Home rss national punjabi2ਰਾਸ਼ਟਰੀ ਖ਼ਬਰਾਂ ਸੱਪ ਦਾ ਡੰਗਣਾ ਕੀੜੇ ਦੇ ਡੰਗਣ ਨਾਲੋਂ ਕਿਵੇਂ ਵੱਖਰਾ ਹੁੰਦਾ ਹੈ, ਡੰਗੇ...

ਸੱਪ ਦਾ ਡੰਗਣਾ ਕੀੜੇ ਦੇ ਡੰਗਣ ਨਾਲੋਂ ਕਿਵੇਂ ਵੱਖਰਾ ਹੁੰਦਾ ਹੈ, ਡੰਗੇ ਜਾਣ ਮਗਰੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

4
0

Source :- BBC PUNJABI

ਸੱਪ

ਤਸਵੀਰ ਸਰੋਤ, Getty Images

ਹਰ ਸਾਲ ਮਾਨਸੂਨ ਦੇ ਮੌਸਮ ਵਿੱਚ ਸੱਪ ਦੇ ਡੰਗਣ ਦੀਆਂ ਘਟਨਾਵਾਂ ਵੱਧਣ ਲੱਗਦੀਆਂ ਹਨ।

ਅਜਿਹੀ ਹੀ ਇੱਕ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਸੀਆਂ ਵਿੱਚ ਵਾਪਰੀ ਜਿੱਥੇ ਸੱਪ ਦੇ ਡੰਗਣ ਕਾਰਨ ਦੋ ਭੈਣ-ਭਰਾ ਦੀ ਮੌਤ ਹੋ ਗਈ।

ਰੱਖੜੀ ਵਾਲੇ ਦਿਨ ਅੱਠ ਸਾਲਾ ਜੋਬਨਪ੍ਰੀਤ ਅਤੇ ਛੇ ਸਾਲਾਂ ਦੀ ਉਸਦੀ ਭੈਣ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ।

ਦੋਵੇਂ ਭੈਣ-ਭਰਾ ਆਪਣੀ ਦਾਦੀ ਦੇ ਕੋਲ ਘਰ ਵਿੱਚ ਕਮਰਿਆਂ ਤੋਂ ਬਾਹਰ ਸੁੱਤੇ ਹੋਏ ਸਨ।

ਅਚਾਨਕ ਤਿੰਨ ਵਜੇ ਦੇ ਆਸ-ਪਾਸ ਜੋਬਨਪ੍ਰੀਤ ਨੇ ਆਪਣੀ ਦਾਦੀ ਨੂੰ ਸ਼ਿਕਾਇਤ ਕੀਤੀ ਕਿ ਉਸਨੂੰ ਕਿਸੇ ਚੀਜ਼ ਨੇ ਕੱਟਿਆ ਹੈ। ਪਰ ਪਰਿਵਾਰ ਨੇ ਸੋਚਿਆ ਕਿ ਕਿਸੇ ਕੀੜੇ ਜਾਂ ਮੱਛਰ ਨੇ ਕੱਟਿਆ ਹੋਵੇਗਾ। ਕੁਝ ਸਮੇਂ ਮਗਰੋਂ ਜਸਪ੍ਰੀਤ ਨੇ ਕਿਸੇ ਚੀਜ਼ ਵੱਲੋਂ ਕੱਟੇ ਜਾਣ ਦੀ ਸ਼ਿਕਾਇਤ ਕੀਤੀ।

ਇਸ ਦੌਰਾਨ ਜਦੋਂ ਬੱਚਿਆਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਅਤੇ ਘਟਨਾ ਵਾਲੀ ਥਾਂ ਕੋਲ ਸੱਪ ਨਜ਼ਰ ਆਇਆ ਤਾਂ ਪਰਿਵਾਰ ਬੱਚਿਆਂ ਨੂੰ ਹਸਪਤਾਲ ਲੈ ਗਿਆ।

ਜਸਪ੍ਰੀਤ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ ਸੀ, ਜਦਕਿ ਜੋਬਨਪ੍ਰੀਤ ਦੀ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਹੋ ਗਈ ਸੀ।

ਕੇਂਦਰ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੁਤਾਬਕ ਭਾਰਤ ਵਿੱਚ ਹਰ ਸਾਲ ਅੰਦਾਜ਼ਨ 30 ਤੋਂ 40 ਲੱਖ ਸੱਪ ਦੇ ਡੰਗ ਦੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 50,000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਅੰਕੜਾ ਦੁਨੀਆ ਭਰ ਵਿੱਚ ਸੱਪ ਦੇ ਡੰਗ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦਾ ਲਗਭਗ ਅੱਧਾ ਹੈ।

ਅਜਿਹੇ ਵਿੱਚ ਸਵਾਲ ਉੱਠ ਰਹੇ ਹਨ ਕਿ ਸੱਪ ਦੇ ਡੰਗਣ ਮਗਰੋਂ ਕਿਹੜੀਆਂ ਗੱਲਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਹੜੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਪੰਜਾਬ ਵਿੱਚ ਕਿਹੜੇ ਸੱਪ ਮਿਲਦੇ ਹਨ?

ਸੱਪ

ਨਵਾਂ ਸ਼ਹਿਰ ਦੇ ਰਹਿਣ ਵਾਲੇ ਨਿਖਿਲ ਸਾਂਗਰ ਕੋਲ ਸੱਪਾਂ ਨੂੰ ਰੇਸਕਿਊ ਕਰਨ ਦਾ ਇੱਕ ਦਹਾਕੇ ਤੋਂ ਵੱਧ ਦਾ ਤਜਰਬਾ ਹੈ। ਇਸ ਦੌਰਾਨ ਉਨ੍ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੱਪਾਂ ਨੂੰ ਬਚਾਇਆ ਹੈ। ਉਨ੍ਹਾਂ ਨੇ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਨਾਲ ਵੀ ਮਿਲ ਕੇ ਲੰਬਾ ਸਮਾਂ ਕੰਮ ਕੀਤਾ ਹੈ।

ਉਨ੍ਹਾਂ ਮੁਤਾਬਕ, “ਪੰਜਾਬ ਵਿੱਚ ਸੱਪਾਂ ਦੀਆਂ ਚਾਰ ਪ੍ਰਜਾਤੀਆਂ ਜਾਨਲੇਵਾ ਹਨ। ਇਨ੍ਹਾਂ ਪ੍ਰਜਾਤੀਆਂ ਵਿੱਚ ਕੋਬਰਾ, ਕਾਮਨ ਕਰੈਟ ਅਤੇ ਰਸਲਜ਼ ਵਾਈਪਰ ਅਤੇ ਸਾਅ-ਸਕੇਲਡ ਜਾਨਲੇਵਾ ਹਨ।”

ਸੱਪ ਦੇ ਡੰਗੇ ਜਾਣ ਮਗਰੋਂ ਸਭ ਤੋਂ ਜ਼ਰੂਰੀ ਗੱਲ ਕਿਹੜੀ ਹੈ?

ਸੱਪ

ਮਾਹਿਰਾਂ ਮੁਤਾਬਕ ਸੱਪ ਦਾ ਡੰਗਣਾ ਇੱਕ ਮੈਡੀਕਲ ਐਮਰਜੈਂਸੀ ਹੈ। ਪੰਜਾਬ ਵਿੱਚ ਜਾਨਲੇਵਾ ਜ਼ਹਿਰੀਲੇ ਸੱਪ ਮਿਲਦੇ ਹਨ, ਪਰ ਹਰ ਸੱਪ ਦਾ ਡੰਗ ਜਾਨਲੇਵਾ ਨਹੀਂ ਹੁੰਦਾ। ਫਿਰ ਵੀ, ਹਰ ਸੱਪ ਦੇ ਡੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਹਸਪਤਾਲ ਪਹੁੰਚਣਾ ਚਾਹੀਦਾ ਹੈ।

ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਫ਼ਸਰ ਵਜੋਂ ਤੈਨਾਤ ਡਾ. ਦੀਪਕ ਮੌਂਗੀਆ ਦੱਸਦੇ ਹਨ, “ਸੱਪ ਦੇ ਡੰਗੇ ਜਾਣ ਮਗਰੋਂ ਸਭ ਤੋਂ ਜ਼ਰੂਰੀ ਕੰਮ ਹਸਪਤਾਲ ਪਹੁੰਚਣਾ ਹੈ। ਸੱਪ ਦੇ ਜ਼ਹਿਰ ਦੇ ਸਭ ਤੋਂ ਕਾਰਗਰ ਇਲਾਜ ਜ਼ਹਿਰ ਵਿਰੋਧੀ ਟੀਕਾ ਹੈ, ਇਸਨੂੰ ਐਂਟੀ-ਸਨੇਕ ਵੈਨਮ ਟੀਕਾ ਵੀ ਕਿਹਾ ਜਾਂਦਾ ਹੈ। ਇਹ ਟੀਕਾ ਜਿੰਨਾ ਜਲਦੀ ਲੱਗਦਾ ਹੈ, ਉਨਾ ਮਰੀਜ਼ ਵਾਸਤੇ ਚੰਗਾ ਹੁੰਦਾ ਹੈ।”

ਲੁਧਿਆਣਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਖੀਲ ਸਰੀਨ ਦੱਸਦੇ ਹਨ, “ਸੱਪ ਦਾ ਜ਼ਹਿਰ ਕਿੰਨੇ ਸਮੇਂ ਵਿੱਚ ਲੱਛਣ ਦਿਖਾਵੇਗਾ, ਕਿੰਨੇ ਸਮੇਂ ਵਿੱਚ ਜ਼ਹਿਰ ਦਾ ਪ੍ਰਭਾਵ ਸ਼ੁਰੂ ਹੋਵੇਗਾ ਜਾਂ ਕਿੰਨੇ ਸਮੇਂ ਅੰਦਰ ਜ਼ਹਿਰ ਵਿਰੋਧੀ ਟੀਕਾ ਲੱਗਣਾ ਚਾਹੀਦਾ ਹੈ, ਇਹ ਸੱਪ ਦੀ ਕਿਸਮ ਅਤੇ ਮਰੀਜ਼ ਦੀ ਉਮਰ, ਸਿਹਤ ਅਤੇ ਉਸਦੀ ਰੋਗ ਪ੍ਰਤੀਰੋਧਕ ਸਮਰੱਥਾ ਉੱਤੇ ਨਿਰਭਰ ਹੈ।”

ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ

ਸੱਪ

ਤਸਵੀਰ ਸਰੋਤ, Getty Images

ਕੌਮੀ ਸਿਹਤ ਮਿਸ਼ਨ (ਐਨਐੱਚਐੱਮ) ਦੀ ਮਿਆਰੀ ਕਾਰਜ ਪ੍ਰਣਾਲੀ (ਐੱਸਓਪੀ) ਅਤੇ ਡਾਕਟਰਾਂ ਮੁਤਾਬਕ ਹੇਠ ਲਿਖੀਆਂ ਮੁੱਖ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

  • ਮਰੀਜ਼ ਨੂੰ ਸ਼ਾਂਤ ਰੱਖੋ।
  • ਘਬਰਾਹਟ ਅਤੇ ਜ਼ਿਆਦਾ ਹਿਲਜੁਲ ਤੋਂ ਬਚਾਓ।
  • ਮਰੀਜ਼ ਨੂੰ ਦੌੜਨ ਜਾਂ ਤੁਰਨ ਲਈ ਮਜਬੂਰ ਨਾ ਕਰੋ।
  • ਪ੍ਰਭਾਵਿਤ ਅੰਗ ਨੂੰ ਘੱਟ ਤੋਂ ਘੱਟ ਹਿਲਾਓ।
  • ਜਿਸ ਹੱਥ ਜਾਂ ਪੈਰ ‘ਤੇ ਸੱਪ ਨੇ ਡੰਗਿਆ ਹੈ, ਉਸ ਨੂੰ ਹਿਲਾਉਣ ਤੋਂ ਬਚੋ।
  • ਅੰਗ ਨੂੰ ਸਪਲਿੰਟ ਜਾਂ ਕਿਸੇ ਸਹਾਰੇ ਨਾਲ ਇਸ ਤਰ੍ਹਾਂ ਸਥਿਰ ਕਰੋ ਕਿ ਖੂਨ ਦੀ ਸਪਲਾਈ ਨਾ ਰੁਕੇ।
  • ਜਿੱਥੇ ਸੱਪ ਨੇ ਡੰਗਿਆ ਹੈ, ਉਸ ਤੋਂ ਗਹਿਣੇ, ਅੰਗੂਠੀਆਂ, ਕੜੇ, ਜੁੱਤੇ, ਘੜੀ ਅਤੇ ਤੰਗ ਕੱਪੜੇ ਹਟਾਓ। ਬਾਅਦ ਵਿੱਚ ਸੋਜ ਆਉਣ ਨਾਲ ਇਹ ਸਥਿਤੀ ਨੂੰ ਵਿਗਾੜ ਸਕਦੇ ਹਨ।
  • ਜ਼ਖਮ ਨੂੰ ਨਾ ਢੱਕੋ।
  • ਮਰੀਜ਼ ਨੂੰ ਖੱਬੇ ਪਾਸੇ ਵੱਲ ਟੇਢਾ ਪਾਓ। ਇਹ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਸਿਰ ਥੱਲੇ ਹੱਥ ਦਾ ਸਹਾਰਾ ਹੋਵੇ ਅਤੇ ਸੱਜੀ ਲੱਤ ਮੁੜੀ ਹੋਈ ਹੋਵੇ।

ਕੀ ਬਿਲਕੁਲ ਨਹੀਂ ਕਰਨਾ ਚਾਹੀਦਾ?

ਸੱਪ

ਤਸਵੀਰ ਸਰੋਤ, Getty Images

ਸਿਹਤ ਮਿਸ਼ਨ (ਐਨਐੱਚਐੱਮ) ਦੀ ਮਿਆਰੀ ਕਾਰਜ ਪ੍ਰਣਾਲੀ (ਐੱਸਓਪੀ) ਮੁਤਾਬਕ ਡੰਗ ਵਾਲੀ ਥਾਂ ‘ਤੇ ਰੱਸੀ ਜਾਂ ਕੱਪੜਾ ਨਾਲ ਕੱਸ ਕੇ ਨਹੀਂ ਬੰਨ੍ਹਣਾ ਚਾਹੀਦਾ। ਇਸ ਨਾਲ ਖੂਨ ਦੀ ਸਪਲਾਈ ਰੁਕ ਸਕਦੀ ਹੈ ਅਤੇ ਅੰਗ ਨੂੰ ਨੁਕਸਾਨ ਹੋ ਸਕਦਾ ਹੈ।

ਜ਼ਖ਼ਮ ਨੂੰ ਬਲੇਡ ਜਾਂ ਚਾਕੂ ਜਾਂ ਕਿਸੇ ਵੀ ਚੀਜ਼ ਨਾਲ ਨਹੀਂ ਕੱਟਣਾ ਚਾਹੀਦਾ ਅਤੇ ਨਾ ਹੀ ਜ਼ਹਿਰ ਚੂਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜ਼ਖ਼ਮ ‘ਤੇ ਬਰਫ਼, ਸੇਕ, ਬਿਜਲੀ ਜਾਂ ਰਸਾਇਣ ਨਾ ਲਗਾਓ। ਇਹ ਤਰੀਕੇ ਨੁਕਸਾਨ ਪਹੁੰਚਾ ਸਕਦੇ ਹਨ।

ਡਾ. ਦੀਪਕ ਮੌਂਗੀਆ ਕਹਿੰਦੇ ਹਨ ਕਿ ਤਾਂਤਰਿਕਾਂ, ਬਾਬਿਆਂ ਜਾਂ ਝਾੜ-ਫੂਕ ਦੇ ਚੱਕਰ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸੱਪ ਦੇ ਜ਼ਹਿਰ ਦਾ ਵਿਗਿਆਨਕ ਇਲਾਜ ਹਸਪਤਾਲ ਵਿੱਚ ਹੀ ਹੁੰਦਾ ਹੈ। ਰਵਾਇਤੀ ਇਲਾਜ ਦੇ ਤਰੀਕਿਆਂ ਦੇ ਪ੍ਰਭਾਵਸ਼ਾਲੀ ਹੋਣ ਦਾ ਕੋਈ ਵਿਗਿਆਨਕ ਸਬੂਤ ਮੌਜੂਦ ਨਹੀਂ ਹੈ।

ਕਿਹੜੇ ਲੱਛਣਾਂ ‘ਤੇ ਖਾਸ ਧਿਆਨ ਰੱਖਣਾ ਚਾਹੀਦਾ ਹੈ?

ਡਾਕਟਰ ਮੌਂਗੀਆ ਦੱਸਦੇ ਹਨ ਕਿ ਡੰਗ ਵਾਲੀ ਥਾਂ ‘ਤੇ ਦਰਦ, ਵਧਦੀ ਸੋਜ, ਖੂਨ ਦਾ ਵਗਣਾ, ਛਾਲੇ ਪੈਣਾ, ਅੱਖਾਂ ਦੀਆਂ ਪਲਕਾਂ ਥੱਲੇ ਡਿੱਗਣਾ, ਧੁੰਦਲਾ ਜਾਂ ਦੋਹਰਾ ਦਿਖਾਈ ਦੇਣਾ, ਬੋਲਣ ਵਿੱਚ ਦਿੱਕਤ, ਨਿਗਲਣ ਵਿੱਚ ਮੁਸ਼ਕਲ, ਸਾਹ ਲੈਣ ਵਿੱਚ ਦਿੱਕਤ, ਮਾਸਪੇਸ਼ੀਆਂ ਵਿੱਚ ਕਮਜ਼ੋਰੀ, ਨੱਕ, ਮਸੂੜਿਆਂ ਜਾਂ ਹੋਰ ਥਾਵਾਂ ਤੋਂ ਖੂਨ ਵਗਣਾ ਵਰਗੇ ਲੱਛਣਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਉਹ ਕਹਿੰਦੇ ਹਨ, “ਵੈਸੇ ਤਾਂ ਸੱਪ ਦੇ ਡੰਗੇ ਜਾਣ ਮਗਰੋਂ ਤੁਰੰਤ ਹਸਪਤਾਲ ਪਹੁੰਚਣਾ ਚਾਹੀਦਾ ਹੈ। ਚਾਹੇ ਸੱਪ ਜ਼ਹਿਰੀਲਾ ਨਾ ਵੀ ਹੋਵੇ। ਇਹ ਡਾਕਟਰ ਜਾਂ ਹਸਪਤਾਲ ਨੂੰ ਤੈਅ ਕਰਨ ਦਿਓ ਕਿ ਮਰੀਜ਼ ਨੂੰ ਕਿਸ ਤਰ੍ਹਾਂ ਦੇ ਇਲਾਜ ਦੀ ਲੋੜ ਹੈ ਜਾਂ ਲੋੜ ਨਹੀਂ ਹੈ। ਪਰ ਜੇਕਰ ਇਨ੍ਹਾਂ ਵਿੱਚੋਂ ਕੋਈ ਲੱਛਣ ਨਜ਼ਰ ਆਉਂਦਾ ਹੈ ਤਾਂ ਇਸਦਾ ਮਤਲਬ ਹੈ ਕਿ ਹਾਲਾਤ ਖ਼ਤਰਨਾਕ ਹਨ।”

ਉਹ ਅੱਗੇ ਦੱਸਦੇ ਹਨ, “ਕੁਝ ਜ਼ਹਿਰੀਲੇ ਸੱਪਾਂ ਦੇ ਡੰਗਾਂ ਦੇ ਲੱਛਣ ਦੇਰ ਨਾਲ ਵਿਕਸਿਤ ਹੋ ਸਕਦੇ ਹਨ। ਇਸ ਲਈ ਜੇਕਰ ਸ਼ੁਰੂ ਵਿੱਚ ਮਰੀਜ਼ ਠੀਕ ਮਹਿਸੂਸ ਕਰੇ ਤਾਂ ਵੀ ਹਸਪਤਾਲ ਜਾਣਾ ਜ਼ਰੂਰੀ ਹੈ।”

ਹਸਪਤਾਲ ਵਿੱਚ ਕੀ ਹੁੰਦਾ ਹੈ?

ਸੱਪ

ਤਸਵੀਰ ਸਰੋਤ, Getty Images

ਲੁਧਿਆਣਾ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਖੀਲ ਸਰੀਨ ਦੱਸਦੇ ਹਨ, “ਹਸਪਤਾਲ ਪਹੁੰਚਣ ਉੱਤੇ ਸਭ ਤੋਂ ਪਹਿਲਾਂ ਮਰੀਜ਼ ਨੂੰ ਐਮਰਜੈਂਸੀ ਵਿੱਚ ਦਾਖ਼ਲ ਕੀਤਾ ਜਾਂਦਾ ਹੈ। ਉੱਥੇ ਹੀ ਉਸਦੇ ਇਲਾਜ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਇਹ ਪਤਾ ਕੀਤਾ ਜਾਂਦਾ ਹੈ ਕਿ ਡੰਗ ਜ਼ਹਿਰੀਲਾ ਹੈ ਜਾਂ ਨਹੀਂ ਅਤੇ ਫਿਰ ਉਸ ਮੁਤਾਬਕ ਇਲਾਜ ਕੀਤਾ ਜਾਂਦਾ ਹੈ।”

ਉਨ੍ਹਾਂ ਦੱਸਿਆ ਕਿ, “ਸੱਪ ਦੇ ਡੰਗ ਦਾ ਇਲਾਜ ਦਾ ਜ਼ਹਿਰ ਵਿਰੋਧੀ ਟੀਕਾ ਹਰ ਉਸ ਸਰਕਾਰੀ ਹਸਪਤਾਲ ਵਿੱਚ ਮੌਜੂਦ ਹੁੰਦਾ ਹੈ, ਜਿਸ ਵਿੱਚ ਐਮਰਜੈਂਸੀ ਵਿਭਾਗ ਹੁੰਦਾ ਹੈ।”

ਡਾਕਟਰ ਮਰੀਜ਼ ਦੀ ਜਾਂਚ ਕਰਦੇ ਹਨ ਕਿ ਡੰਗ ਜ਼ਹਿਰੀਲਾ ਹੈ ਜਾਂ ਨਹੀਂ। ਜੇਕਰ ਡੰਗ ਜ਼ਹਿਰੀਲਾ ਹੈ ਤਾਂ ਐਂਟੀ-ਸਨੇਕ ਵੇਨਮ (ਏਐੱਸਵੀ) ਦਿੱਤਾ ਜਾਂਦਾ ਹੈ। ਇਹ ਟੀਕਾ ਸੱਪ ਦੇ ਜ਼ਹਿਰ ਦੇ ਗੰਭੀਰ ਪ੍ਰਭਾਵਾਂ ਦੇ ਇਲਾਜ ਲਈ ਵਿਸ਼ੇਸ਼ ਇਲਾਜ ਹੈ। ਜੇਕਰ ਇਸ ਟੀਕੇ ਨਾਲ ਮਰੀਜ਼ ਠੀਕ ਨਹੀਂ ਹੁੰਦਾ ਤਾਂ ਮਰੀਜ਼ ਨੂੰ ਲਾਇਫ ਸਪੋਰਟਿਵ ਸਿਸਟਮ ਉੱਤੇ ਰੱਖਿਆ ਜਾਂਦਾ ਹੈ, ਜਿੱਥੇ ਜ਼ਹਿਰ ਦੇ ਪ੍ਰਭਾਵ ਦੇ ਲੱਛਣਾਂ ਦਾ ਇਲਾਜ ਕੀਤਾ ਜਾਂਦਾ ਹੈ।

ਕੀੜੇ ਦੇ ਡੰਗਣ ਅਤੇ ਸੱਪ ਦੇ ਡੰਗਣ ਵਿੱਚ ਕੀ ਫ਼ਰਕ ਹੁੰਦਾ ਹੈ?

ਸੱਪ

ਤਸਵੀਰ ਸਰੋਤ, Getty Images

ਡਾ. ਮੌਂਗੀਆ ਕਹਿੰਦੇ ਹਨ, “ਸੱਪਾਂ ਦੇ ਡੰਗ ਵੱਖ-ਵੱਖ ਹੁੰਦੇ ਹਨ। ਕਈ ਵਾਰ ਚਾਰ ਨਿਸ਼ਾਨ ਹੁੰਦੇ ਹਨ। ਕਈ ਵਾਰੀ ਦੋ ਨਿਸ਼ਾਨ ਹੁੰਦੇ ਹਨ ਅਤੇ ਕਈ ਵਾਰੀ ਇੱਕ ਨਿਸ਼ਾਨੀ ਹੁੰਦਾ ਹੈ। ਆਮ ਬੰਦਾ ਉਹ ਫ਼ਰਕ ਨਹੀਂ ਕਰ ਸਕਦਾ ਕਿ ਕਿਸ ਪ੍ਰਜਾਤੀ ਦੇ ਸੱਪ ਨੇ ਕੱਟਿਆ ਹੈ। ਇਹ ਫ਼ਰਕ ਮਾਹਰ ਹੀ ਕਰ ਸਕਦੇ ਹਨ।”

“ਮੱਛਰ ਜਾਂ ਕੀੜੇ ਦੇ ਕੱਟਣ ਦਾ ਭੁਲੇਖਾ ਜ਼ਿਆਦਾਤਰ ਕਾਮਨ ਕਰੇਟ ਦੇ ਡੰਗ ਤੋਂ ਹੀ ਪੈਂਦਾ ਹੈ। ਕਾਮਨ ਕਰੇਟ ਦੇ ਡੰਗ ਦਾ ਨਿਸ਼ਾਨ ਬਹੁਤ ਹੀ ਪਤਲਾ ਹੁੰਦਾ ਹੈ। ਕਈ ਵਾਰੀ ਇਸ ਡੰਗ ਦੇ ਨਿਸ਼ਾਨ ਨੂੰ ਦੇਖਣ ਵਿੱਚ ਵੀ ਸਮੱਸਿਆ ਆਉਂਦੀ ਹੈ। ਕਈ ਵਾਰੀ ਇਹ ਇੱਕ ਝਰੀਟ ਵਾਂਗ ਵੀ ਹੁੰਦਾ ਹੈ ਅਤੇ ਕਈ ਵਾਰ ਨਿਸ਼ਾਨ ਸਪੱਸ਼ਟ ਤੌਰ ਉੱਤੇ ਨਜ਼ਰ ਵੀ ਨਹੀਂ ਆਉਂਦਾ।”

ਮੌਨਸੂਨ ਦੌਰਾਨ ਸੱਪ ਦੇ ਡੰਗਣ ਦੀਆਂ ਘਟਨਾਵਾਂ ਕਿਉਂ ਵਧਦੀਆਂ ਹਨ?

ਨਿਖਿਲ ਸਾਂਗਰ ਦੱਸਦੇ ਹਨ, “ਮਾਨਸੂਨ ਸੱਪਾਂ ਦੀ ਬਰੀਡਿੰਗ ਦਾ ਸਮਾਂ ਹੁੰਦਾ ਹੈ। ਇਸ ਲਈ ਇਨ੍ਹਾਂ ਦਿਨਾਂ ਵਿੱਚ ਆਮ ਦਿਨਾਂ ਨਾਲੋਂ ਉਨ੍ਹਾਂ ਦੀ ਗਿਣਤੀ ਵੱਧ ਹੁੰਦੀ ਹੈ। ਕੀਟ ਵੀ ਇਨ੍ਹਾਂ ਦਿਨਾਂ ਵਿੱਚ ਹੀ ਬਰੀਡਿੰਗ ਕਰਦੇ ਹਨ। ਇਸ ਲਈ ਕੀਟਾਂ ਦਾ ਪਿੱਛਾ ਕਰਦਿਆਂ ਵੀ ਸੱਪ ਰਿਹਾਇਸ਼ੀ ਏਰੀਏ ਵਿੱਚ ਪਹੁੰਚ ਜਾਂਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI