Source :- BBC PUNJABI
ਤਸਵੀਰ ਸਰੋਤ, Humble Motion Pictures / YT
ਪੰਜਾਬੀ ਫ਼ਿਲਮ ਕੈਰੀ ਆਨ ਜੱਟਾ ਦਾ ਚੌਥਾ ਭਾਗ 26 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਿਹਾ ਹੈ। ਫ਼ਿਲਮ ਦੇ ਕਲਾਕਾਰ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਤਾਂ ਇਸ ਦੌਰਾਨ ਚਰਚਾ ਵਿੱਚ ਹਨ ਹੀ ਪਰ ਇਸ ਸਭ ਵਿਚਕਾਰ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੀ।
ਜਸਵਿੰਦਰ ਭੱਲਾ ਦਾ ਦੇਹਾਂਤ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋ ਗਿਆ ਸੀ ਪਰ ਫਿਰ ਵੀ ਉਹ ਇਸ ਫਿਲਮ ਵਿੱਚ ਨਜ਼ਰ ਆਉਣੇ। ਅਤੇ ਸਿਰਫ ਨਜ਼ਰ ਨਹੀਂ ਆਉਣਗੇ, ਸਗੋਂ ਆਪਣੇ ਉਸੇ ਪੁਰਾਣੇ ਅੰਦਾਜ਼ ਨਾਲ ਦਿਖਾਈ ਦੇਣਗੇ।
ਇਹ ਸਭ ਕਿਵੇਂ ਸੰਭਵ ਹੋ ਸਕਿਆ, ਇਸ ਬਾਰੇ ਫ਼ਿਲਮ ਦੇ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਦਿੱਤੇ ਗਏ ਕੁਝ ਇੰਟਰਵਿਊਜ਼ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਜਸਵਿੰਦਰ ਭੱਲਾ ਨੂੰ ਇਸ ਫ਼ਿਲਮ ਦਾ ਹਿੱਸਾ ਬਣਾਉਣ ਲਈ ਏਆਈ (ਆਰਟੀਫਿਸ਼ੀਅਲ ਇੰਟੈਲੀਜੈਂਸ) ਅਤੇ ਸੀਜੀਆਈ (ਕੰਪਿਊਟਰ ਜਨਰੇਟਿਡ ਇਮੇਜ) ਦੀ ਮਦਦ ਲਈ ਗਈ ਹੈ।
ਬੀਬੀਸੀ ਪੰਜਾਬੀ ਨੇ ਇਸ ਬਾਰੇ ਹੋਰ ਜਾਣਨ ਲਈ ਫ਼ਿਲਮ ਦੇ ਡਾਇਰੈਕਟਰ ਸਮੀਪ ਕੰਗ ਨਾਲ ਵੀ ਗੱਲਬਾਤ ਕੀਤੀ, ਉਨ੍ਹਾਂ ਕਿਹਾ, “ਸਭ ਤੋਂ ਪਹਿਲਾਂ ਇਹ ਵਿਚਾਰ ਗਿੱਪੀ ਗਰੇਵਾਲ ਦੇ ਮਨ ਵਿੱਚ ਆਇਆ ਕਿ ਜਸਵਿੰਦਰ ਭੱਲਾ ਜੀ ਨੂੰ ਏਆਈ ਦੀ ਮਦਦ ਨਾਲ ਮੁੜ ਪਰਦੇ ‘ਤੇ ਲਿਆਂਦਾ ਜਾਵੇ।”
ਤਸਵੀਰ ਸਰੋਤ, Humble Motion Pictures / YT
ਗਿੱਪੀ ਗਰੇਵਾਲ ਨੇ ਕੀ ਦੱਸਿਆ
ਤਸਵੀਰ ਸਰੋਤ, Humble Motion Pictures / YT
ਆਪਣੀ ਫ਼ਿਲਮ ਬਾਰੇ ਦੋ ਵੱਖ-ਵੱਖ ਸ਼ੋਅਜ਼ ਦੌਰਾਨ ਗੱਲ ਕਰਦੇ ਹੋਏ ਅਦਾਕਾਰ ਅਤੇ ਫਿਲਮਕਾਰ ਗਿੱਪੀ ਗਰੇਵਾਲ ਨੇ ਦੱਸਿਆ ਕਿ ਕਿ ਕਿਵੇਂ ਏਆਈ ਅਤੇ ਸੀਜੀਆਈ ਦੀ ਵਰਤੋਂ ਕਰਕੇ ਮਰਹੂਮ ਸੀਨੀਅਰ ਅਦਾਕਾਰ ਜਸਵਿੰਦਰ ਭੱਲਾ ਨੂੰ ਕੈਰੀ ਆਨ ਜੱਟਾ ਦੇ ਚੌਥੇ ਭਾਗ ਵਿੱਚ ਦੁਬਾਰਾ ਦਿਖਾਇਆ ਜਾ ਰਿਹਾ ਹੈ।
ਫ਼ਿਲਮ ਦੇ ਪ੍ਰੋਡਿਊਸਰ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ ”ਇਸ ਫਿਲਮ ਨੂੰ ਬਨਾਉਣ ਉੱਤੇ ਕਾਫ਼ੀ ਸਮੇਂ ਤੋਂ ਕੰਮ ਚੱਲ ਰਿਹਾ ਸੀ। ਇਸ ਦੀ ਸਕ੍ਰਿਪਟ ਦਾ ਵੱਡਾ ਹਿੱਸਾ ਪਹਿਲਾਂ ਹੀ ਲਿਖਿਆ ਜਾ ਚੁੱਕਾ ਸੀ ਅਤੇ ਪ੍ਰੋਡਕਸ਼ਨ ਦੀਆਂ ਯੋਜਨਾਵਾਂ ਵੀ ਤੈਅ ਸਨ। ਪਰ ਜਿਵੇਂ-ਜਿਵੇਂ ਪਲੈਨਿੰਗ ਅੱਗੇ ਵਧ ਰਹੀ ਸੀ, ਭੱਲਾ ਜੀ ਦੀ ਸਿਹਤ ਕਾਫੀ ਖ਼ਰਾਬ ਹੋਣ ਲੱਗੀ।”
ਉਨ੍ਹਾਂ ਦੱਸਿਆ ਕਿ ”ਕੈਰੀ ਆਨ ਜੱਟਾ ਭਾਗ 3 ਬਾਹਰਲੇ ਦੇਸ਼ ਵਿੱਚ ਬਣਾਈ ਗਈ ਸੀ ਪਰ ਭਾਗ 4 ਦੀ ਸ਼ੂਟਿੰਗ ਪੰਜਾਬ ਦੇ ਮੁਹਾਲੀ ਵਿੱਚ ਸੋਚੀ ਗਈ ਸੀ ਤਾਂ ਜੋ ਜਸਵਿੰਦਰ ਭੱਲਾ ਜੀ ਦੀ ਸਿਹਤ ਤੇ ਕੋਈ ਮੁਸ਼ਕਿਲ ਨਾ ਆਵੇ।”
“ਪਰ ਜਿਵੇਂ-ਜਿਵੇਂ ਭੱਲਾ ਜੀ ਦੀ ਸਿਹਤ ਖ਼ਰਾਬ ਹੁੰਦੀ ਗਈ, ਉਨ੍ਹਾਂ ਨੂੰ ਆ ਰਹੀਆਂ ਮੈਡੀਕਲ ਪਰੇਸ਼ਾਨੀਆਂ ਦੇ ਮੱਦੇਨਜ਼ਰ ਟੀਮ ਨੂੰ ਆਪਣੀ ਯੋਜਨਾ ਵਿੱਚ ਕਈ ਬਦਲਾਅ ਕਰਨੇ ਪਏ।”
ਫ਼ਿਲਮ ਦੇ ਪ੍ਰੋਡਿਊਸਰ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਦੱਸਿਆ ਕਿ ਸਿਹਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਹ ਘਰ ਵਿੱਚ ਹੀ ਰਹਿ ਰਹੇ ਸਨ ਅਤੇ ਜਦੋਂ ਉਹ ਉਨ੍ਹਾਂ ਨੂੰ ਮਿਲਣ ਗਏ ਤਾਂ ਗੱਲਬਾਤ ਕਾਫੀ ਭਾਵੁਕ ਹੋਈ।
ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਭੱਲਾ ਦਾ ਦੇਹਾਂਤ
ਤਸਵੀਰ ਸਰੋਤ, jaswinder bhalla/fb
ਜਸਵਿੰਦਰ ਭੱਲਾ ਦੀ ਤਬੀਅਤ ਕਾਫੀ ਵਿਗੜ ਗਈ ਸੀ ਅਤੇ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ 22 ਅਗਸਤ 2025 ਨੂੰ 65 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।
ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਫਿਲਮ ਅਤੇ ਮਨੋਰੰਜਨ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ।
ਗਿੱਪੀ ਗਰੇਵਾਲ ਮੁਤਾਬਕ, ਜਸਵਿੰਦਰ ਭੱਲਾ ਜੀ ਦੇ ਦਿਹਾਂਤ ਤੋਂ ਬਾਅਦ ਇਸ ਫ਼ਿਲਮ ਨੂੰ ਅੱਗੇ ਵਧਾਉਣਾ ਔਖਾ ਹੋ ਗਿਆ ਸੀ, ਕਿਉਂਕਿ ਉਨ੍ਹਾਂ ਤੋਂ ਬਿਨਾਂ ਕੈਰੀ ਆਨ ਜੱਟਾ ਦੀ ਕਹਾਣੀ ਅਧੂਰੀ ਲੱਗਦੀ ਸੀ।
ਪੂਰੀ ਕਾਸਟ ਇੱਕ ਪਾਸੇ ਤੇ ਭੱਲਾ ਜੀ ਦਾ ਕਿਰਦਾਰ ਦੂਜੇ ਪਾਸੇ – ਸਮੀਪ ਕੰਗ
ਤਸਵੀਰ ਸਰੋਤ, Sameep Kang/FB
ਇਸ ਬਾਰੇ ਫ਼ਿਲਮ ਦੇ ਡਾਇਰੈਕਟਰ ਸਮੀਪ ਕੰਗ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਵੀ ਉਹ ਕੈਰੀ ਆਨ ਜੱਟਾ ਬਾਰੇ ਸੋਚਦੇ ਹਨ ਤਾਂ ਸਭ ਤੋਂ ਪਹਿਲਾਂ ਭੱਲਾ ਜੀ ਦਾ ਕਿਰਦਾਰ ਹੀ ਉਨ੍ਹਾਂ ਦੇ ਮਨ ਵਿੱਚ ਆਉਂਦਾ ਹੈ।
ਉਨ੍ਹਾਂ ਮੁਤਾਬਕ, ਇਹ ਕਿਰਦਾਰ ਇੰਨਾ ਮਜ਼ਬੂਤ ਅਤੇ ਖ਼ਾਸ ਸੀ ਕਿ ਪੂਰੀ ਕਾਸਟ ਇੱਕ ਪਾਸੇ ਹੁੰਦੀ ਸੀ ਅਤੇ ਭੱਲਾ ਜੀ ਦਾ ਕਿਰਦਾਰ ਦੂਜੇ ਪਾਸੇ, ਜਿਸ ਨੂੰ ਬਾਕੀ ਸਾਰੇ ਕਿਰਦਾਰ ਮਿਲ ਕੇ ਪਰੇਸ਼ਾਨ ਕਰ ਰਹੇ ਹੁੰਦੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿਰਦਾਰ ਕਿੰਨਾ ਪ੍ਰਭਾਵਸ਼ਾਲੀ ਅਤੇ ਤਾਕਤਵਰ ਸੀ, ਜਿਸਦੇ ਉਲਟ ਸਾਨੂੰ ਕਿੰਨੇ ਕਿਰਦਾਰ ਖੜ੍ਹੇ ਕਰਨੇ ਪੈਂਦੇ ਸਨ।
ਪਹਿਲੇ ਤਿੰਨ ਭਾਗਾਂ ਵਿੱਚ ਜਸਵਿੰਦਰ ਭੱਲਾ ਜੀ ਦਾ ਕਿਰਦਾਰ ਇਨ੍ਹਾਂ ਪ੍ਰਭਾਵਸ਼ਾਲੀ ਰਿਹਾ ਕਿ ਇਸ ਤੋਂ ਬਿਨਾਂ ਚੌਥੇ ਭਾਗ ਦੀ ਕਲਪਨਾ ਕਰਨੀ ਮੁਸ਼ਕਿਲ ਸੀ।
ਏਆਈ ਦੀ ਮਦਦ ਨਾਲ ਭੱਲਾ ਦਾ ਕਿਰਦਾਰ ਬਣਾਉਣ ਦਾ ਵਿਚਾਰ ਕਿਵੇਂ ਆਇਆ
ਤਸਵੀਰ ਸਰੋਤ, Smeep Kang / FB
ਗਿੱਪੀ ਗਰੇਵਾਲ ਦੱਸਦੇ ਹਨ ਕਿ ਸ਼ੁਰੂਆਤੀ ਦੌਰ ਵਿੱਚ ਕਈ ਲੋਕਾਂ ਨੇ ਟੀਮ ਨੂੰ ਸੁਝਾਅ ਦਿੱਤਾ ਕਿ ਇਹ ਕਿਰਦਾਰ ਕਿਸੇ ਹੋਰ ਅਦਾਕਾਰ ਤੋਂ ਕਰਵਾ ਲਿਆ ਜਾਵੇ, ਪਰ ਨਿਰਮਾਤਾਵਾਂ ਨੂੰ ਲੱਗਿਆ ਕਿ ਭੱਲਾ ਜੀ ਵਾਲੀ ਗੱਲ ਕਿਸੇ ਹੋਰ ਵਿੱਚ ਨਹੀਂ ਆ ਸਕਦੀ। ਇਸ ਕਾਰਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੇ ਫ਼ਿਲਮ ਨੂੰ ਨਾ ਬਣਾਉਣ ਦਾ ਫ਼ੈਸਲਾ ਵੀ ਲਿਆ। ਪਰ ਦਰਸ਼ਕਾਂ ਦੀਆਂ ਉਮੀਦਾਂ ਅਤੇ ਇਸ ਫ਼ਿਲਮ ਲਈ ਉਨ੍ਹਾਂ ਦੇ ਪਿਆਰ ਨੇ ਨਿਰਮਾਤਾਵਾਂ ਨੂੰ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭੱਲਾ ਜੀ ਦੀ ਇਹ ਇੱਛਾ ਵੀ ਯਾਦ ਸੀ ਕਿ ਇਹ ਫ਼ਿਲਮ ਜ਼ਰੂਰ ਬਣੇ।
ਗਿੱਪੀ ਗਰੇਵਾਲ ਨੇ ਦੱਸਿਆ ਕਿ ਆਪਣੀ ਬਿਮਾਰੀ ਦੌਰਾਨ ਵੀ ਭੱਲਾ ਜੀ ਇਸ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ ਸਨ। ਆਖਿਰਕਾਰ, ਏਆਈ ਅਤੇ ਸੀਜੀਆਈ ਦਾ ਵਿਚਾਰ ਜਦੋਂ ਗਿੱਪੀ ਗਰੇਵਾਲ ਦੇ ਮਨ ਵਿੱਚ ਆਇਆ ਤਾਂ ਕਿਰਦਾਰ ਨੂੰ ਮੁੜ ਪਰਦੇ ‘ਤੇ ਲਿਆਉਣ ਦਾ ਕੰਮ ਸ਼ੁਰੂ ਹੋ ਗਿਆ।

ਗਿੱਪੀ ਗਰੇਵਾਲ ਨੇ ਅੰਤਰਰਾਸ਼ਟਰੀ ਫ਼ਿਲਮ ਫਾਸਟ ਐਂਡ ਫਿਊਰੀਅਸ 7 ਦੀ ਮਿਸਾਲ ਦਿੱਤੀ, ਜਿਸ ਵਿੱਚ ਅਦਾਕਾਰ ਪੌਲ ਵਾਕਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਕੁਝ ਸੀਨ ਡਿਜ਼ੀਟਲ ਤਕਨਾਲੋਜੀ ਦੀ ਮਦਦ ਨਾਲ ਪੂਰੇ ਕੀਤੇ ਗਏ ਸਨ। ਪਰ ਗਿੱਪੀ ਨੇ ਕਿਹਾ ਕਿ ਉੱਥੇ ਸਿਰਫ਼ 2 ਤੋਂ 4 ਸੀਨ ਸਨ, ਜਦਕਿ ਇੱਥੇ ਤਾਂ ਪੂਰੀ ਫ਼ਿਲਮ ਹੀ ਇਸ ਤਕਨਾਲੋਜੀ ‘ਤੇ ਨਿਰਭਰ ਸੀ।
ਡਾਇਰੈਕਟਰ ਸਮੀਪ ਕੰਗ ਨੇ ਦੱਸਿਆ ਕਿ ਏਆਈ (ਆਰਟੀਫ਼ੀਸ਼ਲ ਇੰਟੈਲੀਜੈਂਸ) ਅਤੇ ਸੀਜੀਆਈ (ਕੰਪਿਊਟਰ ਜਨਰੇਟਿਡ ਇਮੇਜਰੀ) ਇੱਕ ਤਕਨੀਕੀ ਪ੍ਰਕਿਰਿਆ ਹੈ, ਜਿਸ ਲਈ ਕਿਰਦਾਰ ਦੀ ਕਾਫ਼ੀ ਫੁਟੇਜ ਦੀ ਲੋੜ ਹੁੰਦੀ ਹੈ।
”ਸਾਡੇ ਕੋਲ ਜਸਵਿੰਦਰ ਭੱਲਾ ਜੀ ਦੀ ਕਾਫ਼ੀ ਫੁਟੇਜ ਮੌਜੂਦ ਸੀ, ਕਿਉਂਕਿ ਅਸੀਂ ਪਹਿਲਾਂ ਵੀ ਉਨ੍ਹਾਂ ਨਾਲ ਕਈ ਪ੍ਰੋਜੈਕਟਾਂ ‘ਤੇ ਕੰਮ ਕਰ ਚੁੱਕੇ ਸੀ।”
ਜਦੋਂ ਏਆਈ ਕਿਰਦਾਰ ਨੂੰ ਦੇਖ ਭਾਵੁਕ ਹੋਇਆ ਭੱਲਾ ਪਰਿਵਾਰ

ਪ੍ਰੋਡਕਸ਼ਨ ਟੀਮ ਨੇ ਇਸ ਫੈਸਲੇ ਨੂੰ ਅੱਗੇ ਵਧਾਉਣ ਲਈ ਭੱਲਾ ਸਾਬ੍ਹ ਦੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕੀਤਾ।
ਫਿਲਮ ਡਾਇਰੈਕਟਰ ਸਮੀਪ ਕੰਗ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਏਆਈ ਦੀ ਮਦਦ ਨਾਲ ਕਿਸੇ ਵੀ ਕਿਰਦਾਰ ਨੂੰ ਦਿਖਾਉਣ ਤੋਂ ਪਹਿਲਾਂ ਇਜਾਜ਼ਤ ਲੈਣਾ ਲਾਜ਼ਮੀ ਹੁੰਦਾ ਹੈ। ਜੇ ਵਿਅਕਤੀ ਜੀਵਤ ਹੋਵੇ ਤਾਂ ਉਸ ਤੋਂ ਸਿੱਧੀ ਇਜਾਜ਼ਤ ਲਈ ਜਾਂਦੀ ਹੈ, ਅਤੇ ਜੇ ਉਹ ਇਸ ਦੁਨੀਆ ਵਿੱਚ ਨਹੀਂ ਹੈ ਤਾਂ ਉਸਦੇ ਪਰਿਵਾਰ ਤੋਂ ਮਨਜ਼ੂਰੀ ਲਈ ਜਾਂਦੀ ਹੈ।
ਜਸਵਿੰਦਰ ਭੱਲਾ ਦੇ ਮਾਮਲੇ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਤਨੀ ਪਰਮਿੰਦਰ ਭੱਲਾ ਤੋਂ ਇਜਾਜ਼ਤ ਲਈ ਗਈ। ਉਸ ਤੋਂ ਬਾਅਦ ਪਰਿਵਾਰ ਨੂੰ ਪੂਰੀ ਪ੍ਰਕਿਰਿਆ ਵਿੱਚ ਸ਼ਾਮਲ ਰੱਖਿਆ ਗਿਆ। ਫਿਲਮ ਵਿੱਚ ਜਿੱਥੇ ਭੌਤਿਕ ਸੀਨਾਂ ਦੀ ਲੋੜ ਪਈ, ਉੱਥੇ ਉਨ੍ਹਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਅਦਾਕਾਰੀ ਕੀਤੀ।
ਗਿੱਪੀ ਗਰੇਵਾਲ ਨੇ ਦੱਸਿਆ ਕਿ ”ਜਦੋਂ ਪਰਿਵਾਰ ਨੂੰ ਸ਼ੁਰੂਆਤ ਵਿੱਚ ਏਆਈ ਦੁਆਰਾ ਬਣਾਈ ਗਈ ਜਸਵਿੰਦਰ ਭੱਲਾ ਜੀ ਦੀ ਫੁਟੇਜ ਦਿਖਾਈ ਗਈ, ਜਿਸਨੂੰ ਦੇਖ ਕੇ ਉਹ ਭਾਵੁਕ ਹੋ ਗਏ। ਕੁਝ ਪਲਾਂ ਲਈ ਪਰਿਵਾਰ ਲਈ ਇਹ ਮੰਨਣਾ ਵੀ ਮੁਸ਼ਕਿਲ ਹੋ ਗਿਆ ਕਿ ਭੱਲਾ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਹਨ।”
ਉਨ੍ਹਾਂ ਕਿਹਾ,”ਫ਼ਿਲਮ ਦੀ ਪੂਰੀ ਪ੍ਰਕਿਰਿਆ ਦੌਰਾਨ ਪਰਿਵਾਰ, ਖਾਸ ਕਰਕੇ ਪੁਖਰਾਜ ਭੱਲਾ ਨੂੰ ਲਗਾਤਾਰ ਜਾਣਕਾਰੀ ਵਿੱਚ ਰੱਖਿਆ ਗਿਆ ਤਾਂ ਜੋ ਪਾਰਦਰਸ਼ਤਾ ਬਣੀ ਰਹੇ ਅਤੇ ਹਰ ਕਦਮ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਲਈ ਜਾ ਸਕੇ।”
ਇੰਝ ਕੀਤੀ ਗਈ ਤਕਨੀਕ ਦੀ ਵਰਤੋਂ
ਤਸਵੀਰ ਸਰੋਤ, Humble Motion Pictures / Jaswinder Bhalla/FB
ਉਨ੍ਹਾਂ ਦੱਸਿਆ, “ਭੱਲਾ ਨੂੰ ਏਆਈ ਅਤੇ ਸੀਜੀਆਈ ਦੀ ਮਦਦ ਨਾਲ ਮੁੜ ਸਕ੍ਰੀਨ ‘ਤੇ ਲਿਆਉਣ ਦੇ ਨਾਲ-ਨਾਲ ਗਿੱਪੀ ਗਰੇਵਾਲ ਨੇ ਉਨ੍ਹਾਂ ਦੀ ਆਵਾਜ਼ ਅਤੇ ਬੋਲਣ ਦੇ ਅੰਦਾਜ਼ ਨੂੰ ਵੀ ਦੁਬਾਰਾ ਪੇਸ਼ ਕਰਨ ਲਈ ਖਾਸ ਮਿਹਨਤ ਕੀਤੀ।”
ਗਿੱਪੀ ਗਰੇਵਾਲ ਨੇ ਦੱਸਿਆ ਕਿ ਏਆਈ ਅਤੇ ਸੀਜੀਆਈ ਸਿਰਫ਼ ਡਿਜ਼ੀਟਲ ਤਕਨੀਕਾਂ ਹਨ, ਜੋ ਕਿਸੇ ਵਿਅਕਤੀ ਦੀ ਆਵਾਜ਼ ਦੀ ਨਕਲ ਕਰ ਸਕਦੀਆਂ ਹਨ, ਪਰ ਉਸਦੇ ਬੋਲਣ ਦਾ ਲਹਿਜ਼ਾ, ਰਿਧਮ, ਠਹਿਰਾਅ ਅਤੇ ਅੰਦਾਜ਼ ਆਪਣੇ ਆਪ ਨਹੀਂ ਬਣਾ ਸਕਦੀਆਂ।
“ਇਸ ਲਈ ਉਨ੍ਹਾਂ ਨੇ ਭੱਲਾ ਜੀ ਦੇ ਬੋਲਣ ਦੀ ਟੋਨ ਅਤੇ ਅੰਦਾਜ਼ ਨੂੰ ਧਿਆਨ ਨਾਲ ਸਮਝ ਕੇ ਆਪਣੀ ਅਵਾਜ਼ ਵਿੱਚ ਉਸਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਡਿਜ਼ੀਟਲ ਪ੍ਰੋਸੈਸਿੰਗ ਰਾਹੀਂ ਗਿੱਪੀ ਦੀ ਆਵਾਜ਼ ਨੂੰ ਸੁਧਾਰ ਕੇ ਜਸਵਿੰਦਰ ਭੱਲਾ ਦੀ ਆਵਾਜ਼ ਵਿੱਚ ਬਦਲਿਆ ਗਿਆ, ਤਾਂ ਜੋ ਉਹ ਭੱਲਾ ਜੀ ਦੀ ਅਸਲ ਆਵਾਜ਼ ਦੇ ਹੋਰ ਨੇੜੇ ਲੱਗੇ।”
ਫ਼ਿਲਮ ਡਾਇਰੈਕਟਰ ਸਮੀਪ ਕੰਗ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਮੁੰਬਈ ਅਤੇ ਪੰਜਾਬ ਦੇ ਟੈਕਨੀਸ਼ੀਅਨ ਅਤੇ ਮਾਹਿਰ ਸ਼ਾਮਲ ਸਨ। ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇਸ ਵਿੱਚ ਸ਼ਾਮਿਲ ਸਨ।
ਗਿੱਪੀ ਗਰੇਵਾਲ ਨੇ ਕਿਹਾ ਕਿ ”ਸਾਰੀ ਟੀਮ ਜਸਵਿੰਦਰ ਭੱਲਾ ਜੀ ਦਾ ਕੋਈ ਵੀ ਸੀਨ ਬਣਾਉਣ ਤੋਂ ਪਹਿਲਾਂ ਵਾਰ-ਵਾਰ ਇਹ ਸੋਚਦੀ ਸੀ ਕਿ ਜੇ ਭੱਲਾ ਸਾਬ੍ਹ ਹੁੰਦੇ ਤਾਂ ਇਸ ਸੀਨ ਵਿੱਚ ਉਹ ਕੀ ਕਰਦੇ, ਤਾਂ ਜੋ ਨਕਲ ਦੀ ਬਜਾਏ ਉਨ੍ਹਾਂ ਦੀ ਅਸਲ ਭਾਵਨਾ ਅਤੇ ਅੰਦਾਜ਼ ਨੂੰ ਸੱਚਾਈ ਨਾਲ ਪੇਸ਼ ਕੀਤਾ ਜਾ ਸਕੇ।”
ਫਿਲਮ ਡਾਇਰੈਕਟਰ ਸਮੀਪ ਕੰਗ ਨੇ ਕਿਹਾ ਕਿ ਟੀਜ਼ਰ ਵਿੱਚ ਜਸਵਿੰਦਰ ਭੱਲਾ ਜੀ ਨੂੰ ਦੇਖਣ ਤੋਂ ਬਾਅਦ ਦਰਸ਼ਕ ਬਹੁਤ ਹੈਰਾਨ ਹੋਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਫ਼ਿਲਮਾਂ ਦੇ ਇਸ ਲੰਬੇ ਕਰੀਅਰ ਵਿੱਚ ਇਹ ਪਹਿਲੀ ਵਾਰ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਜਾਂ ਮਿਲ ਕੇ ਇਹ ਕਿਹਾ ਕਿ ਕੈਰੀ ਆਨ ਜੱਟਾ ਦੇ ਟੀਜ਼ਰ ਨੂੰ ਦੇਖ ਕੇ ਉਹ ਹੱਸਣ ਦੀ ਬਜਾਏ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
‘ਕਲਾਕਾਰਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਜ਼ਰੀਆ’
ਤਸਵੀਰ ਸਰੋਤ, Gippy Grewal/FB
ਗੱਲਬਾਤ ਦੌਰਾਨ ਮਨੋਰੰਜਨ ਦੀ ਦੁਨੀਆ ਵਿੱਚ ਤਕਨਾਲੋਜੀ ਦੇ ਵਧਦੇ ਇਸਤੇਮਾਲ ਅਤੇ ਕਲਾਕਾਰਾਂ ਦੀਆਂ ਯਾਦਾਂ ਨੂੰ ਸੰਭਾਲਣ ਬਾਰੇ ਵੀ ਚਰਚਾ ਹੋਈ।
ਗਿੱਪੀ ਗਰੇਵਾਲ ਨੇ ਕਿਹਾ ਕਿ ਏਆਈ ਰਾਹੀਂ ਕਿਸੇ ਕਲਾਕਾਰ ਨੂੰ ਮੁੜ ਸਕ੍ਰੀਨ ‘ਤੇ ਲਿਆਉਣ ਨਾਲ ਜੁੜੇ ਕੁਝ ਨੈਤਿਕ ਸਵਾਲ ਜ਼ਰੂਰ ਖੜ੍ਹੇ ਹੋ ਜਾਂਦੇ ਹਨ ਪਰ ਜੇ ਇਹ ਕੰਮ ਸਹਿਮਤੀ ਅਤੇ ਧਿਆਨ ਨਾਲ ਕੀਤਾ ਜਾਵੇ ਤਾਂ ਇਹ ਕਲਾਕਾਰਾਂ ਦੀ ਵਿਰਾਸਤ ਨੂੰ ਸੰਭਾਲਣ ਦਾ ਇੱਕ ਵਧੀਆ ਤਰੀਕਾ ਹੋ ਸਕਦਾ ਹੈ।
ਗਿੱਪੀ ਗਰੇਵਾਲ ਨੇ ਇਹ ਵੀ ਸੁਝਾਅ ਦਿੱਤਾ ਕਿ ਭਵਿੱਖ ਵਿੱਚ ਅਦਾਕਾਰਾਂ ਨੂੰ ਆਪਣੀ ਆਵਾਜ਼, ਚਿਹਰੇ ਦੇ ਹਾਵ-ਭਾਵ ਅਤੇ ਅਦਾਕਾਰੀ ਨਾਲ ਜੁੜਿਆ ਡੇਟਾ ਪਹਿਲਾਂ ਹੀ ਰਿਕਾਰਡ ਕਰਕੇ ਰੱਖਣਾ ਚਾਹੀਦਾ ਹੈ।
ਉਨ੍ਹਾਂ ਮੁਤਾਬਕ, ਇਸ ਨਾਲ ਭਵਿੱਖ ਵਿੱਚ ਤਕਨਾਲੋਜੀ ਦੀ ਮਦਦ ਨਾਲ ਉਨ੍ਹਾਂ ਦੀ ਡਿਜ਼ੀਟਲ ਮੌਜੂਦਗੀ ਨੂੰ ਸੰਭਾਲਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ”ਜੇ ਕਲਾਕਾਰ ਦੀ ਸਹਿਮਤੀ ਅਤੇ ਪਰਿਵਾਰ ਦੀ ਮਨਜ਼ੂਰੀ ਹੋਵੇ, ਤਾਂ ਉਸਦੀ ਕਲਾ ਨੂੰ ਉਸਦੀ ਜ਼ਿੰਦਗੀ ਤੋਂ ਬਾਅਦ ਵੀ ਡਿਜ਼ੀਟਲ ਰੂਪ ਵਿੱਚ ਦਰਸ਼ਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਕਲਾਕਾਰ ਦੀ ਵਿਰਾਸਤ ਬਚੀ ਰਹੇਗੀ, ਸਗੋਂ ਉਸਦੇ ਕੰਮ ਦੀ ਰਚਨਾਤਮਕ ਅਤੇ ਆਰਥਿਕ ਮਹੱਤਤਾ ਵੀ ਕਾਇਮ ਰਹੇਗੀ।”
ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਵੀ ਆਪਣੇ ਇੱਕ ਸ਼ੋਅਰ ਦੌਰਾਨ ਕਿਹਾ ਕਿ ਇਹ ਦ੍ਰਿਸ਼ ਕਾਫ਼ੀ ਭਾਵੁਕ ਕਰਨ ਵਾਲਾ ਹੈ। ਭਾਰਤੀ ਨੇ ਕਿਹਾ ਕਿ ਭੱਲਾ ਸਾਬ੍ਹ ਨੂੰ ਸਕ੍ਰੀਨ ‘ਤੇ ਦੇਖ ਕੇ ਲੱਗਿਆ ਜਿਵੇਂ ਉਹ ਅੱਜ ਵੀ ਸਾਡੇ ਵਿੱਚ ਮੌਜੂਦ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


