Home rss national punjabi2ਰਾਸ਼ਟਰੀ ਖ਼ਬਰਾਂ ਫਰਜ਼ੀ ਆਈਏਐੱਸ ਜੋ ਆਪਣੀ ਮਹਿੰਗੀ ਟੈਸਲਾ ਕਾਰ ਦੀ ਫਰੰਟ ਸੀਟ ‘ਤੇ ਬੈਠ...

ਫਰਜ਼ੀ ਆਈਏਐੱਸ ਜੋ ਆਪਣੀ ਮਹਿੰਗੀ ਟੈਸਲਾ ਕਾਰ ਦੀ ਫਰੰਟ ਸੀਟ ‘ਤੇ ਬੈਠ ਕੇ ਪਹੁੰਚਿਆ ਥਾਣੇ, ਫਰਾਟੇਦਾਰ ਅੰਗਰੇਜ਼ੀ ਬੋਲਣ ਵਾਲੇ ਇਸ ਸ਼ਖ਼ਸ ‘ਤੇ ਪੁਲਿਸ ਨੂੰ ਸ਼ੱਕ ਕਿਵੇਂ ਹੋਇਆ

2
0

Source :- BBC PUNJABI

ਮਨੀਸ਼ ਗੁਪਤਾ

ਤਸਵੀਰ ਸਰੋਤ, Ranveer Kumar

ਲੰਘੀ 8 ਅਗਸਤ ਨੂੰ ਜਦੋਂ ਬਿਹਾਰ ਦੀ ਖਗੜੀਆ ਪੁਲਿਸ ਨੇ ਮਨੀਸ਼ ਕੁਮਾਰ ਉਰਫ਼ ਮਨੀਸ਼ ਕੁਮਾਰ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਤਾਂ ਪੁਲਿਸ ਉਸ ਨੂੰ ਆਪਣੀ ਗੱਡੀ ਰਾਹੀਂ ਥਾਣੇ ਨਹੀਂ ਲਿਜਾ ਸਕੀ।

ਪੁਲਿਸ ਮਨੀਸ਼ ਨੂੰ ਉਸ ਦੀ ਮਹਿੰਗੀ ਟੈਸਲਾ ਗੱਡੀ ਦੀ ਫਰੰਟ ਸੀਟ ‘ਤੇ ਬਿਠਾ ਕੇ ਹੀ ਥਾਣੇ ਲੈ ਜਾ ਸਕੀ। ਕਾਰਨ ਇਹ ਸੀ ਕਿ ਇਹ ਟੈਸਲਾ ਐੱਫਐੱਸਡੀ (ਫੁੱਲ ਸੈਲਫ਼ ਡਰਾਈਵਿੰਗ) ਸੀ।

ਮੌਕੇ ‘ਤੇ ਮੌਜੂਦ ਸਥਾਨਕ ਪੱਤਰਕਾਰ ਰਣਵੀਰ ਕੁਮਾਰ ਨੇ ਦੱਸਿਆ, “ਮਨੀਸ਼ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਤੱਕ ਉਹ ਕਾਰ ਵਿੱਚ ਅੱਗੇ ਨਹੀਂ ਬੈਠਣਗੇ, ਕਾਰ ਨਹੀਂ ਚੱਲੇਗੀ। ਜਿਸ ਤੋਂ ਬਾਅਦ ਮਨੀਸ਼ ਕੁਮਾਰ ਗੁਪਤਾ ਅਤੇ ਉਸ ਦਾ ਡਰਾਈਵਰ ਗੱਡੀ ਵਿੱਚ ਅੱਗੇ ਅਤੇ ਇੰਸਪੈਕਟਰ ਪਿੱਛੇ ਬੈਠੇ। ਹੁਣ ਜਦੋਂ ਇਹ ਗੱਡੀ ਥਾਣੇ ਵਿੱਚ ਹੈ ਤਾਂ ਲੋਕ ਗੱਡੀ ਨੂੰ ਦੇਖਣ ਆ ਰਹੇ ਹਨ।”

ਸਾਲਾਨਾ ਹੜ੍ਹ ਨਾਲ ਪ੍ਰਭਾਵਿਤ ਰਹਿਣ ਵਾਲੇ ਖਗੜੀਆ ਜ਼ਿਲ੍ਹੇ ਵਿੱਚ ਮਨੀਸ਼ ਗੁਪਤਾ ਨੂੰ ਆਈਏਐੱਸ ਹੋਣ ਦਾ ਦਾਅਵਾ ਕਰਨ ਦੇ ਇਲਜ਼ਾਮ ਤਹਿਤ ਪੁਲਿਸ ਨੇ ਲੰਘੀ 8 ਅਗਸਤ ਦੀ ਦੇਰ ਸ਼ਾਮ ਗ੍ਰਿਫ਼ਤਾਰ ਕੀਤਾ ਸੀ।

ਬੀਤੇ 10 ਸਾਲ ਤੋਂ ਖਗੜੀਆ ਦੇ ਗੋਗਰੀ ਥਾਣੇ ਤੋਂ ਮਹਿਜ਼ ਇੱਕ ਕਿਲੋਮੀਟਰ ਦੀ ਦੂਰੀ ‘ਤੇ ਰਹਿਣ ਕਾਲੇ ਮਨੀਸ਼ ਗੁਪਤਾ ਇਲਾਕੇ ਵਿੱਚ ਆਪਣੇ ਆਪ ਦੇ ਆਈਏਐੱਸ ਹੋਣ ਦਾ ਰੌਬ ਦਿਖਾਉਂਦਾ ਸੀ।

ਉਹ ਖ਼ੁਦ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਅੰਡਰਕਵਰ ਏਜੰਟ ਅਤੇ ਕੇਂਦਰੀ ਵਿਜੀਲੈਂਸ ਕਮਿਸ਼ਨ ਦੇ ਅਧਿਕਾਰੀ ਵਜੋਂ ਪੇਸ਼ ਕਰਦਾ ਸੀ।

ਖਗੜੀਆ ਐੱਸਪੀ ਭਾਨੂ ਪ੍ਰਤਾਪ ਸਿੰਘ ਨੇ ਮਨੀਸ਼ ਗੁਪਤਾ ਦੇ ਇਨ੍ਹਾਂ ਦਾਅਵਿਆਂ ਨੂੰ ‘ਪਹਿਲੀ ਨਜ਼ਰ ਵਿੱਚ ਫਰਜ਼ੀ’ ਪਾਇਆ ਹੈ।

ਕੌਣ ਹੈ ਮਨੀਸ਼ ਗੁਪਤਾ?

ਚਿੱਟੀ ਟੀ-ਸ਼ਰਟ ਪਹਿਨੇ ਆਪਣੀ ਟੈਸਲਾ ਵਿੱਚ ਬੈਠ ਰਹੇ ਮਨੀਸ਼

ਤਸਵੀਰ ਸਰੋਤ, Ranveer Kumar

ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਗੋਗਰੀ ਬਾਜ਼ਾਰ ਵਿੱਚ ਇੱਕ 5 ਮੰਜ਼ਿਲਾ ਆਲੀਸ਼ਾਨ ਬੰਗਲਾ ਹੈ, ਜਿਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ, “ਗੋਗਰੀ ਦੇ ਮੇਨ ਬਾਜ਼ਾਰ ਵਿੱਚ ਕਿਸੇ ਦਾ ਘਰ ਇੰਨਾ ਆਲੀਸ਼ਾਨ ਨਹੀਂ ਹੈ।”

ਇਸੇ ਘਰ ਵਿੱਚ 49 ਸਾਲਾ ਮਨੀਸ਼ ਕੁਮਾਰ ਇੱਕਲਾ ਰਹਿੰਦਾ ਸੀ। 8 ਅਗਸਤ ਦੀ ਦੁਪਹਿਰ ਲਗਭਗ 2 ਵਜੇ ਗੋਗਰੀ ਥਾਣੇ ਦੀ ਪੁਲਿਸ ਗੁਪਤ ਸੂਚਨਾ ‘ਤੇ ਮਨੀਸ਼ ਕੁਮਾਰ ਦੇ ਘਰ ਪਹੁੰਚੀ ਸੀ।

ਗੋਗਰੀ ਥਾਣਾ ਮੁਖੀ ਅਰਵਿੰਦ ਕੁਮਾਰ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਮੁਤਾਬਕ, “ਘਰ ਦੇ ਸਾਹਮਣੇ ਇੱਕ ਵਿਅਕਤੀ ਚਸ਼ਮਾ ਲਗਾਏ ਅਤੇ ਹਾਫ਼ਪੈਂਟ ਪਹਿਨੇ ਟਹਿਲ ਰਿਹਾ ਸੀ। ਪੁੱਛਣ ‘ਤੇ ਉਸ ਨੇ ਆਪਣਾ ਨਾਮ ਮਨੀਸ਼ ਕੁਮਾਰ ਗੁਪਤਾ ਦੱਸਿਆ ਅਤੇ ਕਿਹਾ ਕਿ ਉਹ ਆਈਏਐੱਸ ਹੈ।”

“ਉਸ ਨੇ ਆਪਣੇ ਮੋਬਾਈਲ ਵਿੱਚ ਪਛਾਣ ਪੱਤਰ ਦਿਖਾਇਆ, ਜਿਸ ‘ਤੇ ਸੈਂਟਰਲ ਵਿਜੀਲੈਂਸ ਕਮਿਸ਼ਨ ਲਿਖਿਆ ਸੀ ਅਤੇ ਪਛਾਣ ਪੱਤਰ ‘ਚ ਚੀਫ਼ ਸਕਿਉਰਿਟੀ ਅਫ਼ਸਰ ਦਰਜ ਸੀ।”

“ਅੱਗੇ ਪੁੱਛਗਿੱਛ ਕਰਨ ‘ਤੇ ਉਸ ਨੇ ਖ਼ੁਦ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਅੰਡਰਕਵਰ ਏਜੰਟ ਦੱਸਿਆ, ਜਿਸ ਦੀ ਤਸਦੀਕ ਕੀਤੀ ਗਈ ਅਤੇ ਜੋ ਪਹਿਲੀ ਨਜ਼ਰ ਵਿੱਚ ਫਰਜ਼ੀ ਪਾਇਆ ਗਿਆ।”

ਐੱਫਆਈਆਰ ਵਿੱਚ ਦਰਜ ਹੈ ਕਿ ਮਨੀਸ਼ ਕੁਮਾਰ ਦੇ ਘਰ ਦੇ ਸਾਹਮਣੇ ਕਾਲੇ ਰੰਗ ਦੀ ਟੈਸਲਾ ਕਾਰ ਅਤੇ ਚਿੱਟੇ ਰੰਗ ਦੀ ਸਫਾਰੀ ਕਾਰ ਖੜ੍ਹੀ ਸੀ, ਜਿਸ ‘ਤੇ ‘ਗਵਰਨਮੈਂਟ ਆਫ਼ ਇੰਡੀਆ’ ਲਿਖਿਆ ਹੋਇਆ ਸੀ।

ਐੱਫਆਈਆਰ ਮੁਤਾਬਕ, ਇਨ੍ਹਾਂ ਦੋਵਾਂ ਗੱਡੀਆਂ ਬਾਰੇ ਪੁੱਛਣ ‘ਤੇ ਮਨੀਸ਼ ਕੁਮਾਰ ਨੇ ਮੰਨਿਆ ਕਿ ਇਹ ਦੋਵੇਂ ਗੱਡੀਆਂ ਉਨ੍ਹਾਂ ਦੀਆਂ ਹਨ।

ਮਾਮਲਾ ਸ਼ੱਕੀ ਲੱਗਣ ‘ਤੇ ਪੁਲਿਸ ਨੇ ਮਨੀਸ਼ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ।

