Source :- BBC PUNJABI
ਤਸਵੀਰ ਸਰੋਤ, Getty Images
“ਪੰਜਾਬ ‘ਚ ਮੈਂ 6-8 ਹਜ਼ਾਰ ਰੁਪਏ ‘ਤੇ ਨਿੱਜੀ ਸਕੂਲ ‘ਚ ਪੜ੍ਹਾਉਂਦੀ ਸੀ ਫਿਰ ਵੱਡੇ ਸੁਪਨੇ ਲੈ ਕੇ ਕੈਨੇਡਾ ਆਈ ਪਰ ਅੱਜ 5 ਸਾਲਾਂ ਮਗਰੋਂ ਕੈਨੇਡਾ ਨੇ ਮੇਰੇ ਹੱਥ ਖੜ੍ਹੇ ਕਰਾ ਦਿੱਤੇ, ਇੱਥੇ ਪੱਕੇ ਹੋਣ ਦੇ ਸਾਰੇ ਰਾਹ ਬੰਦ ਹੁੰਦੇ ਨਜ਼ਰ ਆ ਰਹੇ ਨੇ, ਹੁਣ ਵਾਪਸ ਵੀ ਕਿਸ ਮੂੰਹ ਨਾਲ ਜਾਈਏ।”
“ਸ਼ੁਰੂ-ਸ਼ੁਰੂ ‘ਚ ਕੈਨੇਡਾ ਆਇਆ ਤਾਂ ਸਭ ਕੁਝ ਬਹੁਤ ਆਸਾਨ ਲੱਗ ਰਿਹਾ ਸੀ ਪਰ ਜਦੋਂ ਦੇ ਕੈਨੇਡਾ ਸਰਕਾਰ ਨੇ ਨਿਯਮ ਬਦਲੇ ਨੇ ਹੁਣ ਤਾਂ ਬਸ ਇੱਥੇ ਕਾਨੂੰਨੀ ਤੌਰ ‘ਤੇ ਰਹਿਣ ਦੀ ਹੀ ਜਦੋਜਹਿਦ ਕਰ ਰਹੇ ਹਾਂ, ਨਾਲ ਦੇ ਹੌਲੀ-ਹੌਲੀ ਕਰਕੇ ਭਾਰਤ ਪਰਤ ਰਹੇ ਹਨ।”
ਇਹ ਸ਼ਬਦ ਕੈਨੇਡਾ ਰਹਿੰਦੇ ਉਨ੍ਹਾਂ ਕਈ ਜੋੜਿਆਂ ਵਿੱਚੋਂ ਇੱਕ ਪੰਜਾਬੀ ਜੋੜੇ ਦੇ ਹਨ, ਜੋ ਪਿਛਲੇ ਕੁਝ ਸਾਲਾਂ ਤੋਂ ਉੱਥੇ ਪੀਆਰ ਹੋਣ ਲਈ ਸੰਘਰਸ਼ ਕਰ ਰਹੇ ਹਨ।
ਦਰਅਸਲ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਨੇ ਆਪਣੀ ਪਰਵਾਸ ਨੀਤੀ ਦੇ ਨਿਯਮ ਬਦਲੇ ਹਨ, ਜਿਸ ਕਾਰਨ ਉੱਥੇ ਰਹਿੰਦੇ ਪਰਵਾਸੀਆਂ ਲਈ ਸਥਾਈ ਤੌਰ ‘ਤੇ ਰਹਿਣ ਦੇ ਰਾਹ ਮੁਸ਼ਕਲ ਹੋ ਗਏ ਹਨ।
ਬੀਬੀਸੀ ਨਿਊਜ਼ ਪੰਜਾਬੀ ਨੇ ਕੈਨੇਡਾ ਵਿੱਚ ਰਹਿੰਦੇ ਉਨ੍ਹਾਂ ਪੰਜਾਬੀ ਜੋੜਿਆਂ ਨਾਲ ਖਾਸ ਗੱਲਬਾਤ ਕੀਤੀ ਹੈ, ਜੋ ਲੰਬੇ ਸਮੇਂ ਤੋਂ ਪੀਆਰ ਲੈਣ ਲਈ ਸੰਘਰਸ਼ ਕਰ ਰਹੇ ਹਨ।
‘ਸਰਕਾਰ ਨੇ ਸਾਡੇ ਸੁਪਨਿਆਂ ਦਾ ਰਾਹ ਹੀ ਬੰਦ ਕਰ ਦਿੱਤਾ’
ਤੁਸੀਂ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਕੈਨੇਡਾ-ਅਮਰੀਕਾ ਦੇ ਝੰਡੇ ਗੱਡੀਆਂ ਜਾਂ ਘਰਾਂ ਉੱਪਰ ਆਮ ਲੱਗੇ ਦੇਖੇ ਹੋਣੇ, ਜੋ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਚਾਹਤ ਨੂੰ ਦਰਸਾਉਂਦਾ ਹੈ।
ਪਰ ਕੁਝ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ, ਜਿਸਦੀ ਮੁੱਖ ਵਜ੍ਹਾ ਕੈਨੇਡਾ, ਅਮਰੀਕਾ ਤੇ ਯੂਕੇ ਵਰਗੇ ਦੇਸ਼ਾਂ ਵਿੱਚ ਪਰਵਾਸ ਨੀਤੀਆਂ ਵਿੱਚ ਹੋਏ ਬਦਲਾਅ ਹਨ।
ਇਨ੍ਹਾਂ ਨੀਤੀਆਂ ਕਰਕੇ ਜਿੱਥੇ ਪੰਜਾਬ ਵਿੱਚ ਵਿਦੇਸ਼ ਜਾਣ ਦੀ ਹੋੜ ਨੂੰ ਮੋੜਾ ਪਿਆ, ਉੱਥੇ ਹੀ ਕੈਨੇਡਾ ਵਿੱਚ ਰਹਿ ਰਹੇ ਕਈ ਨੌਜਵਾਨਾਂ ਤੇ ਪਰਿਵਾਰਾਂ ਦੇ ਭਵਿੱਖ ਉੱਪਰ ਤਲਵਾਰ ਲਟਕ ਗਈ ਹੈ।
ਪੰਜਾਬ ਦੇ ਰਹਿਣ ਵਾਲੇ ਜਸਪ੍ਰੀਤ ਕੌਰ ਸਾਲ 2021 ਵਿੱਚ ਸਟੱਡੀ ਵੀਜ਼ਾ ਉੱਪਰ ਕੈਨੇਡਾ ਗਏ ਸਨ।
ਹੁਣ ਉਹ ਆਪਣੇ ਪਤੀ ਸਰਬਜੀਤ ਸਿੰਘ ਨਾਲ ਕੈਨੇਡਾ ਦੇ ਐਲਬਰਟਾ ਵਿੱਚ ਰਹਿੰਦੇ ਹਨ ਅਤੇ ਦੋਵੇਂ ਅਜੇ ਅਸਥਾਈ ਤੌਰ ‘ਤੇ ਵਿਦੇਸ਼ ਵਿੱਚ ਆਪਣੀ ਜ਼ਿੰਦਗੀ ਬਿਤਾ ਰਹੇ ਹਨ।
ਜਸਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਨੇ ਪੰਜਾਬ ਵਿੱਚ ਬੀਸੀਏ ਦੀ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਇੱਕ ਨਿੱਜੀ ਸਕੂਲ ਵਿੱਚ ਬਤੌਰ ਅਧਿਆਪਕ ਨੌਕਰੀ ਕੀਤੀ।
ਤਸਵੀਰ ਸਰੋਤ, Getty Images
“ਮੈਂ ਇੱਕ ਦਰਮਿਆਨੇ ਪਰਿਵਾਰ ਤੋਂ ਆਉਂਦੀ ਹਾਂ, 6-8 ਹਜ਼ਾਰ ਤਨਖਾਹ ਨਾਲ ਕਿੱਥੇ ਗੁਜ਼ਾਰਾ ਹੁੰਦਾ ਸੀ ਤੇ ਮੇਰੇ ਸੁਪਨੇ ਵੀ ਵੱਡੇ ਸੀ। ਮੈਂ ਘਰਦਿਆਂ ਨੂੰ ਵਿਦੇਸ਼ ਜਾਣ ਦਾ ਜ਼ੋਰ ਪਾਇਆ ਤੇ ਮੇਰੇ ਪਰਿਵਾਰ ਨੇ ਇੱਧਰੋਂ-ਉਧਰੋਂ ਪੈਸੇ ਫੜ ਕੇ ਮੈਨੂੰ ਕੈਨੇਡਾ ਭੇਜ ਦਿੱਤਾ। ਬਾਅਦ ਵਿੱਚ ਮੇਰੇ ਪਤੀ ਵੀ ਕੈਨੇਡਾ ਆ ਗਏ। ਦੂਰੋਂ ਦੇਖਣ ਨੂੰ ਲੱਗਦਾ ਸੀ ਕਿ ਤਿੰਨ ਸਾਲ ਵਰਕ ਪਰਮਿਟ ‘ਤੇ ਕੰਮ ਕਰਾਂਗੇ, ਫਿਰ ਪੀਆਰ ਹੋ ਜਾਵਾਂਗੇ, ਜ਼ਿੰਦਗੀ ਬਹੁਤ ਆਸਾਨ ਹੈ ਪਰ ਇਹ ਸਭ ਦੂਰੋਂ ਦੇਖਣ ਨੂੰ ਹੀ ਸੋਹਣਾ ਲੱਗਦਾ। ਹੁਣ ਇੱਥੇ ਮੈਨੂੰ ਪੰਜ ਸਾਲ ਹੋ ਗਏ, ਪੜ੍ਹਾਈ ਵੀ ਕੀਤੀ, ਇੱਕ ਸੈਕਟਰ ਵਿੱਚ ਕੰਮ ਵੀ ਕੀਤਾ ਪਰ ਪੱਲੇ ਅਜੇ ਤੱਕ ਸਿਰਫ ਸੰਘਰਸ਼ ਹੀ ਹੈ।”
ਪੀਆਰ ਦਾ ਮਤਲਬ ਪਰਮਾਨੈਂਟ ਰੈਜ਼ੀਡੈਂਸੀ ਹੁੰਦਾ ਹੈ ਯਾਨੀ ਸਥਾਈ ਨਿਵਾਸ, ਜੇ ਕਿਸੇ ਵਿਅਕਤੀ ਕੋਲ ਕੈਨੇਡਾ ਦੀ ਪੀਆਰ ਹੈ ਤਾਂ ਉਹ ਕੈਨੇਡਾ ਵਿੱਚ ਲੰਬੇ ਸਮੇਂ ਲਈ ਰਹਿ ਸਕਦਾ ਹੈ, ਕਿਸੇ ਵੀ ਸੂਬੇ ਵਿੱਚ ਕੰਮ ਕਰ ਸਕਦਾ ਹੈ ਜਾਂ ਕਾਰੋਬਾਰ ਕਰ ਸਕਦਾ ਹੈ ਅਤੇ ਕੁਝ ਸਾਲ ਪੀਆਰ ਰੱਖਣ ਤੋਂ ਬਾਅਦ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ।
ਜਸਪ੍ਰੀਤ ਕਹਿੰਦੇ ਹਨ ਕਿ ਉਨ੍ਹਾਂ ਨੇ ਸ਼ੁਰੂਆਤੀ ਸਾਲਾਂ ਵਿੱਚ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਸਭ ਸਹੀ ਚੱਲ ਰਿਹਾ ਸੀ ਪਰ 2023 ਤੋਂ ਬਾਅਦ ਜਦੋਂ ਇੱਕ ਤੋਂ ਬਾਅਦ ਇੱਕ ਕੈਨੇਡਾ ਸਰਕਾਰ ਨਿਯਮਾਂ ਵਿੱਚ ਤਬਦੀਲੀ ਕਰਨ ਲੱਗੀ ਤਾਂ ਦਿਨ ਪ੍ਰਤੀ ਦਿਨ ਤਣਾਅ ਵੱਧਦਾ ਗਿਆ।
ਤਸਵੀਰ ਸਰੋਤ, Getty Images
ਉਹ ਦੱਸਦੇ ਹਨ, “ਅਸੀਂ ਬਹੁਤ ਵਧੀਆ ਲਾਈਫ ਕੱਟ ਰਹੇ ਸੀ, ਅਸੀਂ ਇੱਧਰ ਪੀਆਰ ਦੀ ਪ੍ਰਕਿਰਿਆ ਨੂੰ ਲੈ ਕੇ ਇੰਨਾ ਜਾਗਰੂਕ ਵੀ ਨਹੀਂ ਸੀ ਪਰ ਫਿਰ ਜਦੋਂ ਨਿਯਮ ਬਦਲੇ ਤਾਂ ਬਸ ਫਿਰ ਸਿਰਫ ਇੱਕੋ ਗੱਲ ਨੇ ਸਾਨੂੰ ਘੇਰਾ ਪਾ ਲਿਆ। ਅਸੀਂ ਦਿਨ-ਰਾਤ ਪੀਆਰ ਹੋਣ ਬਾਰੇ ਹੀ ਸੋਚਣ ਲੱਗੇ। ਅਸੀਂ ਡਰਾਅ ਸਿਸਟਮ ਵਿੱਚ ਆਪਣੀ ਫਾਇਲ ਲਗਾਈ ਪਰ ਉੱਥੇ ਵੀ ਸਾਡੀ ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ ਕਿਉਂਕਿ ਉਸ ਵਿੱਚ ਲੱਖਾਂ ਲੋਕ ਅਪਲਾਈ ਕਰਦੇ ਹਨ ਅਤੇ ਸਰਕਾਰ ਨੇ ਸਿਰਫ ਕੁਝ ਸੌ ਹੀ ਪਿੱਕ ਕਰਨੇ ਹੁੰਦੇ ਹਨ।”
”ਹੁਣ ਪੀਆਰ ਲਈ ਮੈਨੂੰ ਕਈ ਹੱਥ ਪੱਲੇ ਮਾਰਨੇ ਪੈ ਰਹੇ ਹਨ। ਮੈਨੂੰ ਦੱਸਿਆ ਗਿਆ ਕਿ ਮੇਰੇ ਕੋਲ ਫਰੈਂਚ ਸਿੱਖ ਕੇ ਇੱਥੇ ਰਹਿਣ ਦਾ ਮੌਕਾ ਹੈ ਤੇ ਮੈਂ ਸਖਤ ਮਿਹਨਤ ਕਰਕੇ ਫਰੈਂਚ ਭਾਸ਼ਾ ਵੀ ਸਿੱਖੀ ਤੇ 5.5 ਅੰਕ ਵੀ ਲਏ। ਹੁਣ ਮੇਰੇ ਪਤੀ ਨੇ ਐੱਲ.ਐੱਮ.ਆਈ.ਏ ਲੈ ਕੇ ਅਪਲਾਈ ਕੀਤਾ ਹੋਇਆ, ਦੇਖੋ ਕੀ ਬਣਦਾ ਪਰ ਸਰਕਾਰ ਨੇ ਸਾਡੇ ਸੁਪਨਿਆਂ ਦੇ ਸਾਰੇ ਰਾਹ ਹੀ ਬੰਦ ਕਰ ਦਿੱਤੇ।”
ਅਸਲ ਵਿੱਚ ਐਲ.ਐਮ.ਆਈ.ਏ ਇੱਕ ਪੱਤਰ ਹੁੰਦਾ ਹੈ ਜਿਸ ਤਹਿਤ ਕੈਨੇਡਾ ਵਿੱਚ ਕੋਈ ਕੰਪਨੀ ਜਾਂ ਇੰਪਲੋਇਰ ਜਦੋਂ ਕਿਸੇ ਪਰਵਾਸੀ ਵਿਅਕਤੀ ਨੂੰ ਨੌਕਰੀ ਦੇਣਾ ਚਾਹੁੰਦਾ ਹੈ, ਤਾਂ ਉਸ ਨੂੰ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਉਸ ਇਜਾਜ਼ਤ ਦਾ ਨਾਮ ਹੈ ਐਲ.ਐਮ.ਆਈ.ਏ ਹੈ।
ਸੁਸਾਇਟੀ ਦਾ ਪ੍ਰੈਸ਼ਰ
ਜਸਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਦੇ ਨਾਲ ਕੰਮ ਕਰਦੇ ਕਈ ਨੌਜਵਾਨਾਂ ਨੂੰ ਬਿਨਾਂ ਪੀਆਰ ਹੋਏ ਵਾਪਸ ਭਾਰਤ ਪਰਤਣਾ ਪਿਆ।
ਉਹ ਕਹਿੰਦੇ ਹਨ ਕਿ ਇੰਨੇ ਸਾਲਾਂ ਵਿੱਚ ਕੁਝ ਹਾਸਲ ਕਰਨ ‘ਤੇ ਅਜੀਬ ਜਿਹਾ ਪ੍ਰੈਸ਼ਰ ਹੈ।
“ਮੇਰੇ ਦੋਵੇਂ ਪਰਿਵਾਰਾਂ ਦੀ ਮੈਨੂੰ mਪੋਰਟ ਹੈ ਪਰ ਸੁਸਾਇਟੀ ਦਾ ਪ੍ਰੈਸ਼ਰ ਤੁਹਾਨੂੰ ਤਣਾਅ ਵਿੱਚ ਲੈ ਜਾਂਦਾ। ਸਾਡੇ ਆਲੇ-ਦੁਆਲੇ ਕਈ ਪੀਆਰ ਹੋ ਚੁੱਕੇ ਹਨ ਤੇ ਮੇਰੇ ਉੱਪਰ ਇਹੀ ਪ੍ਰੈਸ਼ਰ ਹੈ ਕਿ ਲੋਕ ਕਹਿਣਗੇ ਕਿ ਉਹ ਤਾਂ ਪੀਆਰ ਹੋ ਗਏ ਤੁਸੀਂ ਕਿਉਂ ਨਹੀਂ ਹੋਏ, ਇਸੇ ਕਰਕੇ ਅਸੀਂ ਪੰਜ ਸਾਲਾਂ ਤੋਂ ਆਪਣੇ ਪਿੰਡ ਵੀ ਨਹੀਂ ਜਾ ਸਕੇ।”
“ਜੋ ਹਾਲਾਤ ਨੇ ਪੀਆਰ ਹੋਣਾ ਬਹੁਤ ਔਖਾ”
ਤਸਵੀਰ ਸਰੋਤ, Getty Images
ਜਸਪ੍ਰੀਤ ਦੇ ਪਤੀ ਸਰਬਜੀਤ ਸਿੰਘ ਹੁਣ ਕੈਨੇਡਾ ਵਿੱਚ ਟਰੱਕ ਚਲਾਉਂਦੇ ਹਨ। ਉਹ ਸਪਾਊਸ ਵੀਜ਼ਾ ਉੱਪਰ ਕੈਨੇਡਾ ਗਏ ਸਨ।
ਉਨ੍ਹਾਂ ਨੇ ਕੈਨੇਡਾ ਵਿਚਲੇ ਆਪਣੇ ਹੁਣ ਤੱਕ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਹਨ।
ਸਰਬਜੀਤ ਕਹਿੰਦੇ ਹਨ, “ਮੈਂ ਜਦੋਂ ਕੈਨੇਡਾ ਆਇਆ ਤੇ ਜਦੋਂ ਲੋਕਾਂ ਨੂੰ ਮਿਲਦੇ ਸੀ ਤਾਂ ਸਾਰੇ ਕਹਿੰਦੇ ਸੀ ਕਿ ਆਰਾਮ ਨਾਲ ਫਾਇਲ ਲੱਗ ਜਾਵੇਗੀ, ਕੁਝ ਸਮੇਂ ਵਿੱਚ ਹੀ ਪੀਐੱਨਪੀ ਆ ਜਾਂਦੀ ਤੇ ਫਿਰ ਪੀਆਰ ਮਿਲ ਜਾਂਦੀ ਹੈ।”
ਕੈਨੇਡਾ ਦਾ ਪੀਐੱਨਪੀ ਯਾਨੀ ਪ੍ਰੋਵੈਨਸ਼ੀਅਲ ਨੋਮੀਨੀ ਉਹ ਪ੍ਰੋਗਰਾਮ ਹੈ, ਜਿਸ ਰਾਹੀਂ ਕੋਈ ਸੂਬਾ ਆਪਣੀ ਲੋੜ ਅਨੁਸਾਰ ਵਿਦੇਸ਼ੀ ਮਜ਼ਦੂਰਾਂ ਜਾਂ ਪੇਸ਼ੇਵਰਾਂ ਨੂੰ ਸਥਾਈ ਨਿਵਾਸ ਲਈ ਨਾਮਜ਼ਦ ਕਰ ਸਕਦਾ ਹੈ।
ਸਰਬਜੀਤ ਅੱਗੇ ਦੱਸਦੇ ਹਨ, “ਹਾਲਾਤ ਇਹ ਬਣ ਗਏ ਕੇ ਅਸੀਂ ਪੀਆਰ ਹੋਣ ਬਾਰੇ ਸੋਚ ਹੀ ਰਹੇ, ਜਿਸ ਹਿਸਾਬ ਦੇ ਕੈਨੇਡਾ ਵਿੱਚ ਹਾਲਾਤ ਹਨ, ਪੀਆਰ ਮਿਲਣੀ ਬਹੁਤ ਔਖੀ ਲੱਗ ਰਹੀ ਹੈ। ਸਾਡੀ ਅਜੇ ਤਾਂ ਫਾਇਲ ਵੀ ਨਹੀਂ ਲੱਗੀ ਅਸੀਂ ਆਪਣੀ ਮੰਜ਼ਿਲ ਤੋਂ ਬਹੁਤ ਦੂਰ ਹਾਂ। ਅਸੀਂ ਫਿਲਹਾਲ ਇੱਥੇ ਕਾਨੂੰਨੀ ਤੌਰ ‘ਤੇ ਕਿਵੇਂ ਰਹਿਣਾ ਉਸ ਬਾਰੇ ਸੋਚ ਰਹੇ ਹਾਂ।”
”ਸਾਡਾ ਟਾਰਗੇਟ ਇਹੀ ਆ ਕਿ ਬੱਸ ਸਾਨੂੰ ਕਿਸੇ ਤਰੀਕੇ ਵਰਕ ਪਰਮਿਟ ਮਿਲੇ ਤੇ ਅਸੀਂ ਇੱਥੇ ਦੋ ਕੁ ਸਾਲ ਹੋਰ ਮਿਹਨਤ ਕਰਕੇ ਪੈਸੇ ਕਮਾਈਏ। ਅਸੀਂ ਇੱਥੇ ਬਹੁਤ ਮਿਹਨਤ ਕਰ ਰਹੇ ਹਾਂ ਪਰ ਫਿਰ ਵੀ ਸਾਨੂੰ ਇੱਥੇ ਰਹਿਣ ਲਈ ਨਹੀਂ ਮਿਲ ਰਿਹਾ ਤਾਂ ਅਸੀਂ ਇੱਥੇ ਫਿਰ ਆਪਣਾ ਭਵਿੱਖ ਕਿਉਂ ਖਰਾਬ ਕਰੀਏ, ਫਿਰ ਸਾਡੇ ਕੋਲ ਵਾਪਸੀ ਹੀ ਇੱਕ ਰਾਹ।”
‘ਮਜਬੂਰੀ ਕਰਕੇ ਟਰੱਕ ‘ਤੇ ਚੜ੍ਹਨਾ ਪਿਆ’
ਤਸਵੀਰ ਸਰੋਤ, Getty Images
ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਗੁਰਮਨਪ੍ਰੀਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਹਨ।
ਉਹ 2019 ਵਿੱਚ ਬਾਰਵੀਂ ਕਲਾਸ ਨਾਨ ਮੈਡੀਕਲ ਵਿਸ਼ੇ ਨਾਲ ਪਾਸ ਕਰਕੇ ਸਟੱਡੀ ਵੀਜ਼ਾ ‘ਤੇ ਕੈਨੇਡਾ ਆਏ ਸਨ। ਗੁਰਮਨਪ੍ਰੀਤ ਨੂੰ ਕੈਨੇਡਾ ਆਏ ਸੱਤ ਸਾਲ ਹੋ ਚੁੱਕੇ ਹਨ ਤੇ ਉਹ ਆਪਣੀ ਪਤਨੀ ਨਾਲ ਇੱਥੇ ਅਸਥਾਈ ਤੌਰ ‘ਤੇ ਰਹਿ ਰਹੇ ਹਨ।
ਗੁਰਮਨਪ੍ਰੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਹੈ ਅਤੇ ਕੈਨੇਡਾ ਦੇ ਮੌਜੂਦਾ ਹਾਲਾਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਉਹ ਕਹਿੰਦੇ ਹਨ, “ਮੈਂ ਪੜ੍ਹਾਈ ਕਰਕੇ ਚੰਗੇ ਭਵਿੱਖ ਦੀ ਭਾਲ ਵਿੱਚ ਇੱਥੇ ਆਇਆ ਸੀ। ਬਾਪੂ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ। ਮੈਂ ਸਾਫਟਵੇਅਰ ਟੈਸਟਿੰਗ ਦਾ ਡਿਪਲੌਮਾ ਲੈ ਕੇ ਮੌਂਟਰੀਅਲ ਸ਼ਿਫਟ ਹੋਇਆ ਸੀ। ਮੈਨੂੰ ਸੀ ਆਈਟੀ ਸੈਕਟਰ ਕੈਨੇਡਾ ਵਿੱਚ ਵਧੀਆ ਗਰੋਅ ਕਰ ਰਿਹਾ ਤੇ ਇੱਥੇ ਮੇਰਾ ਭਵਿੱਖ ਵਧੀਆ ਹੋਉਗਾ, ਅੱਜ ਸੱਤ ਸਾਲ ਹੋ ਗਏ ਤੇ ਮੈਂ ਆਈਟੀ ਛੱਡ ਕੇ ਟਰੱਕ ਚਲਾ ਰਿਹਾਂ, ਮਜਬੂਰੀ ਕਰਕੇ ਮੈਨੂੰ ਟਰੱਕ ਉੱਪਰ ਚੜ੍ਹਨਾ ਪਿਆ ਕਿਉਂਕਿ ਇੱਥੇ ਕਾਨੂੰਨੀ ਤੌਰ ‘ਤੇ ਰਹਿਣਾ ਹੀ ਵੱਡੀ ਚੁਣੌਤੀ ਬਣਿਆ ਹੋਇਆ।”
ਗੁਰਮਨਪ੍ਰੀਤ ਦੱਸਦੇ ਹਨ ਕਿ ਕੈਨੇਡਾ ਸਰਕਾਰ ਦੀਆਂ ਪਰਵਾਸ ਨੀਤੀਆਂ ਵਿੱਚ ਹੋਏ ਬਦਲਾਵਾਂ ਕਾਰਨ ਉਨ੍ਹਾਂ ਨੂੰ ਹੁਣ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ।
ਉਹ ਕਹਿੰਦੇ ਹਨ, “ਦੋ ਸਾਲ ਦੀ ਸਟੱਡੀ ਤੋਂ ਬਾਅਦ ਮੈਨੂੰ ਸਾਲ ਦਾ ਵਰਕ ਪਰਮਿਟ ਮਿਲਿਆ ਸੀ। ਕੰਮ ਦੀ ਤਲਾਸ਼ ਵਿੱਚ ਮੈਂ ਮੌਂਟਰੀਅਲ ਤੋਂ ਬਰੈਂਪਟਨ ਗਿਆ। ਓਨਟਾਰਿਓ ਸੂਬੇ ਵਿੱਚ ਟਰੱਕਿੰਗ ਦਾ ਲਾਇਸੈਂਸ ਲੈਣ ਲਈ ਮੈਂ ਆਇਆ ਸੀ। ਇੱਥੇ ਵੱਡਾ ਸੂਬਾ ਹੋਣ ਕਰਕੇ ਕੰਮ ਦੇ ਮੌਕੇ ਜ਼ਿਆਦਾ ਸਨ, ਮੈਨੂੰ ਇਹ ਵੀ ਸੀ ਕਿ ਇੱਥੋਂ ਮੈਂ ਪੀਆਰ ਵੀ ਅਪਲਾਈ ਕਰਾਂਗਾ ਪਰ 2023 ਵਿੱਚ ਉੱਥੇ ਨਿਯਮ ਬਦਲੇ ਤੇ ਪੀਆਰ ਮੁਸ਼ਕਲ ਹੋ ਗਈ।”
”ਇਸੇ ਕਾਰਨ ਇਸ ਸਾਲ ਵੱਡੀ ਗਿਣਤੀ ਪਰਵਾਸੀ ਇੱਥੋਂ ਮੂਵ ਹੋ ਗਏ। ਮੈਨੂੰ ਆਸ ਸੀ ਕਿ ਪੀਆਰ ਸਬੰਧੀ ਸਰਕਾਰ ਕੋਈ ਨਾ ਕੋਈ ਪ੍ਰੋਗਰਾਮ ਲਾਂਚ ਕਰੇਗੀ ਪਰ ਡਰਾਅ ਨਿਕਲੇ, ਜਿਨ੍ਹਾਂ ਨੂੰ ਅਪਲਾਈ ਕਰਨ ਲਈ ਲੱਖਾਂ ਲੋਕ ਲਾਈਨ ਵਿੱਚ ਸਨ ਤੇ ਚੋਣ ਸਿਰਫ ਕੁਝ ਦੀ ਹੋਣੀ ਸੀ।”
‘ਕਾਨੂੰਨੀ ਤੌਰ ‘ਤੇ ਰਹਿਣ ਲਈ ਹਜ਼ਾਰਾਂ ਡਾਲਰਾਂ ਦੀਆਂ ਐੱਲਐੱਮਆਈਏ ਲਈਆਂ’

ਗੁਰਮਨਪ੍ਰੀਤ ਦੱਸਦੇ ਹਨ ਕਿ ਉਹ ਹੁਣ ਤੱਕ ਤਿੰਨ ਵਾਰ ਐੱਲਐੱਮਆਈਏ ਲੈ ਚੁੱਕੇ ਹਨ।
ਉਹ ਕਹਿੰਦੇ ਹਨ, “ਮੈਂ ਬਰੈਂਪਟਨ ਤੋਂ ਫਿਰ ਐਲਬਰਟਾ ਆ ਗਿਆ, ਇੱਥੇ 2024 ਵਿੱਚ ਟਰੱਕਿੰਗ ਕੰਪਨੀ ਤੋਂ ਕੁਝ ਹਜ਼ਾਰ ਡਾਲਰ ਦੇ ਕੇ ਐੱਲਐੱਮਆਈਏ ਲਈ ਪਰ ਉਹ ਕੰਪਨੀ ਕੁਝ ਮਹੀਨੇ ਮਗਰੋਂ ਹੀ ਅਮਰੀਕਾ ਵੱਲੋਂ ਲਗਾਏ ਟੈਰਿਫਾਂ ਕਾਰਨ ਬੰਦ ਹੋ ਗਈ। ਫਿਰ ਮੈਂ ਦੂਜੀ ਕੰਪਨੀ ਤੋਂ 18 ਹਜ਼ਾਰ ਡਾਲਰ ਵਿੱਚ ਐੱਲਐੱਮਆਈਏ ਲਈ। ਮੈਂ ਐੱਲਐੱਮਆਈਏ ਇਸ ਲਈ ਕਿਉਂਕਿ ਮੈਂ ਪੇਅਰੋਲ ‘ਤੇ ਕੰਮ ਕਰ ਸਕਾਂ ਤੇ ਕਾਨੂੰਨੀ ਤੌਰ ‘ਤੇ ਇੱਥੇ ਰਹਿ ਸਕਾਂ।”
ਗੁਰਮਨਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਵਰਗੇ ਹੋਰ ਕਈ ਨੌਜਵਾਨ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਪੀਆਰ ਅਤੇ ਇਸ ਦੇਸ਼ ਵਿੱਚ ਕਾਨੂੰਨੀ ਤੌਰ ‘ਤੇ ਰਹਿਣ ਲਈ ਮੌਕਿਆਂ ਦੀ ਤਲਾਸ਼ ਕਰ ਰਹੇ ਹਨ ਪਰ ਹਰ ਪਾਸੇ ਹਾਲਾਤ ਨਾਜ਼ੁਕ ਹਨ।
ਉਹ ਕਹਿੰਦੇ ਹਨ, “ਇੱਥੇ ਜਿਹੋ ਜਿਹੇ ਹਾਲਾਤ ਬਣ ਗਏ ਹਨ, ਲੋਕ ਪੀਆਰ ਲਈ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਹੱਥ ਪੱਲੇ ਮਾਰ ਰਹੇ ਹਨ। ਕਈ ਮੇਰੇ ਨਾਲ ਦੇ ਅਜਿਹੇ ਸੂਬਿਆਂ ਵਿੱਚ ਗਏ, ਜਿੱਥੇ ਘਰ ਦਾ ਰਾਸ਼ਨ ਲੈਣ ਵੀ ਕਈ-ਕਈ ਕਿਲੋਮੀਟਰ ਦੂਰ ਜਾਣਾ ਪੈਂਦਾ। 2020 ਦੇ ਨੇੜੇ-ਤੇੜੇ ਸਮਾਂ ਸਹੀ ਸੀ ਪਰ ਹੁਣ ਹਾਲਾਤ ਬਹੁਤ ਮਾੜੇ ਹਨ। ਅਸੀਂ ਹੁਣ ਇਸੇ ਲਈ ਆਪਣਾ ਸਟੇਟਸ ਵੈਲਿਡ ਰੱਖਣ ਲਈ ਹਜ਼ਾਰਾਂ ਡਾਲਰਾਂ ਦੀਆਂ ਐੱਲਐੱਮਆਈਏ ਲੈਣ ਲਈ ਮਜਬੂਰ ਹਾਂ।”
‘ਸਮਾਜਿਕ ਦਬਾਅ ਮਹਿਸੂਸ ਕਰਦੇ ਹਾਂ’
ਗੁਰਮਨਪ੍ਰੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਹੁਣ ਤੱਕ ਕੈਨੇਡਾ ਵਿੱਚ ਮਾਨਸਿਕ ਤੌਰ ‘ਤੇ ਬਹੁਤ ਕੁਝ ਝੱਲਿਆ, ਉਨ੍ਹਾਂ ਦੀ ਪਤਨੀ ਵੀ ਕੈਨੇਡਾ ਵਿੱਚ ਬਿਨ੍ਹਾਂ ਕੰਮ ਤੋਂ ਘਰ ਵਿੱਚ ਹੀ ਰਹਿ ਰਹੇ ਹਨ ਪਰ ਜੋ ਘਰਦਿਆਂ ਦਾ ਤੇ ਪਿੰਡ ਵਾਲਿਆਂ ਦਾ ਪ੍ਰੈਸ਼ਰ ਹੈ, ਉਹ ਹੋਰ ਵੀ ਤੰਗ ਕਰਨ ਵਾਲਾ ਹੈ।
ਉਹ ਦੱਸਦੇ ਹਨ, “ਸੱਤ ਸਾਲ ਹੋ ਗਏ ਨੇ ਤੇ ਘਰ ਵਾਲੇ ਪੁੱਛਦੇ ਹਨ ਕਿ ਹੋਰ ਕਦੋਂ ਪੀਆਰ ਹੋਵੋਗੇ ਇੰਨਾ ਪੈਸੇ ਵੀ ਲਾ ਚੁੱਕੇ ਹਾਂ। ਮਾਨਸਿਕ ਤੌਰ ‘ਤੇ ਇੰਨਾ ਜ਼ਿਆਦਾ ਤਣਾਅ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਸਮਾਂ ਇਸ ਠੰਢੇ ਇਲਾਕੇ ਵਿੱਚ ਗੁਆ ਰਹੇ ਹਾਂ। ਪਿੱਛੇ ਘਰ ਦਿਆਂ ਲਈ ਕੁਝ ਕਰਨਾ ਤਾਂ ਬਹੁਤ ਦੂਰ ਦੀ ਗੱਲ ਆਪਣਾ ਖਰਚਾ ਮਸਾਂ ਚੁੱਕ ਰਹੇ ਹਾਂ। ਉੱਪਰ ਦੀ ਪਿੰਡ ਵਾਲੇ ਜਦੋਂ ਘਰਦਿਆਂ ਨੂੰ ਪੁੱਛਦੇ ਨੇ ਕਿ ਮੁੰਡਾ ਪੱਕਾ ਹੋ ਗਿਆ ਤਾਂ ਉਹ ਦੇਖਿਆ ਨਹੀਂ ਜਾਂਦਾ, ਇੱਕ ਅਜੀਬ ਜਿਹੀ ਨਿਰਾਸ਼ਾ ਮਹਿਸੂਸ ਹੁੰਦੀ ਹੈ।”
ਗੁਰਮਨਪ੍ਰੀਤ ਸਿੰਘ ਐਲਬਰਟਾ ਸੂਬੇ ਵਿੱਚ ਪੀਆਰ ਲੈ ਚੁੱਕੇ ਹਨ ਤੇ ਹੁਣ ਫੈਡਰਲ ਪੀਆਰ ਲਈ ਅਪਲਾਈ ਕੀਤਾ ਹੋਇਆ ਹੈ ਪਰ ਉਨ੍ਹਾਂ ਦੇ ਮਨ ਵਿੱਚ ਅਜੇ ਵੀ ਡਰ ਹੈ ਕਿ ਕਿਤੇ ਸਰਕਾਰ ਕਾਗਜ਼ ਪੂਰੇ ਹੋਣ ‘ਤੇ ਵੀ ਰੱਦ ਨਾ ਕਰਦੇ।
“ਮੇਰੇ ਕੋਲ ਐਲਬਰਟਾ ਦੀ ਪੀਆਰ ਹੈ ਤੇ ਹੁਣ ਮੈਂ ਫੈਡਰਲ ਦੀ ਪੀਆਰ ਲਈ ਅਪਲਾਈ ਕੀਤਾ ਹੋਇਆ। ਮੈਂ ਪੀਆਰ ਦੇ ਕਾਫੀ ਨੇੜੇ ਹਾਂ ਪਰ ਜੋ ਕੁਝ ਚੱਲ ਰਿਹਾ ਤੇ ਜਦੋਂ ਤੱਕ ਪੀਆਰ ਕਾਰਡ ਹੱਥ ਵਿੱਚ ਨਹੀਂ ਆ ਜਾਂਦਾ ਮੈਂ ਯਕੀਨੀ ਤੌਰ ‘ਤੇ ਕਹਿ ਨਹੀਂ ਸਕਦਾ ਕਿ ਮੈਂ ਪੱਕਾ ਹਾਂ।”
ਕਿਹੜੇ ਭੰਬਲਭੂਸੇ ਨੇ ਉਲਝਾਏ ਪਰਵਾਸੀ

ਕੈਨੇਡਾ ਵਿੱਚ ਪਰਵਾਸ ਨੀਤੀ ਨੂੰ ਲੈ ਕੇ ਬਦਲੇ ਨਿਯਮਾਂ ਅਤੇ ਵਿਦੇਸ਼ ਜਾਣ ਦੇ ਘਟੇ ਰੁਝਾਨ ਸਬੰਧੀ ਇਮੀਗ੍ਰੇਸ਼ਨ ਮਾਹਰ ਨਵਜੋਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਅਸਲ ਵਿੱਚ 2023-24 ਵਿੱਚ ਕੈਨੇਡਾ ਸਰਕਾਰ ਨੇ ਆਪਣੀ ਪਰਵਾਸ ਨੀਤੀ ਵਿੱਚ ਕੁਝ ਬਦਲਾਅ ਕੀਤਾ।
ਨਵਜੋਤ ਦੱਸਦੇ ਹਨ, “ਅਸਲ ਵਿੱਚ ਕੈਨੇਡਾ ਵਿੱਚ ਪੀਆਰ ਹੋਣ ਲਈ ਪੁਆਇੰਟਾਂ ਦੀ ਖੇਡ ਚੱਲਦੀ ਹੈ, ਜੋ ਕੈਨੇਡਾ ਸਰਕਾਰ ਦੇ ਹਿਸਾਬ ਨਾਲ ਪੁਆਇੰਟ ਪੂਰੇ ਕਰ ਲੈਂਦਾ ਉਹ ਪੀਆਰ ਲੈਣ ਦੇ ਯੋਗ ਹੋ ਜਾਂਦਾ। ਆਸਾਨ ਭਾਸ਼ਾ ਵਿੱਚ ਸਮਝੀਏ ਤਾਂ ਪਹਿਲਾਂ ਜਿਵੇਂ ਡਰਾਅ ਪ੍ਰੋਗਰਾਮ ਵਿੱਚ ਪੀਆਰ ਹੋਣ ਲਈ ਜੇ 410 ਪੁਆਇੰਟ ਲੈਣੇ ਹੁੰਦੇ ਸਨ ਤਾਂ ਹੁਣ ਉਹ ਪੁਆਇੰਟ ਵਧਾ ਕੇ 420,425, 435 ਤੱਕ ਕਰ ਦਿੱਤੇ ਗਏ ਹਨ। ਸਰਕਾਰ ਡਰਾਅ ਕੱਢਦੀ ਵੀ ਹੈ ਤੇ ਪੀਆਰ ਵੀ ਮਿਲ ਰਹੀ ਹੈ ਪਰ ਇਨ੍ਹਾਂ ਨੇ ਮਾਪਦੰਡ ਹੀ ਇੰਨੇ ਉੱਚੇ ਕਰ ਦਿੱਤੇ ਕਿ ਨੌਜਵਾਨਾਂ ਕੋਲੋਂ ਉਹ ਰਿਕੁਆਇਰਮੈਂਟ ਪੂਰੀਆਂ ਹੀ ਨਹੀਂ ਹੋ ਰਹੀਆਂ।”
ਨਵਜੋਤ ਇਹ ਵੀ ਸਮਝਾਉਂਦੇ ਹਨ ਕਿ ਇਹ ਪੁਆਇੰਟ ਕਿਵੇਂ ਕੰਮ ਕਰਦੇ ਹਨ।
“ਉਦਾਹਰਣ ਦੇ ਤੌਰ ‘ਤੇ ਪੀਆਰ ਦੇ ਯੋਗ ਹੋਣ ਲਈ ਤੁਸੀਂ ਜੇ ਸਟੱਡੀ ਵੀਜ਼ੇ ਉੱਪਰ ਆਏ ਹੋ ਤਾਂ ਜਿਸ ਖੇਤਰ ਵਿੱਚ ਤੁਸੀਂ ਪੜ੍ਹਾਈ ਕੀਤੀ ਹੈ, ਉਸੇ ਵਿੱਚ ਤੁਹਾਨੂੰ ਕੰਮ ਕਰਕੇ ਤਜਰਬਾ ਵੀ ਹਾਸਲ ਕਰਨਾ ਹੁੰਦਾ ਹੈ, ਇਸ ਤਰ੍ਹਾਂ ਤੁਹਾਡੇ ਪੁਆਇੰਟ ਜੁੜਦੇ ਜਾਂਦੇ ਹਨ। ਇਸ ਤਰ੍ਹਾਂ ਪੀਆਰ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਸਫਲ ਹੁੰਦੇ ਹਾਂ। ਪਰ ਕੈਨੇਡਾ ਵਿੱਚ ਇਹ ਹੋ ਰਿਹਾ ਕਿ ਉੱਥੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਹੀ ਨਹੀਂ ਮਿਲ ਰਿਹਾ ਤੇ ਜੇ ਵਰਕ ਪਰਮਿਟ ਨਹੀਂ ਮਿਲੇਗਾ ਤਾਂ ਕੰਮ ਦਾ ਤਜਰਬਾ ਕਿੱਥੋਂ ਮਿਲੇਗਾ।”
ਨਵਜੋਤ ਸਿੰਘ ਕਹਿੰਦੇ ਹਨ ਕਿ ਪਹਿਲਾਂ ਲੋਕ ਕੈਨੇਡਾ ਜਾਣਾ ਇਸੇ ਲਈ ਪਸੰਦ ਕਰਦੇ ਸਨ ਕਿ ਉੱਥੇ ਪੈਸੇ ਚਾਹੇ ਘੱਟ ਬਣ ਜਾਣ ਪਰ ਬੰਦਾ ਪੱਕਾ ਹੋ ਜਾਂਦਾ ਸੀ ਪਰ ਹੁਣ ਇਹ ਔਖਾ ਹੋ ਗਿਆ।
ਕੈਨੇਡਾ ਸਰਕਾਰ ਦੇ ਅੰਕੜਿਆਂ ਮੁਤਾਬਕ 2023 ਵਿੱਚ ਭਾਰਤੀ ਵਿਦਿਆਰਥੀਆਂ ਦਾ ਹਿੱਸਾ ਇੰਟਰਨੈਸ਼ਨਲ ਵਿਦਿਆਰਥੀਆਂ ਵਿੱਚ 50% ਤੋਂ ਵੱਧ ਸੀ, ਜੋ 2025 ਤੱਕ ਘੱਟ ਕੇ 8-10% ਰਹਿ ਗਿਆ। ਭਾਰਤੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਮਨਜ਼ੂਰੀਆਂ ਵਿੱਚ ਵੀ ਭਾਰੀ ਗਿਰਾਵਟ ਆਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



