Source :- BBC PUNJABI

ਵਿਕਰਮ ਅਤੇ ਹੈਨਰੀ ਦੀ ਤਸਵੀਰ

ਤਸਵੀਰ ਸਰੋਤ, POLICE HANDOUT/BBC

ਸਾਊਥਹੈਂਪਟਨ ਵਿੱਚ ਸਿੱਖ ਭਾਈਚਾਰੇ ਦੇ ਆਗੂਆਂ ਨੇ ਹੈਨਰੀ ਨੋਵਾਕ ਦੇ ਕਤਲ ਤੋਂ ਬਾਅਦ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ “ਸ਼ਾਂਤੀ ਅਤੇ ਭਾਈਚਾਰੇ” ਦੀ ਅਪੀਲ ਕੀਤੀ ਹੈ।

ਮੰਗਲਵਾਰ ਸ਼ਾਮ ਪੋਰਟਸਵੁੱਡ ਇਲਾਕੇ ਵਿੱਚ ਨੋਵਾਕ ਦੇ ਕਾਤਲ ਵਿਕਰਮ ਦਿਗਵਾ ਦੇ ਘਰ ਦੇ ਨੇੜੇ ਪ੍ਰਦਰਸ਼ਨਕਾਰੀਆਂ ਨਾਲ ਹੋਈ ਝੜਪ ਵਿੱਚ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ।

ਸਾਊਥਹੈਂਪਟਨ ਗੁਰਦੁਆਰਾ ਕੌਂਸਲ – ਜੋ ਸ਼ਹਿਰ ਦੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਹੈ , ਉਸ ਨੇ ਦਿਗਵਾ ਦੇ ਕੀਤੇ ਦੀ ਨਿੰਦਾ ਕੀਤੀ, ਪਰ ਇਹ ਵੀ ਕਿਹਾ ਕਿ ਸੜਕਾਂ ‘ਤੇ ਹਿੰਸਾ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।

ਦਿਗਵਾ ਨੇ 18 ਸਾਲਾ ਨੋਵਾਕ ‘ਤੇ ਇੱਕ ਧਾਰਦਾਰ ਹਥਿਆਰ ਨਾਲ ਹਮਲਾ ਕੀਤਾ ਸੀ, ਜਿਸ ਬਾਰੇ ਉਸ ਨੇ ਕਿਹਾ ਕਿ ਉਹ ਇਸ ਨੂੰ ਧਾਰਮਿਕ ਕਾਰਨਾਂ ਕਰਕੇ ਰੱਖਦਾ ਸੀ -ਅਤੇ ਫਿਰ ਉਸਨੇ ਘਟਨਾ ਸਥਾਨ ‘ਤੇ ਪੁਲਿਸ ਨੂੰ ਝੂਠ ਬੋਲਿਆ। ਉਸ ਨੇ ਦਾਅਵਾ ਕੀਤਾ ਸੀ ਕਿ ਉਹ ਨਸਲਵਾਦੀ ਹਮਲੇ ਦਾ ਸ਼ਿਕਾਰ ਹੋਇਆ ਹੈ, ਜਿਸ ਕਾਰਨ ਅਧਿਕਾਰੀਆਂ ਨੇ ਵਿਕਰਮ ਦਿਗਵਾ ਦੀ ਬਜਾਏ ਨੋਵਾਕ ਨੂੰ ਗ੍ਰਿਫ਼ਤਾਰ ਕਰ ਲਿਆ।

ਸਾਊਥਹੈਂਪਟਨ ਗੁਰਦੁਆਰਾ ਕੌਂਸਲ ਦੇ ਪ੍ਰੀਥੀਪਾਲ ਸਿੰਘ ਨੇ ਕਿਹਾ ਕਿ ਭਾਈਚਾਰਾ ਨੋਵਾਕ ਦੇ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ

23 ਸਾਲਾ ਦਿਗਵਾ ਨੂੰ ਇਸ ਮਾਮਲੇ ਵਿੱਚ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਅਧੀਨ ਉਸ ਨੂੰ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ।

ਮੰਗਲਵਾਰ ਨੂੰ ਹਿੰਸਾ ਅਤੇ ਤਣਾਅ ਉਸ ਵੇਲੇ ਹੋਇਆ, ਜਦੋਂ ਇਸ ਗੱਲ ‘ਤੇ ਸਵਾਲ ਉੱਠ ਰਹੇ ਸਨ ਕਿ ਅਧਿਕਾਰੀਆਂ ਨੇ ਮਰ ਰਹੇ ਨੋਵਾਕ ਨੂੰ ਕਿਉਂ ਗ੍ਰਿਫ਼ਤਾਰ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਸਾਊਥਹੈਂਪਟਨ ਸੈਂਟਰਲ ਪੁਲਿਸ ਸਟੇਸ਼ਨ ਤੋਂ ਪੋਰਟਸਵੁੱਡ ਇਲਾਕੇ ਤੱਕ ਮਾਰਚ ਕੀਤਾ, ਜਿੱਥੇ ਦੰਗਾ-ਰੋਧੀ ਸਾਜ਼ੋ-ਸਾਮਾਨ ਨਾਲ ਲੈਸ ਅਧਿਕਾਰੀਆਂ ‘ਤੇ ਕੁਰਸੀਆਂ, ਡੱਬੇ ਅਤੇ ਫਲੇਅਰ ਸੁੱਟੇ ਗਏ, ਜਿਸ ਕਾਰਨ ਉਨ੍ਹਾਂ ਨੂੰ ਅਤੇ ਤਿੰਨ ਪੁਲਿਸ ਵੈਨਾਂ ਨੂੰ ਪਿੱਛੇ ਹਟਣਾ ਪਿਆ।

ਸਾਊਥਹੈਂਪਟਨ ਗੁਰਦੁਆਰਾ ਕੌਂਸਲ ਦੇ ਪ੍ਰੀਥੀਪਾਲ ਸਿੰਘ ਨੇ ਕਿਹਾ ਕਿ ਭਾਈਚਾਰਾ ਨੋਵਾਕ ਦੇ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।

ਉਨ੍ਹਾਂ ਕਿਹਾ, “ਮੈਂ ਜੋ ਦ੍ਰਿਸ਼ ਵੇਖੇ ਹਨ, ਉਹ ਭਿਆਨਕ ਹਨ ਅਤੇ ਇਸ ਨਾਲ ਭਾਈਚਾਰੇ ਵਿੱਚ ਕਾਫ਼ੀ ਤਣਾਅ ਪੈਦਾ ਹੋਇਆ ਹੈ। ਅਸੀਂ ਵਾਕਈ ਸਾਊਥਹੈਂਪਟਨ ਅਤੇ ਇਸ ਤੋਂ ਬਾਹਰ ਦੇ ਭਾਈਚਾਰਿਆਂ ਵਿੱਚ ਵੀ ਸ਼ਾਂਤੀ ਅਤੇ ਭਾਈਚਾਰਾ ਦੇਖਣਾ ਚਾਹੁੰਦੇ ਹਾਂ।”

ਵਿਕਰਮ ਦਿਗਵਾ ਦੇ ਘਰ ਨੇੜੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋਈ

ਤਸਵੀਰ ਸਰੋਤ, Getty Images

ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਭਾਈਚਾਰਕ ਆਗੂ ਹਰਜਾਪ ਸਿੰਘ

ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਭਾਈਚਾਰਕ ਆਗੂ ਹਰਜਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਜਿਹੀ ਘਟਨਾ ਨਹੀਂ ਦੇਖੀ, ਜਿਸ ਵਿੱਚ ਸਿੱਖ ਭਾਈਚਾਰੇ ‘ਤੇ ਇੰਨਾ ਧਿਆਨ ਕੇਂਦਰਿਤ ਕੀਤਾ ਗਿਆ ਹੋਵੇ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀਆਂ ਮਾਨਤਾਵਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀਆਂ ਕਿ ਆਸਥਾ ਦੇ ਤੌਰ ‘ਤੇ ਰੱਖੀ ਜਾਣ ਵਾਲੀ ਕਿਰਪਾਨ ਨੂੰ “ਲੋਕਾਂ ‘ਤੇ ਹਮਲਾ ਕਰਨ ਦੇ ਹਥਿਆਰ” ਵਜੋਂ ਵਰਤਿਆ ਜਾਵੇ। ਉਨ੍ਹਾਂ ਨੇ ਬ੍ਰਿਟਿਸ਼ ਇਤਿਹਾਸ ਵਿੱਚ ਭਾਈਚਾਰੇ ਦੀ ਭੂਮਿਕਾ ਅਤੇ ਦੋਵੇਂ ਵਿਸ਼ਵ ਯੁੱਧਾਂ ਵਿੱਚ ਉਨ੍ਹਾਂ ਦੇ ਯੋਗਦਾਨ ‘ਤੇ ਵੀ ਧਿਆਨ ਦਿਵਾਇਆ।

ਉਨ੍ਹਾਂ ਕਿਹਾ, “ਸਿੱਖ ਹਰ ਭਾਈਚਾਰੇ ਦਾ ਸਤਿਕਾਰ ਕਰਦੇ ਹਨ ਅਤੇ ਉਹ ਹਮੇਸ਼ਾ ਭਾਈਚਾਰਕ ਰਿਸ਼ਤਿਆਂ ਦਾ ਸਤਿਕਾਰ ਕਰਦੇ ਹਨ। ਉਹ ਨਾ ਸਿਰਫ਼ ਆਪਣੇ ਲਈ, ਸਗੋਂ ਹੋਰਨਾਂ ਲਈ ਵੀ ਉਸ ਸਤਿਕਾਰ ਨੂੰ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ।”

ਉਨ੍ਹਾਂ ਅੱਗੇ ਕਿਹਾ, “ਸਾਡੀ ਹਮਦਰਦੀ, ਸਾਡਾ ਸਮਰਥਨ ਅਤੇ ਸਾਡਾ ਸਤਿਕਾਰ ਪਰਿਵਾਰ ਦੇ ਨਾਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਜਿਹਾ ਕਿਸੇ ਨਾਲ ਦੁਬਾਰਾ ਨਾ ਹੋਵੇ।”

ਦਿ ਬਿਸ਼ਪ ਆਫ਼ ਸਾਊਥਹੈਂਪਟਨ, ਰਿਆਨਨ ਕਿੰਗ

ਦਿ ਬਿਸ਼ਪ ਆਫ਼ ਸਾਊਥਹੈਂਪਟਨ, ਰਿਆਨਨ ਕਿੰਗ ਨੇ ਬੁੱਧਵਾਰ ਨੂੰ ਚਰਚ ਆਫ਼ ਇੰਗਲੈਂਡ ਅਤੇ ਸਾਊਥਹੈਂਪਟਨ ਕੌਂਸਲ ਆਫ਼ ਫੇਥਜ਼ ਦੇ ਸਾਥੀਆਂ ਨਾਲ ਮਿਲ ਕੇ ਸਿੱਖ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਇੱਕਜੁੱਟਤਾ ਦਿਖਾਈ।

ਉਨ੍ਹਾਂ ਕਿਹਾ, “ਦਸੰਬਰ ਵਿੱਚ ਜੋ ਹੋਇਆ, ਉਹ ਚਾਕੂ ਨਾਲ ਕੀਤਾ ਗਿਆ ਇੱਕ ਇਕੱਲਾ ਅਪਰਾਧ ਸੀ – ਇੱਕ ਭਿਆਨਕ ਘਟਨਾ। ਇਸ ਨਾਲ ਸਿੱਖ ਭਾਈਚਾਰੇ ਦੇ ਅਕਸ ‘ਤੇ ਕੋਈ ਮਾੜਾ ਅਸਰ ਨਹੀਂ ਪੈਣਾ ਚਾਹੀਦਾ ਅਤੇ ਨਾ ਹੀ ਪੈਂਦਾ ਹੈ।”

ਉਨ੍ਹਾਂ ਨੇ ਪ੍ਰਦਰਸ਼ਨਾਂ ਨੂੰ “ਬਹੁਤ ਹੀ ਭਿਆਨਕ” ਦੱਸਿਆ ਅਤੇ ਕਿਹਾ ਕਿ ਹਿੰਸਾ ਨੂੰ ਕਦੇ ਹਿੰਸਾ ਨਾਲ ਠੀਕ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ, “ਤੁਸੀਂ [ਮੰਗਲਵਾਰ ਰਾਤ] ਜੋ ਦੇਖਿਆ, ਉਹ ਸਾਊਥਹੈਂਪਟਨ ਨਹੀਂ ਹੈ। ਸਾਊਥਹੈਂਪਟਨ ਇੱਕ ਬਹੁਤ ਵਧੀਆ ਥਾਂ ਹੈ ਜਿੱਥੇ ਬਹੁਤ ਚੰਗੇ ਲੋਕ ਰਹਿੰਦੇ ਹਨ ਅਤੇ ਸਦੀਆਂ ਤੋਂ ਸਾਡੀ ਪਛਾਣ ਅਜਿਹੇ ਲੋਕਾਂ ਦੀ ਰਹੀ ਹੈ ਜੋ ਦੁਨੀਆ ਭਰ ਤੋਂ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਦੇ ਹਨ ਅਤੇ ਉਨ੍ਹਾਂ ਨਾਲ ਮਿਲ-ਜੁਲ ਕੇ ਸ਼ਾਂਤੀ ਨਾਲ ਰਹਿੰਦੇ ਹਨ।”

ਸਾਊਥਹੈਂਪਟਨ ਟੈਸਟ ਦੇ ਸਿੱਖ ਸੰਸਦ ਮੈਂਬਰ ਸਤਵੀਰ ਕੌਰ ਨੇ ਪ੍ਰਦਰਸ਼ਨਾਂ ਤੋਂ ਪ੍ਰਭਾਵਿਤ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।

ਉਨ੍ਹਾਂ ਕਿਹਾ, “ਮੈਂ ਹੁਣੇ-ਹੁਣੇ ਇੱਕ ਮਾਂ ਨਾਲ ਗੱਲ ਕਰ ਰਹੀ ਸੀ ਜੋ ਹੁਣ ਆਪਣੇ ਬੱਚਿਆਂ ਦੇ ਘਰ ਤੋਂ ਬਾਹਰ ਨਿਕਲਣ ਨੂੰ ਲੈ ਕੇ ਚਿੰਤਤ ਹਨ।”

“ਹਿੰਸਾ ਅਤੇ ਅਵਿਵਸਥਾ ਕਦੇ ਵੀ ਠੀਕ ਨਹੀਂ ਹੁੰਦੀ ਅਤੇ ਨਾ ਹੀ ਇਹ ਕਿਸੇ ਸਮੱਸਿਆ ਦਾ ਹੱਲ ਹੈ।”

ਬਰਮਿੰਘਮ ਦੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸੋਮਵਾਰ ਨੂੰ ਜਦੋਂ ਦਿਗਵਾ ਨੂੰ ਸਜ਼ਾ ਸੁਣਾਈ ਗਈ, ਤਾਂ ਸਿੱਖ ਸੰਸਦ ਮੈਂਬਰਾਂ ਨੇ ਆਪਸ ‘ਚ ਮੁਲਾਕਾਤ ਕੀਤੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਨੋਵਾਕ ਦੇ ਪਰਿਵਾਰ ਦੇ ਨਾਲ ਹਨ, ਜਿਸ ਨੇ ਇੱਕ “ਬੇਮਤਲਬ ਅਤੇ ਦੁਖਦਾਈ ਨੁਕਸਾਨ” ਤੋਂ ਬਾਅਦ “ਬਹੁਤ ਹਿੰਮਤ” ਦਿਖਾਈ ਹੈ।

ਉਨ੍ਹਾਂ ਕਿਹਾ, “ਮੈਂ ਚਾਹੁੰਦੀ ਹਾਂ ਅਤੇ ਆਪਣੇ ਸਾਰੇ ਭਾਈਚਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਅਸੀਂ ਕਿਸੇ ਇੱਕ ਕਾਤਲ ਦੀਆਂ ਹਰਕਤਾਂ ਕਾਰਨ ਆਪਣੇ ਭਾਈਚਾਰਿਆਂ ‘ਚ ਵੰਡ ਨਾ ਪੈਣ ਦੇਈਏ, ਅਤੇ ਨਾ ਹੀ ਦੁਸ਼ਮਣੀ ਜਾਂ ਗਲਤ ਜਾਣਕਾਰੀ ਨੂੰ ਉਤਸ਼ਾਹਿਤ ਕਰੀਏ।”

ਅਰਜਨ ਸਿੰਘ ਰਾਏ ਦਾ ਕਹਿਣਾ ਹੈ ਕਿ ਹਿੰਸਾ ਦੇ ਦ੍ਰਿਸ਼ ਦੇਖ ਕੇ ਉਨ੍ਹਾਂ ਨੂੰ

ਤਸਵੀਰ ਸਰੋਤ, Arjan Singh Rai

ਅਰਜਨ ਸਿੰਘ ਰਾਏ ਦਾ ਕਹਿਣਾ ਹੈ ਕਿ ਹਿੰਸਾ ਦੇ ਦ੍ਰਿਸ਼ ਦੇਖ ਕੇ ਉਨ੍ਹਾਂ ਨੂੰ “ਬੇਚੈਨੀ” ਮਹਿਸੂਸ ਹੋਈ।

ਉਹ ਦਸਤਾਰ ਨਹੀਂ ਸਜਾਉਂਦੇ, ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਚਿੰਤਾ ਹੈ ਜਿਨ੍ਹਾਂ ਦੀ ਪਛਾਣ ਸਿੱਖ ਵਜੋਂ ਹੁੰਦੀ ਹੈ।

ਉਨ੍ਹਾਂ ਬੀਬੀਸੀ ਨਿਊਜ਼ਬੀਟ ਨੂੰ ਦੱਸਿਆ, “ਮੈਂ ਸਿੱਖ ਮਰਿਆਦਾ ਮੁਤਾਬਕ ਨਹੀਂ ਰਹਿੰਦਾ, ਪਰ ਮੇਰੇ ਪਰਿਵਾਰਕ ਮੈਂਬਰ ਅਜਿਹਾ ਕਰਦੇ ਹਨ ਅਤੇ ਮੇਰੇ ਹਰ ਕੰਮ ਵਿੱਚ ਮੇਰੇ ਧਰਮ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।”

24 ਸਾਲਾ ਅਰਜਨ ਦਾ ਪਰਿਵਾਰ ਸਾਊਥਹੈਂਪਟਨ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਕਿਹਾ ਕਿ ਉੱਥੋਂ ਦਾ ਭਾਈਚਾਰਾ “ਸਦਮੇ” ਵਿੱਚ ਹੈ।

ਉਨ੍ਹਾਂ ਕਿਹਾ, “ਲੋਕ ਆਪਣੇ ਏਜੰਡੇ ਲਈ ਇਸ ਦਾ ਫ਼ਾਇਦਾ ਚੁੱਕ ਰਹੇ ਹਨ।”

ਉਹ ਇਸ ਵੇਲੇ ਲੰਡਨ ਵਿੱਚ ਰਹਿੰਦੇ ਹਨ ਅਤੇ ‘ਬ੍ਰਿਟਿਸ਼ ਸਾਊਥ ਏਸ਼ੀਅਨ ਬ੍ਰਿਜਰਜ਼ ਪ੍ਰੋਜੈਕਟ’ ਨਾਲ ਜੁੜੇ ਹਨ, ਜੋ ਭਾਈਚਾਰਿਆਂ ਵਿਚਕਾਰ ਸੰਬੰਧ ਬਣਾਉਣ ਅਤੇ ਤਣਾਅ ਘਟਾਉਣ ਦਾ ਕੰਮ ਕਰਦਾ ਹੈ।

ਇਸ ਵਿਦਿਆਰਥੀ ਦਾ ਇਹ ਵੀ ਮੰਨਣਾ ਸੀ ਕਿ ਕਿਰਪਾਨ ਬਾਰੇ ਲੋਕਾਂ ਨੂੰ ਭਰੋਸਾ ਦਿਵਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਲੋਕ ਕਿਰਪਾਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ, ਪਰ ਮੈਨੂੰ ਨਹੀਂ ਲੱਗਦਾ ਕਿ ਅੱਗੇ ਵਧਣ ਦਾ ਇਹ ਸਹੀ ਤਰੀਕਾ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਇਸ ਦਾ ਇਸਤੇਮਾਲ ਹੀ ਨਹੀਂ ਕੀਤਾ ਗਿਆ ਸੀ।”

ਐਸੈਕਸ ਦੇ ਸ਼ਾਇਨਾ ਸੰਘਾ

ਤਸਵੀਰ ਸਰੋਤ, Shaina Sangha

ਐਸੈਕਸ ਦੇ ਸ਼ਾਇਨਾ ਸੰਘਾ ਦੀ ਵੀ ਇਹੀ ਰਾਇ ਹੈ। ਉਨ੍ਹਾਂ ਨੇ ਮੰਨਿਆ ਕਿ ਉਹ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਲੈਕੇ “ਥੋੜ੍ਹੇ ਘਬਰਾਏ ਹੋਏ” ਹਨ “ਜੋ ਸੜਕ ‘ਤੇ ਸਪਸ਼ਟ ਤੌਰ ‘ਤੇ ਸਿੱਖ ਦਿਖਾਈ ਦਿੰਦੇ ਹਨ”।

25 ਸਾਲਾ ਸ਼ਾਇਨਾ ਨੇ ਬੀਬੀਸੀ ਨਿਊਜ਼ਬੀਟ ਨੂੰ ਦੱਸਿਆ ਕਿ ਭਾਈਚਾਰਾ ਸਿਰਫ਼ ਆਪਣੀ ਜ਼ਿੰਦਗੀ ਆਮ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਨ੍ਹਾਂ ਨੂੰ ਕਿਰਪਾਨ ਨੂੰ ਲੈਕੇ ਹੋ ਰਹੀ ਬਹੁਤ ਜ਼ਿਆਦਾ ਚਰਚਾ “ਅਜੀਬ” ਲੱਗ ਰਹੀ ਹੈ।

ਉਨ੍ਹਾਂ ਕਿਹਾ, “ਇਹ ਬਹੁਤ ਹੀ ਭਿਆਨਕ ਅਤੇ ਪਰੇਸ਼ਾਨ ਕਰਨ ਵਾਲੀ ਘਟਨਾ ਹੈ, ਪਰ ਮੈਨੂੰ ਇਸ ਗੱਲ ਤੋਂ ਘਬਰਾਹਟ ਹੋ ਰਹੀ ਹੈ ਕਿ ਕਿਰਪਾਨ ‘ਤੇ ਪਾਬੰਦੀ ਲਗਾਉਣ ਦੀ ਮੰਗ ‘ਤੇ ਇੰਨੀ ਜਲਦੀ ਅਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਜਾਵੇਗੀ।”

ਉਨ੍ਹਾਂ ਨੂੰ ਲੱਗਦਾ ਹੈ ਕਿ ”ਮੌਜੂਦਾ ਸਥਿਤੀ ਅਤੇ ਕਿਰਪਾਨ – ਸਿੱਖ ਧਰਮ ਦਾ ਇੱਕ ਪਵਿੱਤਰ ਹਿੱਸਾ – ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਵਿਚਕਾਰ ਤੁਸੀਂ ਕੁਝ ਕਦਮ ਚੁੱਕ ਸਕਦੇ ਹੋ” ਜੋ ਲੋਕਾਂ ਲਈ ਬਿਹਤਰ ਕੰਮ ਕਰ ਸਕਦੇ ਹਨ।

ਉਨ੍ਹਾਂ ਕਿਹਾ, “ਬਿਨਾਂ ਕਿਸੇ ਚਰਚਾ ਜਾਂ ਵਿਚਾਰ-ਵਟਾਂਦਰੇ ਦੇ ਇਸ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦੇਣਾ, ਮੇਰੇ ਲਈ ਯੂਕੇ ਵਿੱਚ ਸਿੱਖ ਲੋਕਾਂ ਦੇ ਧਾਰਮਿਕ ਪ੍ਰਗਟਾਵੇ ਦੇ ਅਧਿਕਾਰ ‘ਤੇ ਇੱਕ ਗੰਭੀਰ ਰੋਕ ਜਾਂ ਕਟੌਤੀ ਦਾ ਪ੍ਰਤੀਕ ਹੋਵੇਗਾ।”

18 ਸਾਲਾ ਹੈਨਰੀ ਨੋਵਾਕ ਦਾ 3 ਦਸੰਬਰ ਨੂੰ ਕਤਲ ਹੋ ਗਿਆ ਸੀ, ਇਸ ਮਾਮਲੇ ਵਿੱਚ ਵਿਕਰਮ ਦਿਗਵਾ ਨੂੰ ਕਤਲ ਦੇ ਦੋਸ਼ ਵਿੱਚ ਘੱਟੋ ਘੱਟ 21 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

  • ਐਡੀਸ਼ਨਲ ਰਿਪੋਰਟਿੰਗ: ਮੋਲੀ ਪੇਰੇਲਾ ਅਤੇ ਅਬੂ ਬਕਰ ਯਾਸੀਨ, ਬੀਬੀਸੀ ਨਿਊਜ਼ਬੀਟ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI