Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਦੀ ਖੇਤੀਬਾੜੀ ਵਿੱਚ ਪਸ਼ੂ ਪਾਲਣ ਦੇ ਧੰਦਿਆਂ ਦਾ ਕਿੰਨਾ ਯੋਗਦਾਨ ਹੈ,...

ਪੰਜਾਬ ਦੀ ਖੇਤੀਬਾੜੀ ਵਿੱਚ ਪਸ਼ੂ ਪਾਲਣ ਦੇ ਧੰਦਿਆਂ ਦਾ ਕਿੰਨਾ ਯੋਗਦਾਨ ਹੈ, ਆਮਦਨ ਦਾ ਵੱਡਾ ਹਿੱਸਾ ਕਿਵੇਂ ਬਣ ਰਹੇ

7
0

Source :- BBC PUNJABI

ਮਨਕੀਤ ਰਾਜ ਸਿੰਘ ਅਤੇ ਮਨਬੀਰ ਸਿੰਘ ਰਾਣਾ

ਪੰਜਾਬ ਵਿੱਚ ਕਿਸਾਨਾਂ ਦੀ ਆਮਦਨ ਦਾ ਵੱਡਾ ਹਿੱਸਾ ਹੁਣ ਸਿਰਫ਼ ਕਣਕ ਅਤੇ ਝੋਨੇ ਦੀਆਂ ਫ਼ਸਲਾਂ ਤੱਕ ਸੀਮਤ ਨਹੀਂ ਰਿਹਾ। ਡੇਅਰੀ ਫ਼ਾਰਮਿੰਗ, ਮੱਛੀ ਪਾਲਣ, ਮੁਰਗੀ ਪਾਲਣ ਅਤੇ ਬੱਕਰੀ ਪਾਲਣ ਵਰਗੇ ਸਹਾਇਕ ਧੰਦੇ ਵੀ ਖੇਤੀਬਾੜੀ ਦੀ ਆਮਦਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਅੰਕੜਿਆਂ ਮੁਤਾਬਕ, ਪੰਜਾਬ ਦੀ ਖੇਤੀਬਾੜੀ ਦੀ ਕੁੱਲ ਜੀਡੀਪੀ ਵਿੱਚ ਪਸ਼ੂ ਪਾਲਣ ਦੇ ਧੰਦਿਆਂ ਦਾ ਯੋਗਦਾਨ ਵਧ ਕੇ 42.41 ਫ਼ੀਸਦੀ ਹੋ ਗਿਆ ਹੈ। ਸਾਲ 1990-91 ਵਿੱਚ ਇਹ ਯੋਗਦਾਨ ਸਿਰਫ਼ 25.90 ਫ਼ੀਸਦੀ ਸੀ।

ਖੇਤੀਬਾੜੀ ਮਾਹਰਾਂ ਮੁਤਾਬਕ, ਇਨ੍ਹਾਂ ਸਹਾਇਕ ਧੰਦਿਆਂ ਦਾ ਇੱਕ ਵੱਡਾ ਫ਼ਾਇਦਾ ਇਹ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਤੋਂ ਰੋਜ਼ਾਨਾ ਜਾਂ ਲਗਾਤਾਰ ਆਮਦਨ ਹੁੰਦੀ ਰਹਿੰਦੀ ਹੈ, ਜਦਕਿ ਰਵਾਇਤੀ ਫ਼ਸਲਾਂ ਤੋਂ ਕਮਾਈ ਲਈ ਲਈ ਕਈ ਮਹੀਨੇ ਉਡੀਕ ਕਰਨੀ ਪੈਂਦੀ ਹੈ।

ਮਨਕੀਤ ਰਾਜ ਸਿੰਘ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਖੋਖਰ ਦੇ ਮਨਕੀਤ ਰਾਜ ਸਿੰਘ ਨੇ ਮੱਛੀ ਪਾਲਣ ਨੂੰ ਆਪਣੀ ਆਮਦਨ ਦਾ ਅਹਿਮ ਸਰੋਤ ਬਣਾਇਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੂਲਿਆਵਾਲ ਦੇ ਮਨਬੀਰ ਸਿੰਘ ਰਾਣਾ ਨੇ ਆਪਣੇ ਪਰਿਵਾਰਕ ਸਨਅਤੀ ਕਾਰੋਬਾਰ ਤੋਂ ਵੱਖ ਹੋ ਕੇ ਡੇਅਰੀ ਫ਼ਾਰਮਿੰਗ ਨੂੰ ਅਪਣਾਇਆ ਹੈ।

ਦੋਵਾਂ ਕਿਸਾਨਾਂ ਦੀਆਂ ਕਹਾਣੀਆਂ ਦੱਸਦੀਆਂ ਹਨ ਕਿ ਕਿਵੇਂ ਸਹਾਇਕ ਧੰਦਿਆਂ, ਆਧੁਨਿਕ ਤਕਨਾਲੋਜੀ ਅਤੇ ਬਿਹਤਰ ਪ੍ਰਬੰਧਨ ਨਾਲ ਕਿਸਾਨ ਆਪਣੀ ਆਮਦਨ ਦੇ ਸਰੋਤ ਵਧਾ ਰਹੇ ਹਨ।

‘ਮੱਛੀ ਪਾਲਣ ਸਾਡੇ ਲਈ ‘ਐਨੀ ਟਾਈਮ ਕੈਸ਼’ ਹੈ’

ਮਨਕੀਤ ਰਾਜ ਸਿੰਘ

ਲੁਧਿਆਣਾ ਦੇ ਖੋਖਰ ਪਿੰਡ ਦੇ ਕਿਸਾਨ ਮਨਕੀਤ ਰਾਜ ਸਿੰਘ ਪੜ੍ਹੇ-ਲਿਖੇ ਮੱਛੀ ਪਾਲਕ ਹਨ। ਉਹ ਨੌਜਵਾਨਾਂ ਨੂੰ ਰਾਈਫ਼ਲ ਨਿਸ਼ਾਨੇਬਾਜ਼ੀ ਦੇ ਗੁਰ ਵੀ ਸਿਖਾਉਂਦੇ ਹਨ।

ਉਹ ਦੱਸਦੇ ਹਨ ਕਿ 1999 ਵਿੱਚ ਉਨ੍ਹਾਂ ਦੇ ਪਿਤਾ ਨੇ ਦੋ ਏਕੜ ਵਿੱਚ ਮੱਛੀ ਪਾਲਣ ਦੀ ਸ਼ੁਰੂਆਤ ਕੀਤੀ ਸੀ। ਹੁਣ ਉਹ ਲਗਭਗ 23 ਏਕੜ ਵਿੱਚ ਮੱਛੀਆਂ ਪਾਲ ਰਹੇ ਹਨ। ਉਨ੍ਹਾਂ ਨੇ ਮੱਛੀਆਂ ਪਾਲਣ ਲਈ ਬਣਾਏ ਛੱਪੜਾਂ ਦੇ ਕਿਨਾਰਿਆਂ ‘ਤੇ ਪਾਪੂਲਰ ਦੇ ਰੁੱਖ ਵੀ ਲਗਾਏ ਹੋਏ ਹਨ।

ਉਹ ਕਹਿੰਦੇ ਹਨ ਕਿ ਪਾਪੂਲਰ ਉਨ੍ਹਾਂ ਦੀ ਐੱਫਡੀ ਹੈ ਅਤੇ ਮੱਛੀਆਂ ਏਟੀਐੱਮ ਹਨ। ਮੱਛੀਆਂ ਤੋਂ ਉਹ ਰੋਜ਼ਾਨਾ ਆਮਦਨ ਲੈ ਸਕਦੇ ਹਨ, ਜਦਕਿ ਪਾਪੂਲਰ ਤੋਂ ਆਮਦਨ ਕੁਝ ਸਾਲਾਂ ਬਾਅਦ ਹੁੰਦੀ ਹੈ।

