Home rss national punjabi2ਰਾਸ਼ਟਰੀ ਖ਼ਬਰਾਂ ‘ਰੱਖੜੀ ‘ਤੇ ਆਉਣਾ ਸੀ ਘਰ’, ਹਰਿਆਣਾ ਨਾਲ ਸਬੰਧਿਤ ਪ੍ਰਿਅੰਕਾ ਸਣੇ ਸੈਂਕੜੇ ਭਾਰਤੀ...

‘ਰੱਖੜੀ ‘ਤੇ ਆਉਣਾ ਸੀ ਘਰ’, ਹਰਿਆਣਾ ਨਾਲ ਸਬੰਧਿਤ ਪ੍ਰਿਅੰਕਾ ਸਣੇ ਸੈਂਕੜੇ ਭਾਰਤੀ ਨੇਪਾਲ ‘ਚ ਲਾਪਤਾ, ਹੁਣ ਤੱਕ ਕੀ-ਕੀ ਪਤਾ ਹੈ

6
0

Source :- BBC PUNJABI

ਇੱਕ ਪਾਸੇ ਨੇਪਾਲ ਵਿੱਚ ਆਏ ਹੜ੍ਹਾਂ ਦੀ ਤਸਵੀਰ, ਦੂਜੇ ਪਾਸੇ ਭਿਵਾਨੀ ਨਾਲ ਸਬੰਧ ਰੱਖਣ ਵਾਲੀ ਪ੍ਰਿਅੰਕਾ ਚੌਧਰੀ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Getty Images/ Manoj Dhaka

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 8 ਮਿੰਟ

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ 39 ਸਾਲਾ ਡਾਕਟਰ ਪ੍ਰਿਅੰਕਾ ਚੌਧਰੀ ਵੀ ਉਨ੍ਹਾਂ ਲੋਕਾਂ ਵਿੱਚ ਇੱਕ ਦੱਸੇ ਜਾ ਰਹੇ ਹਨ ਜੋ ਨੇਪਾਲ ਵਿੱਚ ਆਏ ਹੜ੍ਹ ਦੌਰਾਨ ਲਾਪਤਾ ਹਨ। ਪਰਿਵਾਰ ਮੁਤਾਬਕ ਪ੍ਰਿਅੰਕਾ 13 ਅਗਸਤ ਨੂੰ ਈਸ਼ਾ ਫਾਊਂਡੇਸ਼ਨ ਦੇ ਗਰੁੱਪ ਨਾਲ ਨੇਪਾਲ ਗਏ ਸਨ। ਉਨ੍ਹਾਂ ਨਾਲ ਆਖਰੀ ਗੱਲਬਾਤ 25 ਅਗਸਤ ਦੀ ਰਾਤ ਕਰੀਬ 10 ਵਜੇ ਹੋਈ ਸੀ, ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋ ਸਕਿਆ।

ਦਰਅਸਲ ਨੇਪਾਲ ਅਤੇ ਤਿੱਬਤ ਬਾਰਡਰ ਉੱਤੇ ਆਏ ਹੜ੍ਹ ਕਰਕੇ ਭਾਰੀ ਤਬਾਹੀ ਹੋਈ ਹੈ। ਨੇਪਾਲ ਪੁਲਿਸ ਮੁਤਾਬਕ ਹੜ੍ਹ ਵਿੱਚ ਹੁਣ ਤੱਕ 547 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਨੇਪਾਲੀ ਅਧਿਕਾਰੀਆਂ ਮੁਤਾਬਕ ਹੁਣ ਤੱਕ 100 ਤੋਂ ਵੱਧ ਵਿਦੇਸ਼ੀ ਨਾਗਰਿਕ ਬਚਾਏ ਗਏ ਹਨ ਜਦੋਂਕਿ 500 ਤੋਂ ਵੱਧ ਅਜੇ ਵੀ ਲਾਪਤਾ ਹਨ।

ਬੀਬੀਸੀ ਸਹਿਯੋਗੀ ਮਨੋਜ ਢਾਕਾ ਦੀ ਜਾਣਕਾਰੀ ਮੁਤਾਬਕ ਨੇਪਾਲ ਵਿੱਚ ਹੜ੍ਹ ਦੀਆਂ ਖ਼ਬਰਾਂ ਦੇਖਣ ਤੋਂ ਬਾਅਦ ਪਰਿਵਾਰ ਵੱਲੋਂ ਪ੍ਰਿਅੰਕਾ ਨਾਲ ਲਗਾਤਾਰ ਸੰਪਰਕ ਸਾਧਨ ਦੀ ਕੋਸ਼ਿਸ਼ ਜਾ ਰਹੀ ਪਰ ਕੋਈ ਸੰਪਰਕ ਨਹੀਂ ਹੋ ਪਾ ਰਿਹਾ।

ਪ੍ਰਿਅੰਕਾ ਦੇ ਪਿਤਾ ਰਮੇਸ਼ ਓਲਾ ਮੁਤਾਬਕ ਉਹ ਲਗਾਤਾਰ ਨੇਪਾਲੀ ਅਤੇ ਭਾਰਤੀ ਏਜੰਸੀਆਂ ਦੇ ਸੰਪਰਕ ਵਿੱਚ ਹਨ।

ਪ੍ਰਿਅੰਕਾ ਚੌਧਰੀ ਦਾ ਪਰਿਵਾਰ ਪਿਛਲੇ ਕਰੀਬ 35 ਸਾਲਾਂ ਤੋਂ ਛੱਤੀਸਗੜ੍ਹ ਵਿੱਚ ਰਹਿ ਰਿਹਾ ਹੈ। ਪ੍ਰਿਅੰਕਾ ਦਾ ਵਿਆਹ ਫਿਨਲੈਂਡ ਵਿੱਚ ਹੋਇਆ ਅਤੇ ਉਹ ਉੱਥੇ ਹੀ ਬਤੌਰ ਡਾਕਟਰ ਕੰਮ ਕਰ ਰਹੀ ਸੀ ਅਤੇ ਨੇਪਾਲ ਦੌਰਾ ਪੂਰਾ ਹੋਣ ਤੋਂ ਬਾਅਦ 26 ਅਗਸਤ ਨੂੰ ਉਸ ਦੀ ਭਾਰਤ ਦੀ ਟਿਕਟ ਸੀ ਅਤੇ ਉਸ ਨੇ ਰੱਖੜੀ ਮਨਾਉਣ ਲਈ ਛੱਤੀਸਗੜ੍ਹ ਆਪਣੇ ਘਰ ਪਹੁੰਚਣਾ ਸੀ ਪਰ ਹੁਣ ਪਰਿਵਾਰ ਇਹ ਉਮੀਦ ਲਾਈ ਬੈਠਾ ਕਿ ਕਿਸੇ ਤਰ੍ਹਾਂ ਪ੍ਰਿਅੰਕਾ ਬਾਰੇ ਕੋਈ ਜਾਣਕਾਰੀ ਮਿਲ ਸਕੇ।

ਨੇਪਾਲ ਵਿੱਚ ਆਏ ਹੜ੍ਹ ਤੋਂ ਬਾਅਦ ਦੀ ਇੱਕ ਤਸਵੀਰ

ਤਸਵੀਰ ਸਰੋਤ, Sunil Pradhan/NurPhoto via Getty Images

ਪ੍ਰਿਅੰਕਾ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੇ ਨੇਪਾਲ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਪ੍ਰਿਅੰਕਾ ਦਾ ਮੋਬਾਈਲ ਨੰਬਰ ਅਤੇ ਹੋਰ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ।

ਪਰਿਵਾਰ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਜਿਸ ਇਲਾਕੇ ਵਿੱਚ ਪ੍ਰਿਯੰਕਾ ਦੀ ਆਖਰੀ ਲੋਕੇਸ਼ਨ ਦੱਸੀ ਗਈ ਸੀ, ਉੱਥੇ ਹੜ੍ਹ ਕਾਰਨ ਹੋਟਲ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਏ ਹਨ।

ਪ੍ਰਿਅੰਕਾ ਨਾਲ ਗਏ ਗਰੁੱਪ ਦੇ ਹੋਰਨਾਂ ਮੈਂਬਰਾਂ ਬਾਰੇ ਵੀ ਪਰਿਵਾਰ ਨੂੰ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ।

ਪ੍ਰਿਅੰਕਾ ਦੇ ਪਿਤਾ ਰਮੇਸ਼ ਓਲਾ ਨੇ ਕਿਹਾ ਕਿ ਪਰਿਵਾਰ ਉਸ ਦੀ ਤਲਾਸ਼ ਲਈ ਹਰ ਸੰਭਵ ਸਰੋਤ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਰਮੇਸ਼ ਓਲਾ ਮੁਤਾਬਕ ਭਿਵਾਨੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਰਕੇ ਪ੍ਰਿਅੰਕਾ ਬਾਬਤ ਜਾਣਕਾਰੀ ਮੰਗੀ ਗਈ ਸੀ। ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਵੀ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਸਾਧਿਆ ਗਿਆ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਿਅੰਕਾ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਮਿਲਦੀ, ਉਦੋਂ ਤੱਕ ਉਨ੍ਹਾਂ ਦੀ ਉਮੀਦ ਬਣੀ ਹੋਈ ਹੈ

ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਦੇ ਕਈ ਲੋਕ ਲਾਪਤਾ

ਬੀਬੀਸੀ ਹਿੰਦੀ ਦੀ ਰਿਪੋਰਟ ਮੁਤਾਬਕ ਗੁਜਰਾਤ ਦੇ ਸੂਚਨਾ ਵਿਭਾਗ ਨੇ ਦੱਸਿਆ ਹੈ ਕਿ ਸੂਬੇ ਦੇ 12 ਸੈਲਾਨੀ ਲਾਪਤਾ ਹਨ।

ਗੁਜਰਾਤ ਦੇ ਆਣੰਦ ਸ਼ਹਿਰ ਦੇ ਰਹਿਣ ਵਾਲੇ ਵਿਮਲ ਅਤੇ ਜੈਮੀਨਾ ਪਟੇਲ ਵੀ ਨੇਪਾਲ ਵਿੱਚ ਲਾਪਤਾ ਲੋਕਾਂ ਵਿੱਚ ਸ਼ਾਮਿਲ ਹਨ। ਇਸ ਜੋੜੇ ਦੇ ਪਰਿਵਾਰਕ ਮੈਂਬਰ 16 ਅਗਸਤ ਨੂੰ ਨੇਪਾਲ ਗਏ ਸਨ। ਪਰਿਵਾਰ ਦੀ ਉਨ੍ਹਾਂ ਨਾਲ ਆਖ਼ਰੀ ਵਾਰ ਉਦੋਂ ਗੱਲ ਹੋਈ ਸੀ, ਜਦੋਂ ਉਹ ਗਯਿਰੋਂਗ ਇਮੀਗ੍ਰੇਸ਼ਨ ਦਫ਼ਤਰ ਵਿੱਚ ਸਨ।

 ਵਿਮਲ ਅਤੇ ਜੈਮਿਨਾ ਪਟੇਲ ਵੀ ਲਾਪਤਾ ਹਨ

ਆਂਧਰਾ ਪ੍ਰਦੇਸ਼ ਸਰਕਾਰ ਨੇ ਨੇਪਾਲ ਸਥਿਤ ਭਾਰਤੀ ਦੂਤਾਵਾਸ ਨੂੰ ਸੂਬੇ ਦੇ ਲਾਪਤਾ ਲੋਕਾਂ ਬਾਰੇ ਜਾਣਕਾਰੀ ਦਿੱਤੀ ਹੈ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼ ਦੇ ਘੱਟੋ-ਘੱਟ ਛੇ ਲੋਕ ਇਸ ਸਮੇਂ ਲਾਪਤਾ ਹਨ।

ਬੀਬੀਸੀ ਨੇ ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਦੇ ਲਾਪਤਾ ਤੀਰਥ ਯਾਤਰੀ ਬਾਲਾਸੁਬਰਮਣਿਅਮ ਦੇ ਭਰਾ ਸ੍ਰੀਕਾਂਤ ਨਾਲ ਗੱਲ ਕੀਤੀ।

ਸ੍ਰੀਕਾਂਤ ਨੇ ਬੀਬੀਸੀ ਤੇਲਗੂ ਨੂੰ ਦੱਸਿਆ, “ਬਾਲਾਸੁਬਰਮਣਿਅਮ 14 ਅਗਸਤ ਨੂੰ ਕੈਲਾਸ਼ ਮਾਨਸਰੋਵਰ ਯਾਤਰਾ ਲਈ ਨੇਪਾਲ ਗਏ ਸਨ। ਉਹ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਦੀ ਉਮਰ 17 ਅਤੇ 15 ਸਾਲ ਹੈ। ਉਨ੍ਹਾਂ ਨੇ 28 ਅਗਸਤ ਨੂੰ ਵਾਪਸ ਆਉਣਾ ਸੀ। ਅਸੀਂ ਉਨ੍ਹਾਂ ਨਾਲ ਆਖ਼ਰੀ ਵਾਰ 25 ਅਗਸਤ ਨੂੰ ਗੱਲ ਕੀਤੀ ਸੀ। ਉਸ ਤੋਂ ਬਾਅਦ ਅਸੀਂ ਫ਼ੋਨ ‘ਤੇ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਸਕੇ।”

ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਬਾਲਾਸੁਬਰਮਣਿਅਮ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਉਨ੍ਹਾਂ ਦੀ ਚਿੰਤਾ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਦਖ਼ਲ ਦੇਣ ਅਤੇ ਮਦਦ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਸ੍ਰੀਕਾਂਤ ਨੇ ਇੱਕ ਵੀਡੀਓ ਸੁਨੇਹੇ ਵਿੱਚ ਕਿਹਾ, “ਸਾਨੂੰ ਪਤਾ ਲੱਗਾ ਕਿ ਕੱਲ੍ਹ ਜਦੋਂ ਮੇਰਾ ਭਰਾ ਉੱਥੇ ਇਮੀਗ੍ਰੇਸ਼ਨ ਜਾਂਚ ਕਰਵਾ ਰਿਹਾ ਸੀ, ਉਸੇ ਦੌਰਾਨ ਗਯਿਰੋਂਗ ਇਲਾਕੇ ਵਿੱਚ ਅਚਾਨਕ ਹੜ੍ਹ ਆ ਗਿਆ। ਹੋ ਸਕਦਾ ਹੈ ਕਿ ਉਹ ਉੱਥੇ ਫਸ ਗਿਆ ਹੋਵੇ। ਸਾਨੂੰ ਉਮੀਦ ਹੈ ਕਿ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਸੁਰੱਖਿਅਤ ਵਾਪਸ ਆ ਜਾਵੇਗਾ।”

ਬੰਗਾਲ ਦੇ ਕਈ ਤੀਰਥ ਯਾਤਰੀ ਵੀ ਲਾਪਤਾ

ਨੇਪਾਲ ਵਿੱਚ ਆਏ ਹੜ੍ਹ ਦੀ ਤਸਵੀਰ

ਤਸਵੀਰ ਸਰੋਤ, Skanda Gautam/SOPA Images/LightRocket via Getty Images

ਨੇਪਾਲ ਵਿੱਚ ਵਾਪਰੀ ਇਸ ਘਟਨਾ ਵਿੱਚ ਪੱਛਮੀ ਬੰਗਾਲ ਦੇ 30 ਸੈਲਾਨੀ ਅਤੇ ਦੋ ਟੂਰ ਅਸਿਸਟੈਂਟ ਵੀ ਲਾਪਤਾ ਹਨ। ਇਨ੍ਹਾਂ ਸਾਰਿਆਂ ਨਾਲ 25 ਅਗਸਤ ਤੋਂ ਸੰਪਰਕ ਨਹੀਂ ਹੋ ਪਾ ਰਿਹਾ।

ਕੋਲਕਾਤਾ ਸਥਿਤ ਟੂਰ ਆਪਰੇਟਰ ‘ਚਲੋ ਜਾਈ ਟ੍ਰੈਵਲ ਕਲੱਬ’ ਦੀ ਮਦਦ ਨਾਲ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਜਾ ਰਹੇ ਇਨ੍ਹਾਂ 30 ਸੈਲਾਨੀਆਂ ਵਿੱਚ ਰੇਲਵੇ ਦੇ ਸੇਵਾਮੁਕਤ ਕਰਮਚਾਰੀ ਰਣਜੀਤ ਕੁਮਾਰ ਹਾਉਲਾਦਾਰ (63) ਵੀ ਸ਼ਾਮਿਲ ਹਨ।

ਉਨ੍ਹਾਂ ਦੀ ਪਤਨੀ ਗਾਇਤਰੀ ਹਾਉਲਾਦਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਮੰਗਲਵਾਰ ਰਾਤ ਕਰੀਬ 10 ਵਜੇ ਆਪਣੇ ਪਤੀ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ।

ਉਹ ਦੱਸਦੇ ਹਨ, “ਉਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਉਹ ਸੌਣ ਜਾ ਰਹੇ ਹਨ ਅਤੇ ਅਗਲੀ ਸਵੇਰ ਇਮੀਗ੍ਰੇਸ਼ਨ ਪੁਆਇੰਟ ਲਈ ਰਵਾਨਾ ਹੋਣਗੇ। ਉਹ ਬਹੁਤ ਘੱਟ ਬੋਲਣ ਵਾਲੇ ਇਨਸਾਨ ਹਨ। ਉਹ ਆਪਣੀਆਂ ਯਾਤਰਾਵਾਂ ਬਾਰੇ ਹਰ ਛੋਟੀ-ਵੱਡੀ ਜਾਣਕਾਰੀ ਹਮੇਸ਼ਾ ਸਾਂਝੀ ਨਹੀਂ ਕਰਦੇ ਸਨ। ਉਨ੍ਹਾਂ ਨੂੰ ਘੁੰਮਣਾ ਬਹੁਤ ਪਸੰਦ ਹੈ ਅਤੇ ਇਹ ਉਨ੍ਹਾਂ ਦੇ ਸੁਪਨਿਆਂ ਵਾਲੀਆਂ ਥਾਵਾਂ ਵਿੱਚੋਂ ਇੱਕ ਸੀ।”

ਗਾਇਤਰੀ ਹਾਉਲਾਦਾਰ ਭਾਵੁਕ ਹੋ ਗਏ ਅਤੇ ਕਿਹਾ ਕਿ ਉਹ ਆਪਣੇ ਪਤੀ ਨੂੰ ਜ਼ਖ਼ਮੀ ਹਾਲਤ ਵਿੱਚ ਘਰ ਆਉਂਦੇ ਹੋਏ ਵੀ ਸਵੀਕਾਰ ਕਰ ਸਕਦੇ ਹਨ, ਪਰ ਘੱਟੋ-ਘੱਟ ਉਹ ਜ਼ਿੰਦਾ ਘਰ ਵਾਪਸ ਆਉਣ।

ਉਨ੍ਹਾਂ ਕਿਹਾ, “ਯਾਤਰਾ ਦੌਰਾਨ ਉਹ ਆਪਣੀ ਧੀ ਨਾਲ ਵੀ ਫ਼ੋਨ ‘ਤੇ ਗੱਲ ਕਰਦੇ ਸਨ। ਇਹ ਪਹਿਲੀ ਵਾਰ ਸੀ ਜਦੋਂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਮੇਰੀ ਧੀ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੈ ਕਿ ਹੜ੍ਹ ਆਉਣ ਤੋਂ ਇੱਕ ਰਾਤ ਪਹਿਲਾਂ ਵੀ ਉਨ੍ਹਾਂ ਦੋਹਾਂ ਦੀ ਗੱਲ ਨਹੀਂ ਹੋ ਸਕੀ।”

ਉਨ੍ਹਾਂ ਦੱਸਿਆ ਕਿ ਰਣਜੀਤ ਨੂੰ ਘੁੰਮਣਾ ਬਹੁਤ ਪਸੰਦ ਹੈ ਅਤੇ ਉਹ 2023 ਵਿੱਚ ਰੇਲਵੇ ਤੋਂ ਸੇਵਾਮੁਕਤ ਹੋਣ ਤੱਕ ਇਸ ਯਾਤਰਾ ‘ਤੇ ਜਾਣ ਦੀ ਉਡੀਕ ਕਰ ਰਹੇ ਸਨ।

ਹਾਲਾਂਕਿ, ਖ਼ਬਰਾਂ ਮੁਤਾਬਕ ਟ੍ਰੈਵਲ ਏਜੰਸੀ ਹੁਣ ਤੱਕ ਉਨ੍ਹਾਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੀ ਹੈ।

ਨੇਪਾਲ ਵਿੱਚ ਆਏ ਹੜ੍ਹ ਤੋਂ ਬਾਅਦ ਦੀ ਤਸਵੀਰ

ਤਸਵੀਰ ਸਰੋਤ, Sunil Pradhan/Anadolu via Getty Images

ਰਣਜੀਤ ਹਾਉਲਾਦਾਰ ਦੀ ਧੀ ਸੁਨੰਦਾ ਮੁੰਬਈ ਵਿੱਚ ਕੰਮ ਕਰਦੇ ਹਨ। ਅਚਾਨਕ ਆਏ ਹੜ੍ਹ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਬੁੱਧਵਾਰ ਨੂੰ ਕੋਲਕਾਤਾ ਪਹੁੰਚੇ।

ਵੀਰਵਾਰ ਸਵੇਰ ਤੋਂ ਉਹ ਆਪਣੇ ਲਾਪਤਾ ਪਿਤਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਲਗਾਤਾਰ ਵੱਖ-ਵੱਖ ਥਾਵਾਂ ਦੇ ਚੱਕਰ ਲਗਾ ਰਹੇ ਹਨ।

ਉਹ ਪੁਲਿਸ ਸਟੇਸ਼ਨ ਅਤੇ ਟ੍ਰੈਵਲ ਏਜੰਟ ਦੇ ਦਫ਼ਤਰ ਵੀ ਗਏ, ਪਰ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਉਨ੍ਹਾਂ ਬੀਬੀਸੀ ਨੂੰ ਦੱਸਿਆ, “ਟ੍ਰੈਵਲ ਏਜੰਸੀ ਦੇ ਨੁਮਾਇੰਦਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਦੋ ਮਹਿਲਾ ਸੈਲਾਨੀਆਂ ਨੂੰ ਬਚਾਇਆ ਗਿਆ ਹੈ।”

“ਹਾਲਾਂਕਿ, ਉਹ ਬਾਕੀ ਲੋਕਾਂ ਬਾਰੇ ਸਾਨੂੰ ਕੋਈ ਭਰੋਸਾ ਨਹੀਂ ਦਿਵਾ ਸਕੇ। ਬੁੱਧਵਾਰ ਰਾਤ ਦੋ ਪੁਲਿਸ ਅਧਿਕਾਰੀ ਸਾਡੇ ਘਰ ਆਏ ਸਨ ਅਤੇ ਉਨ੍ਹਾਂ ਨੇ ਮੇਰੇ ਪਿਤਾ ਦੀ ਯਾਤਰਾ ਦੀ ਯੋਜਨਾ ਬਾਰੇ ਪੁੱਛਿਆ। ਪਰ ਉਹ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਦੇ ਸਕੇ।”

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੀ ਆਪਣੇ ਪਿਤਾ ਨਾਲ ਇਸ ਯਾਤਰਾ ‘ਤੇ ਜਾਣਾ ਸੀ, ਪਰ ਕੰਮ ਤੋਂ ਛੁੱਟੀ ਨਾ ਮਿਲ ਸਕਣ ਕਾਰਨ ਉਹ ਨਹੀਂ ਜਾ ਸਕੇ।

ਪੱਛਮੀ ਬੰਗਾਲ ਪੁਲਿਸ ਨੇ ਸਥਿਤੀ ‘ਤੇ 24 ਘੰਟੇ ਨਜ਼ਰ ਰੱਖਣ ਲਈ ਭਵਾਨੀ ਭਵਨ ਸਥਿਤ ਆਪਣੇ ਮੁੱਖ ਦਫ਼ਤਰ ਵਿੱਚ ਇੱਕ ਸਮਰਪਿਤ ਕੰਟਰੋਲ ਰੂਮ ਬਣਾਇਆ ਹੈ।

ਹੜ੍ਹ ਪ੍ਰਭਾਵਿਤ ਨੇਪਾਲ ਵਿੱਚ ਲਾਪਤਾ ਲੋਕਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ: 033-24793311, 9147890181।

ਉਹ ਲੋਕ ਜੋ ਨੇਪਾਲ ਦੀ ਆਫਤ ਤੋਂ ਬਚ ਨਿਕਲੇ

ਗੁਜਰਾਤ ਦੇ ਕੱਛ ਤੋਂ ਕੈਲਾਸ਼-ਮਾਨਸਰੋਵਰ ਦੀ ਤੀਰਥ ਯਾਤਰਾ 'ਤੇ ਗਏ ਲੋਕਾਂ ਦਾ ਇੱਕ ਸਮੂਹ

ਤਸਵੀਰ ਸਰੋਤ, ASHHUTOSH AYACHI

ਗੁਜਰਾਤ ਦੇ 43 ਲੋਕ ਕੈਨਾਸ਼ ਮਾਨਸਰੋਵਰ ਯਾਤਰਾ ਲਈ ਗਏ ਸਨ। ਇਹ ਸਾਰੇ ਸੁਰੱਖਿਅਤ ਹਨ ਅਤੇ ਆਪਣੀ ਜਾਨ ਬਚ ਜਾਣ ਨੂੰ ਆਪਣੀ ਖੁਸ਼ਕਿਸਮਤੀ ਮੰਨ ਰਹੇ ਹਨ।

ਇਨ੍ਹਾਂ ਵਿੱਚੋਂ ਇੱਕ, ਸ਼ੈਲੇਸ਼ ਦੱਸਦੇ ਹਨ, “ਅਸੀਂ ਮੰਗਲਵਾਰ ਸ਼ਾਮ ਛੇ ਵਜੇ ਤੋਂ ਬਾਅਦ ਗਯਿਰੋਂਗ ਦੇ ਚੀਨੀ ਇਮੀਗ੍ਰੇਸ਼ਨ ਦਫ਼ਤਰ ਤੋਂ ਨਿਕਲੇ ਸੀ। ਜੇ ਅਸੀਂ ਉੱਥੇ ਹੀ ਰੁਕਣ ਅਤੇ ਅਗਲੇ ਦਿਨ ਯਾਤਰਾ ਕਰਨ ਦਾ ਫ਼ੈਸਲਾ ਕੀਤਾ ਹੁੰਦਾ ਤਾਂ ਅੱਜ ਸਾਡੇ ਵਿੱਚੋਂ ਕੋਈ ਵੀ ਜ਼ਿੰਦਾ ਨਾ ਹੁੰਦਾ।”

ਉਹ ਕਹਿੰਦੇ ਹਨ, “ਗਯਿਰੋਂਗ ਇਮੀਗ੍ਰੇਸ਼ਨ ਦਫ਼ਤਰ ਦੇ ਨੇੜੇ 15 ਤੋਂ ਵੱਧ ਪਿੰਡ ਹਨ, ਜਿੱਥੇ ਤੀਰਥ ਯਾਤਰੀ ਆਰਾਮ ਕਰਨ ਲਈ ਰੁਕਦੇ ਹਨ। ਇਨ੍ਹਾਂ ਸਾਰੇ ਪਿੰਡਾਂ ‘ਤੇ ਅਚਾਨਕ ਆਏ ਹੜ੍ਹ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ।”

ਸ਼ੈਲੇਸ਼ ਅਤੇ ਉਨ੍ਹਾਂ ਦੇ ਨਾਲ ਮੌਜੂਦ 42 ਹੋਰ ਸੈਲਾਨੀ ਇਸ ਸਮੇਂ ਤਿੱਬਤ ਦੇ ਸਾਗਾ ਕਾਊਂਟੀ ਇਲਾਕੇ ਵਿੱਚ ਹਨ ਅਤੇ ਸੁਰੱਖਿਅਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਮੂਹ ਸ਼ੁੱਕਰਵਾਰ ਸਵੇਰੇ ਆਪਣੀ ਯਾਤਰਾ ਮੁੜ ਸ਼ੁਰੂ ਕਰੇਗਾ।

ਵਾਪਸੀ ਦੀ ਯੋਜਨਾ ਬਾਰੇ ਸ਼ੈਲੇਸ਼ ਕਹਿੰਦੇ ਹਨ, “ਫਿਲਹਾਲ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ। ਸਥਾਨਕ ਪ੍ਰਸ਼ਾਸਨ ਨੇ ਕਿਹਾ ਹੈ ਕਿ ਸਾਡੀ ਸੁਰੱਖਿਅਤ ਵਾਪਸੀ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।”

ਵਿਦੇਸ਼ ਮੰਤਰਾਲੇ ਨੇ ਲਾਪਤਾ ਲੋਕਾਂ ਬਾਰੇ ਕੀ ਦੱਸਿਆ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ

ਤਸਵੀਰ ਸਰੋਤ, Randhir Jaiswal@MEAIndia/x

ਸ਼ੁੱਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਨ੍ਹਾਂ ਲੋਕਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਜਾਂ ਜਿਹੜੇ ਲੋਕ ਲਾਪਤਾ ਹਨ, ਉਨ੍ਹਾਂ ਦੀ ਗਿਣਤੀ 320 ਹੈ। ਹਾਲਾਂਕਿ ਬੁਲਾਰੇ ਰਣਧੀਰ ਜੈਸਵਾਲ ਨੇ ਗਿਣਤੀ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਵੀ ਗੱਲ ਕਹੀ ਕਿਉਂਕਿ ਸਥਿਤੀ ਲਗਾਤਾਰ ਬਦਲਣ ਦੀ ਵਜ੍ਹਾ ਨਾਲ ਅੰਕੜੇ ਘੱਟਦੇ-ਵੱਧਦੇ ਰਹਿੰਦੇ ਹਨ।

ਹਾਲਾਂਕਿ ਉਨ੍ਹਾਂ ਦੱਸਿਆ ਕਿ ਭਾਰਤੀ ਨਾਗਰਿਕਾਂ ਦੇ ਰੈਸਕਿਊ ਦਾ ਕੰਮ ਵੀ ਲਗਾਤਾਰ ਜਾਰੀ ਹੈ। ਰਣਧੀਰ ਜੈਸਵਾਲ ਮੁਤਾਬਕ ਚੀਨ ਵਾਲੇ ਪਾਸੇ 400 ਭਾਰਤੀ ਨਾਗਰਿਕ ਹਨ ਜੋ ਸੁਰੱਖਿਅਤ ਹਨ ਅਤੇ ਅੰਬੈਸੀ ਉਨ੍ਹਾਂ ਵਿੱਚੋਂ ਕਈ ਲੋਕਾਂ ਖਾਸ ਤੌਰ ‘ਤੇ ਉਨ੍ਹਾਂ ਦੇ ਟੀਮ ਲੀਡਰਾਂ ਅਤੇ ਟਰੈਵਲ ਏਜੰਟਾਂ ਨਾਲ ਸੰਪਰਕ ਵਿੱਚ ਹਨ।

ਤਮਿਲਨਾਡੂ ਦੇ 21 ਲੋਕਾਂ ਨੂੰ ਸ਼ੁੱਕਰਵਾਰ ਨੂੰ ਇੰਡੀਗੋ ਫਲਾਈਟ ਜ਼ਰੀਏ ਦਿੱਲੀ ਸੁਰੱਖਿਅਤ ਲਿਆਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤ੍ਰਿਸ਼ੂਲੀ-1 ਜਲ ਬਿਜਲੀ ਯੋਜਨਾ ‘ਚ ਕੰਮ ਕਰ ਰਹੇ 63 ਭਾਰਤੀ ਨਾਗਰਿਕਾਂ ਨੂੰ ਵੀਰਵਾਰ ਨੂੰ ਬਚਾ ਲਿਆ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI