Home rss national punjabi2ਰਾਸ਼ਟਰੀ ਖ਼ਬਰਾਂ ਆਪਣੇ ਤਿੰਨ ਬੱਚਿਆਂ ਨੂੰ ਮਾਰਨ ਦੇ ਇਲਜ਼ਾਮਾਂ ‘ਚ ਘਿਰੀ ਲਿੰਡਸੇ ਕਲੈਂਸੀ ਦੇ...

ਆਪਣੇ ਤਿੰਨ ਬੱਚਿਆਂ ਨੂੰ ਮਾਰਨ ਦੇ ਇਲਜ਼ਾਮਾਂ ‘ਚ ਘਿਰੀ ਲਿੰਡਸੇ ਕਲੈਂਸੀ ਦੇ ਟ੍ਰਾਇਲ ਦੌਰਾਨ ਹੁਣ ਤੱਕ ਕੀ-ਕੀ ਹੋਇਆ

3
0

Source :- BBC PUNJABI

ਟ੍ਰਾਇਲ ਦੌਰਾਨ ਲਿੰਡਸੇ ਕਲੈਂਸੀ ਦੀ ਤਸਵੀਰ

ਤਸਵੀਰ ਸਰੋਤ, Getty Images

ਜੱਜਾਂ ਦੇ ਇੱਕ ਬੈਂਚ ਵੱਲੋਂ ਲਿੰਡਸੇ ਕਲੈਂਸੀ ਨਾਲ ਜੁੜੇ ਮੁਕੱਦਮੇ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਮੈਸਾਚੁਸੈਟਸ ਨਾਲ ਸਬੰਧ ਰੱਖਣ ਵਾਲੀ ਉਹ ਮਹਿਲਾ, ਜਿਸ ‘ਤੇ ਆਪਣੇ ਹੀ ਤਿੰਨ ਛੋਟੇ ਬੱਚਿਆਂ ਦੇ ਕਤਲ ਦਾ ਇਲਜ਼ਾਮ ਹੈ, ਜੋ ਉਸ ਨੇ ਬੌਸਟਨ ਉਪਨਗਰ ਵਿੱਚ ਸਥਿਤ ਆਪਣੇ ਘਰ ਵਿੱਚ ਕੀਤੇ।

ਅਮਰੀਕੀ ਜਨਤਾ ਦਾ ਧਿਆਨ ਖਿੱਚਣ ਵਾਲੇ ਇਸ ਮਾਮਲੇ ਵਿੱਚ ਕਲੈਂਸੀ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ ਕਿ ਉਸ ਨੇ ਆਪਣੇ ਬੱਚਿਆਂ ਨੂੰ ਮਾਰਿਆ ਸੀ ਪਰ ਉਸ ਦੇ ਵਕੀਲਾਂ ਦਾ ਤਰਕ ਹੈ ਕਿ ਕਲੈਂਸੀ ਨੂੰ ਕਾਨੂੰਨੀ ਤੌਰ ‘ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ ਕਿਉਂਕਿ ਉਹ ਗੰਭੀਰ ਮਾਨਸਿਕ ਬਿਮਾਰੀ ਤੋਂ ਪੀੜਤ ਸੀ।

ਕਲੈਂਸੀ ‘ਤੇ ਜਨਵਰੀ 2023 ਵਿੱਚ ਹੋਏ ਤਿੰਨ ਕਤਲਾਂ ਦੇ ਇਲਜ਼ਾਮ ਵਿੱਚ ਫਰਸਡ ਡਿਗਰੀ ਮਰਡਰ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜਿਊਰੀ ਮੈਂਬਰ ਘੱਟ ਗੰਭੀਰ ਇਲਜ਼ਾਮਾਂ ‘ਤੇ ਵੀ ਵਿਚਾਰ ਕਰ ਸਕਦੇ ਹਨ, ਜਿਵੇਂ ਕਿ ਗੈਰ-ਇਰਾਦਤਨ ਹੱਤਿਆ ਜਾਂ ਮਾਨਸਿਕ ਰੂਪ ਨਾਲ ਬਿਮਾਰ ਹੋਣ ਕਾਰਨ ਉਸ ਨੂੰ ਬੇਗੁਨਾਹ ਮੰਨ ਸਕਦੇ ਹਨ।

ਜੇਕਰ ਜਿਊਰੀ ਵੱਲੋਂ ਕਲੈਂਸੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

ਪੰਜ ਹਫ਼ਤੇ ਤੱਕ ਚੱਲੇ ਇਸ ਭਾਵਨਾਤਮਕ ਟ੍ਰਾਇਲ ਦੇ ਦੌਰਾਨ ਹੋਏ ਕੁਝ ਅਹਿਮ ਘਟਨਾਕ੍ਰਮ ‘ਤੇ ਨਜ਼ਰ ਪਾਉਂਦੇ ਹਾਂ

ਬਚਾਅ ਪੱਖ ਦਾ ਤਰਕ ਹੈ ਕਿ ਕਲੈਂਸੀ ਨੂੰ ਭੁਲੇਖੇ ਅਤੇ ਭਰਮ ਦੀ ਸਮੱਸਿਆ ਸੀ

ਲਿੰਡਸੇ ਕਲੈਂਸੀ

ਤਸਵੀਰ ਸਰੋਤ, The Boston Globe via Getty Images

ਸਰਕਾਰੀ ਪੱਖ ਦਾ ਇਲਜ਼ਾਮ ਹੈ ਕਿ 24 ਜਨਵਰੀ 2023 ਨੂੰ ਕਲੈਂਸੀ ਨੇ ਮੈਸਾਚੁਸੈਟਸ ਦੇ ਡਕਸਬਰੀ ਸਥਿਤ ਆਪਣੇ ਘਰ ਵਿੱਚ ਆਪਣੇ ਤਿੰਨੇ ਬੱਚਿਆਂ – 5 ਸਾਲਾ ਕੋਰਾ, 3 ਸਾਲਾ ਡੋਅਸਨ ਅਤੇ ਅੱਠ ਮਹੀਨੇ ਦੇ ਕੈਲਨ ਦਾ ਜਾਣਬੁੱਝ ਕੇ ਫਿਟਨੈੱਸ ਬੈਂਡ ਨਾਲ ਗਲਾ ਘੁੱਟ ਦਿੱਤਾ ਅਤੇ ਫਿਰ ਦੂਜੀ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ। 36 ਸਾਲਾ ਕਲੈਂਸੀ ਨੂੰ ਇਸ ਘਟਨਾ ਨਾਲ ਅਧਰੰਗ ਹੋ ਗਿਆ ਅਤੇ ਮੁਕੱਦਮੇ ਦੀ ਸੁਣਵਾਈ ਦੌਰਾਨ ਉਹ ਵ੍ਹੀਲਚੇਅਰ ‘ਤੇ ਮੌਜੂਦ ਰਹੀ।

ਕਲੈਂਸੀ ਦੇ ਵਕੀਲਾਂ ਨੇ ਉਸ ਦਾ ਬਚਾਅ ਕਰਦੇ ਹੋਏ ਕਤਲਾਂ ਵਿੱਚ ਉਸ ਦੀ ਭੂਮਿਕਾ ਨੂੰ ਕਦੇ ਵੀ ਨਕਾਰਿਆ ਨਹੀਂ ਹੈ।

ਇਸ ਦੀ ਬਜਾਏ, ਬਚਾਅ ਪੱਖ ਨੇ ਮਾਨਸਿਕ ਅਸਮਰੱਥਤਾ ਨੂੰ ਆਧਾਰ ਬਣਾਉਂਦਿਆਂ ਦਲੀਲ ਦਿੱਤੀ ਹੈ ਕਿ ਸਭ ਤੋਂ ਛੋਟੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਲੈਂਸੀ ਨੂੰ ਭਰਮ ਅਤੇ ਵਹਿਮ ਹੋਣ ਲੱਗ ਪਏ ਸਨ। ਬਚਾਅ ਪੱਖ ਨੇ ਉਸ ਦੇ ਮਾਨਸਿਕ ਸਿਹਤ ਸਬੰਧੀ ਇਲਾਜ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੇ ਖੁਦ ਨੂੰ ਇੱਕ ਮਾਨਸਿਕ ਰੋਗਾਂ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ।

ਇਸ ਵਿਚਾਲੇ ਸਰਕਾਰੀ ਵਕੀਲਾਂ ਨੇ ਤਰਕ ਦਿੱਤਾ ਹੈ ਕਿ ਕਲੈਂਸੀ ਨੇ ਜਾਣਬੁੱਝ ਕੇ ਆਪਣੇ ਬੱਚਿਆਂ ਨੂੰ ਮਾਰਨ ਦੀ ਯੋਜਨਾ ਘੜੀ ਸੀ ਅਤੇ ਉਸ ਨੂੰ ਕਾਨੂੰਨੀ ਰੂਪ ਨਾਲ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਉਸ ਸਮੇਂ ਕਲੈਂਸੀ ਨੇ ਆਪਣੇ ਪਤੀ ਪੈਟ੍ਰਿਕ ਕਲੈਂਸੀ ਨੂੰ ਕਿਸੇ ਕੰਮ ਲਈ ਬਾਹਰ ਭੇਜ ਦਿੱਤਾ ਸੀ ਤਾਂਕਿ ਉਹ ਉਸ ਸਮੇਂ ਘਰ ਨਾ ਰਹੇ।

ਕਲੈਂਸੀ ਦੇ ਪਰਿਵਾਰ, ਜਿਸ ਵਿੱਚ ਉਸ ਦੀ ਸਾਬਕਾ ਸੱਸ ਅਤੇ ਸਾਬਕਾ ਪਤੀ ਵੀ ਸ਼ਾਮਿਲ ਹਨ, ਨੇ ਬੱਚਿਆਂ ਦੀ ਮੌਤ ਤੋਂ ਪਹਿਲਾਂ ਦੀ ਉਸ ਦੀ ਮਾਨਸਿਕ ਸਥਿਤੀ ਬਾਰੇ ਗਵਾਹੀ ਦਿੱਤੀ ਹੈ।

ਪੰਜ ਹਫ਼ਤੇ ਤੱਕ ਚੱਲੇ ਇਸ ਮੁਕੱਦਮੇ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਦਿਲਚਸਪੀ ਜਗਾ ਦਿੱਤੀ ਹੈ, ਕਿਉਂਕਿ ਹਜ਼ਾਰਾਂ ਲੋਕਾਂ ਨੇ ਅਦਾਲਤ ਦੀ ਕਾਰਵਾਈ ਦੇਖੀ। ਸੈਂਕੜੇ ਔਰਤਾਂ ਕਲੈਂਸੀ ਦੇ ਸਮਰਥਨ ਵਿੱਚ ਅਦਾਲਤ ਦੇ ਬਾਹਰ ਇਕੱਠੀਆਂ ਹੋਈਆਂ, ਉਨ੍ਹਾਂ ਨੇ ਗੁਲਾਬੀ ਰੰਗ ਦੀਆਂ ਸ਼ਰਟਾਂ ਪਹਿਨੀਆਂ ਹੋਈਆਂ ਸਨ ਜਿਨ੍ਹਾਂ ‘ਤੇ ‘ਸ਼ੀ ਨੀਡੇੱਡ ਹੈਲਪ (ਉਸ ਨੂੰ ਮਦਦ ਦੀ ਲੋੜ ਹੈ)’ ਅਤੇ ‘ਪੀਸ ਫਾਰ ਲਿੰਡਸੇ’ ਵਰਗੇ ਨਾਅਰੇ ਲਿਖੇ ਸਨ।

‘ਬਹੁਤ ਮੁਸ਼ਕਿਲ ਸਮਾਂ ਹੈ’: ਕਲੈਂਸੀ ਦੇ ਸਾਬਕਾ ਪਤੀ ਦਾ ਬਿਆਨ

ਪੈਟ੍ਰਿਕ ਕਲੈਂਸੀ

ਤਸਵੀਰ ਸਰੋਤ, Reuters

ਦੋ ਦਿਨਾਂ ਤੱਕ ਕਲੈਂਸੀ ਦੇ ਸਾਬਕਾ ਪਤੀ ਪੈਟ੍ਰਿਕ ਨੇ ਜਿਊਰੀ ਮੈਂਬਰਾਂ ਨੂੰ ਬੱਚਿਆਂ ਦੇ ਜਨਮ ਦੇ ਬਾਅਦ ਆਪਣੀ ਸਾਬਕਾ ਪਤਨੀ ਦੀ ਵਿਗੜਦੀ ਮਾਨਸਿਕ ਸਿਹਤ ਬਾਰੇ ਦੱਸਿਆ ਅਤੇ ਆਪਣੇ ਬੱਚਿਆਂ ਦੀ ਮੌਤ ਦੇ ਦਿਨ ਦਾ ਭਿਆਨਕ ਵੇਰਵਾ ਦਿੱਤਾ।

ਉਨ੍ਹਾਂ ਨੇ ਜਿਊਰੀ ਮੈਂਬਰਾਂ ਨੂੰ ਦੱਸਿਆ ਕਿ ਕਲੈਂਸੀ ਦੀ ‘ਬਹੁਤ ਜ਼ਿਆਦਾ ਮਾਨਸਿਕ ਗਿਰਾਵਟ’ ਘਟਨਾ ਤੋਂ ਲਗਭਗ ਇੱਕ ਮਹੀਨੇ ਪਹਿਲਾਂ ਸ਼ੁਰੂ ਹੋ ਗਈ ਸੀ।

ਉਨ੍ਹਾਂ ਨੇ ਕਿਹਾ, ”ਉਸ ਦਾ ਵਜ਼ਨ ਬਹੁਤ ਤੇਜ਼ੀ ਨਾਲ ਘਟਣ ਲੱਗਿਆ, ਉਹ ਬਹੁਤ ਜ਼ਿਆਦਾ ਡਿਪ੍ਰੈਸ਼ਨ ਵਿੱਚ ਸੀ ਅਤੇ ਉਸ ਨੂੰ ਬਹੁਤ ਮੁਸ਼ਕਿਲ ਸਮੇਂ ਤੋਂ ਗੁਜ਼ਰਨਾ ਪੈ ਰਿਹਾ ਸੀ।”

ਪੈਟ੍ਰਿਕ ਨੇ ਦੱਸਿਆ ਕਿ ਕਲੈਂਸੀ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਡਾਕਟਰਾਂ ਤੋਂ ਮਦਦ ਲੈਂਦੀ ਸੀ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਲੈਂਦੀ ਸੀ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਯਾਦ ਹੈ ਕਿ ਕਲੈਂਸੀ ਨੇ ਕਿਹਾ ਸੀ ਕਿ ਉਸ ਦੇ ਮਨ ਵਿੱਚ ਖੁਦਕੁਸ਼ੀ ਦੇ ਵਿਚਾਰ ਆਉਣ ਲੱਗੇ ਹਨ।

ਪੈਟ੍ਰਿਕ ਕਲੈਂਸੀ ਨੇ ਆਪਣੇ ਬੇਟੇ ਡੋਅਸਨ ਦੀ ਆਖਰੀ ਝਲਕ ਦਾ ਵੇਰਵਾ ਦਿੱਤਾ। ਜਦੋਂ ਉਹ ਖਾਣਾ ਅਤੇ ਦਵਾਈਆਂ ਲੈਣ ਲਈ ਗਿਆ ਤਾਂ ਉਸ ਦਾ ਬੇਟਾ ਸੋਫੇ ‘ਤੇ ਬੈਠ ਕੇ ਚਿਕਨ ਨਗੇਟਸ ਖਾ ਰਿਹਾ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਆਪਣੇ ਬੱਚਿਆਂ ਨੂੰ ਮ੍ਰਿਤਕ ਪਾਇਆ।

ਅਦਾਲਤ ਵਿੱਚ ਲਿੰਡਸੇ ਕਲੈਂਸੀ ਉਸ ਸਮੇਂ ਫੁੱਟ-ਫੁੱਟ ਕੇ ਰੋਈ ਜਦੋਂ ਉਸ ਦੇ ਪਤੀ ਦੀ 911 ਨੰਬਰ ‘ਤੇ ਕੀਤੀ ਕਾਲ ਦੀ ਰਿਕਾਰਡਿੰਗ ਚਲਾਈ ਗਈ। ਰਿਕਾਰਡਿੰਗ ਵਿੱਚ ਉਨ੍ਹਾਂ ਨੂੰ ਬੇਸਮੈਂਟ ਵਿੱਚ ਆਪਣੇ ਬੱਚਿਆਂ ਨੂੰ ਦੇਖਣ ਤੋਂ ਬਾਅਦ ਚੀਕਦੇ ਹੋਏ ਸੁਣਿਆ ਜਾ ਸਕਦਾ ਹੈ, ”ਉਸ ਨੇ ਬੱਚਿਆਂ ਨੂੰ ਮਾਰ ਦਿੱਤਾ।”

ਮੁਕੱਦਮੇ ਦੀ ਸ਼ੁਰੂਆਤ ਤੋਂ ਹੀ ਪੈਟ੍ਰਿਕ ਕਲੈਂਸੀ ਬਾਰੇ ਆਨਲਾਈਨ ਕਈ ਤਰ੍ਹਾਂ ਦੀਆਂ ਸਾਜ਼ਿਸ਼ ਵਾਲੀਆਂ ਥਿਓਰੀਆਂ ਫੈਲ ਰਹੀਆਂ ਹਨ, ਜਿਨ੍ਹਾਂ ਵਿੱਚ ਉਸ ਦੀ ਸ਼ਮੂਲੀਅਤ ਨੂੰ ਲੈ ਕੇ ਵੀ ਖਦਸ਼ੇ ਪ੍ਰਗਟਾਏ ਗਏ ਹਨ। ਹਾਲਾਂਕਿ ਉਹ ਕਦੇ ਵੀ ਸ਼ੱਕੀ ਨਹੀਂ ਸਨ ਅਤੇ ਨਾ ਹੀ ਜਾਂਚ ਕਰਤਾਵਾਂ ਨੂੰ ਉਨ੍ਹਾਂ ‘ਤੇ ਸ਼ੱਕ ਸੀ। ਲਿੰਡਸੇ ਕਲੈਂਸੀ ਨੇ ਆਪਣੇ ਬੱਚਿਆਂ ਦਾ ਕਤਲ ਕਰਨ ਦੀ ਗੱਲ ਕਬੂਲ ਕੀਤੀ ਹੈ ਅਤੇ ਉਨ੍ਹਾਂ ਦੇ ਵਕੀਲਾਂ ਨੇ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਹੈ।

ਕਲੈਂਸੀ ਦੇ ਇਲਾਜ ਨੂੰ ਲੈ ਕੇ ਵਕੀਲਾਂ ਅਤੇ ਮਾਹਰਾਂ ਵਿਚਕਾਰ ਵਿਵਾਦ

ਬਚਾਅ ਪੱਖ ਅਤੇ ਸਰਕਾਰੀ ਪੱਖ ਵੱਲੋਂ 10 ਤੋਂ ਵੱਧ ਮਾਹਿਰ ਗਵਾਹਾਂ ਨੇ ਗਵਾਹੀ ਦਿੱਤੀ, ਜਿਨ੍ਹਾਂ ਵਿੱਚੋਂ ਕੁਝ ਨੇ ਕਲੈਂਸੀ ਦੀ ਮਾਨਸਿਕ ਸਿਹਤ ਨੂੰ ਲੈ ਕੇ ਵਕੀਲਾਂ ਨਾਲ ਤਿੱਖੀ ਬਹਿਸ ਵੀ ਕੀਤੀ।

ਇਲਾਜ ਦੌਰਾਨ ਕਲੈਂਸੀ ਨੂੰ ਇੱਕ ਦਰਜਨ ਤੋਂ ਵੱਧ ਦਵਾਈਆਂ ਦਿੱਤੀਆਂ ਗਈਆਂ ਸਨ ਅਤੇ ਉਸ ਨੇ ਖੁਦਕੁਸ਼ੀ ਰੋਕਥਾਮ ਹੈਲਪਲਾਈਨ ਅਤੇ ਐਮਰਜੈਂਸੀ ਵਿਭਾਗ ਤੋਂ ਵੀ ਮਦਦ ਮੰਗੀ ਸੀ।

ਕਲੈਂਸੀ ਦੇ ਵਕੀਲਾਂ ਨੇ ਜਿਊਰੀ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਪੋਸਟਪਾਰਟਮ ਸਾਇਕੋਸਿਸ (ਜਣੇਪੇ ਤੋਂ ਬਾਅਦ ਦੀ ਮਨੋਵਿਕਾਰ ਦੀ ਹਾਲਤ) ਸੀ। ਇਹ ਇੱਕ ਦੁਰਲੱਭ ਸਥਿਤੀ ਹੈ, ਜਿਸ ਵਿੱਚ ਜਣੇਪੇ ਤੋਂ ਬਾਅਦ ਔਰਤਾਂ ਨੂੰ ਬਹੁਤ ਜ਼ਿਆਦਾ ਉਤੇਜਨਾ ਜਾਂ ਜੋਸ਼ (ਮੈਨੀਆ), ਡਿਪ੍ਰੈਸ਼ਨ ਜਾਂ ਦੋਵਾਂ ਦਾ ਮਿਲਿਆ-ਜੁਲਿਆ ਅਸਰ ਮਹਿਸੂਸ ਹੋ ਸਕਦਾ ਹੈ। ਕਲੈਂਸੀ ਦਾ ਦਾਅਵਾ ਹੈ ਕਿ ਉਸ ਨੂੰ ਭਰਮ ਅਤੇ ਵਹਿਮ ਹੋਏ ਸਨ।

ਅਦਾਲਤ ਵਿੱਚ ਇੱਕ ਦਿਨ ਮਾਹੌਲ ਉਦੋਂ ਬਹੁਤ ਤਣਾਅਪੂਰਨ ਹੋ ਗਿਆ, ਜਦੋਂ ਕਲੈਂਸੀ ਦੀ ਇੱਕ ਮਨੋਚਿਕਿਤਸਕ ਜੈਨੀਫਰ ਟਫਟਸ ਨੇ ਸਰਕਾਰੀ ਵਕੀਲ ਪੱਖ ਵੱਲੋਂ ਗਵਾਹੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸੈਸ਼ਨਸ ਦੌਰਾਨ ਕਲੈਂਸੀ ਵਿੱਚ ਮਨੋਵਿਕਾਰ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ ਸਨ।

ਟਫਟਸ, ਜਿਨ੍ਹਾਂ ਨੇ ਪੰਜ ਮਹੀਨਿਆਂ ਵਿੱਚ ਕਲੈਂਸੀ ਨਾਲ ਇੱਕ ਦਰਜਨ ਤੋਂ ਵੱਧ ਵਾਰ ਮੁਲਾਕਾਤ ਕੀਤੀ ਸੀ, ਨੇ ਕਿਹਾ, ”ਅਜਿਹੇ ਕੋਈ ਗੰਭੀਰ ਸੰਕੇਤ ਨਹੀਂ ਸਨ ਜਿਸ ਨਾਲ ਉਸ ਦੀ ਸੁਰੱਖਿਆ ਜਾਂ ਕਿਸੇ ਹੋਰ ਦੀ ਸੁਰੱਖਿਆ ਖ਼ਤਰੇ ਵਿੱਚ ਹੋਵੇ।”

ਕਲੈਂਸੀ ਦੇ ਸਮਰਥਨ ਵਿੱਚ ਅਦਾਲਤ ਦੇ ਬਾਹਰ ਇਕੱਠੀਆਂ ਹੋਈਆਂ ਔਰਤਾਂ ਦੀ ਤਸਵੀਰ

ਤਸਵੀਰ ਸਰੋਤ, Getty Images

ਪਰ ਬਚਾਅ ਪੱਖ ਦੇ ਵਕੀਲਾਂ ਨੇ ਟਫਟਸ ਦੇ ਮੈਡੀਕਲ ਨੋਟਸ ਵੱਲ ਇਸ਼ਾਰਾ ਕੀਤਾ, ਜਿਨ੍ਹਾਂ ਵਿੱਚ ਕਲੈਂਸੀ ਦੀ ਬੋਲੀ ਨੂੰ ‘ਹਾਈਪਰ ਨਹੀਂ, ਪ੍ਰੈਸ਼ਰਡ ਸਪੀਚ (ਤੇਜ਼ ਰਫ਼ਤਾਰ ਵਿੱਚ ਬੋਲਣਾ)’ ਵਜੋਂ ਪੇਸ਼ ਕੀਤਾ ਗਿਆ ਸੀ। ਪ੍ਰੈਸ਼ਰਡ ਸਪੀਚ ਯਾਨੀ ਗੱਲ ਕਰਨ ਦਾ ਇੱਕ ਤੇਜ਼, ਘਬਰਾਹਟ ਭਰਿਆ ਤਰੀਕਾ- ਜੋ ਕਿ ਮੈਨੀਆ (ਇੱਕ ਤਰ੍ਹਾਂ ਦਾ ਮਾਨਸਿਕ ਰੋਗ) ਦਾ ਲੱਛਣ ਹੋ ਸਕਦਾ ਹੈ।

ਟਫਟਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੂੰ ਕਲੈਂਸੀ ਦੀ ਸਪੀਚ ‘ਪ੍ਰੈਸ਼ਰਡ’ ਲੱਗੀ ਸੀ ਅਤੇ ਕਿਹਾ ਕਿ ‘ਨਹੀਂ’ ਸ਼ਬਦ ਹਾਈਪਰ ਅਤੇ ਪ੍ਰੈਸ਼ਰਡ ਦੋਹਾਂ ‘ਤੇ ਲਾਗੂ ਹੁੰਦਾ ਹੈ। (ਯਾਨੀ ਨਾ ਹੀ ਹਾਈਪਰ ਅਤੇ ਨਾ ਹੀ ਪ੍ਰੈਸ਼ਰਡ)

ਜਦੋਂ ਬਚਾਅ ਪੱਖ ਦੇ ਵਕੀਲ ਕੇਵਿਨ ਰੇਡਿੰਗਟਨ ਨੇ ਟਫਟਸ ‘ਤੇ ਦਬਾਅ ਪਾਇਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ: ”ਮੈਨੂੰ ਪਰਵਾਹ ਨਹੀਂ ਕਿ ਇਸ ਵਿੱਚ ਕੀ ਲਿਖਿਆ ਹੈ। ਮੈਂ ਜਾਣਦੀ ਹਾਂ ਕਿ ਮੇਰਾ ਮਤਲਬ ਕੀ ਸੀ।”

ਰੇਡਿੰਗਟਨ ਵੀ ਉਦੋਂ ਤਣਾਅ ਵਿੱਚ ਆ ਗਏ ਕਿਉਂਕਿ ਉਨ੍ਹਾਂ ਨੇ ਸਰਕਾਰੀ ਪੱਖ ਦੇ ਇੱਕ ਹੋਰ ਮਾਹਿਰ ਮਨੋਵਿਗਿਆਨੀ ਐਵਰਾਮ ਮੈਕ ਨੂੰ ਬਾਰ-ਬਾਰ ਇਹ ਸਵਾਲ ਕੀਤਾ ਕਿ ਕੀ ਪੋਸਟਪਾਰਟਮ ਸਾਇਕੋਸਿਸ ਕੋਈ ਡਾਇਗਨੌਸਿਸ ਹੈ।

ਉਨ੍ਹਾਂ ਨੇ ਕਿਹਾ ਕਿ ਅਮੈਰਿਕਨ ਸਾਈਕਿਆਟ੍ਰਿਕ ਐਸੋਸੀਏਸ਼ਨ ਪੋਸਟਪਾਰਟਮ ਸਾਇਕੋਸਿਸ ਨੂੰ ਸਿਰਫ਼ ਇੱਕ ਪ੍ਰਸਤਾਵਿਤ ਬਿਮਾਰੀ ਦੇ ਰੂਪ ਵਿੱਚ ਦੇਖਦੀ ਹੈ।

ਮੈਕ ਨੇ ਪੋਸਟਪਾਰਟਮ ਸਾਇਕੋਸਿਸ ਨੂੰ ਇੱਕ ਮਾਨਤਾ ਪ੍ਰਾਪਤ ਡਾਇਗਨੌਸਿਸ (ਰੋਗ ਨਿਰਧਾਰਨ) ਕਹਿਣ ਤੋਂ ਪਰਹੇਜ਼ ਕੀਤਾ ਅਤੇ ਇੱਕ ਸਮੇਂ ‘ਤੇ ਜਵਾਬ ਦਿੱਤਾ: ”ਮੈਨੂੰ ਯਕੀਨ ਨਹੀਂ ਹੈ ਕਿ ਇਹ ਖਾਸ ਤੌਰ ‘ਤੇ ਤੁਹਾਡੇ ਸਵਾਲ ਦਾ ਜਵਾਬ ਹੈ।”

ਰੇਡਿੰਗਟਨ ਨੇ ਗੁੱਸੇ ਭਰੇ ਲਹਿਜ਼ੇ ਵਿੱਚ ਜਵਾਬ ਦਿੱਤਾ: ”ਮੈਨੂੰ ਪਰਵਾਹ ਨਹੀਂ ਹੈ।”

ਕਲੈਂਸੀ ਦੀ ਮਾਂ ਨੇ ਗਵਾਹੀ ਦਿੱਤੀ

ਪੈਟ੍ਰਿਕ ਕਲੈਂਸੀ ਦੇ ਇਲਾਵਾ ਲਿੰਡਸੇ ਦੀ ਸਾਬਕਾ ਸੱਸ, ਉਸ ਦੀ ਮਾਂ ਅਤੇ ਉਸ ਦੀ ਭੈਣ ਨੇ ਵੀ ਗਵਾਹੀ ਦਿੱਤੀ ਅਤੇ ਜਿਊਰੀ ਮੈਂਬਰਾਂ ਨੂੰ ਦੱਸਿਆ ਕਿ ਬੇਟੇ ਦੇ ਜਨਮ ਤੋਂ ਬਾਅਦ ਕਲੈਂਸੀ ਦੀ ਮਾਨਸਿਕ ਸਿਹਤ ਵਿਗੜਦੀ ਜਾ ਰਹੀ ਸੀ।

ਉਸ ਦੀ ਸਾਬਕਾ ਸੱਸ ਸੁਜ਼ਨ ਕਲੈਂਸੀ ਨੇ ਗਵਾਹੀ ਦਿੱਤੀ, ਲਿੰਡਸੇ ਕਲੈਂਸੀ ”ਮਦਦ ਮੰਗ ਰਹੀ ਸੀ।”

ਉਨ੍ਹਾਂ ਨੇ ਕਿਹਾ, ”ਉਸ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਸੀ। ਉਸ ਦੀ ਭੁੱਖ ਘੱਟ ਹੋ ਰਹੀ ਸੀ। ਉਹ ਬਹੁਤ ਚਿੰਤਤ ਅਤੇ ਉਦਾਸ ਸੀ।”

ਉਨ੍ਹਾਂ ਨੇ ਅੱਗੇ ਕਿਹਾ ਕਿ ਕਲੈਂਸੀ ਆਪਣੇ ਸਭ ਤੋਂ ਛੋਟੇ ਬੇਟੇ ਦੇ ਜਨਮ ਤੱਕ ਇੱਕ ‘ਬਹੁਤ ਵਧੀਆ ਪਾਲਣ ਪੋਸ਼ਣ ਕਰਨ ਵਾਲੀ’ ਮਾਂ ਸੀ।

ਕਲੈਂਸੀ ਦੀ ਮਾਂ ਪੌਲਾ ਮਸਗਰੋਵ ਨੇ ਕਿਹਾ ਕਿ ਉਸ ਦੀ ਧੀ ਨੇ ਉਸ ਨੂੰ ਅਤੇ ਉਸ ਦੇ ਸਾਬਕਾ ਪਤੀ ਨੂੰ ਦੱਸਿਆ ਸੀ ਕਿ ਉਸ ਨੂੰ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਵਿਚਾਰ ਆ ਰਹੇ ਹਨ, ਜੋ ਕਿ ਉਨ੍ਹਾਂ ਦੀ ਮੌਤ ਤੋਂ ਇੱਕ ਮਹੀਨਾ ਪਹਿਲਾਂ ਦੀ ਗੱਲ ਹੈ।

ਮਸਗਰੋਵ ਨੇ ਕਿਹਾ ਕਿ ਉਸ ਦੀ ਧੀ ਵਿੱਚ ਭਰਮ ਦੀ ਸਥਿਤੀ ਪੈਦਾ ਹੋ ਰਹੀ ਸੀ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਦੀ ਧੀ ਨੂੰ ਲੱਗਦਾ ਸੀ ਕਿ ਉਸ ਦੀਆਂ ਦਵਾਈਆਂ ‘ਉਸ ਦੇ ਦਿਮਾਗ ਨੂੰ ਨਸ਼ਟ ਕਰ ਰਹੀਆਂ ਹਨ।”

ਕਲੈਂਸੀ ਦੀ ਭੈਣ ਐਲੀਸਨ ਓਜ਼ਗਾ ਨੇ ਅਦਾਲਤ ਨੂੰ ਦੱਸਿਆ ਕਿ ਆਪਣੇ ਬੱਚਿਆਂ ਦਾ ਕਤਲ ਕਰਨ ਤੋਂ ਇੱਕ ਮਹੀਨੇ ਪਹਿਲਾਂ ਉਸ ਦੀ ਭੈਣ ਨੂੰ ਹਰ ਰੋਜ਼ ਖੁਦਕੁਸ਼ੀ ਦੇ ਵਿਚਾਰ ਆਉਂਦੇ ਸਨ।

ਜੱਜ ਵੱਲੋਂ ਕੈਥੋਲਿਕ ਧਰਮ ਨਾਲ ਸਬੰਧਿਤ ਗਵਾਹੀ ਨਜ਼ਰਅੰਦਾਜ਼ ਕਰਨ ਦਾ ਨਿਰਦੇਸ਼

ਕਲੈਂਸੀ ਪਰਿਵਾਰ ਦੇ ਘਰ ਬਾਹਰ ਗੁਆਂਢੀ ਮ੍ਰਿਤਕ ਬੱਚਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ

ਤਸਵੀਰ ਸਰੋਤ, Boston Herald vía Getty

ਅੰਤਿਮ ਬਹਿਸ ਤੋਂ ਦੋ ਦਿਨ ਪਹਿਲਾਂ ਸਰਕਾਰੀ ਪੱਖ ਵੱਲੋਂ ਗਵਾਹਾਂ ਤੋਂ ਕਲੈਂਸੀ ਦੇ ਕੈਥੋਲਿਕ ਧਰਮ ਬਾਰੇ ਪੁੱਛੇ ਜਾਣ ਤੋਂ ਬਾਅਦ ਕਲੈਂਸੀ ਦੀ ਬਚਾਅ ਟੀਮ ਨੇ ‘ਮਿਸਟਰਾਇਲ’ (ਗਲਤ) ਮੁਕੱਦਮੇ ਨੂੰ ਰੱਦ ਕਰਨ ਦੀ ਬੇਨਤੀ ਕੀਤੀ।

ਸਰਕਾਰੀ ਪੱਖ ਨੇ ਪਿਛਲੇ ਹਫ਼ਤੇ ਕਲੈਂਸੀ ਦੀ ਸਾਬਕਾ ਸੱਸ ਸੁਜ਼ਨ ਕਲੈਂਸੀ ਨੂੰ ਪੁੱਛਿਆ ਸੀ ਕਿ ਕੀ ਉਹ ਇਸ ਗੱਲ ਤੋਂ ਜਾਣੂ ਸੀ ਕਿ ਕਤਲ ਨੂੰ ‘ਮਹਾਂ ਪਾਪ’ ਮੰਨਿਆ ਜਾਂਦਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਕੈਥੋਲਿਕ ਹੈ, ਹਾਲਾਂਕਿ ਜੱਜ ਨੇ ਜਿਊਰੀ ਮੈਂਬਰਾਂ ਨੂੰ ਇਸ ਗਵਾਹੀ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ।

ਫਿਰ ਇਸ ਹਫ਼ਤੇ ਫੋਰੈਂਸਿਕ ਮਨੋਵਿਗਿਆਨਕ ਕਿਰਕ ਹੀਲਬਰਨ, ਜਿਨ੍ਹਾਂ ਨੇ ਕਤਲ ਦੇ ਬਾਅਦ ਲਿੰਡਸੇ ਕਲੈਂਸੀ ਦਾ ਇੰਟਰਵਿਊ ਲਿਆ ਸੀ, ਨੇ ਗਵਾਹੀ ਦਿੱਤੀ ਕਿ ਉਨ੍ਹਾਂ ਨੇ ਕਲੈਂਸੀ ਨੂੰ ਉਸ ਦੇ ਕੈਥੋਲਿਕ ਪਾਲਣ-ਪੋਸ਼ਣ ਬਾਰੇ ਗੱਲ ਕਰਦੇ ਹੋਏ ਪੁੱਛਿਆ ਸੀ ਕਿ ਖੁਦਕੁਸ਼ੀ ਨੂੰ ‘ਮਹਾਂ ਪਾਪ’ ਮੰਨਿਆ ਜਾਂਦਾ ਹੈ।

ਜੱਜ ਵਿਲੀਅਮ ਸੁਲਿਵਨ ਨੇ ਕਲੈਂਸੀ ਦੀ ਕਾਨੂੰਨੀ ਟੀਮ ਵੱਲੋਂ ਮੁਕੱਦਮੇ ਨੂੰ ਰੱਦ ਕਰਨ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ, ਪਰ ਜਿਊਰੀ ਮੈਂਬਰਾਂ ਨੂੰ ਕਿਹਾ ਕਿ ਇਹ ਗਵਾਹੀ ਦਾ ‘ਬਿਲਕੁਲ ਅਣਉਚਿਤ ਖੇਤਰ’ ਹੈ।

ਉਨ੍ਹਾਂ ਨੇ ਕਿਹਾ, ”ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ‘ਤੇ ਵਿਚਾਰ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਇਸ ਬਾਰੇ ਇਸ ਤੋਂ ਜ਼ਿਆਦਾ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਹਿ ਸਕਦਾ।”

ਐਡੀਸ਼ਨਲ ਰਿਪੋਰਟਿੰਗ: ਐਨਾ ਫਾਗੁਏ ਅਤੇ ਬ੍ਰੈਂਡਨ ਡ੍ਰੇਨਨ

ਮਹੱਤਵਪੂਰਨ ਸੂਚਨਾ

ਜੇ ਤੁਸੀਂ ਪਰੇਸ਼ਾਨੀ ਜਾਂ ਨਿਰਾਸ਼ਾ ਮਹਿਸੂਸ ਕਰ ਰਹੇ ਹੋ ਅਤੇ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਤੁਸੀਂ ਕਿਸੇ ਸਿਹਤ ਮਾਹਿਰ ਜਾਂ ਮਦਦ ਮੁਹੱਈਆ ਕਰਵਾਉਣ ਵਾਲੀ ਸੰਸਥਾ ਨਾਲ ਗੱਲ ਕਰ ਸਕਦੇ ਹੋ। ਕਈ ਦੇਸ਼ਾਂ ਵਿੱਚ ਉਪਲਬਧ ਮਦਦ ਬਾਰੇ ਜਾਣਕਾਰੀ Befrienders Worldwide ‘ਤੇ ਮਿਲ ਸਕਦੀ ਹੈ। www.befrienders.org.

ਨੋਟ: ਦਵਾਈ ਅਤੇ ਥੈਰਿਪੀ ਦੇ ਰਾਹੀਂ ਮਾਨਸਿਕ ਬੀਮਾਰੀਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਕਿਸੇ ਮਨੋਚਕਿਤਸਕ ਦੀ ਮਦਦ ਲੈਣੀ ਚਾਹੀਦੀ ਹੈ। ਜੇ ਤੁਹਾਡੇ ਵਿੱਚ ਜਾਂ ਤੁਹਾਡੇ ਕਿਸੇ ਨਜ਼ਦੀਕੀ ਵਿੱਚ ਕਿਸੇ ਤਰ੍ਹਾਂ ਦੀ ਮਾਨਸਿਕ ਤਕਲੀਫ਼ ਦੇ ਲੱਛਣ ਹਨ ਤਾਂ ਇਨ੍ਹਾਂ ਹੈਲਪਲਾਈਨ ਨੰਬਰਾਂ ਉੱਪਰ ਫ਼ੋਨ ਕਰ ਕੇ ਮਦਦ ਹਾਸਲ ਕੀਤੀ ਜਾ ਸਕਦੀ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ-1800-599-0019

ਇੰਸਟੀਚਿਊਟ ਆਫ਼ ਹਿਊਮਨ ਬਿਹੇਰਵੀਅਰ ਐਂਡ ਅਲਾਈਡ ਸਾਇੰਸਿਜ਼-9868396824, 9868396841, 011-22574820

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼-080 – 26995000

ਵਿਦਿਆਸਾਗਰ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਅਲਾਈਡ ਸਾਇੰਸਿਜ਼-011 2980 2980

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI