Home rss national punjabi2ਰਾਸ਼ਟਰੀ ਖ਼ਬਰਾਂ ਇੰਟਰਮਿਟੇਂਟ ਫਾਸਟਿੰਗ ਦੇ ਕੀ ਸੱਚਮੁੱਚ ਫਾਇਦੇ ਹਨ ਜਾਂ ਫਿਰ ਇਸ ਨੂੰ ਵਧਾ-ਚੜ੍ਹਾ...

ਇੰਟਰਮਿਟੇਂਟ ਫਾਸਟਿੰਗ ਦੇ ਕੀ ਸੱਚਮੁੱਚ ਫਾਇਦੇ ਹਨ ਜਾਂ ਫਿਰ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ

3
0

Source :- BBC PUNJABI

ਇੰਟਰਮਿਟੇਂਟ ਫਾਸਟਿੰਗ

ਤਸਵੀਰ ਸਰੋਤ, Getty Images

ਇਹ ਸਾਬਤ ਕਰਨਾ ਕਿ ਇੰਟਰਮਿਟੇਂਟ ਫਾਸਟਿੰਗ ਪ੍ਰਭਾਵਸ਼ਾਲੀ ਹੈ, ਜੀਵਨਸ਼ੈਲੀ ਨਾਲ ਜੁੜੇ ਕਿਸੇ ਵੀ ਹੋਰ ਬਦਲਾਅ ਵਾਂਗ, ਬਹੁਤ ਮੁਸ਼ਕਿਲ ਹੈ। ਪਰ ਨਵੀਆਂ ਤਕਨੀਕਾਂ ਇਹ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ ਕਿ ਕੀ ਪ੍ਰਭਾਵਸ਼ਾਲੀ ਹੈ ਅਤੇ ਕੀ ਨਹੀਂ।

ਹਰ ਕੁਝ ਮਹੀਨਿਆਂ ਬਾਅਦ ਇੰਟਰਮਿਟੇਂਟ ਫਾਸਟਿੰਗ ਦੇ ਫਾਇਦਿਆਂ ਨੂੰ ਲੈ ਕੇ ਇੱਕ ਨਵੀਂ ਬਹਿਸ ਛਿੜ ਜਾਂਦੀ ਹੈ।

ਇਹ ਡਾਈਟ ਦਾ ਪ੍ਰਚਲਿਤ ਅਤੇ ਵਿਆਪਕ ਤੌਰ ‘ਤੇ ਅਪਣਾਇਆ ਜਾਣ ਵਾਲਾ ਤਰੀਕਾ ਹੈ, ਜਿਸ ਵਿੱਚ ਲੋਕ ਜਾਂ ਤਾਂ ਹਫ਼ਤੇ ਦੇ ਕੁਝ ਦਿਨ ਭੋਜਨ ਨਹੀਂ ਕਰਦੇ ਜਾਂ ਦਿਨ ਦੇ ਸਿਰਫ਼ ਕੁਝ ਨਿਰਧਾਰਤ ਘੰਟਿਆਂ ਦੌਰਾਨ ਹੀ ਭੋਜਨ ਕਰਦੇ ਹਨ। ਇਸ ਬਾਰੇ ਇਹ ਧਾਰਨਾ ਬਣ ਗਈ ਹੈ ਕਿ ਆਮ ਤੌਰ ‘ਤੇ ਕੈਲਰੀਜ਼ ਘਟਾਉਣ ਵਾਲੀ ਡਾਈਟ ਦੇ ਮੁਕਾਬਲੇ ਇਸ ਤਰੀਕੇ ਨਾਲ ਭਾਰ ਘਟਾਉਣਾ ਆਸਾਨ ਹੋ ਸਕਦਾ ਹੈ।

ਪਰ ਇੰਟਰਮਿਟੇਂਟ ਫਾਸਟਿੰਗ ਦੇ ਜੋ ਫਾਇਦੇ ਦੱਸੇ ਜਾਂਦੇ ਹਨ ਉਹ ਸਿਰਫ਼ ਭਾਰ ਘਟਾਉਣ ਤੱਕ ਹੀ ਸੀਮਤ ਨਹੀਂ ਹਨ। ਬਲਕਿ ਇਸ ਤੋਂ ਵੀ ਵੱਧ ਦੱਸੇ ਜਾਂਦੇ ਹਨ। ਉਦਾਹਰਣ ਵਜੋਂ ਕੈਂਸਰ ਅਤੇ ਸੋਚਣ-ਸਮਝਣ ਦੀ ਸਮਰੱਥਾ ਵਿੱਚ ਆਉਣ ਵਾਲੀ ਕਮੀ ਦੇ ਖਤਰੇ ਨੂੰ ਘਟਾਉਣਾ। ਸ਼ਾਇਦ ਇਹੀ ਕਾਰਨ ਹੈ ਕਿ ਇਹ ਤਰੀਕਾ ਇੰਨਾ ਪ੍ਰਚਲਿਤ ਹੋ ਗਿਆ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਹਾਲਾਂਕਿ, ਹਾਲ ਹੀ ਵਿੱਚ ਹੋਈਆਂ ਖੋਜਾਂ ਨੇ ਇਨ੍ਹਾਂ ਦਾਅਵਿਆਂ ਦੀ ਮਜ਼ਬੂਤੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਕੁਝ ਅਧਿਐਨਾਂ ਮੁਤਾਬਕ ਇੰਟਰਮਿਟੇਂਟ ਫਾਸਟਿੰਗ ਨੂੰ ਹੋਰ ਡਾਈਟਸ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਦੱਸਿਆ ਗਿਆ ਹੈ, ਜਦੋਂਕਿ ਕੁਝ ਵਿੱਚ ਇਹ ਘੱਟ ਪ੍ਰਭਾਵਸ਼ਾਲੀ ਪਾਈ ਗਈ ਹੈ। ਇੱਕ ਅਧਿਐਨ ਨੇ ਤਾਂ ਇਹ ਵੀ ਸੁਝਾਅ ਦਿੱਤਾ ਹੈ ਕਿ ਇਹ ਤਰੀਕਾ ਨੁਕਸਾਨਦੇਹ ਹੋ ਸਕਦਾ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਵਧਾ ਸਕਦਾ ਹੈ।

ਸ਼ਿਕਾਗੋ ਸਥਿਤ ਯੂਨੀਵਰਸਿਟੀ ਆਫ ਇਲਿਨੋਇਸ ਵਿੱਚ ਪੋਸ਼ਣ ਵਿਗਿਆਨ ਦੇ ਪ੍ਰੋਫੈਸਰ ਕ੍ਰਿਸਟਾ ਵੈਰਾਡੀ ਕਹਿੰਦੇ ਹਨ ਕਿ ਵਿਗਿਆਨੀ ਵੀ ਹਰ ਗੱਲ ‘ਤੇ ਇੱਕੋ ਜਿਹੀ ਰਾਇ ਨਹੀਂ ਰੱਖਦੇ, ਸੋਸ਼ਲ ਮੀਡੀਆ ਦੇ ਇਨਫਲੂਐਂਸਰਸ ਦੀ ਗੱਲ ਤਾਂ ਛੱਡੋ। ਉਨ੍ਹਾਂ ਦੇ ਸ਼ਬਦਾਂ ਵਿੱਚ, “ਇਹ ਕੋਈ ਜਾਦੂ ਨਹੀਂ ਹੈ।”

ਤਾਂ ਫਿਰ ਸਵਾਲ ਇਹ ਹੈ ਕਿ ਕੀ ਇੰਟਰਮਿਟੇਂਟ ਫਾਸਟਿੰਗ ਦੇ ਫਾਇਦਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ? ਜਾਂ ਇਹ ਇੱਕ ਅਜਿਹਾ ਤਰੀਕਾ ਹੈ ਜੋ ਸਾਡੀ ਉਮਰ ਵਧਾਉਣ ਵਿੱਚ ਮਦਦ ਕਰ ਸਕਦਾ ਹੈ ? ਅਤੇ ਇਸ ਬਾਰੇ ਖੋਜ ਦੇ ਨਤੀਜੇ ਇੰਨੇ ਵੱਖਰੇ ਕਿਉਂ ਹਨ ?

ਕਈ ਖੋਜਕਰਤਾਵਾਂ ਮੁਤਾਬਕ ਵਧੇਰੇ ਭਰੋਸੇਯੋਗ ਅੰਕੜੇ ਪ੍ਰਾਪਤ ਕਰਨ ਵਿੱਚ ਸਭ ਤੋਂ ਵੱਡੀ ਰੁਕਾਵਟ ਇੱਕ ਅਜਿਹੀ ਸਮੱਸਿਆ ਹੈ ਜਿਸ ਨੂੰ ਹੱਲ ਕਰਨਾ ਵੀ ਸਭ ਤੋਂ ਮੁਸ਼ਕਿਲ ਹੈ।

ਕ੍ਰਿਸਟਾ ਵੈਰਾਡੀ ਕਹਿੰਦੇ ਹਨ, “ਸਾਨੂੰ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੁੰਦੀ ਕਿ ਲੋਕ ਅਸਲ ਵਿੱਚ ਕੀ ਖਾ ਰਹੇ ਹਨ। ਅਤੇ ਇਹ ਸਮੱਸਿਆ ਸਿਰਫ਼ ਇੰਟਰਮਿਟੇਂਟ ਫਾਸਟਿੰਗ ਤੱਕ ਸੀਮਤ ਨਹੀਂ, ਸਗੋਂ ਖੁਰਾਕ ਨਾਲ ਜੁੜੀਆਂ ਲਗਭਗ ਸਾਰੀਆਂ ਖੋਜਾਂ ‘ਤੇ ਲਾਗੂ ਹੁੰਦੀ ਹੈ।”

ਖਾਣ-ਪੀਣ ਨਾਲ ਜੁੜੀਆਂ ਪੁਰਾਤਨ ਆਦਤਾਂ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਇੰਟਰਮਿਟੇਂਟ ਫਾਸਟਿੰਗ ਨੂੰ ਉਸ ਤਰੀਕੇ ਦੀ ਝਲਕ ਮੰਨਿਆ ਜਾਂਦਾ ਹੈ, ਜਿਸ ਤਹਿਤ ਸਾਡੇ ਪੂਰਵਜਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵਿਕਸਿਤ ਹੋਈਆਂ ਸਨ।

ਬਾਲਟੀਮੋਰ ਸਥਿਤ ਜੌਹਨਜ਼ ਹੌਪਕਿਨਸ ਯੂਨੀਵਰਸਿਟੀ ਦੇ ਨਿਊਰੋਸਾਇੰਟਿਸਟ ਮਾਰਕ ਮੈਟਸਨ, ਜਿਨ੍ਹਾਂ ਦਾ ਕੰਮ ਇਸ ਖੇਤਰ ਦੀ ਬੁਨਿਆਦ ਰੱਖਣ ਵਾਲੀਆਂ ਖੋਜਾਂ ਵਿੱਚ ਸ਼ਾਮਿਲ ਰਿਹਾ ਹੈ, ਕਹਿੰਦੇ ਹਨ, “ਅਸੀਂ ਅਜਿਹੇ ਮਾਹੌਲ ਵਿੱਚ ਵਿਕਸਿਤ ਨਹੀਂ ਹੋਏ ਜਿੱਥੇ ਅਸੀਂ ਦਿਨ ਵਿੱਚ ਤਿੰਨ ਵਾਰ ਖਾਣਾ ਅਤੇ ਦੋ ਵਾਰ ਸਨੈਕਸ ਖਾਂਦੇ ਹੋਈਏ।”

ਭੁੱਖੇ ਰਹਿਣ ਨਾਲ ਸਰੀਰ ਦਾ ਮੈਟਾਬੋਲਿਜ਼ਮ ਪਹਿਲਾਂ ਸ਼ੂਗਰ ਨੂੰ ਤੋੜ ਕੇ ਊਰਜਾ ਬਣਾਉਣ ਦੀ ਪ੍ਰਕਿਰਿਆ, ਜਿਸ ਨੂੰ ਗਲਾਈਕੋਲਿਸਿਸ ਕਿਹਾ ਜਾਂਦਾ ਹੈ, ਤੋਂ ਬਦਲ ਕੇ ਖੂਨ ਵਿੱਚ ਮੌਜੂਦ ਚਰਬੀ ਨੂੰ ਊਰਜਾ ਵਜੋਂ ਵਰਤਣ ਲੱਗਦਾ ਹੈ। ਇਸ ਮੈਟਾਬੋਲਿਕ ਬਦਲਾਅ ਨਾਲ ਕੋਸ਼ਿਕਾਵਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਵੀ ਤਬਦੀਲੀ ਆਉਂਦੀ ਹੈ।

ਸਿਹਤਮੰਦ ਕੋਸ਼ਿਕਾਵਾਂ ਪੁਰਾਣੇ ਅਤੇ ਖਰਾਬ ਹੋ ਚੁੱਕੇ ਪ੍ਰੋਟੀਨ ਨੂੰ ਰੀਸਾਈਕਲ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਇਸ ਪ੍ਰਕਿਰਿਆ ਨੂੰ ਆਟੋਫੈਜੀ ਕਿਹਾ ਜਾਂਦਾ ਹੈ, ਜਿਸ ਜ਼ਰੀਏ ਕੋਸ਼ਿਕਾਵਾਂ ਨੂੰ ਮੁੜ ਤੰਦਰੁਸਤ ਕੀਤਾ ਜਾਂਦਾ ਹੈ।

ਸਿਧਾਂਤਕ ਤੌਰ ‘ਤੇ, ਇਹੀ ਪ੍ਰਕਿਰਿਆ ਇੰਟਰਮਿਟੇਂਟ ਫਾਸਟਿੰਗ ਨਾਲ ਜੁੜੇ ਦੱਸੇ ਜਾਂਦੇ ਸਿਹਤ ਲਾਭਾਂ ਦਾ ਆਧਾਰ ਬਣਦੀ ਹੈ। ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਪ੍ਰਭਾਵਸ਼ਾਲੀ ਸਮੀਖਿਆ ਵਿੱਚ ਮੈਟਸਨ ਨੇ ਇਸ ਮੈਟਾਬੋਲਿਕ ਬਦਲਾਅ ਨੂੰ ਲੰਬੀ ਉਮਰ ਅਤੇ ਡਾਇਬਟੀਜ਼ ਅਤੇ ਕੈਂਸਰ ਸਮੇਤ ਕਈ ਬਿਮਾਰੀਆਂ ਦੀ ਘੱਟ ਦਰ ਨਾਲ ਜੋੜਿਆ ਸੀ।

ਪਰ ਇਸ ਵਿੱਚ ਸਿਰਫ਼ ਇੱਕ ਸਮੱਸਿਆ ਹੈ। ਇਸ ਸਿਧਾਂਤ ਦੇ ਸਭ ਤੋਂ ਸਟੀਕ ਸਬੂਤ ਚੂਹਿਆਂ, ਮੱਖੀਆਂ ਅਤੇ ਕੀੜਿਆਂ ‘ਤੇ ਕੀਤੇ ਗਏ ਅਧਿਐਨਾਂ ਤੋਂ ਮਿਲੇ ਹਨ। ਇਨ੍ਹਾਂ ਜੀਵਾਂ ਲਈ ਇੰਟਰਮਿਟੇਂਟ ਫਾਸਟਿੰਗ ਕਾਫੀ ਪ੍ਰਭਾਵਸ਼ਾਲੀ ਸੀ।

ਚੂਹਿਆਂ ਦੇ ਇੱਕ ਸਮੂਹ ਨੂੰ ਦੂਜੇ ਸਮੂਹ ਦੇ ਬਰਾਬਰ ਹੀ ਕੈਲੋਰੀਜ਼ ਦਿੱਤੀਆਂ ਗਈਆਂ ਹਾਲਾਂਕਿ ਉਨ੍ਹਾਂ ਦੇ ਖਾਣ ਦੇ ਘੰਟੇ ਸੀਮਿਤ ਰੱਖੇ ਗਏ ਜਦੋਂਕਿ ਚੂਹਿਆਂ ਦੇ ਦੂਜੇ ਸਮੂਹ ‘ਤੇ ਅਜਿਹੀ ਕੋਈ ਬੰਦਿਸ਼ ਨਹੀਂ ਸੀ। ਚੂਹਿਆਂ ਦੇ ਜਿਹੜੇ ਸਮੂਹ ਦੇ ਖਾਣ ਦੇ ਘੰਟੇ ਸੀਮਿਤ ਰੱਖੇ ਗਏ ਉਹ ਲੰਬੇ ਸਮੇਂ ਤੱਕ ਪਤਲੇ ਅਤੇ ਸਿਹਤਮੰਦ ਰਹੇ, ਜਦੋਂਕਿ ਆਪਣੀ ਮਰਜ਼ੀ ਨਾਲ ਕਿਸੇ ਵੀ ਸਮੇਂ ਖਾਣ ਵਾਲੇ ਚੂਹੇ ਮੋਟਾਪੇ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਗਏ।

ਹਾਲਾਂਕਿ ਮਨੁੱਖਾਂ ‘ਤੇ ਕੀਤੇ ਗਏ ਅਧਿਐਨਾਂ ਤੋਂ ਮਿਲੇ ਸਬੂਤ ਇੰਨੇ ਸਪੱਸ਼ਟ ਨਹੀਂ ਹਨ।

ਚੂਹਿਆਂ ਅਤੇ ਮਨੁੱਖਾਂ ਵਿੱਚ ਫਰਕ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਮੋਟਾਪੇ ‘ਤੇ ਇਸ ਦੇ ਪ੍ਰਭਾਵ ਨੂੰ ਹੀ ਦੇਖ ਲਓ। ਵੈਰਾਡੀ ਮੁਤਾਬਕ ਇੰਟਰਮਿਟੇਂਟ ਫਾਸਟਿੰਗ ਦੀ ਕਿਸਮ ਦੇ ਆਧਾਰ ‘ਤੇ ਮਨੁੱਖਾਂ ਵਿੱਚ ਇਸ ਨਾਲ ਲਗਭਗ 5 ਫੀਸਦੀ ਭਾਰ ਘੱਟ ਸਕਦਾ ਹੈ।

ਉਨ੍ਹਾਂ ਮੁਤਾਬਕ ਇਹ ਨਤੀਜਾ ਕਿਸੇ ਵੀ ਹੋਰ ਡਾਈਟ ਦੇ ਤਰੀਕੇ ਜਿੰਨਾ ਹੀ ਪ੍ਰਭਾਵਸ਼ਾਲੀ ਹੈ। ਪਰ ਮਨੁੱਖਾਂ ‘ਤੇ ਹੋਈ ਖੋਜ ਅਜੇ ਤੱਕ ਚੂਹਿਆਂ ਵਿੱਚ ਦੇਖੇ ਗਏ ਸਪੱਸ਼ਟ ਨਤੀਜਿਆਂ ਜਾਂ ਸੋਸ਼ਲ ਮੀਡੀਆ ‘ਤੇ ਕੀਤੇ ਜਾਂਦੇ ਦਾਅਵਿਆਂ ਨੂੰ ਸਾਬਿਤ ਨਹੀਂ ਕਰ ਸਕੀ ਹੈ।

ਇੰਟਰਮਿਟੇਂਟ ਫਾਸਟਿੰਗ ਨਾਲ ਘੱਟਣ ਵਾਲਾ ਥੋੜ੍ਹਾ ਜਿਹਾ ਭਾਰ ਵੀ ਨਿਸ਼ਚਿਤ ਤੌਰ ‘ਤੇ ਮੈਟਾਬੋਲਿਜ਼ਮ ਨਾਲ ਜੁੜੇ ਕੁਝ ਲਾਭ ਦੇ ਸਕਦਾ ਹੈ।

ਵੈਰਾਡੀ ਕਹਿੰਦੇ ਹਨ ਕਿ ਮੈਟਾਬੋਲਿਜ਼ਮ ਨਾਲ ਜੁੜੇ ਕੁਝ ਜ਼ੋਖਮ ਜਿਵੇਂ ਕੋਲੇਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਦੇ ਸੰਕੇਤਾਂ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ। ਇਹ ਪੋਲੀਸਿਸਟਿਕ ਓਵਰੀ ਸਿੰਡਰੋਮ (PCOS) ਦੇ ਲੱਛਣਾਂ ਨੂੰ ਘਟਾਉਣ ਵਿੱਚ ਵੀ ਮਦਦਗਾਰ ਦਿਖਾਈ ਦਿੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਇੰਟਰਮਿਟੇਂਟ ਫਾਸਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਜ਼ਿਆਦਾ ਗੈਰ-ਸਿਹਤਮੰਦ ਹੁੰਦਾ ਹੈ, ਉਸ ਨੂੰ ਸੰਭਾਵਿਤ ਤੌਰ ‘ਤੇ ਉਨੇ ਹੀ ਵੱਧ ਸਿਹਤ ਲਾਭ ਮਿਲ ਸਕਦੇ ਹਨ।

ਪਰ ਮਨੁੱਖਾਂ ਵਿੱਚ ਇਹ ਲਾਭ ਵੀ ਆਮ ਤੌਰ ‘ਤੇ ਚੂਹਿਆਂ ਵਿੱਚ ਦੇਖੇ ਗਏ ਨਤੀਜਿਆਂ ਨਾਲੋਂ ਘੱਟ ਸਪੱਸ਼ਟ ਹੁੰਦੇ ਹਨ।

ਇਸ ਤੋਂ ਇਲਾਵਾ, ਇੰਟਰਮਿਟੇਂਟ ਫਾਸਟਿੰਗ ਦੇ ਵਧੇਰੇ ਸਖ਼ਤ ਤਰੀਕੇ—ਜਿਵੇਂ ਇੱਕ ਦਿਨ ਛੱਡ ਕੇ ਖਾਣਾ—ਸਰੀਰ ਦੀ ਚਰਬੀ ਤੋਂ ਇਲਾਵਾ ਹੋਰ ਟਿਸ਼ੂਆਂ ਨੂੰ ਘਟਾ ਸਕਦੇ ਹਨ। ਇਸ ਕਾਰਨ ਵਿਅਕਤੀ ਦੀ ਮੈਟਾਬੋਲਿਕ ਸਿਹਤ ‘ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।

ਦਿਮਾਗੀ ਸਮਰੱਥਾ ਜਾਂ ਸੋਚਣ-ਸਮਝਣ ਦੀ ਯੋਗਤਾ ਵਿੱਚ ਸੁਧਾਰ ਦੇ ਦਾਅਵਿਆਂ ਬਾਰੇ ਵੀ ਕੁਝ ਅਜਿਹੀ ਹੀ ਸਥਿਤੀ ਸਾਹਮਣੇ ਆਉਂਦੀ ਹੈ; ਚੂਹਿਆਂ ਅਤੇ ਮਨੁੱਖਾਂ ‘ਤੇ ਕੀਤੇ ਗਏ ਅਧਿਐਨਾਂ ਦੇ ਨਤੀਜਿਆਂ ਵਿੱਚ ਇੱਕ ਸਪੱਸ਼ਟ ਫਰਕ ਹੈ।

ਕੈਂਸਰ ਨਾਲ ਸਬੰਧਤ ਖੋਜ ਵੀ ਮਿਲੇ-ਜੁਲੇ ਸੰਕੇਤ ਦਿੰਦੀ ਹੈ। ਜਾਨਵਰਾਂ ‘ਤੇ ਕੀਤੇ ਗਏ ਪ੍ਰਯੋਗਾਂ ਵਿੱਚ ਇੰਟਰਮਿਟੇਂਟ ਫਾਸਟਿੰਗ ਨੂੰ ਕੈਂਸਰ ਦੀ ਰੋਕਥਾਮ ਅਤੇ ਸਰੀਰ ਨੂੰ ਜ਼ਹਿਰੀਲੀ ਕੀਮੋਥੈਰੇਪੀ ਦੇ ਪ੍ਰਭਾਵਾਂ ਨੂੰ ਵਧੇਰੇ ਸਹਿਣਯੋਗ ਬਣਾਉਣ ਨਾਲ ਜੋੜਿਆ ਗਿਆ ਸੀ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪਰ ਇੱਕ ਵੱਡੇ ਅਧਿਐਨ ਵਿੱਚ ਉਹ ਤਰੀਕਾ, ਜਿਸ ਨੇ ਚੂਹਿਆਂ ਵਿੱਚ ਕੰਮ ਕੀਤਾ ਸੀ, ਮਨੁੱਖਾਂ ਵਿੱਚ ਸਫ਼ਲ ਨਹੀਂ ਹੋ ਸਕਿਆ (ਖੋਜਕਰਤਾਵਾਂ ਨੇ ਇੱਕ ਖਾਸ ਡਾਈਟ ਤਿਆਰ ਕੀਤੀ ਸੀ ਜਿਸ ਦਾ ਉਦੇਸ਼ ਲੰਬੇ ਸਮੇਂ ਤੱਕ ਭੁੱਖੇ ਰਹਿਣ ਨਾਲ ਸਰੀਰ ਵਿੱਚ ਪੈਦਾ ਹੋਣ ਵਾਲੀ ਜੈਵਿਕ ਪ੍ਰਤੀਕਿਰਿਆ ਦੀ ਨਕਲ ਕਰਨਾ ਸੀ। ਸਿਧਾਂਤਕ ਤੌਰ ‘ਤੇ ਇਸ ਨਾਲ ਸਿਹਤਮੰਦ ਕੋਸ਼ਿਕਾਵਾਂ ਵਧੇਰੇ ਮਜ਼ਬੂਤ ਹੁੰਦੀਆਂ ਹਨ, ਜਦੋਂਕਿ ਕੈਂਸਰ ਕੋਸ਼ਿਕਾਵਾਂ ਕਮਜ਼ੋਰ ਹੁੰਦੀਆਂ ਹਨ ਹਾਲਾਂਕਿ ਅਧਿਐਨ ਵਿੱਚ ਸ਼ਾਮਿਲ ਵਿਅਕਤੀਆਂ ਦੇ ਸਰੀਰ ਵਿੱਚ ਉਮੀਦ ਮੁਤਾਬਕ ਅਜਿਹਾ ਮੈਟਾਬੋਲਿਕ ਬਦਲਾਅ ਹੀ ਨਹੀਂ ਆਇਆ)

ਇਸ ਦੇ ਬਾਵਜੂਦ, 5:2 ਡਾਈਟ ਮੈਟਾਸਟੈਟਿਕ ਬ੍ਰੈਸਟ ਕੈਂਸਰ ਤੋਂ ਪੀੜਤ ਔਰਤਾਂ ਨੂੰ ਕੀਮੋਥੈਰੇਪੀ ਦੌਰਾਨ ਬਿਹਤਰ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਜੀਵਨ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ, ਸਗੋਂ ਬਿਮਾਰੀ ਦੇ ਵਧਣ ਦੀ ਰਫ਼ਤਾਰ ਵੀ ਹੌਲੀ ਹੋ ਸਕਦੀ ਹੈ।

ਇਨ੍ਹਾਂ ਉਲਝਣ ਭਰੇ ਅਤੇ ਇੱਕ-ਦੂਜੇ ਦੇ ਉਲਟ ਨਤੀਜਿਆਂ ਵਿਚਕਾਰ ਇੱਕ ਗੱਲ ਸਪੱਸ਼ਟ ਤੌਰ ‘ਤੇ ਸਾਹਮਣੇ ਆਉਂਦੀ ਹੈ: ਇੰਟਰਮਿਟੇਂਟ ਫਾਸਟਿੰਗ ਦੇ ਫਾਇਦੇ ਮਨੁੱਖਾਂ ਵਿੱਚ ਜਾਨਵਰਾਂ ਦੇ ਮੁਕਾਬਲੇ ਘੱਟ ਪ੍ਰਭਾਵਸ਼ਾਲੀ ਦਿਖਾਈ ਦਿੰਦੇ ਹਨ। ਪਰ ਕਿਉਂ ?

ਇਸ ਦਾ ਇੱਕ ਕਾਰਨ ਬੁਨਿਆਦੀ ਜੈਵਿਕ ਫਰਕ ਵੀ ਹੈ। ਉਦਾਹਰਨ ਵਜੋਂ, ਚੂਹੇ ਦੀ ਮੈਟਾਬੋਲਿਕ ਦਰ ਮਨੁੱਖਾਂ ਨਾਲੋਂ ਕਾਫ਼ੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਦੋਹਾਂ ਦੀ ਸਿੱਧੀ ਤੁਲਨਾ ਗੁੰਮਰਾਹਕੁੰਨ ਹੋ ਸਕਦੀ ਹੈ।

ਹਾਰਵਰਡ ਸਕੂਲ ਆਫ ਪਬਲਿਕ ਹੈਲਥ ਵਿੱਚ ਪੋਸ਼ਣ ਦੇ ਐਸੋਸੀਏਟ ਪ੍ਰੋਫੈਸਰ ਕੋਰਟਨੀ ਪੀਟਰਸਨ ਕਹਿੰਦੇ ਹਨ, “ਚੂਹੇ ਲਈ 16 ਘੰਟੇ ਭੁੱਖੇ ਰਹਿਣਾ, ਅਸਲ ਵਿੱਚ ਮਨੁੱਖ ਲਈ ਕਈ ਦਿਨਾਂ ਤੱਕ ਭੁੱਖੇ ਰਹਿਣ ਦੇ ਬਰਾਬਰ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦੀ ਮੈਟਾਬੋਲਿਕ ਦਰ ਬਹੁਤ ਜ਼ਿਆਦਾ ਹੁੰਦੀ ਹੈ।”

ਵੈਰਾਡੀ ਕਹਿੰਦੇ ਹਨ ਕਿ ਇੱਕ ਹੋਰ ਗੱਲ ਇਹ ਹੈ ਕਿ ਇਨ੍ਹਾਂ ਪ੍ਰਯੋਗਾਂ ਵਿੱਚ ਵਰਤੇ ਜਾਣ ਵਾਲੇ ਚੂਹੇ ਆਮ ਤੌਰ ‘ਤੇ ਇੱਕ-ਦੂਜੇ ਦੀਆਂ ਜੈਨੇਟਿਕ ਕਾਪੀਆਂ ਹੁੰਦੇ ਹਨ ਜੋ ਮਨੁੱਖਾਂ ਵਿੱਚ ਨਜ਼ਰ ਆਉਣ ਵਾਲੇ ਬਦਲਾਵਾਂ ਨੂੰ ਦਰਸਾਉਣ ਵਿੱਚ ਫੇਲ੍ਹ ਹੁੰਦੇ ਹਨ। ਉਹ ਕਹਿੰਦੇ ਹਨ, “ਇਸ ਲਈ ਉਹ ਇੱਕ ਬਹੁਤ ਹੀ ਮਾੜਾ ਮਾਡਲ ਹਨ।”

ਹਾਲਾਂਕਿ, ਸ਼ਾਇਦ ਸਭ ਤੋਂ ਵੱਡੀ ਰੁਕਾਵਟ ਜੀਵ ਵਿਗਿਆਨ ਨਹੀਂ, ਸਗੋਂ ਜਾਣਕਾਰੀ ਦੀ ਘਾਟ ਹੈ। ਪੀਟਰਸਨ ਕਹਿੰਦੇ ਹਨ, “ਇਹ ਜਾਣਨਾ ਬਹੁਤ ਮੁਸ਼ਕਿਲ ਹੈ ਕਿ ਲੋਕ ਅਸਲ ਵਿੱਚ ਕੀ ਖਾ ਰਹੇ ਹਨ।”

ਸਟੀਕ ਜਾਣਕਾਰੀ ਯਾਦ ਨਾ ਰਹਿਣਾ

ਜਾਨਵਰਾਂ ਵਿੱਚ ਖੁਰਾਕ ਅਤੇ ਉਸ ਦੇ ਪ੍ਰਭਾਵਾਂ ਵਿਚਕਾਰ ਸਬੰਧ ਇੰਨਾ ਸਪੱਸ਼ਟ ਹੋਣ ਦਾ ਇੱਕ ਕਾਰਨ ਇਹ ਸੀ ਕਿ ਇਸ ਬਾਰੇ ਕੋਈ ਸ਼ੱਕ ਨਹੀਂ ਹੁੰਦਾ ਸੀ ਕਿ ਉਹ ਕੀ ਖਾ ਰਹੇ ਹਨ।

ਚੂਹਿਆਂ ਅਤੇ ਪ੍ਰਯੋਗ ਲਈ ਇਸਤੇਮਾਲ ਹੋਣ ਵਾਲੇ ਹੋਰ ਜਾਨਵਰਾਂ ਕੋਲ ਖੁਰਾਕ ਦੀ ਚੋਣ ਕਰਨ ਦਾ ਬਦਲ ਨਹੀਂ ਹੁੰਦਾ। ਜਾਨਵਰ ਉਹੀ ਅਤੇ ਓਨਾ ਹੀ ਖਾਂਦੇ ਹਨ, ਜਿੰਨਾ ਅਤੇ ਜਿਸ ਸਮੇਂ ਖੋਜਕਰਤਾ ਉਨ੍ਹਾਂ ਨੂੰ ਦਿੰਦਾ ਹੈ। ਇਸ ਨਾਲ ਖੁਰਾਕ ਅਤੇ ਜੈਵਿਕ ਜਾਂ ਮੈਡੀਕਲ ਪ੍ਰਭਾਵਾਂ ਵਿਚਕਾਰ ਸਿੱਧਾ ਸਬੰਧ ਸਥਾਪਤ ਕਰਨਾ ਆਸਾਨ ਹੋ ਜਾਂਦਾ ਹੈ।

ਪਰ ਮਨੁੱਖਾਂ ‘ਤੇ ਕੀਤੇ ਜਾਣ ਵਾਲੇ ਜ਼ਿਆਦਾਤਰ ਅਧਿਐਨਾਂ ਵਿੱਚ ਉਨ੍ਹਾਂ ਦੀ ਪੌਸ਼ਟਿਕ ਖੁਰਾਕ ਨੂੰ ਤੁਸੀਂ ਇਸ ਤਰ੍ਹਾਂ ਕੰਟਰੋਲ ਨਹੀਂ ਕਰ ਸਕਦੇ।

ਖੋਜਕਰਤਾ ਹਿੱਸੇਦਾਰਾਂ ਨੂੰ ਉਸ ਡਾਈਟ ਬਾਰੇ ਹਦਾਇਤਾਂ ਦੇ ਸਕਦੇ ਹਨ ਜਿਸ ਦੀ ਉਨ੍ਹਾਂ ਨੂੰ ਪਾਲਣਾ ਕਰਨੀ ਹੈ ਅਤੇ ਉਨ੍ਹਾਂ ਨੂੰ ਕਾਗਜ਼ੀ ਜਾਂ ਡਿਜੀਟਲ ਫੂਡ ਡਾਇਰੀ ਦੇ ਸਕਦੇ ਹਨ। ਇਸ ਤੋਂ ਬਾਅਦ ਉਹ ਆਪਣੇ ਆਮ ਜੀਵਨ ਵਿੱਚ ਵਾਪਸ ਚਲੇ ਜਾਂਦੇ ਹਨ ਅਤੇ ਆਪਣੇ ਫੈਸਲੇ ਖੁਦ ਕਰਦੇ ਹਨ।

ਵੈਰਾਡੀ ਕਹਿੰਦੇ ਹਨ, “ਪੋਸ਼ਣ ਸਬੰਧੀ ਖੋਜ ਵਿੱਚ ਸਾਡੇ ਕੋਲ ਇਹ ਮਾਪਣ ਦਾ ਕੋਈ ਸਿੱਧਾ ਤਰੀਕਾ ਨਹੀਂ ਹੈ ਕਿ ਲੋਕ ਅਸਲ ਵਿੱਚ ਕੀ ਖਾ ਰਹੇ ਹਨ। ਇਸ ਲਈ ਅਸੀਂ ਪੂਰੀ ਤਰ੍ਹਾਂ ਇਸ ਗੱਲ ‘ਤੇ ਨਿਰਭਰ ਹਾਂ ਕਿ ਉਹ ਸਾਡੇ ਨਾਲ ਇਮਾਨਦਾਰੀ ਨਾਲ ਜਾਣਕਾਰੀ ਸਾਂਝੀ ਕਰਨ।”

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਪਰ ਇਮਾਨਦਾਰ ਲੋਕਾਂ ਦੀ ਯਾਦਦਾਸ਼ਤ ਵੀ ਹਮੇਸ਼ਾ ਚੰਗੀ ਨਹੀਂ ਹੁੰਦੀ।

ਉਹ ਆਪਣੀ ਫੂਡ ਡਾਇਰੀ ਵਿੱਚ ਕਿਸੇ ਭੋਜਨ ਨੂੰ ਦਰਜ ਕਰਨਾ ਭੁੱਲ ਸਕਦੇ ਹਨ, ਜਿਸ ਨਾਲ ਇਹ ਲੱਗ ਸਕਦਾ ਹੈ ਕਿ ਉਨ੍ਹਾਂ ਨੇ ਖਾਣ ਲਈ ਨਿਰਧਾਰਤ ਸਮੇਂ ਦੀ ਪਾਲਣਾ ਕੀਤੀ ਹੈ ਜਾਂ ਫਿਰ ਭੁੱਖੇ ਰਹਿਣ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨ ਕਾਰਨ ਹੋਣ ਵਾਲੀ ਝਿਜਕ ਦੇ ਚਲਦਿਆਂ, ਉਹ ਇੰਟਰਮਿਟੇਂਟ ਫਾਸਟਿੰਗ ਦੌਰਾਨ ਖਾਧੀਆਂ ਇੱਕ-ਦੋ ਚੀਜ਼ਾਂ ਦਾ ਜ਼ਿਕਰ ਨਾ ਕਰਨ।

ਵੈਰਾਡੀ ਦੇ ਅੰਦਾਜ਼ੇ ਮੁਤਾਬਕ ਉਨ੍ਹਾਂ ਦੇ ਖੋਜ ਅਧਿਐਨਾਂ ਵਿੱਚ ਸ਼ਾਮਿਲ ਸਿਰਫ਼ 50 ਫੀਸਦੀ ਲੋਕ ਹੀ ਆਪਣਾ ਫੂਡ ਰਿਕਾਰਡ ਵਾਪਸ ਜਮ੍ਹਾਂ ਕਰਵਾਉਂਦੇ ਹਨ। ਬਾਕੀ ਲੋਕ ਕਈ ਵਾਰ ਜਾਣਕਾਰੀ ਨੂੰ ਗਲਤ ਜਾਂ ਅਧੂਰੇ ਢੰਗ ਨਾਲ ਦਰਜ ਕਰ ਦਿੰਦੇ ਹਨ।

ਵੈਰਾਡੀ ਕਹਿੰਦੇ ਹਨ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ, ਇੱਕ ਨੌਜਵਾਨ ਪੋਸ਼ਣ ਪ੍ਰੋਫੈਸਰ ਵਜੋਂ, ਉਨ੍ਹਾਂ ਨੂੰ ਇਸ ਸਮੱਸਿਆ ਦਾ ਅਚਾਨਕ ਅਹਿਸਾਸ ਹੋਇਆ। ਇੱਕ ਦਿਨ ਜਦੋਂ ਉਹ ਉਸ ਕਮਰੇ ਕੋਲੋਂ ਲੰਘ ਰਹੇ ਸਨ ਜਿੱਥੇ ਅਧਿਐਨ ਵਿੱਚ ਸ਼ਾਮਿਲ ਲੋਕ ਆਪਣੇ ਫੂਡ ਰਿਕਾਰਡ ਜਮ੍ਹਾਂ ਕਰਵਾਉਣ ਦੀ ਉਡੀਕ ਕਰ ਰਹੇ ਸਨ, ਤਾਂ ਉਨ੍ਹਾਂ ਨੇ ਇੱਕ ਹਿੱਸੇਦਾਰ ਨੂੰ ਜਲਦੀ-ਜਲਦੀ ਪੂਰੇ ਹਫ਼ਤੇ ਦੇ ਖਾਣੇ ਦਾ ਵੇਰਵਾ ਲਿਖਦੇ ਹੋਏ ਦੇਖਿਆ।

ਉਹ ਕਹਿੰਦੇ ਹਨ, “ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਇਹ ਅੰਕੜੇ ਕਿੰਨੇ ਗੈਰ-ਭਰੋਸੇਯੋਗ ਹੋ ਸਕਦੇ ਹਨ ਅਤੇ ਮੈਂ ਸੋਚਿਆ ਕਿ ਹੋਰ ਕਿੰਨੇ ਲੋਕ ਅਜਿਹਾ ਕਰ ਰਹੇ ਹੋਣਗੇ?”

ਸਾਲ 2025 ਵਿੱਚ, ਖੋਜਕਰਤਾਵਾਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਇੱਕ ਅਜਿਹਾ ਸਮੀਕਰਨ ਵਿਕਸਤ ਕੀਤਾ, ਜਿਸ ਨਾਲ ਇਸ ਸਮੱਸਿਆ ਦੇ ਪੈਮਾਨੇ ਦਾ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲੀ। ਏਬਰਿਸਟਵਿਥ ਯੂਨੀਵਰਸਿਟੀ ਦੇ ਪੋਸ਼ਣ ਖੋਜਕਰਤਾ ਥੌਮਸ ਵਿਲਸਨ ਮੁਤਾਬਕ, ਇਸ ਤੋਂ ਸੰਕੇਤ ਮਿਲਿਆ ਕਿ ਲਗਭਗ 30 ਫੀਸਦੀ ਲੋਕ ਆਪਣੀ ਖੁਰਾਕ ਦੀ ਮਾਤਰਾ ਘੱਟ ਦੱਸਦੇ ਹਨ।

ਉਹ ਕਹਿੰਦੇ ਹਨ, “ਲੋਕਾਂ ਵੱਲੋਂ ਆਪਣੀ ਖੁਰਾਕ ਦੀ ਮਾਤਰਾ ਵੱਧ ਦੱਸਣਾ ਬਹੁਤ ਘੱਟ ਹੁੰਦਾ ਹੈ।”

ਕਿਸੇ ਵਿਅਕਤੀ ਵੱਲੋਂ ਅਸਲ ਵਿੱਚ ਕਿੰਨੀ ਊਰਜਾ ਖਰਚ ਕੀਤੀ ਜਾਂਦੀ ਹੈ, ਇਸ ਦਾ ਸਹੀ ਅੰਦਾਜ਼ਾ ਲਗਾਉਣ ਲਈ ਡਬਲੀ ਲੇਬਲਡ ਵਾਟਰ ਅਧਿਐਨਾਂ ਨੂੰ ਇੱਕ ਮਿਆਰੀ ਅਤੇ ਭਰੋਸੇਯੋਗ ਤਰੀਕਾ ਮੰਨਿਆ ਜਾਂਦਾ ਹੈ।

ਇਨ੍ਹਾਂ ਟੈਸਟਾਂ ਵਿੱਚ ਹਿੱਸੇਦਾਰਾਂ ਨੂੰ ਅਜਿਹਾ ਪਾਣੀ ਪਿਲਾਇਆ ਜਾਂਦਾ ਹੈ ਜਿਸ ਵਿੱਚ ਹਾਈਡ੍ਰੋਜਨ ਅਤੇ ਆਕਸੀਜਨ ਦੇ ਸੁਰੱਖਿਅਤ ਅਤੇ ਸਥਿਰ ਆਈਸੋਟੋਪ ਸ਼ਾਮਿਲ ਹੁੰਦੇ ਹਨ। ਪਸੀਨੇ ਅਤੇ ਪਿਸ਼ਾਬ ਰਾਹੀਂ ਇਹ ਤੱਤ ਸਰੀਰ ਵਿੱਚੋਂ ਕਿੰਨੀ ਤੇਜ਼ੀ ਨਾਲ ਬਾਹਰ ਨਿਕਲਦੇ ਹਨ, ਇਸ ਨੂੰ ਮਾਪ ਕੇ ਵਿਗਿਆਨੀ ਅੰਦਾਜ਼ਾ ਲਗਾ ਸਕਦੇ ਹਨ ਕਿ ਉਸ ਸਮੇਂ ਦੌਰਾਨ ਸਰੀਰ ਨੇ ਕਿੰਨੀ ਊਰਜਾ ਵਰਤੀ।

ਜੌਹਨਜ਼ ਹੌਪਕਿਨਸ ਯੂਨੀਵਰਸਿਟੀ ਦੇ ਨਿਊਰੋਸਾਇੰਟਿਸਟ ਮਾਰਕ ਮੈਟਸਨ ਦੀ ਟਿੱਪਣੀ

2025 ਦੇ ਇਸ ਸਮੀਕਰਨ ਨੇ ਸੁਝਾਅ ਦਿੱਤਾ ਕਿ ਔਸਤਨ ਲੋਕ ਆਪਣੀ ਖੁਰਾਕ ਨੂੰ 400 ਤੋਂ ਲੈ ਕੇ 800 ਤੋਂ ਵੱਧ ਕੈਲੋਰੀਆਂ ਤੱਕ ਘੱਟ ਦੱਸ ਸਕਦੇ ਹਨ। ਹਾਲਾਂਕਿ ਇਹ ਫਰਕ ਹਰ ਵਿਅਕਤੀ ਵਿੱਚ ਵੱਖਰਾ ਹੋ ਸਕਦਾ ਹੈ।

ਜਦੋਂ ਵੈਰਾਡੀ ਨੇ ਇਸ ਤਰੀਕੇ ਦੀ ਵਰਤੋਂ ਕਰਕੇ ਇਹ ਅੰਦਾਜ਼ਾ ਲਗਾਇਆ ਕਿ ਲੋਕਾਂ ਨੂੰ ਆਪਣੇ ਖਾਣ-ਪੀਣ ਬਾਰੇ ਜਿੰਨਾ ਯਾਦ ਸੀ ਅਤੇ ਅਸਲ ਖੁਰਾਕ ਵਿੱਚ ਕਿੰਨਾ ਅੰਤਰ ਸੀ, ਤਾਂ ਨਤੀਜੇ ਹੈਰਾਨ ਕਰਨ ਵਾਲੇ ਸਨ।

ਉਹ ਕਹਿੰਦੇ ਹਨ, “ਲੋਕ ਦੱਸਦੇ ਹਨ ਕਿ ਉਹ ਦਿਨ ਵਿੱਚ 1,600 ਤੋਂ 2,000 ਕੈਲੋਰੀਜ਼ ਲੈ ਰਹੇ ਹਨ। ਪਰ ਜਦੋਂ ਸਾਨੂੰ ਡਬਲੀ ਲੇਬਲਡ ਵਾਟਰ ਤੋਂ ਅਸਲ ਅੰਕੜੇ ਮਿਲਦੇ ਹਨ ਤਾਂ ਇਹ ਗਿਣਤੀ ਲਗਭਗ 3,500 ਕੈਲੋਰੀਜ਼ ਹੁੰਦੀ ਹੈ।”

ਪੀਟਰਸਨ ਕਹਿੰਦੇ ਹਨ ਕਿ ਪੋਸ਼ਣ ਮਾਹਿਰਾਂ ਲਈ ਵੀ ਖੁਰਾਕ ਦੇ ਸਹੀ ਪੌਸ਼ਟਿਕ ਮੁੱਲਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਭੋਜਨ ਦੀ ਮਾਤਰਾ ਜਾਂ ਪੋਰਸ਼ਨ ਸਾਈਜ਼ ਵਿੱਚ ਕਾਫ਼ੀ ਫਰਕ ਹੋ ਸਕਦਾ ਹੈ।

ਸਮੱਸਿਆ ਨੂੰ ਹੋਰ ਪੇਚੀਦਾ ਬਣਾਉਣ ਵਾਲੀ ਗੱਲ ਇਹ ਹੈ ਕਿ ਵਿਗਿਆਨੀ ਕਿਸੇ ਭੋਜਨ ਦੀ ਪੌਸ਼ਟਿਕ ਬਣਤਰ ਦਾ ਅੰਦਾਜ਼ਾ ਲਗਾਉਣ ਲਈ ਜਿਨ੍ਹਾਂ ਟੇਬਲਾਂ ਦੀ ਵਰਤੋਂ ਕਰਦੇ ਹਨ—ਮਿਸਾਲ ਵਜੋਂ, ਕਿਸੇ ਬਰਗਰ ਵਿੱਚ ਕਿੰਨੇ ਮੈਕਰੋਨਿਊਟ੍ਰੀਐਂਟ ਹਨ—ਉਨ੍ਹਾਂ ਵਿੱਚ ਆਮ ਤੌਰ ‘ਤੇ ਔਸਤ ਅੰਕੜੇ ਹੁੰਦੇ ਹਨ, ਨਾ ਕਿ ਹਰ ਖਾਸ ਉਤਪਾਦ ਬਾਰੇ ਸਟੀਕ ਜਾਣਕਾਰੀ।

ਇਹ ਸੀਮਾਵਾਂ ਇੰਨੀਆਂ ਜਾਣੀਆਂ-ਪਛਾਣੀਆਂ ਅਤੇ ਪਰੇਸ਼ਾਨ ਕਰਨ ਵਾਲੀਆਂ ਹਨ ਕਿ ਕੁਝ ਲੋਕਾਂ ਨੇ ਤਾਂ ਇਹ ਮੰਗ ਵੀ ਕੀਤੀ ਹੈ ਕਿ ਵਿਗਿਆਨਕ ਜਰਨਲਾਂ ਨੂੰ ਲੋਕਾਂ ਵੱਲੋਂ ਖੁਦ ਦੱਸੀ ਗਈ ਖੁਰਾਕ ਦੀ ਜਾਣਕਾਰੀ ‘ਤੇ ਆਧਾਰਿਤ ਅਧਿਐਨ ਪ੍ਰਕਾਸ਼ਿਤ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ।

ਪਰ ਵਿਹਾਰਕ ਤੌਰ ‘ਤੇ ਪੋਸ਼ਣ ਵਿਗਿਆਨੀ ਫੂਡ ਰਿਕਾਰਡਾਂ ਅਤੇ ਸਰਵੇਖਣਾਂ ਨੂੰ ਪੂਰੀ ਤਰ੍ਹਾਂ ਛੱਡ ਵੀ ਨਹੀਂ ਸਕਦੇ।

ਵੈਰਾਡੀ ਕਹਿੰਦੇ ਹਨ, “ਫਿਲਹਾਲ ਸਾਡੇ ਕੋਲ ਮੁੱਖ ਤੌਰ ‘ਤੇ ਇਹੀ ਸਾਧਨ ਹਨ।”

ਪਰ ਸ਼ਾਇਦ ਹੁਣ ਬਹੁਤ ਲੰਬੇ ਸਮੇਂ ਲਈ ਨਹੀਂ।

ਸਮਾਰਟ ਚੱਮਚ, ਨੈਕਲੇਸ ਅਤੇ ਦੰਦਾਂ ‘ਤੇ ਲੱਗਣ ਵਾਲੇ ਸੈਂਸਰ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਮਨੁੱਖਾਂ ‘ਤੇ ਕੀਤੇ ਜਾਣ ਵਾਲੇ ਸਾਰੇ ਅਧਿਐਨ ਸਵੈ-ਰਿਪੋਰਟਿੰਗ ‘ਤੇ ਨਿਰਭਰ ਨਹੀਂ ਹੁੰਦੇ।

ਇਨਪੇਸ਼ੈਂਟ ਫੀਡਿੰਗ ਟਰਾਇਲ, ਜਿਨ੍ਹਾਂ ਵਿੱਚ ਖੋਜਕਰਤਾ ਇਹ ਪੂਰੀ ਤਰ੍ਹਾਂ ਨਿਯੰਤਰਿਤ ਕਰਦੇ ਹਨ ਕਿ ਹਿੱਸੇਦਾਰ ਕੀ ਖਾਂਦੇ ਹਨ, ਇੱਕ ਬਹੁਤ ਸਖਤ ਕਿਸਮ ਦੇ ਅਧਿਐਨ ਹਨ। ਇਹ ਮਾਊਸ ਸਟੱਡੀਜ਼ ਵਾਂਗ ਹੀ ਸਟੀਕ ਡਾਟਾ ਮੁਹੱਈਆ ਕਰ ਸਕਦੇ ਹਨ।

ਹਰ ਕੈਲੋਰੀ ਦਾ ਧਿਆਨ ਨਾਲ ਹਿਸਾਬ ਰੱਖਿਆ ਜਾਂਦਾ ਹੈ, ਖਾਣੇ ਨੂੰ ਤੋਲਿਆ ਜਾਂਦਾ ਹੈ ਅਤੇ ਜੇ ਭੁੱਖੇ ਰਹਿਣ ਵਾਲੇ ਘੰਟਿਆਂ ਦੌਰਾਨ ਤੁਹਾਡਾ ਚੋਰੀ-ਛੁਪੇ ਕੁਝ ਖਾਣ ਦਾ ਮਨ ਕਰੇ, ਤਾਂ ਵੀ ਇਹ ਸੰਭਵ ਨਹੀਂ ਹੁੰਦਾ। ਉੱਥੇ ਫਰਿੱਜ ਹੀ ਨਹੀਂ ਹੁੰਦਾ।

ਪੀਟਰਸਨ ਅਜਿਹੇ ਟਰਾਇਲ ਕਰ ਚੁੱਕੇ ਹਨ। ਉਨ੍ਹਾਂ ਦੇ ਅਧਿਐਨਾਂ ਵਿੱਚ, ਇੰਟਰਮਿਟੇਂਟ ਫਾਸਟਿੰਗ ਨੇ ਵਿਆਪਕ ਖੋਜ ਸਾਹਿਤ ਦੇ ਮੁਕਾਬਲੇ ਵੱਧ ਪ੍ਰਭਾਵ ਦਿਖਾਏ ਹਨ, ਜਿਸ ਵਿੱਚ ਬਲੱਡ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਿੱਚ ਕਮੀ, ਆਕਸੀਡੇਟਿਵ ਸਟ੍ਰੈੱਸ ਵਿੱਚ ਕਮੀ ਅਤੇ ਆਟੋਫੈਜੀ ਵਿੱਚ ਵਾਧਾ ਸ਼ਾਮਿਲ ਹੈ।

ਹਾਲਾਂਕਿ, ਖ਼ਰਚਿਆਂ ਕਾਰਨ ਇਹ ਅਧਿਐਨ ਬਹੁਤ ਛੋਟੇ ਅਤੇ ਥੋੜ੍ਹੇ ਸਮੇਂ ਲਈ ਹੀ ਕੀਤੇ ਜਾ ਸਕੇ, ਜਿਸ ਨਾਲ ਉਨ੍ਹਾਂ ਤੋਂ ਕੱਢੇ ਜਾ ਸਕਣ ਵਾਲੇ ਨਤੀਜਿਆਂ ‘ਤੇ ਕੁਝ ਸੀਮਾਵਾਂ ਲੱਗ ਜਾਂਦੀਆਂ ਹਨ। (ਬਹੁਤ ਘੱਟ ਹਿੱਸੇਦਾਰਾਂ ਕੋਲ ਇਹ ਸਮਾਂ ਹੁੰਦਾ ਹੈ ਕਿ ਉਹ ਛੇ ਮਹੀਨੇ ਲਈ ਕਿਸੇ ਫੂਡ ਟ੍ਰਾਇਲ ਦਾ ਹਿੱਸਾ ਬਣ ਸਕਣ)

ਪਰ ਕੀ ਹੋਵੇ ਜੇ ਤਕਨਾਲੋਜੀ ਦੀ ਮਦਦ ਨਾਲ ਇਨ੍ਹਾਂ ਸਖ਼ਤ ਨਿਗਰਾਨੀ ਵਾਲੇ ਹਾਲਾਤਾਂ ਦੀ ਨਕਲ ਕੀਤੀ ਜਾ ਸਕੇ ?

ਪੋਸ਼ਣ ਵਿਗਿਆਨੀ ਅਜਿਹੇ ਨਵੇਂ ਤਰੀਕਿਆਂ ਦੀ ਤਲਾਸ਼ ਵਿੱਚ ਹਨ ਜੋ ਸਵੈ-ਰਿਪੋਰਟਿੰਗ ‘ਤੇ ਘੱਟ ਜਾਂ ਬਿਲਕੁੱਲ ਵੀ ਨਿਰਭਰ ਨਾ ਕਰਨ।

ਹੁਣ ਕਈ ਅਜਿਹੀਆਂ ਨਵੀਆਂ ਤਕਨੀਕਾਂ ਹਨ ਜੋ ਇਸ ਬਾਰੇ ਸਟੀਕ ਰਿਕਾਰਡ ਮੁਹੱਈਆ ਕਰਵਾ ਸਕਦੀਆਂ ਹਨ ਕਿ ਲੋਕ ਕੀ ਖਾਂਦੇ ਹਨ।

ਕੁਝ ਅਧਿਐਨਾਂ ਵਿੱਚ ਹਿੱਸੇਦਾਰਾਂ ਨੂੰ ਆਪਣੇ ਹਰ ਭੋਜਨ ਦੀ ਤਸਵੀਰ ਖਿੱਚਣ ਲਈ ਕਿਹਾ ਜਾਂਦਾ ਹੈ ਜੋ ਉਹ ਖਾਣ ਜਾ ਰਹੇ ਹਨ। ਪਰ ਇਹ ਵੀ ਹਿੱਸੇਦਾਰ ਵੱਲੋਂ ਖੁਦ ਡਾਟਾ ਰਿਕਾਰਡ ਕਰਨ ‘ਤੇ ਨਿਰਭਰ ਕਰਦਾ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਇਸ ਲਈ ਕੁਝ ਖੋਜਕਰਤਾ ਐਨਕਾਂ ਜਾਂ ਗਲੇ ਵਿੱਚ ਪਾਏ ਜਾਣ ਵਾਲੇ ਨੈਕਲੇਸ ‘ਤੇ ਲੱਗੇ ਕੈਮਰਿਆਂ ਦੀ ਵਰਤੋਂ ਕਰਦੇ ਹਨ, ਜਿਵੇਂ ਫਿਟਨਿੱਬਲ (FitNibble) ਅਤੇ ਆਟੋਗ੍ਰਾਫਰ (Autographer) ਜੋ ਇਹ ਹਰ ਸੱਤ ਸੈਕਿੰਡ ਬਾਅਦ ਜਾਂ ਜਦੋਂ ਵੀ ਚੱਬਣ ਵਰਗੀ ਗਤੀਵਿਧੀ ਮਹਿਸੂਸ ਕਰਦੇ ਹਨ ਤਾਂ ਤਸਵੀਰ ਖਿੱਚਦੇ ਹਨ। ਹਾਲਾਂਕਿ ਕੈਮਰਿਆਂ ਨਾਲ ਨਿੱਜਤਾ ਸਬੰਧੀ ਚਿੰਤਾਵਾਂ ਵੀ ਜੁੜੀਆਂ ਹੋਈਆਂ ਹਨ।

ਹਾਲਾਂਕਿ ਕੁਝ ਅਜਿਹੇ ਸੈਂਸਰ ਵੀ ਵਿਕਸਿਤ ਕੀਤੇ ਜਾ ਰਹੇ ਹਨ ਜੋ ਬਿਨਾਂ ਕੈਮਰੇ ਦੇ ਭਾਗੀਦਾਰ ਵੱਲੋਂ ਖਾਧੇ ਜਾਣ ਵਾਲੇ ਭੋਜਨ ਅਤੇ ਸਨੈਕਸ ਦੀ ਨਿਗਰਾਨੀ ਕਰ ਸਕਦੇ ਹਨ।

ਇਨ੍ਹਾਂ ਵਿੱਚ ਚੱਬਣ ਦੀ ਪਛਾਣ ਕਰਨ ਵਾਲੇ ਨੈਕਲੇਸ, ਅਜਿਹੇ ਸਮਾਰਟ ਫੋਰਕ (ਚੱਮਚ) ਜੋ ਇਹ ਪਤਾ ਲਗਾ ਸਕਣ ਕਿ ਕੋਈ ਵਿਅਕਤੀ ਕਿਵੇਂ ਅਤੇ ਕਿੰਨਾ ਖਾਣਾ ਆਪਣੇ ਮੂੰਹ ਤੱਕ ਲੈ ਜਾ ਰਿਹਾ ਹੈ ਅਤੇ ਦੰਦਾਂ ‘ਤੇ ਲੱਗਣ ਵਾਲੇ ਪੋਸ਼ਕ ਤੱਤਾਂ ਦੇ ਸੈਂਸਰ ਸ਼ਾਮਿਲ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਚਾਰ ਅਜੇ ਪ੍ਰੋਟੋਟਾਈਪ ਪੜਾਅ ਵਿੱਚ ਹਨ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਫਿਲਹਾਲ ਸਭ ਤੋਂ ਵਿਹਾਰਕ ਹੱਲ ਨਿਯਮਿਤ ਖ਼ੂਨ ਅਤੇ ਪਿਸ਼ਾਬ ਦੇ ਟੈਸਟ ਹਨ, ਜੋ ਸਰੀਰ ਵੱਲੋਂ ਪ੍ਰੋਸੈਸ ਕੀਤੇ ਜਾ ਰਹੇ ਮੈਕਰੋਨਿਊਟ੍ਰੀਐਂਟਸ ਦੀ ਨਿਗਰਾਨੀ ਕਰ ਸਕਦੇ ਹਨ।

ਵਿਲਸਨ ਕਹਿੰਦੇ ਹਨ, “ਪਿਸ਼ਾਬ ਅਤੇ ਖ਼ੂਨ ਦਾ ਵਿਸ਼ਲੇਸ਼ਣ ਤੁਹਾਨੂੰ ਉਨ੍ਹਾਂ ਦੀ ਬਣਤਰ ਬਾਰੇ ਕਾਫ਼ੀ ਵੱਧ ਜਾਣਕਾਰੀ ਦੇਵੇਗਾ।”

ਵਿਲਸਨ ਦਾ ਕਹਿਣਾ ਹੈ ਕਿ ਕਈ ਨਵੀਆਂ ਅਤੇ ਪੁਰਾਣੀਆਂ ਤਕਨੀਕਾਂ ਉਪਲੱਬਧ ਹਨ, ਪਰ ਕੋਈ ਵੀ ਤਕਨੀਕ ਇਸ ਸਮੱਸਿਆ ਨੂੰ ਇਕੱਲੇ ਆਪਣੇ ਆਪ ਹੱਲ ਨਹੀਂ ਕਰ ਸਕਦੀ।

ਹਾਲਾਂਕਿ, ਇਨ੍ਹਾਂ ਨੂੰ ਇਕੱਠੇ ਮਿਲਾ ਕੇ ਇੱਕ ਤਰ੍ਹਾਂ ਦਾ “ਘਰ ਵਿੱਚ ਹੀ ਨਿਗਰਾਨੀ ਕਰਨ ਵਾਲਾ ਯੰਤਰ” ਤਿਆਰ ਕੀਤਾ ਜਾ ਸਕਦਾ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ, ਵਿਲਸਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕਈ ਤਰੀਕਿਆਂ ਅਤੇ ਤਕਨੀਕਾਂ ਦੀ ਸਮੀਖਿਆ ਕੀਤੀ ਅਤੇ ਸੁਝਾਅ ਦਿੱਤਾ ਕਿ ਇਨ੍ਹਾਂ ਦੇ ਮਿਲੇ-ਜੁਲੇ ਇਸਤੇਮਾਲ ਨਾਲ ਇਹ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

ਇਹ ਟੀਮ ਇਸ ਵੇਲੇ ਇੱਕ ਅਧਿਐਨ ਦੇ ਆਖ਼ਰੀ ਪੜਾਅ ਵਿੱਚ ਹੈ, ਜਿਸ ਵਿੱਚ ਇਹ ਜਾਂਚਿਆ ਜਾ ਰਿਹਾ ਹੈ ਕਿ ਕੀ ਇਹ ਸੰਯੁਕਤ ਤਰੀਕੇ, ਜਿਨ੍ਹਾਂ ਵਿੱਚ ਵਿਅਕਤੀਗਤ ਫੂਡ ਡਾਇਰੀਆਂ, ਖ਼ੂਨ ਅਤੇ ਪਿਸ਼ਾਬ ਜਾਂਚਾਂ ਤੋਂ ਮਿਲਣ ਵਾਲੇ ਸੰਕੇਤ ਅਤੇ ਪਹਿਨੇ ਜਾ ਸਕਣ ਵਾਲੇ ਕੈਮਰੇ ਸ਼ਾਮਿਲ ਹਨ, ਪੋਸ਼ਣ ਖੋਜਕਰਤਾਵਾਂ ਨੂੰ ਹਸਪਤਾਲ ਵਰਗੀ ਗੁਣਵੱਤਾ ਵਾਲੇ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹਨ ਭਾਵੇਂ ਲੋਕ ਆਪਣੀ ਆਮ ਜ਼ਿੰਦਗੀ ਜੀ ਰਹੇ ਹੋਣ।

ਵਿਲਸਨ ਕਹਿੰਦੇ ਹਨ, “ਮੈਂ ਤੁਹਾਨੂੰ ਇਹ ਪੁੱਛਣ ਲਈ ਮਜਬੂਰ ਨਹੀਂ ਹੋਣਾ ਚਾਹੁੰਦਾ ਕਿ ਤੁਸੀਂ ਕੱਲ੍ਹ ਕੀ ਖਾਧਾ ਸੀ ਅਤੇ ਜੋ ਖਾਧਾ ਸੀ ਉਸ ਬਾਰੇ ਵਿਸਥਾਰ ਨਾਲ ਦੱਸੋ।”

ਜਾਗਰੂਕਤਾ ਦੀ ਲੋੜ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਮੈਟਸਨ ਦਾ ਮੰਨਣਾ ਹੈ ਕਿ ਇੰਟਰਮਿਟੇਂਟ ਫਾਸਟਿੰਗ ਬਾਰੇ ਕਲੀਨਿਕਲ ਟ੍ਰਾਇਲਸ ਨੂੰ ਹੋਰ ਵੀ ਅੱਗੇ ਜਾਣਾ ਚਾਹੀਦਾ ਹੈ। ਇਨ੍ਹਾਂ ਵਿੱਚ ਸਿਰਫ਼ ਨਿਯਮਾਂ ਦੀ ਪਾਲਣਾ, ਭੋਜਨ ਦੀ ਬਣਤਰ ਅਤੇ ਕੈਲੋਰੀਜ਼ ਬਾਰੇ ਹੀ ਨਹੀਂ ਸਗੋਂ ਸਰੀਰਕ ਸਰਗਰਮੀ ਅਤੇ ਨੀਂਦ ਬਾਰੇ ਜਾਣਕਾਰੀ ਵੀ ਸ਼ਾਮਲ ਹੋਣੀ ਚਾਹੀਦੀ ਹੈ ਜੋ “ਜੀਵਾਂ ‘ਤੇ ਕੀਤੇ ਜਾਣ ਵਾਲੇ ਅਧਿਐਨਾਂ ਵਿੱਚ ਵੀ ਕੰਟਰੋਲ ਕੀਤੀਆਂ ਜਾਂਦੀਆਂ ਹਨ।”

ਜਦੋਂ ਖੋਜਕਰਤਾ ਅਤੇ ਕੰਪਨੀਆਂ ਨਿੱਜਤਾ ਵਿੱਚ ਦਖ਼ਲਅੰਦਾਜ਼ੀ ਅਤੇ ਖਾਣ-ਪੀਣ ਦੇ ਸਹੀ ਪੈਟਰਨ ਨੂੰ ਸਮਝਣ ਦਰਮਿਆਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਸੇ ਦੌਰਾਨ ਸੋਸ਼ਲ ਮੀਡੀਆ ਇਨਫਲੂਐਂਸਰ ਅਜੇ ਵੀ ਚੂਹਿਆਂ ‘ਤੇ ਹੋਏ ਅਧਿਐਨਾਂ ਦੇ ਨਤੀਜਿਆਂ ਨੂੰ ਮਨੁੱਖਾਂ ਦੇ ਨਤੀਜਿਆਂ ਨਾਲ ਮਿਲਾ ਕੇ ਪੇਸ਼ ਕਰ ਰਹੇ ਹਨ ਅਤੇ ਇੰਟਰਮਿਟੇਂਟ ਫਾਸਟਿੰਗ ਦੇ ਕੁਝ ਫਾਇਦਿਆਂ ਨੂੰ ਵਧਾ-ਚੜ੍ਹਾ ਕੇ ਦੱਸ ਰਹੇ ਹਨ।

ਵੈਰਾਡੀ ਕਹਿੰਦੇ ਹਨ, “ਮੈਂ ਤਾਂ ਇੱਕ ਯੂਟਿਊਬ ਚੈਨਲ ਸ਼ੁਰੂ ਕਰਨ ਬਾਰੇ ਸੋਚ ਰਹੀ ਹਾਂ ਕਿਉਂਕਿ ਮੈਂ ਬਹੁਤ ਜ਼ਿਆਦਾ ਗਲਤ ਜਾਣਕਾਰੀ ਦੇਖਦੀ ਹਾਂ।”

ਉਹ ਕਹਿੰਦੇ ਹਨ ਕਿ ਇਹ ਸਮੱਸਿਆ ਸਿਰਫ਼ ਇੰਟਰਮਿਟੇਂਟ ਫਾਸਟਿੰਗ ਤੱਕ ਸੀਮਿਤ ਨਹੀਂ ਹੈ। “ਇਸੇ ਕਰਕੇ ਲੋਕ ਪੋਸ਼ਣ ਨਾਲ ਜੁੜੀਆਂ ਖੋਜਾਂ ਤੋਂ ਇੰਨੇ ਨਿਰਾਸ਼ ਹੋ ਜਾਂਦੇ ਹਨ।”

ਉਹ ਕੋਲੇਸਟ੍ਰੋਲ ਬਾਰੇ ਦਿੱਤੀ ਜਾਂਦੀ ਸਲਾਹ ਦਾ ਉਦਾਹਰਨ ਦਿੰਦੇ ਹਨ, ਜਿਸਨੂੰ ਕਈ ਸਾਲਾਂ ਤੋਂ ਕਦੇ ਘਾਤਕ ਦੱਸਿਆ ਜਾਂਦਾ ਰਿਹਾ ਹੈ ਅਤੇ ਕਦੇ ਬਿਲਕੁੱਲ ਠੀਕ।

ਉਹ ਕਹਿੰਦੇ ਹਨ, “ਇਸ ਦਾ ਕਾਰਨ ਇਹ ਹੈ ਕਿ ਸਾਨੂੰ ਅਸਲ ਵਿੱਚ ਇਹ ਪਤਾ ਹੀ ਨਹੀਂ ਹੁੰਦਾ ਕਿ ਲੋਕ ਕੀ ਖਾ ਰਹੇ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI