Source :- BBC PUNJABI
ਤਸਵੀਰ ਸਰੋਤ, Getty Images
-
- ਲੇਖਕ, ਯੋਗਿਤਾ ਲਿਮਾਏ
- ਰੋਲ, ਦੱਖਣੀ ਏਸ਼ੀਆ ਅਤੇ ਅਫ਼ਗਾਨਿਸਤਾਨ ਪੱਤਰਕਾਰ, ਕਾਬੁਲ ਤੋਂ
-
ਪ੍ਰਕਾਸ਼ਿਤ
-
ਪੜ੍ਹਨ ਦਾ ਸਮਾਂ: 10 ਮਿੰਟ
ਆਲੀਆ, ਜਿਸ ਦਾ ਨਾਮ ਉਸ ਦੀ ਸੁਰੱਖਿਆ ਲਈ ਬਦਲਿਆ ਗਿਆ ਹੈ, ਵਿਆਹ ਤੋਂ ਬਚਣ ਲਈ ਆਪਣੇ ਪਿੰਡ ਤੋਂ ਸੈਂਕੜੇ ਮੀਲ ਦੂਰ ਕਾਬੁਲ ਗਈ।
ਪਿਛਲੇ ਸਾਲ ਆਪਣੀ ਕਜ਼ਨ ਨਾਲ ਟੈਕਸੀ ਵਿੱਚ ਕੀਤਾ ਗਿਆ ਇਹ ਸਫ਼ਰ, ਸਿਰ ਤੋਂ ਪੈਰ ਤੱਕ ਢੱਕੇ ਹੋਏ, ਸਿਰਫ਼ ਅੱਖਾਂ ਹੀ ਦਿਖ ਰਹੀਆਂ ਸਨ, ਜਿਵੇਂ ਨਿਯਮਾਂ ਵਿੱਚ ਦਰਸਾਇਆ ਗਿਆ ਹੈ, ਇੱਕ ਅਸਧਾਰਣ ਅਤੇ ਖ਼ਤਰਨਾਕ ਕੰਮ ਸੀ।
ਅਫ਼ਗਾਨਿਸਤਾਨ ਵਿੱਚ ਕਿਸੇ ਵੀ ਵੇਲੇ ਉਹ ਤਾਲਿਬਾਨ ਨਿਗਰਾਨਾਂ ਵੱਲੋਂ ਫੜੀਆਂ ਜਾ ਸਕਦੀਆਂ ਸਨ, ਜੋ ਉਹਨਾਂ ਨਿਯਮਾਂ ਨੂੰ ਲਾਗੂ ਕਰਦੇ ਹਨ ਜਿਨ੍ਹਾਂ ਅਨੁਸਾਰ ਔਰਤਾਂ ਬਿਨਾਂ ਕਿਸੇ ਮਰਦ ਰਿਸ਼ਤੇਦਾਰ ਦੇ ਲੰਬੀ ਦੂਰੀ ਦਾ ਸਫ਼ਰ ਨਹੀਂ ਕਰ ਸਕਦੀਆਂ।
ਪਰ 19 ਸਾਲਾ ਆਲੀਆ ਅਤੇ ਉਸ ਦੀ ਕਜ਼ਨ ਨੂੰ ਕਿਸੇ ਵੀ ਤਾਲਿਬਾਨ ਚੈਕਪੋਇੰਟ ‘ਤੇ ਨਹੀਂ ਰੋਕਿਆ ਗਿਆ ਅਤੇ ਉਹ ਰਾਜਧਾਨੀ ਤੱਕ ਪਹੁੰਚ ਗਈਆਂ।
“ਮੈਂ ਆਪਣੇ ਪਰਿਵਾਰ ਨੂੰ ਬਹਾਨਾ ਮਾਰਿਆ ਕਿ ਮੈਂ ਇੱਥੇ ਆਪਣੇ ਦੋਸਤਾਂ ਅਤੇ ਪੁਰਾਣੀਆਂ ਸਹੇਲੀਆਂ ਨੂੰ ਮਿਲਣ ਆ ਰਹੀ ਹਾਂ। ਪਰ ਇਹ ਸੱਚ ਨਹੀਂ ਹੈ। ਉਹ ਇੱਥੇ ਨਹੀਂ ਹਨ। ਅਸਲ ਕਾਰਨ ਇਹ ਹੈ ਕਿ ਜੇ ਮੈਂ ਦਾਇਕੁੰਡੀ ਵਿੱਚ ਰਹਿੰਦੀ ਤਾਂ ਮੈਨੂੰ ਜ਼ਬਰਦਸਤੀ ਵਿਆਹ ਕਰਨਾ ਪੈਂਦਾ।”
ਇਸ ਦੀ ਬਜਾਏ, ਉਹ ਇੱਕ ਯੋਜਨਾ ਨਾਲ ਕਾਬੁਲ ਪਹੁੰਚੀ, ਉਸ ਨੇ ਅੰਗਰੇਜ਼ੀ ਭਾਸ਼ਾ ਦੇ ਕੋਰਸ ਵਿੱਚ ਦਾਖ਼ਲਾ ਲਿਆ।
ਇਹ ਛੋਟੇ ਸਮੇਂ ਵਾਲੇ ਅਤੇ ਸੀਮਤ ਵਿਸ਼ਿਆਂ ‘ਤੇ ਕੇਂਦਰਿਤ ਨਿੱਜੀ ਕੋਰਸ, ਜੋ ਸਿਰਫ਼ ਉਨ੍ਹਾਂ ਲਈ ਉਪਲਬਧ ਹਨ ਜੋ ਇਸ ਦਾ ਖਰਚਾ ਝੱਲ ਸਕਦੇ ਹਨ।
ਇਹ ਧਾਰਮਿਕ ਸਿੱਖਿਆ ‘ਤੇ ਕੇਂਦਰਿਤ ਮਦਰਸਿਆਂ ਦੇ ਨਾਲ ਮਿਲ ਕੇ, ਅਫ਼ਗਾਨਿਸਤਾਨ ਵਿੱਚ ਪ੍ਰਾਇਮਰੀ ਸਕੂਲ ਤੋਂ ਬਾਅਦ ਕੁੜੀਆਂ ਲਈ ਸਿੱਖਣ ਦੇ ਇਕੱਲੇ ਬਦਲ ਹਨ। ਪਰ ਇਹਨਾਂ ਵਿੱਚੋਂ ਕੋਈ ਵੀ ਰਸਮੀ ਸਕੂਲੀ ਸਿੱਖਿਆ ਦਾ ਬਦਲ ਨਹੀਂ ਬਣ ਸਕਦਾ।
ਹੁਣ ਲਗਭਗ ਪੰਜ ਸਾਲ ਹੋ ਚੁੱਕੇ ਹਨ ਜਦੋਂ ਤਾਲਿਬਾਨ ਨੇ 12 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਨੂੰ ਸਕੂਲ ਜਾਣ ਤੋਂ ਰੋਕ ਦਿੱਤਾ ਸੀ ਅਤੇ ਇਸ ਪਾਬੰਦੀ ਨੂੰ ਜਾਰੀ ਰੱਖਣ ਲਈ ਵੱਖ-ਵੱਖ ਕਾਰਨ ਦਿੱਤੇ ਜਾਂਦੇ ਰਹੇ ਹਨ।
ਇਹ ਉਹ ਸਾਲ ਹਨ ਜਿਨ੍ਹਾਂ ਵਿੱਚ ਆਲੀਆ ਵਰਗੀਆਂ ਕੁੜੀਆਂ ਉਸ ਸਿੱਖਿਆ ਤੋਂ ਬਿਨਾਂ ਵੱਡੀਆਂ ਹੋਈਆਂ ਹਨ ਜਿਸ ਦੀ ਉਨ੍ਹਾਂ ਨੂੰ ਲੋੜ ਸੀ ਅਤੇ ਜੋ ਉਹ ਚਾਹੁੰਦੀਆਂ ਸਨ।
ਇਹ ਉਹ ਸਾਲ ਹਨ ਜਿਨ੍ਹਾਂ ਵਿੱਚ ਕਰੀਅਰ ਵੱਲ ਜਾਣ ਵਾਲਾ ਰਸਤਾ ਲਗਭਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ, ਉਹਨਾਂ ਦੇ ਬਦਲ ਘੱਟਦੇ ਗਏ ਅਤੇ ਆਖ਼ਿਰਕਾਰ ਅਫ਼ਗਾਨਿਸਤਾਨ ਦੀਆਂ ਲੱਖਾਂ ਕੁੜੀਆਂ ਲਈ ਸਿਰਫ਼ ਇੱਕ ਹੀ ਚੋਣ ਬਚੀ, ਵਿਆਹ।
ਤਸਵੀਰ ਸਰੋਤ, AFP via Getty Images
‘ਮੈਨੂੰ ਡਰ ਹੈ ਕਿ ਮੇਰਾ ਵਿਆਹ ਨਾ ਕਰ ਦੇਣ’
ਆਲੀਆ ਦੀ ਕਹਾਣੀ ਸਿਰਫ਼ ਉਸ ਦੀ ਬਹਾਦਰੀ ਕਰਕੇ ਹੀ ਵੱਖ ਨਹੀਂ ਹੈ।
ਉਹ ਇੱਕ ਅਜਿਹੇ ਪਰਿਵਾਰ ਨਾਲ ਸੰਬੰਧਿਤ ਹੈ ਜਿਸ ਕੋਲ ਨੌਜਵਾਨ ਔਰਤਾਂ ਲਈ ਉਪਲਬਧ ਥੋੜ੍ਹੇ ਬਹੁਤ ਮੌਕਿਆਂ ਨੂੰ ਹਾਸਲ ਕਰਨ ਲਈ ਪੈਸਾ ਹੈ, ਜੋ ਕਿ ਉਸ ਦੇਸ਼ ਵਿੱਚ ਬਹੁਤ ਵਿਰਲਾ ਹੈ ਜਿੱਥੇ ਸੰਯੁਕਤ ਰਾਸ਼ਟਰ ਦੇ ਅਨੁਸਾਰ ਹਰ ਚਾਰ ਵਿੱਚੋਂ ਤਿੰਨ ਲੋਕ ਆਪਣੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੇ।
ਇਹ ਨਹੀਂ ਕਿ ਆਲੀਆ ਦਾ ਪਰਿਵਾਰ ਉਸ ਨੂੰ ਪੜ੍ਹਾਉਣਾ ਨਹੀਂ ਚਾਹੁੰਦਾ ਸੀ, ਉਨ੍ਹਾਂ ਨੇ ਇਹ ਮੰਨ ਲਿਆ ਕਿ ਉਹ ਕਾਬੁਲ ਵਿੱਚ ਰਹਿਣਾ ਚਾਹੁੰਦੀ ਹੈ ਅਤੇ ਅਜੇ ਵੀ ਉਸ ਦੇ ਅੰਗਰੇਜ਼ੀ ਕੋਰਸ ਦਾ ਖਰਚਾ ਚੁੱਕ ਰਹੇ ਹਨ ਪਰ ਉਹ ਵੀ ਅਫ਼ਗਾਨਿਸਤਾਨ ਦੀ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਵੀ ਜਾਣੂ ਹਨ।
ਆਲੀਆ ਦਾ ਕਹਿਣਾ ਹੈ, “ਪਾਬੰਦੀ ਤੋਂ ਪਹਿਲਾਂ, ਮੇਰੇ ਮਾਪੇ ਬਹੁਤ ਉਤਸ਼ਾਹ ਨਾਲ ਮੈਨੂੰ ਸਕੂਲ ਜਾਣ ਲਈ ਪ੍ਰੇਰਿਤ ਕਰਦੇ ਸਨ। ਉਹ ਮੈਨੂੰ ਕਹਿੰਦੇ ਸਨ ਕਿ ਤੂੰ ਪਾਇਲਟ ਬਣਨ ਦਾ ਆਪਣਾ ਸੁਪਨਾ ਜ਼ਰੂਰ ਪੂਰਾ ਕਰ ਸਕਦੀ ਹੈ।”
“ਪਰ ਹੁਣ ਉਹ ਕਹਿੰਦੇ ਹਨ ਕਿ ਮੇਰੇ ਲਈ ਸਭ ਤੋਂ ਵਧੀਆ ਰਸਤਾ ਵਿਆਹ ਕਰਨਾ ਹੈ ਕਿਉਂਕਿ ਮੈਂ ਨਾ ਤਾਂ ਸਕੂਲ ਜਾ ਸਕਦੀ ਹਾਂ, ਨਾ ਯੂਨੀਵਰਸਿਟੀ ਅਤੇ ਨਾ ਹੀ ਕੰਮ ਕਰ ਸਕਦੀ ਹਾਂ।”
ਆਲੀਆ ਨੂੰ ਵਿਆਹ ਦੇ ਰਿਸ਼ਤੇ ਆ ਰਹੇ ਹਨ। ਉਸ ਨੂੰ ਡਰ ਹੈ ਕਿ ਕਿਤੇ ਉਸ ਨੂੰ ਉਨ੍ਹਾਂ ਵਿੱਚੋਂ ਕੋਈ ਰਿਸ਼ਤਾ ਮਨਜ਼ੂਰ ਨਾ ਕਰਨਾ ਪਵੇ ਅਤੇ ਇਹ ਵੀ ਡਰ ਹੈ ਕਿ ਜਿਸ ਪਰਿਵਾਰ ਵਿੱਚ ਉਸ ਦਾ ਵਿਆਹ ਹੋਵੇਗਾ ਉਹ ਉਸ ਨੂੰ ਉਹ ਆਜ਼ਾਦੀ ਨਾ ਦੇਵੇ ਜੋ ਉਸ ਦੇ ਮਾਪੇ ਦਿੰਦੇ ਹਨ।
ਉਸ ਦਾ ਕਹਿਣਾ ਹੈ, “ਕੁਝ ਪਰਿਵਾਰ ਬਹੁਤ ਪਾਬੰਦੀਆਂ ਵਾਲੇ ਹੋ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਉਹ ਮੈਨੂੰ ਆਪਣੇ ਸੁਪਨੇ ਭੁੱਲ ਜਾਣ ਲਈ ਕਹਿਣ। ਇਸ ਬਾਰੇ ਮੇਰੇ ਅੰਦਰ ਕੋਈ ਚੰਗੀ ਭਾਵਨਾ ਨਹੀਂ ਹੈ।”
ਪਰ ਉਸ ਦਾ ਇਰਾਦਾ ਬਹੁਤ ਮਜ਼ਬੂਤ ਹੈ। “ਜੇ ਮੇਰਾ ਪਰਿਵਾਰ ਮੈਨੂੰ ਜ਼ਬਰਦਸਤੀ ਵਿਆਹ ਕਰਨ ਲਈ ਮਜਬੂਰ ਨਾ ਕਰੇ, ਤਾਂ ਮੈਂ ਉਡੀਕ ਕਰਾਂਗੀ। ਮੈਂ ਆਪਣੇ ਆਖ਼ਰੀ ਸਾਹ ਤੱਕ ਇਸ ਦਾ ਵਿਰੋਧ ਕਰਾਂਗੀ।”
ਪਰ ਵਿਰੋਧ ਕਰਨਾ ਆਸਾਨ ਨਹੀਂ ਹੈ।
ਤਸਵੀਰ ਸਰੋਤ, BBC/Imogen Anderson
ਕਾਬੁਲ ਦੇ ਪੱਛਮੀ ਹਿੱਸੇ ਵਿੱਚ ਇੱਕ ਛੋਟੇ ਅਤੇ ਸਾਦੇ ਘਰ ਵਿੱਚ ਸਾਡੀ ਮੁਲਾਕਾਤ ਸ਼ਮਾ ਨਾਲ ਹੁੰਦੀ ਹੈ।
ਸ਼ਮਾ ਕਹਿੰਦੀ ਹੈ, “ਜੇ ਤਾਲਿਬਾਨ ਨੇ ਕਬਜ਼ਾ ਨਾ ਕੀਤਾ ਹੁੰਦਾ, ਤਾਂ ਮੈਂ ਹੁਣ ਤੱਕ ਲਗਭਗ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਚੁੱਕੀ ਹੁੰਦੀ। ਮੈਂ ਡਾਕਟਰ ਬਣਨ ਦੇ ਆਪਣੇ ਸੁਪਨੇ ਦੇ ਬਹੁਤ ਨੇੜੇ ਹੁੰਦੀ। ਇਹੀ ਮੇਰੀ ਇੱਛਾ ਸੀ।”
ਇਸ ਦੀ ਬਜਾਏ, ਚਾਰ ਸਾਲ ਪਹਿਲਾਂ, 18 ਸਾਲ ਦੀ ਉਮਰ ਵਿੱਚ ਉਸ ਦੀ ਮਾਂ ਨੇ ਉਸ ‘ਤੇ ਵਿਆਹ ਕਰਨ ਲਈ ਦਬਾਅ ਪਾਇਆ। ਹੁਣ ਉਹ ਇੱਕ ਨਵਜਨਮੇ ਬੱਚੇ ਅਤੇ ਇੱਕ ਛੋਟੀ ਬੱਚੀ ਦੀ ਮਾਂ ਹੈ, ਦੋਵੇਂ ਕੁੜੀਆਂ ਹਨ।
ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਲਈ ਅਸੀਂ ਉਨ੍ਹਾਂ ਦੇ ਨਾਮ ਬਦਲ ਦਿੱਤੇ ਹਨ।
ਉਸ ਦੀ ਮਾਂ ਕਮੀਲਾ ਨੇ ਛੇ ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੀਆਂ ਧੀਆਂ ਨੂੰ ਪੜ੍ਹਾਉਣ ਲਈ ਸਫਾਈ ਕਰਮਚਾਰੀ ਵਜੋਂ ਕੰਮ ਕੀਤਾ ਸੀ।
ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਕੋਲ ਹੋਰ ਕੋਈ ਚੋਣ ਨਹੀਂ ਸੀ। ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਧੀ, ਵਿਆਹ ਦੀ ਉਮਰ ਵਾਲੀ ਇੱਕ ਨੌਜਵਾਨ ਕੁੜੀ, ਜੇ ਅਣਵਿਆਹੀ ਰਹਿੰਦੀ ਤਾਂ ਲੋਕਾਂ ਦੀ ਨਕਾਰਾਤਮਕ ਨਜ਼ਰ ਦਾ ਸ਼ਿਕਾਰ ਹੋਵੇਗੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰੇਗੀ।
ਕਮੀਲਾ ਸਾਨੂੰ ਦੱਸਦੀ ਹੈ, “ਮੈਨੂੰ ਡਰ ਸੀ ਕਿ ਉਹ (ਤਾਲਿਬਾਨ ਸਰਕਾਰ ਦੇ ਹਥਿਆਰਬੰਦ ਕਰਮਚਾਰੀ) ਇਹ ਪੁੱਛਣਗੇ ਕਿ ਮੈਂ ਉਸ ਦਾ ਵਿਆਹ ਕਿਉਂ ਨਹੀਂ ਕਰ ਰਹੀ।”
“ਮੈਂ ਚਾਹੁੰਦੀ ਸੀ ਕਿ ਉਹ ਪੜ੍ਹੇ-ਲਿਖੇ, ਕੰਮ ਕਰੇ ਅਤੇ ਸਮਾਜ ਲਈ ਯੋਗਦਾਨ ਪਾਏ। ਮੈਂ ਅਣਪੜ੍ਹ ਹਾਂ, ਇਸ ਲਈ ਮੈਂ ਇੱਕ ਅੰਨ੍ਹੇ ਵਿਅਕਤੀ ਵਾਂਗ ਹਾਂ। ਪਰ ਮੈਂ ਚਾਹੁੰਦੀ ਸੀ ਕਿ ਮੇਰੀਆਂ ਧੀਆਂ ਸਿੱਖਣ। ਉਸ ਦੇ (ਸ਼ਮਾ ਦੇ) ਬਹੁਤ ਸਾਰੇ ਸੁਪਨੇ ਸਨ। ਪਰ ਉਹਨਾਂ ਵਿੱਚੋਂ ਕੋਈ ਵੀ ਪੂਰਾ ਨਾ ਹੋ ਸਕਿਆ।”
ਤਾਲਿਬਾਨ ਸਰਕਾਰ ਵੱਲੋਂ ਸਿੱਖਿਆ ‘ਤੇ ਲਗਾਈ ਗਈ ਪਾਬੰਦੀ ਨੇ ਪਹਿਲਾਂ ਹੀ ਬੇਸ਼ੁਮਾਰ ਔਰਤਾਂ ਅਤੇ ਕੁੜੀਆਂ ਦੀ ਜ਼ਿੰਦਗੀ ‘ਤੇ ਬੇਹੱਦ ਅਸਰ ਪਾਇਆ ਹੈ।
ਸੰਯੁਕਤ ਰਾਸ਼ਟਰ ਦੇ ਅਨੁਸਾਰ, ਜੇ ਇਹ ਪਾਬੰਦੀ 2030 ਤੱਕ ਜਾਰੀ ਰਹਿੰਦੀ ਹੈ, ਤਾਂ “ਦੁਨੀਆ ਵਿੱਚ ਪਹਿਲਾਂ ਹੀ ਸਭ ਤੋਂ ਘੱਟ ਮਹਿਲਾ ਸਾਖਰਤਾ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਦੇਸ਼ ਵਿੱਚ 20 ਲੱਖ ਤੋਂ ਵੱਧ ਕੁੜੀਆਂ ਪ੍ਰਾਇਮਰੀ ਸਕੂਲ ਤੋਂ ਬਾਅਦ ਦੀ ਸਿੱਖਿਆ ਤੋਂ ਵਾਂਝੀਆਂ ਰਹਿ ਜਾਣਗੀਆਂ।”

ਸ਼ਮਾ ਕਹਿੰਦੀ ਹੈ, “ਪਤੀ ਹੋਣਾ ਹੀ ਕਿਸੇ ਔਰਤ ਦਾ ਇਕੱਲਾ ਸੁਪਨਾ ਨਹੀਂ ਹੁੰਦਾ। ਸਭ ਤੋਂ ਪਹਿਲਾਂ ਉਸ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਚਾਹੀਦਾ ਹੈ, ਖ਼ੁਦਮੁਖ਼ਤਿਆਰ ਬਣਨਾ ਚਾਹੀਦਾ ਹੈ ਅਤੇ ਫਿਰ ਉਹ ਵਿਆਹ ਕਰਕੇ ਪਰਿਵਾਰ ਸ਼ੁਰੂ ਕਰ ਸਕਦੀ ਹੈ। ਪਰ ਮੈਂ ਇਸ ਨਵੀਂ ਜ਼ਿੰਦਗੀ ਵਿੱਚ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਤੋਂ ਬਿਨਾਂ ਆਈ ਹਾਂ। ਮੇਰੇ ਸੁਪਨੇ ਅਧੂਰੇ ਰਹਿ ਗਏ ਹਨ।”
ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ, ਸ਼ਮਾ ਨੇ ਵਿਆਹ ਦੇ ਕਈ ਰਿਸ਼ਤੇ ਠੁਕਰਾ ਦਿੱਤੇ ਸਨ।
ਉਹ ਕਹਿੰਦੀ ਹੈ, “ਮੈਂ ਉਨ੍ਹਾਂ ਨੂੰ ਇਸ ਲਈ ਮਨ੍ਹਾਂ ਕੀਤਾ ਕਿਉਂਕਿ ਮੇਰੀ ਸਿੱਖਿਆ ਮੇਰੇ ਲਈ ਹਰ ਚੀਜ਼ ਤੋਂ ਵੱਧ ਮਹੱਤਵਪੂਰਨ ਸੀ। ਮੈਂ ਆਪਣੇ ਲਈ ਜੋ ਚਾਹੁੰਦੀ ਸੀ, ਉਹ ਉਨ੍ਹਾਂ (ਭਵਿੱਖ ਦੇ ਪਤੀਆਂ) ਦੀਆਂ ਇੱਛਾਵਾਂ ਨਾਲ ਨਹੀਂ ਮਿਲਦਾ ਸੀ।”
ਹੁਣ ਉਹ ਕਹਿੰਦੀ ਹੈ ਕਿ ਉਹ ਹਰ ਵੇਲੇ ਤਣਾਅ ਵਿੱਚ ਰਹਿੰਦੀ ਹੈ ਅਤੇ ਜਦੋਂ ਉਹ ਅਜਿਹੀਆਂ ਫ਼ਿਲਮਾਂ ਵੇਖਦੀ ਹੈ ਜਿਨ੍ਹਾਂ ਵਿੱਚ ਔਰਤਾਂ ਨੂੰ ਕੰਮ ਕਰਦਿਆਂ ਜਾਂ ਪੜ੍ਹਦਿਆਂ ਦਿਖਾਇਆ ਜਾਂਦਾ ਹੈ, ਤਾਂ ਉਸ ਦਾ ਮਨ ਹੋਰ ਵੀ ਦੁਖੀ ਹੋ ਜਾਂਦਾ ਹੈ।
ਉਸ ਦਾ ਪਤੀ ਉਸ ਨਾਲ ਚੰਗਾ ਵਤੀਰਾ ਕਰਦਾ ਹੈ, ਪਰ ਆਪਣੇ ਸਮਰੱਥਾ ਤੱਕ ਨਾ ਪਹੁੰਚ ਸਕਣ ਦਾ ਦੁੱਖ ਕਦੇ ਉਸ ਦਾ ਸਾਥ ਨਹੀਂ ਛੱਡਦਾ।
ਉਹ ਕਹਿੰਦੀ ਹੈ, “ਇਹ ਮੇਰੇ ਲਈ ਬਹੁਤ ਮੁਸ਼ਕਲ ਹੈ। ਮੈਨੂੰ ਲੱਗਦਾ ਹੈ ਜਿਵੇਂ ਮੈਂ ਆਪਣੇ ਘਰ ਵਿੱਚ ਕੈਦ ਹਾਂ। ਮੈਂ ਸਿਰਫ਼ ਆਪਣੇ ਬੱਚਿਆਂ ਲਈ ਜੀਅ ਰਹੀ ਹਾਂ।”
ਉਸ ਦੀ 18 ਸਾਲਾ ਭੈਣ ਨੋਰਾ ਨੂੰ ਹੁਣ ਡਰ ਹੈ ਕਿ ਉਸ ਦਾ ਵੀ ਇਹੀ ਹਸ਼ਰ ਹੋਵੇਗਾ।
ਨੋਰਾ, ਜੋ ਅਕਸਰ ਮੁੜ ਸਕੂਲ ਜਾਣ ਦੇ ਸੁਪਨੇ ਵੇਖਦੀ ਹੈ, ਕਹਿੰਦੀ ਹੈ, “ਮੈਂ ਵਿਆਹ ਕਰਨ ਲਈ ਬਹੁਤ ਛੋਟੀ ਹਾਂ। ਮੈਂ ਆਪਣੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹਾਂ। ਇਹ ਇੱਕ ਜੇਲ੍ਹ ਵਿੱਚ ਰਹਿਣ ਵਰਗਾ ਹੈ।”
“ਮੈਨੂੰ ਸਰਕਾਰ ਕਰਕੇ ਬਾਹਰ ਜਾਣ ਤੋਂ ਡਰ ਲੱਗਦਾ ਹੈ ਅਤੇ ਘਰ ਵਿੱਚ ਮੇਰੀ ਮਾਂ ਮੈਨੂੰ ਕਹਿੰਦੀ ਹੈ ਕਿ ਮੈਨੂੰ ਵਿਆਹ ਕਰਨਾ ਹੀ ਪਵੇਗਾ।”
ਪਰ ਉਸ ਨੂੰ ਵਿਸ਼ਵਾਸ ਨਹੀਂ ਕਿ ਤਾਲਿਬਾਨ ਸਰਕਾਰ ਦੇ ਰਹਿੰਦੇ ਉਹ ਕਦੇ ਮੁੜ ਸਕੂਲ ਜਾ ਸਕੇਗੀ।
“ਤਾਲਿਬਾਨ ਸਰਕਾਰ ਨੇ ਕਿਹਾ ਸੀ ਕਿ ਕੁੜੀਆਂ ਲਈ ਸਕੂਲ ਅਗਲੇ ਹੁਕਮ ਤੱਕ ਬੰਦ ਰਹਿਣਗੇ। ਪਰ ਹੁਣ ਸਾਢੇ ਚਾਰ ਸਾਲ ਹੋ ਗਏ ਹਨ। ਅਸੀਂ ਹਰ ਰੋਜ਼ ਉਸ ਸੁਨੇਹੇ ਦੀ ਉਡੀਕ ਕਰ ਰਹੇ ਹਾਂ।”
ਤਸਵੀਰ ਸਰੋਤ, Getty Images
ਤਾਲਿਬਾਨ ਦਾ ਜਵਾਬ
2021 ਤੋਂ ਲੈ ਕੇ ਹੁਣ ਤੱਕ, ਕੁੜੀਆਂ ਲਈ ਸਕੂਲ ਕਦੋਂ ਮੁੜ ਖੁੱਲ੍ਹਣਗੇ ਇਸ ਸਵਾਲ ‘ਤੇ ਤਾਲਿਬਾਨ ਸਰਕਾਰ ਦੇ ਜਵਾਬ ਵੱਖ-ਵੱਖ ਕਾਰਨਾਂ ਤੋਂ ਹੁੰਦੇ ਹੋਏ ਹੁਣ ਟਾਲਮਟੋਲ ਅਤੇ ਚੁੱਪੀ ਤੱਕ ਪਹੁੰਚ ਗਏ ਹਨ।
ਸਤੰਬਰ 2021 ਵਿੱਚ, ਜਦੋਂ ਤਾਲਿਬਾਨ ਨੇ ਸੱਤਾ ਸੰਭਾਲਣ ਤੋਂ ਬਾਅਦ ਅਸੀਂ ਪਹਿਲੀ ਵਾਰ ਉਨ੍ਹਾਂ ਦੇ ਇੱਕ ਬੁਲਾਰੇ ਨਾਲ ਇੰਟਰਵਿਊ ਕੀਤਾ ਸੀ, ਤਾਂ ਉਸ ਬੁਲਾਰੇ ਨੇ ਕਿਹਾ ਸੀ ਕਿ ਕੁੜੀਆਂ ਲਈ ਸਕੂਲ ਖੋਲ੍ਹੇ ਜਾਣਗੇ ਅਤੇ ਇਹ ਵੀ ਕਿਹਾ ਸੀ ਕਿ ਉਹ “ਸੁਰੱਖਿਆ ਦੀ ਸਥਿਤੀ ਸੁਧਾਰਣ ਲਈ ਕੰਮ ਕਰ ਰਹੇ ਹਨ।”
ਇੱਕ ਸਾਲ ਬਾਅਦ, ਜਵਾਬ ਇਹ ਸੀ ਕਿ “ਧਾਰਮਿਕ ਵਿਦਵਾਨਾਂ ਨੂੰ ਕੁੜੀਆਂ ਦੇ ਸਕੂਲ ਆਉਣ-ਜਾਣ ਦੀ ਸੁਰੱਖਿਆ ਬਾਰੇ ਚਿੰਤਾ ਹੈ”, ਪਰ ਉਹ ਇਸ ਸਮੱਸਿਆ ‘ਤੇ ਕੰਮ ਕਰ ਰਹੇ ਹਨ।
2024 ਵਿੱਚ ਤਾਲਿਬਾਨ ਸਰਕਾਰ ਦੇ ਉਪ ਬੁਲਾਰੇ ਹਮਦੁੱਲ੍ਹਾ ਫ਼ਿਤਰਤ ਨੇ ਮੈਨੂੰ ਕਿਹਾ, “ਅਸੀਂ ਲੀਡਰਸ਼ਿਪ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਾਂ।”
ਇਸ ਮਹੀਨੇ, ਮੈਂ ਇੱਕ ਵਾਰ ਫਿਰ ਫ਼ਿਤਰਤ ਨੂੰ ਮਿਲੀ, ਜੋ ਨਾ ਤਾਂ ਕਿਸੇ ਔਰਤ ਨਾਲ ਤਸਵੀਰ ਖਿਚਵਾਉਣਾ ਚਾਹੁੰਦਾ ਸੀ ਅਤੇ ਨਾ ਹੀ ਮੇਰੇ ਸਾਹਮਣੇ ਬੈਠਣਾ।
ਮੈਂ ਪੁੱਛਿਆ ਕਿ ਉਹ ਔਰਤਾਂ ਲਈ ਸੈਕੰਡਰੀ ਸਕੂਲ ਅਤੇ ਯੂਨੀਵਰਸਿਟੀ ਸਿੱਖਿਆ ‘ਤੇ ਪਾਬੰਦੀ ਨੂੰ ਜਾਇਜ਼ ਕਿਵੇਂ ਠਹਿਰਾ ਸਕਦੇ ਹਨ।
ਉਸ ਨੇ ਜਵਾਬ ਦਿੱਤਾ ਅਤੇ ਇਹ ਦਰਸਾਇਆ ਕਿ “ਲਗਭਗ 70 ਲੱਖ ਮੁੰਡੇ ਅਤੇ 50 ਲੱਖ ਕੁੜੀਆਂ ਇਸ ਵੇਲੇ ਪੜ੍ਹ ਰਹੀਆਂ ਹਨ।”
ਉਸ ਨੇ ਕਿਹਾ, “ਛੇਵੀਂ ਜਮਾਤ ਤੋਂ ਉੱਪਰ ਦੀ ਸਿੱਖਿਆ ‘ਤੇ ਪਾਬੰਦੀ ਇੱਕ ਵੱਖਰਾ ਮਾਮਲਾ ਹੈ” ਅਤੇ ਸਾਨੂੰ ਸਿੱਖਿਆ ਮੰਤਰਾਲੇ ਵੱਲ ਭੇਜ ਦਿੱਤਾ ਜੋ “ਉਮੀਦ ਹੈ… ਇੱਕ ਸੰਤੋਸ਼ਜਨਕ ਜਵਾਬ ਦੇਵੇਗਾ।”
ਜਦੋਂ ਮੈਂ ਹੋਰ ਜ਼ੋਰ ਦਿੱਤਾ ਅਤੇ ਕਿਹਾ ਕਿ ਅਫ਼ਗਾਨਿਸਤਾਨ ਦੀਆਂ ਔਰਤਾਂ ਅਤੇ ਕੁੜੀਆਂ ਸਾਨੂੰ ਦੱਸਦੀਆਂ ਹਨ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਕਿ ਤਾਲਿਬਾਨ ਸਰਕਾਰ ਦੇ ਰਹਿੰਦੇ ਸਿੱਖਿਆ ਕਦੇ ਮੁੜ ਖੁੱਲ੍ਹੇਗੀ, ਤਾਂ ਉਸ ਦਾ ਜਵਾਬ ਫਿਰ ਇੱਕ ਵਾਰ ਸਿੱਖਿਆ ਮੰਤਰਾਲੇ ਨਾਲ ਗੱਲ ਕਰਨ ਲਈ ਕਹਿਣਾ ਸੀ।
ਅਸੀਂ ਸਿੱਖਿਆ ਮੰਤਰਾਲੇ ਤੋਂ ਵੀ ਇਹੀ ਸਵਾਲ ਪੁੱਛਿਆ। ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਔਰਤਾਂ ਦੀ ਸਿੱਖਿਆ ਦੇ ਮਾਮਲੇ ‘ਤੇ ਤਾਲਿਬਾਨ ਸਰਕਾਰ ਦੇ ਅੰਦਰ ਅੰਤਰਵਿਰੋਧ ਸਾਨੂੰ ਸਪਸ਼ਟ ਤੌਰ ‘ਤੇ ਨਜ਼ਰ ਆਏ ਹਨ, ਪਰ ਸਰਬਉੱਚ ਨੇਤਾ ਨੇ ਸਾਲਾਂ ਦੇ ਨਾਲ ਆਪਣਾ ਰੁੱਖ ਹੋਰ ਵੀ ਸਖ਼ਤ ਕੀਤਾ ਹੈ।
ਔਰਤਾਂ ਅਤੇ ਕੁੜੀਆਂ ਨੂੰ ਉਹ ਦਿਨ ਅੱਜ ਵੀ ਇੰਨਾ ਹੀ ਸਪਸ਼ਟ ਯਾਦ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ, ਜਦੋਂ ਉਨ੍ਹਾਂ ਲਈ ਸਕੂਲ ਬੰਦ ਕੀਤੇ ਗਏ ਸਨ।
ਆਲੀਆ ਯਾਦ ਕਰਦੀ ਹੈ, “ਮੈਂ ਸਾਰਾ ਦਿਨ ਅਤੇ ਸਾਰੀ ਰਾਤ ਸਿਰਫ਼ ਰੋਂਦੀ ਰਹੀ। ਮੈਂ ਇੱਕ ਹਫ਼ਤੇ ਤੱਕ ਸੌਂ ਨਹੀਂ ਸਕੀ। ਮੈਨੂੰ ਲੱਗਦਾ ਸੀ ਜਿਵੇਂ ਮੈਂ ਇੱਕ ਮੁਰਦਾ ਸਰੀਰ ਵਾਂਗ ਘੁੰਮ ਰਹੀ ਹਾਂ।”
ਉਹ ਹੋਰ ਕਹਿੰਦੀ ਹੈ, “ਜਦੋਂ ਮੈਂ ਆਪਣੀ ਉਮਰ ਦੇ ਮੁੰਡਿਆਂ ਨੂੰ ਵੇਖਦੀ ਹਾਂ ਜੋ ਪੜ੍ਹਾਈ ਪੂਰੀ ਕਰ ਚੁੱਕੇ ਹਨ ਅਤੇ ਯੂਨੀਵਰਸਿਟੀ ਜਾ ਰਹੇ ਹਨ, ਮੈਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਹੈ, ਮੈਨੂੰ ਲੱਗਦਾ ਹੈ ਜਿਵੇਂ ਮੈਂ ਨਰਕ ਵਿੱਚ ਸੜ੍ਹ ਰਹੀ ਹਾਂ।”
ਤਸਵੀਰ ਸਰੋਤ, Getty Images
ਔਰਤਾਂ ਨੂੰ ਤਾਲਿਬਾਨ ਦੇ ਸਰਬਉੱਚ ਨੇਤਾ ਵੱਲੋਂ ਲਗਾਈਆਂ ਹੋਰ ਕਈ ਪਾਬੰਦੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਜੋ ਕੁਝ ਥਾਵਾਂ ‘ਤੇ ਸਖ਼ਤੀ ਨਾਲ ਲਾਗੂ ਕੀਤੀਆਂ ਜਾਂਦੀਆਂ ਹਨ, ਜਦਕਿ ਕੁਝ ਥਾਵਾਂ ‘ਤੇ ਥੋੜ੍ਹੀ ਜ਼ਿਆਦਾ ਆਜ਼ਾਦੀ ਹੈ।
ਪਰ ਇਹ ਹੁਕਮ ਲੋਕਾਂ ਵਿੱਚ ਡਰ ਪੈਦਾ ਕਰਦੇ ਹਨ। ਸਰਕਾਰੀ ਕਾਰਵਾਈਆਂ ਅਤੇ ਕੁਝ ਮਾਮਲਿਆਂ ਵਿੱਚ ਲੋਕਾਂ ਵੱਲੋਂ ਖ਼ੁਦ ਲਗਾਈਆਂ ਪਾਬੰਦੀਆਂ ਦਾ ਕੁੱਲ ਅਸਰ ਇਹ ਹੈ ਕਿ ਔਰਤਾਂ ਲਗਭਗ ਪੂਰੀ ਤਰ੍ਹਾਂ ਜਨਤਕ ਜੀਵਨ ਤੋਂ ਗਾਇਬ ਹੋ ਗਈਆਂ ਹਨ।
ਆਪਣੀ ਸਰਕਾਰ ਦਾ ਬਚਾਅ ਕਰਦੇ ਹੋਏ, ਫ਼ਿਤਰਤ ਕਹਿੰਦੇ ਹਨ, “ਅਸੀਂ ਔਰਤਾਂ ਨੂੰ ਕਾਰੋਬਾਰ ਚਲਾਉਣ ਲਈ ਹਜ਼ਾਰਾਂ ਪਰਮਿਟ ਜਾਰੀ ਕੀਤੇ ਹਨ, ਜੋ ਇੱਕ ਸਕਾਰਾਤਮਕ ਕਦਮ ਹੈ।”
ਉਸ ਨੇ ਇਹ ਵੀ ਦਾਅਵਾ ਕੀਤਾ ਕਿ ਨੇਕੀ ਦੇ ਪ੍ਰਚਾਰ ਅਤੇ ਬੁਰਾਈ ਤੋਂ ਰੋਕਥਾਮ ਵਾਲੇ ਮੰਤਰਾਲੇ, ਜੋ ਤਾਲਿਬਾਨ ਸਰਕਾਰ ਦੀ ਨੈਤਿਕਤਾ ਪੁਲਿਸ ਹੈ, ਨੇ “2,000 ਤੋਂ ਵੱਧ ਉਹ ਮਾਮਲੇ ਹੱਲ ਕੀਤੇ ਹਨ ਜਿੱਥੇ ਔਰਤਾਂ ਨੂੰ ਵਿਰਾਸਤ ਵਿੱਚ ਉਨ੍ਹਾਂ ਦਾ ਹੱਕ ਨਹੀਂ ਦਿੱਤਾ ਗਿਆ ਸੀ” ਅਤੇ “2,500 ਔਰਤਾਂ ਦੀ ਮਦਦ ਕੀਤੀ ਗਈ ਜੋ ਜ਼ਬਰਦਸਤੀ ਜਾਂ ਘੱਟ ਉਮਰ ਵਿੱਚ ਵਿਆਹ ਕਰਨ ਲਈ ਮਜਬੂਰ ਕੀਤੀਆਂ ਜਾ ਰਹੀਆਂ ਸਨ।”
ਪਰ ਇਸ ਪਿਛਲੇ ਹਫ਼ਤੇ, ਤਾਲਿਬਾਨ ਸਰਕਾਰ ਨੇ ਅਜਿਹੇ ਨਿਯਮ ਕਾਨੂੰਨ ਵਿੱਚ ਸ਼ਾਮਲ ਕੀਤੇ ਹਨ ਜੋ ਬਾਲ ਵਿਆਹ ਨੂੰ ਕਾਨੂੰਨੀ ਮਨਜ਼ੂਰੀ ਮਿਲਣ ਦਾ ਸੰਕੇਤ ਦਿੰਦੇ ਹਨ ਅਤੇ ਜਿਨ੍ਹਾਂ ਵਿੱਚ ਇੱਕ ਨਾਬਾਲਗ਼ ਕੁੜੀ ਦੀ ਚੁੱਪੀ ਨੂੰ ਵਿਆਹ ਲਈ ਉਸ ਦੀ ਸਹਿਮਤੀ ਮੰਨਿਆ ਜਾ ਸਕਦਾ ਹੈ।
ਜ਼ਮੀਨੀ ਹਕੀਕਤ ਇਸ ਦੇ ਉਲਟ ਇਸ਼ਾਰਾ ਕਰਦੀ ਹੈ ਕਿ ਘੱਟ ਉਮਰ ਅਤੇ ਜ਼ਬਰਦਸਤੀ ਵਿਆਹਾਂ ਦੇ ਮਾਮਲੇ ਵੱਧ ਰਹੇ ਹਨ ਕਿਉਂਕਿ ਕੁੜੀਆਂ ਨੂੰ ਪੜ੍ਹਾਈ ਕਰਨ ਤੋਂ ਰੋਕਿਆ ਗਿਆ ਹੈ।
ਜਿਨ੍ਹਾਂ ਔਰਤਾਂ ਅਤੇ ਕੁੜੀਆਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਵਿੱਚ ਇਹ ਅਹਿਸਾਸ ਸੀ ਕਿ ਸੰਸਥਾਗਤ ਵਿਤਕਰੇ ਦੇ ਸਭ ਤੋਂ ਗੰਭੀਰ ਰੂਪਾਂ ਵਿੱਚੋਂ ਇੱਕ ਹੁਣ ਪਹਿਲਾਂ ਵਾਂਗ ਨਾ ਤਾਂ ਲੋਕਾਂ ਨੂੰ ਝੰਝੋੜਦਾ ਹੈ ਅਤੇ ਨਾ ਹੀ ਗੁੱਸਾ ਪੈਦਾ ਕਰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਦੁਨੀਆ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ।
ਆਲੀਆ ਕਹਿੰਦੀ ਹੈ, “ਜੇ ਸਾਨੂੰ ਭੁੱਲਿਆ ਨਾ ਗਿਆ ਹੁੰਦਾ, ਤਾਂ ਹੁਣ ਤੱਕ ਜ਼ਰੂਰ ਕੁਝ ਕੀਤਾ ਗਿਆ ਹੁੰਦਾ।”
ਨੋਰਾ ਕਹਿੰਦੀ ਹੈ, “ਮੈਂ ਅਕਸਰ ਸੋਚਦੀ ਹਾਂ, ਅਸੀਂ ਅਫ਼ਗਾਨਿਸਤਾਨ ਵਿੱਚ ਹੀ ਕਿਉਂ ਪੈਦਾ ਹੋਏ?”
ਉਸ ਦੀ ਮਾਂ ਕਮੀਲਾ ਦੁਨੀਆ ਭਰ ਦੀਆਂ ਮਾਵਾਂ ਲਈ ਇੱਕ ਸੁਨੇਹਾ ਦਿੰਦੀ ਹੈ।
“ਜਿਸ ਦੁਨੀਆ ਵਿੱਚ ਤੁਹਾਡੀਆਂ ਧੀਆਂ ਨੂੰ ਪੜ੍ਹਨ ਅਤੇ ਕੰਮ ਕਰਨ ਦੀ ਆਜ਼ਾਦੀ ਹੈ, ਉਨ੍ਹਾਂ ਨੂੰ ਇਹ ਕਰਨ ਦਿਓ। ਉਨ੍ਹਾਂ ਨੂੰ ਖ਼ੁਦਮੁਖ਼ਤਿਆਰ ਬਣਨ ਦਿਓ। ਇੱਥੇ ਅਫ਼ਗਾਨਿਸਤਾਨ ਵਿੱਚ, ਸਾਡੇ ਲਈ ਸਭ ਕੁਝ ਖ਼ਤਮ ਹੋ ਚੁੱਕਾ ਹੈ।”
ਵਾਧੂ ਰਿਪੋਰਟਿੰਗ: ਇਮੋਜਨ ਐਂਡਰਸਨ, ਮਹਫੂਜ਼ ਜ਼ੁਬੈਦੇ ਅਤੇ ਸੰਜੇ ਗਾਂਗੂਲੀ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







