Source :- BBC PUNJABI
ANI
ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਤਕਰਾਰ ਕੋਈ ਨਵੀਂ ਗੱਲ ਨਹੀਂ ਹੈ। ਪਰ ਪੰਜਾਬ ਚੋਣਾਂ ਤੋਂ ਪਹਿਲਾਂ ਹੁਣ ਇਹ ਤਿੱਖੀ ਬਿਆਨਬਾਜ਼ੀ ਨਿੱਜੀ ਹਮਲਿਆਂ ਤੱਕ ਪਹੁੰਚ ਗਈ ਹੈ।
ਚਾਰ ਨਵੰਬਰ ਨੂੰ ਪੰਜਾਬ ਦੇ ਸੰਗਰੂਰ ਵਿੱਚ ਕਾਂਗਰਸ ਦੀ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਂਦਿਆਂ ਇਲਜ਼ਾਮ ਲਾਇਆ ਕਿ ਜਦੋਂ ਭਗਵੰਤ ਮਾਨ ਲੋਕ ਸਭਾ ਮੈਂਬਰ ਸਨ, ਉਦੋਂ ਸਵੇਰੇ 11 ਵਜੇ ਵੀ ਉਨ੍ਹਾਂ ਦੇ ਮੂੰਹ ਵਿੱਚੋਂ ਸ਼ਰਾਬ ਦੀ ਬਦਬੂ ਆਉਂਦੀ ਸੀ।
ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕਿਸੇ ਸੂਬੇ ਵਿੱਚ ਨਸ਼ਿਆਂ ਵਿਰੁੱਧ ਲੜਾਈ ਲੜਨੀ ਹੈ ਤਾਂ ਉਸ ਸੂਬੇ ਦੇ ਮੁੱਖ ਮੰਤਰੀ ਨੂੰ ਖ਼ੁਦ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ‘ਤੇ ਦਿੱਲੀ ਤੋਂ ਚੱਲਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਇੱਥੇ ਅੱਧੀ ਕਮਾਨ ਅਮਿਤ ਸ਼ਾਹ ਅਤੇ ਅੱਧੀ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ।
ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਉਨ੍ਹਾਂ ਦੇ ਕੱਦ ਵਾਲੇ ਆਗੂ ਲਈ ‘ਛੋਟੀ ਗੱਲ’ ਦੱਸਿਆ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਦੀ ਸਭ ਤੋਂ ਵੱਡੀ ਲੜਾਈ ਭਾਜਪਾ ਨਾਲ ਹੈ ਜਾਂ ਵਿਰੋਧੀ ਪਾਰਟੀਆਂ ਨਾਲ?
ਇਸ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਸੋਸ਼ਲ ਮੀਡੀਆ ‘ਤੇ ਵੀ ਹਮਲੇ ਤੇਜ਼ ਹੋ ਗਏ।
ਆਮ ਆਦਮੀ ਪਾਰਟੀ ਨੇ ਰਾਹੁਲ ਗਾਂਧੀ ਨੂੰ ਲੈ ਕੇ ਇੱਕ ਪੋਸਟਰ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ ‘ਤੇ ਨਿੱਜੀ ਹਮਲਾ ਕੀਤਾ ਗਿਆ। ਜਵਾਬ ਵਿੱਚ ਕਾਂਗਰਸ ਆਗੂ ਬੀਵੀ ਸ਼੍ਰੀਨਿਵਾਸ ਨੇ ਅਰਵਿੰਦ ਕੇਜਰੀਵਾਲ ਦੀ ਇੱਕ ਤਸਵੀਰ ਪੋਸਟ ਕੀਤੀ, ਇਸ ਵਿੱਚ ਵੀ ਨਿੱਜੀ ਹਮਲਾ ਕੀਤਾ ਗਿਆ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਪੰਜਾਬ ਕਾਂਗਰਸ ਦੇ ਹੋਰ ਆਗੂਆਂ ਨੇ ਵੀ ਭਗਵੰਤ ਮਾਨ ਸਰਕਾਰ ‘ਤੇ ਭ੍ਰਿਸ਼ਟਾਚਾਰ ਅਤੇ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਾਏ।
ਦੋਵਾਂ ਪਾਰਟੀਆਂ ਵਿਚਾਲੇ ਇਹ ਟਕਰਾਅ ਅਜਿਹੇ ਸਮੇਂ ਵਧਿਆ ਹੈ, ਜਦੋਂ ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਪਰ ਕੀ ਇਸ ਲੜਾਈ ਦੀ ਵਜ੍ਹਾ ਸਿਰਫ਼ ਪੰਜਾਬ ਚੋਣਾਂ ਹਨ ਜਾਂ ਦੋਵਾਂ ਪਾਰਟੀਆਂ ਵਿਚਾਲੇ ਸਿਆਸੀ ਬੇਭਰੋਸਗੀ ਦੀਆਂ ਜੜ੍ਹਾਂ ਇਸ ਤੋਂ ਕਿਤੇ ਡੂੰਘੀਆਂ ਹਨ?
ਪੰਜਾਬ ਚੋਣਾਂ ਤੋਂ ਅੱਗੇ ਦੀ ਕਹਾਣੀ?
ANI
ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਰਿਸ਼ਤਿਆਂ ਵਿੱਚ ਵਿਰੋਧਾਭਾਸ ਸ਼ੁਰੂ ਤੋਂ ਹੀ ਰਿਹਾ ਹੈ। ਇੱਕ ਪਾਸੇ ਦੋਵੇਂ ਪਾਰਟੀਆਂ ਆਪਣੇ ਆਪ ਨੂੰ ਭਾਜਪਾ ਵਿਰੁੱਧ ਵਿਰੋਧੀ ਧਿਰ ਦੀ ਸਿਆਸਤ ਦਾ ਹਿੱਸਾ ਦੱਸਦੀਆਂ ਰਹੀਆਂ ਹਨ, ਤਾਂ ਦੂਜੇ ਪਾਸੇ ਕਈ ਸੂਬਿਆਂ ਵਿੱਚ ਇੱਕ-ਦੂਜੇ ਦੀਆਂ ਸਭ ਤੋਂ ਵੱਡੀਆਂ ਸਿਆਸੀ ਵਿਰੋਧੀ ਵੀ ਹਨ।
ਸੀਨੀਅਰ ਪੱਤਰਕਾਰ ਹੇਮੰਤ ਅੱਤਰੀ ਦਾ ਮੰਨਣਾ ਹੈ ਕਿ ਪੰਜਾਬ ਚੋਣਾਂ ਮੌਜੂਦਾ ਟਕਰਾਅ ਦੀ ਫ਼ੌਰੀ ਵਜ੍ਹਾ ਹਨ, ਪਰ ਦੋਵਾਂ ਪਾਰਟੀਆਂ ਵਿਚਾਲੇ ਵਿਰੋਧ ਦਾ ਇਤਿਹਾਸ ਇਸ ਤੋਂ ਕਿਤੇ ਪੁਰਾਣਾ ਹੈ।
ਉਹ ਕਹਿੰਦੇ ਹਨ, “ਆਮ ਆਦਮੀ ਪਾਰਟੀ ਨੇ ਆਪਣੇ ਉਭਾਰ ਤੋਂ ਲੈ ਕੇ ਅੱਜ ਤੱਕ ਭਾਜਪਾ ‘ਤੇ ਹਮਲਾ ਤਾਂ ਜ਼ਰੂਰ ਕੀਤਾ ਹੈ, ਪਰ ਉਨ੍ਹਾਂ ਦਾ ਮੁੱਖ ਨਿਸ਼ਾਨਾ ਕੌਣ ਰਹਿੰਦਾ ਹੈ? ਇਹ ਹਮੇਸ਼ਾ ਦੇਖਣ ਵਾਲੀ ਗੱਲ ਹੈ। ਉਨ੍ਹਾਂ ਦੇ ਨਿਸ਼ਾਨੇ ‘ਤੇ ਹਮੇਸ਼ਾ ਕਾਂਗਰਸ ਪਾਰਟੀ ਰਹਿੰਦੀ ਹੈ।”
ਹੇਮੰਤ ਅੱਤਰੀ ਮੁਤਾਬਕ, ਆਮ ਆਦਮੀ ਪਾਰਟੀ ਅਤੇ ਕਾਂਗਰਸ ਬੁਨਿਆਦੀ ਤੌਰ ‘ਤੇ ਦੋ ਵੱਖ-ਵੱਖ ਸਿਆਸੀ ਧਰੁਵ ਹਨ। ਕੁਝ ਖ਼ਾਸ ਹਾਲਾਤ ਵਿੱਚ ਦੋਵੇਂ ਪਾਰਟੀਆਂ ਇਕੱਠੇ ਆਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਨ੍ਹਾਂ ਵਿਚਾਲੇ ਸਿਆਸੀ ਮੁਕਾਬਲਾ ਬਣਿਆ ਰਹਿੰਦਾ ਹੈ।
ਉਹ ਕਹਿੰਦੇ ਹਨ ਕਿ ਕੌਮੀ ਸਿਆਸਤ ਵਿੱਚ ਵੀ ਦੋਵਾਂ ਵਿਚਾਲੇ ਨੇੜਤਾ ਦੀ ਗੁੰਜਾਇਸ਼ ਹੁਣ ਬਹੁਤ ਘੱਟ ਰਹਿ ਗਈ ਹੈ।
ਅੱਤਰੀ ਮੁਤਾਬਕ, ਆਮ ਆਦਮੀ ਪਾਰਟੀ ਦੀ ਮੌਜੂਦਾ ਸਿਆਸੀ ਤਾਕਤ ਮੁੱਖ ਤੌਰ ‘ਤੇ ਪੰਜਾਬ ਤੱਕ ਸੀਮਿਤ ਹੈ। ਆਮ ਆਦਮੀ ਪਾਰਟੀ ਦੇ ਕਈ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਸੰਸਦ ਵਿੱਚ ਵੀ ਪਾਰਟੀ ਦੀ ਸਥਿਤੀ ਕਮਜ਼ੋਰ ਹੋਈ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਕਾਰਨਾਂ ਕਰਕੇ ਕੌਮੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਦੀ ਭੂਮਿਕਾ ਹੁਣ ਪਹਿਲਾਂ ਵਰਗੀ ਨਹੀਂ ਰਹੀ।
2013 ਵਿੱਚ ਕਾਂਗਰਸ ਦੇ ਸਮਰਥਨ ਨਾਲ ਬਣੀ ਸੀ ਕੇਜਰੀਵਾਲ ਸਰਕਾਰ
Getty Images
ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਰਿਸ਼ਤਿਆਂ ਦਾ ਇਤਿਹਾਸ ਸਮਝਣ ਲਈ ਸਾਲ 2013 ਵਿੱਚ ਵਾਪਸ ਜਾਣਾ ਪਵੇਗਾ।
ਅੰਨਾ ਅੰਦੋਲਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ 2012 ਵਿੱਚ ਆਮ ਆਦਮੀ ਪਾਰਟੀ ਬਣਾਈ ਸੀ। ਇਸ ਅੰਦੋਲਨ ਦਾ ਇੱਕ ਵੱਡਾ ਨਿਸ਼ਾਨਾ ਉਸ ਸਮੇਂ ਦੀ ਕਾਂਗਰਸ ਸਰਕਾਰ ਸੀ। ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਵਿੱਚੋਂ ਨਿੱਕਲੀ ਪਾਰਟੀ ਨੇ ਕਾਂਗਰਸ ਦੀ ਸਿਆਸਤ ਨੂੰ ਚੁਣੌਤੀ ਦਿੱਤੀ।
ਦਸੰਬਰ 2013 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ 28 ਸੀਟਾਂ ਮਿਲੀਆਂ, ਜਦਕਿ ਕਾਂਗਰਸ ਸਿਰਫ਼ ਅੱਠ ਸੀਟਾਂ ‘ਤੇ ਸਿਮਟ ਗਈ। ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ, ਪਰ ਬਹੁਮਤ ਤੋਂ ਦੂਰ ਰਹੀ।
ਅਜਿਹੇ ਵਿੱਚ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਬਾਹਰੋਂ ਸਮਰਥਨ ਦਿੱਤਾ ਅਤੇ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ।
ਹਾਲਾਂਕਿ, ਇਹ ਸਰਕਾਰ ਸਿਰਫ਼ 49 ਦਿਨ ਹੀ ਚੱਲੀ। ਜਨਲੋਕਪਾਲ ਬਿੱਲ ਵਿਧਾਨ ਸਭਾ ਵਿੱਚ ਪੇਸ਼ ਨਾ ਹੋ ਸਕਣ ਤੋਂ ਬਾਅਦ ਕੇਜਰੀਵਾਲ ਨੇ ਅਸਤੀਫ਼ਾ ਦੇ ਦਿੱਤਾ।
ਇਸ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਸਿਆਸੀ ਟਕਰਾਅ ਵਧਦਾ ਗਿਆ।
2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 70 ਵਿੱਚੋਂ 67 ਸੀਟਾਂ ਜਿੱਤ ਲਈਆਂ ਅਤੇ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ। 2020 ਵਿੱਚ ਵੀ ਆਮ ਆਦਮੀ ਪਾਰਟੀ ਨੇ 62 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ, ਜਦਕਿ ਕਾਂਗਰਸ ਇੱਕ ਵਾਰ ਫਿਰ ਕੋਈ ਵੀ ਸੀਟ ਨਹੀਂ ਜਿੱਤ ਸਕੀ।
ਇਸ ਦੇ ਬਾਵਜੂਦ ਕੌਮੀ ਸਿਆਸਤ ਵਿੱਚ ਭਾਜਪਾ ਵਿਰੁੱਧ ਵਿਰੋਧੀ ਏਕਤਾ ਦੀਆਂ ਕੋਸ਼ਿਸ਼ਾਂ ਦੌਰਾਨ ਦੋਵੇਂ ਪਾਰਟੀਆਂ ਇੱਕ ਮੰਚ ‘ਤੇ ਆਈਆਂ।
ਜੂਨ 2023 ਵਿੱਚ ਬਣੇ ਵਿਰੋਧੀ ਗੱਠਜੋੜ ‘ਇੰਡੀਆ’ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਸ਼ਾਮਿਲ ਹੋਈਆਂ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਨੇ ਦਿੱਲੀ, ਗੁਜਰਾਤ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੀਟਾਂ ਦੀ ਵੰਡ ਕੀਤੀ। ਹਾਲਾਂਕਿ, ਪੰਜਾਬ ਵਿੱਚ ਦੋਵਾਂ ਨੇ ਵੱਖ-ਵੱਖ ਚੋਣ ਲੜੀ।
ਇਹ ਸਾਂਝ ਵੀ ਜ਼ਿਆਦਾ ਸਮਾਂ ਨਹੀਂ ਚੱਲੀ।
2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦੋਵੇਂ ਪਾਰਟੀਆਂ ਮੁੜ ਇੱਕ-ਦੂਜੇ ਦੇ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰੀਆਂ। ਭਾਜਪਾ ਨੇ 48 ਸੀਟਾਂ ਜਿੱਤ ਕੇ ਸੱਤਾ ਹਾਸਿਲ ਕੀਤੀ, ਜਦਕਿ ਆਮ ਆਦਮੀ ਪਾਰਟੀ ਨੂੰ 22 ਸੀਟਾਂ ਮਿਲੀਆਂ ਅਤੇ ਕਾਂਗਰਸ ਇੱਕ ਵੀ ਸੀਟ ਨਹੀਂ ਜਿੱਤ ਸਕੀ।
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇੰਡੀਆ ਗੱਠਜੋੜ ਤੋਂ ਆਪਣੀ ਦੂਰੀ ਜਨਤਕ ਤੌਰ ‘ਤੇ ਸਪਸ਼ਟ ਕਰ ਦਿੱਤੀ। ਜੁਲਾਈ 2025 ਵਿੱਚ ਸੰਜੇ ਸਿੰਘ ਨੇ ਕਿਹਾ ਕਿ ਇੰਡੀਆ ਗੱਠਜੋੜ ਲੋਕ ਸਭਾ ਚੋਣਾਂ ਲਈ ਬਣਾਇਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਹੁਣ ਇਸ ਦਾ ਹਿੱਸਾ ਨਹੀਂ ਹੈ।
ਇਸ ਸਾਲ ਅਪ੍ਰੈਲ ਵਿੱਚ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਵੀ ਦੋਵਾਂ ਪਾਰਟੀਆਂ ਵਿਚਾਲੇ ਸਿਆਸੀ ਇਲਜ਼ਾਮਾਂ ਦਾ ਸਿਲਸਿਲਾ ਤੇਜ਼ ਹੋ ਗਿਆ।
ਇਸ ਤਰ੍ਹਾਂ ਵਿਰੋਧੀ ਏਕਤਾ ਲਈ ਬਣਿਆ ਇੰਡੀਆ ਗੱਠਜੋੜ ਹੁਣ ਦੋਵਾਂ ਪਾਰਟੀਆਂ ਵਿਚਾਲੇ ਸਿਆਸੀ ਸਹਿਯੋਗ ਦਾ ਆਧਾਰ ਨਹੀਂ ਰਹਿ ਗਿਆ ਹੈ।
‘ਦੋਸਤੀ ਦੀ ਉਮੀਦ ਕਰਨਾ ਹੀ ਗ਼ਲਤ ਹੈ’
Punjab Congress
ਸੀਨੀਅਰ ਪੱਤਰਕਾਰ ਸਬਾ ਨਕਵੀ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਦੋਵਾਂ ਪਾਰਟੀਆਂ ਵਿਚਾਲੇ ਸਿਆਸੀ ਦੋਸਤੀ ਦੀ ਉਮੀਦ ਕਰਨਾ ਹੀ ਗ਼ਲਤ ਹੈ।
ਉਹ ਕਹਿੰਦੇ ਹਨ, “ਇਹ ਉਮੀਦ ਕਰਨਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਰਹਿਣਗੀਆਂ, ਇੱਕ ਬੇਵਕੂਫ਼ੀ ਹੈ।”
ਸਬਾ ਨਕਵੀ ਮੁਤਾਬਕ, ਇਸ ਦੀ ਸਭ ਤੋਂ ਵੱਡੀ ਵਜ੍ਹਾ ਪੰਜਾਬ ਹੈ। ਉੱਥੇ ਆਮ ਆਦਮੀ ਪਾਰਟੀ ਸੱਤਾ ਵਿੱਚ ਹੈ ਅਤੇ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੈ। ਅਜਿਹੇ ਵਿੱਚ ਦੋਵਾਂ ਪਾਰਟੀਆਂ ਲਈ ਇੱਕ-ਦੂਜੇ ਦੇ ਖ਼ਿਲਾਫ਼ ਚੋਣ ਲੜਨਾ ਸੁਭਾਵਿਕ ਹੈ।
ਉਹ ਕਹਿੰਦੇ ਹਨ ਕਿ ਪੰਜਾਬ ਕਾਂਗਰਸ ਦਾ ਰਵਾਇਤੀ ਸਿਆਸੀ ਆਧਾਰ ਰਿਹਾ ਹੈ ਅਤੇ ਪਾਰਟੀ ਇਸ ਨੂੰ ਮੁੜ ਹਾਸਿਲ ਕਰਨਾ ਚਾਹੇਗੀ।
ਸਬਾ ਨਕਵੀ ਮੁਤਾਬਕ, ਆਮ ਆਦਮੀ ਪਾਰਟੀ ਲਈ ਵੀ ਪੰਜਾਬ ਨੂੰ ਬਚਾਉਣਾ ਜ਼ਰੂਰੀ ਹੈ। ਦਿੱਲੀ ਵਿੱਚ ਸੱਤਾ ਗੁਆਉਣ ਤੋਂ ਬਾਅਦ ਪੰਜਾਬ ਹੀ ਇੱਕੋ-ਇੱਕ ਸੂਬਾ ਹੈ, ਜਿੱਥੇ ਪਾਰਟੀ ਦੀ ਸਰਕਾਰ ਹੈ।
ਉਹ ਕਹਿੰਦੇ ਹਨ, “ਆਮ ਆਦਮੀ ਪਾਰਟੀ ਨੂੰ ਪੰਜਾਬ ਬਚਾਉਣਾ ਹੈ, ਨਹੀਂ ਤਾਂ ਉਨ੍ਹਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਬਚੇਗਾ।”
ਸਬਾ ਨਕਵੀ ਇਸ ਨੂੰ ਆਮ ਆਦਮੀ ਪਾਰਟੀ ਲਈ ਹੋਂਦ ਦਾ ਸਵਾਲ ਮੰਨਦੇ ਹਨ।
ਨਕਵੀ ਕਹਿੰਦੇ ਹਨ, “ਕਾਂਗਰਸ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ ਬੀ ਟੀਮ ਕਹਿੰਦੀ ਰਹੀ ਹੈ। ਪਰ ਹੁਣ ਕੌਮੀ ਸਿਆਸਤ ਵਿੱਚ ਕਾਂਗਰਸ ਨੂੰ ਉਨ੍ਹਾਂ ਖੇਤਰੀ ਪਾਰਟੀਆਂ ਨਾਲ ਵੀ ਕੰਮ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੂੰ ਉਹ ਪਹਿਲਾਂ ਭਾਜਪਾ ਦੀ ਬੀ ਟੀਮ ਦੱਸਦੀ ਸੀ।”
ਇਸ ਦੀ ਉਦਾਹਰਣ ਦਿੰਦਿਆਂ ਉਹ ਤ੍ਰਿਣਮੂਲ ਕਾਂਗਰਸ ਦਾ ਜ਼ਿਕਰ ਕਰਦੇ ਹਨ। ਉਨ੍ਹਾਂ ਮੁਤਾਬਕ, ਕਾਂਗਰਸ ਭਾਜਪਾ ਵਿਰੁੱਧ ਵੱਡੇ ਪੱਧਰ ‘ਤੇ ਵਿਰੋਧੀ ਏਕਤਾ ਦੀ ਲੋੜ ਨੂੰ ਸਮਝਦੀ ਹੈ, ਪਰ ਆਮ ਆਦਮੀ ਪਾਰਟੀ ਨੂੰ ਸਵੀਕਾਰ ਕਰਨ ਵਿੱਚ ਉਸ ਨੂੰ ਅਜੇ ਵੀ ਮੁਸ਼ਕਿਲ ਆ ਰਹੀ ਹੈ।
ਨਕਵੀ ਕਹਿੰਦੇ ਹਨ, “ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਟਕਰਾਅ ਅਜੇ ਹੋਰ ਵਧੇਗਾ, ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਇਹ ਦਿਖਾਉਣਾ ਪਵੇਗਾ ਕਿ ਉਹ ਕਾਂਗਰਸ ਦੀ ਕੱਟੜ ਵਿਰੋਧੀ ਹੈ।”
ਪੰਜਾਬ ਵਿੱਚ ਕਿਸ ਦਾ ਪਲੜਾ ਭਾਰੀ?
ANI
ਪੰਜਾਬ ਦੀ ਸਿਆਸਤ ਨੂੰ ਨੇੜਿਓਂ ਦੇਖਣ ਵਾਲੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਮੁਤਾਬਕ, ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਧਾ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਣ ਦੀ ਸੰਭਾਵਨਾ ਹੈ।
ਉਹ ਕਹਿੰਦੇ ਹਨ, “ਦੋਵਾਂ ਦੀ ਆਪਸ ਵਿੱਚ ਸਿੱਧੀ ਟੱਕਰ ਹੈ ਅਤੇ ਮੁਕਾਬਲਾ ਇਨ੍ਹਾਂ ਦੋਵਾਂ ਵਿਚਾਲੇ ਹੀ ਹੋਵੇਗਾ। ਬਾਕੀ ਜਿਹੜੀਆਂ ਪਾਰਟੀਆਂ ਹਨ, ਜਿਵੇਂ ਅਕਾਲੀ ਦਲ ਅਤੇ ਭਾਜਪਾ, ਉਹ ਤੀਜੇ ਸਥਾਨ ‘ਤੇ ਹੋਣਗੀਆਂ।”
ਜਸਪਾਲ ਸਿੱਧੂ ਮੁਤਾਬਕ, ਪੰਜਾਬ ਵਿੱਚ ਇਸ ਵਾਰ ਦੋ ਵੱਡੇ ਮੁੱਦੇ ਨਸ਼ਿਆਂ ਦੀ ਸਮੱਸਿਆ ਅਤੇ ਗੈਂਗਸਟਰ ਕਲਚਰ ਹੋ ਸਕਦੇ ਹਨ।
ਉਹ ਕਹਿੰਦੇ ਹਨ, “ਨਸ਼ਿਆਂ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਗੈਂਗਸਟਰਾਂ ਦਾ ਵਧਦਾ ਪ੍ਰਭਾਵ ਵੀ ਲੋਕਾਂ ਦੀ ਚਿੰਤਾ ਦਾ ਵਿਸ਼ਾ ਹੈ।”
ਜਸਪਾਲ ਸਿੱਧੂ ਦਾ ਮੰਨਣਾ ਹੈ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਪਿੱਛੇ ਕਈ ਹਾਲਾਤ ਸਨ। ਕਿਸਾਨ ਅੰਦੋਲਨ ਤੋਂ ਬਾਅਦ ਬਣੇ ਮਾਹੌਲ, ਕਾਂਗਰਸ ਦੀ ਅੰਦਰੂਨੀ ਕਲੇਸ਼ ਅਤੇ ਅਕਾਲੀ ਦਲ ਵਿਰੁੱਧ ਨਾਰਾਜ਼ਗੀ ਨੇ ਪਾਰਟੀ ਨੂੰ ਫ਼ਾਇਦਾ ਪਹੁੰਚਾਇਆ।
ਉਹ ਕਹਿੰਦੇ ਹਨ ਕਿ ਕਾਂਗਰਸ ਦੀ ਅੰਦਰੂਨੀ ਲੜਾਈ ਨੇ ਇੱਕ ਸਿਆਸੀ ਖਲਾਅ ਪੈਦਾ ਕੀਤਾ, ਜਿਸ ਦਾ ਫ਼ਾਇਦਾ ਆਮ ਆਦਮੀ ਪਾਰਟੀ ਨੂੰ ਮਿਲਿਆ।
ਪਰ ਜਸਪਾਲ ਸਿੱਧੂ ਮੁਤਾਬਕ, ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਅਜਿਹੀ ਕੋਈ ਲਹਿਰ ਨਹੀਂ ਹੈ, ਜਿਹੋ ਜਿਹੀ ਪਿਛਲੀਆਂ ਚੋਣਾਂ ਵਿੱਚ ਸੀ।
ਉਨ੍ਹਾਂ ਮੁਤਾਬਕ, ਪੰਜਾਬ ਵਿੱਚ ਕਾਂਗਰਸ ਦਾ ਸੰਗਠਨਾਤਮਕ ਢਾਂਚਾ ਆਮ ਆਦਮੀ ਪਾਰਟੀ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ।
ਉਹ ਕਹਿੰਦੇ ਹਨ, “ਕਾਂਗਰਸ ਬਿਹਤਰ ਸਥਿਤੀ ਵਿੱਚ ਹੈ, ਕਿਉਂਕਿ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਪਿਛਲੇ 50-60 ਸਾਲਾਂ ਤੋਂ ਉਸ ਦਾ ਮਜ਼ਬੂਤ ਨੈੱਟਵਰਕ ਬਣਿਆ ਹੋਇਆ ਹੈ।”
ਜਸਪਾਲ ਸਿੱਧੂ ਮੁਤਾਬਕ, ਆਮ ਆਦਮੀ ਪਾਰਟੀ ਕੋਲ ਕਾਂਗਰਸ ਵਰਗਾ ਕੈਡਰ ਨੈੱਟਵਰਕ ਨਹੀਂ ਹੈ। ਇਸ ਲਈ ਉਹ ਸੋਸ਼ਲ ਮੀਡੀਆ ਅਤੇ ਬਿਆਨਾਂ ਰਾਹੀਂ ਕਾਂਗਰਸ ਨੂੰ ਨਿਸ਼ਾਨਾ ਬਣਾ ਕੇ ਮੁਕਾਬਲੇ ਨੂੰ ਸਿੱਧਾ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਲਾਂਕਿ, ਉਹ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਕੁਝ ਯੋਜਨਾਵਾਂ ਅਜੇ ਵੀ ਉਸ ਦੀ ਸਿਆਸੀ ਤਾਕਤ ਹਨ।
ਇਨ੍ਹਾਂ ਵਿੱਚ ਮੁਫ਼ਤ ਬਿਜਲੀ, ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ, ਖੇਤੀਬਾੜੀ ਲਈ ਟਿਊਬਵੈੱਲਾਂ ਦੀ ਰਿਆਇਤੀ ਬਿਜਲੀ ਅਤੇ ਮੰਡੀਆਂ ਵਿੱਚ ਫ਼ਸਲਾਂ ਦੀ ਖ਼ਰੀਦ ਸ਼ਾਮਿਲ ਹਨ।
ਜਸਪਾਲ ਸਿੱਧੂ ਮੁਤਾਬਕ, ਪੇਂਡੂ ਪੰਜਾਬ ਵਿੱਚ ਭਗਵੰਤ ਮਾਨ ਦਾ ਅਕਸ ਓਨਾ ਖ਼ਰਾਬ ਨਹੀਂ ਹੈ, ਜਿੰਨੀ ਆਲੋਚਨਾ ਸ਼ਹਿਰੀ ਅਤੇ ਪੜ੍ਹੇ-ਲਿਖੇ ਵਰਗ ਵਿੱਚ ਦੇਖਣ ਨੂੰ ਮਿਲਦੀ ਹੈ।
‘ਆਪ’ ਲਈ ਹੋਂਦ ਦੀ ਲੜਾਈ?
ANI
ਪੰਜਾਬ ਦੀ ਚੋਣ ਆਮ ਆਦਮੀ ਪਾਰਟੀ ਲਈ ਸਿਰਫ਼ ਇੱਕ ਸੂਬੇ ਦੀ ਸੱਤਾ ਬਚਾਉਣ ਦੀ ਚੋਣ ਨਹੀਂ ਹੈ।
ਦਿੱਲੀ ਵਿੱਚ ਸੱਤਾ ਗੁਆਉਣ ਅਤੇ ਰਾਜ ਸਭਾ ਮੈਂਬਰਾਂ ਦੇ ਪਾਰਟੀ ਛੱਡਣ ਤੋਂ ਬਾਅਦ ਪੰਜਾਬ ਹੀ ਉਹ ਸੂਬਾ ਹੈ, ਜਿੱਥੇ ਆਮ ਆਦਮੀ ਪਾਰਟੀ ਕੋਲ ਸਰਕਾਰ, ਸਿਆਸੀ ਸਰੋਤ ਅਤੇ ਪਾਰਟੀ ਦਾ ਸੰਗਠਨ ਚਲਾਉਣ ਲਈ ਸਭ ਤੋਂ ਵੱਡਾ ਆਧਾਰ ਹੈ।
ਹੇਮੰਤ ਅੱਤਰੀ ਮੁਤਾਬਕ, ਪਾਰਟੀ ਦੀ ਵਿੱਤੀ ਸਥਿਰਤਾ ਵੀ ਪੰਜਾਬ ਦੀ ਸੱਤਾ ਨਾਲ ਜੁੜੀ ਹੋਈ ਹੈ।
ਉਹ ਕਹਿੰਦੇ ਹਨ, “ਆਮ ਆਦਮੀ ਪਾਰਟੀ ਦੇ ਸਿਆਸੀ ਤੌਰ ‘ਤੇ ਬਚੇ ਰਹਿਣ ਲਈ ਜਿਹੜੇ ਸਰੋਤ ਹਨ ਅਤੇ ਇੱਕ ਪਾਰਟੀ ਨੂੰ ਚਲਾਉਣ ਲਈ ਜਿਨ੍ਹਾਂ ਚੀਜ਼ਾਂ ਦੀ ਲੋੜ ਹੁੰਦੀ ਹੈ, ਉਹ ਸਭ ਕੁਝ ਪੰਜਾਬ ਤੋਂ ਹੀ ਆ ਰਿਹਾ ਹੈ।”
ਉਨ੍ਹਾਂ ਮੁਤਾਬਕ, ਜੇਕਰ ਪੰਜਾਬ ਵਿੱਚ ਸਰਕਾਰ ਚਲੀ ਜਾਂਦੀ ਹੈ ਤਾਂ ਪਾਰਟੀ ਸਾਹਮਣੇ ਵਿੱਤੀ ਸਥਿਰਤਾ ਦਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।
ਜਸਪਾਲ ਸਿੱਧੂ ਵੀ ਇਸ ਨੂੰ ਆਮ ਆਦਮੀ ਪਾਰਟੀ ਲਈ ਆਪਣੀ ਹੋਂਦ ਬਚਾਉਣ ਦੀ ਲੜਾਈ ਮੰਨਦੇ ਹਨ।
ਹਾਲਾਂਕਿ ਉਹ ਕਹਿੰਦੇ ਹਨ, “ਪਾਰਟੀ ਕੋਲ ਆਪਣੀ ਸਰਕਾਰ ਦੀਆਂ ਯੋਜਨਾਵਾਂ ਅਤੇ ਪੇਂਡੂ ਇਲਾਕਿਆਂ ਵਿੱਚ ਭਗਵੰਤ ਮਾਨ ਦੀ ਮੌਜੂਦ ਸਵੀਕਾਰਤਾ ਦੇ ਰੂਪ ਵਿੱਚ ਕੁਝ ਸਿਆਸੀ ਤਾਕਤ ਅਜੇ ਵੀ ਹੈ।”
ਇਸ ਲਈ ਪੰਜਾਬ ਵਿੱਚ ਚੋਣ ਮੁਕਾਬਲਾ ਸਿਰਫ਼ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਦਾ ਨਹੀਂ ਹੋਵੇਗਾ, ਸਗੋਂ ਇਹ ਵੀ ਤੈਅ ਕਰੇਗਾ ਕਿ ਆਮ ਆਦਮੀ ਪਾਰਟੀ ਆਪਣੀ ਸੱਤਾ ਅਤੇ ਸੰਗਠਨ ਨੂੰ ਕਿੰਨੀ ਮਜ਼ਬੂਤੀ ਨਾਲ ਬਚਾ ਪਾਉਂਦੀ ਹੈ।
ਕੌਮੀ ਸਿਆਸਤ ਵਿੱਚ ਵਿਰੋਧੀ ਏਕਤਾ ਦਾ ਕੀ ਬਣੇਗਾ?
ANI
ਪੰਜਾਬ ਦੀ ਲੜਾਈ ਦਾ ਅਸਰ ਕੌਮੀ ਸਿਆਸਤ ‘ਤੇ ਵੀ ਪੈ ਸਕਦਾ ਹੈ।
ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਨੇ ਵੱਖ-ਵੱਖ ਸਮੇਂ ‘ਤੇ ਭਾਜਪਾ ਵਿਰੁੱਧ ਵਿਰੋਧੀ ਏਕਤਾ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਪਰ ਦੋਵਾਂ ਵਿਚਾਲੇ ਸਿਆਸੀ ਮੁਕਾਬਲਾ ਇੰਨਾ ਡੂੰਘਾ ਹੈ ਕਿ ਇੱਕ ਸਾਂਝੇ ਮੰਚ ‘ਤੇ ਉਨ੍ਹਾਂ ਦੀ ਮੌਜੂਦਗੀ ਵੀ ਕਈ ਵਾਰ ਅਸਹਿਜ ਰਹੀ ਹੈ।
ਕਾਂਗਰਸ ਦੀ ਦਲੀਲ ਰਹੀ ਹੈ ਕਿ ਆਮ ਆਦਮੀ ਪਾਰਟੀ ਉਨ੍ਹਾਂ ਸੂਬਿਆਂ ਵਿੱਚ ਚੋਣ ਲੜ ਕੇ ਵਿਰੋਧੀ ਧਿਰ ਦੀਆਂ ਵੋਟਾਂ ਵੰਡਦੀ ਹੈ, ਜਿੱਥੇ ਕਾਂਗਰਸ ਭਾਜਪਾ ਨੂੰ ਚੁਣੌਤੀ ਦੇ ਰਹੀ ਹੁੰਦੀ ਹੈ।
ਉੱਧਰ, ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕਾਂਗਰਸ ਖ਼ੁਦ ਭਾਜਪਾ ਨੂੰ ਚੁਣੌਤੀ ਦੇਣ ਵਿੱਚ ਨਾਕਾਮ ਰਹੀ ਹੈ ਅਤੇ ਉਸ ਨੂੰ ਖੇਤਰੀ ਪਾਰਟੀਆਂ ਨਾਲ ਸਿਆਸੀ ਮੁਕਾਬਲੇ ਦੀ ਬਜਾਏ ਸਹਿਯੋਗ ਕਰਨਾ ਚਾਹੀਦਾ ਹੈ।
ਹੇਮੰਤ ਅੱਤਰੀ ਕਹਿੰਦੇ ਹਨ, “ਕੌਮੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਅਜਿਹੀ ਨਹੀਂ ਹੈ ਕਿ ਉਸ ਤੋਂ ਬਿਨਾਂ ਵਿਰੋਧੀ ਧਿਰ ਦੀ ਸਿਆਸਤ ਦਾ ਕੋਈ ਵੱਡਾ ਸਮੀਕਰਨ ਪ੍ਰਭਾਵਿਤ ਹੋਵੇ।”
ਉਨ੍ਹਾਂ ਦੇ ਮੁਲਾਂਕਣ ਮੁਤਾਬਕ, ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧੀ ਸਿਆਸੀ ਲੜਾਈ ਹੈ ਅਤੇ ਦੂਜੀਆਂ ਪਾਰਟੀਆਂ ਆਪਣੀ ਸਿਆਸੀ ਸਹੂਲਤ ਮੁਤਾਬਕ ਇਨ੍ਹਾਂ ਦੋਵਾਂ ਦੇ ਆਲੇ-ਦੁਆਲੇ ਰਹਿੰਦੀਆਂ ਹਨ।
ਉੱਧਰ, ਸਬਾ ਨਕਵੀ ਦਾ ਮੰਨਣਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੌਜੂਦਾ ਦੂਰੀ ਨੂੰ ਸਿਰਫ਼ ਆਗੂਆਂ ਦੇ ਨਿੱਜੀ ਬਿਆਨਾਂ ਜਾਂ ਸੋਸ਼ਲ ਮੀਡੀਆ ਦੀ ਲੜਾਈ ਵਜੋਂ ਨਹੀਂ ਦੇਖਣਾ ਚਾਹੀਦਾ। ਇਹ ਦੋਵਾਂ ਪਾਰਟੀਆਂ ਵਿਚਾਲੇ ਸਿਆਸੀ ਥਾਂ ਅਤੇ ਲੀਡਰਸ਼ਿਪ ਦੀ ਲੜਾਈ ਵੀ ਹੈ।
ਅਜਿਹੇ ਵਿੱਚ ਸਵਾਲ ਸਿਰਫ਼ ਇਹ ਨਹੀਂ ਹੈ ਕਿ 2027 ਵਿੱਚ ਪੰਜਾਬ ਵਿੱਚ ਕਿਸ ਦੀ ਸਰਕਾਰ ਬਣੇਗੀ।
ਸਵਾਲ ਇਹ ਵੀ ਹੈ ਕਿ ਕੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੀ ਸੱਤਾ ਬਚਾ ਕੇ ਕੌਮੀ ਸਿਆਸਤ ਵਿੱਚ ਆਪਣੀ ਅਹਿਮੀਅਤ ਬਣਾਈ ਰੱਖ ਸਕੇਗੀ ਅਤੇ ਕੀ ਕਾਂਗਰਸ ਉਸ ਨੂੰ ਭਾਜਪਾ ਵਿਰੁੱਧ ਕਿਸੇ ਵਿਆਪਕ ਵਿਰੋਧੀ ਗੱਠਜੋੜ ਵਿੱਚ ਮੁੜ ਸਵੀਕਾਰ ਕਰਨ ਲਈ ਤਿਆਰ ਹੋਵੇਗੀ।
ਫ਼ਿਲਹਾਲ ਦੋਵਾਂ ਪਾਰਟੀਆਂ ਵਿਚਾਲੇ ਜਿਸ ਤਰ੍ਹਾਂ ਦੀ ਤਲਖ਼ੀ ਦਿਖਾਈ ਦੇ ਰਹੀ ਹੈ, ਉਸ ਤੋਂ ਨੇੜਲੇ ਭਵਿੱਖ ਵਿੱਚ ਕਿਸੇ ਸਿਆਸੀ ਸਮਝੌਤੇ ਦੀ ਸੰਭਾਵਨਾ ਘੱਟ ਹੀ ਨਜ਼ਰ ਆਉਂਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