29 ਬ੍ਰਾਂਡਾਂ ਦੀ ਵਿਦੇਸ਼ੀ ਸ਼ਰਾਬ ਅਤੇ ਬਾਰ੍ਹਾਂਸਿੰਗੇ ਦੇ ਸਿੰਗ ਬਰਾਮਦ

ਗੋਗਰੀ ਬਾਜ਼ਾਰ ਵਿੱਚ ਇੱਕ 5 ਮੰਜ਼ਿਲਾ ਆਲੀਸ਼ਾਨ ਬੰਗਲਾ ਹੈ, ਜਿਸ ਬਾਰੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗੋਗਰੀ ਦੇ ਮੇਨ ਬਾਜ਼ਾਰ ਵਿੱਚ ਕਿਸੇ ਦਾ ਘਰ ਇੰਨਾ ਆਲੀਸ਼ਾਨ ਨਹੀਂ ਹੈ

ਤਸਵੀਰ ਸਰੋਤ, Ranveer Kumar

ਗੋਗਰੀ ਦੇ ਐੱਸਡੀਪੀਓ ਚੰਦਨ ਕੁਮਾਰ ਨੇ ਬੀਬੀਸੀ ਨੂੰ ਦੱਸਿਆ, “ਮਨੀਸ਼ ਗੁਪਤਾ ਹੋਣੀ ਚਾਰ ਭਰਾ ਹਨ। ਇਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਨੀਸ਼ ਗੁਪਤਾ ਨੂੰ ਛੱਡ ਕੇ ਬਾਕੀ ਸਾਰੇ ਖਗੜੀਆ ਤੋਂ ਬਾਹਰ ਰਹਿੰਦੇ ਹਨ।”

“ਇਨ੍ਹਾਂ ਵਿੱਚੋਂ ਇੱਕ ਭਰਾ ਵਿਦੇਸ਼ ਵਿੱਚ, ਸ਼ਾਇਦ ਇੰਗਲੈਂਡ ਵਿੱਚ ਰਹਿੰਦਾ ਹੈ, ਜਦਕਿ ਬਾਕੀ ਦੋ ਭਰਾਵਾਂ ਵਿੱਚੋਂ ਇੱਕ ਭਰਾ ਦਿੱਲੀ ਵਿੱਚ ਕੰਮ ਕਰਦਾ ਹੈ। ਇਸ ਘਰ ਵਿੱਚ ਮਨੀਸ਼ ਗੁਪਤਾ ਇੱਕ ਕੇਅਰਟੇਕਰ ਦੇ ਨਾਲ ਰਹਿੰਦਾ ਸੀ।”

ਪੁਲਿਸ ਨੂੰ ਮਨੀਸ਼ ਕੁਮਾਰ ਦੇ ਘਰ ਦੀ ਤਲਾਸ਼ੀ ਲੈਣ ਵਿੱਚ ਕਈ ਘੰਟੇ ਲੱਗੇ।

ਪੁਲਿਸ ਨੇ ਮਨੀਸ਼ ਦੀ ਰਸੋਈ ਅਤੇ ਵਰਾਂਡੇ ਵਿੱਚ ਰੱਖੀ ਅਲਮਾਰੀ ਵਿੱਚੋਂ 31 ਲੀਟਰ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਹੈ।

ਖਗੜੀਆ ਪੁਲਿਸ ਨੇ ਬਾਕਾਇਦਾ ਕੁੱਲ 29 ਬ੍ਰਾਂਡਾਂ ਦੀ ਸ਼ਰਾਬ ਦੇ ਨਾਮ ਪ੍ਰੈੱਸ ਰਿਲੀਜ਼ ਰਾਹੀਂ ਜਨਤਕ ਕੀਤੇ ਹਨ। ਵਿਦੇਸ਼ੀ ਸ਼ਰਾਬ ਤੋਂ ਇਲਾਵਾ ਲਗਭਗ 10 ਲੀਟਰ ਬੀਅਰ ਅਤੇ 30 ਲੀਟਰ ਸੋਡਾ ਵਾਟਰ ਵੀ ਬਰਾਮਦ ਹੋਇਆ ਹੈ।

ਮਨੀਸ਼ ਕੋਲੋਂ ਕੁੱਲ 20 ਕ੍ਰੈਡਿਟ ਕਾਰਡ, ਅੱਠ ਡੈਬਿਟ ਕਾਰਡ, ਚਾਰ ਚੈੱਕਬੁੱਕਾਂ ਤੋਂ ਇਲਾਵਾ ਐਪਲ ਕੰਪਨੀ ਦੇ ਦੋ ਲੈਪਟਾਪ ਅਤੇ ਐਪਲ ਕੰਪਨੀ ਦੇ ਪੰਜ ਮੋਬਾਈਲ ਵੀ ਬਰਾਮਦ ਹੋਏ ਹਨ।

ਮਨੀਸ਼ ਦੇ ਘਰੋਂ ਬਰਾਮਦ ਕੀਤੇ ਗਏ ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਚੈੱਕਬੁੱਕਾਂ ਵਿੱਚੋਂ ਜ਼ਿਆਦਾਤਰ ਮਨੀਸ਼ ਕੁਮਾਰ ਦੇ ਨਾਮ ‘ਤੇ ਹਨ, ਪਰ ਕੁਝ ਹੋਰ ਵਿਅਕਤੀਆਂ ਦੇ ਨਾਮ ‘ਤੇ ਵੀ ਹਨ। ਜਿਵੇਂ ਆਰਐੱਨ ਕੁਮਾਰ, ਮੁਕੇਸ਼ ਕੁਮਾਰ ਗੁਪਤਾ, ਅਜੀਤ ਕੁਮਾਰ।

ਇਸ ਤੋਂ ਇਲਾਵਾ ਮਨੀਸ਼ ਦੇ ਘਰੋਂ ਬਾਰ੍ਹਾਂਸਿੰਗੇ ਦੇ ਦੋ ਸਿੰਗ ਵੀ ਬਰਾਮਦ ਹੋਏ ਹਨ।

ਫਰਾਟੇਦਾਰ ਅੰਗਰੇਜ਼ੀ, ਬਾਡੀ ਲੈਂਗਵੇਜ ਅਤੇ ਇਕੱਲੇ ਰਹਿਣਾ

ਪੁਲਿਸ ਪੁੱਛਗਿੱਛ ਵਿੱਚ ਮਨੀਸ਼ ਨੇ ਖ਼ੁਦ ਨੂੰ ਐੱਨਐੱਸਏ ਅਜੀਤ ਡੋਭਾਲ ਦਾ ਅੰਡਰਕਵਰ ਏਜੰਟ ਦੱਸਿਆ

ਤਸਵੀਰ ਸਰੋਤ, Ranveer Kumar

ਆਖ਼ਿਰ ਮਨੀਸ਼ ਕੁਮਾਰ ਨੇ ਇੰਨੀ ਆਸਾਨੀ ਨਾਲ ਲੋਕਾਂ ਨੂੰ ਧੋਖਾ ਕਿਵੇਂ ਦਿੱਤਾ?

ਇਸ ਸਵਾਲ ‘ਤੇ ਸਥਾਨਕ ਪੱਤਰਕਾਰ ਰਣਵੀਰ ਕੁਮਾਰ ਦੱਸਦੇ ਹਨ ਕਿ ਉਸ ਦੇ ਪਿਤਾ ਪਰਮੇਸ਼ਵਰ ਪ੍ਰਸਾਦ ਗੁਪਤਾ ਸਥਾਨਕ ਕੇਡੀਐੱਸ ਕਾਲਜ ਵਿੱਚ ਪੜ੍ਹਾਉਂਦੇ ਸਨ। ਉਨ੍ਹਾਂ ਨੇ ਪਹਿਲਾਂ ਵੀ ਕੁਝ ਜਾਇਦਾਦ ਬਣਾਈ ਸੀ।

ਮਨੀਸ਼ ਦੇ ਘਰ ਦੇ ਬਾਹਰ ਜੋ ਹੁਣ ਲੰਮਾ-ਚੌੜਾ ਬਗੀਚਾ ਹੈ, ਉਹ ਕਦੇ ਖੇਤ ਸਨ। ਤਕਰੀਬਨ ਛੇ ਸਾਲ ਪਹਿਲਾਂ ਮਨੀਸ਼ ਨੇ ਖੇਤ ਨੂੰ ਗਾਰਡਨ ਵਿੱਚ ਤਬਦੀਲ ਕਰਵਾਇਆ ਅਤੇ ਆਲੀਸ਼ਾਨ ਘਰ ਬਣਵਾਉਣਾ ਸ਼ੁਰੂ ਕੀਤਾ।

ਉਨ੍ਹਾਂ ਅੱਗੇ ਦੱਸਿਆ, “ਘਰ ਦੇ ਬਾਹਰ ਦੋ ਚੌਕੀਦਾਰ ਹਮੇਸ਼ਾ ਸਕਿਉਰਿਟੀ ਗਾਰਡ ਵਾਂਗ ਬੈਠੇ ਰਹਿੰਦੇ ਸਨ ਅਤੇ ਕੋਈ ਵੀ ਵਿਅਕਤੀ ਘਰ ਦੇ ਅੰਦਰ ਨਹੀਂ ਜਾ ਸਕਦਾ ਸੀ। ਮਨੀਸ਼ ਇਕੱਲਾ ਰਹਿੰਦਾ ਸੀ ਅਤੇ ਉਹ ਕਿਸੇ ਨਾਲ ਵੀ ਮਿਲਦਾ-ਜੁਲਦਾ ਨਹੀਂ ਸੀ। ਉਸ ਦੇ ਆਪਲੇ-ਦੁਆਲੇ ਰਹਿਣ ਵਾਲੇ ਕਹਿੰਦੇ ਹਨ ਕਿ ਉਸ ਨੇ ਦਸਵੀਂ ਵਿੱਚ ਖਗੜੀਆ ਵਿੱਚ ਟਾਪ ਕੀਤਾ ਸੀ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।”

ਮਨੀਸ਼ ਨੇ ਵਿਆਹ ਨਹੀਂ ਕਰਵਾਇਆ ਹੈ।

ਐੱਸਡੀਪੀਓ ਚੰਦਨ ਕੁਮਾਰ ਦੱਸਦੇ ਹਨ, “ਮਨੀਸ਼ ਨੇ ਯੂਪੀਐੱਸਸੀ ਦੀ ਤਿਆਰੀ ਕੁਝ ਸਾਲ ਕੀਤੀ ਸੀ ਅਤੇ ਫਰਾਟੇ ਨਾਲ ਅੰਗਰੇਜ਼ੀ ਬੋਲਦਾ ਸੀ, ਇਸ ਲਈ ਕਿਸੇ ਨੂੰ ਵੀ ਸ਼ੱਕ ਨਹੀਂ ਹੋਇਆ ਕਿ ਉਹ ਆਈਏਐੱਸ ਨਹੀਂ ਹੈ।”

ਐੱਸਪੀ ਭਾਨੂ ਪ੍ਰਤਾਪ ਸਿੰਘ ਵੀ ਹੈਰਾਨੀ ਜਤਾਉਂਦੇ ਹਨ ਕਿ “ਮਨੀਸ਼ ਪਿਛਲੇ ਅੱਠ-ਦਸ ਸਾਲ ਤੋਂ ਆਈਏਐੱਸ ਹੋਣ ਦਾ ਦਾਅਵਾ ਕਰ ਰਿਹਾ ਸੀ, ਪਰ ਉਹ ਕਾਨੂੰਨ ਦੀ ਗ੍ਰਿਫ਼ਤ ਤੋਂ ਬਚਿਆ ਰਿਹਾ।”

ਉਨ੍ਹਾਂ ਕਿਹਾ, “ਉਸ ਨੇ ਆਪਣੀ ਬਾਡੀ ਲੈਂਗਵੇਜ ਇਸ ਤਰ੍ਹਾਂ ਵਿਕਸਿਤ ਕਰ ਲਈ ਸੀ ਕਿ ਉਹ ਕਿਸੇ ਅਧਿਕਾਰੀ ਵਰਗਾ ਹੀ ਲੱਗਦਾ ਸੀ।”

ਪੁਲਿਸ ਰਿਮਾਂਡ ਦਾ ਇੰਤਜ਼ਾਰ

ਅਰਵਿੰਦ ਕੁਮਾਰ
ਗੋਗਰੀ ਥਾਣਾ ਮੁਖੀ, ਬਿਹਾਰ

9 ਅਗਸਤ ਨੂੰ ਦਰਜ ਐੱਫਆਈਆਰ ਵਿੱਚ ਬੀਐੱਨਐੱਸ ਦੀ ਧਾਰਾ 204, 205, 212, 213, 318(2), 319(2), 336(3), 340(2) ਦੇ ਤਹਿਤ ਮਾਮਲਾ ਦਰਜ ਹੈ।

ਇਸ ਦੇ ਨਾਲ, ਜੰਮੂ ਅਤੇ ਕਸ਼ਮੀਰ ਵਾਈਲਡਲਾਈਫ਼ ਪ੍ਰੋਟੈਕਸ਼ਨ ਐਕਟ 1978 ਦੀ ਧਾਰਾ 51 ਵੀ ਲਗਾਈ ਗਈ ਹੈ।

ਇਸੇ ਨਾਲ ਹੀ, ਘਰ ਤੋਂ ਬਰਾਮਦ ਹੋਈ ਸ਼ਰਾਬ ਨੂੰ ਲੈਕੇ ਵੱਖਰੀ ਐੱਫਆਈਆਰ ਦਰਜ ਕੀਤੀ ਗਈ ਹੈ।

ਬੀਐੱਨਐੱਸ ਦੀਆਂ ਜਿਨ੍ਹਾਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਉਹ ਮੁੱਖ ਤੌਰ ‘ਤੇ ਜਨ ਸੇਵਕ ਦਾ ਰੂਪ ਧਾਰਨ ਕਰਨ, ਕਿਸੇ ਪ੍ਰਤੀਕ ਦਾ ਧੋਖੇਬਾਜ਼ੀ ਵਾਲੀ ਨੀਅਤ ਨਾਲ ਇਸਤੇਮਾਲ ਕਰਨ ਅਤੇ ਜਾਅਲਸਾਜ਼ੀ ਨਾਲ ਜੁੜੀਆਂ ਹਨ।

ਮਨੀਸ਼ ਕੁਮਾਰ ਇਸ ਸਮੇਂ ਮੰਡਲ ਕਾਰਾ ਖਗੜੀਆ ਵਿੱਚ ਬੰਦ ਹੈ।

ਗੋਗਰੀ ਦੇ ਐੱਸਡੀਪੀਓ ਚੰਦਨ ਕੁਮਾਰ ਨੇ ਬੀਬੀਸੀ ਹਿੰਦੀ ਨੂੰ ਦੱਸਿਆ, “ਇਸ ਮਾਮਲੇ ਵਿੱਚ ਆਰਥਿਕ ਅਪਰਾਧ ਇਕਾਈ (ਈਓਯੂ) ਦੀ ਟੀਮ ਇੱਕ ਵਾਰ ਦੌਰਾ ਕਰ ਚੁੱਕੀ ਹੈ। ਸਾਨੂੰ ਅਜੇ ਮਨੀਸ਼ ਗੁਪਤਾ ਦੀ ਰਿਮਾਂਡ ਨਹੀਂ ਮਿਲੀ ਹੈ। ਸਾਨੂੰ ਉਮੀਦ ਹੈ ਕਿ ਸੋਮਵਾਰ ਤੱਕ ਰਿਮਾਂਡ ਮਿਲ ਜਾਵੇਗੀ।”

ਬੀਬੀਸੀ ਹਿੰਦੀ ਨੇ ਐੱਸਪੀ ਭਾਨੂ ਪ੍ਰਤਾਪ ਸਿੰਘ ਨਾਲ ਟੈਲੀਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਹੀਂ ਹੋ ਸਕੀ। ਉਨ੍ਹਾਂ ਨੇ ਵ੍ਹਾਟਸਐਪ ਸੁਨੇਹਿਆਂ ਦਾ ਵੀ ਜਵਾਬ ਨਹੀਂ ਦਿੱਤਾ।

ਵਿਦੇਸ਼ਾਂ ਵਿੱਚ ਵੀ ਹੋ ਸਕਦੀ ਹੈ ਜਾਇਦਾਦ

ਮਨੀਸ਼ ਇਸ ਗੱਡੀ ਦੀ ਵਰਤੋਂ ਵੀ ਖ਼ੁਦ ਨੂੰ ਭਾਰਤ ਸਰਕਾਰ ਦਾ ਵੱਡਾ ਅਧਿਕਾਰੀ ਦਿਖਾਉਣ ਲਈ ਕਰਦੇ ਸਨ

ਤਸਵੀਰ ਸਰੋਤ, Ranveer Kumar

ਪੁਲਿਸ ਮੁਤਾਬਕ, “ਮਨੀਸ਼ ਕੁਮਾਰ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਠੱਗੀ ਕਰਦਾ ਸੀ। ਪੁਲਿਸ ਮਨੀਸ਼ ਕੁਮਾਰ ਦੀ ਜਾਇਦਾਦ ਦਾ ਮੁਲਾਂਕਣ ਕਰ ਰਹੀ ਹੈ।”

ਹਾਲਾਂਕਿ ਕਈ ਮੀਡੀਆ ਅਦਾਰਿਆਂ ਨੇ ਰਿਪੋਰਟ ਕੀਤਾ ਹੈ ਕਿ ਮਨੀਸ਼ ਕੁਮਾਰ ਕੋਲ 100 ਕਰੋੜ ਰੁਪਏ ਦੀ ਜਾਇਦਾਦ ਹੈ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਖਗੜੀਆ ਐੱਸਪੀ ਭਾਨੂ ਪ੍ਰਤਾਪ ਸਿੰਘ ਨੇ ਮਨੀਸ਼ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਹਾ ਸੀ, “ਆਮ ਤੌਰ ‘ਤੇ ਟੈਸਲਾ ਵਰਗੀ ਗੱਡੀ ਨਹੀਂ ਮਿਲਦੀ। ਅਸੀਂ ਇਸ ਮਾਮਲੇ ਵਿੱਚ ਕਈ ਏਜੰਸੀਆਂ ਜਿਵੇਂ ਈਓਯੂ (ਆਰਥਿਕ ਅਪਰਾਧ ਇਕਾਈ) ਦੀ ਵੀ ਮਦਦ ਲੈ ਰਹੇ ਹਾਂ।”

ਉਨ੍ਹਾਂ ਅੱਗੇ ਦੱਸਿਆ ਕਿ ਮਨੀਸ਼ ਗੁਪਤਾ ਦੀ ਜਾਇਦਾਦ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵੀ ਜਾਂਚ ਹੋ ਰਹੀ ਹੈ ਕਿ ਇਹ ਜਾਇਦਾਦ ਕਿਵੇਂ ਹਾਸਿਲ ਕੀਤੀ ਗਈ।

ਉਨ੍ਹਾਂ ਕਿਹਾ, “ਇਸ ਮਾਮਲੇ ਵਿੱਚ ਫ਼ਾਈਨੈਂਸ਼ੀਅਲ ਫ਼ਰੌਡ ਦੇ ਨਾਲ-ਨਾਲ ਲੋਕਾਂ ਨੂੰ ਡਰਾਇਆ-ਧਮਕਾਇਆ ਗਿਆ ਅਤੇ ਦਹਿਸ਼ਤ ਫੈਲਾਈ ਗਈ।”

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ, “ਸਾਨੂੰ ਜਾਣਕਾਰੀ ਮਿਲੀ ਹੈ ਕਿ ਮਨੀਸ਼ ਦੀ ਬਿਹਾਰ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਜਾਇਦਾਦ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਅਜੇ ਹੋਰ ਵੀ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਇਸ ਮਾਮਲੇ ਦੀ ਜਾਂਚ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI