Home rss national punjabi2ਰਾਸ਼ਟਰੀ ਖ਼ਬਰਾਂ ਭਾਜਪਾ ਦੀ ਨਵੀਂ ਕੌਮੀ ਟੀਮ ’ਚ, ਮਨਪ੍ਰੀਤ ਬਾਦਲ ਤੇ ਸੰਦੀਪ ਪਾਠਕ ਵਰਗੇ...

ਭਾਜਪਾ ਦੀ ਨਵੀਂ ਕੌਮੀ ਟੀਮ ’ਚ, ਮਨਪ੍ਰੀਤ ਬਾਦਲ ਤੇ ਸੰਦੀਪ ਪਾਠਕ ਵਰਗੇ ਚਿਹਰਿਆਂ ਦੀ ਸ਼ਮੂਲੀਅਤ ਦੇ ਕੀ ਮਾਅਨੇ ਹਨ

3
0

Source :- BBC PUNJABI

ਮਨਪ੍ਰੀਤ ਸਿੰਘ ਬਾਦਲ, ਸੰਦੀਪ ਪਾਠਕ ਅਤੇ ਤਰੁਣ ਚੁੱਘ

ਤਸਵੀਰ ਸਰੋਤ, Getty Images

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਕੁਝ ਮਹੀਨੇ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਆਪਣੀ ਨਵੀਂ ਕੌਮੀ ਟੀਮ ਵਿੱਚ ਪੰਜਾਬ ਭਾਜਪਾ ਦੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ।

ਸੋਮਵਾਰ ਨੂੰ ਪਾਰਟੀ ਵੱਲੋਂ ਸਾਬਕਾ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੰਦੀਪ ਪਾਠਕ ਨੂੰ ਕੌਮੀ ਸਕੱਤਰ ਬਣਾਇਆ ਗਿਆ ਹੈ, ਜਦਕਿ ਤਰੁਣ ਚੁੱਘ ਨੂੰ ਕੇਂਦਰੀ ਦਫ਼ਤਰ ਇੰਚਾਰਜ ਵਜੋਂ ਬਰਕਰਾਰ ਰੱਖਿਆ ਗਿਆ ਹੈ।

ਮੰਗਲਵਾਰ ਨੂੰ ਭਾਜਪਾ ਨੇ ਰਾਜਸਥਾਨ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸਤੀਸ਼ ਪੂਨੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ। ਪੰਜਾਬ ਨਾਲ ਸਬੰਧਤ ਤਰੁਣ ਚੁੱਘ ਨੂੰ ਗੁਜਰਾਤ ਦਾ ਇੰਚਾਰਜ ਲਗਾਇਆ ਗਿਆ ਹੈ।

ਹਾਲਾਂਕਿ, ਇਸ ਨਵੀਂ ਟੀਮ ਵਿੱਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗੇ ਕਈ ਵੱਡੇ ਆਗੂਆਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਪੰਜਾਬ ਨਾਲ ਸਬੰਧਤ ਆਗੂਆਂ ਨੂੰ ਕੌਮੀ ਟੀਮ ਵਿੱਚ ਦਿੱਤੀ ਗਈ ਅਹਿਮ ਥਾਂ ਨੇ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਛੇੜ ਦਿੱਤੀ ਹੈ ਕਿ ਕੀ ਇਹ ਕਦਮ ਪੰਜਾਬ ਨੂੰ ਲੈ ਕੇ ਪਾਰਟੀ ਦੀ ਵੱਡੀ ਰਣਨੀਤੀ ਦਾ ਹਿੱਸਾ ਹੈ।

ਇਨ੍ਹਾਂ ਨਿਯੁਕਤੀਆਂ ਦੇ ਭਾਜਪਾ ਲਈ ਕੀ ਮਾਅਨੇ ਹੋ ਸਕਦੇ ਹਨ, ਇਹ ਸਮਝਣ ਲਈ ਅਸੀਂ ਵੱਖ-ਵੱਖ ਰਾਜਨੀਤਕ ਮਾਹਰਾਂ ਨਾਲ ਗੱਲ ਕੀਤੀ ਹੈ।

ਮਨਪ੍ਰੀਤ ਬਾਦਲ ਨੇ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਕੀ ਕਿਹਾ?

ਭਾਜਪਾ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਬੀਬੀਸੀ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਮੁੱਦਿਆਂ ਦੀ ਜੜ੍ਹ ਬੇਰੁਜ਼ਗਾਰੀ ਹੈ। ਭਾਜਪਾ ਦੀ ਭਵਿੱਖ ਦੀ ਰਣਨੀਤੀ ਇਹ ਹੋਵੇਗੀ ਕਿ ਪੰਜਾਬ ਵਿੱਚ ਕਾਰੋਬਾਰ ਕਿਵੇਂ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਜੋ ਆਰਥਿਕ ਅਤੇ ਤਰੱਕੀ ਦਾ ਇਨਕਲਾਬ ਆ ਰਿਹਾ ਹੈ, ਪੰਜਾਬ ਉਸ ਤੋਂ ਵਾਂਝਾ ਨਾ ਰਹੇ।

ਹਾਲਾਂਕਿ, ਉਨ੍ਹਾਂ ਕਿਹਾ ਕਿ ਪੂਰੀ ਰਣਨੀਤੀ ਆਉਣ ਵਾਲੇ ਸਮੇਂ ਵਿੱਚ ਉਲੀਕੀ ਜਾਵੇਗੀ, ਪਰ ਉਹ ਪੰਜਾਬ ਵਿੱਚ ਭਾਜਪਾ ਨੂੰ ਕਾਮਯਾਬ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

ਅਕਾਲੀ ਦਲ ਨਾਲ ਗਠਜੋੜ ਹੋਵੇਗਾ ਜਾਂ ਨਹੀਂ, ਇਸ ਸਵਾਲ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਇਸ ਬਾਰੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਫ਼ੈਸਲਾ ਕਰੇਗੀ।

ਇਸੇ ਤਰ੍ਹਾਂ ਸੰਦੀਪ ਪਾਠਕ ਨੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਲਿਖਿਆ, “ਮੈਂ ਪਾਰਟੀ ਵੱਲੋਂ ਮੇਰੇ ਵਿੱਚ ਦਿਖਾਏ ਗਏ ਵਿਸ਼ਵਾਸ ਅਤੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਂਦੇ ਹੋਏ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕਰਦਾ ਰਹਾਂਗਾ।”

ਭਾਜਪਾ ਨੇ ਪੰਜਾਬ ਦੇ ਦੋ ਅਜਿਹੇ ਸਿਆਸਤਦਾਨਾਂ ‘ਤੇ ਭਰੋਸਾ ਜਤਾਇਆ ਹੈ, ਜੋ ਦੂਜੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ।

ਮਨਪ੍ਰੀਤ ਬਾਦਲ ਇਸ ਤੋਂ ਪਹਿਲਾਂ ਅਕਾਲੀ ਦਲ-ਭਾਜਪਾ ਸਰਕਾਰ ਅਤੇ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਰਹਿ ਚੁੱਕੇ ਹਨ, ਜਦਕਿ ਸੰਦੀਪ ਪਾਠਕ ਕਈ ਸਾਲ ਆਮ ਆਦਮੀ ਪਾਰਟੀ ਦੇ ਚੋਣ ਰਣਨੀਤੀਕਾਰ ਦੀ ਭੂਮਿਕਾ ਨਿਭਾ ਚੁੱਕੇ ਹਨ।

ਦੂਜੇ ਪਾਸੇ, ਤਰੁਣ ਚੁੱਘ ਨੂੰ ਵੀ ਲਗਾਤਾਰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ।

ਮਨਪ੍ਰੀਤ ਬਾਦਲ ਦਾ ਸਿਆਸੀ ਪਿਛੋਕੜ

ਮਨਪ੍ਰੀਤ ਬਾਦਲ

ਤਸਵੀਰ ਸਰੋਤ, Getty Images

ਮਨਪ੍ਰੀਤ ਸਿੰਘ ਬਾਦਲ ਪੰਜਾਬ ਦੇ ਪ੍ਰਮੁੱਖ ਸਿਆਸਤਦਾਨ ਅਤੇ ਸਾਬਕਾ ਵਿੱਤ ਮੰਤਰੀ ਹਨ। ਉਹ ਪੰਜਾਬ ਦੇ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਸੂਬੇ ਦੇ ਸਭ ਤੋਂ ਲੰਮਾ ਸਮਾਂ ਵਿੱਤ ਮੰਤਰੀ ਰਹਿਣ ਵਾਲੇ ਆਗੂਆਂ ਵਿੱਚੋਂ ਇੱਕ ਹਨ।

ਉਹ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੇ ਪੁੱਤਰ ਹਨ।

ਉਨ੍ਹਾਂ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਕੀਤੀ ਸੀ। ਉਨ੍ਹਾਂ ਨੇ 1995 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿੱਤ ਕੇ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ।

ਇਸ ਤੋਂ ਬਾਅਦ ਉਹ 1997, 2002 ਅਤੇ 2007 ਵਿੱਚ ਵੀ ਇਸੇ ਹਲਕੇ ਤੋਂ ਲਗਾਤਾਰ ਵਿਧਾਇਕ ਚੁਣੇ ਗਏ।

2007 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵਿੱਚ ਉਹ ਪਹਿਲੀ ਵਾਰ ਪੰਜਾਬ ਦੇ ਵਿੱਤ ਮੰਤਰੀ ਬਣੇ। ਹਾਲਾਂਕਿ, 2010 ਵਿੱਚ ਉਨ੍ਹਾਂ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਬਾਅਦ ਵਿੱਚ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ।

ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਮਾਰਚ 2011 ਵਿੱਚ ਉਨ੍ਹਾਂ ਨੇ ਆਪਣੀ ਨਵੀਂ ਸਿਆਸੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀਪੀਪੀ) ਬਣਾਈ। ਪੀਪੀਪੀ ਨੇ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ, ਪਰ ਪਾਰਟੀ ਇੱਕ ਵੀ ਸੀਟ ਜਿੱਤਣ ਵਿੱਚ ਸਫ਼ਲ ਨਹੀਂ ਹੋਈ।

ਜਨਵਰੀ 2016 ਵਿੱਚ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਪੀਪੀਪੀ ਦਾ ਕਾਂਗਰਸ ਵਿੱਚ ਰਲੇਵਾਂ ਕਰ ਦਿੱਤਾ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ ‘ਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ (2017-2022) ਵਿੱਚ ਮੁੜ ਪੰਜਾਬ ਦੇ ਵਿੱਤ ਮੰਤਰੀ ਦਾ ਅਹੁਦਾ ਸੰਭਾਲਿਆ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਉਹ ਬਠਿੰਡਾ ਸ਼ਹਿਰੀ ਸੀਟ ਤੋਂ ਚੋਣ ਹਾਰ ਗਏ।

ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਲੀਡਰਸ਼ਿਪ ਨਾਲ ਮਤਭੇਦਾਂ ਕਾਰਨ ਉਨ੍ਹਾਂ ਨੇ 18 ਜਨਵਰੀ 2023 ਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਸੇ ਦਿਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਸੰਦੀਪ ਪਾਠਕ ਦਾ ਸਿਆਸੀ ਪਿਛੋਕੜ

ਸੰਦੀਪ ਪਾਠਕ

ਤਸਵੀਰ ਸਰੋਤ, Getty Images

ਡਾ. ਸੰਦੀਪ ਪਾਠਕ ਨੂੰ ਚੋਣ ਰਣਨੀਤੀਕਾਰ ਵਜੋਂ ਜਾਣਿਆ ਜਾਂਦਾ ਹੈ। ਉਹ ਮੌਜੂਦਾ ਸਮੇਂ ਰਾਜ ਸਭਾ ਮੈਂਬਰ ਹਨ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਆਈਆਈਟੀ ਦਿੱਲੀ ਵਿੱਚ ਪ੍ਰੋਫੈਸਰ ਸਨ।

ਲੰਮੇ ਸਮੇਂ ਤੱਕ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਰਣਨੀਤੀਕਾਰ ਅਤੇ ਪਾਰਟੀ ਦੇ ਮਹਾਂਸਕੱਤਰ ਰਹਿਣ ਤੋਂ ਬਾਅਦ ਉਹ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਪਾਰਟੀ ਦਾ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਸੰਦੀਪ ਪਾਠਕ ਦਾ ਜਨਮ ਛੱਤੀਸਗੜ੍ਹ ਵਿੱਚ ਹੋਇਆ। ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਪੀਐੱਚਡੀ ਕੀਤੀ ਹੈ ਅਤੇ ਆਕਸਫੋਰਡ ਯੂਨੀਵਰਸਿਟੀ ਅਤੇ ਐੱਮਆਈਟੀ ਵਰਗੇ ਵਿਸ਼ਵ ਪ੍ਰਸਿੱਧ ਸੰਸਥਾਨਾਂ ਵਿੱਚ ਖੋਜ ਕੀਤੀ ਹੈ।

ਸੰਦੀਪ ਪਾਠਕ ਨੇ 2012 ਵਿੱਚ ਆਮ ਆਦਮੀ ਪਾਰਟੀ ਦੇ ਚੋਣ ਰਣਨੀਤੀਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਉਹ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ (ਪੀਏਸੀ) ਦੇ ਮੈਂਬਰ ਵੀ ਸਨ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਇਤਿਹਾਸਕ ਜਿੱਤ, ਜਿਸ ਵਿੱਚ ਪਾਰਟੀ ਨੇ 92 ਸੀਟਾਂ ਜਿੱਤੀਆਂ ਸਨ, ਪਿੱਛੇ ਸੰਦੀਪ ਪਾਠਕ ਦੀ ਭੂਮਿਕਾ ਨੂੰ ਅਹਿਮ ਮੰਨਿਆ ਜਾਂਦਾ ਹੈ।

ਅਪ੍ਰੈਲ 2022 ਵਿੱਚ ‘ਆਪ’ ਨੇ ਉਨ੍ਹਾਂ ਨੂੰ ਪੰਜਾਬ ਕੋਟੇ ਤੋਂ ਰਾਜ ਸਭਾ ਮੈਂਬਰ ਵਜੋਂ ਸੰਸਦ ਵਿੱਚ ਭੇਜਿਆ।

ਅਪ੍ਰੈਲ 2026 ਵਿੱਚ ਸੰਦੀਪ ਪਾਠਕ ਨੇ ‘ਆਪ’ ਦੀਆਂ ਨੀਤੀਆਂ ਨਾਲ ਅਸਹਿਮਤੀ ਜਤਾਉਂਦੇ ਹੋਏ ਰਾਘਵ ਚੱਢਾ ਸਮੇਤ ਆਮ ਆਦਮੀ ਪਾਰਟੀ ਛੱਡ ਦਿੱਤੀ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਤਰੁਣ ਚੁੱਘ ਦਾ ਸਿਆਸੀ ਪਿਛੋਕੜ

ਤਰੁਣ ਚੁੱਘ

ਤਸਵੀਰ ਸਰੋਤ, Getty Images

ਤਰੁਣ ਚੁੱਘ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਹਨ ਅਤੇ ਮੌਜੂਦਾ ਸਮੇਂ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ।

ਉਹ ਪੰਜਾਬ ਦੇ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਹਨ ਅਤੇ ਲੰਮੇ ਸਮੇਂ ਤੱਕ ਪਾਰਟੀ ਦੇ ਕੌਮੀ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।

ਉਨ੍ਹਾਂ ਨੇ ਆਪਣੇ ਜਨਤਕ ਜੀਵਨ ਦੀ ਸ਼ੁਰੂਆਤ ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਗਰਮ ਸਵੈਮਸੇਵਕ ਵਜੋਂ ਕੀਤੀ। ਉਹ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਸਮੇਤ ਕਈ ਅਹਿਮ ਅਹੁਦਿਆਂ ‘ਤੇ ਰਹੇ।

ਉਨ੍ਹਾਂ ਨੇ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ, ਹਾਲਾਂਕਿ ਉਨ੍ਹਾਂ ਨੂੰ ਚੋਣ ਸਫ਼ਲਤਾ ਨਹੀਂ ਮਿਲੀ। ਇਸ ਦੇ ਬਾਵਜੂਦ ਉਨ੍ਹਾਂ ਦਾ ਸਿਆਸੀ ਕੱਦ ਲਗਾਤਾਰ ਵਧਦਾ ਗਿਆ।

ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਉਹ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਵਾਈਸ-ਚੇਅਰਮੈਨ ਵੀ ਰਹੇ।

ਜੂਨ 2026 ਵਿੱਚ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਕੋਟੇ ਤੋਂ ਰਾਜ ਸਭਾ ਮੈਂਬਰ ਵਜੋਂ ਸੰਸਦ ਵਿੱਚ ਭੇਜਿਆ ਗਿਆ।

ਅਗਸਤ 2026 ਵਿੱਚ ਉਨ੍ਹਾਂ ਨੂੰ ਨਵੀਂ ਦਿੱਲੀ ਸਥਿਤ ਭਾਜਪਾ ਦੇ ਕੌਮੀ ਦਫ਼ਤਰ ਦਾ ਇੰਚਾਰਜ ਬਣਾਇਆ ਗਿਆ ਅਤੇ ਨਾਲ ਹੀ ਗੁਜਰਾਤ ਦਾ ਭਾਜਪਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਸਤੀਸ਼ ਪੂਨੀਆ ਕੌਣ ਹਨ?

ਸਤੀਸ਼ ਪੂਨੀਆ

ਤਸਵੀਰ ਸਰੋਤ, Getty Images

ਡਾ. ਸਤੀਸ਼ ਪੂਨੀਆ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਸਿਆਸਤਦਾਨ ਹਨ। ਉਹ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਨ। ਉਨ੍ਹਾਂ ਨੂੰ ਹੁਣ ਪੰਜਾਬ ਭਾਜਪਾ ਦੇ ਸੂਬਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਭਾਜਪਾ ਹਾਈਕਮਾਂਡ ਨੇ 18 ਅਗਸਤ 2026 ਨੂੰ ਉਨ੍ਹਾਂ ਨੂੰ ਪੰਜਾਬ ਭਾਜਪਾ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ। ਇਹ ਅਹੁਦਾ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੇ ਦੇਹਾਂਤ ਤੋਂ ਬਾਅਦ ਖ਼ਾਲੀ ਸੀ।

ਸਤੀਸ਼ ਪੂਨੀਆ ਰਾਜਸਥਾਨ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਨੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ।

ਉਹ 2019 ਤੋਂ 2023 ਤੱਕ ਰਾਜਸਥਾਨ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਉਹ ਰਾਜਸਥਾਨ ਦੇ ਆਮੇਰ ਵਿਧਾਨ ਸਭਾ ਹਲਕੇ ਤੋਂ 2018 ਤੋਂ 2023 ਤੱਕ ਵਿਧਾਇਕ ਵੀ ਰਹੇ।

ਹਾਲਾਂਕਿ, 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਆਮੇਰ ਹਲਕੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਸਾਲ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਤੀਸ਼ ਪੂਨੀਆ ਨੂੰ ਹਰਿਆਣਾ ਭਾਜਪਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਜਪਾ ਨੇ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਸੀ।

“ਮਨਪ੍ਰੀਤ ਬਾਦਲ ਜੱਟ ਸਿੱਖ ਚਿਹਰਾ”

ਮੁਹੰਮਦ ਖ਼ਾਲਿਦ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੇਵਾਮੁਕਤ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਪ੍ਰੋ. ਮੁਹੰਮਦ ਖਾਲਿਦ ਮੰਨਦੇ ਹਨ ਕਿ ਭਾਜਪਾ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਬਣਾ ਕੇ ਮਾਲਵਾ ਖੇਤਰ ਅਤੇ ਜੱਟ ਸਿੱਖ ਵੋਟ ਬੈਂਕ ਵਿੱਚ ਆਪਣੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਉਹ ਕਹਿੰਦੇ ਹਨ, “ਭਾਜਪਾ ਜਦੋਂ ਇਹ ਦਾਅਵਾ ਕਰਦੀ ਹੈ ਕਿ ਪੰਜਾਬ ਵਿੱਚ ਉਹ 117 ਸੀਟਾਂ ‘ਤੇ ਇਕੱਲੇ ਚੋਣ ਲੜੇਗੀ ਤਾਂ ਹਰ ਵੋਟ ਵਰਗ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਇਸ ਲਈ ਮਨਪ੍ਰੀਤ ਬਾਦਲ ਨੂੰ ਕੌਮੀ ਲੀਡਰਸ਼ਿਪ ਵਿੱਚ ਥਾਂ ਦਿੱਤੀ ਗਈ ਹੈ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਭਾਜਪਾ ਸਿੱਖ ਚਿਹਰਿਆਂ ਨੂੰ ਵੀ ਤਵੱਜੋ ਦੇ ਰਹੀ ਹੈ।”

ਪ੍ਰੋ. ਖਾਲਿਦ ਇਹ ਵੀ ਮੰਨਦੇ ਹਨ ਕਿ ਭਾਜਪਾ ਨੇ ਮਨਪ੍ਰੀਤ ਬਾਦਲ ਨੂੰ ਜ਼ਿੰਮੇਵਾਰੀ ਦੇ ਕੇ ਸੁਖਬੀਰ ਬਾਦਲ ਨੂੰ ਵੀ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਬਾਦਲ ਪਰਿਵਾਰ ਨੂੰ ਭੁੱਲੀ ਨਹੀਂ ਹੈ।

ਉਹ ਕਹਿੰਦੇ ਹਨ ਕਿ ਭਾਵੇਂ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਦੇ ਸਿਆਸੀ ਮਤਭੇਦ ਹਨ, ਪਰ ਮਨਪ੍ਰੀਤ ਬਾਦਲ ‘ਤੇ ਜ਼ਿਆਦਾ ਭਰੋਸਾ ਕਰਨਾ ਸੁਖਬੀਰ ਬਾਦਲ ਲਈ ਬੁਰਾ ਸੰਕੇਤ ਹੋ ਸਕਦਾ ਹੈ।

‘ਸੰਦੀਪ ਪਾਠਕ ਭਾਜਪਾ ਲਈ ਉਮੀਦ’

ਪ੍ਰੋ. ਆਸ਼ੂਤੋਸ਼

ਹਾਲਾਂਕਿ ਪ੍ਰੋ. ਖਾਲਿਦ ਮਨਪ੍ਰੀਤ ਬਾਦਲ ਅਤੇ ਸੰਦੀਪ ਪਾਠਕ ਦੀ ਭਾਜਪਾ ਵਿੱਚ ਅਹਿਮ ਅਹੁਦਿਆਂ ‘ਤੇ ਨਿਯੁਕਤੀ ਦਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੋਈ ਵੱਡਾ ਪ੍ਰਭਾਵ ਪੈਂਦਾ ਨਹੀਂ ਦੇਖਦੇ।

ਉਹ ਕਹਿੰਦੇ ਹਨ ਕਿ ਸੰਦੀਪ ਪਾਠਕ ਆਮ ਆਦਮੀ ਪਾਰਟੀ ਵਿੱਚੋਂ ਭਾਜਪਾ ਵਿੱਚ ਆਏ ਹਨ ਅਤੇ ਇਹ ਉਨ੍ਹਾਂ ਨੂੰ ਮਿਲਿਆ ਇਨਾਮ ਵੀ ਹੋ ਸਕਦਾ ਹੈ।

“ਸੰਦੀਪ ਪਾਠਕ ਪੰਜਾਬ ਵਿੱਚ ਭਾਜਪਾ ਲਈ ਰਣਨੀਤੀ ਉਲੀਕ ਸਕਦੇ ਹਨ, ਪਰ ਲੋਕਾਂ ‘ਤੇ ਕੋਈ ਪ੍ਰਭਾਵ ਨਹੀਂ ਪਾ ਸਕਦੇ। ਇਸੇ ਤਰ੍ਹਾਂ ਮਨਪ੍ਰੀਤ ਬਾਦਲ ਸਿੱਖ ਚਿਹਰਾ ਜ਼ਰੂਰ ਹਨ, ਪਰ ਪੰਜਾਬ ਦੇ ਲੋਕਾਂ ਵਿੱਚ ਉਨ੍ਹਾਂ ਦਾ ਪ੍ਰਭਾਵ ਖ਼ਤਮ ਹੋ ਚੁੱਕਿਆ ਹੈ।”

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਰਾਜਨੀਤੀ ਦੇ ਪ੍ਰੋ. ਆਸ਼ੂਤੋਸ਼ ਮਨਪ੍ਰੀਤ ਬਾਦਲ ਨੂੰ ਕੌਮੀ ਮੀਤ ਪ੍ਰਧਾਨ ਬਣਾਉਣ ਦੇ ਕਦਮ ਨੂੰ ਪੰਜਾਬ ਵਿੱਚ ਪਾਰਟੀ ਦੇ ਰਵਾਇਤੀ ਸ਼ਹਿਰੀ ਅਤੇ ਹਿੰਦੂ ਅਕਸ ਨੂੰ ਬਦਲ ਕੇ ਪੇਂਡੂ ਖੇਤਰਾਂ ਅਤੇ ਸਿੱਖ ਭਾਈਚਾਰੇ ਵਿੱਚ ਪੈਰ ਪਸਾਰਨ ਦੀ ਰਣਨੀਤੀ ਦਾ ਹਿੱਸਾ ਮੰਨਦੇ ਹਨ।

ਹਾਲਾਂਕਿ, ਉਹ ਇਹ ਵੀ ਕਹਿੰਦੇ ਹਨ ਕਿ ਮਨਪ੍ਰੀਤ ਬਾਦਲ ਨੂੰ ਮਿਲਿਆ ਕੌਮੀ ਮੀਤ ਪ੍ਰਧਾਨ ਦਾ ਅਹੁਦਾ ਜ਼ਮੀਨੀ ਪੱਧਰ ‘ਤੇ ਕੋਈ ਖ਼ਾਸ ਸਰਗਰਮ ਭੂਮਿਕਾ ਨਹੀਂ ਨਿਭਾਉਂਦਾ, ਪਰ ਪਾਰਟੀ ਇਸ ਕਦਮ ਨਾਲ ਹਿੰਦੂ ਅਤੇ ਸਿੱਖ ਚਿਹਰਿਆਂ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪ੍ਰੋ. ਆਸ਼ੂਤੋਸ਼ ਮੰਨਦੇ ਹਨ ਕਿ ਸੰਦੀਪ ਪਾਠਕ ਨੂੰ ਕੌਮੀ ਸਕੱਤਰ ਬਣਾਉਣਾ ਭਾਜਪਾ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ, ਕਿਉਂਕਿ ਸੰਦੀਪ ਪਾਠਕ ਅੰਕੜਿਆਂ ਦੇ ਮਾਹਰ ਹਨ। ਉਹ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਸੂਬੇ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਅੰਕੜਿਆਂ ਤੋਂ ਜਾਣੂ ਹਨ।

ਉਨ੍ਹਾਂ ਮੁਤਾਬਕ, ਸੰਦੀਪ ਪਾਠਕ ਉਹ ਹਥਿਆਰ ਹੋ ਸਕਦੇ ਹਨ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਜਿੱਤ ਦੇ ਰੱਥ ਨੂੰ ਰੋਕਣ ਵਿੱਚ ਭਾਜਪਾ ਦੀ ਮਦਦ ਕਰੇ।

ਪ੍ਰੋ. ਖਾਲਿਦ ਕਹਿੰਦੇ ਹਨ ਕਿ ਤਰੁਣ ਚੁੱਘ ਸ਼ੁਰੂਆਤ ਤੋਂ ਹੀ ਭਾਜਪਾ ਦੇ ਵਫ਼ਾਦਾਰ ਆਗੂ ਰਹੇ ਹਨ। ਉਨ੍ਹਾਂ ਨੂੰ ਮੁੜ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾਉਣਾ ਅਤੇ ਗੁਜਰਾਤ ਦਾ ਇੰਚਾਰਜ ਨਿਯੁਕਤ ਕਰਨਾ ਇਹ ਦਰਸਾਉਂਦਾ ਹੈ ਕਿ ਭਾਜਪਾ ਹਾਈਕਮਾਂਡ ਦਾ ਪੰਜਾਬ ਨਾਲ ਸਬੰਧਤ ਆਪਣੇ ਪੁਰਾਣੇ ਆਗੂਆਂ ‘ਤੇ ਭਰੋਸਾ ਬਰਕਰਾਰ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI