੀ ਪਹਿਲੇ ਸਕੱਤਰ ਸਨ। ਐਸੋਸੀਏਸ਼ਨ 1935 ਵਿੱਚ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨਾਲ ਜੁੜੀ।

ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਵੈੱਬਸਾਈਟ ਤੋਂ ਲਈ ਗਈ ਤਸਵੀਰ

ਤਸਵੀਰ ਸਰੋਤ, punjabfootball.in

ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਮੁਤਾਬਕ ਭਾਰਤ ਦੀ ਵੰਡ ਤੋਂ ਬਾਅਦ 24 ਫਰਵਰੀ 1948 ਨੂੰ ਈਸਟ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਸਥਾਪਨਾ ਹੋਈ। ਇਸ ਦੇ ਪਹਿਲੇ ਪ੍ਰਧਾਨ ਐੱਸ.ਐੱਮ ਸਾਨਿਆਲ ਸਨ, ਜੋ ਆਲ ਇੰਡੀਆ ਜੱਟ ਹੀਰੋਜ਼ ਮੈਮੋਰੀਅਲ ਕਾਲਜ, ਰੋਹਤਕ ਨਾਲ ਸੰਬੰਧਤ ਸਨ।

ਬਾਅਦ ਵਿੱਚ ਈਸਟ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਥਾਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਲੈ ਲਈ। ਐਸੋਸੀਏਸ਼ਨ ਨੂੰ 24 ਅਪ੍ਰੈਲ 1951 ਨੂੰ ਮੁੜ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨਾਲ ਐਫੀਲੇਟਿਡ ਕੀਤਾ ਗਿਆ।

ਸਾਲ 1970 ਵਿੱਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਵੰਡ ਹੋਈ ਅਤੇ ਦੋ ਵੱਖ-ਵੱਖ ਸੰਸਥਾਵਾਂ, ਪੰਜਾਬ ਫੁੱਟਬਾਲ ਐਸੋਸੀਏਸ਼ਨ ਅਤੇ ਹਰਿਆਣਾ ਫੁੱਟਬਾਲ ਐਸੋਸੀਏਸ਼ਨ ਬਣਾਈਆਂ ਗਈਆਂ।

ਸਾਲ 1970 ਵਿੱਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੂੰ ਪਹਿਲੀ ਵਾਰ ਜਲੰਧਰ ਵਿੱਚ 27ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਫਾਰ ਸੰਤੋਸ਼ ਟਰਾਫੀ ਕਰਵਾਉਣ ਦਾ ਮਾਣ ਪ੍ਰਾਪਤ ਹੋਇਆ। ਫਾਈਨਲ ਵਿੱਚ ਪੰਜਾਬ ਨੇ (ਕਰਨਾਟਕ) ਮੈਸੂਰ ਨੂੰ ਟਾਈ-ਬ੍ਰੇਕਰ ਵਿੱਚ 4-2 ਨਾਲ ਹਰਾ ਕੇ ਖਿਤਾਬ ਜਿੱਤਿਆ।

ਪੰਜਾਬ ‘ਚ ਫੁੱਟਬਾਲ ਕਲੱਬ ਕਦੋਂ ਸ਼ੁਰੂ ਹੋਏ

ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਹਰਜਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪੰਜਾਬ ਦੀ ਫੁੱਟਬਾਲ ਖੇਡ ਵਿੱਚ ਦਵਾਰਕਾ ਦਾਸ ਸਹਿਗਮ ਦਾ ਅਹਿਮ ਯੋਗਦਾਨ ਹੈ।

ਜਦੋਂ ਹਰਿਆਣਾ ਅਤੇ ਪੰਜਾਬ ਦੀਆਂ ਫੁੱਟਬਾਲ ਐਸੋਸੀਏਸ਼ਨਾਂ ਵੱਖ-ਵੱਖ ਬਣੀਆਂ ਸਨ ਤਾਂ ਉਹ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਪਹਿਲੇ ਪ੍ਰਧਾਨ ਬਣੇ ਸਨ। ਇਨ੍ਹਾਂ ਨੇ ਕਰੀਬ 1960 ਵਿੱਚ ਜਲੰਧਰ ਵਿਖੇ ਲੀਡਰਜ਼ ਕਲੱਬ ਦੀ ਸ਼ੁਰੂਆਤ ਕੀਤੀ ਸੀ।

ਹਰਜਿੰਦਰ ਸਿੰਘ ਮੁਤਾਬਕ ਇਨ੍ਹਾਂ ਨੇ ਪੰਜਾਬ ਦੇ ਕਈ ਫੁੱਟਬਾਲ ਖਿਡਾਰੀਆਂ ਨੂੰ ਆਪਣੇ ਨਾਲ ਜੋੜਿਆ ਅਤੇ ਕਲੱਬ ਨੂੰ ਬੁਲੰਦੀਆਂ ਤੱਕ ਲੈ ਕੇ ਗਏ। ਹਰਜਿੰਦਰ ਸਿੰਘ ਦੱਸਦੇ ਹਨ ਮੌਜੂਦਾ ਸਮੇਂ ਵਿੱਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਅਧੀਨ ਪੰਜਾਬ ਵਿੱਚ ਚੱਲ ਰਹੇ 30 ਕਲੱਬ ਰਜਿਸਟਰਡ ਹਨ।

ਲੀਡਰਜ਼ ਕਲੱਬ

ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਵੈੱਬਸਾਈਟ ਤੋਂ ਲਈ ਗਈ ਤਸਵੀਰ

ਤਸਵੀਰ ਸਰੋਤ, punjabfootball.in

ਲੀਡਰਜ਼ ਕਲੱਬ ਨੂੰ ਪੰਜਾਬੀ ਫੁੱਟਬਾਲ ਦੀ ਨਰਸਰੀ ਵਜੋਂ ਵੀ ਦੇਖਿਆ ਜਾ ਸਕਦਾ। ਦੂਜੇ ਪਾਸੇ ਇਸੇ ਸਮੇਂ ਦੌਰਾਨ ਲੀਡਰਜ਼ ਕਲੱਬ ਦੇ ਨਾਲ ਪੰਜਾਬ ਵਿੱਚ ਪੰਜਾਬ ਪੁਲਿਸ ਤੇ ਬੀਐੱਸਐਫ ਦੀਆਂ ਟੀਮਾਂ ਵੀ ਸਨ। ਉਸ ਸਮੇਂ ਇਨ੍ਹਾਂ ਤਿੰਨਾਂ ਦੇ ਆਪਸ ਵਿੱਚ ਮੁਕਾਬਲੇ ਜ਼ਿਆਦਾ ਹੁੰਦੇ ਸਨ। ਇਨ੍ਹਾਂ ਕਲੱਬਾਂ ਨੇ ਕਈ ਨਾਮੀ ਟੂਰਨਾਮੈਂਟ ਵੀ ਜਿੱਤੇ।

ਹਰਜਿੰਦਰ ਸਿੰਘ ਮੁਤਾਬਕ ਫਿਰ ਪੰਜਾਬ ਦੇ ਬਿਜਲੀ ਬੋਰਡ ਦੀ ਵੀ ਫੁੱਟਬਾਲ ਟੀਮ ਬਣੀ। ਫਿਰ ਇਨ੍ਹਾਂ ਚਾਰਾਂ ਦੇ ਕਾਫ਼ੀ ਮੁਕਾਬਲੇ ਹੋਏ। ਕੁਝ ਸਾਲਾਂ ਬਾਅਦ ਬੀਐੱਸਐੱਫ, ਆਰਸੀਐੱਫ,ਸੀਆਰਪੀਐੱਫ ਦੀਆਂ ਟੀਮਾਂ ਹੋਂਦ ਵਿੱਚ ਆਈਆਂ। ਇਨ੍ਹਾਂ ਨੇ ਵੀ ਪੰਜਾਬ ਦੀ ਫੁੱਟਬਾਲ ਨੂੰ ਅਸਮਾਨ ਵੱਲ ਲੈ ਕੇ ਜਾਣ ਵਿੱਚ ਮੁੱਖ ਭੂਮਿਕਾ ਨਿਭਾਈ। ਲੀਡਰਜ਼ ਕਲੱਬ ਵਿੱਚ ਤਾਂ ਭਾਰਤ ਦੇ ਮਸ਼ਹੂਰ ਖਿਡਾਰੀ ਰਹੇ ਇੰਦਰ ਸਿੰਘ ਵੀ ਲੰਬਾ ਸਮਾਂ ਖੇਡਦੇ ਰਹੇ।

ਪੰਜਾਬ ਦੇ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਆਪਣੀ ਕਿਤਾਬ ਪੰਜਾਬੀ ਖਿਡਾਰੀ ਵਿੱਚ ਲਿਖਦੇ ਹਨ ਕਿ “1962 ਵਿੱਚ ਇੰਦਰ ਸਿੰਘ ਅੰਦਰ ਫੁੱਟਬਾਲ ਖੇਡਣ ਦੀ ਤਮੰਨਾ ਇੰਨੀ ਹਾਵੀ ਸੀ ਕਿ ਉਨ੍ਹਾਂ ਨੂੰ ਫੁੱਟਬਾਲ ਖੇਡਣ ਤੋਂ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ ਸੀ। ਇਹੋ ਕਾਰਨ ਹੈ ਕਿ ਉਹ ਸ਼ੁਰੂਆਤ ਵਿੱਚ ਸੌ ਰੁਪਏ ਮਹੀਨੇ ਦੀ ਨੌਕਰੀ ਉੱਤੇ ਲੀਡਰਜ਼ ਕਲੱਬ ਜਲੰਧਰ ਭਰਤੀ ਹੋ ਗਿਆ।”

“ਇੰਦਰ ਲੀਡਰਜ਼ ਕਲੱਬ ਵੱਲੋਂ 1962 ਤੋਂ 1974 ਤੱਕ ਖੇਡੇ। ਇੰਦਰ 1964 ਤੋਂ 74 ਤੱਕ ਲੀਡਰਜ਼ ਕਲੱਬ ਦੀ ਟੀਮ ਦਾ ਕਪਤਾਨ ਵੀ ਰਿਹਾ। ਉਨ੍ਹਾਂ ਦੀ ਕਪਤਾਨੀ ਵਿੱਚ ਲੀਡਰਜ਼ ਕਲੱਬ ਦੇਸ਼ ਦੇ ਪ੍ਰਸਿੱਧ ਟੂਰਨਾਮੈਂਟ ਡੀ.ਸੀ.ਐਮ. ਦੇ ਫਾਈਨਲ ਵਿੱਚ ਪੰਜ ਵਾਰ ਅਤੇ ਡੂਰੰਡ ਤੇ ਰੋਵਰਜ ਕੱਪ ਦੇ ਫਾਈਨਲ ਵਿੱਚ ਇੱਕ ਵਾਰ ਪੁੱਜਿਆ। ਇਸ ਤੋਂ ਇਲਾਵਾ ਲੀਡਰਜ਼ ਕਲੱਬ ਨੇ ਹੋਰ ਵੀ ਕਈ ਟਰਾਫੀਆਂ ਜਿੱਤੀਆਂ।”

ਇੰਦਰ ਸਿੰਘ ਦਾ ਪੰਜਾਬ ਦੀ ਟੀਮ ਲਈ ਯੋਗਦਾਨ

ਪ੍ਰਿੰਸੀਪਲ ਸਰਵਣ ਸਿੰਘ ਅੱਗੇ ਲਿਖਦੇ ਹਨ ਕਿ 1962 ਤੋਂ ਹੀ ਪੰਜਾਬ ਵੱਲੋਂ ਸੰਤੋਸ਼ ਟਰਾਫੀ ਖੇਡਣ ਦਾ ਇੰਦਰ ਦਾ ਦੌਰ ਸ਼ੁਰੂ ਹੁੰਦਾ ਹੈ। ਉਨ੍ਹਾਂ ਮੁਤਾਬਕ ਇੰਦਰ 1978 ਤੱਕ ਪੰਜਾਬ ਵੱਲੋਂ ਖੇਡਦੇ ਰਹੇ।

1963 ਵਿੱਚ ਇੰਦਰ ਸਿੰਘ ਪਹਿਲੀ ਵਾਰ ਭਾਰਤੀ ਫੁੱਟਬਾਲ ਟੀਮ ਦੇ ਮੈਂਬਰ ਬਣੇ ਅਤੇ ਪ੍ਰੀ-ਓਲੰਪਿਕ ਟੂਰਨਾਮੈਂਟ ਖੇਡੇ। ਪ੍ਰਿੰਸੀਪਲ ਸਰਵਣ ਸਿੰਘ ਲਿਖਦੇ ਹਨ ਕਿ ਭਾਰਤ ਦੇ ਪ੍ਰਸਿੱਧ ਫੁੱਟਬਾਲਰ ਰਹੇ ਜਰਨੈਲ ਸਿੰਘ ਬੰਗਾਲ ਦੇ ਕਲੱਬਾਂ ਵੱਲੋਂ ਭਾਰਤੀ ਟੀਮ ਵਿੱਚ ਪਹੁੰਚੇ ਸੀ ਪਰ ਪੰਜਾਬ ਵੱਲੋਂ ਇੰਦਰ ਸਿੰਘ ਹੀ ਪਹਿਲਾ ਫੁੱਟਬਾਲਰ ਹੈ ਜੋ ਭਾਰਤੀ ਟੀਮ ਵਿੱਚ ਪਹੁੰਚਿਆ।

ਸਰਵਣ ਸਿੰਘ ਮੁਤਾਬਕ 1965 ਤੋਂ 78 ਤੱਕ ਦੋ ਤਿੰਨ ਵਾਰੀਆਂ ਨੂੰ ਛੱਡ ਕੇ ਇੰਦਰ ਲਗਾਤਾਰ ਪੰਜਾਬ ਦੀ ਫੁੱਟਬਾਲ ਟੀਮ ਦੇ ਕਪਤਾਨ ਰਹੇ। ਇਸ ਦੌਰਾਨ ਪੰਜਾਬ ਨੇ ਦੋ ਵਾਰ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ।

1974 ਵਿੱਚ ਜਲੰਧਰ ਵਿਖੇ ਹੋਈ ਸੰਤੋਸ਼ ਟਰਾਫੀ ਵਿੱਚ ਪੰਜਾਬ ਦੀ ਟੀਮ ਨੇ ਕੁੱਲ 46 ਗੋਲ ਕੀਤੇ ਸਨ ਜਿਨ੍ਹਾਂ ‘ਚ 23 ਗੋਲ ਇਕੱਲੇ ਇੰਦਰ ਸਿੰਘ ਨੇ ਕੀਤੇ। ਫਾਈਨਲ ਮੈਚ ਵਿੱਚ ਪੰਜਾਬ ਨੇ ਬੰਗਾਲ ਨੂੰ 6-0 ਨਾਲ ਹਰਾਇਆ ਸੀ ਜੋ ਆਪਣੀ ਤਰ੍ਹਾਂ ਦਾ ਇੱਕ ਰਿਕਾਰਡ ਹੈ। ਉਸ ਮੈਚ ਵਿੱਚ ਤਿੰਨ ਗੋਲ ਇਕੱਲੇ ਇੰਦਰ ਸਿੰਘ ਨੇ ਕੀਤੇ ਸਨ।

1969 ਵਿੱਚ ਇੰਦਰ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਵੀ ਬਣੇ ਸਨ।

ਗੁਰਦਾਸਪੁਰ ਸਥਿਤ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਦੇ ਫੁੱਟਬਾਲ ਖਿਡਾਰੀਆਂ ਦੀ ਤਸਵੀਰ

ਤਸਵੀਰ ਸਰੋਤ, Getty Images

ਜੇਸੀਟੀ ਮਿਲਜ਼ ਫੁੱਟਬਾਲ ਕਲੱਬ

ਹਰਜਿੰਦਰ ਸਿੰਘ ਦੇ ਦੱਸਣ ਮੁਤਾਬਕ ਜੇਸੀਟੀ ਫੁੱਟਬਾਲ ਕਲੱਬ ਦੀ ਸ਼ੁਰੂਆਤ ਪਹਿਲੀ ਵਾਰ 1971 ਵਿੱਚ ਹੋਈ। ਇਸ ਦਾ ਪੂਰਾ ਨਾਮ ਜਗਤਜੀਤ ਕਾਟਨ ਮਿਲਜ਼ ਫਗਵਾੜਾ ਹੈ।

ਹਰਜਿੰਦਰ ਸਿੰਘ ਦੱਸਦੇ ਹਨ ਕਿ ਉਸ ਸਮੇਂ ਪੰਜਾਬ ਵਿੱਚ ਫੁੱਟਬਾਲ ਦੀ ਕਾਫ਼ੀ ਚੜ੍ਹਤ ਸੀ ਇਸ ਲਈ ਕਾਟਨ ਮਿੱਲ ਵਾਲਿਆਂ ਨੇ ਆਪਣੀ ਮਿੱਲ ਦੇ ਮੁਲਾਜ਼ਮਾਂ ਅਤੇ ਕਈ ਕਾਲਜ ਦੇ ਵਿਦਿਆਰਥੀਆਂ ਨੂੰ ਮਿਲਾ ਕੇ ਕਲੱਬ ਦੀ ਸ਼ੁਰੂਆਤ ਕੀਤੀ। ਫਿਰ ਇਸ ਕਲੱਬ ਦੇ ਨਾਲ ਇੰਦਰ ਸਿੰਘ ਵੀ ਜੁੜੇ।

ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਲਿਖੀ ਕਿਤਾਬ ਮੁਤਾਬਕ ਇੰਦਰ ਸਿੰਘ ਜੇਸੀਟੀ ਕਲੱਬ ਨਾਲ 1974 ਵਿੱਚ ਜੁੜੇ ਸਨ। ਹਰਜਿੰਦਰ ਸਿੰਘ ਦੱਸਦੇ ਹਨ ਇਸ ਮਗਰੋਂ ਫਿਰ ਇਸ ਕਲੱਬ ਦੀ ਚੜ੍ਹਤ ਹੋਣੀ ਸ਼ੁਰੂ ਹੋਈ। ਲੀਡਰਜ਼ ਕਲੱਬ ਦੇ ਕਈ ਖਿਡਾਰੀ ਜੇਸੀਟੀ ਕਲੱਬ ਨਾਲ ਜੁੜ ਗਏ ਅਤੇ ਲੀਡਰਜ਼ ਕਲੱਬ ਬੰਦ ਹੋ ਗਿਆ।

ਇੰਦਰ ਸਿੰਘ

ਤਸਵੀਰ ਸਰੋਤ, Harjinder Singh

1971 ਵਿੱਚ ਇੱਕ ਟੈਕਸਟਾਈਲ ਮਿੱਲ ਦੀ ਟੀਮ ਵਜੋਂ ਸ਼ੁਰੂ ਹੋਇਆ ਜੇਸੀਟੀ ਅਗਲੇ ਚਾਰ ਦਹਾਕਿਆਂ ਤੱਕ ਪੰਜਾਬੀ ਫੁੱਟਬਾਲ ਦਾ ਚਿਹਰਾ ਬਣਿਆ ਰਿਹਾ ਅਤੇ ਭਾਰਤੀ ਫੁੱਟਬਾਲ ਨੂੰ ਕਈ ਮਹਾਨ ਖਿਡਾਰੀ ਦਿੱਤੇ। ਹਰਜਿੰਦਰ ਸਿੰਘ ਮੁਤਾਬਕ ਇਸ ਕਲੱਬ ਦੇ ਪ੍ਰਸਿੱਧ ਹੋਣ ਦਾ ਕਾਰਨ ਇਹ ਵੀ ਸੀ ਕਿਉਂਕਿ ਇਸ ਨੇ ਖਿਡਾਰੀਆਂ ਦੀ ਸਹੂਲਤ ਲਈ ਬਹੁਤ ਕੁਝ ਕੀਤਾ। ਜਾਂ ਇੰਝ ਕਹਿ ਲਈਏ ਕਿ ਕਿਸੇ ਹੋਰ ਕਲੱਬ ਨੇ ਇੰਨਾ ਕੰਮ ਨਹੀਂ ਕੀਤਾ।

ਇਸ ਕਲੱਬ ਨੇ ਕਈ ਨਾਮੀ ਟੂਰਨਾਮੈਂਟ ਜਿੱਤੇ ਜਿਨ੍ਹਾਂ ਵਿੱਚ ਆਈ ਲੀਗ ਅਤੇ ਡੂਰੰਡ ਕੱਪ ਵੀ ਸ਼ਾਮਿਲ ਹੈ। ਹਰਜਿੰਦਰ ਸਿੰਘ ਦੱਸਦੇ ਹਨ 2011 ਵਿੱਚ ਇਸ ਕਲੱਬ ਨੂੰ ਬੰਦ ਕਰ ਦਿੱਤਾ ਗਿਆ।

ਮਾਹਿਲਪੁਰ ਫੁੱਟਬਾਲ ਅਕੈਡਮੀ

ਹੁਸ਼ਿਆਰਪੁਰ ਸਥਿਤ ਮਾਹਿਲਪੁਰ ਅਕੈਡਮੀ ਵਿੱਚ ਪ੍ਰੈਕਟਿਸ ਕਰਦੇ ਹੋਏ ਫੁੱਟਬਾਲ ਖਿਡਾਰੀ

ਤਸਵੀਰ ਸਰੋਤ, Getty Images

ਜਦੋਂ ਪੰਜਾਬ ਵਿੱਚ ਫੁੱਟਬਾਲ ਦੀ ਗੱਲ ਹੁੰਦੀ ਹੈ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਾਹਿਲਪੁਰ ਦਾ ਨਾਮ ਲਏ ਬਿਨਾਂ ਇਹ ਕਹਾਣੀ ਅਧੂਰੀ ਰਹਿੰਦੀ ਹੈ। ਇਹ ਦੁਆਬੇ ਦੀ ਉਹ ਧਰਤੀ ਹੈ ਜਿਸ ਨੂੰ ਭਾਰਤੀ ਫੁੱਟਬਾਲ ਦੀ ਨਰਸਰੀ ਵੀ ਕਿਹਾ ਜਾਂਦਾ ਹੈ।

ਮਾਹਿਲਪੁਰ ਫੁੱਟਬਾਲ ਅਕੈਡਮੀ ਦੇ ਜਨਰਲ ਸਕੱਤਰ ਡਾ. ਪਰਮਪ੍ਰੀਤ ਸਿੰਘ ਦੱਸਦੇ ਹਨ ਕਿ ਮਾਹਿਲਪੁਰ ਵਿੱਚ ਫੁੱਟਬਾਲ ਦੀ ਸ਼ੁਰੂਆਤ 1976 ਵਿੱਚ ਉਦੋਂ ਹੋਈ ਜਦੋਂ ਪੰਜਾਬ ਸਰਕਾਰ ਵੱਲੋਂ ਸਪੋਰਟਸ ਵਿੰਗ ਬਣਾਇਆ ਗਿਆ ਸੀ। ਉਸ ਸਮੇਂ ਸਪੋਰਟਸ ਵਿੰਗ ਦੇ ਪਹਿਲੇ ਕੋਚ ਅਲੀ ਹਸਨ ਬਣੇ ਸਨ। ਉਨ੍ਹਾਂ ਨੇ ਲੰਬਾ ਸਮਾਂ ਇੱਥੇ ਰਹਿ ਕੇ ਸਿਖਲਾਈ ਦਿੱਤੀ। ਉਨ੍ਹਾਂ ਦੀ ਕੋਚਿੰਗ ਹੇਠ ਸੈਂਕੜੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚੇ।

ਫਿਰ ਕਰੀਬ 2000 ਵਿੱਚ ਖੇਡ ਵਿੰਗ ਨੂੰ ਮਾਹਿਲਪੁਰ ਫੁੱਟਬਾਲ ਅਕੈਡਮੀ ਦਾ ਨਾਮ ਦੇ ਦਿੱਤਾ ਗਿਆ। ਇਸ ਦੇ ਅਧੀਨ ਚਾਰ ਕੈਟਾਗਰੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ- ਕਲੱਬ ਕੈਟਾਗਰੀ, ਕਾਲਜ ਕੈਟਾਗਰੀ, ਅੰਡਰ-17 ਅਤੇ ਅੰਡਰ-14 ਕੈਟਾਗਰੀ ਹਨ। ਮਾਹਿਲਪੁਰ ਕਲੱਬ ਟੂਰਨਾਮੈਂਟ ਕਰਵਾਉਂਦੀ ਹੈ।

ਡਾ. ਪਰਮਪ੍ਰੀਤ ਦਾਅਵਾ ਕਰਦੇ ਹਨ ਕਿ ਇਹ ਨੌਰਥ ਇੰਡੀਆ ਦਾ ਪਹਿਲਾ ਅਜਿਹਾ ਕਲੱਬ ਹੈ ਜੋ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨਾਲ ਰਜਿਸਟਰਡ ਹੈ। ਆਲ ਇੰਡੀਆ ਦਾ ਰਜਿਸਟਰਡ ਟੂਰਨਾਮੈਂਟ ਕਰਵਾਉਣ ਵਾਲਾ ਵੀ ਨੌਰਥ ਇੰਡੀਆ ਦਾ ਇੱਕੋ ਕਲੱਬ ਹੈ।

ਡਾ. ਪਰਮਪ੍ਰੀਤ ਸਿੰਘ ਦੱਸਦੇ ਹਨ, ਭਾਰਤੀ ਦੀ ਪਹਿਲੀ ਫੁੱਟਬਾਲਰ ਯੂਰਪੀਅਨ ਲੀਗ ਖੇਡਣ ਵਾਲੀ ਮਨੀਸ਼ਾ ਕਲਿਆਣ ਵੀ ਮਾਹਿਲਪੁਰ ਦੀ ਧਰਤੀ ‘ਤੇ ਖੇਡੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੁੱਗੋਵਾਲ ਦੇ ਰਹਿਣ ਵਾਲੇ ਮਨੀਸ਼ਾ ਅੱਜ ਕੱਲ੍ਹ ਅਮਰੀਕਨ ਲੀਗ ਵਿੱਚ ਹਿੱਸਾ ਲੈ ਰਹੇ ਹਨ। ਮਨੀਸ਼ਾ ਬ੍ਰਾਜ਼ੀਲ ਦੀ ਸੀਨੀਅਰ ਮਹਿਲਾ ਟੀਮ ਖ਼ਿਲਾਫ਼ ਗੋਲ ਕਰਨ ਵਾਲੇ ਪਹਿਲੇ ਭਾਰਤੀ ਮਹਿਲਾ ਫੁੱਟਬਾਲਰ ਬਣੇ ਸਨ।

ਰੁੜਕਾ ਕਲ੍ਹਾਂ ਫੁੱਟਬਾਲ ਕਲੱਬ (YFC)

ਜਲੰਧਰ ਦੇ ਪਿੰਡ ਰੁੜਕਾ ਕਲ੍ਹਾਂ ਸਥਿਤ ਫੁੱਟਬਾਲ ਅਕੈਡਮੀ ਵਿੱਚ ਪ੍ਰੈਕਟਿਸ ਕਰਦੇ ਫੁੱਟਬਾਲ ਖਿਡਾਰੀ

ਤਸਵੀਰ ਸਰੋਤ, yfcrurkakalan.org

ਜਿੱਥੇ ਪੰਜਾਬ ਦੇ ਫੁੱਟਬਾਲ ਦਾ ਪੁਰਾਣਾ ਗੜ੍ਹ ਜਲੰਧਰ ਦੇ ਲੀਡਰਜ਼ ਕਲੱਬ ਅਤੇ ਜੇਸੀਟੀ ਸਨ, ਉੱਥੇ ਹੀ ਦੁਆਬੇ ਦਾ ਇੱਕ ਹੋਰ ਜਲੰਧਰ ਜ਼ਿਲ੍ਹੇ ਦਾ ਪਿੰਡ ਰੁੜਕਾ ਕਲ੍ਹਾਂ ਵੀ ਪੰਜਾਬ ਦੀ ਫੁੱਟਬਾਲ ਵਿੱਚ ਕ੍ਰਾਂਤੀ ਲਿਆਉਣ ਲਈ ਜਾਣਿਆ ਜਾਂਦਾ ਹੈ।

ਰੁੜਕਾ ਕਲ੍ਹਾਂ ਦੀ ਧਰਤੀ ‘ਤੇ ਖੇਡ ਕੇ ਕਈ ਖਿਡਾਰੀ ਆਪਣਾ ਕਰੀਅਰ ਬਣਾ ਚੁੱਕੇ ਹਨ। ਇਸ ਕਲੱਬ ਦੇ ਪ੍ਰਧਾਨ ਗੁਰਮੰਗਲ ਸੋਨੀ ਨੇ ਦੱਸਿਆ ਕਿ ਰੁੜਕਾ ਕਲ੍ਹਾਂ ਵਿੱਚ ਫੁੱਟਬਾਲ ਦੀਆਂ ਗਤੀਵਿਧੀਆਂ ਤਾਂ 1960 ਦੇ ਦਹਾਕੇ ਵਿੱਚ ਹੀ ਸ਼ੁਰੂ ਹੋ ਗਈਆਂ ਸਨ। ਇਸ ਕਲੱਬ ਦੇ ਕਈ ਖਿਡਾਰੀ ਲੀਡਰਜ਼ ਅਤੇ ਜੇਸੀਟੀ ਕਲੱਬ ਵਿੱਚ ਵੀ ਖੇਡ ਚੁੱਕੇ ਹਨ।

ਉਹ ਦੱਸਦੇ ਹਨ ਕਿ 1984 ਦੇ ਸਮੇਂ ਦੌਰਾਨ ਫੁੱਟਬਾਲ ਦੀਆਂ ਗਤੀਵਿਧੀਆਂ ਕਾਫੀ ਘੱਟ ਗਈਆਂ ਸਨ। ਫਿਰ ਦੁਬਾਰਾ ਕਲੱਬ ਨੂੰ ਬਣਾਇਆ ਗਿਆ। ਇਸ ਕਲੱਬ ਦੀ ਵੈੱਬਸਾਈਟ ਮੁਤਾਬਕ 2001 ਵਿੱਚ ਕਲੱਬ ਦੀ ਸ਼ੁਰੂਆਤ ਹੋਈ।

ਭਾਰਤੀ ਫੁੱਟਬਾਲ ਟੀਮ ਦੇ ਡਿਫੈਂਡਰ ਰਹੇ ਅਨਵਰ ਅਲੀ ਵੀ ਇਸੇ ਕਲੱਬ ਵਿੱਚ ਖੇਡੇ ਸਨ। ਹਾਲ ਹੀ ਵਿੱਚ ਇਸ ਕਲੱਬ ਦੀ ਟੀਮ ਮੈਕਸੀਕੋ ਵਿਖੇ ‘ਸਟ੍ਰੀਟ ਚਾਈਲਡ ਵਰਲਡ ਕੱਪ’ ਵਿੱਚ ਉਪ ਜੇਤੂ ਰਹੀ ਹੈ।

ਨਾਮਧਾਰੀ ਫੁੱਟਬਾਲ ਅਕੈਡਮੀ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਸਾਹਿਬ ਵਿਖੇ ਨਾਮਧਾਰੀ ਫੁੱਟਬਾਲ ਅਕੈਡਮੀ ਅੱਜ ਕੱਲ੍ਹ ਕਾਫੀ ਪ੍ਰਸਿੱਧ ਹੈ। ਇੱਥੋਂ ਦੀ ਫੁੱਟਬਾਲ ਟੀਮ ਨੇ 2023 ਵਿੱਚ ਫੁੱਟਬਾਲ ਦੇ ਵੱਡੇ ਟੂਰਨਾਮੈਂਟਾਂ ਵਿੱਚੋਂ ਇੱਕ ਮੰਨੇ ਜਾਂਦੇ ਆਈ ਲੀਗ ਵਿੱਚ ਕੁਆਲੀਫਾਈ ਵੀ ਕੀਤਾ ਸੀ।

ਰੁੜਕਾ ਕਲ੍ਹਾਂ ਕਲੱਬ ਦੇ ਪ੍ਰਧਾਨ ਗੁਰਮੰਗਲ ਸੋਨੀ ਦੀ ਟਿੱਪਣੀ

ਪੰਜਾਬ ਵਿੱਚ ਫੁੱਟਬਾਲ ਦੀ ਮੌਜੂਦਾ ਸਥਿਤੀ

ਖੇਡਾਂ ਨਾਲ ਜੁੜੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦੱਸਦਿਆਂ ਪੰਜਾਬ ਵਿੱਚ ਖੇਡਾਂ ਦੀ ਸਥਿਤੀ, ਖਾਸ ਕਰਕੇ ਫੁੱਟਬਾਲ ਬਾਰੇ ਚਿੰਤਾ ਪ੍ਰਗਟ ਕੀਤੀ ਹੈ।

ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਬੱਸ ਇੱਥੇ ਲੋੜ ਹੈ ਮਿਲਕੇ ਜੁਲਕੇ ਕੰਮ ਕਰਨ ਦੀ ਅਤੇ ਕਲੱਬਾਂ ਨੂੰ ਹੋਰ ਤਕੜੇ ਕਰਨ ਦੀ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਜਿਵੇਂ ਪੰਜਾਬ ਵਿੱਚ ਬਿਜਲੀ ਬੋਰਡ,ਪੰਜਾਬ ਪੁਲਿਸ ਅਤੇ ਬੀਐੱਸਐੱਫ ਦੇ ਸੈਂਟਰ ਚੱਲਦੇ ਸਨ ਇਸੇ ਤਰ੍ਹਾਂ ਇਨ੍ਹਾਂ ਦੀ ਮੁੜ ਸ਼ੁਰੂਆਤ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਬਿਜਲੀ ਬੋਰਡ ਅਤੇ ਪੰਜਾਬ ਪੁਲਿਸ ਵਰਗੇ ਅਦਾਰਿਆਂ ਦੀਆਂ ਟੀਮਾਂ ਬਣਾਉਣ ਲਈ ਮੁੜ ਹੰਬਲਾ ਮਾਰੇ ਤਾਂ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਹੋਰ ਵੀ ਤਰੱਕੀ ਕਰ ਸਕਦੇ ਹਨ। ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਖਿਡਾਰੀਆਂ ਨੂੰ ਕੋਈ ਪਲੈਟਫਾਰਮ ਹੀ ਨਹੀਂ ਨਜ਼ਰ ਆਉਂਦਾ।

ਰੁੜਕਾ ਕਲ੍ਹਾਂ ਕਲੱਬ ਦੇ ਪ੍ਰਧਾਨ ਗੁਰਮੰਗਲ ਸੋਨੀ ਦਾ ਮੰਨਣਾ ਹੈ ਕਿ ਅੱਜ ਕੱਲ੍ਹ ਬੱਚੇ ਫੁੱਟਬਾਲ ਤੋਂ ਦੂਰ ਜਾ ਰਹੇ ਹਨ। ਉਹ ਇਸ ਦਾ ਕਾਰਨ ਦੱਸਦਿਆਂ ਕਹਿੰਦੇ ਹਨ ਕਿ ਕਾਫੀ ਬੱਚੇ ਅੱਜ ਕੱਲ੍ਹ ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵੱਲ ਦਿਲਚਸਪੀ ਦਿਖਾਉਂਦੇ ਹਨ ਪਰ ਉੱਥੇ ਖੇਡ ਗਤੀਵਿਧੀਆਂ ਬਿਲਕੁਲ ਸਿਫ਼ਰ ਹੁੰਦੀਆਂ ਹਨ। ਜਿਸਦਾ ਕਾਫ਼ੀ ਨੁਕਸਾਨ ਵੀ ਹੋ ਰਿਹਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI