Home rss national punjabi2ਰਾਸ਼ਟਰੀ ਖ਼ਬਰਾਂ ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀਆਂ ਵਿੱਚ ਅਮ੍ਰਿਤਪਾਲ ਸਿੰਘ ਦੀ ਤਿੱਖੀ ਆਲੋਚਨਾ ਦੇ...

ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀਆਂ ਵਿੱਚ ਅਮ੍ਰਿਤਪਾਲ ਸਿੰਘ ਦੀ ਤਿੱਖੀ ਆਲੋਚਨਾ ਦੇ ਕੀ ਹਨ ਮਾਇਨੇ

2
0

Source :- BBC PUNJABI

ਸੁਖਬੀਰ ਸਿੰਘ ਬਾਦਲ ਅਤੇ ਅਮ੍ਰਿਤਪਾਲ ਸਿੰਘ ਦੀ ਤਸਵੀਰ

ਤਸਵੀਰ ਸਰੋਤ, Sukhbirsinghbadal/fb/getty/BBC

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 26 ਅਗਸਤ 2026 ਨੂੰ ਮੁਕਤਸਰ ਦੇ ਮਲੋਟ ਵਿੱਚ ਹੋਈ ‘ਪੰਜਾਬ ਬਚਾਓ’ ਰੈਲੀ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਤਿੱਖੀ ਆਲੋਚਨਾ ਕੀਤੀ।

ਨਾਂਦੇੜ ਵਿੱਚ 13 ਅਗਸਤ ਨੂੰ ਉਨ੍ਹਾਂ ਉੱਤੇ ਹੋਏ ਹਮਲੇ ਤੋਂ ਬਾਅਦ ਇਹ ਸੁਖਬੀਰ ਬਾਦਲ ਦੀ ਪਹਿਲੀ ਵੱਡੀ ਸਿਆਸੀ ਰੈਲੀ ਸੀ। ਆਪਣੇ ਭਾਸ਼ਣ ਦੇ ਸ਼ੁਰੂਆਤੀ ਹਿੱਸੇ ਵਿੱਚ ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਦੀ ਕਾਫੀ ਅਲੋਚਨਾ ਕੀਤੀ, ਜਦਕਿ ਬਾਅਦ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਵੀ ਆਲੋਚਨਾ ਕੀਤੀ।

ਹਾਲਾਂਕਿ ਅਮ੍ਰਿਤਪਾਲ ਸਿੰਘ ਉੱਤੇ ਚੁੱਕੇ ਸਵਾਲਾਂ ਦੇ ਜਵਾਬ ਉਨ੍ਹਾਂ ਦੇ ਮਾਪਿਆਂ ਨੇ ਦਿੱਤੇ। ਹਾਲਾਂਕਿ ਬਾਕਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਹੋਈ ਰੈਲੀ ਦੌਰਾਨ ਵੀ ਵਾਰਿਸ ਪੰਜਾਬ ਦੇ ਜਥੇਬੰਦੀ ਸੁਖਬੀਰ ਸਿੰਘ ਬਾਦਲ ਦੇ ਨਿਸ਼ਾਨੇ ਉੱਤੇ ਰਹੀ।

ਇਸ ਰੈਲੀ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਮੁੜ ਤੋਂ ਅਮ੍ਰਿਤਪਾਲ ਸਿੰਘ ਬਾਰੇ ਬਿਆਨ ਦੁਹਰਾਏ।

ਜਾਣਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ, ਅਮ੍ਰਿਤਪਾਲ ਦੇ ਮਾਪਿਆਂ ਨੇ ਕੀ ਪਲਟਵਾਰ ਕੀਤਾ ਅਤੇ ਮਾਹਰ ਇਸ ਘਟਨਾਕ੍ਰਮ ਬਾਰੇ ਕੀ ਕਹਿੰਦੇ ਹਨ….

ਸੁਖਬੀਰ ਬਾਦਲ ਵੱਲੋਂ ਅਮ੍ਰਿਤਪਾਲ ਬਾਰੇ ਕੀ ਕਿਹਾ ਗਿਆ ?

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1980 ਦੇ ਦਹਾਕੇ ਵਿੱਚ ਪੰਜਾਬ ਦੀ ਸ਼ਾਂਤੀ ਨੂੰ ਤਬਾਹ ਕਰਨ ਵਾਲੀਆਂ ਕੁਝ ਤਾਕਤਾਂ ਹੁਣ ਸਿੱਖਾਂ ਦੇ ਭੇਸ ਵਿੱਚ ਸਰਗਰਮ ਹੋ ਗਈਆਂ ਹਨ।

ਸੁਖਬੀਰ ਬਾਦਲ ਨੇ ਅਮ੍ਰਿਤਪਾਲ ਦੇ ਪਿਛੋਕੜ ‘ਤੇ ਸਵਾਲ ਕਰਦਿਆਂ ਕਿਹਾ, “2022 ਵਿੱਚ ਦੁਬਈ ਤੋਂ ਆਉਣ ਸਮੇਂ ਉਹ ਕਲੀਨ-ਸ਼ੇਵ ਸਨ, ਵਾਲ ਕੱਟੇ ਸਨ, ਕਿੱਥੋਂ ਆਇਆ, ਕਿਵੇਂ ਆਇਆ ਕਿਸੇ ਨੂੰ ਨਹੀਂ ਪਤਾ ਫਿਰ ਆਪਣੇ ਆਪ ਨੂੰ ਪੰਜਾਬ ਦਾ “ਵਾਰਿਸ” ਦੱਸਦੇ ਹਨ। ਉਹ ਪੰਜਾਬ ਦੇ ਵਾਰਿਸ ਕਿਵੇਂ ਹੋ ਗਏ।”

ਸੁਖਬੀਰ ਬਾਦਲ ਨੇ ਅਮ੍ਰਿਤਪਾਲ ਸਿੰਘ ‘ਤੇ 2023 ਦੀ ਅਜਨਾਲਾ ਘਟਨਾ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਵਜੋਂ ਵਰਤਣ ਦਾ ਇਲਜ਼ਾਮ ਲਗਾਇਆ।

ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਅਮ੍ਰਿਤਪਾਲ ਦਾ ਪਰਿਵਾਰ ਪਹਿਲਾਂ ਕਾਂਗਰਸ ਨਾਲ ਜੁੜਿਆ ਹੋਇਆ ਸੀ ਪਰ ਉਨ੍ਹਾਂ ਨੇ ਕਦੇ 1984 ਦੀਆਂ ਘਟਨਾਵਾਂ ਵਿਰੁੱਧ ਰੋਸ ਨਹੀਂ ਜਤਾਇਆ।

ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Sukhbir Singh Badal/fb

ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ,”ਅਕਾਲੀ ਦਲ ਵਾਰਿਸ ਪੰਜਾਬ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਹੀਂ ਲੜ੍ਹ ਰਹੇ, ਸਗੋਂ ਸਿਰਫ਼ ਅਮ੍ਰਿਤਪਾਲ ਨੂੰ ਰਿਹਾਅ ਕਰਵਾਉਣਾ ਚਾਹੁੰਦੇ ਹਨ।”

ਬਾਦਲ ਨੇ ਇਤਿਹਾਸਕ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ, “ਉਹ ਤਾਕਤਾਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪਾਰਟੀ ਆਗੂ ਭਾਈ ਸ਼ਮਿੰਦਰ ਸਿੰਘ ਨੂੰ ਮਾਰਿਆ ਸੀ ਅਤੇ ਗੁਰਚਰਨ ਸਿੰਘ ਟੌਹੜਾ ‘ਤੇ ਹਮਲਾ ਕੀਤਾ ਸੀ, ਉਹ ਫਿਰ ਸਰਗਰਮ ਹੋ ਗਈਆਂ ਹਨ।”

ਸੁਖਬੀਰ ਬਾਦਲ ਨੇ ਅਕਾਲੀ ਦਲ ਵਾਰਿਸ ਪੰਜਾਬ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ, “ਇਨ੍ਹਾਂ ਦਾ ਦੁਸ਼ਮਣ ਇਕੱਲਾ ਅਕਾਲੀ ਦਲ ਹੈ, ਇਹ ਸਿਰਫ਼ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੇ ਹਨ।”

ਸੁਖਬੀਰ ਬਾਦਲ ਨੇ ਅਮ੍ਰਿਤਪਾਲ ਸਿੰਘ ਦੇ ਭਰਾ ‘ਤੇ ਨਸ਼ਾ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਨੇ ਇੱਕ ਵਾਰਿਸ ਪੰਜਾਬ ਦੇ ਕਾਰਕੁੰਨ ਦੀ ਮੌਤ ਨਾਲ ਜੁੜੇ ਮਾਮਲੇ ਬਾਰੇ ਵੀ ਅਮ੍ਰਿਤਪਾਲ ਸਿੰਘ ਖ਼ਿਲਾਫ਼ ਇਲਜ਼ਾਮ ਲਗਾਏ। ਇਸ ਦੇ ਜਵਾਬ ਵਿੱਚ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਮੁਹਿੰਮ ਚਲਾਈ ਹੈ ਅਤੇ ਜਿਨ੍ਹਾਂ ਨੇ ਨਸ਼ੇ ਛੱਡੇ ਹਨ, ਉਹ ਦੱਸ ਸਕਦੇ ਹਨ।

ਜ਼ਿਕਰਯੋਗ ਹੈ ਕਿ ਅਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜੁਲਾਈ 2024 ਵਿੱਚ ਜਲੰਧਰ ਪੁਲਿਸ ਨੇ ਨਸ਼ਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ, ਜਦਕਿ ਪਰਿਵਾਰ ਨੇ ਉਸ ਵੇਲੇ ਇਲਜ਼ਾਮਾਂ ਨੂੰ ਸਿਆਸੀ ਬਦਲੇ ਦੀ ਕਾਰਵਾਈ ਦੱਸਿਆ ਸੀ।

ਅਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਦਾ ਜਵਾਬ

ਤਰਸੇਮ ਸਿੰਘ

ਤਸਵੀਰ ਸਰੋਤ, Tarsem Singh/fb

ਦੂਜੇ ਪਾਸੇ ਸੁਖਬੀਰ ਬਾਦਲ ਦੇ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸੁਖਬੀਰ ਸਿੰਘ ਬਾਦਲ ‘ਤੇ ਹੀ ਸਵਾਲ ਖੜ੍ਹੇ ਕੀਤੇ।

ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲਬਾਤ ਦੌਰਾਨ ਤਰਸੇਮ ਸਿੰਘ ਨੇ ਕਿਹਾ, “ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਲੋਕ ਅਮ੍ਰਿਤਪਾਲ ਸਿੰਘ ਨਾਲ ਜੁੜ ਰਹੇ ਹਨ ਤਾਂ ਉਹ ਬੁਖਲਾਹਟ ਵਿੱਚ ਆ ਕੇ ਅਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾ ਰਹੇ ਹਨ। ਪੰਜਾਬ ਦੇ ਲੋਕ ਬਾਦਲ ਦਲ ਨੂੰ ਬੇਅਦਬੀ ਦਾ ਦੋਸ਼ੀ ਮੰਨ ਚੁੱਕੇ ਹਨ। ਜੋ ਹਰ ਵਾਰ ਚੋਣਾਂ ਵਿੱਚ ਸਾਬਿਤ ਵੀ ਹੁੰਦਾ।”

ਤਰਸੇਮ ਸਿੰਘ ਨੇ ਸੁਖਬੀਰ ਬਾਦਲ ‘ਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨਾਲ ਨੇੜਤਾ ਹੋਣ ਦੇ ਇਲਜ਼ਾਮ ਲਾਏ।

ਅਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਨੇ ਵੀ ਸੁਖਬੀਰ ਬਾਦਲ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ।

ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ’25 ਸਾਲ ਪੰਥਕ ਬਣ ਕੇ ਇਨ੍ਹਾਂ ਨੇ ਪੰਜਾਬ ਦਾ ਕੀ ਭਲਾ ਕੀਤਾ। ਇਨ੍ਹਾਂ ਦੇ ਰਾਜ ਵਿੱਚ ਕਿੰਨੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, 328 ਸਰੂਪਾਂ ਦਾ ਅਜੇ ਤੱਕ ਪਤਾ ਨਹੀਂ ਚੱਲਿਆ।”

ਸੁਖਬੀਰ ਬਾਦਲ ਵੱਲੋਂ ਨਸ਼ੇ ਨਾਲ ਸੰਬੰਧੀ ਇਲਜ਼ਾਮ ਲਗਾਉਣ ‘ਤੇ ਬਲਵਿੰਦਰ ਕੌਰ ਨੇ ਕਿਹਾ, “ਅਮ੍ਰਿਤਪਾਲ ਸਿੰਘ ਨੇ ਕਿਸਦੇ ਨਸ਼ੇ ਛੁਡਾਏ ਇਹ ਲੋਕ ਦੱਸਣਗੇ। 2022 ਵਿੱਚ ਵੀ ਲੋਕਾਂ ਨੇ ਇਨ੍ਹਾਂ ਨੂੰ ਜਵਾਬ ਦਿੱਤਾ, ਅੱਗੇ ਵੀ ਲੋਕ ਇਨ੍ਹਾਂ ਨੂੰ ਜਵਾਬ ਦੇਣਗੇ।”

ਇਸ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਤੇ ਵੀ ਸ਼ਬਦੀ ਵਾਰ ਕੀਤੇ, ਪਰ ਬੀਜੇਪੀ ਬਾਰੇ ਕੁਝ ਨਹੀਂ ਕਿਹਾ।

ਜਦੋਂ ਸੁਖਬੀਰ ਬਾਦਲ ਨੇ ਅਮ੍ਰਿਤਪਾਲ ‘ਤੇ ਐਨਐੱਸਏ ਲਗਾਉਣ ਦਾ ਵਿਰੋਧ ਕੀਤਾ ਸੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਿਚਾਲੇ ਬੇਸ਼ੱਕ ਵਿਚਾਰਕ ਮਤਭੇਦ ਹਨ। ਅਤੇ ਦੋਵੇਂ ਪਾਰਟੀਆਂ ਇੱਕ-ਦੂਜੇ ਦੇ ਵਿਰੋਧ ਵਿੱਚ ਬੋਲਦੀਆਂ ਹੀ ਨਜ਼ਰ ਆਈਆਂ ਹਨ।

ਪਰ ਸਾਲ 2024 ਵਿੱਚ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਅਮ੍ਰਿਤਪਾਲ ਸਿੰਘ ਦੀ ਐੱਨਐੱਸਏ ਤਹਿਤ ਹਿਰਾਸਤ ਵਿੱਚ ਕੀਤੇ ਗਏ ਇੱਕ ਸਾਲ ਦੇ ਵਾਧੇ ਦਾ ਸਖ਼ਤ ਵਿਰੋਧ ਕੀਤਾ ਸੀ।

ਉਸ ਸਮੇਂ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਦੇ ਇਸ ਕਦਮ ਨੂੰ “ਸੰਵਿਧਾਨ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਨਾਗਰਿਕ ਆਜ਼ਾਦੀ ਦੀ ਸਪੱਸ਼ਟ ਉਲੰਘਣਾ” ਕਰਾਰ ਦਿੱਤਾ ਸੀ।

ਪੰਥਕ ਪਾਰਟੀਆਂ ਹੋਣ ਦੇ ਦਾਅਵੇ ਪਰ ਰਸਤੇ ਵੱਖਰੇ

ਸੁਖਬੀਰ ਸਿੰਘ ਬਾਦਲ ਦੀ ਪਾਰਟੀ ਅਕਾਲੀ ਦਲ ਬਾਦਲ ਅਤੇ ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਪਣੇ ਆਪ ਨੂੰ ਪੰਥਕ ਅਤੇ ਸਿੱਖ ਹਿਤੈਸ਼ੀ ਹੋਣ ਦਾ ਦਾਅਵਾ ਕਰਦੀਆਂ ਹਨ।

ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਹਿਜ਼ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ, ਇਸ ਸਮੇਂ ਪੰਜਾਬ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਸਮੇਤ ਕਈ ਪੰਥਕ ਮੁੱਦੇ ਲਗਾਤਾਰ ਗਰਮਾ ਰਹੇ ਹਨ।

ਪੰਥਕ ਹੋਣ ਦਾ ਦਾਅਵਾ ਕਰਨ ਦੇ ਨਾਤੇ ਦੋਵੇਂ ਪਾਰਟੀਆਂ ਇੱਕ-ਦੂਜੇ ਪ੍ਰਤੀ ਜ਼ਿਆਦਾ ਹਮਲਾਵਰ ਕਿਉਂ ਹਨ ਅਤੇ ਆਪਣੇ ਭਾਸ਼ਣ ਦੌਰਾਨ ਸੁਖਬੀਰ ਬਾਦਲ ਅਮ੍ਰਿਤਪਾਲ ਸਿੰਘ ਨੂੰ ਜ਼ਿਆਦਾ ਨਿਸ਼ਾਨਾ ਕਿਉਂ ਬਣਾ ਰਹੇ ਹਨ ਇਹ ਸਮਝਣ ਲਈ ਅਸੀਂ ਵੱਖ-ਵੱਖ ਸਿਆਸੀ ਮਾਹਰਾਂ ਨਾਲ ਗੱਲ ਕੀਤੀ।

 ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, Media Shiromani AkaliDal

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸੇਵਾਮੁਕਤ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ, ਪ੍ਰੋ. ਮੁਹੰਮਦ ਖਾਲਿਦ ਵੀ ਮੰਨਦੇ ਹਨ ਕਿ ਹਮਲੇ ਤੋਂ ਬਾਅਦ ਵੀ ਆਪਣੇ ਪਹਿਲੇ ਭਾਸ਼ਣ ਵਿੱਚ ਸੁਖਬੀਰ ਬਾਦਲ ਨੇ ਆਪਣੇ ‘ਤੇ ਹੋਏ ਹਮਲੇ ਦਾ ਜ਼ਿਕਰ ਕਰਨ ਦੀ ਥਾਂ ਅਮ੍ਰਿਤਪਾਲ ਸਿੰਘ ਨੂੰ ਨਿਸ਼ਾਨੇ ‘ਤੇ ਲਿਆ, ਇਸ ਨਾਲ ਸੁਖਬੀਰ ਬਾਦਲ ਨੇ ਕੁਝ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।

“ਜਿਨ੍ਹਾਂ ਵਿੱਚੋਂ ਇੱਕ ਇਹ ਹੀ ਹੈ ਕਿ ਸੁਖਬੀਰ ਬਾਦਲ ਇਹ ਸਾਫ ਦੱਸਣਾ ਚਾਹੁੰਦੇ ਹਨ ਕਿ ਉਹ ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਤੋਂ ਦੂਰ ਹਨ, ਜਿਸ ਜਥੇਬੰਦੀ ਨੂੰ ਉਨ੍ਹਾਂ ਦੇ ਆਲੋਚਕ ਕੱਟੜਪੰਥੀ ਕਰਾਰ ਦਿੰਦੇ ਹਨ।”

ਪ੍ਰੋ. ਖਾਲਿਦ ਕਹਿੰਦੇ ਹਨ, “ਸੁਖਬੀਰ ਬਾਦਲ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡਾ ਨਰਮਪੰਥੀ ਅਕਾਲੀ ਦਲ ਹੈ ਇਸਦਾ ਕੱਟੜਤਾ ਨਾਲ ਕੋਈ ਸੰਬੰਧ ਨਹੀਂ ਹੈ। ਸੁਖਬੀਰ ਬਾਦਲ ਨੂੰ ਲੱਗਦਾ ਹੈ ਕਿ ਨਰਮਪੰਥੀ ਅਕਾਲੀ ਦਲ ਹੋਣ ਕਰਕੇ ਉਹ ਬੀਜੇਪੀ ਤੇ ਆਮ ਵੋਟਰਾਂ ਨੂੰ ਐਕਸੈਪਟੇਬਲ ਹਨ।”

ਹਾਲਾਂਕਿ ਪ੍ਰੋ ਖਾਲਿਦ ਇਹ ਵੀ ਮੰਨਦੇ ਹਨ ਕਿ ਅਕਾਲੀ ਦਲ ਲਈ ਆਪਣੇ ਰਵਾਇਤੀ ਵੋਟ ਬੈਂਕ ਨੂੰ ਵਾਪਸ ਲੈਣਾ ਇੰਨਾ ਸੌਖਾ ਨਹੀਂ ਹੈ, ਸਿਰਫ ਇਹ ਨਹੀਂ ਹੋ ਸਕਦਾ ਕਿ ਅਮ੍ਰਿਤਪਾਲ ਖਿਲਾਫ ਬੋਲ ਕੇ ਲੋਕ ਮੰਨ ਜਾਣਗੇ। ਬੇਅਦਬੀ ਦੇ ਮੁੱਦੇ, ਡੇਰਾ ਸਿਰਸਾ, ਗੋਲੀਕਾਂਡ ਇਨ੍ਹਾਂ ਮੁੱਦਿਆਂ ‘ਤੇ ਜੋ ਲੋਕ ਅਕਾਲੀ ਦਲ ਤੋਂ ਨਾਰਾਜ਼ ਹੋਏ, ਉਨ੍ਹਾਂ ਨੂੰ ਵਾਪਸ ਆਪਣੇ ਵੱਲ ਮੋੜਨ ਲਈ ਅਕਾਲੀ ਦਲ ਨੂੰ ਜ਼ਮੀਨ ‘ਤੇ ਹੋਰ ਕੰਮ ਕਰਨਾ ਪਵੇਗਾ, ਨਹੀਂ ਤਾਂ ਇਹ ਭਾਸ਼ਣ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਦੇਣਗੇ।”

ਸੁਖਬੀਰ ਬਾਦਲ ਲਈ ਸਭ ਤੋਂ ਵੱਡੀ ਚੁਣੌਤੀ ਕੀ ਹੈ

ਵੱਖ-ਵੱਖ ਸੂਬਿਆਂ ਵਿੱਚ ਕਈ ਸਿਆਸੀ ਪਾਰਟੀਆਂ ਨਾਲ ਕੰਮ ਕਰ ਚੁੱਕੇ ਚੋਣ ਵਿਸ਼ਲੇਸ਼ਕ ਵਿਨਾਇਕ ਦੱਤ ਸੁਖਬੀਰ ਬਾਦਲ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਆਪਣਾ ਵੋਟ ਬੈਂਕ ਬਚਾਉਣ ਦੀ ਕੋਸ਼ਿਸ਼ ਕਰਨਾ ਮੰਨਦੇ ਹਨ।

ਉਹ ਕਹਿੰਦੇ ਹਨ, “ਅਕਾਲੀ ਦਲ ਵਾਰਿਸ ਪੰਜਾਬ ਦੇ ਆਉਣ ਨਾਲ ਅਕਾਲੀ ਦਲ ਬਾਦਲ ਦਾ ਵੋਟ ਬੈਂਕ ਸ਼ਿਫਟ ਹੋ ਗਿਆ ਹੈ, ਨਵੀਂ ਵੋਟ ਆਪਣੇ ਨਾਲ ਜੋੜਨਾ ਸੁਖਬੀਰ ਬਾਦਲ ਲਈ ਹੁਣ ਬਹੁਤ ਮੁਸ਼ਕਿਲ ਹੈ। ਇਸ ਲਈ ਉਹ ਆਪਣੇ ਰਵਾਇਤੀ ਵੋਟ ਬੈਂਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸਾਰਾ ਮਸਲਾ ਹੀ ਵੋਟ ਦਾ ਹੈ, ਅਮ੍ਰਿਤਪਾਲ ਦੀ ਲੋਕਪ੍ਰਿਯਤਾ ਨੌਜਵਾਨਾਂ ਅਤੇ ਪੰਥਕ ਹਲਕਿਆਂ ਵਿੱਚ ਵੱਧ ਰਹੀ ਹੈ। ਹੁਣ ਹਰ ਭਾਸ਼ਣ ਵੋਟਾਂ ਇਕੱਠੀਆਂ ਕਰਨ ਲਈ ਦਿੱਤੇ ਜਾਣੇ ਹਨ ਅਤੇ ਇਸ ਲਈ ਸੁਖਬੀਰ ਜਾਣਦੇ ਹਨ ਕਿ ਆਪਣਾ ਇਤਿਹਾਸ ਦੱਸ ਕੇ ਜਾਂ ਅਮ੍ਰਿਤਪਾਲ ਦੀਆਂ ਖਾਮੀਆਂ ਦੱਸ ਕੇ ਹੀ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕਦਾ ਹੈ।”

ਸਿਆਸੀ ਮਾਹਰ ਪ੍ਰੋ. ਮੁਹੰਮਦ ਖਾਲਿਦ ਦੀ ਟਿੱਪਣੀ

ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਤੋਂ ਰਾਜਨੀਤੀ ਦੇ ਸੇਵਾਮੁਕਤ ਪ੍ਰੋ ਕੁਲਦੀਪ ਸਿੰਘ ਵੀ ਮੰਨਦੇ ਹਨ ਕਿ ਅਕਾਲੀ ਦਲ ਬਾਦਲ ਲਈ ਵਾਰਿਸ ਪੰਜਾਬ ਦੇ ਚੁਣੌਤੀ ਹੈ।

ਉਹ ਕਹਿੰਦੇ ਹਨ, “ਇਹ ਸਪੱਸ਼ਟ ਹੈ ਕਿ ਭਾਜਪਾ ਜੇਕਰ ਪੰਜਾਬ ਵਿੱਚ ਕਿਸੇ ਅਕਾਲੀ ਦਲ ਨਾਲ ਸਮਝੌਤਾ ਕਰੇਗੀ ਤਾਂ ਨਰਮਪੰਥੀ ਅਕਾਲੀ ਦਲ ਹੋਵੇਗਾ। ਅਕਾਲੀ ਦਲ (ਅੰਮ੍ਰਿਤਸਰ) ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਭਾਜਪਾ ਦੇ ਸੁਰ ਨਹੀਂ ਮਿਲ ਸਕਦੇ। ਇਸ ਕਰਕੇ ਸੁਖਬੀਰ ਬਾਦਲ ਇਹ ਸੰਦੇਸ਼ ਸਪੱਸ਼ਟ ਦੇ ਰਹੇ ਹਨ ਕਿ ਉਹ ਅਮ੍ਰਿਤਪਾਲ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ।”

ਪ੍ਰੋ. ਕੁਲਦੀਪ ਇਹ ਵੀ ਕਹਿੰਦੇ ਹਨ, “ਸੁਖਬੀਰ ਬਾਦਲ ਲਈ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਪੁਨਰ ਸੁਰਜੀਤ ਕੋਈ ਵੱਡੀ ਸਿਆਸੀ ਚੁਣੌਤੀ ਨਹੀਂ ਹੈ, ਜੇਕਰ ਕੋਈ ਚੁਣੌਤੀ ਹੈ ਤਾਂ ਉਹ ਵਾਰਿਸ ਪੰਜਾਬ ਦੇ ਹੈ ਇਸ ਕਰਕੇ ਉਹ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਜਿਹੜੇ ਨਵੇਂ ਚਿਹਰੇ ਪੰਥਕ ਤੌਰ ‘ਤੇ ਉਭਰ ਰਹੇ ਹਨ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਹਮਣੇ ਕੁਝ ਨਹੀਂ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI