Home ਰਾਸ਼ਟਰੀ ਖ਼ਬਰਾਂ ਅਮਰੀਕਾ ਦੀ ਪੁਲਿਸ ਅਣਸੁਲਝੇ ਕਤਲ ਕੇਸਾਂ ਨੂੰ ਸੁਲਝਾਉਣ ਲਈ ਪੌਡਕਾਸਟ ਦੀ ਮਦਦ...

ਅਮਰੀਕਾ ਦੀ ਪੁਲਿਸ ਅਣਸੁਲਝੇ ਕਤਲ ਕੇਸਾਂ ਨੂੰ ਸੁਲਝਾਉਣ ਲਈ ਪੌਡਕਾਸਟ ਦੀ ਮਦਦ ਕਿਵੇਂ ਲੈ ਰਹੀ

2
0

Source :- BBC PUNJABI

ਪੀਟਰ ਚੈਡਵਿਕ ਆਪਣੀ ਪਤਨੀ ਕੁਈ ਚੂ ਚੈਡਵਿਕ ਨਾਲ, ਜਿਨ੍ਹਾਂ ਦਾ ਉਸ ਨੇ ਕਤਲ ਕੀਤਾ ਸੀ

ਤਸਵੀਰ ਸਰੋਤ, Getty Images

ਪੀਟਰ ਚੈਡਵਿਕ ਕਰੀਬ ਚਾਰ ਸਾਲ ਤੋਂ ਭਗੌੜਾ ਸੀ ਅਤੇ ਉਸ ‘ਤੇ ਆਪਣੀ ਪਤਨੀ ਦੇ ਕਤਲ ਦੇ ਇਲਜ਼ਾਮ ਸਨ, ਜਦੋਂ ਕੈਲੀਫੋਰਨੀਆ ਪੁਲਿਸ ਨੇ ਉਸ ਵੱਲੋਂ ਕੀਤੇ ਜੁਰਮ ਬਾਰੇ ਇੱਕ ਪੌਡਕਾਸਟ ਜਾਰੀ ਕੀਤਾ।

ਇਸ ਤੋਂ 10 ਮਹੀਨੇ ਅਤੇ 20 ਦਿਨਾਂ ਬਾਅਦ ਉਹ ਮੈਕਸੀਕੋ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਕੈਰਨ ਸ਼ੇਪਰਜ਼ ਪਿਛਲੇ ਚਾਰ ਦਹਾਕਿਆਂ ਤੋਂ ਲਾਪਤਾ ਸਨ ਜਦੋਂ ਇਲੀਨਿਓਸ ਵਿੱਚ ਇੱਕ ਹੋਰ ਪੁਲਿਸ ਫੋਰਸ ਨੇ ਠੰਡੇ ਬਸਤੇ ਵਿੱਚ ਪਏ ਇਸ ਕੇਸ ਬਾਰੇ ਪੌਡਕਾਸਟ ਦਾ ਪਹਿਲਾ ਐਪੀਸੋਡ ਜਾਰੀ ਕੀਤਾ ਅਤੇ ਕੁਝ ਹੀ ਹਫ਼ਤਿਆਂ ਅੰਦਰ ਉਨ੍ਹਾਂ ਦੀ ਲਾਸ਼ ਇੱਕ ਦਰਿਆ ਵਿੱਚੋਂ ਮਿਲੀ।

ਹੁਣ ਕੋਲੋਰਾਡੋ ਦੇ ਜਾਂਚਕਰਤਾ ਵੀ 10 ਸਾਲ ਪੁਰਾਣੇ ਕਤਲ ਦੀ ਅਣਸੁਲਝੀ ਗੁੱਥੀ ਨੂੰ ਸੁਲਝਾਉਣ ਲਈ ਕੁਝ ਇਸੇ ਤਰੀਕੇ ਨਾਲ ਨਵੇਂ ਸੁਰਾਗ ਲੱਭਣ ਦੀ ਉਮੀਦ ਵਿੱਚ ਹੈ। ਓਰੋਰਾ ਪੁਲਿਸ ਵਿਭਾਗ ਨੇ ਇਸ ਗਰਮੀ ਵਿੱਚ 21 ਸਾਲਾ ਚੈਲਸੀਆ ਯਾਸੇਰ ਦੇ ਕਤਲ ਬਾਰੇ ਇੱਕ ਪੌਡਕਾਸਟ ਜਾਰੀ ਕੀਤਾ, ਜਿਸ ਦਾ 2016 ਵਿੱਚ ਇੱਕ ਸ਼ੌਪਿੰਗ ਸੈਂਟਰ ਦੀ ਪਾਰਕਿੰਗ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਜਿਵੇਂ-ਜਿਵੇਂ ਅਸਲ ਜ਼ਿੰਦਗੀ ਵਿੱਚ ਵਾਪਰੇ ਜੁਰਮ ਨਾਲ ਜੁੜੀ ਸਮੱਗਰੀ ਦੀ ਲੋਕਪ੍ਰਿਯਤਾ ਵਧ ਰਹੀ ਹੈ, ਅਮਰੀਕਾ ਅਤੇ ਹੋਰ ਦੇਸ਼ਾਂ ਦੀਆਂ ਪੁਲਿਸ ਏਜੰਸੀਆਂ ਵੀ ਅਣਸੁਲਝੇ ਅਤੇ ਠੰਡੇ ਬਸਤੇ ਵਿੱਚ ਪਏ ਕੇਸਾਂ ਅਤੇ ਹੋਰ ਜਾਂਚਾਂ ਵਿੱਚ ਮਦਦ ਲਈ ਪੌਡਕਾਸਟ ਦਾ ਰਾਹ ਅਪਣਾ ਰਹੀਆਂ ਹਨ।

ਓਰੋਰਾ ਪੁਲਿਸ ਵਿਭਾਗ ਦੇ ਜਨ ਸੂਚਨਾ ਅਧਿਕਾਰੀ ਜੋਅ ਮੋਇਲਨ ਕਹਿੰਦੇ ਹਨ, “ਟਰੂ ਕ੍ਰਾਈਮ ਨਾਲ ਜੁੜੀ ਸਮੱਗਰੀ- ਭਾਵੇਂ ਟੀਵੀ ਹੋਵੇ, ਪੌਡਕਾਸਟ ਹੋਣ ਜਾਂ ਕਿਤਾਬਾਂ, ਬਹੁਤ ਹੀ ਲੋਕਪ੍ਰਿਯ ਹੈ। ਅਸੀਂ ਜਾਣਬੁੱਝ ਕੇ ਵੱਡੇ ਪੱਧਰ ‘ਤੇ ਇਨ੍ਹਾਂ ਦਰਸ਼ਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ।”

ਹਾਲਾਂਕਿ ਇਹ ਰੁਝਾਨ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਇਸ ਦੇ ਕੁਝ ਫਾਇਦਿਆਂ ਦੇ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹਨ ਪਰ ਮਾਹਰਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਹ ਟ੍ਰੈਂਡ ਹੋਰ ਵਧੇਗਾ।

ਨਿਊਯਾਰਕ ਪੁਲਿਸ ਵਿਭਾਗ ਦੇ ਸਾਬਕਾ ਜਾਸੂਸ ਅਤੇ ਜੌਹਨ ਜੇਅ ਕਾਲਜ ਆਫ਼ ਕ੍ਰਿਮੀਨਲ ਜਸਟਿਸ ਦੇ ਸਹਾਇਕ ਪ੍ਰੋਫੈਸਰ ਮਾਈਕਲ ਐਲਕਾਜ਼ਰ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਆਖ਼ਿਰਕਾਰ ਹਰ ਕੋਈ ਇਸ ਸਾਧਨ ਨੂੰ ਅਪਣਾਏਗਾ।”

ਉਨ੍ਹਾਂ ਦੇ ਅਨੁਸਾਰ, ਟਰੂ ਕ੍ਰਾਈਮ ਪੌਡਕਾਸਟਾਂ ਵਿੱਚ ਕਈ ਵਾਰ ਗਲਤ ਜਾਣਕਾਰੀ ਵੀ ਪ੍ਰਸਾਰਿਤ ਹੋ ਸਕਦੀ ਹੈ ਪਰ ਇਸ ਤਰੀਕੇ ਨਾਲ ਪੁਲਿਸ ਖੁਦ ਕੰਟਰੋਲ ਰੱਖ ਸਕਦੀ ਹੈ ਕਿ ਪੌਡਕਾਸਟ ਵਿੱਚ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਨਵੇਂ ਸੁਰਾਗਾਂ ਦੀ ਤਲਾਸ਼ ਕਰ ਸਕਦੀ ਹੈ।

21 ਸਾਲ ਦੀ ਚੈਲਸੀਆ ਯਾਸੇਰ ਦੇ ਕਤਲ ਦਾ ਕੇਸ ਨਵੇਂ ਪੁਲਿਸ ਪੌਡਕਾਸਟ ਦਾ ਵਿਸ਼ਾ ਹੈ

ਤਸਵੀਰ ਸਰੋਤ, Aurora Police Department

ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿੱਚ ਕ੍ਰਿਮੀਨੋਲੋਜੀ (ਅਪਰਾਧ ਵਿਗਿਆਨ) ਦੀ ਐਸੋਸੀਏਟ ਪ੍ਰੋਫੈਸਰ ਐਲਿਸ ਮੈਕਗਵਰਨ ਕਹਿੰਦੇ ਹਨ ਕਿ ਪਹਿਲਾਂ ਤੋਂ ਹੀ ਅਜਿਹੇ ਕਈ ਪੌਡਕਾਸਟ ਮੌਜੂਦ ਸਨ, ਜਿਨ੍ਹਾਂ ਵਿੱਚ ਸਾਬਕਾ ਜਾਸੂਸ ਵੱਖ-ਵੱਖ ਅਪਰਾਧਿਕ ਮਾਮਲਿਆਂ ਜਾਂ ਪੁਲਿਸ ਪ੍ਰਬੰਧਨ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਕਰਦੇ ਸਨ ਅਤੇ ਹੁਣ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਨੇ ਪੌਡਕਾਸਟ ਪ੍ਰੋਡਕਸ਼ਨ ਵਿੱਚ ਵੀ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ।

ਪਰ ਅਜੇ ਵੀ ਪੁਲਿਸ ਵਿਭਾਗਾਂ ਵੱਲੋਂ ਪ੍ਰੋਡਿਊਸ ਕੀਤੇ ਗਏ ਪੌਡਕਾਸਟ, ਜੋ ਠੰਡੇ ਬਸਤੇ ਵਿੱਚ ਪਏ ਕੇਸਾਂ ‘ਤੇ ਕੇਂਦਰਿਤ ਹੋਣ ਅਤੇ ਜਿਨ੍ਹਾਂ ਵਿੱਚ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਕਾਫੀ ਘੱਟ ਦੇਖਣ ਨੂੰ ਮਿਲਦੇ ਹਨ, ਜਿਵੇਂ ਕੈਲੀਫੋਰਨੀਆ, ਕੋਲੋਰਾਡੋ ਅਤੇ ਇਲੀਨਿਓਸ ਦੇ ਪੁਲਿਸ ਵਿਭਾਗਾਂ ਨੇ ਕੀਤਾ ਹੈ।

ਇਹ ਪੁਲਿਸ ਪੌਡਕਾਸਟ ਐਪੀਸੋਡਸ ਵਿੱਚ ਪੇਸ਼ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਅਪਰਾਧ, ਪੀੜਤਾਂ ਅਤੇ ਜਾਂਚ ਦੀ ਕਹਾਣੀ ਨੂੰ ਦਿਲਚਸਪ ਅੰਦਾਜ਼ ਅਤੇ ਮਹੱਤਵਪੂਰਨ ਵੇਰਵਿਆਂ ਨਾਲ ਪੇਸ਼ ਕੀਤਾ ਜਾਂਦਾ ਹੈ। ਬਿਲਕੁੱਲ ਉਸੇ ਢੰਗ ਨਾਲ ਜਦੋਂ 2014 ਵਿੱਚ ਪ੍ਰਸਿੱਧ ਟਰੂ ਕ੍ਰਾਈਮ ਪੌਡਕਾਸਟ ਸੀਰੀਅਲ ਦੀ ਸ਼ੁਰੂਆਤ ਹੋਈ ਸੀ।

 ਓਰੋਰਾ ਪੁਲਿਸ ਵਿਭਾਗ ਨੇ ਵ੍ਹਾਈਟ ਵ੍ਹੇਲ ਪੌਡਕਾਸਟ ਵਿੱਚ ਆਪਣੇ ਹੀ ਅਫ਼ਸਰਾਂ ਦੇ ਇੰਟਰਵਿਊ ਲਏ

ਤਸਵੀਰ ਸਰੋਤ, Aurora Police Department

ਓਰੋਰਾ ਪੁਲਿਸ ਪੌਡਕਾਸਟ ਨੂੰ ਇਸ ਢੰਗ ਨਾਲ ਤਿਆਰ ਕਰਦੀ ਹੈ ਕਿ ਲੋਕ ਇਸ ਨੂੰ ਦਿਲਚਸਪੀ ਨਾਲ ਵੀ ਦੇਖਣ ਅਤੇ ਇਸ ਕੇਸ ਬਾਬਤ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਸ ਨੂੰ ਸਾਂਝਾ ਕਰਨ ਲਈ ਪ੍ਰੇਰਿਤ ਵੀ ਕਰੇ।

ਪੌਡਕਾਸਟ ਬਣਾਉਣ ਵਾਲਿਆਂ ਨੇ ਚੈਲਸੀਆ ਯਾਸੇਰ ਦੇ ਕਤਲ ਨੂੰ ਮਸ਼ਹੂਰ ਨਾਵਲ ਮੋਬੀ ਡਿਕ ਦੇ “ਵ੍ਹਾਈਟ ਵ੍ਹੇਲ” ਵਾਂਗ ਦਰਸਾਇਆ ਸੀ ਕਿਉਂਕਿ ਇਹ ਕੇਸ ਲੰਬੇ ਸਮੇਂ ਤੋਂ ਜਾਂਚ ਅਧਿਕਾਰੀਆਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਸੀ।

 ਕੈਰਨ ਸ਼ੇਪਰਜ਼ ਕਰੀਬ 40 ਸਾਲਾਂ ਤੋਂ ਲਾਪਤਾ ਸਨ ਅਤੇ 2025 ਵਿੱਚ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਸੀ

ਤਸਵੀਰ ਸਰੋਤ, Elgin Police Department

ਚੈਲਸੀਆ ਯਾਸੇਰ ਨੂੰ ਪਾਰਕਿੰਗ ਵਿੱਚ ਇੱਕ ਮਿਨੀ ਵੈਨ ਵਿੱਚ ਬਿਠਾਉਣ ਤੋਂ ਬਾਅਦ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ ਗਏ ਅਤੇ ਵੈਨ ‘ਚੋਂ ਨਿਕਲਦਿਆਂ ਹੀ ਉਹ ਡਿੱਗ ਗਈ।

ਸੀਸੀਟੀਵੀ ਦੀ ਧੁੰਦਲੀ ਫੁਟੇਜ ਵਿੱਚ ਹਮਲੇ ਦੌਰਾਨ ਮਿਨੀ ਵੈਨ ਹਿੱਲਦੀ ਹੋਈ ਦਿਖਾਈ ਦਿੱਤੀ ਪਰ ਤਸਵੀਰਾਂ ਇੰਨੀਆਂ ਸਪੱਸ਼ਟ ਨਹੀਂ ਸਨ ਕਿ ਕਿਸੇ ਦਾ ਚਿਹਰਾ ਪਛਾਣਿਆ ਜਾ ਸਕੇ। ਯਾਸੇਰ ਦੇ ਨਹੁੰਆਂ ਹੇਠੋਂ ਮਿਲੇ ਡੀਐਨਏ ਦਾ ਸਿਸਟਮ ‘ਚ ਮੌਜੂਦ ਕਿਸੇ ਵੀ ਰਿਕਾਰਡ ਨਾਲ ਮੇਲ ਨਹੀਂ ਹੋਇਆ।

ਜੂਨ ਵਿੱਚ ਜਦੋਂ ਓਰੋਰਾ ਪੁਲਿਸ ਨੇ ਇਹ ਪੌਡਕਾਸਟ ਜਾਰੀ ਕੀਤਾ, ਉਸ ਵੇਲੇ ਜਾਂਚਕਰਤਾ ਨਵੀਂ ਫੌਰੈਂਸਿਕ ਜੀਨੀਆਲੋਜੀ ਤਕਨੀਕ ਜ਼ਰੀਏ ਡੀਐਨਏ ਦੀ ਜਾਂਚ ਕਰ ਰਹੇ ਸਨ। ਪੌਡਕਾਸਟ ਵਿੱਚ ਜਾਂਚ ਨਾਲ ਜੁੜੀਆਂ ਨਵੀਆਂ ਅਪਡੇਟਸ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ।

ਸੀਰੀਅਲ ਇੱਕ ਪ੍ਰਚਲਿਤ ਟਰੂ ਕ੍ਰਾਈਮ ਪੌਡਕਾਸਟ ਸੀ ਜੋ ਬਾਲਟੀਮੋਰੇ ਵਿੱਚ ਕਤਲ ਹੋਈ ਹੇਅ ਮਿਨ ਲੀ ’ਤੇ ਆਧਾਰਿਤ ਸੀ

ਤਸਵੀਰ ਸਰੋਤ, Getty Images

ਜੋਅ ਮੋਇਲਨ ਦਾ ਕਹਿਣਾ ਹੈ ਕਿ ਵਿਭਾਗ ਪਹਿਲਾਂ ਵੀ ਇਸ ਕਤਲ ਨਾਲ ਜੁੜੀ ਜਾਣਕਾਰੀ ਦੇਣ ਬਾਰੇ ਲੋਕਾਂ ਨੂੰ ਅਪੀਲ ਕਰ ਚੁੱਕਿਆ ਹੈ ਪਰ ਪੌਡਕਾਸਟ ਦੀ ਮਦਦ ਨਾਲ ਕਾਫ਼ੀ ਵੱਡੇ ਦਰਸ਼ਕ ਵਰਗ ਤੱਕ ਪਹੁੰਚਿਆ ਜਾ ਸਕਦਾ ਹੈ।

ਉਹ ਕਹਿੰਦੇ ਹਨ, “ਜੇ ਘਟਨਾ ਵਾਲੇ ਦਿਨ ਤੁਸੀਂ ਖ਼ਬਰਾਂ ਨਹੀਂ ਦੇਖੀਆਂ ਜਾਂ ਅਖ਼ਬਾਰ ਨਹੀਂ ਪੜ੍ਹਿਆ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇਸ ਕੇਸ ਬਾਰੇ ਕੁਝ ਵੀ ਪਤਾ ਨਾ ਹੋਵੇ। ਇਸ ਲਈ ਅਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੁੰਦੇ ਸੀ।”

ਉਨ੍ਹਾਂ ਨੇ ਕਿਹਾ, “ਜੇਕਰ ਸ਼ੱਕੀ ਵਿਅਕਤੀ ਅਜੇ ਵੀ ਜ਼ਿੰਦਾ ਹੈ ਅਤੇ ਫਰਾਰ ਹੈ ਤਾਂ ਉਹ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ।”

ਓਰੋਰਾ ਪੁਲਿਸ ਵਿਭਾਗ ਮੁਤਾਬਕ ਜੁਲਾਈ ਦੇ ਅਖ਼ੀਰ ਤੱਕ ਇਸ ਪੌਡਕਾਸਟ ਨੂੰ 7,184 ਵਾਰ ਡਾਊਨਲੋਡ ਕੀਤਾ ਜਾ ਚੁੱਕਾ ਸੀ। ਨਤੀਜੇ ਵਜੋਂ ਪੁਲਿਸ ਨੂੰ ਕਈ ਨਵੇਂ ਸੁਰਾਗ ਮਿਲੇ, ਜਿਨ੍ਹਾਂ ਵਿੱਚੋਂ ਇੱਕ ਸੁਰਾਗ ਦੇ ਆਧਾਰ ‘ਤੇ ਜਾਂਚ ਅੱਗੇ ਵਧਾਈ ਗਈ ਹੈ।

ਜ਼ਿਆਦਾਤਰ ਪੁਲਿਸ ਵਿਭਾਗਾਂ ਕੋਲ ਪੌਡਕਾਸਟ ਬਣਾਉਣ ਲਈ ਨਾ ਤਾਂ ਲੋੜੀਂਦਾ ਸਟਾਫ਼ ਹੈ, ਨਾ ਬਜਟ, ਨਾ ਸਮਾਂ ਅਤੇ ਨਾ ਹੀ ਕੋਈ ਸਾਜ਼ੋ-ਸਾਮਾਨ ਜਾਂ ਤਕਨੀਕੀ ਮਹਾਰਤ।

ਰਿਟਾਇਰਡ ਜਾਸੂਸ ਮਾਈਕਲ ਐਲਕਾਜ਼ਰ ਮੁਤਾਬਕ ਕੁਝ ਪੁਲਿਸ ਵਿਭਾਗ ਕਾਨੂੰਨੀ ਪੇਚੀਦਗੀਆਂ, ਮੁਕੱਦਮਿਆਂ ਅਤੇ ਨਾਗਰਿਕ ਜ਼ਿੰਮੇਵਾਰੀ ਦੇ ਡਰ ਕਾਰਨ ਵੀ ਇਸ ਤਰ੍ਹਾਂ ਦੇ ਪੌਡਕਾਸਟ ਬਣਾਉਣ ਤੋਂ ਝਿਝਜਕਦੇ ਹਨ।

ਉਦਾਹਰਨ ਵਜੋਂ ਕੈਲੀਫ਼ੋਰਨੀਆ ਦੇ ਨਿਊਪੋਰਟ ਬੀਚ ਪੁਲਿਸ ਵਿਭਾਗ ਵੱਲੋਂ ਫਰਾਰ ਮੁਲਜ਼ਮ ਪੀਟਰ ਚੈਡਵਿਕ ਬਾਰੇ ਬਣਾਇਆ ਗਿਆ ਪੌਡਕਾਸਟ ਵੀ ਵਿਵਾਦਾਂ ਵਿੱਚ ਰਿਹਾ ਸੀ।

ਪਹਿਲੇ ਐਪੀਸੋਡ ਵਿੱਚ ਕਰੋੜਪਤੀ ਚੈਡਵਿਕ ਨੂੰ “ਅਕਤੂਬਰ 2012 ਵਿੱਚ ਕੈਲੀਫ਼ੋਰਨੀਆ ਦੇ ਸ਼ਾਂਤ ਤੱਟੀ ਸ਼ਹਿਰ ਨਿਊਪੋਰਟ ਬੀਚ ਵਿੱਚ ਆਪਣੀ ਪਤਨੀ ਦਾ ਕਤਲ ਕਰਨ ਵਾਲਾ ਵਿਅਕਤੀ” ਕਿਹਾ ਗਿਆ ਸੀ।

ਗੋਤਾਖੋਰਾਂ ਨੇ ਫੌਕਸ ਨਦੀ ਤੋਂ ਕੈਰਨ ਸ਼ੈਪਰਸ ਦੀ ਕਾਰ ਕੱਢੀ।

ਤਸਵੀਰ ਸਰੋਤ, Elgin Police Department

ਉਸ ਵੇਲੇ ਚੈਡਵਿਕ ‘ਤੇ ਕਤਲ ਦਾ ਇਲਜ਼ਾਮ ਤਾਂ ਲੱਗ ਚੁੱਕਾ ਸੀ ਪਰ ਉਨ੍ਹਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ ਅਤੇ ਟ੍ਰਾਇਲ ਅਜੇ ਸ਼ੁਰੂ ਨਹੀਂ ਹੋਇਆ ਸੀ। ਫਿਰ ਵੀ ਪੌਡਕਾਸਟ ਵਿੱਚ “ਕਥਿਤ” ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਇੱਕ ਕਰੋੜਪਤੀ ਸ਼ਖਸ ਨੂੰ ਸਿੱਧਾ “ਕਾਤਲ” ਦੱਸਿਆ ਗਿਆ।

ਆਲੋਚਕਾਂ ਦਾ ਕਹਿਣਾ ਸੀ ਕਿ ਇਹ “ਦੋਸ਼ ਸਾਬਤ ਹੋਣ ਤੱਕ ਬੇਕਸੂਰ” ਦੇ ਕਾਨੂੰਨੀ ਸਿਧਾਂਤ ਦੀ ਉਲੰਘਣਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਪੁਲਿਸ ਦਾ ਕੰਮ ਜਾਂਚ ਕਰਨਾ ਹੈ, ਨਾ ਕਿ ਕਿਸੇ ਨੂੰ ਦੋਸ਼ੀ ਕਰਾਰ ਦੇਣਾ।

ਇਹ ਪੌਡਕਾਸਟ ਪੁਲਿਸ ਦੇ ਜਨ ਸੂਚਨਾ ਅਧਿਕਾਰੀ ਜੈਨੀਫਰ ਮੈਨਜ਼ੇਲਾ ਨੇ ਤਿਆਰ ਕੀਤਾ ਅਤੇ ਉਹੀ ਮੇਜ਼ਬਾਨ ਵੀ ਸਨ। ਹਾਲਾਂਕਿ ਉਸ ਸਮੇਂ ਆਪਣੇ ਬਚਾਅ ਵਿੱਚ ਉਨ੍ਹਾਂ ਕਿਹਾ ਸੀ ਕਿ ਪੁਲਿਸ ਇਸ ਤਰ੍ਹਾਂ ਦੇ ਬਿਆਨ ਆਮ ਤੌਰ ‘ਤੇ ਵੀ ਜਾਰੀ ਕਰਦੀ ਰਹਿੰਦੀ ਹੈ।

ਮੈਨਜ਼ੇਲਾ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਬਿਨਾਂ ਜਾਂਚ ਨੂੰ ਪ੍ਰਭਾਵਿਤ ਕੀਤੇ, ਕਹਾਣੀ ਨੂੰ ਦਿਲਚਸਪ ਢੰਗ ਨਾਲ ਪੇਸ਼ ਕੀਤਾ ਜਾਵੇ।

ਅਗਸਤ 2019 ਵਿੱਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਚੈਡਵਿਕ ਨੇ ਸੈਕੰਡ-ਡਿਗਰੀ ਮਰਡਰ ਦਾ ਇਲਜ਼ਾਮ ਕਬੂਲ ਕਰ ਲਿਆ ਅਤੇ ਉਨ੍ਹਾਂ ਨੂੰ 15 ਸਾਲ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜੋ ਉਹ ਅਜੇ ਵੀ ਭੁਗਤ ਰਹੇ ਹਨ।

ਪੁਲਿਸ ਪ੍ਰੈਸ ਕਾਨਫਰੰਸ ਦੌਰਾਨ ਪੀਟਰ ਚੈਡਵਿਕ ਦੀ ਤਸਵੀਰ ਇੱਕ ਬੋਰਡ ’ਤੇ ਲਗਾਈ ਗਈ ਸੀ

ਤਸਵੀਰ ਸਰੋਤ, Getty Images

ਮੈਨਜ਼ੇਲਾ ਕਹਿੰਦੇ ਹਨ ਕਿ ਚੈਡਵਿਕ ਦੀ ਗ੍ਰਿਫ਼ਤਾਰੀ ਪੌਡਕਾਸਟ ਜ਼ਰੀਏ ਸਿੱਧੇ ਤੌਰ ‘ਤੇ ਹਾਸਲ ਹੋਏ ਕਿਸੇ ਸਪੱਸ਼ਟ ਸੁਰਾਗ ਜ਼ਰੀਏ ਨਹੀਂ ਹੋਈ ਸੀ ਪਰ ਪੌਡਕਾਸਟ ਨੇ ਫਰਾਰ ਰਹਿੰਦੇ ਸਮੇਂ ਉਸ ‘ਤੇ ਦਬਾਅ ਜ਼ਰੂਰ ਵਧਾਇਆ, ਜਿਸ ਕਾਰਨ ਉਸ ਵੱਲੋਂ ਹੋਰ ਗਲਤੀਆਂ ਕਰਨ ਦੀ ਸੰਭਾਵਨਾ ਵਧ ਗਈ।

ਉਨ੍ਹਾਂ ਮੁਤਾਬਕ, ਪੌਡਕਾਸਟ ਕਾਰਨ ਲੋਕਾਂ ਵਿੱਚ ਇਸ ਮਾਮਲੇ ਬਾਰੇ ਜਾਗਰੂਕਤਾ ਵਧੀ, ਜਿਸ ਨਾਲ ਜਾਂਚ ਅਧਿਕਾਰੀਆਂ ਨੂੰ ਵਾਰੰਟ ਅਤੇ ਹਵਾਲਗੀ ਦੀ ਕਾਰਵਾਈ ਰਿਕਾਰਡ ਸਮੇਂ ਵਿੱਚ ਪੂਰੀ ਕਰਨ ਵਿੱਚ ਮਦਦ ਮਿਲੀ। ਇਹ ਪੌਡਕਾਸਟ ਆਈਟਿਊਨਜ਼ ਚਾਰਟ ਵਿੱਚ 24ਵੇਂ ਨੰਬਰ ‘ਤੇ ਪਹੁੰਚ ਗਿਆ ਸੀ।

ਪੌਡਕਾਸਟ ਦੀ ਸਫ਼ਲਤਾ ਅਤੇ ਚੈਡਵਿਕ ਦੀ ਗ੍ਰਿਫ਼ਤਾਰੀ ਤੋਂ ਬਾਅਦ, ਮੈਨਜ਼ੇਲਾ ਨੂੰ ਹੋਰ ਪੁਲਿਸ ਵਿਭਾਗਾਂ ਅਤੇ ਏਜੰਸੀਆਂ ਤੋਂ ਵੀ ਇਸੇ ਤਰ੍ਹਾਂ ਦੇ ਪੌਡਕਾਸਟ ਬਣਾਉਣ ਬਾਰੇ ਪੁੱਛਗਿੱਛ ਲਈ ਫ਼ੋਨ ਆਉਣ ਲੱਗੇ।

ਹਾਲਾਂਕਿ ਹਰ ਕੋਈ ਇਸ ਵਿਚਾਰ ਦਾ ਸਮਰਥਕ ਨਹੀਂ ਸੀ।

ਇਲੀਨਿਓਸ ਦੇ ਐਲਗਿਨ ਪੁਲਿਸ ਵਿਭਾਗ ਦੇ ਜਾਸੂਸ ਐਂਡ੍ਰਿਊ ਹਿਊਗਟਨ, ਜੋ ਹੁਣ ਪੌਡਕਾਸਟ ਦੇ ਸਹਿ-ਮੇਜ਼ਬਾਨ ਵੀ ਹਨ, ਕਹਿੰਦੇ ਹਨ, “ਸ਼ੁਰੂ ਵਿੱਚ ਮੇਰੀ ਇਸ ਵਿੱਚ ਕੋਈ ਖ਼ਾਸ ਦਿਲਚਸਪੀ ਨਹੀਂ ਸੀ।”

ਉਨ੍ਹਾਂ ਨੇ ਜਾਸੂਸ ਮੈਥਿਊ ਵਰਟੇਰੀਅਨ ਅਤੇ ਇੱਕ ਸਥਾਨਕ ਰੇਡੀਓ ਸਟੇਸ਼ਨ ਦੀ ਮਦਦ ਨਾਲ ਐਲਗਿਨ ਪੁਲਿਸ ਦੇ 2025 ਦੇ ਪੌਡਕਾਸਟ “ਸਮਬਡੀ ਨੌਅਜ਼ ਸਮਥਿੰਗ” ‘ਤੇ ਕੰਮ ਕੀਤਾ ਸੀ।

ਐਂਡ੍ਰਿਊ ਹਿਊਗਟਨ ਅਤੇ ਮੈਥਿਊ ਵਰਟੇਰੀਅਨ ਨੂੰ 2024 ਵਿੱਚ ਐਲਗਿਨ ਪੁਲਿਸ ਦੀ ਨਵੀਂ ਕੋਲਡ ਕੇਸ ਯੂਨਿਟ ਵਿੱਚ ਤਾਇਨਾਤ ਕੀਤਾ ਗਿਆ ਸੀ। ਉਸੇ ਵੇਲੇ ਪੁਲਿਸ ਮੁਖੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਵਿੱਚ ਪੌਡਕਾਸਟ ਬਣਾਉਣਾ ਵੀ ਸ਼ਾਮਲ ਹੋਵੇਗਾ।

ਹਿਊਗਟਨ ਯਾਦ ਕਰਦਿਆਂ ਦੱਸਦੇ ਹਨ, “ਅਸੀਂ ਤਾਂ ਪਹਿਲਾਂ ਹੀ ਇਸ ਨਵੀਂ ਯੂਨਿਟ ਦੀ ਸ਼ੁਰੂਆਤ ਕਰ ਰਹੇ ਸੀ। ਫਿਰ ਇਸ ਦੇ ਨਾਲ ਇੱਕ ਹੋਰ ਨਵਾਂ ਕੰਮ ਕਿਉਂ ਜੋੜਿਆ ਜਾ ਰਿਹਾ ਹੈ ?”

ਸ਼ੁਰੂਆਤ ਵਿੱਚ ਹਿਊਗਟਨ ਅਤੇ ਉਨ੍ਹਾਂ ਦੇ ਸਾਥੀ ਨੇ ਬਿਨਾਂ ਜ਼ਿਆਦਾ ਦਿਲਚਸਪੀ ਲਈ ਪੌਡਕਾਸਟ ਦੇ ਐਪੀਸੋਡਸ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਪ੍ਰਕਿਰਿਆ ਜਾਂਚ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਵਿੱਚ ਵੀ ਮਦਦ ਕਰ ਰਹੀ ਹੈ।

ਲਾਪਤਾ ਹੋਈ 23 ਸਾਲਾ ਕੈਰਨ ਸ਼ੈਪਰਜ਼ ਨਾਲ ਕੀ ਹੋਇਆ ਹੋਵੇਗਾ, ਇਸ ਬਾਰੇ ਉਨ੍ਹਾਂ ਨੇ ਕਈ ਥਿਊਰੀਆਂ ਤਿਆਰ ਕੀਤੀਆਂ ਅਤੇ ਹਰ ਇੱਕ ਥਿਊਰੀ ਆਪਣੇ ਆਪ ਵਿੱਚ ਪੌਡਕਾਸਟ ਐਪੀਸੋਡ ਦਾ ਰੂਪ ਧਾਰਨ ਕਰਦੀ ਗਈ।

ਐਂਡ੍ਰਿਊ ਹਿਊਗਟਨ (ਸੱਜੇ ਪਾਸੇ ਤੋਂ ਦੂਜੇ) ਅਤੇ ਮੈਥਿਊ ਵਰਟੇਰੀਅਨ (ਬਿਲਕੁਲ ਸੱਜੇ) ਆਪਣੇ ਪੌਡਕਾਸਟ “ਸਮਬਡੀ ਨੌਅਜ਼ ਸਮਥਿੰਗ” ਲਈ ਐਲਗਿਨ ਦੀ ਪੁਲਿਸ ਮੁਖੀ ਐਨਾ ਲੈਲੀ ਨਾਲ ਗੱਲਬਾਤ ਕਰਦੇ ਹੋਏ

ਤਸਵੀਰ ਸਰੋਤ, Elgin Police Department

ਪੌਡਕਾਸਟ ਰਾਹੀਂ ਨਾ ਸਿਰਫ਼ ਨਵੇਂ ਸੁਰਾਗ ਮਿਲੇ ਸਗੋਂ ਜਾਂਚਕਰਤਾਵਾਂ ਨੂੰ ਹੋਰ ਤਰੀਕਿਆਂ ਨਾਲ ਵੀ ਜਾਣਕਾਰੀ ਇਕੱਠੀ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਪੌਡਕਾਸਟ ਬਾਰੇ ਸੋਸ਼ਲ ਮੀਡੀਆ ‘ਤੇ ਆ ਰਹੀਆਂ ਟਿੱਪਣੀਆਂ ਵੀ ਪੜ੍ਹਣੀਆਂ ਸ਼ੁਰੂ ਕੀਤੀਆਂ।

ਹਿਊਗਟਨ ਦੱਸਦੇ ਹਨ ਕਿ ਲੋਕ ਟਿੱਪਣੀਆਂ ਵਿੱਚ ਲਿਖਦੇ ਸਨ, “ਮੇਰੀ ਮਾਂ ਇਸ ਵਿਅਕਤੀ ਨਾਲ ਕੰਮ ਕਰਦੀ ਸੀ,” ਜਾਂ “ਮੈਂ ਇਸ ਇਲਾਕੇ ਵਿੱਚ ਰਹਿੰਦਾ ਹਾਂ ਅਤੇ ਮੈਨੂੰ ਇਹ ਘਟਨਾ ਯਾਦ ਹੈ।”

ਅਖ਼ੀਰਕਾਰ ਜਾਸੂਸਾਂ ਨੇ ਰਵਾਇਤੀ ਪੁਲਿਸ ਜਾਂਚ ਦੇ ਤਰੀਕਿਆਂ ਨਾਲ ਇਹ ਕੇਸ ਸੁਲਝਾ ਲਿਆ। ਉਨ੍ਹਾਂ ਦੀ ਇੱਕ ਥਿਊਰੀ ਇਹ ਸੀ ਕਿ ਸ਼ੈਪਰਜ਼ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਦਰਿਆ ਵਿੱਚ ਡਿੱਗ ਗਈ ਹੋਵੇਗੀ।

ਉਨ੍ਹਾਂ ਨੂੰ 1999 ਦੀ ਇੱਕ ਸਥਾਨਕ ਅਖ਼ਬਾਰ ਦੀ ਰਿਪੋਰਟ ਮਿਲੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੁਲਿਸ ਨੇ ਹੈਲੀਕਾਪਟਰ ਦੀ ਮਦਦ ਨਾਲ ਸਕ੍ਰੈਪ ਯਾਰਡਾਂ ਦੀ ਤਲਾਸ਼ੀ ਲਈ ਸੀ ਅਤੇ ਫੌਕਸ ਦਰਿਆ ਵਿੱਚ ਵੀ ਖੋਜ ਕੀਤੀ ਸੀ। ਪਰ ਜਾਂਚ ਦੌਰਾਨ ਉਨ੍ਹਾਂ ਨੂੰ ਇਹ ਸਬੂਤ ਨਹੀਂ ਮਿਲੇ ਕਿ ਦਰਿਆ ਵਿੱਚ ਅਸਲ ਵਿੱਚ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਸੀ। ਉਨ੍ਹਾਂ ਨੇ ਇਹ ਗੱਲ ਆਪਣੇ ਪੌਡਕਾਸਟ ਦੇ ਸਰੋਤਿਆਂ ਤੋਂ ਵੀ ਨਹੀਂ ਲੁਕਾਈ।

ਇਸ ਤੋਂ ਬਾਅਦ ਪੁਲਿਸ ਨੇ ਆਧੁਨਿਕ ਸੋਨਾਰ ਤਕਨਾਲੋਜੀ ਵਾਲੀ ਇੱਕ ਖੋਜ ਕੰਪਨੀ ਅਤੇ ਗੋਤਾਖੋਰਾਂ ਦੀ ਮਦਦ ਲਈ ਅਤੇ ਮਾਰਚ 2025 ਵਿੱਚ ਉਨ੍ਹਾਂ ਨੇ ਦਰਿਆ ਦੇ ਤਲ ਤੋਂ ਕੈਰਨ ਸ਼ੈਪਰਜ਼ ਅਤੇ ਉਸ ਦੀ ਕਾਰ ਨੂੰ ਲੱਭ ਲਿਆ।

ਹੁਣ ਇਹ ਪੌਡਕਾਸਟ ਆਪਣੇ ਤੀਜੇ ਸੀਜ਼ਨ ਵਿੱਚ ਪਹੁੰਚ ਚੁੱਕਾ ਹੈ। ਦੂਜੇ ਸੀਜ਼ਨ ਵਿੱਚ ਉਨ੍ਹਾਂ ਨੇ ਫਾਰਮੈਟ ਬਦਲ ਕੇ ਕਤਲ ਦੇ ਮਾਮਲਿਆਂ ‘ਤੇ ਧਿਆਨ ਦਿੱਤਾ ਸੀ, ਪਰ ਹੁਣ ਉਹ ਮੁੜ ਇੱਕ ਲਾਪਤਾ ਵਿਅਕਤੀ ਦੇ ਕੇਸ ‘ਤੇ ਵਾਪਸ ਆ ਗਏ ਹਨ।

ਹਿਊਗਟਨ ਮੰਨਦੇ ਹਨ ਕਿ “ਇਹ ਬਹੁਤ ਮਿਹਨਤ ਵਾਲਾ ਕੰਮ ਹੈ ਅਤੇ ਇਸ ਲਈ ਕਾਫ਼ੀ ਸਮਾਂ ਅਤੇ ਕੋਸ਼ਿਸ਼ ਦੀ ਲੋੜ ਪੈਂਦੀ ਹੈ।”

ਭਾਵੇਂ ਹੋਰ ਪੁਲਿਸ ਵਿਭਾਗਾਂ ਨੂੰ ਬਜਟ ਅਤੇ ਸਰੋਤਾਂ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਜਾਂਚ ਦੇ ਇੱਕ ਸਾਧਨ ਵਜੋਂ ਪੌਡਕਾਸਟਾਂ ਦੀ ਵਰਤੋਂ ਭਵਿੱਖ ਵਿੱਚ ਹੋਰ ਵੱਧ ਦੇਖਣ ਨੂੰ ਮਿਲੇਗੀ।

ਅਮਰੀਕੀ ਯੂਨੀਵਰਸਿਟੀ ਦੇ ਨਿਆਂ, ਕਾਨੂੰਨ ਅਤੇ ਅਪਰਾਧ ਵਿਗਿਆਨ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਜੈਨਿਸ ਇਵਾਮਾ ਕਹਿੰਦੇ ਹਨ ਕਿ ਜੇ ਪੁਲਿਸ ਵਿਭਾਗਾਂ ਕੋਲ ਲੋੜੀਂਦਾ ਸਟਾਫ਼ ਹੋਵੇ ਤਾਂ ਪੌਡਕਾਸਟ ਨਵੇਂ ਕਰਮਚਾਰੀਆਂ ਦੀ ਭਰਤੀ ਅਤੇ ਮੌਜੂਦਾ ਕਰਮਚਾਰੀਆਂ ਨੂੰ ਜੋੜ ਕੇ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੋ ਸਕਦੇ ਹਨ।

ਉਨ੍ਹਾਂ ਦੇ ਅਨੁਸਾਰ, ਪੌਡਕਾਸਟਾਂ ਰਾਹੀਂ ਲੋਕਾਂ ਨੂੰ ਡਿਊਟੀ ਕਰ ਰਹੇ ਪੁਲਿਸ ਅਧਿਕਾਰੀਆਂ ਦੀ ਜ਼ੁਬਾਨੀ ਇਹ ਜਾਣਨ ਦਾ ਮੌਕਾ ਮਿਲਦਾ ਹੈ ਕਿ ਅਸਲ ਵਿੱਚ ਪੁਲਿਸ ਦਾ ਕੰਮ ਕਿਹੋ ਜਿਹਾ ਹੁੰਦਾ ਹੈ।

ਨਿਊਯਾਰਕ ਪੁਲਿਸ ਵਿਭਾਗ ਦੇ ਸਾਬਕਾ ਜਾਸੂਸ ਮਾਈਕਲ ਐਲਕਾਜ਼ਰ ਦਾ ਮੰਨਣਾ ਹੈ ਕਿ ਨਵੀਂ ਪੀੜ੍ਹੀ ਦੇ ਪੁਲਿਸ ਅਧਿਕਾਰੀ ਪੌਡਕਾਸਟਾਂ ਅਤੇ ਸੋਸ਼ਲ ਮੀਡੀਆ ਵੱਲ ਵੱਧ ਖੁੱਲ੍ਹੇ ਦਿਮਾਗ ਨਾਲ ਦੇਖਦੇ ਹਨ, ਜਿਸ ਕਾਰਨ ਇਹ ਰੁਝਾਨ ਹੋਰ ਤੇਜ਼ੀ ਨਾਲ ਵਧੇਗਾ।

ਉਹ ਕਹਿੰਦੇ ਹਨ, “ਇਹ ਉਨ੍ਹਾਂ ਦੀ ਦੁਨੀਆ ਹੈ ਅਤੇ ਇਸ ਮਾਧਿਅਮ ਜ਼ਰੀਏ ਗੱਲ ਰੱਖਣਾ ਉਹ ਆਸਾਨ ਸਮਝਦੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI