Home rss national punjabi2ਰਾਸ਼ਟਰੀ ਖ਼ਬਰਾਂ ਅਭਿਨੰਦਨ ਵਰਤਮਾਨ ਬਣੇ ਪ੍ਰਾਈਵੇਟ ਏਅਰਲਾਈਨ ਕੰਪਨੀ ਵਿੱਚ ਪਾਇਲਟ, ਜਾਣੋ 2019 ਵਿੱਚ ਕੀ...

ਅਭਿਨੰਦਨ ਵਰਤਮਾਨ ਬਣੇ ਪ੍ਰਾਈਵੇਟ ਏਅਰਲਾਈਨ ਕੰਪਨੀ ਵਿੱਚ ਪਾਇਲਟ, ਜਾਣੋ 2019 ਵਿੱਚ ਕੀ ਹੋਇਆ ਸੀ

3
0

Source :- BBC PUNJABI

ਅਭਿਨੰਦਨ ਵਰਤਮਾਨ

ਤਸਵੀਰ ਸਰੋਤ, ANI

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 4 ਮਿੰਟ

ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ, ਭਾਰਤੀ ਹਵਾਈ ਫੌਜ ਦੇ ਰਿਟਾਇਰਡ ਗਰੁੱਪ ਕੈਪਟਨ ਅਭਿਨੰਦਨ ਵਰਤਮਾਨ ਨੇ ਪ੍ਰਾਈਵੇਟ ਏਅਰਲਾਈਨ ਕੰਪਨੀ ਵਿੱਚ ਪਾਇਲਟ ਵਜੋਂ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ।

ਸਾਲ 2019 ਵਿੱਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਬਾਲਾਕੋਟ ਵਿੱਚ ਏਅਰਸਟ੍ਰਾਈਕ ਕੀਤੀ ਸੀ। ਇਸੇ ਦੌਰਾਨ ਅਭਿਨੰਦਨ ਵਰਤਮਾਨ ਚਰਚਾ ਵਿੱਚ ਆਏ ਸਨ।

ਭਾਰਤੀ ਹਵਾਈ ਫੌਜ ਮੁਤਾਬਕ, ਪਾਕਿਸਤਾਨੀ ਏਅਰ ਫੋਰਸ ਦੇ ਇੱਕ ਐੱਫ-16 ਜਹਾਜ਼ ਨੂੰ ਮਾਰ ਸੁਟਣ ਤੋਂ ਬਾਅਦ ਅਭਿਨੰਦਨ ਵਰਤਮਾਨ ਦਾ ਮਿਗ-21 ਜਹਾਜ਼ ਡਿੱਗ ਗਿਆ ਸੀ ਅਤੇ ਉਹ ਤਿੰਨ ਦਿਨਾਂ ਤੱਕ ਪਾਕਿਸਤਾਨੀ ਫੌਜ ਦੀ ਹਿਰਾਸਤ ਵਿੱਚ ਰਹੇ ਸਨ।

ਸਾਲ 2021 ਵਿੱਚ ਅਭਿਨੰਦਨ ਨੂੰ ਵੀਰ ਚੱਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਕਿ ਜੰਗ ਦੇ ਸਮੇਂ ਭਾਰਤ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ।

ਪੁਰਸਕਾਰ ਦੇ ਅਧਿਕਾਰਤ ਹਵਾਲੇ ਮੁਤਾਬਕ, ਉਨ੍ਹਾਂ ਨੂੰ ਹਵਾਈ ਲੜਾਈ ਦੌਰਾਨ “ਡਿਊਟੀ ਪ੍ਰਤੀ ਅਸਾਧਾਰਣ ਭਾਵਨਾ” ਦਿਖਾਉਣ ਲਈ ਸਨਮਾਨਿਤ ਕੀਤਾ ਗਿਆ ਸੀ।

ਅਭਿਨੰਦਨ ਵਰਤਮਾਨ ਨੇ ਇਸੇ ਸਾਲ ਭਾਰਤੀ ਹਵਾਈ ਫੌਜ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਾਈਵੇਟ ਏਅਰਲਾਈਨ ਕੰਪਨੀ ਜੁਆਇਨ ਕੀਤੀ ਹੈ।

ਸਾਲ 2019 ਵਿੱਚ ਕੀ ਹੋਇਆ ਸੀ?

ਅਭਿਨੰਦਨ ਵਰਤਮਾਨ

ਤਸਵੀਰ ਸਰੋਤ, ANI

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ 14 ਫ਼ਰਵਰੀ 2019 ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ਼) ਦੇ ਇੱਕ ਕਾਫ਼ਲੇ ‘ਤੇ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਸੀਆਰਪੀਐੱਫ਼ ਦੇ 40 ਜਵਾਨ ਮਾਰੇ ਗਏ ਸਨ।

ਭਾਰਤ ਦਾ ਇਲਜ਼ਾਮ ਸੀ ਕਿ ਇਸ ਹਮਲੇ ਵਿੱਚ ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਹੱਥ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ 26 ਫ਼ਰਵਰੀ 2019 ਨੂੰ ਬਾਲਾਕੋਟ ਵਿੱਚ ਏਅਰ ਸਟ੍ਰਾਈਕ ਦਾ ਦਾਅਵਾ ਕੀਤਾ ਸੀ। ਇਸ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ 27 ਫ਼ਰਵਰੀ ਨੂੰ ਭਾਰਤ ‘ਤੇ ਹਵਾਈ ਕਾਰਵਾਈ ਕੀਤੀ ਸੀ।

ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਹੀ ਵਿੰਗ ਕਮਾਂਡਰ ਅਭਿਨੰਦਨ ਮਿਗ-21 ਲੈ ਕੇ ਉੱਡੇ ਸਨ, ਪਰ ਪਾਕਿਸਤਾਨੀ ਏਅਰਫੋਰਸ ਨਾਲ ਹਵਾਈ ਲੜਾਈ ਵਿੱਚ ਉਨ੍ਹਾਂ ਦਾ ਜਹਾਜ਼ ਡਿੱਗ ਗਿਆ।

ਅਭਿਨੰਦਨ ਨੇ ਖ਼ੁਦ ਨੂੰ ਇਜੈਕਟ ਕੀਤਾ ਸੀ ਅਤੇ ਉਹ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਜਾ ਡਿੱਗੇ ਸਨ।

ਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਤਤਕਾਲੀ ਵਿੰਗ ਕਮਾਂਡਰ ਅਭਿਨੰਦਨ ਦੇ ਫੜ੍ਹੇ ਜਾਣ ਅਤੇ ਪਾਕਿਸਤਾਨੀ ਫੌਜ ਦੇ ਕਬਜ਼ੇ ਵਾਲੀਆਂ ਤਸਵੀਰਾਂ ਨੂੰ ਲੈ ਕੇ ਭਾਰਤ ਵਿੱਚ ਕਾਫ਼ੀ ਗੁੱਸਾ ਸੀ।

ਪਾਕਿਸਤਾਨੀ ਫੌਜ ਨੇ ਅਭਿਨੰਦਨ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ। ਇਸ ਵੀਡੀਓ ਵਿੱਚ ਅਭਿਨੰਦਨ ਜ਼ਖ਼ਮੀ ਦਿਖ ਰਹੇ ਸਨ ਅਤੇ ਉਨ੍ਹਾਂ ਦੇ ਚਿਹਰੇ ‘ਤੇ ਖ਼ੂਨ ਫੈਲਿਆ ਹੋਇਆ ਸੀ।

ਬਾਅਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਸਦ ਵਿੱਚ ਅਭਿਨੰਦਨ ਨੂੰ ਛੱਡੇ ਜਾਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ 1 ਮਾਰਚ 2019 ਨੂੰ ਅਭਿਨੰਦਨ ਵਰਤਮਾਨ ਦੀ ਵਤਨ ਵਾਪਸੀ ਹੋਈ।

ਅਭਿਨੰਦਨ ਨੂੰ ਕਿਵੇਂ ਛੱਡਿਆ ਗਿਆ ਸੀ?

ਸਤੰਬਰ 2019 ਵਿੱਚ ਤਤਕਾਲੀਨ ਏਅਰ ਚੀਫ਼ ਮਾਰਸ਼ਲ ਬੀਐੱਸ ਧਨੋਆ ਦੇ ਨਾਲ ਅਭਿਨੰਦਨ ਵਰਤਮਾਨ

ਤਸਵੀਰ ਸਰੋਤ, ANI

ਮੰਨਿਆ ਜਾਂਦਾ ਹੈ ਕਿ ਅਭਿਨੰਦਨ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਅਤੇ ਸਰਹੱਦੀ ਤਣਾਅ ਇੱਕ ਨਵੀਂ ਉਚਾਈ ‘ਤੇ ਪਹੁੰਚ ਗਿਆ ਸੀ।

ਉਸ ਸਮੇਂ ਪਾਕਿਸਤਾਨ ਵਿੱਚ ਤੈਨਾਤ ਰਹੇ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੇ ਬਿਸਾਰੀਆ ਦੀ ਸਾਲ 2024 ਵਿੱਚ ਆਈ ਕਿਤਾਬ ‘ਐਂਗਰ ਮੈਨੇਜਮੈਂਟ’ ਤੋਂ ਪਤਾ ਲੱਗਾ ਕਿ ਇਸ ਦੌਰਾਨ ਦੋਵਾਂ ਦੇਸ਼ਾਂ ਵਿੱਚ ਕੀ ਹੋਇਆ ਸੀ।

ਉੱਥੇ ਹੀ, ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅਜੇ ਬਿਸਾਰੀਆ ਦੀ ਕਿਤਾਬ ਵਿੱਚ ਕੀਤੇ ਗਏ ਦਾਅਵਿਆਂ ਨੂੰ ਖ਼ਾਰਜ ਕੀਤਾ ਸੀ।

ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਸੀ ਕਿ ਭਾਰਤੀ ਪਾਇਲਟ ਅਭਿਨੰਦਨ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘਟਾਉਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਾ ਚਾਹੁੰਦੇ ਸਨ, ਜਿਸ ‘ਤੇ ਭਾਰਤ ਨੇ “ਕੋਈ ਦਿਲਚਸਪੀ ਨਹੀਂ ਦਿਖਾਈ ਸੀ।”

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਅਸਲ ਵਿੱਚ ਇਸ ਝੜਪ ਦੀ ਗੰਭੀਰਤਾ ਵਧਣ ਤੋਂ “ਡਰਿਆ ਹੋਇਆ ਸੀ।”

ਪਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੀ ਤਤਕਾਲੀ ਬੁਲਾਰਾ ਮੁਮਤਾਜ਼ ਬਲੋਚ ਨੇ ਇਸ ਬਾਰੇ ਪ੍ਰੈੱਸ ਬ੍ਰੀਫਿੰਗ ਵਿੱਚ ਦੱਸਿਆ ਸੀ ਕਿ ਪਾਕਿਸਤਾਨ ਨੇ ਅਭਿਨੰਦਨ ਦੀ ਵਾਪਸੀ ਰਾਹੀਂ ਤਣਾਅ ਘਟਾਉਣ ਲਈ ਜ਼ਿੰਮੇਵਾਰਾਨਾ ਰਵੱਈਆ ਦਿਖਾਇਆ ਸੀ, ਜਦਕਿ ਇਹ ਕਿਤਾਬ “ਫ਼ਰਵਰੀ 2019 ਬਾਰੇ ਭਾਰਤ ਦੇ ਮਨਘੜਤ ਨੈਰੇਟਿਵ ਨੂੰ ਵਧਾਵਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।”

ਉੱਥੇ ਹੀ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਆਪਣੀ ਕਿਤਾਬ ‘ਨੇਵਰ ਗਿਵ ਐਨ ਇੰਚ’ ਵਿੱਚ ਇੱਥੋਂ ਤੱਕ ਕਿਹਾ ਸੀ ਕਿ ਇਹ ਤਣਾਅ ਇਸ ਹੱਦ ਤੱਕ ਵਧ ਗਿਆ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਪਰਮਾਣੂ ਜੰਗ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI