Home rss national punjabi2ਰਾਸ਼ਟਰੀ ਖ਼ਬਰਾਂ ਇੱਕ ਸਰਕਾਰੀ ਕਰਮਚਾਰੀ ਕਿਵੇਂ ਇੱਕੋ ਸਮੇਂ ਪੰਜ ਨੌਕਰੀਆਂ ਕਰਦਾ ਰਿਹਾ ਤੇ ਫਿਰ...

ਇੱਕ ਸਰਕਾਰੀ ਕਰਮਚਾਰੀ ਕਿਵੇਂ ਇੱਕੋ ਸਮੇਂ ਪੰਜ ਨੌਕਰੀਆਂ ਕਰਦਾ ਰਿਹਾ ਤੇ ਫਿਰ ਕਿਵੇਂ ਖੁੱਲ੍ਹਿਆ ਉਸਦਾ ਭੇਤ

3
0

Source :- BBC PUNJABI

ਸਰਕਾਰੀ ਵਕੀਲਾਂ ਨੇ 56 ਸਾਲਾ ਚੌਧਰੀ 'ਤੇ

ਇੱਕ ਸਰਕਾਰੀ ਮੁਲਾਜ਼ਮ ਨੇ ਚੋਰੀ-ਛਿਪੇ ਜਨਤਕ ਖੇਤਰ ਵਿੱਚ ਕਈ ਫੁੱਲ-ਟਾਈਮ ਨੌਕਰੀਆਂ ਕੀਤੀਆਂ ਅਤੇ ਹਰ ਜਗ੍ਹਾ ਤੋਂ ਪੂਰੀ ਤਨਖ਼ਾਹ ਲਈ। ਹੁਣ ਉਸ ਵਿਅਕਤੀ ਨੂੰ ਧੋਖਾਧੜੀ ਦੇ ਨੌਂ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਪੂਰਬੀ ਲੰਡਨ ਦੇ ਕਾਸ਼ਿਮ ਚੌਧਰੀ ਕੋਲ 2023 ਵਿੱਚ ਪੰਜ ਸਰਕਾਰੀ ਨੌਕਰੀਆਂ ਸਨ, ਜਿਨ੍ਹਾਂ ਦੇ ਕੰਮ ਦੇ ਸਮੇਂ ਆਪਸ ਵਿੱਚ ਟਕਰਾਉਂਦੇ ਸਨ। ਉਨ੍ਹਾਂ ਨੇ ਇਹ ਧੋਖਾਧੜੀ ਕਰਦੇ ਹੋਏ ਟੈਕਸਦਾਤਿਆਂ ਦੇ ਪੈਸੇ ਵਿੱਚੋਂ 284,000 ਪੌਂਡ (ਲਗਭਗ 3 ਕਰੋੜ 50 ਲੱਖ ਰੁਪਏ) ਤੋਂ ਵੱਧ ਦੀ ਕਮਾਈ ਕੀਤੀ।

ਸਰਕਾਰੀ ਵਕੀਲਾਂ ਨੇ 56 ਸਾਲਾ ਚੌਧਰੀ ‘ਤੇ “ਜਾਣਬੁੱਝ ਕੇ ਬੇਈਮਾਨੀ ਕਰਨ” ਅਤੇ “ਸਿਸਟਮ ਦਾ ਫਾਇਦਾ ਚੁੱਕਣ” ਦਾ ਇਲਜ਼ਾਮ ਲਗਾਇਆ ਹੈ।

ਸੱਤ ਘੰਟੇ ਤੱਕ ਵਿਚਾਰ-ਵਟਾਂਦਰੇ ਤੋਂ ਬਾਅਦ, ਜਿਊਰੀ ਨੇ ਸਰਬਸੰਮਤੀ ਨਾਲ ਚੌਧਰੀ ਨੂੰ, ਗ਼ਲਤ ਜਾਣਕਾਰੀ ਦੇ ਕੇ ਧੋਖਾਧੜੀ ਕਰਨ ਦੇ ਅੱਠ ਮਾਮਲਿਆਂ ਅਤੇ ਜਾਣਕਾਰੀ ਨਾ ਦੇ ਕੇ (ਲੁਕਾ ਕੇ) ਧੋਖਾਧੜੀ ਕਰਨ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ।

ਜੱਜ ਨੇ ਕਿਹਾ ਕਿ ਚੌਧਰੀ ਨੂੰ “ਕਾਫ਼ੀ ਲੰਬੀ ਜੇਲ੍ਹ ਦੀ ਸਜ਼ਾ” ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਪਰਾਧ ਦੀ ਗੰਭੀਰਤਾ ਅਤੇ ਖ਼ੁਦ ਚੌਧਰੀ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਉਹ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਰਹੇ ਹਨ।

‘ਭਰੋਸੇ ਦਾ ਗ਼ਲਤ ਫਾਇਦਾ ਚੁੱਕਿਆ’

ਕਾਸ਼ਿਮ ਚੌਧਰੀ

ਸੀਪੀਐੱਸ (ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ) ਦੇ ‘ਸੀਰੀਅਸ ਇਕਨੌਮਿਕ ਆਰਗੇਨਾਈਜ਼ਡ ਕ੍ਰਾਈਮ ਐਂਡ ਇੰਟਰਨੈਸ਼ਨਲ ਡਾਇਰੈਕਟੋਰੇਟ’ ਦੇ ਮਾਹਰ ਸਰਕਾਰੀ ਵਕੀਲ ਸਾਰਾ ਮੇਲੋ ਨੇ ਕਿਹਾ, “ਇਹ ਲਗਾਤਾਰ ਅਤੇ ਜਾਣਬੁਝ ਕੇ ਕੀਤੀ ਗਈ ਬੇਈਮਾਨੀ ਸੀ।”

“ਉਹ ਜਾਣਦੇ ਸੀ ਕਿ ਉਹ ਇੱਕੋ ਸਮੇਂ ਕਈ ਫੁੱਲ-ਟਾਈਮ ਅਹੁਦਿਆਂ ‘ਤੇ ਕਾਨੂੰਨੀ ਤੌਰ ‘ਤੇ ਕੰਮ ਨਹੀਂ ਕਰ ਸਕਦੇ, ਪਰ ਉਹ ਜੋ ਕੁਝ ਕਰ ਰਹੇ ਸਨ, ਉਸ ਨੂੰ ਲੁਕਾਉਂਦੇ ਰਹੇ।”

‘ਡੇਫਰਾ’ ਦੇ ਇੱਕ ਬੁਲਾਰੇ ਨੇ ਕਿਹਾ ਕਿ ਚੌਧਰੀ ਨੇ “ਇੱਕ ਸਰਕਾਰੀ ਮੁਲਾਜ਼ਮ ਵਜੋਂ ਮਿਲੇ ਭਰੋਸੇ ਦਾ ਗ਼ਲਤ ਫਾਇਦਾ ਚੁੱਕਿਆ ਹੈ।”

ਉਨ੍ਹਾਂ ਅੱਗੇ ਕਿਹਾ ਕਿ ਚੌਧਰੀ ਵੱਲੋਂ ਕੀਤੀ ਗਈ ਨਾਜਾਇਜ਼ ਕਮਾਈ ਵਾਪਸ ਹਾਸਿਲ ਕਰਨ ਲਈ ਉਹ ਸਾਰੇ ਉਪਲੱਬਧ ਕਾਨੂੰਨੀ ਰਸਤੇ ਅਪਣਾਉਣਗੇ।

2020 ਤੋਂ 2023 ਦਰਮਿਆਨ, ਚੌਧਰੀ ਕੋਲ ਜਨਤਕ ਖੇਤਰ (ਪਬਲਿਕ ਸੈਕਟਰ) ਵਿੱਚ ਅੱਠ ਫੁੱਲ-ਟਾਈਮ ਅਹੁਦੇ ਸਨ, ਜਿਨ੍ਹਾਂ ਦੇ ਕੰਮ ਦੇ ਸਮੇਂ ਆਪਸ ਵਿੱਚ ਟਕਰਾਉਂਦੇ ਸਨ। ਇਨ੍ਹਾਂ ਤੋਂ ਉਨ੍ਹਾਂ ਨੇ ਕੁੱਲ 350,000 ਪੌਂਡ (ਲਗਭਗ 4 ਕਰੋੜ 34 ਲੱਖ ਰੁਪਏ) ਕਮਾਏ।

ਸਰਕਾਰੀ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਨੌਕਰੀ ਦੀਆਂ ਅਰਜ਼ੀਆਂ ਵਿੱਚ ਆਪਣੇ ਰੁਜ਼ਗਾਰ ਦੀ ਸਥਿਤੀ ਬਾਰੇ ਗ਼ਲਤ ਜਾਣਕਾਰੀ ਦਿੱਤੀ ਅਤੇ ਸਰਕਾਰੀ ਵਿਭਾਗਾਂ ਨੂੰ ਇਹ ਨਹੀਂ ਦੱਸਿਆ ਕਿ ਉਹ ਪਹਿਲਾਂ ਹੀ ਇੱਕ ਸਰਕਾਰੀ ਮੁਲਾਜ਼ਮ ਹਨ।

ਉਨ੍ਹਾਂ ਦੱਸਿਆ ਕਿ ਇੱਕ ਵਾਰ ਨੌਕਰੀ ਮਿਲਣ ਤੋਂ ਬਾਅਦ, ਉਨ੍ਹਾਂ ਨੇ ਆਪਣੇ ਐਮਪਲਾਇਰਜ਼ ਨੂੰ ਇਹ ਨਹੀਂ ਦੱਸਿਆ ਕਿ ਉਹ ਕਿਸੇ ਹੋਰ ਥਾਂ ਵੀ ਕੰਮ ਕਰ ਰਹੇ ਹਨ।

ਉਨ੍ਹਾਂ ਨੂੰ ਪੂਰੀ ਤਰ੍ਹਾਂ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਕਿਉਂਕਿ ਉਨ੍ਹਾਂ ਨੇ ਆਪਣੇ ਐਮਪਲਾਇਰਜ਼ ਨੂੰ ਦੱਸਿਆ ਸੀ ਕਿ ਉਹ ਆਪਣੀ ਮਾਂ ਦੀ ਦੇਖਭਾਲ ਕਰ ਰਹੇ ਹਨ, ਜਿਨ੍ਹਾਂ ਨਾਲ ਉਹ ਪੂਰਬੀ ਲੰਡਨ ਵਿੱਚ ਰਹਿੰਦੇ ਸੀ।

ਉਨ੍ਹਾਂ ਦੀ ਮਾਂ ਨੂੰ ਡਿਮੈਂਸ਼ੀਆ ਸੀ ਅਤੇ 2023 ਵਿੱਚ ਪਤਾ ਲੱਗਿਆ ਸੀ ਕਿ ਉਨ੍ਹਾਂ ਨੂੰ ਟਰਮੀਨਲ ਕੈਂਸਰ (ਕੈਂਸਰ ਦੀ ਆਖ਼ਰੀ ਸਟੇਜ) ਹੈ।

ਪਰ ਆਪਣੀ ਮਾਂ ਦੀ ਦੇਖਭਾਲ ਲਈ ਕੰਮ ਘਟਾਉਣ ਦੀ ਬਜਾਏ, ਉਹ ਲਗਾਤਾਰ ਨਵੀਆਂ ਨੌਕਰੀਆਂ ਲੈਂਦੇ ਰਹੇ। 2023 ਦੀ ਬਸੰਤ ਰੁੱਤ ਵਿੱਚ, ਜਦੋਂ ਉਨ੍ਹਾਂ ਦੀ ਮਾਂ ਦੇ ਦੇਹਾਂਤ ਵਿੱਚ ਕੁਝ ਹੀ ਮਹੀਨੇ ਬਾਕੀ ਸਨ, ਉਦੋਂ ਉਹ ‘ਡਿਪਾਰਟਮੈਂਟ ਫਾਰ ਐਨਵਾਇਰਨਮੈਂਟ, ਫੂਡ ਐਂਡ ਰੂਰਲ ਅਫੇਅਰਜ਼’, ‘ਡਿਪਾਰਟਮੈਂਟ ਆਫ਼ ਹੈਲਥ ਐਂਡ ਸੋਸ਼ਲ ਕੇਅਰ’, ‘ਯੂਕੇ ਹੈਲਥ ਸਕਿਓਰਿਟੀ ਏਜੰਸੀ’, ‘ਡਿਪਾਰਟਮੈਂਟ ਫਾਰ ਬਿਜ਼ਨਸ ਐਂਡ ਟ੍ਰੇਡ’, ‘ਫੂਡ ਸਟੈਂਡਰਡਜ਼ ਏਜੰਸੀ’ ਅਤੇ ‘ਹੋਮ ਆਫਿਸ’ ਵਿੱਚ ਕੰਮ ਕਰ ਰਹੇ ਸਨ।

ਇਸ ਦੌਰਾਨ, ਉਨ੍ਹਾਂ ਕੋਲ ਹਰ ਹਫ਼ਤੇ 183 ਘੰਟੇ ਕੰਮ ਕਰਨ ਦਾ ਇਕਰਾਰਨਾਮਾ ਸੀ – ਜੋ ਕਿ ਸੱਤ ਦਿਨਾਂ ਦੇ ਕੁੱਲ ਘੰਟਿਆਂ ਤੋਂ ਵੀ ਕਿਤੇ ਵੱਧ ਹੈ।

ਚੌਧਰੀ ਨੇ ਆਪਣੀ ਸਫ਼ਾਈ ‘ਚ ਕੀ ਕਿਹਾ

ਕਾਸ਼ਿਮ ਚੌਧਰੀ ਦੀ ਪੁਲਿਸ ਵੱਲੋਂ ਖਿੱਚੀ ਗਈ ਤਸਵੀਰ, ਜਿਸ ਵਿੱਚ ਉਨ੍ਹਾਂ ਦੀਆਂ ਅੱਖਾਂ ਬੰਦ ਹਨ

ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਇੰਨੀਆਂ ਸਾਰੀਆਂ ਨੌਕਰੀਆਂ ਇਸ ਲਈ ਸਵੀਕਾਰ ਕੀਤੀਆਂ ਕਿਉਂਕਿ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਗੁਆਉਣ ਦਾ ਡਰ ਸੀ। ਅਜਿਹਾ ਇਸ ਲਈ ਸੀ ਕਿਉਂਕਿ ਅਤੀਤ ਵਿੱਚ ਉਨ੍ਹਾਂ ਨੂੰ ਨੌਕਰੀ ਦੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਦੱਸਿਆ ਕਿ 2013 ਵਿੱਚ, ‘ਡਿਪਾਰਟਮੈਂਟ ਫਾਰ ਐਜੂਕੇਸ਼ਨ’ ਵਿੱਚ ਉਨ੍ਹਾਂ ਦੀ ਨੌਕਰੀ ਚਲੀ ਗਈ ਸੀ ਅਤੇ ਉਸ ਨੂੰ ਪੋਸਟ-ਟਰੌਮੈਟਿਕ ਸਟ੍ਰੈੱਸ ਡਿਸਆਰਡਰ ਹੋਣ ਦਾ ਪਤਾ ਲੱਗਿਆ ਸੀ।

ਉਨ੍ਹਾਂ ਕਿਹਾ ਕਿ ਨੌਕਰੀਆਂ ਲਈ ਅਰਜ਼ੀਆਂ ਦਿੰਦੇ ਸਮੇਂ ਉਹ ਠੀਕ ਤਰ੍ਹਾਂ ਸੋਚ ਨਹੀਂ ਪਾ ਰਹੇ ਸਨ, “ਕਿਉਂਕਿ ਉਸ ਸਮੇਂ ਮੈਂ ਬਹੁਤ ਤਣਾਅ, ਪਰੇਸ਼ਾਨੀ ਅਤੇ ਸਦਮੇ ਵਿੱਚ ਸੀ ਅਤੇ ਘਬਰਾਇਆ ਹੋਇਆ ਸੀ।”

“ਹਰ ਸਮੇਂ ਉਨ੍ਹਾਂ ਨੂੰ ਦੱਸਣਾ ਪੈਂਦਾ ਸੀ ਕਿ ਉਨ੍ਹਾਂ ਨੇ ਕੀ ਕਰਨਾ ਹੈ”

ਪਰ ਸਰਕਾਰੀ ਵਕੀਲ ਲੂਸੀ ਔਰਗਨ ਨੇ ਜਿਊਰੀ ਨੂੰ ਕਿਹਾ, “ਉਨ੍ਹਾਂ ਨੇ ਸਬੂਤ ਦਿੰਦੇ ਸਮੇਂ ਤੁਹਾਡੇ ਨਾਲ ਝੂਠ ਬੋਲਿਆ ਹੈ, ਸਹੁੰ ਚੁੱਕਣ ਤੋਂ ਬਾਅਦ ਵੀ ਤੁਹਾਡੇ ਨਾਲ ਝੂਠ ਬੋਲਿਆ ਹੈ। ਇਹ ਦਰਸਾਉਂਦਾ ਹੈ ਕਿ ਉਹ ਧੋਖਾਧੜੀ ਕਰਨ ਦੀ ਕਿਸ ਹੱਦ ਤੱਕ ਜਾ ਸਕਦੇ ਹਨ।”

ਉਨ੍ਹਾਂ ਦੇ ਕਈ ਮੈਨੇਜਰਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦਾ ਕੰਮ ਬਹੁਤ ਖ਼ਰਾਬ ਸੀ। ਡੇਫਰਾ ਵਿੱਚ ਚੌਧਰੀ ਦੇ ਮੈਨੇਜਰ ਰਹੇ ਡੈਨ ਮੈਕਕਾਰਟਨੀ ਨੇ ਜੋ ਗਵਾਹੀ ਦਿੱਤੀ, ਉਹ ਕਾਫ਼ੀ ਗੰਭੀਰ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ “ਹਰ ਸਮੇਂ ਉਨ੍ਹਾਂ ਨੂੰ ਦੱਸਣਾ ਪੈਂਦਾ ਸੀ ਕਿ ਉਨ੍ਹਾਂ ਨੇ ਕੀ ਕਰਨਾ ਹੈ।”

ਮੈਕਕਾਰਟਨੀ ਨੇ ਕਿਹਾ ਕਿ ਵੀਡੀਓ ਕਾਲ ਦੌਰਾਨ ਚੌਧਰੀ ਆਪਣਾ ਕੈਮਰਾ ਬੰਦ ਰੱਖਦੇ ਸਨ ਅਤੇ ਤਕਨੀਕੀ ਖ਼ਰਾਬੀ ਦਾ ਬਹਾਨਾ ਬਣਾਉਂਦੇ ਸਨ। ਮੈਕਕਾਰਟਨੀ ਮੁਤਾਬਕ, ਅਜਿਹਾ ਚਾਰ-ਪੰਜ ਮਹੀਨਿਆਂ ਤੱਕ ਚੱਲਦਾ ਰਿਹਾ।

ਪਰ ਮੈਕਕਾਰਟਨੀ ਨੇ ਦੱਸਿਆ ਕਿ ਕਿਉਂਕਿ ਡੇਫਰਾ ਵਿੱਚ ਚੌਧਰੀ ਦੇ ਕੰਮ ਦਾ ਕੋਈ ਰਸਮੀ ਮੁਲਾਂਕਣ (ਪਰਫਾਰਮੈਂਸ ਅਸੈਸਮੈਂਟ) ਨਹੀਂ ਹੁੰਦਾ ਸੀ, ਇਸ ਲਈ ਉਨ੍ਹਾਂ ਦੀ ਨੌਕਰੀ ਪੱਕੀ ਹੋ ਗਈ ਅਤੇ ਉਹ ਉੱਥੇ ਦੋ ਸਾਲ ਤੱਕ ਕੰਮ ਕਰਦੇ ਰਹੇ।

ਸਰਕਾਰੀ ਵਕੀਲਾਂ ਨੇ ਦਲੀਲ ਦਿੱਤੀ ਕਿ ਚੌਧਰੀ ਨੇ ਆਪਣੇ ਬਹੁਤ ਰੁਝੇਵੇਂ ਭਰੀ ਅਤੇ ਮੁਸ਼ਕਿਲ ਸਮਾਂ-ਸਾਰਣੀ ਤੋਂ ਬਚਣ ਲਈ ‘ਸਿਕ ਨੋਟ’ (ਬਿਮਾਰੀ ਕਾਰਨ ਛੁੱਟੀ ਲੈਣ ਦਾ ਮੈਡੀਕਲ ਸਰਟੀਫਿਕੇਟ) ਦੀ ਵਰਤੋਂ ਕੀਤੀ। ਮਾਰਚ 2023 ਵਿੱਚ, ਉਹ ਜਿਨ੍ਹਾਂ ਚਾਰ ਸੰਸਥਾਵਾਂ ਲਈ ਕੰਮ ਕਰਦੇ ਸੀ, ਉਨ੍ਹਾਂ ਸਾਰਿਆਂ ਤੋਂ ਬਿਮਾਰੀ ਦੀ ਛੁੱਟੀ ‘ਤੇ ਸੀ। ਪਰ ਉਹ ਹੋਮ ਆਫਿਸ ਵਿੱਚ ਕੰਮ ਕਰਦੇ ਰਹੇ ਅਤੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਉਹ ਬਿਮਾਰ ਹਨ।

ਜਿਵੇਂ-ਜਿਵੇਂ ਮੀਟਿੰਗ ਅੱਗੇ ਵਧੀ, ਉਨ੍ਹਾਂ ਦੇ ਮੱਥੇ ਤੋਂ ਮੇਕਅੱਪ ਉਤਰਨ ਲੱਗਾ

ਮੀਟਿੰਗ (ਸੰਕੇਤਕ ਤਸਵੀਰ)

ਯੂਕੇ ਹੈਲਥ ਸਕਿਓਰਿਟੀ ਏਜੰਸੀ ਵਿੱਚ ਉਨ੍ਹਾਂ ਦੇ ਲਾਈਨ ਮੈਨੇਜਰ ਅਲੀਸ਼ਾ ਐਡਮਜ਼ ਨੇ ਮਈ 2023 ਵਿੱਚ ਉਨ੍ਹਾਂ ਨਾਲ ਇੱਕ ਵੀਡੀਓ ਕਾਲ ਕੀਤੀ। ਉਸ ਸਮੇਂ ਤੱਕ ਉਹ ਤਿੰਨ ਮਹੀਨਿਆਂ ਤੋਂ ਬਿਮਾਰੀ ਦੀ ਛੁੱਟੀ ‘ਤੇ ਸਨ ਅਤੇ ਐਡਮਜ਼ ਉਸ ਨੂੰ ਮੁੜ ਕੰਮ ‘ਤੇ ਲਿਆਉਣ ਲਈ ਇੱਕ ਯੋਜਨਾ ਬਣਾਉਣਾ ਚਾਹੁੰਦੇ ਸਨ।

ਉਨ੍ਹਾਂ ਨੇ ਜਿਊਰੀ ਨੂੰ ਦੱਸਿਆ ਕਿ ਕਾਲ ਸ਼ੁਰੂ ਹੁੰਦੇ ਹੀ ਉਹ ਬਹੁਤ ਖੰਘਣ ਲੱਗ ਪਏ ਅਤੇ ਕੈਮਰੇ ਸਾਹਮਣੇ ਟਿਸ਼ੂ ਹਿਲਾਉਣ ਲੱਗੇ। ਉਨ੍ਹਾਂ ਨੇ ਜਿਊਰੀ ਨੂੰ ਇਹ ਵੀ ਦੱਸਿਆ ਕਿ ਬਿਮਾਰ ਨਜ਼ਰ ਆਉਣ ਲਈ ਉਨ੍ਹਾਂ ਨੇ ਆਪਣੇ ਚਿਹਰੇ ‘ਤੇ ਚਿੱਟਾ ਮੇਕਅੱਪ ਲਗਾਇਆ ਹੋਇਆ ਸੀ।

ਐਡਮਜ਼ ਨੇ ਅਦਾਲਤ ਨੂੰ ਦੱਸਿਆ ਕਿ ਜਿਵੇਂ-ਜਿਵੇਂ ਮੀਟਿੰਗ ਅੱਗੇ ਵਧੀ, ਉਨ੍ਹਾਂ ਦੇ ਮੱਥੇ ਤੋਂ ਮੇਕਅੱਪ ਉਤਰਨ ਲੱਗਾ।

ਉਨ੍ਹਾਂ ਕਿਹਾ, “ਉਨ੍ਹਾਂ ਨੂੰ ਪਸੀਨਾ ਆ ਰਿਹਾ ਸੀ, ਜਿਸ ਕਾਰਨ ਪੂੰਝਣ ‘ਤੇ ਮੇਕਅੱਪ ਉਤਰਨ ਲੱਗਾ। ਹੇਠਾਂ ਚਮੜੀ ਦਾ ਰੰਗ ਗੂੜ੍ਹਾ ਸੀ ਅਤੇ ਉਨ੍ਹਾਂ ਦੀ ਗਰਦਨ ਦਾ ਰੰਗ ਵੀ ਗੂੜ੍ਹਾ ਦਿਖਾਈ ਦੇ ਰਿਹਾ ਸੀ।”

ਚੌਧਰੀ ਨੇ ਜਿਊਰੀ ਨੂੰ ਦੱਸਿਆ ਕਿ ਇਹ ਉਨ੍ਹਾਂ ‘ਤੇ ਲਗਾਇਆ ਗਿਆ ਇੱਕ ਝੂਠਾ ਇਲਜ਼ਾਮ ਹੈ ਅਤੇ ਉਨ੍ਹਾਂ ਨੇ ਕੋਈ ਮੇਕਅੱਪ ਨਹੀਂ ਕੀਤਾ ਸੀ।

ਕਾਲ ਤੋਂ ਬਾਅਦ, ਐਡਮਜ਼ ਨੂੰ ਪਤਾ ਲੱਗਿਆ ਕਿ ਚੌਧਰੀ ਨੇ ‘ਡੇਫਰਾ’ ਦੇ ਈਮੇਲ ਐਡਰੈੱਸ ਦੀ ਵਰਤੋਂ ਕਰਕੇ ਕਾਲ ਜੁਆਇਨ ਕੀਤੀ ਸੀ। ਜਦੋਂ ਐਡਮਜ਼ ਨੇ ਉਨ੍ਹਾਂ ਤੋਂ ਇਸ ਬਾਰੇ ਸਵਾਲ ਕੀਤਾ, ਤਾਂ ਉਨ੍ਹਾਂ ਨੇ ਇਸ ਨੂੰ ਤਕਨੀਕੀ ਖ਼ਰਾਬੀ ਦੱਸਿਆ।

ਐਡਮਜ਼ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਜਿਊਰੀ ਨੂੰ ਕਿਹਾ, “ਮੈਨੂੰ ਲੱਗਿਆ ਕਿ ਉਹ ਝੂਠ ਬੋਲ ਰਹੇ ਸਨ।” ਉਨ੍ਹਾਂ ਨੇ ਯੂਕੇ ਹੈਲਥ ਸਕਿਓਰਿਟੀ ਏਜੰਸੀ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ। ਪਰ ਉਨ੍ਹਾਂ ਦਾ ਧੋਖਾਧੜੀ ਵਾਲਾ ਵਿਵਹਾਰ ਕਈ ਮਹੀਨਿਆਂ ਤੱਕ ਜਾਰੀ ਰਿਹਾ।

ਸਾਲ 2023 ਵਿੱਚ, ਸਰਕਾਰ ਦੀ ‘ਨੈਸ਼ਨਲ ਫਰੌਡ ਇਨੀਸ਼ੀਏਟਿਵ’ ਨੇ ‘ਡੇਫਰਾ’ ਨੂੰ ਸੰਭਾਵੀ ਧੋਖਾਧੜੀ ਬਾਰੇ ਸੂਚਿਤ ਕੀਤਾ। ਇਸ ਤੋਂ ਬਾਅਦ, ‘ਡੇਫਰਾ’ ਦੀ ਜਾਂਚ ਟੀਮ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ।

ਨਤੀਜੇ ਵਜੋਂ, ਜੁਲਾਈ 2023 ਵਿੱਚ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਸਤੰਬਰ 2023 ਵਿੱਚ ਉਨ੍ਹਾਂ ਨੂੰ ਸਿਵਲ ਸਰਵਿਸ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

ਭੈਣ-ਭਰਾਵਾਂ ਨੇ ਵੀ ਲਗਾਏ ਧੋਖੇ ਦੇ ਇਲਜ਼ਾਮ

ਕਾਸ਼ਿਮ ਚੌਧਰੀ

ਚੌਧਰੀ ਦੇ ਭੈਣ-ਭਰਾਵਾਂ ਨੇ ਉਨ੍ਹਾਂ ‘ਤੇ ਇਹ ਇਲਜ਼ਾਮ ਵੀ ਲਗਾਇਆ ਹੈ ਕਿ ਉਨ੍ਹਾਂ ਨੇ ਆਪਣੀ ਮਾਂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ‘ਤੇ ਦਬਾਅ ਪਾ ਕੇ ਪਰਿਵਾਰਕ ਘਰ ਵਿੱਚ ਆਪਣਾ ਹਿੱਸਾ ਵੱਧ ਕਰਵਾ ਲਿਆ ਸੀ।

ਹਾਈ ਕੋਰਟ ਵਿੱਚ ਚੱਲ ਰਹੇ ਇੱਕ ਮਾਮਲੇ ਵਿੱਚ, ਚੌਧਰੀ ਦੇ ਦੋ ਭਰਾਵਾਂ ਅਤੇ ਇੱਕ ਭੈਣ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਫੈਜ਼ੁਨ ਨੇਸਾ ‘ਤੇ “ਬੇਲੋੜਾ ਦਬਾਅ” ਪਾ ਕੇ ਅਜਿਹੇ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਵਾਏ, ਜਿਨ੍ਹਾਂ ਰਾਹੀਂ ਚੌਧਰੀ ਨੂੰ ਉਨ੍ਹਾਂ ਦੀ ਮਾਂ ਦੇ ਘਰ ਦਾ ਅੱਧਾ ਹਿੱਸਾ ਮਿਲ ਗਿਆ।

ਪੂਰਬੀ ਲੰਡਨ ਵਿੱਚ ਸਥਿਤ ਇਸ ਚਾਰ ਮੰਜ਼ਿਲਾ, ਛੇ ਬੈੱਡਰੂਮਾਂ ਵਾਲੇ ਘਰ ਦੀ ਕੀਮਤ 2.1 ਮਿਲੀਅਨ ਪੌਂਡ ਅਨੁਮਾਨੀ ਗਈ ਹੈ।

ਉਨ੍ਹਾਂ ਦੇ ਭੈਣ-ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਇਹ ਸਮਝਣ ਦੀ ਹਾਲਤ ਵਿੱਚ ਨਹੀਂ ਸਨ ਕਿ ਉਹ ਕਿਸ ਚੀਜ਼ ‘ਤੇ ਦਸਤਖ਼ਤ ਕਰ ਰਹੇ ਸਨ, ਕਿਉਂਕਿ ਉਨ੍ਹਾਂ ਦੀ ਸਿਹਤ “ਬਹੁਤ ਜ਼ਿਆਦਾ ਖ਼ਰਾਬ” ਸੀ।

ਉਨ੍ਹਾਂ ਕਿਹਾ ਕਿ ਜਨਵਰੀ 2023 ਵਿੱਚ ਪਤਾ ਲੱਗਿਆ ਸੀ ਕਿ ਉਨ੍ਹਾਂ ਨੂੰ ਸਟੇਜ 4 ਦਾ ਮੈਟਾਸਟੈਟਿਕ ਕੋਲੋਰੇਕਟਲ ਕੈਂਸਰ ਹੈ, ਜਿਸ ਦਾ ਕੋਈ ਇਲਾਜ ਸੰਭਵ ਨਹੀਂ ਸੀ।

ਸ਼ਿਕਾਇਤਕਰਤਾਵਾਂ ਦਾ ਇਹ ਵੀ ਇਲਜ਼ਾਮ ਹੈ ਕਿ ਫੈਜ਼ੁਨ ਨੇਸਾ, ਜੋ ਲਗਭਗ ਅੰਨ੍ਹੇ ਸਨ ਅਤੇ ਅੰਗਰੇਜ਼ੀ ਨਹੀਂ ਬੋਲ ਸਕਦੇ ਸਨ, ਨੂੰ ਇਹ ਪਤਾ ਨਹੀਂ ਸੀ ਕਿ ਉਹ ਕਿਸ ਦਸਤਾਵੇਜ਼ ‘ਤੇ ਦਸਤਖ਼ਤ ਕਰ ਰਹੇ ਸਨ। ਅਜਿਹਾ ਇਸ ਲਈ ਹੋਇਆ ਕਿਉਂਕਿ ਦਸਤਖ਼ਤ ਕਰਨ ਸਮੇਂ ਉਨ੍ਹਾਂ ਦਸਤਾਵੇਜ਼ਾਂ ਦਾ ਉਨ੍ਹਾਂ ਦੀ ਮਾਤ ਭਾਸ਼ਾ ਬੰਗਾਲੀ ਵਿੱਚ ਅਨੁਵਾਦ ਨਹੀਂ ਕੀਤਾ ਗਿਆ ਸੀ।

ਕਾਸ਼ਿਮ ਚੌਧਰੀ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ। ਇਹ ਮਾਮਲਾ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਐਡੀਸ਼ਨਲ ਰਿਪੋਰਟਿੰਗ – ਬੇਨ ਸਟੁਰਟ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI