Source :- BBC PUNJABI
ਤਸਵੀਰ ਸਰੋਤ, Getty Images
ਕੁਝ ਮਹੀਨੇ ਦੇ ਹੁੰਦੇ ਹੀ ਬੱਚਿਆਂ ਦੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਕਿਸ਼ੋਰ ਅਵਸਥਾ ਵਿੱਚ ਪਹੁੰਚਣ ਤੱਕ ਉਨ੍ਹਾਂ ਦੇ ਲਗਭਗ ਸਾਰੇ ਸਥਾਈ ਦੰਦ ਨਿਕਲ ਆਉਂਦੇ ਹਨ।
ਹਾਲਾਂਕਿ, ਮੂੰਹ ਦੇ ਬਿਲਕੁਲ ਪਿਛਲੇ ਹਿੱਸੇ ਵਿੱਚ ਮੌਜੂਦ ਕੁਝ ਦਾੜ੍ਹਾਂ ਸਭ ਤੋਂ ਆਖ਼ਿਰ ਵਿੱਚ ਨਿਕਲਦੀਆਂ ਹਨ।
ਆਮ ਤੌਰ ‘ਤੇ ਅਜਿਹਾ ਉਦੋਂ ਹੁੰਦਾ ਹੈ, ਜਦੋਂ ਵਿਅਕਤੀ ਬਾਲਗ਼ ਹੋਣ ਦੀ ਉਮਰ ਵਿੱਚ ਪਹੁੰਚ ਰਿਹਾ ਹੁੰਦਾ ਹੈ।
ਪਾਕਿਸਤਾਨ, ਭਾਰਤ ਅਤੇ ਬੰਗਲਾਦੇਸ਼ ਦੀਆਂ ਸਥਾਨਕ ਭਾਸ਼ਾਵਾਂ ਵਿੱਚ ਇਨ੍ਹਾਂ ਦੰਦਾਂ ਨੂੰ ‘ਅਕਲ ਦਾੜ੍ਹ’ ਕਿਹਾ ਜਾਂਦਾ ਹੈ।
ਇਹ ਧਾਰਨਾ ਹੈ ਕਿ ਉਮਰ ਵਧਣ ਦੇ ਨਾਲ ਇਨਸਾਨ ਦੀ ਸਮਝ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਵੀ ਵਿਕਸਿਤ ਹੁੰਦੀ ਹੈ। ‘ਅਕਲ’ ਦਾ ਮਤਲਬ ਸੂਝਬੂਝ ਜਾਂ ਵਿਵੇਕ ਹੁੰਦਾ ਹੈ।
ਇਸੇ ਵਜ੍ਹਾ ਨਾਲ ਅੰਗਰੇਜ਼ੀ ਵਿੱਚ ਇਸ ਨੂੰ ‘ਵਿਜ਼ਡਮ ਟੂਥ’ ਕਿਹਾ ਜਾਂਦਾ ਹੈ। ਮੈਡੀਕਲ ਦੀ ਭਾਸ਼ਾ ਵਿੱਚ ਇਸ ਨੂੰ ‘ਥਰਡ ਮੋਲਰ’ ਭਾਵ ਤੀਜੀ ਦਾੜ੍ਹ ਕਿਹਾ ਜਾਂਦਾ ਹੈ।
ਇਸ ਨੂੰ ਇਹ ਨਾਮ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਦੰਦਾਂ ਦੀ ਕਤਾਰ ਵਿੱਚ ਇਹ ਤੀਜੀ ਦਾੜ੍ਹ ਹੁੰਦੀ ਹੈ।
ਹਾਲਾਂਕਿ, ਹਰ ਵਿਅਕਤੀ ਦੀ ਅਕਲ ਦਾੜ੍ਹ ਨਹੀਂ ਨਿਕਲਦੀ। ਕੁਝ ਲੋਕਾਂ ਵਿੱਚ ਇਹ ਦੰਦ ਮੌਜੂਦ ਹੋਣ ਦੇ ਬਾਵਜੂਦ ਕੋਈ ਸਮੱਸਿਆ ਪੈਦਾ ਨਹੀਂ ਕਰਦੇ, ਜਦਕਿ ਕੁਝ ਲੋਕਾਂ ਲਈ ਇਹ ਦਰਦ ਅਤੇ ਤਕਲੀਫ਼ ਦਾ ਕਾਰਨ ਬਣ ਸਕਦੇ ਹਨ।
ਪਰ ਅਕਲ ਦਾੜ੍ਹਾਂ ਇੰਨੀ ਦੇਰ ਨਾਲ ਕਿਉਂ ਨਿਕਲਦੀਆਂ ਹਨ? ਦੰਦ ਨਿਕਲਦੇ ਸਮੇਂ ਦਰਦ ਕਿਉਂ ਹੁੰਦਾ ਹੈ? ਇਹ ਕਿਸ ਉਮਰ ਤੱਕ ਨਿਕਲ ਸਕਦੀਆਂ ਹਨ ਅਤੇ ਜੇ ਦਰਦ ਹੋਵੇ ਤਾਂ ਕੀ ਦੰਦ ਕਢਵਾਉਣਾ ਹੀ ਇਕੋ-ਇਕ ਹੱਲ ਹੈ?
ਅਕਲ ਦਾੜ੍ਹ ਨਿਕਲਣ ਦੀ ਸਹੀ ਉਮਰ
ਤਸਵੀਰ ਸਰੋਤ, Getty Images
ਇੱਕ ਬਾਲਗ ਇਨਸਾਨ ਦੇ ਆਮ ਤੌਰ ‘ਤੇ 32 ਦੰਦ ਹੁੰਦੇ ਹਨ।
ਇਨ੍ਹਾਂ ਵਿੱਚ ਮੂੰਹ ਦੇ ਉੱਪਰਲੇ ਅਤੇ ਹੇਠਲੇ ਜਬਾੜੇ ਦੇ ਦੋਵੇਂ ਪਾਸੇ, ਬਿਲਕੁਲ ਪਿੱਛੇ ਹਰ ਕੋਨੇ ‘ਤੇ ਇੱਕ-ਇੱਕ ਕਰਕੇ ਕੁੱਲ ਚਾਰ ਅਕਲ ਦਾੜ੍ਹਾਂ ਹੋ ਸਕਦੀਆਂ ਹਨ।
ਹਾਲਾਂਕਿ, ਹਰ ਵਿਅਕਤੀ ਵਿੱਚ ਚਾਰੋਂ ਅਕਲ ਦਾੜ੍ਹਾਂ ਮੌਜੂਦ ਨਹੀਂ ਹੁੰਦੀਆਂ।
ਕਿਸੇ ਦੀ ਇੱਕ, ਦੋ ਜਾਂ ਤਿੰਨ ਅਕਲ ਦਾੜ੍ਹਾਂ ਹੋ ਸਕਦੀਆਂ ਹਨ, ਜਦਕਿ ਕਿਸੇ ਦੀ ਇੱਕ ਵੀ ਨਹੀਂ ਹੋ ਸਕਦੀ।
ਅਮਰੀਕਨ ਡੈਂਟਲ ਐਸੋਸੀਏਸ਼ਨ ਦੇ ਮੁਤਾਬਕ, ਆਮ ਤੌਰ ‘ਤੇ 17 ਤੋਂ 21 ਸਾਲ ਦੀ ਉਮਰ ਦੇ ਵਿਚਕਾਰ ਅਕਲ ਦਾੜ੍ਹ ਨਿਕਲਣੀ ਸ਼ੁਰੂ ਹੁੰਦੀ ਹੈ।
ਬਰਤਾਨੀਆ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦਾ ਕਹਿਣਾ ਹੈ ਕਿ ਇਹ ਦੰਦ ਆਮ ਤੌਰ ‘ਤੇ ਕਿਸ਼ੋਰ ਅਵਸਥਾ ਦੇ ਆਖ਼ਰੀ ਸਾਲਾਂ ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿਚਕਾਰ ਨਿਕਲਦੇ ਹਨ।
ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੈ ਕਿ ਇੱਕ ਨਿਸ਼ਚਿਤ ਉਮਰ ਲੰਘ ਜਾਣ ਤੋਂ ਬਾਅਦ ਅਕਲ ਦੀ ਦਾੜ੍ਹ ਨਹੀਂ ਨਿਕਲੇਗੀ। ਕੁਝ ਲੋਕਾਂ ਵਿੱਚ ਅਕਲ ਦਾੜ੍ਹ ਬਾਅਦ ਦੀ ਉਮਰ ਵਿੱਚ ਵੀ ਨਿਕਲ ਸਕਦੀ ਹੈ।
ਜੇਕਰ ਅਕਲ ਦਾੜ੍ਹ ਮਸੂੜਿਆਂ ਵਿੱਚ ਸਹੀ ਥਾਂ ‘ਤੇ ਨਿਕਲੇ ਤਾਂ ਇਹ ਮੂੰਹ ਦੇ ਪਿਛਲੇ ਹਿੱਸੇ ਨੂੰ ਸਹਾਰਾ ਦੇਣ ਅਤੇ ਜਬਾੜੇ ਦੀ ਹੱਡੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦੀ ਹੈ।
ਹਾਲਾਂਕਿ, ਆਮ ਤੌਰ ‘ਤੇ ਦੇਖਿਆ ਜਾਵੇ ਤਾਂ ਅਕਲ ਦਾੜ੍ਹ ਦੀ ਅਸਲ ਵਿੱਚ ਹੁਣ ਜ਼ਿਆਦਾ ਲੋੜ ਨਹੀਂ ਰਹਿ ਗਈ ਹੈ।
ਬਲਕਿ ਜ਼ਿਆਦਾਤਰ ਮੈਡੀਕਲ ਮਾਹਰ ਇਨ੍ਹਾਂ ਨੂੰ ਇੱਕ ਬੇਅਸਰ ਅੰਗ ਮੰਨਦੇ ਹਨ।

ਅਤੀਤ ਵਿੱਚ ਇਨ੍ਹਾਂ ਦੀ ਇੱਕ ਖ਼ਾਸ ਭੂਮਿਕਾ ਸੀ ਪਰ ਹੁਣ ਉਸ ਦੀ ਅਹਿਮੀਅਤ ਨਹੀਂ ਰਹਿ ਗਈ ਹੈ।
ਅਮਰੀਕਾ ਦੇ ਕਲੀਵਲੈਂਡ ਕਲੀਨਿਕ ਦੇ ਮੁਤਾਬਕ, ਸਾਡੇ ਪੁਰਖਿਆਂ ਦੇ ਸ਼ੁਰੂਆਤੀ ਭੋਜਨ ਵਿੱਚ ਵੱਡੀ ਮਾਤਰਾ ਵਿੱਚ ਕੱਚੇ ਪੌਦੇ, ਸੁੱਕੇ ਫਲ ਅਤੇ ਸਖ਼ਤ ਤੇ ਰੇਸ਼ੇਦਾਰ ਮਾਸ ਸ਼ਾਮਲ ਹੁੰਦਾ ਸੀ।
ਇਸ ਤਰ੍ਹਾਂ ਦੇ ਭੋਜਨ ਨੂੰ ਚਬਾ ਕੇ ਪਚਣਯੋਗ ਬਣਾਉਣ ਵਿੱਚ ਅਕਲ ਦਾੜ੍ਹ ਅਹਿਮ ਭੂਮਿਕਾ ਨਿਭਾਉਂਦੀ ਸੀ।
ਅੱਜ ਦੇ ਦੌਰ ਵਿੱਚ ਭੋਜਨ ਤਿਆਰ ਕਰਨ ਦੇ ਆਧੁਨਿਕ ਤਰੀਕਿਆਂ ਅਤੇ ਖਾਣ ਲਈ ਵਰਤੇ ਜਾਣ ਵਾਲੇ ਉਪਕਰਨਾਂ ਨੇ ਅਕਲ ਦਾੜ੍ਹ ਦੀ ਲੋੜ ਨੂੰ ਕਾਫ਼ੀ ਹੱਦ ਤੱਕ ਖ਼ਤਮ ਕਰ ਦਿੱਤਾ ਹੈ।
ਖਾਣ-ਪੀਣ ਦੀਆਂ ਆਦਤਾਂ ਵਿੱਚ ਇਸ ਬਦਲਾਅ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਸਾਡੇ ਸਰੀਰ ਵਿੱਚ ਵੀ ਕੁਝ ਮਾਮੂਲੀ ਬਦਲਾਅ ਹੋਏ ਹਨ।
ਮਿਸਾਲ ਵਜੋਂ, ਸਾਡੇ ਜਬਾੜੇ ਪਹਿਲਾਂ ਦੀ ਤੁਲਨਾ ਵਿੱਚ ਛੋਟੇ ਹੋ ਗਏ ਹਨ।
ਇਸੇ ਵਜ੍ਹਾ ਨਾਲ ਬਹੁਤ ਸਾਰੇ ਲੋਕਾਂ ਦੇ ਮੂੰਹ ਵਿੱਚ ਅਕਲ ਦਾੜ੍ਹ ਨਿਕਲਣ ਲਈ ਕਾਫ਼ੀ ਥਾਂ ਨਹੀਂ ਹੁੰਦੀ।
ਆਮ ਤੌਰ ‘ਤੇ ਇਨਸਾਨ ਦੀਆਂ ਚਾਰ ਅਕਲ ਦਾੜ੍ਹਾਂ ਹੁੰਦੀਆਂ ਹਨ, ਪਰ ਜ਼ਰੂਰੀ ਨਹੀਂ ਕਿ ਹਮੇਸ਼ਾ ਚਾਰੋਂ ਨਿਕਲਣ।
ਹਰ ਦਸ ਲੋਕਾਂ ਵਿੱਚੋਂ ਕਰੀਬ ਅੱਠ ਲੋਕਾਂ ਦੀ ਘੱਟੋ-ਘੱਟ ਇੱਕ ਅਕਲ ਦਾੜ੍ਹ ਨਹੀਂ ਨਿਕਲਦੀ।
ਹਾਲਾਂਕਿ, ਕਿਸੇ ਵੀ ਅਕਲ ਦਾੜ੍ਹ ਦਾ ਨਾ ਨਿਕਲਣਾ ਜਾਂ ਚਾਰੋਂ ਦਾ ਨਿਕਲ ਆਉਣਾ, ਦੋਵੇਂ ਹੀ ਆਮ ਸਥਿਤੀਆਂ ਹਨ।
ਅਕਲ ਦਾੜ੍ਹ ਨਿਕਲਣ ‘ਤੇ ਦਰਦ ਕਿਉਂ ਹੁੰਦਾ ਹੈ?
ਤਸਵੀਰ ਸਰੋਤ, Getty Images
ਜੇਕਰ ਅਕਲ ਦਾੜ੍ਹ ਦੂਜੇ ਦੰਦਾਂ ਵਾਂਗ ਆਮ ਤਰੀਕੇ ਨਾਲ ਅਤੇ ਕਾਫ਼ੀ ਥਾਂ ਦੇ ਨਾਲ ਨਿਕਲੇ ਤਾਂ ਆਮ ਤੌਰ ‘ਤੇ ਕੋਈ ਸਮੱਸਿਆ ਨਹੀਂ ਹੁੰਦੀ।
ਹਾਲਾਂਕਿ, ਇਸ ਦੰਦ ਦੇ ਨਿਕਲਣ ਦੌਰਾਨ ਹਲਕੀ ਤਕਲੀਫ਼ ਜਾਂ ਬੇਚੈਨੀ ਮਹਿਸੂਸ ਹੋ ਸਕਦੀ ਹੈ।
ਅਕਲ ਦਾੜ੍ਹ ਮੁੱਖ ਤੌਰ ‘ਤੇ ਥਾਂ ਦੀ ਕਮੀ ਕਾਰਨ ਸਮੱਸਿਆਵਾਂ ਪੈਦਾ ਕਰਦੀ ਹੈ।
ਇਹ ਦੰਦ ਮਸੂੜਿਆਂ ਦੇ ਬਿਲਕੁਲ ਆਖ਼ਰੀ ਹਿੱਸੇ ਵਿੱਚ ਨਿਕਲਦਾ ਹੈ।
ਜੇ ਉੱਥੇ ਦੰਦ ਦੇ ਨਿਕਲਣ ਲਈ ਲੋੜੀਂਦੀ ਥਾਂ ਨਾ ਹੋਵੇ ਤਾਂ ਇਹ ਨਾਲ ਵਾਲੇ ਦੰਦ ਵੱਲ ਝੁਕ ਸਕਦੀ ਹੈ ਜਾਂ ਫਿਰ ਅੰਸ਼ਕ ਜਾਂ ਪੂਰੀ ਤਰ੍ਹਾਂ ਮਸੂੜੇ ਜਾਂ ਜਬਾੜੇ ਦੀ ਹੱਡੀ ਵਿੱਚ ਫਸੀ ਰਹੀ ਸਕਦੀ ਹੈ।
ਅਜਿਹੇ ਦੰਦ ਨੂੰ ‘ਇੰਪੈਕਟਡ ਵਿਜ਼ਡਮ ਟੂਥ’ ਜਾਂ ਫਸੀ ਹੋਈ ਅਕਲ ਦਾੜ੍ਹ ਕਿਹਾ ਜਾਂਦਾ ਹੈ।
ਜੇ ਅੰਸ਼ਕ ਤੌਰ ‘ਤੇ ਨਿਕਲੇ ਹੋਏ ਦੰਦ ਦੇ ਉੱਪਰ ਮਸੂੜੇ ਦਾ ਕੁਝ ਹਿੱਸਾ ਬਚਿਆ ਰਹਿ ਜਾਵੇ ਤਾਂ ਉੱਥੇ ਭੋਜਨ ਦੇ ਕਣ ਅਤੇ ਬੈਕਟੀਰੀਆ ਜਮ੍ਹਾਂ ਹੋ ਸਕਦੇ ਹਨ।
ਇਸ ਨਾਲ ਦੰਦ ਦੇ ਆਲੇ-ਦੁਆਲੇ ਮੌਜੂਦ ਮਸੂੜੇ ਵਿੱਚ ਸੋਜ ਜਾਂ ਇਨਫੈਕਸ਼ਨ ਹੋ ਸਕਦਾ ਹੈ,
ਜਿਸ ਨੂੰ ‘ਪੇਰੀਕੋਰੋਨਾਈਟਿਸ’ ਕਿਹਾ ਜਾਂਦਾ ਹੈ। ਇਸ ਨਾਲ ਦੰਦ ਵਿੱਚ ਕੀੜਾ ਵੀ ਲੱਗ ਸਕਦਾ ਹੈ।
ਅੰਸ਼ਕ ਤੌਰ ‘ਤੇ ਨਿਕਲੇ ਹੋਏ ਦੰਦ ਦੇ ਆਲੇ-ਦੁਆਲੇ ਸਫ਼ਾਈ ਕਰਨਾ ਮੁਸ਼ਕਲ ਹੋਣ ਦੀ ਵਜ੍ਹਾ ਨਾਲ ਕੁਝ ਮਾਮਲਿਆਂ ਵਿੱਚ ਅਕਲ ਦਾੜ੍ਹ ਦੇ ਆਲੇ-ਦੁਆਲੇ ਲਿਕਵਿਡ ਜਮ੍ਹਾਂ ਹੋ ਕੇ ਸਿਸਟ ਜਾਂ ਐਬਸੈੱਸ (ਮਵਾਦ ਜਮ੍ਹਾਂ ਹੋਣਾ) ਦਾ ਕਾਰਨ ਬਣ ਸਕਦਾ ਹੈ।
ਤਸਵੀਰ ਸਰੋਤ, Getty Images
ਅਮਰੀਕਾ ਦੇ ਮੈਡੀਕਲ ਅਤੇ ਰਿਸਰਚ ਇੰਸਟੀਚਿਊਟ ਮੇਯੋ ਕਲੀਨਿਕ ਦੇ ਮੁਤਾਬਕ, ਇੰਪੈਕਟਡ ਦੰਦ ਨਾਲ ਲੱਗਦੇ ਦੰਦਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਇਸ ਸਥਿਤੀ ਵਿੱਚ ਦਰਦ ਤੋਂ ਇਲਾਵਾ ਮਸੂੜੇ ਸੁੱਜ ਸਕਦੇ ਹਨ ਅਤੇ ਮੂੰਹ ਖੋਲ੍ਹਣ ਜਾਂ ਚਬਾਉਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਹਾਲਾਂਕਿ, ਜੇਕਰ ਅਕਲ ਦਾੜ੍ਹ ਸਹੀ ਤਰੀਕੇ ਨਾਲ ਨਿਕਲੇ ਤਾਂ ਇਹ ਭੋਜਨ ਚਬਾਉਣ ਵਿੱਚ ਮਦਦ ਕਰਦੀ ਹੈ।
ਇਨਸਾਨ ਦੇ ਹਰ ਜਬਾੜੇ ਵਿੱਚ ਆਮ ਤੌਰ ‘ਤੇ ਤਿੰਨ ਦਾੜ੍ਹਾਂ ਜਾਂ ਪਿੱਛੇ ਦੇ ਚਬਾਉਣ ਵਾਲੇ ਦੰਦ ਹੁੰਦੇ ਹਨ।
ਅੱਗੇ ਤੋਂ ਪਿੱਛੇ ਵੱਲ ਇਹ ਪਹਿਲਾ ਮੋਲਰ, ਫਿਰ ਦੂਜਾ ਮੋਲਰ ਅਤੇ ਉਸ ਤੋਂ ਬਾਅਦ ਤੀਜਾ ਮੋਲਰ ਹੁੰਦਾ ਹੈ।
ਸਭ ਤੋਂ ਆਖ਼ਰੀ ਵਿੱਚ ਮੌਜੂਦ ਤੀਜਾ ਮੋਲਰ ਹੀ ਵਿਜ਼ਡਮ ਟੂਥ ਜਾਂ ਅਕਲ ਦਾੜ੍ਹ ਕਹਾਉਂਦਾ ਹੈ।
ਕਈ ਵਾਰ ਦੰਦ ਬਾਹਰੋਂ ਦਿਖਾਈ ਨਾ ਦੇਣ ਦੇ ਬਾਵਜੂਦ ਐਕਸ-ਰੇ ਰਾਹੀਂ ਉਸ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ।
ਢਾਕਾ ਦੇ ਦੰਦਾਂ ਦੇ ਡਾਕਟਰ ਡਾ. ਏਕੇ ਐੱਮ ਹਸਨੁੱਜ਼ਮਾਨ ਦੇ ਮੁਤਾਬਕ, ”ਜੇਕਰ ਦੰਦ ਦੀ ਸਥਿਤੀ ਸਹੀ ਹੋਵੇ ਅਤੇ ਇਸ ਦੇ ਨਿਕਲਣ ਲਈ ਲੋੜੀਂਦੀ ਥਾਂ ਮੌਜੂਦ ਹੋਵੇ ਤਾਂ ਅਕਲ ਦਾੜ੍ਹ ਇੱਕ ਤੋਂ ਦੋ ਸਾਲ ਦੇ ਅੰਦਰ ਆਮ ਤੌਰ ‘ਤੇ ਨਿਕਲ ਸਕਦੀ ਹੈ। ਇਸ ਦੌਰਾਨ ਹਰ ਕੁਝ ਮਹੀਨਿਆਂ ਵਿੱਚ ਦਰਦ ਹੋ ਸਕਦਾ ਹੈ।”
ਉਨ੍ਹਾਂ ਦੇ ਮੁਤਾਬਕ, ਅਕਲ ਦਾੜ੍ਹ ਨਿਕਲਣ ਦੌਰਾਨ ਮਰੀਜ਼ਾਂ ਦੀਆਂ ਸਭ ਤੋਂ ਵੱਡੀਆਂ ਸ਼ਿਕਾਇਤਾਂ ਦਰਦ ਅਤੇ ਸੋਜ ਹੁੰਦੀਆਂ ਹਨ।
ਜਦਕਿ ਬਹੁਤ ਸਾਰੇ ਲੋਕਾਂ ਨੂੰ ਮੂੰਹ ਪੂਰੀ ਤਰ੍ਹਾਂ ਖੋਲ੍ਹਣ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ।
ਜੇਕਰ ਮਸੂੜਿਆਂ ਦੇ ਇਨਫੈਕਸ਼ਨ ਦਾ ਲੰਬੇ ਸਮੇਂ ਤੱਕ ਇਲਾਜ ਨਾ ਕੀਤਾ ਜਾਵੇ ਤਾਂ ਇਹ ਮੂੰਹ ਅਤੇ ਗਲੇ ਦੇ ਵੱਖ-ਵੱਖ ਹਿੱਸਿਆਂ ਤੱਕ ਫੈਲ ਕੇ ਗੰਭੀਰ ਇਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਨੇ ਕਿਹਾ, “ਉਸ ਸਮੇਂ ਸਾਹ ਲੈਣ ਜਾਂ ਖਾਣਾ ਖਾਣ ਵਿੱਚ ਪਰੇਸ਼ਾਨੀ ਹੁੰਦੀ ਹੈ ਅਤੇ ਜੇਕਰ ਸਥਿਤੀ ਗੰਭੀਰ ਹੋ ਜਾਵੇ ਤਾਂ ਮਰੀਜ਼ ਨੂੰ ਹਸਪਤਾਲ ਵਿੱਚ ਦਾਖ਼ਲ ਕਰਨਾ ਪੈ ਸਕਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਆਖ਼ਰਕਾਰ ਨੌਬਤ ਸਰਜਰੀ ਤੱਕ ਪਹੁੰਚ ਜਾਂਦੀ ਹੈ।”
ਕੀ ਅਕਲ ਦਾੜ੍ਹ ਕਢਵਾਉਣਾ ਜ਼ਰੂਰੀ ਹੈ?
ਤਸਵੀਰ ਸਰੋਤ, Getty Images
ਡਾਕਟਰਾਂ ਦੇ ਮੁਤਾਬਕ, ਅਕਲ ਦਾੜ੍ਹ ਵਿੱਚ ਦਰਦ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਉਸ ਨੂੰ ਕਢਵਾਉਣਾ ਹੀ ਪਵੇਗਾ।
ਐੱਨਐੱਚਐੱਸ ਦੇ ਮੁਤਾਬਕ, ਜੇਕਰ ਅਕਲ ਦਾੜ੍ਹ ਕੋਈ ਸਮੱਸਿਆ ਪੈਦਾ ਨਹੀਂ ਕਰ ਰਹੀ ਹੋਵੇ ਤਾਂ ਆਮ ਤੌਰ ‘ਤੇ ਇਸ ਨੂੰ ਨਹੀਂ ਕੱਢਿਆ ਜਾਂਦਾ।
ਇਸ ਦੀ ਬਜਾਏ ਦੰਦਾਂ ਦੀ ਨਿਯਮਿਤ ਜਾਂਚ ਰਾਹੀਂ ਇਸ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾਂਦੀ ਹੈ।
ਹਾਲਾਂਕਿ, ਜੇਕਰ ਵਾਰ-ਵਾਰ ਮਸੂੜਿਆਂ ਵਿੱਚ ਇਨਫੈਕਸ਼ਨ, ਤੇਜ਼ ਦਰਦ ਜਾਂ ਦੰਦ ਖ਼ਰਾਬ ਹੋਣ ਦੀ ਸਥਿਤੀ ਵਿੱਚ ਇਨ੍ਹਾਂ ਨੂੰ ਕੱਢਿਆ ਜਾ ਸਕਦਾ ਹੈ। ਸਿਸਟ ਜਾਂ ਫੋੜੇ ਵਰਗੀਆਂ ਪੇਚੀਦਗੀਆਂ ਹੋਣ ਤਾਂ ਡਾਕਟਰ ਇਸ ਨੂੰ ਕਢਵਾਉਣ ਦੀ ਸਲਾਹ ਦੇ ਸਕਦੇ ਹਨ।
ਆਮ ਤੌਰ ‘ਤੇ ਦੰਦ ਕੱਢਣ ਤੋਂ ਪਹਿਲਾਂ ਮਸੂੜੇ ਵਿੱਚ ਲੋਕਲ ਐਨੇਸਥੈਟਿਕ ਦਾ ਟੀਕਾ ਲਗਾਇਆ ਜਾਂਦਾ ਹੈ।
ਇਸ ਨਾਲ ਸਬੰਧਤ ਹਿੱਸਾ ਸੁੰਨ ਹੋ ਜਾਂਦਾ ਹੈ ਅਤੇ ਦੰਦ ਕੱਢਦੇ ਸਮੇਂ ਦਰਦ ਮਹਿਸੂਸ ਨਹੀਂ ਹੁੰਦਾ।
ਮਰੀਜ਼ ਨੂੰ ਤਕਲੀਫ਼ ਨਾ ਹੋਵੇ ਇਸ ਲਈ ਸੈਡੇਸ਼ਨ ਵੀ ਦਿੱਤੀ ਜਾ ਸਕਦੀ ਹੈ।
ਜੇਕਰ ਦੰਦ ਕੱਢਣਾ ਜਟਿਲ ਹੋਵੇ ਜਾਂ ਮਰੀਜ਼ ਬਹੁਤ ਜ਼ਿਆਦਾ ਘਬਰਾਇਆ ਹੋਇਆ ਹੋਵੇ ਤਾਂ ਜਨਰਲ ਐਨੇਸਥੀਸੀਆ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਮਰੀਜ਼ ਸੁੱਤਾ ਰਹਿੰਦਾ ਹੈ।
ਅਕਲ ਦਾੜ੍ਹ ਕੱਢਣ ਦੇ ਬੁਨਿਆਦੀ ਪੜਾਅ ਇਹ ਹਨ-
- ਜੇਕਰ ਦੰਦ ਮਸੂੜੇ ਦੇ ਹੇਠਾਂ ਲੁਕਿਆ ਹੋਇਆ ਹੋਵੇ ਤਾਂ ਡਾਕਟਰ ਪਹਿਲਾਂ ਮਸੂੜੇ ਵਿੱਚ ਇੱਕ ਛੋਟਾ ਜਿਹਾ ਚੀਰਾ ਲਗਾਉਂਦੇ ਹਨ।
- ਇਸ ਤੋਂ ਬਾਅਦ ਲੋੜ ਮੁਤਾਬਕ ਦੰਦ ਦੇ ਆਲੇ-ਦੁਆਲੇ ਦੀ ਥਾਂ ਨੂੰ ਖੋਲ੍ਹਿਆ ਜਾਂਦਾ ਹੈ।
- ਫਿਰ ਦੰਦ ਨੂੰ ਇੱਕੋ ਟੁਕੜੇ ਵਿੱਚ ਕੱਢਿਆ ਜਾਂਦਾ ਹੈ, ਹਾਲਾਂਕਿ ਲੋੜ ਪੈਣ ‘ਤੇ ਇਸ ਨੂੰ ਦੋ ਜਾਂ ਤਿੰਨ ਹਿੱਸਿਆਂ ਵਿੱਚ ਵੀ ਕੱਢਿਆ ਜਾ ਸਕਦਾ ਹੈ।
- ਆਖ਼ਰ ਵਿੱਚ ਮਸੂੜੇ ‘ਤੇ ਅਜਿਹੇ ਟੰਕੇ ਲਗਾਏ ਜਾਂਦੇ ਹਨ, ਜੋ ਬਾਅਦ ਵਿੱਚ ਆਪਣੇ ਆਪ ਘੁਲ ਜਾਂਦੇ ਹਨ।
ਅਕਲ ਦਾੜ੍ਹ ਕਢਵਾਉਣ ਤੋਂ ਬਾਅਦ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਤਸਵੀਰ ਸਰੋਤ, Getty Images
ਅਕਲ ਦਾੜ੍ਹ ਕਢਵਾਉਣ ਤੋਂ ਬਾਅਦ ਆਮ ਤੌਰ ‘ਤੇ ਅਗਲੇ ਹੀ ਦਿਨ ਰੋਜ਼ਮਰ੍ਹਾ ਦੀਆਂ ਆਮ ਗਤੀਵਿਧੀਆਂ ਵਿੱਚ ਵਾਪਸ ਆਇਆ ਜਾ ਸਕਦਾ ਹੈ।
ਹਾਲਾਂਕਿ, ਜੇਕਰ ਦੰਦ ਕੱਢਣ ਦੀ ਪ੍ਰਕਿਰਿਆ ਜਟਿਲ ਹੋਵੇ ਜਾਂ ਜਨਰਲ ਐਨੇਸਥੀਸੀਆ ਦਿੱਤਾ ਗਿਆ ਹੋਵੇ ਤਾਂ ਇੱਕ ਤੋਂ ਤਿੰਨ ਦਿਨ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਆਮ ਤੌਰ ‘ਤੇ ਦੰਦ ਕਢਵਾਉਣ ਤੋਂ ਬਾਅਦ ਦੋ ਹਫ਼ਤਿਆਂ ਤੱਕ ਕੁਝ ਸਮੱਸਿਆਵਾਂ ਬਣੀਆਂ ਰਹਿ ਸਕਦੀਆਂ ਹਨ, ਜਿਵੇਂ ਹਲਕਾ ਦਰਦ ਅਤੇ ਸੋਜ।
ਹਾਲਾਂਕਿ ਇਹ ਇੱਕ ਜਾਂ ਦੋ ਦਿਨ ਬਾਅਦ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਗੱਲ੍ਹ ‘ਤੇ ਸੱਟ ਜਾਂ ਕਾਲੇ ਨਿਸ਼ਾਨ ਪੈ ਸਕਦੇ ਹਨ। ਜਬਾੜੇ ਵਿੱਚ ਦਰਦ ਅਤੇ ਆਕੜਨ ਮਹਿਸੂਸ ਹੋ ਸਕਦੀ ਹੈ। ਖਾਣਾ ਚਬਾਉਣ ਅਤੇ ਨਿਗਲਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ।
ਜੇਕਰ ਦੰਦ ਕੱਢਣ ਤੋਂ ਬਾਅਦ ਟਾਂਕੇ ਲਗਾਏ ਗਏ ਹੋਣ ਤਾਂ ਆਮ ਤੌਰ ‘ਤੇ ਉਹ ਆਪਣੇ ਆਪ ਘੁਲ ਜਾਂਦੇ ਹਨ।
ਦੰਦ ਕਢਵਾਉਣ ਤੋਂ ਬਾਅਦ ਜ਼ਖ਼ਮ ਵਾਲੀ ਥਾਂ ‘ਤੇ ਖੂਨ ਦਾ ਥੱਕਾ (ਬਲੱਡ ਕਲੌਟ) ਬਣਦਾ ਹੈ, ਜੋ ਜ਼ਖ਼ਮ ਭਰਨ ਵਿੱਚ ਮਦਦ ਕਰਦਾ ਹੈ।
ਦੰਦ ਕਢਵਾਉਣ ਤੋਂ ਬਾਅਦ ਸ਼ੁਰੂਆਤੀ ਕੁਝ ਦਿਨਾਂ ਵਿੱਚ ਜਲਦੀ ਅਤੇ ਬਿਹਤਰ ਤਰੀਕੇ ਨਾਲ ਠੀਕ ਹੋਣ ਲਈ ਡਾਕਟਰ ਇਹ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹਨ-
ਦਰਦ ਘੱਟ ਕਰਨ ਲਈ ਡਾਕਟਰ ਦੀ ਸਲਾਹ ਨਾਲ ਪੈਰਾਸਿਟਾਮੋਲ ਜਾਂ ਆਈਬੂਪ੍ਰੋਫ਼ੇਨ ਲਈ ਜਾ ਸਕਦੀ ਹੈ।
ਜਦੋਂ ਤੱਕ ਆਮ ਤੌਰ ‘ਤੇ ਚਬਾਉਣਾ ਆਸਾਨ ਨਾ ਹੋ ਜਾਵੇ, ਉਦੋਂ ਤੱਕ ਨਰਮ ਜਾਂ ਤਰਲ ਭੋਜਨ ਖਾਣਾ ਬਿਹਤਰ ਹੈ।
ਮਾਊਥਵਾਸ਼ ਜਾਂ ਕੋਸੇ ਨਮਕ ਵਾਲੇ ਪਾਣੀ ਨਾਲ ਹੌਲੀ-ਹੌਲੀ ਕੁਰਲੀ ਕਰਕੇ ਜ਼ਖ਼ਮ ਨੂੰ ਸਾਫ਼ ਰੱਖਣਾ ਚਾਹੀਦਾ ਹੈ।
ਅਕਲ ਦਾੜ੍ਹ ਕਢਵਾਉਣਾ ਮੁਸ਼ਕਲ ਪ੍ਰਕਿਰਿਆ ਨਹੀਂ ਹੈ। ਪਰ ਕੁਝ ਪੇਚੀਦਗੀਆਂ ਹੋ ਸਕਦੀਆਂ ਹਨ।
ਤਸਵੀਰ ਸਰੋਤ, Getty Images
ਡਾਕਟਰਾਂ ਦੇ ਮੁਤਾਬਕ, ਬਾਕੀ ਦੰਦਾਂ ਦੀ ਸਾਵਧਾਨੀ ਨਾਲ ਸਫ਼ਾਈ ਕਰੋ।
ਪਰ ਜ਼ਖ਼ਮ ਵਾਲੀ ਥਾਂ ਤੋਂ ਬਚੋ, ਤਾਂ ਜੋ ਟਾਂਕਿਆਂ ਜਾਂ ਬਣੇ ਹੋਏ ਬਲੱਡ ਕਲੌਟ ‘ਤੇ ਅਸਰ ਨਾ ਪਵੇ।
ਖ਼ੂਨ ਵਗਣ ਦੀ ਸਥਿਤੀ ਵਿੱਚ ਸਾਫ਼ ਕੱਪੜੇ ਜਾਂ ਰੂੰ ਨਾਲ ਘੱਟੋ-ਘੱਟ 10 ਮਿੰਟ ਤੱਕ ਉਸ ਥਾਂ ਨੂੰ ਦਬਾ ਕੇ ਰੱਖੋ।
ਦੂਜੇ ਪਾਸੇ, ਡਾਕਟਰ ਕਹਿੰਦੇ ਹਨ ਕਿ ਜਨਰਲ ਐਨੇਸਥੀਸੀਆ ਤੋਂ ਬਾਅਦ 48 ਘੰਟਿਆਂ ਤੱਕ ਅਤੇ ਸੈਡੇਟਿਵ ਟੀਕੇ ਤੋਂ ਬਾਅਦ 24 ਘੰਟਿਆਂ ਤੱਕ ਗੱਡੀ ਨਹੀਂ ਚਲਾਉਣੀ ਚਾਹੀਦੀ।
ਸਖ਼ਤ, ਕਰਕੁਰੇ ਜਾਂ ਅਜਿਹੇ ਖਾਧ ਪਦਾਰਥਾਂ ਤੋਂ ਬਚਣਾ ਚਾਹੀਦਾ ਹੈ ਜਿਨ੍ਹਾਂ ਦੇ ਕਣ ਜ਼ਖ਼ਮ ਵਿੱਚ ਫਸ ਸਕਦੇ ਹਨ, ਜਿਵੇਂ ਮੇਵੇ ਜਾਂ ਬੀਜ।
ਡਾਕਟਰ ਸਿਗਰਟਨੋਸ਼ੀ ਨਾ ਕਰਨ ਦੀ ਸਲਾਹ ਦਿੰਦੇ ਹਨ, ਕਿਉਂਕਿ ਉਨ੍ਹਾਂ ਦੇ ਮੁਤਾਬਕ ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ।
ਹਾਲਾਂਕਿ, ਅਕਲ ਦਾੜ੍ਹ ਕਢਵਾਉਣਾ ਮੁਸ਼ਕਲ ਪ੍ਰਕਿਰਿਆ ਨਹੀਂ ਹੈ। ਪਰ ਕੁਝ ਪੇਚੀਦਗੀਆਂ ਹੋ ਸਕਦੀਆਂ ਹਨ।
ਡ੍ਰਾਈ ਸਾਕੇਟ: ਦੰਦ ਕੱਢਣ ਤੋਂ ਬਾਅਦ ਬਣੇ ਖਾਲੀ ਹਿੱਸੇ ਵਿੱਚ ਆਮ ਤੌਰ ‘ਤੇ ਖ਼ੂਨ ਦਾ ਥੱਕਾ ਬਣਦਾ ਹੈ। ਜੇਕਰ ਇਹ ਠੀਕ ਤਰ੍ਹਾਂ ਨਾ ਬਣੇ ਜਾਂ ਜ਼ਖ਼ਮ ਭਰਨ ਤੋਂ ਪਹਿਲਾਂ ਆਪਣੀ ਥਾਂ ਤੋਂ ਹਟ ਜਾਵੇ ਤਾਂ ਤੇਜ਼ ਦਰਦ ਹੋ ਸਕਦਾ ਹੈ। ਇਸ ਨੂੰ ਡ੍ਰਾਈ ਸਾਕੇਟ ਕਿਹਾ ਜਾਂਦਾ ਹੈ।
ਇਨਫੈਕਸ਼ਨ: ਜ਼ਖ਼ਮ ਵਾਲੀ ਥਾਂ ‘ਤੇ ਇਨਫੈਕਸ਼ਨ ਹੋ ਸਕਦਾ ਹੈ, ਜਿਸ ਦੇ ਇਲਾਜ ਲਈ ਐਂਟੀਬਾਇਓਟਿਕਸ ਦੀ ਲੋੜ ਪੈ ਸਕਦੀ ਹੈ।
ਨਸਾਂ ਨੂੰ ਨੁਕਸਾਨ: ਜੇਕਰ ਦੰਦ ਦੇ ਨੇੜੇ ਮੌਜੂਦ ਨਸਾਂ ਪ੍ਰਭਾਵਿਤ ਹੋਣ ਤਾਂ ਜੀਭ, ਬੁੱਲ੍ਹ ਜਾਂ ਠੋਡੀ ਸੁੰਨ ਹੋ ਸਕਦੀ ਹੈ ਜਾਂ ਇਸ ਵਿੱਚ ਝਨਝਨਾਹਟ ਮਹਿਸੂਸ ਹੋ ਸਕਦੀ ਹੈ।
ਆਮ ਤੌਰ ‘ਤੇ ਇਹ ਸਥਿਤੀ ਸਮੇਂ ਦੇ ਨਾਲ ਬਿਹਤਰ ਹੋ ਜਾਂਦੀ ਹੈ, ਪਰ ਕਈ ਵਾਰ ਕਈ ਹਫ਼ਤਿਆਂ ਜਾਂ ਮਹੀਨਿਆਂ ਤੱਕ ਬਣੀ ਰਹਿ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



