Source :- BBC PUNJABI
ਤਸਵੀਰ ਸਰੋਤ, Getty Images
ਜਦੋਂ ਪੌਲ ਨਾਮੀ ਔਕਟੋਪਸ ਨੇ 2010 ਦੇ ਫ਼ੀਫ਼ਾ ਵਿਸ਼ਵ ਕੱਪ ਵਿੱਚ ਜਰਮਨੀ ਦੇ ਸਾਰੇ ਨਤੀਜਿਆਂ ਦੀ ਸਹੀ ਭਵਿੱਖਵਾਣੀ ਕੀਤੀ ਸੀ ਤਾਂ ਦੁਨੀਆਂ ਭਰ ਵਿੱਚ ਉਸ ਦੀ ਪ੍ਰਸ਼ੰਸਾ ਇੱਕ ਓਰੈਕਲ ਵਜੋਂ ਕੀਤੀ ਗਈ ਸੀ।
ਉਦੋਂ ਤੋਂ ਜਰਮਨ ਅਰਥ ਸ਼ਾਸਤਰੀ ਜੋਆਚਿਮ ਕਲੇਮੈਂਟ ਆਪਣੇ ਇੱਕ ਗੁੰਝਲਦਾਰ ਭਵਿੱਖਵਾਣੀ ਮਾਡਲ ਨਾਲ ਉਸ ਤੋਂ ਵੀ ਅੱਗੇ ਨਿਕਲ ਗਏ ਹਨ। ਉਨ੍ਹਾਂ ਨੇ 2014 ਤੋਂ ਲੈ ਕੇ ਹੁਣ ਤੱਕ 100 ਫ਼ੀਸਦੀ ਮਾਮਲਿਆਂ ਵਿੱਚ ਵਿਸ਼ਵ ਕੱਪ ਜੇਤੂ ਦੀ ਸਹੀ ਭਵਿੱਖਵਾਣੀ ਕੀਤੀ ਹੈ।
ਇਸ ਮਾਡਲ ਮੁਤਾਬਕ ਜੇ ਨੀਦਰਲੈਂਡ ਜੁਲਾਈ ਵਿੱਚ ਟਰਾਫ਼ੀ ਜਿੱਤਦਾ ਹੈ ਤਾਂ ਇਹ ਕਲੇਮੈਂਟ ਦੀ ਅੰਕੜਿਆਂ ਉੱਤੇ ਅਧਾਰਿਤ ਚੌਥੀ ਭਵਿੱਖਬਾਣੀ ਸਹੀ ਹੋ ਜਾਵੇਗੀ।
ਜੇਤੂਆਂ ਤੋਂ ਇਲਾਵਾ, ਉਨ੍ਹਾਂ ਦਾ ਇਹ ਮਾਡਲ 48 ਟੀਮਾਂ ਦੇ ਟੂਰਨਾਮੈਂਟ ਦੇ ਸਫਰ ਦਾ ਵੀ ਪਤਾ ਲਗਾਉਂਦਾ ਹੈ।
ਇਹ ਦੂਜੇ ਦੌਰ ਵਿੱਚ ਬ੍ਰਾਜ਼ੀਲ ‘ਤੇ ਜਪਾਨ ਦੀ ਇੱਕ ਹੈਰਾਨੀਜਨਕ ਜਿੱਤ ਅਤੇ ਉਸੇ ਪੜਾਅ ਵਿੱਚ ਸਾਊਥ ਕੋਰੀਆ ਹੱਥੋਂ ਸਕਾਟਲੈਂਡ ਦੇ ਬਾਹਰ ਹੋਣ ਦੀ ਭਵਿੱਖਬਾਣੀ ਕਰਦਾ ਹੈ।
ਇਸ ਤੋਂ ਇਲਾਵਾ, ਉਹ ਅੰਦਾਜ਼ਾ ਲਗਾਉਂਦੇ ਹਨ ਕਿ ਇੰਗਲੈਂਡ ਸੈਮੀਫਾਈਨਲ ਵਿੱਚ ਪਹੁੰਚੇਗਾ ਅਤੇ ਪੁਰਤਗਾਲ 2006 ਵਿੱਚ ਅਜਿਹਾ ਕਰਨ ਤੋਂ ਦੋ ਦਹਾਕਿਆਂ ਬਾਅਦ ਇੱਕ ਵਾਰ ਫਿਰ ਇੰਗਲੈਂਡ ਦੀ ਟੀਮ ਨੂੰ ਬਾਹਰ ਕਰ ਦੇਵੇਗਾ।
ਇੱਕ ਦਹਾਕੇ ਤੋਂ ਯੂ.ਕੇ. ਵਿੱਚ ਰਹਿੰਦੇ ਅਤੇ ਖ਼ੁਦ ਨੂੰ ਇੱਕ ਨਿਰਾਸ਼ਾਵਾਦੀ ਪਰਿਭਾਸ਼ਿਤ ਕਰਨ ਵਾਲੇ ਕਲੇਮੈਂਟ ਲਈ ਉਨ੍ਹਾਂ ਦੇ ਕੰਮ ਦਾ ਮਕਸਦ ਕਦੇ ਵੀ ਨਿਰਾਸ਼ਾ ਤੋਂ ਬਚਣਾ ਜਾਂ ਸੱਟੇਬਾਜ਼ੀ ਨਾਲ ਪੈਸਾ ਕਮਾਉਣਾ ਨਹੀਂ ਸੀ। ਇਸ ਦੀ ਬਜਾਏ ਉਹ ਇਹ ਉਜਾਗਰ ਕਰਨਾ ਚਾਹੁੰਦੇ ਸੀ ਕਿ ਨਤੀਜਿਆਂ ਦੀ ਭਵਿੱਖਵਾਣੀ ਕਰਨ ਦੀ ਕੋਸ਼ਿਸ਼ ਕਿੰਨੀ ਬੇਤੁਕੀ ਹੈ।
ਕਲੇਮੈਂਟ ਕਹਿੰਦੇ ਹਨ, “ਇਹ ਇੱਕ ਅਜਿਹੇ ਅਭਿਆਸ ਵਜੋਂ ਸ਼ੁਰੂ ਹੋਇਆ ਸੀ ਜੋ ਦੁਨੀਆਂ ਨੂੰ ਉਨ੍ਹਾਂ ਅਰਥ ਸ਼ਾਸਤਰੀਆਂ ਦੇ ਹੰਕਾਰ ਨੂੰ ਦਿਖਾ ਸਕੇ ਜੋ ਇਹ ਮੰਨਦੇ ਹਨ ਕਿ ਉਹ ਉਨ੍ਹਾਂ ਚੀਜ਼ਾਂ ਦੀ ਭਵਿੱਖਵਾਣੀ ਕਰ ਸਕਦੇ ਹਨ ਜਿਨ੍ਹਾਂ ਬਾਰੇ ਅਸਲ ਵਿੱਚ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ।”
“ਹੁਣ ਇਹ ਅਜਿਹਾ ਅਭਿਆਸ ਬਣ ਗਿਆ ਹੈ ਕਿ ਜੇ ਤੁਸੀਂ ਚੰਗੀ ਕਿਸਮਤ ਵਾਲੇ ਹੋ ਤਾਂ ਲੋਕ ਤੁਹਾਨੂੰ ਇੱਕ ਗੁਰੂ ਮੰਨਣ ਲੱਗ ਪੈਂਦੇ ਹਨ।”
ਲੋਕ ਮੰਨਦੇ ਹਨ ਕਿ ਇਸ ਮਾਡਲ ਨੂੰ ਮਾਤ ਨਹੀਂ ਦਿੱਤੀ ਜਾ ਸਕਦੀ
ਤਸਵੀਰ ਸਰੋਤ, Getty Images
ਜਦੋਂ ਪਹਿਲੀ ਵਾਰ ਉਨ੍ਹਾਂ ਦੀ ਭਵਿੱਖਵਾਣੀ ਸੱਚ ਹੋਈ ਅਤੇ ਜਦੋ ਜਰਮਨੀ ਨੇ 2014 ਦਾ ਵਿਸ਼ਵ ਕੱਪ ਜਿੱਤਿਆ ਤਾਂ ਕਲੇਮੈਂਟ ਨੇ ਸੋਚਿਆ ਕਿ 2018 ਵਿੱਚ ਇਸ ਹਿਸਾਬ-ਕਿਤਾਬ ਨੂੰ ਦੁਹਰਾਉਣ ਨਾਲ ਇਹ ਸਾਬਿਤ ਹੋ ਜਾਵੇਗਾ ਕਿ ਇਹ ਸਭ ਸਿਰਫ਼ ਇੱਕ ਇਤਫ਼ਾਕ ਸੀ।
ਪਰ ਉਨ੍ਹਾਂ ਨੇ 2018 ਵਿੱਚ ਫਰਾਂਸ ਲਈ ਅਤੇ 2022 ਵਿੱਚ ਅਰਜਨਟੀਨਾ ਨਾਲ ਇੱਕ ਵਾਰ ਫਿਰ ਸਹੀ ਭਵਿੱਖਵਾਣੀ ਕੀਤੀ।
ਉਹ ਕਹਿੰਦੇ ਹਨ, “ਕਿਉਂਕਿ ਮੈਂ ਲਗਾਤਾਰ ਤਿੰਨ ਵਾਰ ਬਿਲਕੁਲ ਸਹੀ ਭਵਿੱਖਵਾਣੀ ਕੀਤੀ ਹੈ ਇਸ ਲਈ ਲੋਕ ਹੁਣ ਮੰਨਦੇ ਹਨ ਕਿ ਇਸ ਮਾਡਲ ਨੂੰ ਮਾਤ ਨਹੀਂ ਦਿੱਤੀ ਜਾ ਸਕਦੀ ਅਤੇ ਜ਼ਾਹਿਰ ਹੈ ਕਿ ਅਗਲੀ ਵਾਰ ਵੀ ਮੈਨੂੰ ਸਹੀ ਹੋਣਾ ਪਵੇਗਾ। “
ਇਹ ਸੱਚ ਹੈ ਕਿ ਵਿਸ਼ਵ ਕੱਪ ਵਿੱਚ ਸਫਲਤਾ ਕੁਝ ਹੱਦ ਤੱਕ ਜਾਣੇ ਪਛਾਣੇ ਸਿਸਟਮੈਟਿਕ ਕਾਰਕਾਂ ‘ਤੇ ਨਿਰਭਰ ਕਰਦੀ ਹੈ ਜਿਵੇਂ ਕਿ ਕਿਸੇ ਦੇਸ਼ ਦੀ ਅਬਾਦੀ, ਉਸ ਦੀ ਦੌਲਤ, ਜਲਵਾਯੂ ਜਾਂ ਫ਼ੀਫ਼ਾ ਰੈਂਕਿੰਗ।
ਕਲੇਮੈਂਟ ਪਾਠਕ ਨੂੰ ਆਪਣੀ ਭਵਿੱਖਵਾਣੀ ਬਾਰੇ ਸਾਵਧਾਨ ਰਹਿਣ ਲਈ ਕਹਿੰਦੇ ਹਨ ਜੋ ਹਰ ਸਫਲਤਾ ਨਾਲ ਵਧੇਰੇ ਪ੍ਰਸਿੱਧ ਹੋ ਰਹੀ ਹੈ-ਕਿਉਂਕਿ ਇਹ ਕਾਰਕ ਕਹਾਣੀ ਦਾ ਸਿਰਫ਼ ਇੱਕ ਹਿੱਸਾ ਹੀ ਬਿਆਨ ਕਰਦੇ ਹਨ।
ਉਹ ਅੱਗੇ ਕਹਿੰਦੇ ਹਨ, “ਬਾਕੀ 50 ਫ਼ੀਸਦੀ ਕਿਸਮਤ ਹੈ”
ਉਹ ਕਹਿੰਦੇ ਹਨ, “ਹਰ ਮੈਚ ਖਾਸ ਕਰਕੇ ਜਦੋਂ ਤੁਹਾਡਾ ਸਾਹਮਣਾ ਉੱਚ ਪੱਧਰ ਦੀਆਂ ਗੁਣਵੱਤਾ ਤੇ ਹੁਨਰ ਵਿੱਚ ਇੱਕੋ ਜਿਹੀਆਂ ਟੀਮਾਂ ਨਾਲ ਹੁੰਦਾ ਹੈ ਉਹ ਬਹੁਤ ਹੱਦ ਤੱਕ ਉਸ ਦਿਨ ਦੀ ਫੌਰਮ, ਰੈਫ਼ਰੀ ਦੇ ਇੱਕ ਫ਼ੈਸਲੇ ਜਾਂ ਕਿਸਮਤ ਦੇ ਸਾਥ ‘ਤੇ ਨਿਰਭਰ ਕਰਦਾ ਹੈ ਜਿਵੇਂ ਕਿ ਗੇਂਦ ਦਾ ਗੋਲ ਪੋਸਟ ਨਾਲ ਟਕਰਾਉਣਾ ਜਾਂ ਗੋਲ ਦੇ ਅੰਦਰ ਚਲੇ ਜਾਣਾ। ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਪਹਿਲਾਂ ਤੋਂ ਅੰਦਾਜ਼ਾ ਲਗਾਉਣਾ ਪੂਰੀ ਤਰ੍ਹਾਂ ਨਾਮੁਮਕਿਨ ਹੈ।”
ਹਰ ਨਕਰਾਤਮਕ ਚੀਜ਼ ਤੋਂ ਥੋੜ੍ਹਾ ਧਿਆਨ ਹਟਾਉਣ

ਜਦੋਂ ਵੀ ਟੂਰਨਾਮੈਂਟ ਨੇੜੇ ਆਉਂਦਾ ਹੈ, ਕਲੇਮੈਂਟ ਦਾ ਇਹ ਮਾਡਲ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਤੋਂ ਧਿਆਨ ਹਟਾਉਣ ਦਾ ਜ਼ਰੀਆ ਬਣ ਜਾਂਦਾ ਹੈ।
ਉਹ ਕਹਿੰਦੇ ਹਨ, “ਖਾਸ ਕਰਕੇ 2026 ਵਿੱਚ ਜਦੋਂ ਇੰਨੇ ਸਾਰੇ ਸੰਕਟ, ਜੰਗਾਂ ਅਤੇ ਹੋਰ ਘਟਨਾਵਾਂ ਵਾਪਰ ਰਹੀਆਂ ਹਨ ਇਹ ਇੱਕ ਅਜਿਹੀ ਚੀਜ਼ ਹੈ ਜੋ ਮੈਨੂੰ ਚੰਗਾ ਮਹਿਸੂਸ ਕਰਵਾਉਂਦੀ ਹੈ ਅਤੇ ਮੈਨੂੰ ਉਮੀਦ ਹੈ ਕਿ ਪਾਠਕਾਂ ਨੂੰ ਵੀ ਚੰਗਾ ਮਹਿਸੂਸ ਕਰਵਾਉਂਦੀ ਹੈ ਅਤੇ ਉਨ੍ਹਾਂ ਨੂੰ ਦੁਨੀਆਂ ਵਿੱਚ ਵਾਪਰ ਰਹੀ ਹਰ ਨਕਰਾਤਮਕ ਚੀਜ਼ ਤੋਂ ਥੋੜ੍ਹਾ ਧਿਆਨ ਹਟਾਉਣ ਦਾ ਮੌਕਾ ਦਿੰਦੀ ਹੈ।”
ਪੈਨਮਿਊਰ ਲਿਬਰਮ ਨਿਵੇਸ਼ ਬੈਂਕ ਵਿੱਚ ਇੱਕ ਰਣਨੀਤੀ ਕਾਰ ਵਜੋਂ ਕੰਮ ਕਰਦੇ ਕਲੇਮੈਂਟ ‘ਤੇ ਹਰ ਸਹੀ ਭਵਿੱਖਵਾਣੀ ਦੇ ਨਾਲ ਦਬਾਅ ਵਧਦਾ ਜਾ ਰਿਹਾ ਹੈ।
ਆਪਣੇ ਦਫ਼ਤਰ ਵਿੱਚ ਉਹ ਹੋਰ ਅਰਥ ਸ਼ਾਸਤਰੀਆਂ ਤੋਂ ਅਜਿਹੇ ਸਵਾਲ ਪ੍ਰਾਪਤ ਕਰਦੇ ਹਨ ਕਿ ਉਦਾਹਰਨ ਵਜੋਂ, ਟੋਟਨਹੈਮ ਦੇ ਡੱਚ ਮਿਡਫੀਲਡਰ ਜਾਵੀਂ ਸਿਮੰਸ ਦੇ ਗੋਡੇ ਦੇ ਲਿਗਾਮੈਂਟ ਦੀ ਸੱਟ ਉਨ੍ਹਾਂ ਦੇ ਮਾਡਲ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ।
ਭਵਿੱਖਵਾਣੀ ਦੀ ਭਰੋਸੇਯੋਗਤਾ ਬਾਰੇ ਆਪਣੀਆਂ ਲਗਾਤਾਰ ਚੇਤਾਵਨੀਆਂ ਦੇ ਬਾਵਜੂਦ ਕਲੇਮੈਂਟ ਜੂਨ ਵਿੱਚ ਟੂਰਨਾਮੈਂਟ ਦੀ ਸ਼ੁਰੂਆਤ ਲਈ ਤਿਆਰੀ ਕਰ ਰਹੇ ਹਨ।
ਉਹ ਕਹਿੰਦੇ ਹਨ, “ਮੇਰੇ ਕਈ ਸਹਿਕਰਮੀ ਹਨ ਜਿਨ੍ਹਾਂ ਨੇ ਮੇਰੀ ਭਵਿੱਖਬਾਣੀ ਪ੍ਰਕਾਸ਼ਿਤ ਹੋਣ ਬਾਅਦ ਨੀਦਰਲੈਂਡ ‘ਤੇ ਕੁਝ ਪੈਸੇ ਲਗਾਏ ਹਨ। ਇਸ ਲਈ ਜੇਕਰ ਨੀਦਰਲੈਂਡ ਵਿਸ਼ਵ ਕੱਪ ਤੋਂ ਬਾਹਰ ਹੋ ਜਾਂਦਾ ਹੈ ਤਾਂ ਮੈਨੂੰ ਲਗਦਾ ਹੈ ਕਿ ਅਗਲੇ ਦਿਨ ਮੈਨੂੰ ਘਰੋਂ ਕੰਮ ਕਰਨਾ ਪਵੇਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







