Source :- BBC PUNJABI
ਤਸਵੀਰ ਸਰੋਤ, Hindustan Times via Getty Images
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 8 ਮਿੰਟ
ਮਈ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਫੌਜੀ ਝੜਪ ਨੂੰ ਇੱਕ ਸਾਲ ਅਤੇ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਕੁਝ ਦਿਨਾਂ ਤੱਕ ਚੱਲੀ ਇਸ ਝੜਪ ਨੂੰ ਲੈ ਕੇ ਦੋਵਾਂ ਦੇਸ਼ਾਂ ਦੀ ਰਾਇ ਅਜੇ ਵੀ ਵੱਖ-ਵੱਖ ਹੈ।
ਦੋਵਾਂ ਪੱਖਾਂ ਨੇ ਜਿੱਤ ਦਾ ਦਾਅਵਾ ਕੀਤਾ ਅਤੇ ਜੰਗ ਦੌਰਾਨ ਹੋਏ ਫੌਜੀ ਨੁਕਸਾਨ ਬਾਰੇ ਵੱਖ-ਵੱਖ ਗੱਲਾਂ ਕਹੀਆਂ।
ਹਾਲ ਹੀ ਵਿੱਚ ਰਿਲੀਜ਼ ਹੋਈ ਡਿਸਕਵਰੀ ਚੈਨਲ ਦੀ ਡਾਕੂਮੈਂਟਰੀ ਫ਼ਿਲਮ ‘ਡੀਕਲਾਸੀਫਾਈਡ: ਆਪਰੇਸ਼ਨ ਸਿੰਦੂਰ’ ਨੇ ਇੱਕ ਵਾਰ ਫਿਰ ਇਸ ਝੜਪ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।
ਇਸ ਫ਼ਿਲਮ ਵਿੱਚ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਅਤੇ ਹੋਰ ਵੱਡੇ ਫੌਜੀ ਅਧਿਕਾਰੀਆਂ ਨੇ ਪਾਕਿਸਤਾਨ ਖ਼ਿਲਾਫ਼ ਕਾਮਯਾਬੀ ਦੇ ਕਈ ਦਾਅਵੇ ਕੀਤੇ ਹਨ।
ਦੂਜੇ ਪਾਸੇ, ਪਾਕਿਸਤਾਨੀ ਫੌਜ ਦੇ ਪਬਲਿਕ ਰਿਲੇਸ਼ਨਜ਼ ਵਿਭਾਗ (ਆਈਐੱਸਪੀਆਰ) ਨੇ ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਇਨ੍ਹਾਂ ਨੂੰ ‘ਝੂਠਾ, ਵਿਵਾਦਿਤ ਅਤੇ ਪ੍ਰਚਾਰ ‘ਤੇ ਆਧਾਰਿਤ’ ਦੱਸਿਆ ਹੈ।
ਡਾਕੂਮੈਂਟਰੀ ਵਿੱਚ ਕੀ ਹੈ?
ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ 6-7 ਮਈ, 2025 ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਉਸ ਦੇ ਪ੍ਰਸ਼ਾਸਨ ਵਾਲੇ ਕਸ਼ਮੀਰ ਵਿੱਚ ਮਿਜ਼ਾਈਲ ਹਮਲੇ ਕੀਤੇ ਸਨ।
ਇਸ ਨੂੰ ਪਹਿਲਗਾਮ ਇਲਾਕੇ ਵਿੱਚ 26 ਸੈਲਾਨੀਆਂ ਦੇ ਕਤਲ ਦਾ ਜਵਾਬ ਦੱਸਿਆ ਗਿਆ ਸੀ, ਜਦਕਿ ਪਾਕਿਸਤਾਨ ਨੇ ਹਮੇਸ਼ਾ ਪਹਿਲਗਾਮ ਹਮਲਿਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
ਭਾਰਤ ਨੇ ਆਪਣੀ ਫੌਜੀ ਕਾਰਵਾਈ ਨੂੰ ‘ਆਪਰੇਸ਼ਨ ਸਿੰਦੂਰ’ ਕਿਹਾ ਸੀ, ਜਦਕਿ ਪਾਕਿਸਤਾਨ ਨੇ ਆਪਣੀ ਜਵਾਬੀ ਕਾਰਵਾਈ ਨੂੰ ‘ਆਪਰੇਸ਼ਨ ਬੁਨਯਾਨ ਅਲ ਮਰਸੂਸ’ ਕਿਹਾ।
ਡਾਕੂਮੈਂਟਰੀ ‘ਡੀਕਲਾਸੀਫਾਈਡ: ਆਪਰੇਸ਼ਨ ਸਿੰਦੂਰ’ ਦਾ ਇੰਟਰੋਡਕਟਰੀ ਵੀਡੀਓ ਡਿਸਕਵਰੀ ਚੈਨਲ ਇੰਡੀਆ ਅਤੇ ਡਿਸਕਵਰੀ ਪਲੱਸ ਇੰਡੀਆ ਦੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਪੂਰੀ ਡਾਕੂਮੈਂਟਰੀ ਇਨ੍ਹਾਂ ਮੀਡੀਆ ਪਲੇਟਫਾਰਮਾਂ ਦੀ ਐਪਲੀਕੇਸ਼ਨ ‘ਤੇ ਦੇਖੀ ਜਾ ਸਕਦੀ ਹੈ।
ਹਾਲਾਂਕਿ, ਐਕਸ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਕਈ ਯੂਜ਼ਰਾਂ ਨੇ ਆਪਣੇ-ਆਪਣੇ ਅਕਾਊਂਟ ‘ਤੇ ਡਾਕੂਮੈਂਟਰੀ ਅਪਲੋਡ ਕੀਤੀ ਹੈ।
ਡਾਕੂਮੈਂਟਰੀ ਵਿੱਚ ਆਪਰੇਸ਼ਨ ਸ਼ੁਰੂ ਹੋਣ ਤੋਂ ਲੈ ਕੇ ਜੰਗਬੰਦੀ ਤੱਕ ਦੀਆਂ ਘਟਨਾਵਾਂ ਨੂੰ ਫੌਜੀ ਅਧਿਕਾਰੀਆਂ ਦੇ ਇੰਟਰਵਿਊ ਰਾਹੀਂ ਦੱਸਿਆ ਗਿਆ ਹੈ।
ਇਸ ਵਿੱਚ ਭਾਰਤੀ ਫੌਜੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਾਕਿਸਤਾਨੀ ਫੌਜੀ ਟਿਕਾਣਿਆਂ, ਏਅਰ ਬੇਸ ਅਤੇ ਕਮਾਂਡ ਸੈਂਟਰਾਂ ‘ਤੇ ਹਮਲਾ ਕਰਕੇ ਭਾਰੀ ਨੁਕਸਾਨ ਪਹੁੰਚਾਇਆ, ਜਦਕਿ ਪਾਕਿਸਤਾਨ ਦੇ ਜਵਾਬੀ ਹਮਲੇ ਜਾਂ ਤਾਂ ਨਿਸ਼ਾਨਿਆਂ ‘ਤੇ ਨਹੀਂ ਲੱਗੇ ਜਾਂ ਨਿਸ਼ਾਨੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤੇ ਗਏ ਅਤੇ ਨਸ਼ਟ ਕਰ ਦਿੱਤੇ ਗਏ।
ਤਸਵੀਰ ਸਰੋਤ, Discovery Channel India
ਡਾਕੂਮੈਂਟਰੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ 10 ਮਈ, 2025 ਦੀ ਸਵੇਰ ਤੱਕ ਜੰਗਬੰਦੀ ਚਾਹੁੰਦਾ ਸੀ ਅਤੇ ਇਸ ਲਈ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸੰਪਰਕ ਕੀਤਾ ਅਤੇ ਮਾਰਕੋ ਰੂਬੀਓ ਨੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਗੱਲ ਕੀਤੀ।
ਦਾਅਵੇ ਮੁਤਾਬਕ, “ਮਾਰਕੋ ਰੂਬੀਓ ਨੂੰ ਕਿਹਾ ਗਿਆ ਸੀ ਕਿ ਉਹ ਪਾਕਿਸਤਾਨੀ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪਰੇਸ਼ਨਜ਼ (ਡੀਜੀਐੱਮਓ) ਨੂੰ ਆਪਣੇ ਭਾਰਤੀ ਹਮਰੁਤਬਾ ਨਾਲ ਗੱਲ ਕਰਨ ਲਈ ਕਹਿਣ, ਕਿਉਂਕਿ ਉਹ ਗੱਲ ਕਰਨ ਲਈ ਸਹੀ ਵਿਅਕਤੀ ਸਨ।”
ਡਾਕੂਮੈਂਟਰੀ ਲਈ ਆਪਣੇ ਇੰਟਰਵਿਊ ਵਿੱਚ ਭਾਰਤ ਦੇ ਸਾਬਕਾ ਡੀਜੀਐੱਮਓ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਡੀਜੀਐੱਮਓ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਜੰਗਬੰਦੀ ਦੀ ਮੰਗ ਕਰਦਿਆਂ ਕਿਹਾ, “ਤੁਸੀਂ ਸਾਡੇ ‘ਤੇ ਇੰਨੀਆਂ ਬ੍ਰਹਮੋਸ ਮਿਜ਼ਾਈਲਾਂ ਦਾਗੀਆਂ ਹਨ, ਹੁਣ ਤਾਂ ਤੁਹਾਨੂੰ ਸਕੂਨ ਮਿਲ ਜਾਣਾ ਚਾਹੀਦਾ ਹੈ ਅਤੇ ਕਿਉਂ ਨਾ ਅਸੀਂ ਇਸ ਨੂੰ (ਜੰਗ ਨੂੰ) ਰੋਕ ਦੇਈਏ?”
ਇਸ ਤੋਂ ਅੱਗੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਇੱਕ ਇੰਟਰਵਿਊ ਦਾ ਹਿੱਸਾ ਹੈ, ਜਿਸ ਵਿੱਚ ਉਹ ਕਹਿੰਦੇ ਹਨ ਕਿ ਪਾਕਿਸਤਾਨ ਨੇ “ਸਾਡੇ ਕੋਲ ਵਾਰ-ਵਾਰ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਬਹੁਤ ਹੋ ਗਿਆ, ਤੁਸੀਂ ਬਹੁਤ ਨੁਕਸਾਨ ਕਰ ਦਿੱਤਾ ਹੈ, ਹੁਣ ਜੰਗਬੰਦੀ ਕਰ ਲਓ ਅਤੇ ਅਸੀਂ ਇਹ ਗੱਲ ਮੰਨ ਲਈ।”
ਡਾਕੂਮੈਂਟਰੀ ਦੇ ਆਖ਼ਿਰ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਨੂੰ ਸਾਪਰਕਲ ਵਰਕਸ ਫਿਲਮਜ਼ ਨੇ ਵਾਰਨਰ ਬ੍ਰਦਰਸ ਡਿਸਕਵਰੀ ਲਈ ਪ੍ਰੋਡਿਊਸ ਕੀਤਾ ਹੈ।
ਤਸਵੀਰ ਸਰੋਤ, Discovery Channel India
ਪਾਕਿਸਤਾਨੀ ਫੌਜ ਦਾ ਕੀ ਕਹਿਣਾ ਹੈ?
ਪਾਕਿਸਤਾਨੀ ਫੌਜ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਡਾਕੂਮੈਂਟਰੀ ਵਿੱਚ ਕੀਤੇ ਗਏ ਦਾਅਵਿਆਂ ਨੂੰ ਗਲਤ ਦੱਸਦਿਆਂ ਕਿਹਾ ਹੈ ਕਿ “ਇੱਕ ਨਾਕਾਮ ਮੁਹਿੰਮ ਵਿੱਚ ਹਾਰ ਮੰਨਣ ਦੀ ਬਜਾਏ, ਭਾਰਤ ਨੇ ਇਤਿਹਾਸ ਨੂੰ ਆਪਣੇ ਰੰਗ ਵਿੱਚ ਰੰਗਣ ਦਾ ਫ਼ੈਸਲਾ ਕੀਤਾ ਹੈ।”
ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, “ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਲਈ, ਭਾਰਤੀ ਰਚਨਾਕਾਰਾਂ ਨੇ ਕਥਿਤ ਤੌਰ ‘ਤੇ ਬਹੁਤ ਜ਼ਿਆਦਾ ਨਾਟਕੀ, ਇਕਤਰਫ਼ਾ ਅਤੇ ਝੂਠੀਆਂ ਕਹਾਣੀਆਂ ਬਣਾਈਆਂ, ਜਿਸ ਨੂੰ ਇੱਕ ਡਾਕੂਮੈਂਟਰੀ ਫ਼ਿਲਮ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।”
ਆਈਐੱਸਪੀਆਰ ਮੁਤਾਬਕ, ਡਾਕੂਮੈਂਟਰੀ ਵਿੱਚ ਦਿੱਤੇ ਗਏ ਬਿਆਨਾਂ ਵਿੱਚ ਵਿਰੋਧਾਭਾਸ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਘਟਨਾਵਾਂ ਦਾ ਇੱਕ ਅਜਿਹਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਭਾਰਤ ਦੇ ਅੰਦਰ ‘ਸਵੀਕਾਰਯੋਗ’ ਹੈ।
ਪਾਕਿਸਤਾਨੀ ਫੌਜ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਨੇ ਕਿਹਾ, “ਪਹਿਲਾਂ ਭਾਰਤ ਨੇ ਦਾਅਵਾ ਕੀਤਾ ਸੀ ਕਿ ਪਹਿਲਗਾਮ ਹਮਲੇ ਦੇ ਤਿੰਨ ਕਥਿਤ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਸੀ ਅਤੇ ਉਨ੍ਹਾਂ ਨੂੰ ਕਥਿਤ ਆਪਰੇਸ਼ਨ ਸਿੰਦੂਰ ਦੇ 82 ਦਿਨਾਂ ਬਾਅਦ 28 ਜੁਲਾਈ, 2025 ਨੂੰ ਮਾਰ ਦਿੱਤਾ ਗਿਆ ਸੀ।”
“ਫਿਰ ਵੀ ਡਾਕੂਮੈਂਟਰੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਆਪਰੇਸ਼ਨ ਪਹਿਲਗਾਮ ਘਟਨਾ ਦੀ ‘ਸਜ਼ਾ ਵਜੋਂ’ ਸ਼ੁਰੂ ਕੀਤਾ ਗਿਆ ਸੀ।”
ਐਕਸ ‘ਤੇ ਇੱਕ ਪੋਸਟ ਵਿੱਚ ਆਈਐੱਸਪੀਆਰ ਨੇ ਸਵਾਲ ਕੀਤਾ ਹੈ ਕਿ “ਜੇ ਪਹਿਲਗਾਮ ਹਮਲੇ ਦੇ ‘ਕਥਿਤ ਮੁਲਜ਼ਮ’ 28 ਜੁਲਾਈ ਨੂੰ ਮਾਰੇ ਗਏ ਸਨ, ਤਾਂ ਭਾਰਤ ਨੂੰ ਇਹ ਦੱਸਣਾ ਹੋਵੇਗਾ ਕਿ 7 ਮਈ, 2025 ਨੂੰ ਕਿਸ ਨੂੰ ਸਜ਼ਾ ਦਿੱਤੀ ਗਈ, ਜਿਵੇਂ ਕਿ ਉਹ ਦਾਅਵਾ ਕਰਦਾ ਹੈ।”
ਭਾਰਤ ਵੱਲੋਂ ਪਾਕਿਸਤਾਨ ਦੇ ਇਸ ਬਿਆਨ ‘ਤੇ ਫ਼ਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਆਈਐੱਸਪੀਆਰ ਨੇ ਇਸ ਮਿਸ਼ਨ ਵਿੱਚ ਭਾਰਤ ਦੇ ‘100 ਫ਼ੀਸਦੀ ਕਾਮਯਾਬੀ’ ਦੇ ਦਾਅਵੇ ਨੂੰ ਖ਼ਾਰਜ ਕੀਤਾ ਹੈ।
ਆਈਐੱਸਪੀਆਰ ਦੇ ਦਾਅਵੇ ਮੁਤਾਬਕ, ਪਾਕਿਸਤਾਨੀ ਫੌਜ ਦੀ ਜਵਾਬੀ ਕਾਰਵਾਈ ਵਿੱਚ, “ਭਾਰਤ ਵਿੱਚ 26 ਫੌਜੀ ਨਿਸ਼ਾਨਿਆਂ ‘ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਉਹ ਟਿਕਾਣੇ ਵੀ ਸ਼ਾਮਲ ਸਨ, ਜਿੱਥੋਂ ਪਾਕਿਸਤਾਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਵਿੱਚ ਲੰਬੀ ਦੂਰੀ ਅਤੇ ਸਹੀ ਨਿਸ਼ਾਨੇ ਵਾਲੇ ਗਾਈਡਿਡ ਹਥਿਆਰਾਂ ਦੀ ਵਰਤੋਂ ਕੀਤੀ ਗਈ।”
ਆਈਐਸਪੀਆਰ ਮੁਤਾਬਕ, ਇਸ ਡਾਕੂਮੈਂਟਰੀ ਰਾਹੀਂ ਭਾਰਤ ਨੇ “ਇੱਕ ਫੌਜੀ ਗਲਤੀ ਨੂੰ ਕਾਮਯਾਬੀ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।”
ਆਈਐੱਸਪੀਆਰ ਦਾ ਕਹਿਣਾ ਹੈ ਕਿ ਉਸ ਨੂੰ ਭਾਰਤ ਖ਼ਿਲਾਫ਼ ਪਾਕਿਸਤਾਨੀ ਫੌਜ ਦੀ ਕਾਰਵਾਈ ਬਾਰੇ ‘ਕੋਈ ਕਹਾਣੀ ਘੜਨ ਦੀ ਲੋੜ ਨਹੀਂ ਹੈ’ ਅਤੇ ‘ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਦੇਸ਼ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਹਨ।’
ਪਾਕਿਸਤਾਨੀ ਫੌਜ ਦੇ ਇਨ੍ਹਾਂ ਦਾਅਵਿਆਂ ‘ਤੇ ਅਜੇ ਤੱਕ ਭਾਰਤ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਤਸਵੀਰ ਸਰੋਤ, AFP via Getty Images
ਮਈ 2025 ਦੀ ਝੜਪ ਦੌਰਾਨ ਕੀ ਜਾਣਕਾਰੀ ਸਾਹਮਣੇ ਆਈ?
ਡਾਕੂਮੈਂਟਰੀ ‘ਡੀਕਲਾਸੀਫਾਈਡ: ਆਪਰੇਸ਼ਨ ਸਿੰਦੂਰ’ ਵਿੱਚ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ 6-7 ਮਈ ਦੀ ਰਾਤ ਨੂੰ ਪਾਕਿਸਤਾਨ ਅਤੇ ਉਸ ਦੇ ਪ੍ਰਸ਼ਾਸਨ ਵਾਲੇ ਕਸ਼ਮੀਰ ਵਿੱਚ ਮਿਜ਼ਾਈਲ ਹਮਲੇ ਕੀਤੇ ਗਏ ਤਾਂ ਪਾਕਿਸਤਾਨ ਨੇ ਸ਼ੁਰੂ ਵਿੱਚ ਲਾਈਨ ਆਫ਼ ਕੰਟ੍ਰੋਲ ਦੇ ਪਾਰ ਜਵਾਬੀ ਕਾਰਵਾਈ ਕੀਤੀ।
ਇਸ ਡਾਕੂਮੈਂਟਰੀ ਫ਼ਿਲਮ ਵਿੱਚ ਭਾਰਤੀ ਹਵਾਈ ਫੌਜ ਦੇ ਸਾਬਕਾ ਵਾਈਸ ਚੀਫ਼ ਨਰਮਦੇਸ਼ਵਰ ਤਿਵਾਰੀ ਕਹਿੰਦੇ ਹਨ, “ਅਗਲੇ 15 ਤੋਂ 20 ਮਿੰਟਾਂ ਦੇ ਅੰਦਰ, ਦੋਵਾਂ ਪਾਸਿਆਂ ਦੇ 40 ਤੋਂ 50 ਜਹਾਜ਼ ਹਵਾ ਵਿੱਚ ਸਨ।”
ਸਾਊਥ ਵੈਸਟਰਨ ਏਅਰ ਕਮਾਂਡ ਦੇ ਕਮਾਂਡਰ-ਇਨ-ਚੀਫ਼ ਏਅਰ ਮਾਰਸ਼ਲ ਨਾਗੇਸ਼ ਕਪੂਰ ਕਹਿੰਦੇ ਹਨ, “ਅਸੀਂ ਹਵਾ ਵਿੱਚ ਸਖ਼ਤ ਨਜ਼ਰ ਰੱਖ ਰਹੇ ਸੀ ਤਾਂ ਜੋ ਉਨ੍ਹਾਂ ਦਾ ਕੋਈ ਵੀ ਜਹਾਜ਼ ਇਸ ਪਾਸੇ (ਸਰਹੱਦ ਦੇ) ਹਿੱਸੇ ਵਿੱਚ ਨਾ ਆ ਸਕੇ ਜਾਂ ਆਪਣੇ ਹਵਾਈ ਖੇਤਰ ਵਿੱਚ ਰਹਿ ਕੇ ਸਾਡੇ ‘ਤੇ ਬੰਬ ਨਾ ਸੁੱਟ ਸਕੇ।”
ਅਗਲਾ ਵਾਕ ਫਿਰ ਨਰਮਦੇਸ਼ਵਰ ਤਿਵਾਰੀ ਦਾ ਹੈ, “ਅਸੀਂ ਕਈ ਸਰਫੇਸ-ਟੂ-ਏਅਰ ਮਿਜ਼ਾਈਲਾਂ ਦਾਗੀਆਂ ਸਨ, ਜਿਸ ਨਾਲ ਯਕੀਨੀ ਤੌਰ ‘ਤੇ ਦੁਸ਼ਮਣ ਨੂੰ ਕੁਝ ਨੁਕਸਾਨ ਜ਼ਰੂਰ ਹੋਇਆ ਸੀ।”
ਨਰਮਦੇਸ਼ਵਰ ਤਿਵਾਰੀ ਦੇ ਮੁਤਾਬਕ, “ਕਰੀਬ ਦੋ ਘੰਟਿਆਂ ਬਾਅਦ, ਉਨ੍ਹਾਂ (ਪਾਕਿਸਤਾਨੀ ਜਹਾਜ਼ਾਂ) ਨੇ ਵਾਪਸ ਜਾਣ ਦਾ ਫ਼ੈਸਲਾ ਕੀਤਾ।”
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਡਾਕੂਮੈਂਟਰੀ ਵਿੱਚ ਨਰਮਦੇਸ਼ਵਰ ਅਤੇ ਨਾਗੇਸ਼ ਕਪੂਰ ਨੇ ਉਸ ਰਾਤ ਭਾਰਤੀ ਜਹਾਜ਼ਾਂ ਦੇ ਨੁਕਸਾਨ ਬਾਰੇ ਕੁਝ ਨਹੀਂ ਕਿਹਾ ਹੈ, ਜਦਕਿ ਪਾਕਿਸਤਾਨ ਨੇ 7 ਮਈ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਛੇ ਭਾਰਤੀ ਜਹਾਜ਼ ਸੁੱਟੇ ਸਨ।
ਜੂਨ 2025 ਵਿੱਚ, ਭਾਰਤੀ ਹਥਿਆਰਬੰਦ ਬਲਾਂ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਬਲੂਮਬਰਗ ਟੀਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ “ਜ਼ਰੂਰੀ ਗੱਲ ਇਹ ਨਹੀਂ ਹੈ ਕਿ ਜੈੱਟ ਸੁੱਟੇ ਗਏ ਜਾਂ ਨਹੀਂ, ਸਗੋਂ ਇਹ ਹੈ ਕਿ ਉਨ੍ਹਾਂ ਨੂੰ ਕਿਉਂ ਸੁੱਟਿਆ ਗਿਆ।”
ਤਸਵੀਰ ਸਰੋਤ, Maxar/PlanetLabs
ਬੀਬੀਸੀ ਵੈਰੀਫਾਈ ਨੇ ਮਈ 2025 ਵਿੱਚ ਤਿੰਨ ਵੀਡੀਓ ਵੈਰੀਫਾਈ ਕੀਤੇ ਸਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਵਿੱਚ ਦਿਖਾਈ ਦੇ ਰਿਹਾ ਮਲਬਾ ਭਾਰਤੀ ਹਵਾਈ ਫੌਜ ਵੱਲੋਂ ਵਰਤੇ ਗਏ ਇੱਕ ਲੜਾਕੂ ਜਹਾਜ਼ ਦਾ ਸੀ।
ਇਹ ਦਾਅਵਾ ਡਾਕੂਮੈਂਟਰੀ ਵਿੱਚ ਵੀ ਕੀਤਾ ਗਿਆ ਹੈ ਅਤੇ ਜੰਗਬੰਦੀ ਤੋਂ ਬਾਅਦ ਭਾਰਤ ਸਰਕਾਰ ਨੇ ਇਹ ਵੀ ਕਿਹਾ ਸੀ ਕਿ 9 ਮਈ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਪਾਕਿਸਤਾਨ ਅਗਲੇ ਕੁਝ ਘੰਟਿਆਂ ਵਿੱਚ ਇੱਕ ਵੱਡਾ ਹਮਲਾ ਕਰ ਸਕਦਾ ਹੈ।
ਦਾਅਵੇ ਮੁਤਾਬਕ, “ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਜਵਾਬ ਵਿੱਚ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਅਜਿਹਾ ਕੋਈ ਹਮਲਾ ਹੁੰਦਾ ਹੈ ਤਾਂ ਅਸੀਂ ਕਰਾਰਾ ਜਵਾਬ ਦੇਵਾਂਗੇ।”
ਹਾਲਾਂਕਿ, ਬਾਅਦ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾ ਦਿੱਤੀ ਹੈ।
ਇਸ ‘ਤੇ ਭਾਰਤ ਦੀਆਂ ਵਿਰੋਧੀ ਪਾਰਟੀਆਂ ਨੇ ਸਵਾਲ ਪੁੱਛਿਆ ਸੀ ਕਿ ਜੰਗਬੰਦੀ ਦੇ ਪਿੱਛੇ ਕੌਣ ਸੀ?
ਕਾਂਗਰਸ ਆਗੂ ਗੌਰਵ ਗੋਗੋਈ ਨੇ ਸੰਸਦ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਸੀ, “ਜੇਕਰ ਪਾਕਿਸਤਾਨ ਸੱਚਮੁੱਚ ਗੋਡੇ ਟੇਕਣ ਲਈ ਤਿਆਰ ਸੀ ਤਾਂ ਤੁਸੀਂ ਰੁਕੇ ਕਿਉਂ, ਤੁਸੀਂ ਝੁਕੇ ਕਿਉਂ। ਤੁਸੀਂ ਕਿਸ ਦੇ ਸਾਹਮਣੇ ਸਰੈਂਡਰ ਕੀਤਾ?”
ਭਾਰਤ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਪਾਕਿਸਤਾਨ ਖ਼ਿਲਾਫ਼ ਆਪਣੇ ਆਪਰੇਸ਼ਨ ਵਿੱਚ ‘100 ਤੋਂ ਵੱਧ ਅੱਤਵਾਦੀ’ ਮਾਰੇ ਹਨ ਅਤੇ ਅੱਤਵਾਦੀ ਕੈਂਪਾਂ, ਪਾਕਿਸਤਾਨੀ ਏਅਰ ਬੇਸ ਅਤੇ ਏਅਰ ਡਿਫੈਂਸ ਸਿਸਟਮ ਨੂੰ ਨਿਸ਼ਾਨਾ ਬਣਾਇਆ ਹੈ।
ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਪੰਜ ਪਾਕਿਸਤਾਨੀ ਲੜਾਕੂ ਜਹਾਜ਼ ਅਤੇ ਇੱਕ ਵੱਡਾ ਜਹਾਜ਼ ਸੁੱਟਿਆ ਸੀ। ਹਾਲਾਂਕਿ, ਪਾਕਿਸਤਾਨੀ ਰੱਖਿਆ ਮੰਤਰੀ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ “ਇੱਕ ਵੀ ਪਾਕਿਸਤਾਨੀ ਜਹਾਜ਼ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਜਾਂ ਨਸ਼ਟ ਨਹੀਂ ਕੀਤਾ ਗਿਆ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