“ਕਣਕ-ਝੋਨੇ ਵਿੱਚੋਂ ਸਾਲ ਵਿੱਚ ਸਿਰਫ਼ ਦੋ ਵਾਰ ਆਮਦਨ ਹੁੰਦੀ ਹੈ, ਜਦੋਂ ਇਨ੍ਹਾਂ ਫ਼ਸਲਾਂ ਦੀ ਕਟਾਈ ਹੁੰਦੀ ਹੈ। ਮੱਛੀ ਪਾਲਣ ਏਟੀਐੱਮ (ਐਨੀ ਟਾਈਮ ਕੈਸ਼) ਹੈ। ਤੁਸੀਂ ਜਦੋਂ ਮਰਜ਼ੀ ਮੱਛੀਆਂ ਨੂੰ ਰੱਖ ਸਕਦੇ ਹੋ ਅਤੇ ਜਦੋਂ ਮਰਜ਼ੀ ਵੇਚ ਸਕਦੇ ਹੋ। ਜਦੋਂ ਤੁਹਾਨੂੰ ਪੈਸੇ ਦੀ ਲੋੜ ਹੋਵੇ ਤਾਂ ਠੇਕੇਦਾਰ ਨੂੰ ਫ਼ੋਨ ਕਰ ਲਵੋ।”

“ਮੱਛੀ ਪਾਲਣ ਵਿੱਚ ਕਮਾਈ ਕਿਸਾਨਾਂ ਦੀ ਆਪਣੀ ਮਿਹਨਤ ‘ਤੇ ਨਿਰਭਰ ਕਰਦੀ ਹੈ। ਇੱਕ ਛੱਪੜ ਵਿੱਚੋਂ ਕਿਸਾਨ ਅੱਠ ਤੋਂ ਲੈ ਕੇ 30 ਕੁਇੰਟਲ ਤੱਕ ਉਤਪਾਦਨ ਪ੍ਰਾਪਤ ਕਰ ਸਕਦੇ ਹਨ, ਜਦਕਿ ਰਵਾਇਤੀ ਖੇਤੀ ਵਿੱਚ ਫ਼ਸਲਾਂ ਦਾ ਉਤਪਾਦਨ ਸੀਮਤ ਹੁੰਦਾ ਹੈ।”

“30 ਕੁਇੰਟਲ ਤੱਕ ਉਤਪਾਦਨ ਲੈਣ ਲਈ ਵੱਧ ਮਿਹਨਤ ਕਰਨੀ ਪੈਂਦੀ ਹੈ। ਛੱਪੜ ਅਤੇ ਮੱਛੀਆਂ ਦੇ ਪ੍ਰਬੰਧਨ ਦਾ ਵਧੇਰੇ ਧਿਆਨ ਰੱਖਣਾ ਪੈਂਦਾ ਹੈ। ਇਸ ਲਈ ਮੱਛੀ ਪਾਲਣ ਵਿੱਚ ਰਵਾਇਤੀ ਖੇਤੀ ਨਾਲੋਂ ਵੱਧ ਆਮਦਨ ਕਮਾਈ ਜਾ ਸਕਦੀ ਹੈ।”

“ਇਸ ਤਰ੍ਹਾਂ ਮੱਛੀ ਪਾਲਣ ਦੇ ਧੰਦੇ ਵਿੱਚ ਇੱਕ ਏਕੜ ਵਿੱਚੋਂ ਡੇਢ ਲੱਖ ਤੋਂ ਚਾਰ ਲੱਖ ਰੁਪਏ ਤੱਕ ਦੀ ਆਮਦਨ ਕਮਾਈ ਜਾ ਸਕਦੀ ਹੈ।”

ਕਾਰੋਬਾਰੀ ਪਰਿਵਾਰ ਤੋਂ ਪਸ਼ੂ ਪਾਲਕ ਬਣਿਆ

ਮਨਬੀਰ ਸਿੰਘ ਰਾਣਾ

ਬਟਾਲਾ ਨੇੜਲੇ ਪਿੰਡ ਮੂਲਿਆਵਾਲ ਦਾ ਰਹਿਣ ਵਾਲਾ ਮਨਬੀਰ ਸਿੰਘ ਰਾਣਾ ਇੱਕ ਸਨਅਤੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਰ ਉਸ ਨੇ ਆਪਣੇ ਪਰਿਵਾਰਕ ਕਾਰੋਬਾਰ ਤੋਂ ਵੱਖ ਹੋ ਕੇ ਡੇਅਰੀ ਫ਼ਾਰਮਿੰਗ ਨੂੰ ਅਪਣਾਇਆ ਹੈ।

ਮਨਬੀਰ ਸਿੰਘ ਰਾਣਾ ਦੱਸਦੇ ਹਨ ਕਿ ਉਸ ਨੇ ਡੇਅਰੀ ਫ਼ਾਰਮਿੰਗ ਦੀ ਸ਼ੁਰੂਆਤ 10 ਸਾਲ ਪਹਿਲਾਂ ਮਹਿਜ਼ 22 ਪਸ਼ੂਆਂ ਨਾਲ ਕੀਤੀ ਸੀ, ਪਰ ਅੱਜ ਉਸ ਦੇ ਫ਼ਾਰਮ ਵਿੱਚ ਲਗਭਗ 300 ਪਸ਼ੂ ਹਨ।

ਮਨਬੀਰ ਸਿੰਘ ਰਾਣਾ ਦਾ ਕਹਿਣਾ ਹੈ ਕਿ ਉਸ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਮਦਦ ਨਾਲ ਡੇਅਰੀ ਫ਼ਾਰਮਿੰਗ ਵਿੱਚ ਆਟੋਮੈਟਿਕ ਮਸ਼ੀਨਾਂ ਅਤੇ ਡਿਜੀਟਲ ਤਕਨਾਲੋਜੀ ਨੂੰ ਅਪਣਾਇਆ ਹੈ।

ਉਹ ਪਸ਼ੂਆਂ ਦੀ ਨਸਲ ਸੁਧਾਰਨ ਲਈ ਏਆਈ ਦੀ ਵਰਤੋਂ ਵੀ ਕਰਦੇ ਹਨ, ਜੋ ਪਸ਼ੂ ਦੇ ਗਰਭ ਧਾਰਨ ਲਈ ਢੁਕਵੇਂ ਸਮੇਂ ਬਾਰੇ ਜਾਣਕਾਰੀ ਦਿੰਦੀ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਫ਼ਾਰਮ ਵਿੱਚ ਹਰੇਕ ਪਸ਼ੂ ਦੇ ਦੁੱਧ ਅਤੇ ਫੈਟ ਦਾ ਡਿਜੀਟਲ ਰਿਕਾਰਡ ਰੱਖਿਆ ਜਾਂਦਾ ਹੈ। ਦੁੱਧ ਚੋਣ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਦੁੱਧ ਨੂੰ ਹੱਥ ਲਗਾਏ ਬਿਨਾਂ ਸਿੱਧਾ ਚਿਲਿੰਗ ਪਲਾਂਟ ਵਿੱਚ ਪਹੁੰਚਾਇਆ ਜਾਂਦਾ ਹੈ।

ਸ਼ੈੱਡ ਦੇ ਅੰਦਰ ਤਾਪਮਾਨ ਸਹੀ ਰੱਖਣ ਲਈ ਆਟੋਮੈਟਿਕ ਪੱਖੇ ਅਤੇ ਫੌਗਰ (Foggers) ਲਗਾਏ ਗਏ ਹਨ। ਇਸ ਤੋਂ ਇਲਾਵਾ ਪਸ਼ੂਆਂ ਦੀ ਫੀਡ ਵੀ ਉਹ ਖ਼ੁਦ ਤਿਆਰ ਕਰਦੇ ਹਨ।

ਗੋਹਾ ਇਕੱਠਾ ਕਰਨ ਲਈ ਆਧੁਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਨਿਕਲਣ ਵਾਲੇ ਰਹਿੰਦ-ਖੂੰਹਦ ਨੂੰ ਖਾਦ ਵਜੋਂ ਆਪਣੀ ਖੇਤੀ ਵਾਲੀ ਜ਼ਮੀਨ ਵਿੱਚ ਵਰਤਿਆ ਜਾਂਦਾ ਹੈ। ਇਸ ਨਾਲ ਖੇਤੀ ਵਿੱਚ ਖਾਦ ਦਾ ਖ਼ਰਚਾ ਵੀ ਘਟਿਆ ਹੈ ਅਤੇ ਫ਼ਸਲ ਵੀ ਆਰਗੈਨਿਕ ਹੈ।

ਮਨਬੀਰ ਸਿੰਘ ਨੇ ਦੱਸਿਆ ਕਿ ਉਹ ਦੁੱਧ ਇੱਕ ਨਿੱਜੀ ਕੰਪਨੀ ਨੂੰ ਵੇਚਦਾ ਹੈ। ਉਹ ਦੁੱਧ ਤੋਂ ਮੁਨਾਫ਼ਾ ਕਮਾਉਣ ਦੇ ਨਾਲ-ਨਾਲ ਪਸ਼ੂ ਵੇਚ ਕੇ ਵੀ ਆਮਦਨ ਹਾਸਲ ਕਰ ਰਿਹਾ ਹੈ।

ਪਸ਼ੂ ਪਾਲਣ ਦੇ ਧੰਦੇ ਖੇਤੀਬਾੜੀ ਦੀ ਆਮਦਨ ਦਾ ਵੱਡਾ ਹਿੱਸਾ ਕਿਵੇਂ ਬਣ ਰਹੇ ਹਨ?

ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਦੱਸਿਆ ਕਿ ਖੇਤੀਬਾੜੀ ਵਿੱਚ ਪਸ਼ੂ ਪਾਲਣ ਨਾਲ ਜੁੜੇ ਸਹਾਇਕ ਧੰਦਿਆਂ ਦਾ ਯੋਗਦਾਨ ਲਗਾਤਾਰ ਵਧ ਰਿਹਾ ਹੈ।

ਉਨ੍ਹਾਂ ਨੇ ਕਿਹਾ, “1990-91 ਵਿੱਚ ਪਸ਼ੂ ਪਾਲਣ ਦੇ ਸਹਾਇਕ ਧੰਦੇ ਪੰਜਾਬ ਦੀ ਖੇਤੀਬਾੜੀ ਦੀ ਕੁੱਲ ਆਮਦਨ ਦਾ ਲਗਭਗ 26 ਫ਼ੀਸਦੀ ਹਿੱਸਾ ਸਨ, ਜੋ ਹੁਣ ਵਧ ਕੇ 42 ਫ਼ੀਸਦੀ ਹੋ ਗਏ ਹਨ। ਇਨ੍ਹਾਂ ਸਹਾਇਕ ਧੰਦਿਆਂ ਵਿੱਚ ਡੇਅਰੀ, ਬੱਕਰੀ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ ਅਤੇ ਹੋਰ ਧੰਦੇ ਸ਼ਾਮਲ ਹਨ।”

“ਅਨਾਜ ਉਤਪਾਦਨ ਦੀ ਸਲਾਨਾ ਵਾਧਾ ਦਰ ਇੱਕ ਤੋਂ 1.25 ਫ਼ੀਸਦੀ ਜਾਂ ਕਈ ਵਾਰ ਇਸ ਤੋਂ ਵੀ ਘੱਟ ਰਹਿੰਦੀ ਹੈ, ਜਦਕਿ ਸਹਾਇਕ ਧੰਦਿਆਂ ਦੀ ਵਾਧਾ ਦਰ ਫ਼ਸਲਾਂ ਦੇ ਉਤਪਾਦਨ ਨਾਲੋਂ ਹਮੇਸ਼ਾ ਵੱਧ ਰਹਿੰਦੀ ਹੈ। ਦੁੱਧ ਉਤਪਾਦਨ ਦੀ ਸਾਲਾਨਾ ਵਾਧਾ ਦਰ ਲਗਭਗ ਤਿੰਨ ਤੋਂ ਪੰਜ ਫ਼ੀਸਦੀ ਹੈ। ਮੱਛੀ ਪਾਲਣ ਵਿੱਚ ਵਾਧਾ ਦਰ ਛੇ ਤੋਂ ਸੱਤ ਫ਼ੀਸਦੀ ਵੀ ਦਰਜ ਕੀਤੀ ਗਈ ਹੈ।”

“ਇਸ ਲਈ ਆਮਦਨ ਵਧਾਉਣ ਅਤੇ ਰੁਜ਼ਗਾਰ ਪੈਦਾ ਕਰਨ ਲਈ ਸਹਾਇਕ ਧੰਦੇ ਢੁਕਵਾਂ ਬਦਲ ਹਨ।”

ਪਸ਼ੂ ਪਾਲਣ ਨਾਲ ਜੁੜੇ ਧੰਦੇ ਕਿਸਾਨਾਂ ਦੀ ਰੋਜ਼ਾਨਾ ਆਮਦਨ ਦਾ ਸਰੋਤ ਹਨ। ਇਹ ਇੱਕ ਤਰ੍ਹਾਂ ਨਾਲ ਕਿਸਾਨਾਂ ਦਾ ਏਟੀਐੱਮ ਹਨ। ਇਨ੍ਹਾਂ ਧੰਦਿਆਂ ਤੋਂ ਕਿਸਾਨਾਂ ਨੂੰ ਰੋਜ਼ਾਨਾ ਆਮਦਨ ਹੁੰਦੀ ਰਹਿੰਦੀ ਹੈ, ਜਦਕਿ ਫ਼ਸਲਾਂ ਤੋਂ ਛੇ ਮਹੀਨਿਆਂ ਬਾਅਦ ਆਮਦਨ ਹੁੰਦੀ ਹੈ।

“ਪਸ਼ੂ ਪਾਲਣ ਦੇ ਧੰਦਿਆਂ ਰਾਹੀਂ ਕਿਸਾਨ ਆਪਣੀ ਆਮਦਨ ਵਧਾ ਸਕਦੇ ਹਨ। ਕਿਸਾਨਾਂ ਕੋਲ ਜ਼ਮੀਨਾਂ ਸੀਮਤ ਹਨ ਅਤੇ ਇਨ੍ਹਾਂ ਨੂੰ ਵਧਾਇਆ ਨਹੀਂ ਜਾ ਸਕਦਾ, ਪਰ ਪਸ਼ੂਆਂ ਦੀ ਗਿਣਤੀ ਕਿਸਾਨ ਆਪਣੀ ਮਰਜ਼ੀ ਨਾਲ ਵਧਾ ਸਕਦੇ ਹਨ।”

ਡਾ. ਰਵਿੰਦਰ ਸਿੰਘ ਗਰੇਵਾਲ

ਪੰਜਾਬ ਵਿੱਚ ਦੁੱਧ ਦਾ ਉਤਪਾਦਨ ਕਿੰਨਾ ਹੈ?

ਡਾ. ਗਰੇਵਾਲ ਦੱਸਦੇ ਹਨ, “ਪੰਜਾਬ ਵਿੱਚ ਸਾਲਾਨਾ 14 ਮਿਲੀਅਨ ਟਨ ਦੁੱਧ ਪੈਦਾ ਹੁੰਦਾ ਹੈ। ਇਹ ਦੇਸ਼ ਦੇ ਕੁੱਲ ਉਤਪਾਦਨ ਦਾ ਲਗਭਗ ਛੇ ਫ਼ੀਸਦੀ ਹਿੱਸਾ ਹੈ। ਨਵੇਂ ਸਰਵੇਖਣ ਮੁਤਾਬਕ ਪੰਜਾਬ ਵਿੱਚ ਮੌਜੂਦਾ ਸਮੇਂ ਲਗਭਗ 35 ਲੱਖ ਮੱਝਾਂ ਹਨ।”

“ਭਾਵੇਂ ਪਿਛਲੇ ਸਰਵੇਖਣ ਦੇ ਮੁਕਾਬਲੇ ਮੱਝਾਂ ਦੀ ਗਿਣਤੀ ਲਗਭਗ 10 ਲੱਖ ਘਟੀ ਹੈ, ਪਰ ਦੁੱਧ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਘੱਟ ਦੁੱਧ ਉਤਪਾਦਨ ਦੀ ਸਮਰੱਥਾ ਵਾਲੀਆਂ ਮੱਝਾਂ ਦੀ ਗਿਣਤੀ ਘਟੀ ਹੈ ਅਤੇ ਵੱਧ ਦੁੱਧ ਦੇਣ ਵਾਲੀਆਂ ਮੱਝਾਂ ਦੀ ਗਿਣਤੀ ਵਧੀ ਹੈ।”

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਡੇਅਰੀ ਫ਼ਾਰਮਾਂ ਦੀ ਗਿਣਤੀ ਘਟੀ ਹੈ, ਪਰ ਵੱਡੇ ਅਤੇ ਵਪਾਰਕ ਡੇਅਰੀ ਫ਼ਾਰਮਾਂ ਦੀ ਗਿਣਤੀ ਵਧੀ ਹੈ। ਯਾਨੀ ਕਿ ਡੇਅਰੀ ਫ਼ਾਰਮਾਂ ਦੀ ਗਿਣਤੀ ਘੱਟ ਰਹੀ ਹੈ, ਪਰ ਫ਼ਾਰਮਾਂ ਦੇ ਆਕਾਰ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵੱਡੇ ਅਤੇ ਵਪਾਰਕ ਫ਼ਾਰਮਾਂ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ ਸਭ ਤੋਂ ਅੱਗੇ ਹੈ।

ਨਵੇਂ ਸਰਵੇਖਣ ਮੁਤਾਬਕ ਵਲੈਤੀ ਅਤੇ ਦੇਸੀ ਗਾਵਾਂ ਦੀ ਗਿਣਤੀ ਵਿੱਚ ਲਗਭਗ 1.50 ਫ਼ੀਸਦੀ ਵਾਧਾ ਹੋਇਆ ਹੈ। ਵਲੈਤੀ ਗਾਵਾਂ ਦੀ ਗਿਣਤੀ 20 ਲੱਖ ਤੋਂ ਉੱਪਰ ਹੈ, ਜਦਕਿ ਦੇਸੀ ਗਾਵਾਂ ਦੀ ਗਿਣਤੀ ਲਗਭਗ 4.50 ਲੱਖ ਹੈ।

ਮੱਛੀਆਂ ਦਾ ਉਤਪਾਦਨ ਕਿੰਨਾ ਹੈ?

ਮਨਕੀਤ ਰਾਜ ਸਿੰਘ

ਡਾ. ਰਵਿੰਦਰ ਸਿੰਘ ਗਰੇਵਾਲ ਦੱਸਦੇ ਹਨ ਕਿ ਮੱਛੀ ਪਾਲਣ ਪੰਜਾਬ ਦੀ ਖੇਤੀਬਾੜੀ ਦੀ ਜੀਡੀਪੀ ਦਾ ਲਗਭਗ 1.50 ਫ਼ੀਸਦੀ ਹਿੱਸਾ ਹੈ। ਪੰਜਾਬ ਵਿੱਚ ਮੱਛੀ ਪਾਲਣ ਲਗਭਗ 44,000 ਏਕੜ ਰਕਬੇ ਵਿੱਚ ਕੀਤਾ ਜਾਂਦਾ ਹੈ ਅਤੇ ਸੂਬੇ ਵਿੱਚ ਲਗਭਗ ਦੋ ਲੱਖ ਟਨ ਮੱਛੀ ਦੀ ਪੈਦਾਵਾਰ ਹੁੰਦੀ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਦੱਖਣੀ-ਪੱਛਮੀ ਹਿੱਸਿਆਂ ਵਿੱਚ ਝੀਂਗਾ ਪਾਲਣ ਵੀ ਕੀਤਾ ਜਾਂਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਸੇਮ ਅਤੇ ਖਾਰੇ ਪਾਣੀ ਦੀ ਸਮੱਸਿਆ ਹੈ। ਪੰਜਾਬ ਵਿੱਚ ਝੀਂਗਾ ਪਾਲਣ 1,000 ਤੋਂ ਵੱਧ ਏਕੜ ਰਕਬੇ ਵਿੱਚ ਕੀਤਾ ਜਾਂਦਾ ਹੈ।

ਮੁੱਖ ਚੁਣੌਤੀਆਂ ਕੀ ਹਨ?

ਮਨਕੀਤ ਰਾਜ ਸਿੰਘ

ਡਾ. ਗਰੇਵਾਲ ਕਹਿੰਦੇ ਹਨ ਕਿ ਪਸ਼ੂ ਪਾਲਣ ਦੇ ਖੇਤਰ ਵਿੱਚ ਮੁੱਖ ਚੁਣੌਤੀਆਂ ਵਿੱਚੋਂ ਇੱਕ ਗੁਣਵੱਤਾ ਵਾਲੀ ਨਸਲ ਦੀ ਪਛਾਣ ਕਰਨਾ ਹੈ। ਕਿਸਾਨ ਪਸ਼ੂ ਦੀ ਨਸਲ ਤਾਂ ਪਛਾਣ ਲੈਂਦੇ ਹਨ, ਪਰ ਉਸ ਦੀ ਨਸਲ ਦੀ ਗੁਣਵੱਤਾ ਪਛਾਣਨ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਰਜ਼ਾ ਲੈਣ ਵਿੱਚ ਵੀ ਦਿੱਕਤਾਂ ਆਉਂਦੀਆਂ ਹਨ।

ਉਨ੍ਹਾਂ ਮੁਤਾਬਕ, “ਪਸ਼ੂਆਂ ਦੀਆਂ ਬਿਮਾਰੀਆਂ ਅਤੇ ਟੀਕਾਕਰਨ ਬਾਰੇ ਜਾਗਰੂਕਤਾ ਦੀ ਘਾਟ ਵੀ ਇੱਕ ਮੁੱਖ ਚੁਣੌਤੀ ਹੈ।”

ਮੱਛੀ ਪਾਲਕ ਮਨਕੀਤ ਰਾਜ ਸਿੰਘ ਦੱਸਦੇ ਹਨ ਕਿ ਮੱਛੀ ਪਾਲਣ ਵਿੱਚ ਮੁੱਖ ਚੁਣੌਤੀਆਂ ਮੱਛੀਆਂ ਦੀ ਖੁਰਾਕ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਨੂੰ ਪੈਣ ਵਾਲੀ ਜੂੰ (Argulus) ਤੋਂ ਬਚਾਉਣਾ ਹੈ। ਇਸ ਤੋਂ ਇਲਾਵਾ ਪੰਛੀਆਂ, ਖ਼ਾਸ ਕਰਕੇ ਪਰਵਾਸੀ ਪੰਛੀਆਂ ਦੇ ਹਮਲਿਆਂ ਤੋਂ ਮੱਛੀਆਂ ਨੂੰ ਬਚਾਉਣਾ ਵੀ ਇੱਕ ਚੁਣੌਤੀ ਹੈ।

ਮਾਹਰ ਕੀ ਕਹਿੰਦੇ ਹਨ

ਖੇਤੀਬਾੜੀ ਵਿਭਾਗ ਤੋਂ ਬਤੌਰ ਜੁਆਇੰਟ ਡਾਇਰੈਕਟਰ ਸੇਵਾ ਮੁਕਤ ਹੋਏ ਬਲਦੇਵ ਸਿੰਘ ਨੌਰਥ ਕਹਿੰਦੇ ਹਨ, “ਸਹਾਇਕ ਪਸ਼ੂ ਪਾਲਣ ਧੰਦੇ ਕਿਸਾਨਾਂ ਦੀ ਆਰਥਿਕ ਵਿੱਚ ਚੰਗਾ ਯੋਗਦਾਨ ਪਾ ਰਹੇ ਹਨ। ਇਹ ਇੱਕ ਪੋਜ਼ੀਟਵ ਰੁਝਾਨ ਹੈ। ਪਰ ਸਹਾਇਕ ਪਸ਼ੂ ਪਾਲਣ ਧੰਦੇ ਸਿਖਲਾਈ ਲੈਣ ਉਪਰੰਤ ਹੀ ਕਰਨੇ ਚਾਹੀਦੇ ਹਨ।”

“ਇਨ੍ਹਾਂ ਸਹਾਇਕ ਧੰਦਿਆਂ ਵਿੱਚ ਪੂਰੀ ਤਰ੍ਹਾਂ ਲੇਬਰ ਉੱਤੇ ਨਿਰਭਰ ਰਹਿਣਾ ਨੁਕਸਾਨਦੇਹ ਹੋ ਸਕਦਾ ਹੈ। ਇਨ੍ਹਾਂ ਵਿੱਚ ਸਾਰਾ ਦਿਨ ਪਸ਼ੂਆਂ ਦੀ ਕਿਸਾਨਾਂ ਨੂੰ ਖੁਦ ਸੁਪਰਵਿਜ਼ਨ ਕਰਨ ਦੀ ਲੋੜ ਹੁੰਦੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI