Source :- BBC PUNJABI

ਮੁਨੀ ਲਾਲ ਦੀ ਪਤਨੀ ਸੀਤਾ ਦੇਵੀ

ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੇ ਹਨ

“26 ਸਾਲ ਮੈਂ ਆਪਣੇ ਪਤੀ ਦੀ ਉਡੀਕ ਕੀਤੀ, ਇੱਕ ਦਿਨ ਨਹੀਂ ਅਜਿਹਾ ਨਿਕਲਿਆ ਜਿਸ ਦਿਨ ਇਹ ਨਾ ਲੱਗਿਆ ਹੋਵੇ ਕਿ ਉਹ ਮੁੜ ਘਰ ਨਹੀਂ ਆਉਣਗੇ। ਪਰ ਹੁਣ ਮੇਰੀ ਉਡੀਕ ਮੁੱਕ ਗਈ ਜਦੋਂ ਮੈਨੂੰ ਉਨ੍ਹਾਂ ਦੀ ਮਿੱਟੀ (ਅਸਥੀਆਂ) ਮਿਲ ਗਈ।”

ਇਹ ਬੋਲ ਰੋਪੜ ਜ਼ਿਲ੍ਹੇ ਵਿੱਚ ਆਨੰਦਪੁਰ ਸਾਹਿਬ ਨੇੜੇ ਪਿੰਡ ਕੋਟਲਾ ਦੇ ਰਹਿਣ ਵਾਲੇ ਸੀਤਾ ਦੇਵੀ ਦੇ ਹਨ। ਇਹ ਸ਼ਬਦ ਬੋਲਦੇ ਸਮੇਂ ਸੀਤਾ ਦੇਵੀ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ।

ਪਰ ਹੁਣ ਉਨ੍ਹਾਂ ਨੂੰ ਸੰਤੁਸ਼ਟੀ ਹੈ ਕਿ 26 ਸਾਲ ਬਾਅਦ ਹੀ ਸਹੀ, ਉਨ੍ਹਾਂ ਨੂੰ ਆਪਣੇ ਪਤੀ ਬਾਰੇ ਕੋਈ ਖ਼ਬਰ ਤਾਂ ਮਿਲੀ ਭਾਵੇਂ ਉਹ ਖ਼ਬਰ ਉਨ੍ਹਾਂ ਦੀ ਮੌਤ ਦੀ ਹੀ ਸੀ।

ਦਰਅਸਲ ਸੀਤਾ ਦੇਵੀ ਦੇ ਪਤੀ ਮੁਨੀ ਲਾਲ ਨਾਲ 26 ਸਾਲ ਪਹਿਲਾਂ ਇੱਕ ਹਾਦਸਾ ਵਾਪਰਿਆ ਸੀ।

17 ਅਕਤੂਬਰ ਸੰਨ 2000 ਨੂੰ ਉਹ ਜਿਸ ਗੱਡੀ ਵਿੱਚ ਸਵਾਰ ਹੋ ਕੇ ਇੱਕ ਵਿਆਹ ਵਿੱਚ ਜਾ ਰਹੇ ਸਨ, ਉਹ ਰੋਪੜ ਤੋਂ ਆਨੰਦਪੁਰ ਜਾਂਦੇ ਰਸਤੇ ‘ਤੇ ਪੈਂਦੀ ਭਾਖੜਾ ਨਹਿਰ ਵਿੱਚ ਡਿੱਗ ਗਈ ਸੀ। ਇਸ ਹਾਦਸੇ ਵਿੱਚ ਮੁਨੀ ਲਾਲ ਸਣੇ ਕੁੱਲ ਚਾਰ ਲੋਕਾਂ ਦੀ ਮੌਤ ਹੋਈ ਸੀ।

ਇਸ ਹਾਦਸੇ ਦੇ ਮ੍ਰਿਤਕਾਂ ਵਿੱਚ ਤੇਜ ਰਾਮ (ਡਰਾਈਵਰ), ਸੁਰਜੀਤ ਸਿੰਘ ਅਤੇ ਇੱਕ 8 ਸਾਲਾ ਬੱਚਾ ਕਾਲੂ (ਸੁਰਜੀਤ ਸਿੰਘ ਦਾ ਬੇਟਾ) ਵੀ ਸ਼ਾਮਲ ਸਨ।

ਲਗਭਗ ਢਾਈ ਦਹਾਕੇ ਬੀਤ ਗਏ ਸਨ ਪਰ ਕਦੇ ਵੀ ਕਿਸੇ ਨੂੰ ਇਸ ਹਾਦਸੇ ਦਾ ਨਾ ਕੋਈ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਮ੍ਰਿਤਕ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣਿਆਂ ਦੀਆਂ ਆਖਰੀ ਨਿਸ਼ਾਨੀਆਂ।

ਪਰ ਕੁਝ ਦਿਨ ਪਹਿਲਾਂ 17 ਮਈ 2026 ਨੂੰ ਰੋਪੜ ਦੇ ਇੱਕ ਸਥਾਨਕ ਗੋਤਾਖੋਰ ਕਮਲਪ੍ਰੀਤ ਸੈਣੀ ਅਤੇ ਉਨ੍ਹਾਂ ਦੀ ਟੀਮ ਭਾਖੜਾ ਨਹਿਰ ਵਿੱਚ ਡਿੱਗੀ ਇਸ ਮਾਰੂਤੀ ਓਮਨੀ ਵੈਨ ਨੂੰ ਲੱਭਣ ਵਿੱਚ ਕਾਮਯਾਬ ਹੋ ਗਏ।

ਉਨ੍ਹਾਂ ਦੀ ਅਗਵਾਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ 26 ਸਾਲਾਂ ਬਾਅਦ ਭਾਖੜਾ ਨਹਿਰ ਵਿੱਚੋਂ ਖਰਾਬ ਹੋ ਚੁੱਕੀ ਓਮਨੀ ਵੈਨ ਅਤੇ ਚਾਰੇ ਮ੍ਰਿਤਕਾਂ ਦੇ ਕੰਕਾਲਾਂ ਦੇ ਕੁਝ ਹਿੱਸੇ ਬਾਹਰ ਕੱਢੇ ਗਏ।

ਜਿਸ ਨੂੰ ਦੇਖ ਸੀਤਾ ਦੇਵੀ, ਉਨ੍ਹਾਂ ਦਾ ਪਰਿਵਾਰ ਅਤੇ ਬਾਕੀ ਮ੍ਰਿਤਕਾਂ ਦੇ ਪਰਿਵਾਰਾਂ ਦੇ ਜ਼ਖ਼ਮ ਮੁੜ ਹਰੇ ਹੋ ਗਏ।

ਕੀਰਤਪੁਰ ਥਾਣੇ ਦੇ ਐੱਸਐੱਚਓ ਰਾਹੁਲ ਸ਼ਰਮਾ ਮੁਤਾਬਕ ਇਹ ਕੇਸ 17 ਅਕਤੂਬਰ ਦਾ ਹੋ ਸਕਦਾ ਹੈ। ਪਰਿਵਾਰ ਦੇ ਬਿਆਨਾਂ ਮੁਤਾਬਕ ਡੀਡੀਆਰ 19 ਅਕਤੂਬਰ ਸਾਲ 2000 ਨੂੰ ਦਰਜ ਕੀਤੀ ਗਈ ਸੀ।

ਪਤੀ ਨੂੰ ਲੱਭਣ ਲਈ ਵਿਕ ਗਈ ਦੁਕਾਨ

ਸੀਤਾ ਦੇਵੀ

ਹੰਝੂਆਂ ਨਾਲ ਭਿੱਜੀਆਂ ਸੀਤਾ ਦੇਵੀ ਦੀਆਂ ਅੱਖਾਂ 26 ਸਾਲ ਪਹਿਲਾਂ ਗਵਾਚੇ ਆਪਣੇ ਜਵਾਨ ਪਤੀ ਨੂੰ ਉਡੀਕਦੀਆਂ ਹੁਣ ਬੁੱਢੀਆਂ ਹੋ ਗਈਆਂ ਹਨ।

ਉਨ੍ਹਾਂ ਦੇ ਵਿਆਹ ਨੂੰ 13 ਸਾਲ ਹੋਏ ਸਨ ਜਦੋਂ 17 ਅਕਤੂਬਰ ਸੰਨ 2000 ਨੂੰ ਉਨ੍ਹਾਂ ਨੇ ਆਪਣੇ ਪਤੀ ਮੁਨੀ ਲਾਲ ਨੂੰ ਆਖਰੀ ਵਾਰ ਦੇਖਿਆ ਸੀ।

ਨਹਿਰ ਵਿੱਚੋਂ ਲਾਪਤਾ ਓਮਨੀ ਵੈਨ ਅਤੇ ਅਸਥੀਆਂ ਮਿਲਣ ਨਾਲ ਹੁਣ ਉਨ੍ਹਾਂ ਨੂੰ ਏਨਾ ਕੁ ਸਬਰ ਹੋ ਗਿਆ ਹੈ ਕਿ ਜਿਸ ਪਤੀ ਨੂੰ ਉਹ 26 ਸਾਲਾਂ ਤੋਂ ਲੱਭ ਰਹੇ ਸਨ, ਹੁਣ ਘੱਟੋ-ਘੱਟ ਉਨ੍ਹਾਂ ਦੀਆਂ ਅੰਤਿਮ ਰਸਮਾਂ ਉਹ ਕਰ ਸਕਣਗੇ।

18 ਮਈ 2026 ਨੂੰ ਮੁਨੀ ਲਾਲ ਦੇ ਪੁੱਤਰ ਦਵਿੰਦਰ ਕੁਮਾਰ ਨੇ ਆਪਣੇ ਹੱਥੀਂ ਨਹਿਰ ਵਿੱਚੋਂ ਬਰਾਮਦ ਹੋਈਆਂ ਕੁਝ ਅਸਥੀਆਂ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਹੈ ਤੇ ਪਰਿਵਾਰ ਨੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀਆਂ ਬਾਕੀ ਆਖ਼ਰੀ ਰਸਮਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਰਿਸ਼ਤੇਦਾਰ ਅਤੇ ਗੁਆਂਢੀ ਮੁਨੀ ਲਾਲ ਦੇ ਘਰ ਉਨ੍ਹਾਂ ਦੀ ਪਤਨੀ ਸੀਤਾ ਦੇਵੀ ਕੋਲ ਸੋਗ ਦਾ ਪ੍ਰਗਟਾਵਾ ਕਰਨ ਲਈ ਆਉਂਦੇ ਹਨ।

ਭਾਖੜਾ ਵਿੱਚੋਂ ਮਿਲੀ ਵੈਨ

ਤਸਵੀਰ ਸਰੋਤ, Kamalpreet saini/BBC

ਆਪਣੇ ਪਤੀ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਸੀਤਾ ਦੇਵੀ ਦੱਸਦੇ ਹਨ, “ਮੇਰੇ ਪਤੀ ਹਲਵਾਈ ਸਨ। ਸਾਡੀ ਇੱਕ ਦੁਕਾਨ ਵੀ ਸੀ। 17 ਅਕਤੂਬਰ ਸਾਲ 2000 ਨੂੰ ਉਹ ਦੁਪਹਿਰ ਵੇਲੇ ਮੇਰੇ ਤੋਂ ਕੱਪੜੇ ਲੈ ਗਏ ਸਨ ਤੇ ਸ਼ਾਮ ਨੂੰ ਦੁਕਾਨ ਤੋਂ ਹੀ ਤਿਆਰ ਹੋ ਕੇ ਕੀਰਤਪੁਰ ਸਾਹਿਬ ਵਿਆਹ ‘ਤੇ ਜਾਣ ਲਈ ਰਵਾਨਾ ਹੋ ਗਏ ਸਨ।”

“ਵਿਆਹ ਅਜੇ ਪਹੁੰਚੇ ਹੀ ਨਹੀਂ ਸੀ, ਸਾਡੇ ਨੇੜੇ ਹੀ ਪਿੰਡ ਨੱਕੀਆਂ ਕੋਲ ਉਨ੍ਹਾਂ ਦੀ ਗੱਡੀ ਭਾਖੜਾ ਨਹਿਰ ਵਿੱਚ ਡਿੱਗ ਗਈ। ਅਸੀਂ ਉਡੀਕਦੇ ਰਹੇ ਪਰ ਉਹ ਘਰ ਨਹੀਂ ਆਏ। 17 ਨੂੰ ਵੈਨ ਡਿੱਗੀ, 18 ਨੂੰ ਲੱਭਦੇ ਰਹੇ, 19 ਅਕਤੂਬਰ ਨੂੰ ਫੇਰ ਅਸੀਂ ਪੁਲਿਸ ਥਾਣੇ ਰਿਪਰੋਟ ਲਿਖਵਾਈ। 20 ਅਕਤੂਬਰ ਨੂੰ ਸਾਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਵੈਨ ਭਾਖੜਾ ਨਹਿਰ ਵਿੱਚ ਡਿੱਗ ਗਈ ਹੈ। ਪਰ ਸਾਨੂੰ ਕੋਈ ਸਬੂਤ ਨਹੀਂ ਮਿਲਿਆ।”

ਸੀਤੇ ਦੇਵੀ

ਅੱਗੇ ਉਹ ਕਹਿੰਦੇ ਹਨ, “ਬਹੁਤ ਦੂਰੋਂ ਗੋਤਾਖੋਰ ਆਉਂਦੇ ਰਹੇ, ਨਹਿਰ ‘ਚ ਵੈਨ ਨੂੰ ਲੱਭਦੇ ਰਹੇ ਪਰ ਕੁਝ ਨਾ ਮਿਲਿਆ। ਲਗਭਗ 1 ਮਹੀਨਾ ਉਨ੍ਹਾਂ ਦੀ ਭਾਲ ਲਈ ਗੋਤਾਖੋਰ ਨਹਿਰ ਵਿੱਚ ਜਾਂਦੇ ਰਹੇ। ਉਨ੍ਹਾਂ ਨੂੰ ਲੱਭਣ ਲਈ ਅਸੀਂ ਤਿੰਨੇ ਪਰਿਵਾਰਾਂ (ਮ੍ਰਿਤਕਾਂ ਦੇ ਪਰਿਵਾਰ) ਨੇ ਆਪਣੀ ਸਾਰੀ ਜਮਾਂ ਪੂੰਜੀ ਲਾ ਦਿੱਤੀ ਪਰ ਕਿਤੋਂ ਕੁਝ ਨਾ ਮਿਲਿਆ।”

“ਮੇਰੇ ਬੱਚੇ ਉਦੋਂ 7-8 ਸਾਲਾਂ ਦੇ ਸਨ, ਮੈਂ ਉਨ੍ਹਾਂ ਨੂੰ ਹਮੇਸ਼ਾ ਕਹਿਣਾ ਕਿ ਤੁਹਾਡੇ ਪਿਤਾ ਆਉਣਗੇ। ਕਦੇ ਕੋਈ ਦਿਨ ਅਜਿਹਾ ਨਹੀਂ ਨਿਕਲਿਆ ਜਦੋਂ ਉਨ੍ਹਾਂ ਦੇ ਆਉਣ ਦੀ ਉਡੀਕ ਨਾ ਕੀਤੀ ਹੋਵੇ। ਦੁਕਾਨ ਵੀ ਕਰਜ਼ੇ ਵਿੱਚ ਲਾ ਦਿੱਤੀ, ਰਿਸ਼ਤੇਦਾਰਾਂ ਦੀ ਮਦਦ ਨਾਲ ਘਰ ਦਾ ਖਰਚਾ ਚਲਦਾ ਸੀ, ਦੁੱਧ ਵੇਚ ਕੇ ਮੈਂ ਬੱਚਿਆਂ ਨੂੰ ਪਾਲਿਆ। ਜਦੋਂ ਬੱਚਿਆਂ ਦੇ ਵਿਆਹ ਹੋਏ ਤਾਂ ਉਹ ਅਕਸਰ ਯਾਦ ਆਉਂਦੇ ਸੀ ਪਰ ਕਰ ਕੀ ਸਕਦੇ ਸੀ, ਸਾਡੇ ਹੱਥ ਕੁਝ ਨਹੀਂ ਸੀ।”

ਮੁਨੀ ਲਾਲ ਦੇ ਪੁੱਤਰ ਦਵਿੰਦਰ ਵੀ ਆਪਣੇ ਪਿਤਾ ਬਾਰੇ ਗੱਲ ਕਰਦੇ ਰੋ ਪਏ। ਉਹ ਦੱਸਦੇ ਹਨ, “ਮੈਂ ਵੀ ਉਦੋਂ 7 ਕੁ ਸਾਲ ਦਾ ਸੀ ਜਦੋਂ ਇਹ ਹਾਦਸਾ ਵਾਪਰਿਆ ਸੀ। ਮੈਨੂੰ ਬਹੁਤ ਕੁਝ ਯਾਦ ਨਹੀਂ ਪਰ ਇਹ ਪਤਾ ਸੀ ਕਿ ਮੇਰੇ ਪਿਤਾ ਇੱਕ ਦਿਨ ਅਚਾਨਕ ਗਾਇਬ ਹੋ ਗਏ ਸਨ।”

“ਉਹ ਕਿੱਥੇ ਗਏ ਸਾਨੂੰ ਨਹੀਂ ਪਤਾ ਸੀ। ਹਮੇਸ਼ਾ ਇਹ ਲੱਗਦਾ ਰਿਹਾ ਕਿ ਉਹ ਕਿਸੇ ਨਾ ਕਿਸੇ ਦਿਨ ਤਾਂ ਜ਼ਰੂਰ ਵਾਪਸ ਆਉਣਗੇ। ਪਰ ਉਹ ਨਹੀਂ ਆਏ। ਹੁਣ ਜਦੋਂ ਵੈਨ ਅਤੇ ਉਨ੍ਹਾਂ ਦੀਆਂ ਅਸਥੀਆਂ ਮਿਲ ਗਈਆਂ ਹਨ ਤਾਂ ਯਕੀਨ ਹੋ ਗਿਆ ਹੈ ਕਿ ਹੁਣ ਉਹ ਨਹੀਂ ਰਹੇ।”

ਦਵਿੰਦਰ ਕੁਮਾਰ

ਕਿਵੇਂ ਕੱਢੀ ਗਈ ਵੈਨ ਅਤੇ ਕੀ-ਕੀ ਮਿਲਿਆ?

ਮ੍ਰਿਤਕ ਮੁਨੀ ਲਾਲ ਦੇ ਪੁੱਤਰ ਦਵਿੰਦਰ ਕੁਮਾਰ ਮੁਤਾਬਕ, “ਗੋਤਾਖੋਰ ਕਮਲਪ੍ਰੀਤ ਸੈਣੀ ਨੂੰ ਅਸੀਂ ਅਤੇ ਆਸ-ਪਾਸ ਦੇ ਲੋਕਾਂ ਨੇ ਬਹੁਤ ਸਮਾਂ ਪਹਿਲਾਂ ਦੱਸਿਆ ਹੋਇਆ ਸੀ ਕਿ ਇਸ ਤਰ੍ਹਾਂ ਦੀ ਕੋਈ ਵੈਨ ਨਹਿਰ ਵਿੱਚ ਡਿੱਗੀ ਹੋਈ ਹੈ।”

“ਅੱਜ ਤੋਂ ਲਗਭਗ 6 ਕੁ ਮਹੀਨੇ ਪਹਿਲਾਂ ਜਦੋਂ ਉਹ ਕਿਸੇ ਹੋਰ ਲਾਪਤਾ ਵਿਅਕਤੀ ਦੀ ਤਲਾਸ਼ ਲਈ ਨਹਿਰ ਅੰਦਰ ਗਿਆ ਸੀ ਤਾਂ ਉਸਨੇ ਇਸ ਵੈਨ ਨੂੰ ਦੇਖਿਆ। ਫੇਰ ਉਸਨੇ ਬਾਹਰ ਆ ਕੇ ਦੱਸਿਆ ਕਿ ਨਹਿਰ ਅੰਦਰ ਅਜਿਹੀ ਕੋਈ ਵੈਨ ਹੈ। ਫੇਰ ਉਹ ਇੱਕ ਵਾਰ ਕੈਮਰਾ ਲੈ ਕੇ ਨਹਿਰ ਅੰਦਰ ਗਿਆ ਅਤੇ ਉਸਨੇ ਪੂਰੀ ਵੀਡੀਓ ਬਣਾਈ, ਜਿਸਨੂੰ ਦੇਖਣ ਮਗਰੋਂ ਸਾਨੂੰ ਇਹ ਯਕੀਨ ਹੋ ਗਿਆ ਕਿ ਇਹ ਓਹੀ ਵੈਨ ਹੈ।”

ਵੈਨ ਨੂੰ ਭਾਖੜਾ ਨਹਿਰ ਵਿੱਚੋਂ ਬਾਹਰ ਕੱਢਣ ਦਾ ਕੰਮ ਸਥਾਨਕ ਗੋਤਾਖੋਰ ਕਮਲਪ੍ਰੀਤ ਸਿੰਘ ਸੈਣੀ ਅਤੇ ਸਥਾਨਕ ਲੋਕਾਂ ਵੱਲੋਂ ਮਿਲ ਕੇ ਕੀਤਾ ਗਿਆ।

ਭਾਖੜਆ ਨਹਿਰ

ਵੈਨ ਨੂੰ ਬਾਹਰ ਕੱਢਣ ਸਮੇਂ ਉੱਥੇ ਮੌਜੂਦ ਚਸ਼ਮਦੀਦ ਹੈਪੀ ਸੈਣੀ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਪਹਿਲਾਂ ਹੀ ਤੈਅ ਕੀਤਾ ਗਿਆ ਸੀ ਕਿ 17 ਮਈ ਨੂੰ ਵੈਨ ਨੂੰ ਬਾਹਰ ਕੱਢਣਾ ਹੈ।

ਇਸ ਲਈ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਅਤੇ ਸੈਂਕੜੇ ਲੋਕ ਨਹਿਰ ਕੰਢੇ ਮੌਜੂਦ ਸਨ।

ਉਹ ਦੱਸਦੇ ਹਨ, “ਸਵੇਰੇ 9 ਕੁ ਵਜੇ ਕਮਲਪ੍ਰੀਤ ਸੈਣੀ ਨੇ ਨਹਿਰ ਅੰਦਰ ਜਾ ਕੇ ਵੈਨ ਨੂੰ ਰੱਸਾ ਬੰਨ੍ਹ ਦਿੱਤਾ ਅਤੇ ਨਹਿਰ ਕੰਢੇ ਖੜ੍ਹੇ ਲੋਕਾਂ ਨੇ ਰੱਸੇ ਦੀ ਮਦਦ ਨਾਲ ਵੈਨ ਨੂੰ ਖਿੱਚਣਾ ਸ਼ੁਰੂ ਕੀਤਾ ਪਰ ਕੋਈ ਸਫ਼ਲਤਾ ਨਹੀਂ ਮਿਲੀ।”

“ਫੇਰ ਜੇਸੀਬੀ ਬੁਲਾਈ ਗਈ ਤੇ ਜੇਸੀਬੀ ਦੀ ਮਦਦ ਨਾਲ ਵੈਨ ਨੂੰ ਬਾਹਰ ਕੱਢਿਆ ਗਿਆ। ਵੈਨ ਬੁਰੀ ਤਰ੍ਹਾਂ ਟੁੱਟੀ ਹੋਈ ਸੀ। ਪਰ ਪਤਾ ਲੱਗ ਰਿਹਾ ਸੀ ਕਿ ਇਹ ਇੱਕ ਓਮਨੀ ਵੈਨ ਹੈ। ਜਦੋਂ ਵੈਨ ਦੀ ਜਾਂਚ ਕੀਤੀ ਤਾਂ ਕੁਝ ਕੰਕਾਲਾਂ ਦੇ ਹਿੱਸੇ, ਕੱਪੜਿਆਂ ਦੇ ਟੁੱਕੜੇ, ਜਿਸ ਵਿੱਚ ਇੱਕ ਬੱਚੇ ਦੀ ਸਕੂਲੀ ਵਰਦੀ ਵੀ ਸੀ। ਵੈਨ ਵਿੱਚੋਂ ਇੱਕ ਬੈਂਚ ਵੀ ਮਿਲਿਆ, ਜਿਸ ਤੋਂ ਇਹ ਸਾਫ ਹੋ ਗਿਆ ਕਿ ਇਹ ਓਹੀ ਵੈਨ ਹੈ। ਤਿੰਨ-ਚਾਰ ਘੰਟਿਆਂ ਤੋਂ ਬਾਅਦ ਵੈਨ ਨੂੰ ਉਪਰ ਕੱਢਿਆ ਗਿਆ।”

ਰਾਹੁਲ ਸ਼ਰਮਾ

ਪੁਲਿਸ ਨੇ ਕੀ ਜਾਣਕਾਰੀ ਦਿੱਤੀ

ਕੀਰਤਪੁਰ ਥਾਣੇ ਦੇ ਐੱਸਐੱਚਓ ਰਾਹੁਲ ਸ਼ਰਮਾ ਨੇ ਬੀਬੀਸੀ ਨੂੰ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ ਸਾਲ 2000 ਵਿੱਚ ਸੁਰਜੀਤ ਸਿੰਘ ਦੇ ਪਰਿਵਾਰ ਦੇ ਬਿਆਨਾਂ ‘ਤੇ ਇੱਕ ਡੀਡੀਆਰ ਕੱਟੀ ਗਈ ਸੀ।

ਉਨ੍ਹਾਂ ਨੇ ਕਿਹਾ, “ਡੀਡੀਆਰ ਵਿੱਚ ਲਿਖਿਆ ਗਿਆ ਸੀ ਕਿ ਪਰਿਵਾਰ ਨੂੰ ਸ਼ੱਕ ਹੈ ਕਿ ਵੈਨ ਨਹਿਰ ਵਿੱਚ ਡਿੱਗੀ ਹੈ, ਉਦੋਂ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਵੈਨ ਨਹੀਂ ਮਿਲੀ ਸੀ। ਹੁਣ ਜਦੋਂ 17 ਮਈ ਨੂੰ ਇਹ ਵੈਨ ਮਿਲੀ ਹੈ ਤਾਂ ਵੈਨ ਨੂੰ ਮਾਲਕ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਗੱਡੀ ਵਿੱਚੋਂ ਇੱਕ ਆਰਸੀ ਵੀ ਮਿਲੀ ਸੀ। ਪਰ ਉਸਦੇ ਉੱਤੇ ਨੰਬਰ ਅਤੇ ਅੱਖਰ ਮਿਟੇ ਹੋਏ ਸਨ।”

“ਗੋਤਾਖੋਰ ਕਮਲਪ੍ਰੀਤ ਸੈਣੀ ਇੱਕ ਸੁਤੰਤਰ ਗੋਤਾਖੋਰ ਹਨ। ਉਹ ਅਕਸਰ ਲਾਪਤਾ ਲੋਕਾਂ ਦੀ ਤਲਾਸ਼ ਲਈ ਨਹਿਰ ਅੰਦਰ ਜਾਂਦੇ ਰਹਿੰਦੇ ਹਨ। ਜਦੋਂ ਉਨ੍ਹਾਂ ਨੂੰ ਇਸ ਗੱਡੀ ਬਾਰੇ ਪਤਾ ਲੱਗਿਆ ਸੀ ਤਾਂ ਉਨ੍ਹਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਅਸੀਂ ਉਨ੍ਹਾਂ ਨੂੰ ਨਹਿਰ ਵਿੱਚ ਜਾ ਕੇ ਵੈਨ ਬਾਹਰ ਕੱਢਣ ਲਈ ਇਜਾਜ਼ਤ ਦੇ ਦਿੱਤੀ ਸੀ।”

“ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਗੋਤਾਖੋਰਾਂ ਕੋਲ ਆਧੁਨਿਕ ਤਕਨੀਕਾਂ ਨਹੀਂ ਸਨ, ਪਰ ਕਮਲਪ੍ਰੀਤ ਕੋਲ ਆਧੁਨਿਕ ਤਕਨੀਕ ਹੈ ਜਿਸ ਕਰਕੇ ਹੁਣ ਉਹ ਇਸ ਵੈਨ ਨੂੰ ਲੱਭਣ ਵਿੱਚ ਕਾਮਯਾਬ ਹੋਏ।”

ਸੁਖਪਾਲ ਸਿੰਘ

ਕਿਉਂ ਹੁੰਦੇ ਹਨ ਅਜਿਹੇ ਹਾਦਸੇ

ਪੁਲਿਸ ਅਧਿਕਾਰੀ ਰਾਹੁਲ ਸ਼ਰਮਾ ਮੁਤਾਬਕ ਨਹਿਰ ਅਤੇ ਸਤਲੁਜ ਦਰਿਆ ਨੇੜੇ ਵਗਦਾ ਹੋਣ ਕਰਕੇ ਕੀਰਤਪੁਰ ਦੇ ਇਲਾਕੇ ਵਿੱਚ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ, ਕਿਸੇ ਵਾਹਨ ਦੇ ਡਿੱਗਣ ਅਤੇ ਕਿਸੇ ਵਿਅਕਤੀ ਦੇ ਡੁੱਬਣ ਦੀਆਂ ਘਟਨਾਵਾਂ ਆਮ ਤੌਰ ‘ਤੇ ਵਾਪਰਦੀਆਂ ਰਹਿੰਦੀਆਂ ਹਨ।

ਇਨ੍ਹਾਂ ਵਿੱਚੋਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਦੇ ਅੰਕੜੇ ਜ਼ਿਆਦਾ ਹਨ। ਜੇਕਰ ਨਹਿਰ ਵਿੱਚ ਵਾਹਨਾਂ ਦੇ ਡਿੱਗਣ ਦੀ ਗੱਲ ਹੈ ਤਾਂ ਇਸਦੇ ਕਾਰਨ ਕਈ ਹੋ ਸਕਦੇ ਹਨ। ਹਰ ਕੇਸ ਦਾ ਵੱਖਰਾ ਕਾਰਨ ਹੁੰਦਾ ਹੈ। ਮੁੱਖ ਸੜਕ ਦੇ ਨਾਲ ਹੀ ਨਹਿਰ ਵਗਦੀ ਹੈ ਤਾਂ ਤੇਜ਼ ਰਫਤਾਰ, ਮਾੜੀ ਡ੍ਰਾਈਵਿੰਗ ਜਾਂ ਕੁਦਰਤੀ ਤੌਰ ‘ਤੇ ਵੀ ਗੱਡੀਆਂ ਦੇ ਨਹਿਰ ਵਿੱਚ ਡਿੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।

ਰਾਹੁਲ ਸ਼ਰਮਾ ਅੱਗੇ ਕਹਿੰਦੇ ਹਨ ਕਿ ਸਤਲੁਜ ਦਰਿਆ ਜਾਂ ਨਹਿਰ ਵਿੱਚ ਨਹਾਉਣ ਤੋਂ ਪੂਰਨ ਤੌਰ ‘ਤੇ ਮਨਾਹੀ ਹੈ ਪਰ ਫਿਰ ਵੀ ਬੱਚੇ ਅਤੇ ਵੱਡੀ ਉਮਰ ਦੇ ਲੋਕ ਆਪਣੀ ਮਰਜ਼ੀ ਨਾਲ ਨਹਿਰ ਜਾਂ ਦਰਿਆ ਵਿੱਚ ਨਹਾਉਣ ਲਈ ਚਲੇ ਜਾਂਦੇ ਹਨ।

ਪੁਲਿਸ ਪ੍ਰਸ਼ਾਸਨ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਹੋਰ ਸਖ਼ਤ ਕਦਮ ਚੁੱਕੇ ਜਾਣਗੇ।

ਆਨੰਦਪੁਰ ਸਾਹਿਬ ਦੇ ਐੱਸਡੀਐੱਮ ਸੁਖਪਾਲ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, “ਅਜਿਹਾ ਕੋਈ ਅੰਕੜਾ ਜਾਂ ਤੱਥ ਨਹੀਂ ਹੈ ਕਿ ਇਸ ਇਲਾਕੇ ਵਿੱਚ ਜ਼ਿਆਦਾ ਹਾਦਸੇ ਹੁੰਦੇ ਹਨ।”

“ਨਹਿਰੀ ਅਤੇ ਦਰਿਆਈ ਇਲਾਕਾ ਹੋਣ ਕਰਕੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ ਪਰ ਕੋਈ ਖ਼ਾਸ ਅਜਿਹੇ ਕਾਰਨ ਨਹੀਂ ਹਨ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਰੋਪੜ ਦੇ ਇਸ ਇਲਾਕੇ ਵਿੱਚ ਡੁੱਬਣ ਦੇ ਮਾਮਲੇ ਬਹੁਤ ਜ਼ਿਆਦਾ ਆਉਂਦੇ ਹੋਣ। ਨਹਿਰਾਂ ਦੀ ਕੰਢਿਆਂ ‘ਤੇ ਚੰਗੀ ਤਰ੍ਹਾਂ ਰੇਲਿੰਗ ਕੀਤੀ ਹੋਈ ਹੈ, ਪ੍ਰਸ਼ਾਸ਼ਨ ਆਪਣੇ ਤੌਰ ‘ਤੇ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਪੂਰਨ ਸਮਰਪਿਤ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI