Source :- BBC PUNJABI
ਤਸਵੀਰ ਸਰੋਤ, Trincomalee General Hospital
ਸ੍ਰੀਲੰਕਾ ਵਿੱਚ ਡਾਕਟਰਾਂ ਨੇ ਇੱਕ ਵਿਅਕਤੀ ਸਰੀਰ ਵਿੱਚੋਂ 3.1 ਕਿਲੋਗ੍ਰਾਮ (6.8 ਪੌਂਡ) ਦਾ ਬਲੈਡਰ ਸਟੋਨ ਕੱਢਿਆ ਹੈ, ਡਾਕਟਰਾਂ ਦਾ ਮੰਨਣਾ ਹੈ ਕਿ ਇਹ ਰਿਕਾਰਡ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡੀ ਪੱਥਰੀ ਹੈ।
ਇਹ ਸਰਜਰੀ ਪਿਛਲੇ ਹਫ਼ਤੇ ਸ੍ਰੀਲੰਕਾ ਦੇ ਪੂਰਬੀ ਹਿੱਸੇ ਵਿੱਚ ਸਥਿਤ ਤ੍ਰਿੰਕੋਮਾਲੀ ਦੇ ਇੱਕ ਹਸਪਤਾਲ ਵਿੱਚ ਕੀਤੀ ਗਈ।
55 ਸਾਲਾ ਮਰੀਜ਼ ਨੂੰ ਸਟ੍ਰੋਕ ਆਉਣ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਰ ਇਲਾਜ ਦੌਰਾਨ ਜਦੋਂ ਡਾਕਟਰਾਂ ਨੇ ਦੇਖਿਆ ਕਿ ਉਸ ਨੂੰ ਪਿਸ਼ਾਬ ਕਰਨ ਵਿੱਚ ਦਿੱਕਤ ਆ ਰਹੀ ਹੈ ਤਾਂ ਉਨ੍ਹਾਂ ਨੂੰ ਉਸ ਦੀ ਪਿਸ਼ਾਬ ਦੀ ਥੈਲੀ ਵਿੱਚ ਪੱਥਰ ਹੋਣ ਦਾ ਪਤਾ ਲੱਗਾ।
ਸਰਜਰੀ ਦੌਰਾਨ ਡਾਕਟਰਾਂ ਨੇ ਪਿਸ਼ਾਬ ਦੀ ਥੈਲੀ ਵਿੱਚੋਂ ਪੱਥਰ ਕੱਢ ਦਿੱਤਾ, ਇਸ ਦਾ ਵਜ਼ਨ ਇੱਕ ਪੂਰੇ ਸਮੇਂ ਵਿੱਚ ਜੰਮੇ ਬੱਚੇ ਜਿੰਨਾ ਸੀ ਅਤੇ ਇਹ ਆਕਾਰ ਵਿੱਚ ਸ਼ਤਰਮੁਰਗ ਦੇ ਅੰਡੇ ਜਿੰਨਾ ਸੀ।
ਸਰਜਰੀ ਦੀ ਅਗਵਾਈ ਕਰਨ ਵਾਲੇ ਡਾ. ਪ੍ਰਹਾਲਾਹਨ ਬਾਲਾਕ੍ਰਿਸ਼ਨਨ ਨੇ ਬੀਬੀਸੀ ਸਿੰਹਾਲਾ ਨੂੰ ਦੱਸਿਆ, “ਉਪਲਬਧ ਰਿਕਾਰਡਾਂ ਦੇ ਅਨੁਸਾਰ, ਇਹ ਹੁਣ ਤੱਕ ਦਰਜ ਕੀਤਾ ਗਿਆ ਅਤੇ ਸਰਜਰੀ ਰਾਹੀਂ ਕੱਢਿਆ ਗਿਆ ਸਭ ਤੋਂ ਵੱਡਾ ਬਲੈਡਰ ਸਟੋਨ ਹੈ।”
ਉਨ੍ਹਾਂ ਨੇ ਅੱਗੇ ਕਿਹਾ ਕਿ ਮਰੀਜ਼ ਦੀ ਸਿਹਤ “ਬਹੁਤ ਚੰਗੀ” ਸੀ।
ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਹਾਲੇ ਵੀ ਹਸਪਤਾਲ ਵਿੱਚ ਹੈ ਅਤੇ ਉਸ ਦੀਆਂ ਹੋਰ ਸਿਹਤ ਸਬੰਧੀ ਸਮੱਸਿਆਵਾਂ ਦਾ ਇਲਾਜ ਜਾਰੀ ਹੈ।
ਡਾ. ਬਾਲਾਕ੍ਰਿਸ਼ਨਨ ਨੇ ਦੱਸਿਆ ਕਿ ਇਹ ਪੱਥਰੀ ਮਰੀਜ਼ ਦੀ ਪਿਸ਼ਾਬ ਦੀ ਥੈਲੀ ਵਿੱਚ ਲਗਭਗ ਪੰਜ ਤੋਂ 10 ਸਾਲਾਂ ਤੋਂ ਹੋ ਸਕਦੀ ਹੈ।
ਪਿਸ਼ਾਬ ਦੀ ਥੈਲੀ ਦਾ ਪੱਥਰ ਲਗਭਗ 17 ਸੈਂਟੀਮੀਟਰ ਚੌੜਾ ਸੀ, ਜੋ ਆਕਾਰ ਵਿੱਚ ਸ਼ਤਰਮੁਰਗ ਦੇ ਅੰਡੇ ਜਿੰਨਾ ਸੀ।
ਤਸਵੀਰ ਸਰੋਤ, Trincomalee General Hospital
ਬਲੈਡਰ ਸਟੋਨ ਉਦੋਂ ਬਣਦੇ ਹਨ ਜਦੋਂ ਪਿਸ਼ਾਬ ਵਿੱਚ ਮੌਜੂਦ ਖਣਿਜ ਕ੍ਰਿਸਟਲ ਬਣ ਜਾਂਦੇ ਹਨ ਅਤੇ ਠੋਸ ਗੰਢਾਂ ਵਿੱਚ ਬਦਲ ਜਾਂਦੇ ਹਨ।
ਇਹ ਆਮ ਤੌਰ ‘ਤੇ ਉਦੋਂ ਬਣਦੇ ਹਨ ਜਦੋਂ ਪਿਸ਼ਾਬ ਦੀ ਥੈਲੀ ਪੂਰੀ ਤਰ੍ਹਾਂ ਖਾਲ੍ਹੀ ਨਹੀਂ ਹੁੰਦੀ, ਜਿਸ ਕਾਰਨ ਪਿਸ਼ਾਬ ਸੰਘਣਾ ਹੋ ਜਾਂਦਾ ਹੈ ਅਤੇ ਇਸ ਵਿੱਚ ਕ੍ਰਿਸਟਲ ਬਣ ਸਕਦੇ ਹਨ।
ਰੇਤ ਦੇ ਦਾਣਿਆਂ ਜਿੰਨੇ ਛੋਟੇ ਬਲੈਡਰ ਸਟੋਨ ਆਪਣੇ ਆਪ ਬਾਹਰ ਨਿਕਲ ਸਕਦੇ ਹਨ। ਪਰ 1 ਸੈਂਟੀਮੀਟਰ ਤੋਂ ਵੱਡੇ ਪੱਥਰ ਅਕਸਰ ਪਿਸ਼ਾਬ ਦੇ ਵਹਾਅ ਨੂੰ ਰੋਕ ਦਿੰਦੇ ਹਨ ਅਤੇ ਡਾਕਟਰੀ ਇਲਾਜ ਦੀ ਲੋੜ ਪੈਂਦੀ ਹੈ। 4 ਸੈਂਟੀਮੀਟਰ ਤੋਂ ਵੱਡੇ ਬਲੈਡਰ ਸਟੋਨ ਨੂੰ ਵਿਸ਼ਾਲ ਮੰਨਿਆ ਜਾਂਦਾ ਹੈ।
ਗਿਨੀਜ਼ ਵਰਲਡ ਰਿਕਾਰਡਜ਼ ਦੇ ਅਨੁਸਾਰ, ਸਭ ਤੋਂ ਵੱਡਾ ਬਲੈਡਰ ਸਟੋਨ 2003 ਵਿੱਚ ਬ੍ਰਾਜ਼ੀਲ ਵਿੱਚ ਇੱਕ ਮਰੀਜ਼ ਦੇ ਸਰੀਰ ਵਿੱਚੋਂ ਕੱਢਿਆ ਗਿਆ ਸੀ। ਇਸ ਦਾ ਵਜ਼ਨ 1.9 ਕਿਲੋਗ੍ਰਾਮ (4.2 ਪੌਂਡ) ਸੀ ਅਤੇ ਇਸ ਦੀ ਲੰਬਾਈ 17.9 ਸੈਂਟੀਮੀਟਰ (7 ਇੰਚ) ਸੀ।
ਪਿਛਲੇ ਹਫ਼ਤੇ ਸ੍ਰੀਲੰਕਾ ਵਿੱਚ ਕੱਢੇ ਗਏ ਬਲੈਡਰ ਸਟੋਨ ਦੀ ਲੰਬਾਈ ਲਗਭਗ 17 ਸੈਂਟੀਮੀਟਰ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



