Home rss national punjabi2ਰਾਸ਼ਟਰੀ ਖ਼ਬਰਾਂ ਇਮਰਾਨ ਖ਼ਾਨ ਦੀ ਮੈਡੀਕਲ ਰਿਪੋਰਟ ਵਿੱਚ ‘ਐਂਗਜ਼ਾਇਟੀ ਲੈਵਲ ਥ੍ਰੀ ਪਲੱਸ’ ਦਾ ਜ਼ਿਕਰ,...

ਇਮਰਾਨ ਖ਼ਾਨ ਦੀ ਮੈਡੀਕਲ ਰਿਪੋਰਟ ਵਿੱਚ ‘ਐਂਗਜ਼ਾਇਟੀ ਲੈਵਲ ਥ੍ਰੀ ਪਲੱਸ’ ਦਾ ਜ਼ਿਕਰ, ਜਾਣੋ ਇਹ ਕਿੰਨਾਂ ਗੰਭੀਰ ਹੋ ਸਕਦਾ ਹੈ

6
0

Source :- BBC PUNJABI

ਇਮਰਾਨ ਖਾਨ ਦੀ ਤਸਵੀਰ ਫੜ੍ਹੀ ਦੋ ਔਰਤਾਂ

ਤਸਵੀਰ ਸਰੋਤ, Getty Images

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤਤਕਾਲ ਇਸਲਾਮਾਬਾਦ ਦੇ ਇੱਕ ਨਿੱਜੀ ਹਸਪਤਾਲ ਸ਼ਿਫਾ ਇੰਟਰਨੈਸ਼ਲ ਹਸਪਤਾਲ ਵਿੱਚ ਦਾਖਲ ਕਰਾਉਣ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਇੱਕ ਮੈਡੀਕਲ ਬੋਰਡ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਹੈ।

ਮੰਗਲਵਾਰ ਨੂੰ ਤਿੰਨ ਮੈਂਬਰੀ ਬੈਂਚ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮਹਾਂ ਸਕੱਤਰ ਸਲਮਾਨ ਅਕਰਮ ਰਾਜਾ ਅਤੇ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਦੀਆਂ ਅਰਜ਼ੀਆਂ ‘ਤੇ ਸੁਣਵਾਈ ਕੀਤੀ।

ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਮੈਡੀਕਲ ਬੋਰਡ ਵਿੱਚ ਇਮਰਾਨ ਖਾਨ ਦੇ ਨਿੱਜੀ ਡਾਕਟਰ ਫੈਸਲ ਅਤੇ ਉਜ਼ਮਾ ਖਾਨ ਨੂੰ ਵੀ ਸ਼ਾਮਿਲ ਕੀਤਾ ਜਾਏਗਾ। ਅਦਾਲਤ ਨੇ ਅਗਲੀ ਸੁਣਵਾਈ ਵਿਚ ਇਮਰਾਨ ਖਾਨ ਦੀ ਮੈਡੀਕਲ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।

ਜਸਟਿਸ ਸ਼ਾਹਿਦ ਵਹੀਦ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ, ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਨੂੰ ਲੈ ਕੇ ਸਿਆਸਤ ਨਹੀਂ ਕਰੇਗੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਗਲੀ ਸੁਣਵਾਈ ਤੱਕ ਹਸਪਤਾਲ ਵਿੱਚ ਹੀ ਰਹਿਣਗੇ।

ਅਦਾਲਤ ਨੇ ਇਨ੍ਹਾਂ ਪਟੀਸ਼ਨਾਂ ਦੀ ਸੁਣਵਾਈ 16 ਸਤੰਬਰ ਨੂੰ ਤੈਅ ਕੀਤੀ ਹੈ।

ਇਹ ਅੰਤਰਿਮ ਹੁਕਮ ਅਜਿਹੇ ਸਮੇਂ ਆਇਆ ਹੈ ਜਦੋਂ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੇ ਹਾਲ ਹੀ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਨਿੱਜੀ ਡਾਕਟਰਾਂ ਤੱਕ ਪਹੁੰਚਣ ਨਾ ਦਿੱਤੇ ਜਾਣ ਦੀ ਸਥਿਤੀ ਵਿੱਚ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ।

ਅਦਿਯਾਲਾ ਜੇਲ੍ਹ ਦੇ ਸੁਪਰਡੈਂਟ ਦੀ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਇੱਕ ਮੈਡੀਕਲ ਰਿਪੋਰਟ ਮੁਤਾਬਕ, ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚ ਐਂਗਜ਼ਾਇਟੀ ਅਤੇ ਪੈਨਿਕ ਦੇ ਗੰਭੀਰ ਲੱਛਣ ਪਾਏ ਗਏ ਹਨ।

ਮੈਡੀਕਲ ਬੋਰਡ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਪ੍ਰਤੀਦਿਨ ਇੱਕ ਘੰਟਾ ਪੈਦਲ ਚੱਲਣ ਅਤੇ ਕੁਝ ਮੈਂਟਲ ਰਿਲੈਕਸੇਸ਼ਨ ਐਕਟਿਵਿਟੀਜ਼ ਦੀ ਸਿਫਾਰਸ਼ ਕੀਤੀ ਸੀ।

ਅਦਿਯਾਲਾ ਜੇਲ੍ਹ ਦੇ ਸੁਪਰਡੈਂਟ ਦੀ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਇਮਰਾਨ ਖਾਨ ਦੀ ਸਿਹਤ ਨਾਲ ਜੁੜੇ ਕਈ ਵੇਰਵੇ ਸ਼ਾਮਲ ਸੀ।

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਰਾਵਲਪਿੰਡੀ ਦੀ ਅਦਿਯਾਲਾ ਜੇਲ੍ਹ ਵਿੱਚ ਤਿੰਨ ਸਾਲ ਤੋਂ ਕੈਦ ਹਨ। ਉਨ੍ਹਾਂ ‘ਤੇ 19 ਕਰੋੜ ਪਾਉਂਡ ਦੇ ਅੱਲ-ਕਾਦਿਰ ਟਰਸਟ ਮਾਮਲੇ ਸਹਿਤ ਕਈ ਮਾਮਲੇ ਚੱਲ ਰਹੇ ਹਨ।

ਸੋਮਵਾਰ ਨੂੰ ਹੋਰ ਸੀਨੀਅਰ ਪੀਟੀਆਈ ਨੇਤਾਵਾਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਸੋਹੇਲ ਅਫਰੀਦੀ ਨੇ ਕਿਹਾ, “ਅਸੀਂ ਕੋਈ ਅਸੰਵਿਧਾਨਿਕ ਜਾਂ ਨਜਾਇਜ਼ ਮੰਗ ਨਹੀਂ ਕਰ ਰਹੇ ਹਾਂ।”

“ਅਸੀਂ ਸਿਰਫ਼ ਇੰਨਾ ਚਾਹੁੰਦੇ ਹਾਂ ਕਿ ਇਮਰਾਨ ਖਾਨ ਦਾ ਇਲਾਜ ਉਨ੍ਹਾਂ ਦੇ ਨਿੱਜੀ ਡਾਕਟਰਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਇੱਕ ਬਿਹਤਰ ਹਸਪਤਾਲ ਵਿੱਚ ਕੀਤਾ ਜਾਵੇ ਅਤੇ ਜੇ ਕੋਈ ਮੀਟਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਅਸੀਂ ਗਾਰੰਟੀ ਦਿੰਦੇ ਹਾਂ ਕਿ ਕੋਈ ਵੀ ਬਾਹਰ ਆ ਕੇ ਸਿਆਸਤ ਦੀ ਗੱਲ ਨਹੀਂ ਕਰੇਗਾ।”

ਰਿਪੋਰਟ ਵਿੱਚ ਹੋਰ ਕੀ-ਕੀ ਹੈ?

ਜੇਲ੍ਹ ਦੇ ਗੇਟ ਕੋਲ ਖੜ੍ਹਾ ਪੁਲਿਸ ਮੁਲਾਜ਼ਮ

ਤਸਵੀਰ ਸਰੋਤ, Getty Images

ਇਮਰਾਨ ਦੀ ਮੈਡੀਕਲ ਰਿਪੋਰਟ ਵਿਚ ਐਂਗਜ਼ਾਇਟੀ ਦਾ ਲੈਵਲ ਥ੍ਰੀ ਪਲੱਸ ਦੱਸਿਆ ਗਿਆ ਹੈ ਜਿਸ ਨੂੰ ਬੇਹਦ ਗੰਭੀਰ ਮੰਨਿਆ ਜਾਂਦਾ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਖ਼ਰੀ ਵਾਰ ਮੈਡੀਕਲ ਜਾਂਚ 10 ਅਗਸਤ 2026 ਨੂੰ ਇੱਕ ਮੈਡੀਕਲ ਬੋਰਡ ਵੱਲੋਂ ਕੀਤੀ ਗਈ ਸੀ ਅਤੇ ਇਸ ਮੈਡੀਕਲ ਬੋਰਡ ਵਿੱਚ ਔਪਥੋਮੋਲੌਜੀ, ਕਾਰਡੀਓਲੌਜੀ ਅਤੇ ਮੈਡੀਸਨ ਵਿੱਚ ਮੁਹਾਰਤ ਰੱਖਣ ਵਾਲੇ ਡਾਕਟਰ ਸ਼ਾਮਲ ਸੀ।

ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ, ਸਾਬਕਾ ਪ੍ਰਧਾਨ ਮੰਤਰੀ ਲਗਭਗ 73 ਸਾਲ ਦੇ ਹਨ ਅਤੇ ਮੈਡੀਕਲ ਜਾਂਚ ਦੌਰਾਨ ਇਮਰਾਨ ਖਾਨ ਦਾ ਬਲੱਡ ਪ੍ਰੈਸ਼ਰ 140/80 ਅਤੇ ਪਲਸ 54 ਪ੍ਰਤੀ ਮਿੰਟ ਦਰਜ ਕੀਤਾ ਗਿਆ ਹੈ।

ਇਸ ਰਿਪੋਰਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੀ ਈਸੀਜੀ ਨਾਰਮਲ ਦੱਸੀ ਗਈ ਹੈ, ਛਾਤੀ ਵਿੱਚ ਕੋਈ ਸਮੱਸਿਆ ਨਹੀਂ ਹੈ ਅਤੇ ਹਾਰਟ ਵਾਲਵ ਤੇ ਚੈਂਬਰ ਨਾਰਮਲ ਹਨ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਮਰਾਨ ਖਾਨ ਨੇ ਸਿਰ ਵਿੱਚ ਭਾਰੀਪਨ ਅਤੇ ਦਿਲ ਦੀ ਧੜਕਣ ਤੇਜ਼ ਹੋਣ ਦੀ ਸ਼ਿਕਾਇਤ ਕੀਤੀ ਸੀ। ਹਾਲਾਂਕਿ ਮੈਡੀਕਲ ਰਿਪੋਰਟ ਮੁਤਾਬਕ, ਸੀਨੇ ਵਿੱਚ ਦਰਜ, ਭਾਰੀਪਨ ਜਾਂ ਸਾਹ ਲੈਣ ਵਿੱਚ ਤਕਲੀਫ ਦੀ ਕੋਈ ਸ਼ਿਕਾਇਤ ਨਹੀਂ ਸੀ।

ਇਮਰਾਨ ਖਾਨ ਨੂੰ ਰਿਹਾਅ ਕਰੋ, ਵਾਲੇ ਪੋਸਟਰਾਂ ਨਾਲ ਨਾਹਰੇਬਾਜ਼ੀ ਕਰ ਰਹੀਆਂ ਔਰਤਾਂ

ਤਸਵੀਰ ਸਰੋਤ, Getty Images

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਮੈਡੀਕਲ ਬੋਰਡ ਨੇ ਬਲੱਡ ਪ੍ਰੈਸ਼ਰ ਅਤੇ ਐਂਗਜ਼ਾਇਟੀ ਨੂੰ ਕੰਟਰੋਲ ਕਰਨ ਲਈ ਦਵਾਈਆਂ ਦਿੱਤੀਆਂ ਹਨ।

ਰਿਪੋਰਟ ਵਿੱਚ ਇਮਰਾਨ ਖਾਨ ਨੂੰ ਮੈਗਜ਼ੀਨ, ਅਖਬਾਰ, ਟੀਵੀ ਅਤੇ ਪੜ੍ਹਣ ਲਈ ਕਿਤਾਬਾਂ ਉਪਲਬਧ ਕਰਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਮੈਡੀਕਲ ਬੋਰਡ ਨੇ ਪੀਟੀਆਈ ਸੰਸਤਾਪਕ ਦੀ ਆਪਣੇ ਪਰਿਵਾਰ ਅਤੇ ਪਤਨੀ ਨਾਲ ਮੀਟਿੰਗ ਦਾ ਸਮਾਂ ਵਧਾਉਣ ਦੀ ਸਿਫਾਰਿਸ਼ ਕੀਤੀ ਹੈ।

ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਗਈ ਇੱਕ ਰਿਪੋਰਟ ਮੁਤਾਬਕ, ਪਰਿਵਾਰ ਦੇ ਨਾਲ ਜ਼ਿਆਦਾ ਮੇਲ ਜੋਲ ਨਾਲ ਇਮਰਾਨ ਖਾਨ ਦੀ ਐਂਗਜ਼ਾਇਟੀ ਅਤੇ ਬਲੱਡ ਪ੍ਰੈਸ਼ਰ ਕਾਬੂ ਕਰਨ ਵਿਚ ਮਦਦ ਮਿਲ ਸਕਦੀ ਹੈ।

ਅਦਿਯਾਲਾ ਜੇਲ੍ਹ ਅਧਿਕਾਰੀਆਂ ਨੇ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕਿਹਾ ਹੈ ਕਿ ਪਟੀਸ਼ਨ ਕਰਤਾ ਨੇ ਕੁਝ ਸਮਾਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਵਿੱਚ ਇਸੇ ਤਰ੍ਹਾਂ ਦੀ ਪਟੀਸ਼ਨ ਦਾਇਰ ਕੀਤੀ ਸੀ।

ਇਸਲਾਮਾਬਾਦ ਹਾਈ ਕੋਰਟ ਦੇ ਮੁੱਖ ਜੱਜ ਸਰਫਰਾਜ਼ ਡੋਗਰ ਦੀ ਪ੍ਰਧਾਨਗੀ ਵਾਲੀ ਇੱਕ ਬੈਂਚ ਨੇ ਪਟੀਸ਼ਨ ‘ਤੇ ਸੁਣਵਾਈ ਕੀਤੀ ਸੀ।

ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲ

ਪ੍ਰਦਰਸ਼ਨ ਕਰ ਰਹੇ ਲੋਕ

ਤਸਵੀਰ ਸਰੋਤ, Getty Images

ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਲਮਾਨ ਅਕਰਮ ਰਾਜਾ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਭਰੋਸਾ ਦਵਾਇਆ ਸੀ ਕਿ ਇਮਰਾਨ ਖਾਨ ਨੂੰ ਮਿਲਣ ਤੋਂ ਬਾਅਦ ਉਹ ਜੇਲ੍ਹ ਪਰਿਸਰ ਅੰਦਰ ਮੀਡੀਆ ਨਾਲ ਗੱਲ ਨਹੀਂ ਕਰਨਗੇ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਅਦਾਲਤ ਦੇ ਹੁਕਮ ਦਾ ਉਲੰਘਣ ਕੀਤਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਹੋਈਆਂ ਮੁਲਾਕਾਤਾਂ ਜ਼ਰੀਏ ਨਿਆਂਪਾਲਿਕਾ, ਵਿਦੇਸ਼ ਨੀਤੀ ਅਤੇ ਕਾਨੂੰਨ ਪਰਿਵਰਤਨ ਏਜੰਸੀਆਂ ਖ਼ਿਲਾਫ਼ ਜਨਭਾਵਨਾ ਨੂੰ ਭੜਕਾਇਆ ਗਿਆ ਸੀ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਲ੍ਹ ਨਿਯਮਾਂ ਦੇ ਤਹਿਤ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਹਰ ਮੰਗਲਵਾਰ ਨੂੰ ਨਿਯਮਿਤ ਰੂਪ ਵਿੱਚ ਮੁਲਾਕਾਤ ਹੁੰਦੀ ਹੈ। ਰਿਪੋਰਟ ਮੁਤਾਬਕ, ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਜੇਲ੍ਹ ਵਿੱਚ ਹੁਣ ਤੱਕ 84 ਮੁਲਾਕਾਤਾਂ ਹੋ ਚੁੱਕੀਆਂ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੇ ਵਕੀਲ ਸਲਮਾਨ ਸਫਦਰ ਨੇ ਵੀ 10 ਫ਼ਰਵਰੀ ਅਤੇ 4 ਅਪ੍ਰੈਲ, 2026 ਨੂੰ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ।

ਸੁਪਰੀਮ ਕੋਰਟ ਨੂੰ ਸੌਂਪੀ ਗਈ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੈਡੀਕਲ ਅਫਸਰ ਇਮਰਾਨ ਖਾਨ ਦੀ ਡਾਈਟ ਦੀ ਜਾਂਚ ਕਰਦੇ ਹਨ ਅਤੇ ਦਿਨ ਵਿੱਚ ਤਿੰਨ ਵਾਰ ਉਨ੍ਹਾਂ ਦਾ ਮੈਡੀਕਲ ਚੈੱਕਅਪ ਹੁੰਦਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਜਾਂਚ ਕਈ ਸਰਕਾਰੀ ਡਾਕਟਰਾਂ ਵੱਲੋਂ ਵੀ ਕੀਤੀ ਗਈ ਸੀ, ਜਿਸ ਦਾ ਰਿਕਾਰਡ ਮੌਜੂਦ ਹੈ। ਇਸ ਦੇ ਨਾਲ ਹੀ ਪੀਟੀਆਈ ਸੰਸਥਾਪਕ ਦੀਆਂ ਅੱਖਾਂ ਦਾ ਇਲਾਜ ਇੱਕ ਅੱਖਾਂ ਦੇ ਮਾਹਿਰ ਵੱਲੋਂ ਕੀਤਾ ਗਿਆ ਸੀ।

ਜੇਲ੍ਹ ਅਧਿਕਾਰੀਆਂ ਨੇ ਜੋ ਰਿਪੋਰਟ ਸੁਪਰੀਮ ਕੋਰਟ ਵਿੱਚ ਸੌਂਪੀ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੀ ਇੱਕ ਅੱਖ ਲਗਭਗ ਨਾਰਮਲ ਹੋ ਗਈ ਹੈ।

ਸੁਪਰੀਮ ਕੋਰਟ ਨੂੰ ਸੌਂਪੀ ਗਈ ਰਿਪੋਰਟ ਵਿੱਚ 4 ਨਵੰਬਰ 2023 ਤੋਂ 10 ਅਗਸਤ 2026 ਤੱਕ 39 ਵੱਖ ਵੱਖ ਮੈਡੀਕਲ ਮਾਹਿਰਾਂ ਵੱਲੋਂ ਇਮਰਾਨ ਖਾਨ ਦੇ ਮੈਡੀਕਲ ਚੈੱਕਅਪ ਦੀ ਸਮਰੀ ਵੀ ਸ਼ਾਮਲ ਹੈ।

ਜੇਲ੍ਹ ਅਧਿਕਾਰੀਆਂ ਨੇ ਸੁਪਰੀਮ ਕੋਰਟ ਨੂੰ ਇਸ ਪਟੀਸ਼ਨ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ।

ਐਂਗਜ਼ਾਇਟੀ ਦਾ ਲੈਵਲ ਤਿੰਨ ਤੋਂ ਜ਼ਿਆਦਾ ਹੋਣ ਦਾ ਮਤਲਬ ਕੀ ਹੈ?

ਇਮਰਾਨ ਖਾਨ ਦੀ ਤਸਵੀਰ ਫੜੀ ਕੁਝ ਲੋਕ।

ਤਸਵੀਰ ਸਰੋਤ, Getty Images

ਮਨੋਵਿਗਿਆਨੀ ਡਾ.ਰਿਯਾਜ਼ ਭੱਟੀ ਨੇ ਬੀਬੀਸੀ ਦੇ ਅਸਦ ਸੋਹੈਬ ਨੂੰ ਦੱਸਿਆ ਕਿ ਐਂਗਜ਼ਾਇਟੀ ਦਾ ਲੈਵਲ ਥ੍ਰੀ ਤੋਂ ਜ਼ਿਆਦਾ ਹੋਣਾ ਗੰਭੀਰ ਚਿੰਤਾ ਅਤੇ ਘਬਰਾਹਟ ਦੀ ਸਥਿਤੀ ਨੂੰ ਦਰਸਾਉਂਦਾ ਹੈ।

ਬੀਬੀਸੀ ਨਿਊਜ਼ ਉਰਦੂ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਇਹ ਸਥਿਤੀ ਦਿਖਾਉਂਦੀ ਹੈ ਕਿ ਸਬੰਧਤ ਵਿਅਕਤੀ ਆਪਣੇ ਆਲੇ-ਦੁਆਲੇ ਦੇ ਮਾਹੌਲ ਕਾਰਨ ਚਿੰਤਾ ਅਤੇ ਤਣਾਅ ਤੋਂ ਪੀੜਤ ਹੈ।”

“ਲੰਬੇ ਸਮੇਂ ਤੱਕ ਇਕਾਂਤਵਾਸ ਅਤੇ ਸਮਾਜਿਕ ਮੇਲ-ਜੋਲ ਦੀ ਕਮੀ ਨਾਲ ਚਿੰਤਾ ਦੀ ਇਹ ਸਥਿਤੀ ਹੋਰ ਵੀ ਵਧ ਜਾਂਦੀ ਹੈ। ਰੋਗੀ ਨਿਰਾਸ਼ ਅਤੇ ਡਿਪਰੈਸ ਵੀ ਹੋ ਸਕਦਾ ਹੈ।”

ਉਨ੍ਹਾਂ ਨੇ ਕਿਹਾ ਕਿ ਇੱਕ ਮਾਤਰ ਹੱਲ ਇਹ ਹੈ ਕਿ ਸਬੰਧਤ ਵਿਅਕਤੀ ਨੂੰ ਉਨ੍ਹਾਂ ਨਾਲ ਗੱਲ ਬਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਜਿਸ ਸਥਾਨ ‘ਤੇ ਉਹ ਮੌਜੂਦ ਹਨ, ਉੱਥੋਂ ਦੇ ਹਾਲਾਤ ਉਨ੍ਹਾਂ ਲਈ ਅਨੁਕੂਲ ਬਣਾਏ ਜਾਣ।

ਡਾ.ਰਿਆਜ਼ ਭੱਟੀ ਮੁਤਾਬਕ, ਸਮਾਜਿਕ ਮੇਲ-ਜੋਲ, ਟਹਿਲਣਾ ਅਤੇ ਸੈਰ ਨਾਲ ਵੀ ਚਿੰਤਾ ਅਤੇ ਘਬਰਾਹਟ ਦੇ ਲੱਛਣ ਘੱਟ ਹੁੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI