Home rss national punjabi2ਰਾਸ਼ਟਰੀ ਖ਼ਬਰਾਂ ‘ਇੱਕ ਸਕੈਨ ‘ਚ ਮੇਰੇ ਸਰੀਰ ਦੀਆਂ 2,000 ਤਸਵੀਰਾਂ ਲਈਆਂ ਗਈਆਂ ਤੇ ਮੈਨੂੰ...

‘ਇੱਕ ਸਕੈਨ ‘ਚ ਮੇਰੇ ਸਰੀਰ ਦੀਆਂ 2,000 ਤਸਵੀਰਾਂ ਲਈਆਂ ਗਈਆਂ ਤੇ ਮੈਨੂੰ ਆਪਣੀ ਚਮੜੀ ਬਾਰੇ ਇੱਕ ਅਜਿਹੀ ਗੱਲ ਪਤਾ ਲੱਗੀ ਜਿਸਦੀ ਉਮੀਦ ਵੀ ਨਹੀਂ ਸੀ’

2
0

Source :- BBC PUNJABI

ਸਕੈਨਰ ਨੇ ਰੂਥ ਦੀ ਚਮੜੀ ਦੀਆਂ 2,000 ਤੋਂ ਵੱਧ ਤਸਵੀਰਾਂ ਲਈਆਂ

ਤਸਵੀਰ ਸਰੋਤ, BBC and Neko Health

ਮੈਨੂੰ (ਰੂਥ ਨੂੰ) ਆਪਣੀ ਤਸਵੀਰ ਖਿਚਵਾਉਣ, ਤਿੰਨ ਵਾਰ ਚੈਕ ਕਰਨ ਅਤੇ ਇੰਸਟਾਗ੍ਰਾਮ ਲਈ ਫ਼ਿਲਟਰ ਲਗਾਉਣ ਵਿੱਚ ਕੋਈ ਦਿੱਕਤ ਨਹੀਂ ਹੈ, ਪਰ ਜਦੋਂ ਮੈਂ ਸਿਰਫ਼ ਅੰਡਰਵੀਅਰ ਵਿੱਚ ਹੁੰਦੀ ਹਾਂ ਅਤੇ 70 ਕੈਮਰੇ ਮੇਰੇ ਸਰੀਰ ਵੱਲ ਹੁੰਦੇ ਹਨ, ਤਾਂ ਥੋੜ੍ਹਾ ਡਰ ਲੱਗਦਾ ਹੈ।

ਜਦੋਂ ਕਿ ਮੈਂ ਇੱਕ ਘੁੰਮਣ ਵਾਲੇ ਸਕੈਨਰ ਦੇ ਅੰਦਰ ਖੜ੍ਹੀ ਹੁੰਦੀ ਹਾਂ ਅਤੇ ਬੈਕਗ੍ਰਾਊਂਡ ਵਿੱਚ ਕਲਾਸੀਕਲ ਸੰਗੀਤ ਵੱਜ ਰਿਹਾ ਹੁੰਦਾ ਹੈ, ਉਸ ਵੇਲੇ ਇੱਕ ਰੋਬੋਟਿਕ ਆਵਾਜ਼ ਮੈਨੂੰ ਸਥਿਰ ਰਹਿਣ ਅਤੇ ਅੱਖਾਂ ਬੰਦ ਕਰਨ ਲਈ ਕਹਿੰਦੀ ਹੈ।

ਰੌਸ਼ਨੀ ਦੀ ਇੱਕ ਚਮਕ ਨਾਲ, ਮੇਰੇ ਸਰੀਰ ਦੀਆਂ 2,000 ਤਸਵੀਰਾਂ ਲਈਆਂ ਜਾਂਦੀਆਂ ਹਨ, ਤਾਂ ਜੋ ਹਰ ਦਾਗ ਅਤੇ ਤਿਲ ਨੂੰ ਕੈਪਚਰ ਕਰਕੇ ਵੱਖ-ਵੱਖ ਤਰ੍ਹਾਂ ਦੇ ਸਕਿੱਨ ਕੈਂਸਰ ਦੇ ਆਧਾਰ ‘ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ।

ਇਹ ਫੁੱਲ-ਬਾਡੀ ਸਕੈਨ ਮੈਨਚੈਸਟਰ ਸ਼ਹਿਰ ਦੇ ਕੇਂਦਰ ਵਿੱਚ ਇੱਕ ਆਧੁਨਿਕ ਕਲੀਨਿਕ ਵਿੱਚ ਹੋ ਰਿਹਾ ਹੈ, ਜੋ ਭਵਿੱਖ ਦੇ ਆਉਣ ਵਾਲੇ ਕਲੀਨਿਕਾਂ ਵਰਗਾ ਹੈ। ਮੈਂ ਇੱਕ ਗਾਊਨ ਪਹਿਨਿਆ ਹੋਇਆ ਹੈ ਅਤੇ ਹੈਕਸਾਗੋਨਲ (ਛੇ ਕੋਨਿਆਂ ਵਾਲੀਆਂ) ਰਬੜ ਦੀਆਂ ਚੱਪਲਾਂ ਪਾਈਆਂ ਹੋਈਆਂ ਹਨ। ਫਿਰ ਏਆਈ (AI) ਦੀ ਮਦਦ ਨਾਲ, ਇਨ੍ਹਾਂ ਇਕੱਠੇ ਕੀਤੇ ਗਏ ਲੱਖਾਂ ਡੇਟਾ ਪੁਆਇੰਟਸ ਦੀ ਵਰਤੋਂ ਕਰਕੇ ਮੇਰੇ ਸਰੀਰ ਦਾ 3ਡੀ ਅਵਤਾਰ ਬਣਾਇਆ ਜਾਵੇਗਾ।

ਰੂਥ, ਚਿੱਟੇ ਗਾਊਨ ਵਿੱਚ, ਨੇਕੋ ਕਲੀਨਿਕ ਵਿੱਚ ਸਕੈਨਿੰਗ ਪ੍ਰਕਿਰਿਆ ਦੌਰਾਨ ਇੱਕ ਸਹਾਇਕ ਨਾਲ ਗੱਲਬਾਤ ਕਰਦੇ ਹੋਏ

ਪਿਛਲੇ ਦੋ ਸਾਲਾਂ ਵਿੱਚ, ਯੂਕੇ ਵਿੱਚ ਵਿਆਪਕ ਸਿਹਤ ਜਾਂਚ (ਜਿਸ ਨੂੰ ਵਾਹਨਾਂ ਦੀ ਜਾਂਚ, ਐਮਓਟੀ ਵਰਗਾ ਮੰਨਿਆ ਜਾ ਸਕਦਾ ਹੈ) ਦੇ ਬਾਜ਼ਾਰ ਵਿੱਚ ਤੇਜ਼ੀ ਆਈ ਹੈ। ਗਾਹਕ ਇਸ ਲਈ ਸੈਂਕੜੇ ਜਾਂ ਹਜ਼ਾਰਾਂ ਪੌਂਡ ਖਰਚ ਕਰਨ ਲਈ ਤਿਆਰ ਹਨ, ਅਤੇ ਪ੍ਰੇਨੁਵੋ, ਐਜ਼ਰਾ ਅਤੇ ਨੇਕੋ ਹੈਲਥ (Prenuvo, Ezra, Neko Health) ਵਰਗੀਆਂ ਕੰਪਨੀਆਂ ਲੱਖਾਂ ਦਾ ਨਿਵੇਸ਼ ਆਕਰਸ਼ਿਤ ਕਰ ਰਹੀਆਂ ਹਨ।

ਹਾਲਾਂਕਿ ਪ੍ਰੇਨੁਵੋ ਅਤੇ ਐਜ਼ਰਾ ਵਰਗੀਆਂ ਕੰਪਨੀਆਂ ਫੁੱਲ-ਬਾਡੀ ਐਮਆਰੀਆਈ ਸਕੈਨਰ ਦੀ ਸਹੂਲਤ ਦਿੰਦੀਆਂ ਹਨ, ਪਰ ਮੈਂ ਨੇਕੋ ਹੈਲਥ ਨੂੰ ਚੁਣਿਆ, ਜੋ ਇੰਨੀ ਡੂੰਘਾਈ ਨਾਲ ਜਾਂਚ ਨਹੀਂ ਕਰਦੀ ਅਤੇ ਜਿਸ ਦੀ ਕੀਮਤ ਵੀ ਘੱਟ ਹੈ – ਲਗਭਗ 400 ਯੂਐੱਸ ਡਾਲਰ। ਇਸ ਸਮੇਂ ਉਨ੍ਹਾਂ ਦੀ ਵੇਟਿੰਗ ਲਿਸਟ ਵਿੱਚ 100,000 ਲੋਕ ਹਨ।

ਮੇਰੀ ਕਈ ਤਰ੍ਹਾਂ ਦੀਆਂ ਸਥਿਤੀਆਂ ਲਈ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਸਕਿੱਨ ਕੈਂਸਰ, ਦਿਲ ਦੀ ਬਿਮਾਰੀ, ਟਾਈਪ 2 ਡਾਇਬਟੀਜ਼, ਗਲੂਕੋਮਾ ਵਰਗੀਆਂ ਅੱਖਾਂ ਦੀਆਂ ਸਮੱਸਿਆਵਾਂ, ਨਾਲ ਹੀ ਕਿਡਨੀ ਅਤੇ ਖੂਨ ਨਾਲ ਸਬੰਧਿਤ ਬਿਮਾਰੀਆਂ ਸ਼ਾਮਲ ਹਨ।

ਮੈਨੂੰ ਕੋਈ ਲੱਛਣ ਨਹੀਂ ਹਨ, ਪਰ ਜੇ ਉਨ੍ਹਾਂ ਨੂੰ ਕੁਝ ਪਤਾ ਲੱਗ ਗਿਆ ਤਾਂ? ਇਸ ਬਾਰੇ ਮੈਂ ਬਾਅਦ ਵਿੱਚ ਗੱਲ ਕਰਾਂਗੀ।

ਬਾਡੀ-ਸਕੈਨਿੰਗ ਉਦਯੋਗ ਖ਼ੁਦ ਨੂੰ ਹੈਲਥ ਸਰਵਿਸ ਦੇ ਖੇਤਰ ਵਿੱਚ ਇੱਕ ਨਵੀਂ ਸ਼ੁਰੂਆਤ ਵਜੋਂ ਦੇਖਦਾ ਹੈ, ਜੋ ਬਿਮਾਰੀਆਂ ਨੂੰ ਪੂਰੀ ਤਰ੍ਹਾਂ ਉੱਭਰਨ ਤੋਂ ਪਹਿਲਾਂ ਹੀ ਰੋਕ ਦਿੰਦਾ ਹੈ।

ਪਰ ਇਸ ਗੱਲ ਨੂੰ ਲੈ ਕੇ ਖਦਸ਼ਾ ਹੈ ਕਿ ਜੋ ਮਰੀਜ਼ ਪਹਿਲਾਂ ਤੋਂ ਸਿਹਤਮੰਦ ਹਨ, ਉਨ੍ਹਾਂ ਲਈ ਇਹ ਸਕੈਨਰ ਅਸਲ ਵਿੱਚ ਕਿੰਨੇ ਫਾਇਦੇਮੰਦ ਹਨ।

ਮੇਰੀ ਸੋਸ਼ਲ ਮੀਡੀਆ ਫੀਡ ਅਜਿਹੇ ਉਤਸ਼ਾਹਿਤ ਗਾਹਕਾਂ ਦੇ ਵੀਡੀਓਜ਼ ਨਾਲ ਭਰੀ ਪਈ ਹੈ, ਜੋ ਸਕੈਨਰ ਮਸ਼ੀਨਾਂ ਦੇ ਅੰਦਰ ਆਪਣੀ ਵੀਡੀਓ ਬਣਾ ਰਹੇ ਹਨ, ਆਪਣਾ ਖੂਨ ਕਢਵਾ ਰਹੇ ਹਨ ਅਤੇ ਆਪਣੀ ਗ੍ਰਿਪ ਸਟ੍ਰੈਂਥ (ਪਕੜ ਦੀ ਤਾਕਤ) ਦੀ ਜਾਂਚ ਕਰਵਾ ਰਹੇ ਹਨ।

ਨੇਕੋ ਹੈਲਥ (Neko Health) ਦੇ ਸੰਸਥਾਪਕਾਂ ਵਿੱਚੋਂ ਇੱਕ, ਹਜਲਮਾਰ ਨਿਲਸਨ (Hjalmar Nilsonne) ਚਾਹੁੰਦੇ ਹਨ ਕਿ ਇਹ ਪ੍ਰਿਵੈਂਟਿਵ ਟ੍ਰੀਟਮੈਂਟ (ਬਿਮਾਰੀ ਹੋਣ ਤੋਂ ਪਹਿਲਾਂ ਦਾ ਇਲਾਜ) ਹਰ ਵਿਅਕਤੀ ਨੂੰ ਮਿਲੇ, ਨਾ ਕਿ ਸਿਰਫ਼ ਉਨ੍ਹਾਂ ਲੋਕਾਂ ਨੂੰ ਜੋ ਇਸ ਦਾ ਖਰਚਾ ਚੁੱਕ ਸਕਦੇ ਹਨ।

ਨਿਲਸਨ ਕਹਿੰਦੇ ਹਨ, “ਹਾਲਾਂਕਿ ਪਿਛਲੀ ਸਦੀ ਵਿੱਚ ਮੈਡੀਸਨ ਦੇ ਖੇਤਰ ਵਿੱਚ ਬਹੁਤ ਤਰੱਕੀ ਹੋਈ ਹੈ, ਪਰ ਪ੍ਰਾਇਮਰੀ ਮੈਡੀਕਲ ਕੇਅਰ ਅਜੇ ਵੀ ਬਹੁਤ ਬੁਨਿਆਦੀ ਪੱਧਰ ‘ਤੇ ਹੈ। ਲੱਛਣ ਦਿਖਾਈ ਦੇਣ ਤੱਕ ਇੰਤਜ਼ਾਰ ਕਿਉਂ ਕਰੀਏ? ਡੇਟਾ ਬਿਲਕੁਲ ਸਪਸ਼ਟ ਹੈ, ਇਲਾਜ ਨਾਲੋਂ ਬਚਾਅ ਬਿਹਤਰ ਹੈ।”

ਹਾਲਾਂਕਿ, ਐਨ ਐਚਐਸ (ਯੂਕੇ ਦੀ ਜਨਤਕ ਸਿਹਤ ਪ੍ਰਣਾਲੀ) ਦੇ ਜਨਰਲ ਪ੍ਰੈਕਟੀਸ਼ਨਰਾਂ ਅਤੇ ਡਾਕਟਰਾਂ ਨੂੰ ਇਸ ਬਾਰੇ ਜ਼ਿਆਦਾ ਖਦਸ਼ੇ ਹਨ। ਐਚਐਸ ਇੰਗਲੈਂਡ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਸਕੈਨਰਾਂ ਦੀ ਲੋਕਪ੍ਰਿਅਤਾ ਨਾਲ “ਓਵਰ-ਡਾਇਗਨੋਸਿਸ (ਲੋੜ ਤੋਂ ਜ਼ਿਆਦਾ ਬਿਮਾਰੀ ਦਾ ਪਤਾ ਲੱਗਣਾ) ਜਿਸ ਤੋਂ ਬਚਿਆ ਜਾ ਸਕਦਾ ਹੈ, ਗੈਰ-ਜ਼ਰੂਰੀ ਜਾਂਚ ਅਤੇ ਚਿੰਤਾ” ਵਧ ਰਹੀ ਹੈ।

ਸਕੈਨ ਕਰਵਾਉਣ ਤੋਂ ਇਲਾਵਾ, ਮੈਂ ਦੋ ਅਜਿਹੀਆਂ ਮਹਿਲਾਵਾਂ ਨਾਲ ਵੀ ਗੱਲ ਕੀਤੀ, ਜਿਨ੍ਹਾਂ ਦੇ ਤਜਰਬੇ ਬਹੁਤ ਵੱਖਰੇ ਸਨ।

“ਮੇਰੇ ਕੈਂਸਰ ਵਾਲੇ ਧੱਬੇ ਦਾ ਪਤਾ ਨਹੀਂ ਲੱਗਿਆ”

ਐਨਾਬੈਲ ਦੇ ਚਾਰ ਕੈਂਸਰ ਵਾਲੇ ਧੱਬੇ ਹਟਾਏ ਗਏ

ਤਸਵੀਰ ਸਰੋਤ, Annabel

ਐਨਾਬੈਲ ਮੇਸਨ-ਥੌਮਪਸਨ ਨੇ ਪਿਛਲੇ ਸਾਲ ਸਤੰਬਰ ਵਿੱਚ ਨੇਕੋ ਹੈਲਥ ਤੋਂ ਸਕੈਨ ਕਰਵਾਇਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਪਿੱਠ ‘ਤੇ ਇੱਕ ਧੱਬਾ ਹੈ ਜਿਸ ਨੂੰ ਲੈ ਕੇ ਖਦਸ਼ਾ ਹੈ, ਪਰ ਟੈਕਨੋਲੋਜੀ ਨੇ ਉਸ ਦੀ ਪਛਾਣ ਨਹੀਂ ਕੀਤੀ।

50 ਸਾਲਾ ਮਰੀਜ਼ ਐਨਾਬੈਲ ਨੇ ਕਿਹਾ, “ਸੱਚ ਕਹਾਂ ਤਾਂ ਮੈਨੂੰ ਥੋੜ੍ਹੀ ਨਿਰਾਸ਼ਾ ਹੋਈ। ਉਨ੍ਹਾਂ ਦੇ ਏਆਈ ਸਕੈਨਰ ਨੇ ਮੇਰੇ ਕੈਂਸਰ ਵਾਲੇ ਚਾਰ ਜ਼ਖਮਾਂ (lesions) ਦਾ ਪਤਾ ਨਹੀਂ ਲਗਾਇਆ।”

“ਸਕੈਨ ਤੋਂ ਬਾਅਦ ਜਦੋਂ ਮੈਂ ਡਾਕਟਰ ਕੋਲ ਗਈ ਅਤੇ ਆਪਣੇ ਲਾਲ ਧੱਬੇ ਵੱਲ ਇਸ਼ਾਰਾ ਕੀਤਾ, ਤਾਂ ਉਨ੍ਹਾਂ ਨੇ ਉਸ ਦੀ ਜਾਂਚ ਕੀਤੀ।”

ਬਾਅਦ ਦੀ ਜਾਂਚ ਵਿੱਚ ਪੁਸ਼ਟੀ ਹੋਈ ਕਿ ਧੱਬੇ ਸ਼ੱਕੀ ਸਨ, ਇਸ ਲਈ ਨੇਕੋ ਹੈਲਥ ਨੇ ਐਨਾਬੈਲ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਲਾਜ ਦੀ ਲੋੜ ਹੋਵੇਗੀ। ਨਾਲ ਹੀ, ਉਨ੍ਹਾਂ ਨੇ ਉਨ੍ਹਾਂ ਦੇ ਨਿੱਜੀ ਡਰਮਾਟੋਲੋਜਿਸਟ (ਚਮੜੀ ਰੋਗ ਮਾਹਿਰ) ਨੂੰ ਇੱਕ ਚਿੱਠੀ ਲਿਖ ਕੇ ਕਿਹਾ ਕਿ “ਜ਼ਖਮ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਇਸ ਨੂੰ ਹਟਾਉਣ ਬਾਰੇ ਵਿਚਾਰ ਕੀਤਾ ਜਾ ਸਕੇ।”

ਉਨ੍ਹਾਂ ਦੇ ਡਰਮਾਟੋਲੋਜਿਸਟ ਨੂੰ ਤਿੰਨ ਹੋਰ ਕੈਂਸਰ ਵਾਲੇ ਧੱਬੇ ਮਿਲੇ, ਜਿਨ੍ਹਾਂ ਲਈ ਤੁਰੰਤ ਇਲਾਜ ਦੀ ਲੋੜ ਸੀ।

ਐਨਾਬੈਲ ਕਹਿੰਦੇ ਹਨ, “ਚੰਗੀ ਗੱਲ ਇਹ ਸੀ ਕਿ ਉਹ ਸਾਰੇ ਹੌਲੀ-ਹੌਲੀ ਵਧਣ ਵਾਲੇ ਬੇਸਲ ਸੈੱਲ ਕਾਰਸਿਨੋਮਾ ਸਨ। ਮੈਂ ਦੋ ਨੂੰ ਕਟਵਾ ਕੇ ਅਤੇ ਦੋ ਨੂੰ ਕ੍ਰਾਇਓਥੈਰੇਪੀ ਰਾਹੀਂ ਹਟਵਾਇਆ।”

ਨੇਕੋ ਹੈਲਥ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਰ ਕੰਮ ਦਾ ਮੁੱਖ ਬਿੰਦੂ ਹੈ – “ਮੈਂਬਰਾਂ ਦੀ ਸੁਰੱਖਿਆ ਅਤੇ ਕਲੀਨਿਕਲ ਉੱਤਮਤਾ”। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਲੀਨਿਕਲ ਟੀਮ ਨੇ ਇੱਕ “ਚਿੰਤਾਜਨਕ ਜ਼ਖਮ” ਦੀ ਪਛਾਣ ਕੀਤੀ ਸੀ ਅਤੇ ਸੰਭਾਵਿਤ ਇਲਾਜ ਲਈ ਰੈਫਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਦੋ ਡਰਮਾਟੋਲੋਜਿਸਟਾਂ ਨੇ ਉਸ ਦੀ ਸਮੀਖਿਆ ਕੀਤੀ ਸੀ।

ਨਿਲਸਨ ਕਹਿੰਦੇ ਹਨ, “ਅਸੀਂ ਜਾਣਦੇ ਹਾਂ ਕਿ ਕੋਈ ਵੀ ਸਿਸਟਮ ਪੂਰੀ ਤਰ੍ਹਾਂ ਸਟੀਕ ਨਹੀਂ ਹੁੰਦਾ, ਇਸ ਲਈ ਅਸੀਂ ਕਈ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕਰਦੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਟੈਕਨੋਲੋਜੀ ਅਤੇ ਮਨੁੱਖੀ ਮਾਹਿਰਤਾ ਮਿਲ ਕੇ ਕੰਮ ਕਰਨ।”

ਕੰਪਨੀ ਦੇ ਹਾਲੀਆ ਡੇਟਾ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਸਟਾਕਹੋਮ ਵਿੱਚ ਨੇਕੋ ਹੈਲਥ ਦੇ ਮੁੱਖ ਕਲੀਨਿਕ ਵਿੱਚ ਆਏ ਕਲਾਇੰਟਸ ਦੇ 4,362 ਸਕੈਨ ਕੀਤੇ ਗਏ। ਇਨ੍ਹਾਂ ਵਿੱਚੋਂ 1.2% ਸਕੈਨਾਂ ਵਿੱਚ ਮੇਲੇਨੋਮਾ ਅਤੇ ਲਿਊਕੇਮੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਪਾਈਆਂ ਗਈਆਂ।

4% ਮਾਮਲਿਆਂ ਵਿੱਚ ਅਜਿਹੀਆਂ ਗੰਭੀਰ ਸਿਹਤ ਸਮੱਸਿਆਵਾਂ ਸਾਹਮਣੇ ਆਈਆਂ, ਜਿਨ੍ਹਾਂ ਲਈ ਅੱਗੇ ਇਲਾਜ ਦੀ ਲੋੜ ਸੀ, ਅਤੇ 1.2% ਮਾਮਲਿਆਂ ਵਿੱਚ ਅਜਿਹੀਆਂ ਸਥਿਤੀਆਂ ਦਿਖਾਈ ਦਿੱਤੀਆਂ, ਜਿਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਸੀ, ਜਿਵੇਂ ਕਿ ਪ੍ਰੀ-ਡਾਇਬਟੀਕ ਬਲੱਡ ਸ਼ੂਗਰ ਲੈਵਲ।

ਹਾਲਾਂਕਿ ਇਹ ਅੰਕੜੇ ਪੂਰੀ ਆਬਾਦੀ ਦੀ ਸਿਹਤ ਬਾਰੇ ਤਸਵੀਰ ਪੇਸ਼ ਨਹੀਂ ਕਰਦੇ ਅਤੇ ਇਨ੍ਹਾਂ ਵਿੱਚ ਸਿਰਫ਼ ਉਹੀ ਲੋਕ ਸ਼ਾਮਿਲ ਹਨ, ਜੋ ਇਸ ਤਰ੍ਹਾਂ ਦੀ ਪ੍ਰਿਵੈਂਟਿਵ ਹੈਲਥਕੇਅਰ (ਬਿਮਾਰੀ ਤੋਂ ਬਚਾਅ ਵਾਲੀ ਸਿਹਤ ਸੇਵਾ) ਦਾ ਖਰਚਾ ਚੁੱਕ ਸਕਦੇ ਹਨ, ਫਿਰ ਵੀ ਨਿਲਸਨ ਦਾ ਕਹਿਣਾ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਭਵਿੱਖ ਵਿੱਚ ਦਵਾਈ ਕਿਹੋ ਜਿਹੀ ਹੋਣੀ ਚਾਹੀਦੀ ਹੈ।

ਪਰ ਜਨਰਲ ਪ੍ਰੈਕਟੀਸ਼ਨਰ (ਜੀਪੀ) ਇਸ ਨਾਲ ਸਹਿਮਤ ਨਹੀਂ ਹਨ। ਯੂਕੇ ਵਿੱਚ ਰੌਇਲ ਕਾਲਜ ਆਫ਼ ਜਨਰਲ ਪ੍ਰੈਕਟੀਸ਼ਨਰਜ਼ (ਆਰਸੀਜੀਪੀ) ਦੇ ਪ੍ਰਧਾਨ, ਪ੍ਰੋਫ਼ੈਸਰ ਵਿਕਟੋਰੀਆ ਜ਼ੋਰਟਜ਼ਿਓ ਬ੍ਰਾਊਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਕੋਈ “ਠੋਸ ਸਬੂਤ” ਨਹੀਂ ਮਿਲਿਆ ਹੈ, ਜਿਸ ਤੋਂ ਪਤਾ ਲੱਗੇ ਕਿ ਨਿੱਜੀ ਸਿਸਟਮ ਰਾਹੀਂ ਵੱਡੇ ਪੱਧਰ ‘ਤੇ ਸਕ੍ਰੀਨਿੰਗ ਕਰਨ ਨਾਲ “ਹੈਲਥ ਆਊਟਕਮ (ਸਿਹਤ ਨਤੀਜਿਆਂ) ਵਿੱਚ ਸੁਧਾਰ” ਹੁੰਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਿੱਜੀ ਸਕੈਨਾਂ ਦੇ ਨਤੀਜਿਆਂ ਨਾਲ ਐਨਐਚਐਸ ‘ਤੇ ਵਾਧੂ ਬੋਝ ਵੀ ਪੈ ਸਕਦਾ ਹੈ, ਕਿਉਂਕਿ ਕਸਟਮਰ ਅੱਗੇ ਦੀ ਜਾਂਚ ਅਤੇ ਸੰਭਾਵਿਤ ਇਲਾਜ ਲਈ ਵਾਪਸ ਆਉਂਦੇ ਹਨ, ਭਾਵੇਂ “ਕਲੀਨਿਕਲੀ ਤੌਰ ‘ਤੇ ਨਤੀਜਿਆਂ ਦਾ ਕੋਈ ਮਹੱਤਵ ਨਾ ਹੋਵੇ।”

“ਉਨ੍ਹਾਂ ਨੇ ਮੇਰੀ ਜਾਨ ਬਚਾਈ”

ਮੇਹਵਿਸ਼ ਦੇ ਬਲੱਡ ਸ਼ੂਗਰ ਲੈਵਲ ਲੰਬੇ ਸਮੇਂ ਤੱਕ ਬਹੁਤ ਜ਼ਿਆਦਾ ਰਹੇ ਅਤੇ ਉਨ੍ਹਾਂ ਨੂੰ ਲੇਟੈਂਟ ਆਟੋਇਮਿਊਨ ਡਾਇਬਟੀਜ਼ ਹੋਣ ਦਾ ਪਤਾ ਲੱਗਾ

ਤਸਵੀਰ ਸਰੋਤ, Mehvish

ਮੇਹਵਿਸ਼ ਕਹਿੰਦੇ ਹਨ ਕਿ ਫੁੱਲ-ਬਾਡੀ ਸਕੈਨ ਤੋਂ ਬਾਅਦ ਉਨ੍ਹਾਂ ਨੇ ਜੋ ਗੱਲ ਸੁਣੀ, ਉਸ ਲਈ ਉਹ ਬਿਲਕੁਲ ਵੀ ਤਿਆਰ ਨਹੀਂ ਸਨ। ਬਰਮਿੰਘਮ ਵਿੱਚ ਨੇਕੋ ਹੈਲਥ ਕਲੀਨਿਕ ਤੋਂ ਬਾਹਰ ਨਿੱਕਲਦੇ ਸਮੇਂ ਉਨ੍ਹਾਂ ਨੂੰ ਇੱਕ ਅਜਿਹੀ ਬਿਮਾਰੀ ਬਾਰੇ ਪਤਾ ਲੱਗਾ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

33 ਸਾਲਾ ਇਹ ਮਹਿਲਾ ਕਹਿੰਦੇ ਹਨ, “ਮੈਨੂੰ ਉਮੀਦ ਸੀ ਕਿ ਮੈਨੂੰ ਰਾਹਤ ਮਿਲੇਗੀ। ਪਰ ਇਸ ਦੀ ਬਜਾਏ, ਮੈਨੂੰ ਦੱਸਿਆ ਗਿਆ ਕਿ ਮੈਨੂੰ ਇੱਕ ਦੁਰਲੱਭ ਕਿਸਮ ਦੀ ਡਾਇਬਟੀਜ਼ ਹੈ।”

ਲੰਬੇ ਸਮੇਂ ਤੱਕ ਬਲੱਡ ਸ਼ੂਗਰ ਲੈਵਲ ਬਹੁਤ ਜ਼ਿਆਦਾ ਪਾਏ ਜਾਣ ਤੋਂ ਬਾਅਦ, ਉਨ੍ਹਾਂ ਨੇ ਇੱਕ ਹੋਰ ਬਲੱਡ ਟੈਸਟ ਕਰਵਾਇਆ, ਜਿਸ ਨਾਲ ਡਾਇਬਟੀਜ਼ ਹੋਣ ਦਾ ਸ਼ੱਕ ਪੱਕਾ ਹੋ ਗਿਆ।

ਉਨ੍ਹਾਂ ਨੂੰ ਵਾਪਸ ਆਪਣੇ ਜਨਰਲ ਪ੍ਰੈਕਟੀਸ਼ਨਰ ਕੋਲ ਭੇਜਿਆ ਗਿਆ, ਜਿਨ੍ਹਾਂ ਨੇ ਉਸੇ ਦਿਨ ਉਨ੍ਹਾਂ ਨੂੰ ਹਸਪਤਾਲ ਵਿੱਚ ਅਰਜੈਂਟ ਅਪੌਇੰਟਮੈਂਟ ਲਈ ਭੇਜ ਦਿੱਤਾ। ਉੱਥੇ ਉਨ੍ਹਾਂ ਨੂੰ ‘ਲੇਟੈਂਟ ਆਟੋਇਮਿਊਨ ਡਾਇਬਟੀਜ਼ ਆਫ਼ ਦਿ ਐਡਲਟ’ (ਐਲਏਡੀਏ) ਹੋਣ ਦਾ ਪਤਾ ਲੱਗਾ। ਇਹ ਡਾਇਬਟੀਜ਼ ਦੀ ਇੱਕ ਅਜਿਹੀ ਕਿਸਮ ਹੈ, ਜਿਸ ਵਿੱਚ ਟਾਈਪ 1 ਅਤੇ ਟਾਈਪ 2 ਦੋਵਾਂ ਤਰ੍ਹਾਂ ਦੀ ਡਾਇਬਟੀਜ਼ ਦੇ ਲੱਛਣ ਸ਼ਾਮਲ ਹੁੰਦੇ ਹਨ।

ਟਾਈਪ 1 ਵਾਂਗ ਹੀ, ਇਹ ਵੀ ਇੱਕ ਆਟੋਇਮਿਊਨ ਸਥਿਤੀ ਹੈ, ਜੋ ਸਰੀਰ ਦੇ ਪੈਂਕ੍ਰਿਆਟਿਕ ਸੈੱਲਾਂ ‘ਤੇ ਹਮਲਾ ਕਰਦੀ ਹੈ, ਪਰ ਇਸ ਵਿੱਚ ਟਾਈਪ 2 ਦੇ ਲੱਛਣ ਵੀ ਹੁੰਦੇ ਹਨ, ਹਾਲਾਂਕਿ ਇਹ ਹੌਲੀ-ਹੌਲੀ ਵਧ ਸਕਦੀ ਹੈ ਅਤੇ ਬਿਮਾਰੀ ਦੇ ਸਟੇਜ ਦੇ ਆਧਾਰ ‘ਤੇ, ਸ਼ੁਰੂਆਤ ਵਿੱਚ ਇਸ ਨੂੰ ਸਹੀ ਖਾਣੇ ਅਤੇ ਕਸਰਤ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।

ਮੇਹਵਿਸ਼ ਕਹਿੰਦੇ ਹਨ, “ਮੇਰੇ ‘ਚ ਕੋਈ ਲੱਛਣ ਨਹੀਂ ਸਨ। ਮੈਨੂੰ ਇਹ ਸਮਝਣਾ ਮੁਸ਼ਕਿਲ ਲੱਗ ਰਿਹਾ ਸੀ ਕਿ ਬਿਨ੍ਹਾਂ ਪਤਾ ਲੱਗੇ ਮੈਨੂੰ ਇਹ ਬਿਮਾਰੀ ਕਿਵੇਂ ਹੋ ਸਕਦੀ ਹੈ?”

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਅਤੇ ਅਚਾਨਕ ਹੋਈ ਇਸ ਜਾਂਚ ਨੇ “ਮੇਰੀ ਜਾਨ ਬਚਾ ਲਈ।”

ਹੁਣ ਉਹ ਦਿਨ ਵਿੱਚ ਦੋ ਵਾਰ ਇਨਸੁਲਿਨ ਦਾ ਇੰਜੈਕਸ਼ਨ ਲੈਂਦੇ ਹਨ, ਆਪਣੇ ਖਾਣ-ਪੀਣ ‘ਤੇ ਧਿਆਨ ਦਿੰਦੇ ਹਨ ਅਤੇ ਆਪਣੀ ਪੁਰਾਣੀ ਜ਼ਿੰਦਗੀ ਦੀ ਬੇਫ਼ਿਕਰੀ ਨੂੰ ਯਾਦ ਕਰਨ ਦੇ ਬਾਵਜੂਦ, ਨਵੀਂ ਜ਼ਿੰਦਗੀ ਮੁਤਾਬਕ ਢਲਣਾ ਸਿੱਖ ਰਹੇ ਹਨ।

“ਮੈਂ ਹੁਣ ਬਹੁਤ ਬਿਹਤਰ ਮਹਿਸੂਸ ਕਰਦੀ ਹਾਂ, ਹੁਣ ਸਿਹਤ ਬਾਰੇ ਜ਼ਿਆਦਾ ਸਪੱਸ਼ਟਤਾ ਹੈ, ਮਾਨਸਿਕ ਉਲਝਣ ਘੱਟ ਹੈ ਅਤੇ ਮੈਂ ਜ਼ਿਆਦਾ ਸੰਤੁਲਿਤ ਮਹਿਸੂਸ ਕਰਦੀ ਹਾਂ।”

ਬਾਡੀ ਸਕੈਨਰ ਉਦਯੋਗ ਇਸ ਤਰ੍ਹਾਂ ਦੇ ਇਲਾਜ ਨੂੰ ਹੈਲਥਕੇਅਰ ਦੇ ਖੇਤਰ ਵਿੱਚ ਨਵੀਂ ਦਿਸ਼ਾ ਵਜੋਂ ਦੇਖਦਾ ਹੈ

ਤਸਵੀਰ ਸਰੋਤ, NEKO

ਮੇਰੇ ਆਪਣੇ (ਰੂਥ ਦੇ) ਸਕੈਨ ਤੋਂ ਬਾਅਦ, ਮੈਨੂੰ ਥੋੜ੍ਹਾ ਅਜੀਬ ਲੱਗ ਰਿਹਾ ਹੈ। ਮੈਨੂੰ ਦੱਸਿਆ ਗਿਆ ਕਿ ਮੇਰੀ ਚਮੜੀ ‘ਤੇ 3,311 ਦਾਗ-ਧੱਬੇ ਹਨ, ਜਦਕਿ ਨੇਕੋ ਹੈਲਥ ਦੇ ਗਾਹਕਾਂ ਵਿੱਚ ਔਸਤਨ 845 ਦਾਗ-ਧੱਬੇ ਹੁੰਦੇ ਹਨ। ਇਨ੍ਹਾਂ ਵਿੱਚੋਂ ਤਿੰਨ ਧੱਬਿਆਂ ਦੀ ਸਵੀਡਨ ਵਿੱਚ ਕੰਪਨੀ ਦੇ ਡਰਮਾਟੋਲੋਜਿਸਟ ਤੋਂ ਹੋਰ ਜਾਂਚ ਕਰਵਾਉਣ ਦੀ ਲੋੜ ਸੀ।

ਸਕੈਨ ਤੋਂ ਬਾਅਦ ਡਾਕਟਰ ਨਾਲ ਗੱਲਬਾਤ ਦੌਰਾਨ ਮੈਂ ਕਿਹਾ, ‘ਪਰ ਮੇਰੇ ਸਰੀਰ ‘ਤੇ ਕੋਈ ਵੱਡੇ ਤਿਲ ਜਾਂ ਨਿਸ਼ਾਨ ਨਹੀਂ ਹਨ।’ ਮੈਨੂੰ ਦੱਸਿਆ ਗਿਆ ਕਿ ਇਹ ਛਾਈਆਂ (freckles) ਹਨ ਅਤੇ ਛਾਈਆਂ ਹੋਣ ਨਾਲ ਮੈਨੂੰ ਸਕਿੱਨ ਕੈਂਸਰ ਹੋਣ ਦਾ ਖ਼ਤਰਾ ਜ਼ਿਆਦਾ ਹੈ।’

ਮੈਨੂੰ ਪੂਰਾ ਭਰੋਸਾ ਸੀ ਕਿ ਮੈਨੂੰ ਚੰਗੀ ਸਿਹਤ ਦਾ ਸਰਟੀਫ਼ਿਕੇਟ ਮਿਲੇਗਾ, ਖ਼ਾਸ ਕਰਕੇ ਚਮੜੀ ਦੇ ਮਾਮਲੇ ਵਿੱਚ, ਇਸ ਲਈ ਇਹ ਜਾਣ ਕੇ ਥੋੜ੍ਹੀ ਪਰੇਸ਼ਾਨੀ ਹੋਈ ਕਿ ਮੈਨੂੰ ਹੋਰ ਟੈਸਟ ਕਰਵਾਉਣੇ ਪੈਣਗੇ।

ਜਿਨ੍ਹਾਂ ਤਿੰਨ ਸ਼ੱਕੀ ਤਿਲਾਂ/ਧੱਬਿਆਂ ‘ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਸੀ, ਉਨ੍ਹਾਂ ਤੋਂ ਇਲਾਵਾ ਮੈਨੂੰ ਇਹ ਵੀ ਪਤਾ ਲੱਗਾ ਕਿ ਮੇਰੇ ਦਿਲ ਦੀ ਧੜਕਨ ਅਨਿਯਮਿਤ ਹੈ। ਇਲੈਕਟ੍ਰੋਕਾਰਡੀਓਗ੍ਰਾਮ (ਈਸੀਜੀ) ਰਿਕਾਰਡਿੰਗ ਵਿੱਚ ਇੱਕ ਵਾਧੂ ਵੇਵ (ਲਹਿਰ) ਦਿਖੀ, ਜਿਸ ਨੂੰ ‘ਬਿਫਿਡ P ਵੇਵ’ ਕਿਹਾ ਜਾਂਦਾ ਹੈ। ਇਸ ਦੀ ਜਾਂਚ ਲਈ ਨੇਕੋ ਹੈਲਥ ਦੇ ਕਾਰਡੀਓਲੋਜਿਸਟ ਕੋਲ ਭੇਜਿਆ ਗਿਆ। ਚੰਗੀ ਗੱਲ ਇਹ ਰਹੀ ਕਿ ਰਿਪੋਰਟ ਨਾਰਮਲ ਆਈ।

ਕੁਝ ਦਿਨਾਂ ਬਾਅਦ, ਮੈਨੂੰ ਇੱਕ ਫ਼ਾਲੋ-ਅੱਪ ਮੈਸੇਜ ਮਿਲਿਆ, ਜਿਸ ਵਿੱਚ ਦੱਸਿਆ ਗਿਆ ਕਿ ਮੇਰੀ ਚਮੜੀ ਵਿੱਚ ਕੋਈ ਅਸਧਾਰਨ ਬਦਲਾਅ ਨਹੀਂ ਹੈ, ਜਿਸਦੇ ਲਈ ਇਲਾਜ ਦੀ ਲੋੜ ਹੋਵੇ।

ਮੈਂ ਉਨ੍ਹਾਂ ਹਜ਼ਾਰਾਂ ਗਾਹਕਾਂ ਵਿੱਚੋਂ ਇੱਕ ਹਾਂ, ਜਿਨ੍ਹਾਂ ਨੂੰ ਕਿਸੇ ਸੰਭਾਵਿਤ ਸਮੱਸਿਆ ਬਾਰੇ ਸੁਚੇਤ ਕੀਤਾ ਗਿਆ, ਪਰ ਬਾਅਦ ਵਿੱਚ ਪਤਾ ਲੱਗਾ ਕਿ ਕਿਸੇ ਹੋਰ ਇਲਾਜ ਦੀ ਲੋੜ ਨਹੀਂ ਹੈ। ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਨਾਲ ਬੇਵਜ੍ਹਾ ਚਿੰਤਾ ਹੁੰਦੀ ਹੈ ਅਤੇ ਮਰੀਜ਼ਾਂ ਨੂੰ ਸਿਰਫ਼ ਐਨਐਚਐਸ ਦੇ ਨੈਸ਼ਨਲ ਸਕ੍ਰੀਨਿੰਗ ਪ੍ਰੋਗਰਾਮ ‘ਤੇ ਭਰੋਸਾ ਕਰਨਾ ਚਾਹੀਦਾ ਹੈ।

ਰੂਥ

ਰੌਇਲ ਕਾਲਜ ਆਫ਼ ਰੇਡੀਓਲੋਜਿਸਟਸ ਦੇ ਪ੍ਰਧਾਨ, ਡਾਕਟਰ ਸਟੀਫ਼ਨ ਹਾਰਡਨ ਐਨਐਚਐਸ ਵੱਲੋਂ ਵਰਤੀ ਜਾਣ ਵਾਲੀ ਟੈਕਨੋਲੋਜੀ ਬਾਰੇ ਦੱਸਦੇ ਹਨ। ਇਹ ਟੈਕਨੋਲੋਜੀ ਬ੍ਰੈਸਟ, ਆਂਤ ਜਾਂ ਸਰਵਿਕਸ ਵਰਗੇ “ਖ਼ਾਸ ਹਿੱਸਿਆਂ” ‘ਤੇ ਧਿਆਨ ਦਿੰਦੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੂਰੇ ਸਰੀਰ ਦੇ ਸਕੈਨ ਨਾਲੋਂ ਜ਼ਿਆਦਾ ਭਰੋਸੇਮੰਦ ਹੋ ਸਕਦੀ ਹੈ।

ਪਰ ਬ੍ਰਿਟੇਨ ਦੇ ਸਾਬਕਾ ਸਿਹਤ ਮੰਤਰੀ ਸਟੀਵ ਬ੍ਰਾਇਨ, ਜੋ ਇੱਕ ਪ੍ਰਿਵੈਂਟਿਵ ਹੈਲਥ ਕੰਪਨੀ ਨੂੰ ਸਲਾਹ ਦਿੰਦੇ ਹਨ, ਦਾ ਮੰਨਣਾ ਹੈ ਕਿ ਮੇਰੇ ਵਰਗੇ ਸਾਵਧਾਨੀ ਵਜੋਂ ਕੀਤੇ ਗਏ ਸਕੈਨ “ਲੋਕਾਂ ਦੀ ਸਿਹਤ ਨੂੰ ਲੈਕੇ ਅਪਣਾਈ ਜਾ ਰਹੀ ਦਿਸ਼ਾ ਦੇ ਅਨੁਕੂਲ ਹਨ।”

ਬ੍ਰਾਇਨ ਕਹਿੰਦੇ ਹਨ, “ਐਨਐਚਐਸ ਵਿੱਚ ਬਦਲਾਅ ਆ ਰਿਹਾ ਹੈ; ਬਿਮਾਰੀ ਤੋਂ ਬਚਾਅ (prevention) ਇੱਕ ਅਹਿਮ ਪਾਲਿਸੀ ਏਰੀਆ ਹੈ। ਅਸੀਂ ਲੋਕਾਂ ਦੀਆਂ ਸਮੱਸਿਆਵਾਂ ਦੀ ਪਛਾਣ ਉਦੋਂ ਹੀ ਕਰ ਲੈਣਾ ਚਾਹੁੰਦੇ ਹਾਂ, ਜਦੋਂ ਉਹ ਮਰੀਜ਼ ਅਜੇ ਨਾ ਬਣੇ ਹੋਣ, ਇਸ ਲਈ ਇਹ ਸਕੈਨਰ ਸਾਡੇ ਭਵਿੱਖ ਦੇ ਹੈਲਥਕੇਅਰ ਸਿਸਟਮ ਦਾ ਹਿੱਸਾ ਬਣ ਸਕਦੇ ਹਨ ਅਤੇ ਪ੍ਰਾਇਮਰੀ ਕੇਅਰ ਨੂੰ ਵੀ ਇਸ ਮੁਤਾਬਕ ਢਲਣਾ ਪਵੇਗਾ।”

ਜਿੱਥੋਂ ਤੱਕ ਮੇਰੀ ਗੱਲ ਹੈ, ਮੈਨੂੰ ਦੱਸਿਆ ਗਿਆ ਕਿ ਮੇਰੇ ਦਿਲ ਦੀ ਉਮਰ ਮੇਰੀ ਅਸਲ ਉਮਰ ਨਾਲੋਂ ਚਾਰ ਸਾਲ ਘੱਟ ਹੈ ਅਤੇ ਕੁੱਲ ਮਿਲਾ ਕੇ ਮੇਰੀ ਸਿਹਤ ਬਹੁਤ ਚੰਗੀ ਹੈ। ਪਰ ਮੈਂ ਇੱਕ ਜ਼ਰੂਰੀ ਗੱਲ ਵੀ ਸਿੱਖੀ, ਇਹ ਕਿ ਮੇਰੇ ਚਿਹਰੇ ‘ਤੇ ਮੌਜੂਦ ਛਾਈਆਂ (freckles) ਕਾਰਨ ਮੈਨੂੰ ਸਕਿੱਨ ਕੈਂਸਰ ਦਾ ਖ਼ਤਰਾ ਜ਼ਿਆਦਾ ਹੋ ਸਕਦਾ ਹੈ।

ਇਸ ਲਈ, ਸਕੈਨਰ ਵਿੱਚ ਬਿਤਾਏ ਉਸ ਸਮੇਂ ਕਾਰਨ, ਹੁਣ ਮੈਂ ਸਿਰਫ਼ ਚਿਹਰੇ ‘ਤੇ ਹੀ ਨਹੀਂ, ਸਗੋਂ ਪੂਰੇ ਸਰੀਰ ‘ਤੇ ਖੂਬ ਸਾਰਾ ਸਨਸਕ੍ਰੀਨ ਲਗਾਉਣ ‘ਤੇ ਧਿਆਨ ਦਿੰਦੀ ਹਾਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI