Source :- BBC PUNJABI
ਤਸਵੀਰ ਸਰੋਤ, Reuters
ਚੇਤਾਵਨੀ: ਇਸ ਖ਼ਬਰ ਦੇ ਕੁਝ ਵੇਰਵੇ ਪਰੇਸ਼ਾਨ ਕਰ ਸਕਦੇ ਹਨ।
ਪੈਟ੍ਰਿਕ ਕਲੈਂਸੀ, ਮੈਸਾਚੂਸੇਟਸ ਦੀ ਉਸ ਔਰਤ ਦੇ ਸਾਬਕਾ ਪਤੀ, ਜਿਸ ‘ਤੇ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਦਾ ਮੁਕੱਦਮਾ ਚੱਲ ਰਿਹਾ ਹੈ। ਪੈਟ੍ਰਿਕ ਨੇ ਉਸ ਦਿਨ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਬਾਰੇ ਗਵਾਹੀ ਦਿੱਤੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਜਦੋਂ ਉਹ ਘਰ ਪਰਤੇ ਤਾਂ ਬੈੱਡਰੂਮ ਵਿੱਚ “ਹਰ ਪਾਸੇ ਖ਼ੂਨ ਹੀ ਖ਼ੂਨ” ਦੇਖਿਆ।
ਬੁੱਧਵਾਰ ਨੂੰ ਗਵਾਹੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਸ ਦਿਨ ਘਰ ਵਿੱਚ ਅਜੀਬ ਜਿਹੀ ਖਾਮੋਸ਼ੀ ਸੀ ਅਤੇ ਬੈੱਡਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਨ੍ਹਾਂ ਕਿਹਾ, “ਉਸੇ ਵੇਲੇ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਕੁਝ ਗਲਤ ਹੋਇਆ ਹੈ।”
ਉਨ੍ਹਾਂ ਨੂੰ ਆਪਣੀ ਪਤਨੀ ਲਿੰਡਸੇ ਕਲੈਂਸੀ ਘਰ ਦੇ ਬਾਹਰ ਵਿਹੜੇ ਵਿੱਚ ਪਈ ਮਿਲੀ। ਉਸ ਨੇ ਦੂਜੀ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰੀ ਸੀ। ਉਸ ਦੇ ਗੁੱਟ ‘ਤੇ ਡੂੰਘੇ ਜ਼ਖ਼ਮ ਸਨ ਅਤੇ ਗਰਦਨ ‘ਤੇ ਇੱਕ ਲਾਲ ਨਿਸ਼ਾਨ ਸੀ।
ਸਰਕਾਰੀ ਵਕੀਲਾਂ ਦਾ ਦਾਅਵਾ ਹੈ ਕਿ ਜਨਵਰੀ 2023 ਵਿੱਚ ਲਿੰਡਸੇ ਨੇ ਆਪਣੇ ਘਰ ਦੇ ਬੇਸਮੈਂਟ ਵਿੱਚ ਫਿਟਨੈੱਸ ਬੈਂਡਸ ਨਾਲ ਆਪਣੇ ਬੱਚਿਆਂ ਦਾ ਗਲਾ ਘੁੱਟਣ ਤੋਂ ਬਾਅਦ ਇਹ ਕਦਮ ਚੁੱਕਿਆ ਸੀ। ਹਾਲਾਂਕਿ ਉਸ ਨੇ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।
ਲਿੰਡਸੇ ਕਲੈਂਸੀ ‘ਤੇ ਆਪਣੀ ਪੰਜ ਸਾਲਾ ਧੀ ਕੋਰਾ, ਤਿੰਨ ਸਾਲਾ ਪੁੱਤਰ ਡੌਅਸਨ ਅਤੇ ਅੱਠ ਮਹੀਨੇ ਦੇ ਕੈਲਨ ਦੀ ਮੌਤ ਦੇ ਮਾਮਲੇ ਵਿੱਚ ਫਰਸਟ ਡਿਗਰੀ ਮਰਡਰ ਦੇ ਇਲਜ਼ਾਮ ਲੱਗੇ ਹਨ।
ਲਿੰਡਸੇ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਉਸ ਸਮੇਂ ਉਹ “ਮਨੋਵਿਕਾਰ (ਸਾਈਕੋਸਿਸ) ਨਾਲ ਪੀੜਤ ਸੀ” ਅਤੇ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਕਤਲ ਲਿੰਡਸੇ ਨੇ ਕੀਤੇ ਸਨ।
ਲਿੰਡਸੇ, ਆਪਣੇ ਸਾਬਕਾ ਪਤੀ ਦੀ ਦੋਵੇਂ ਦਿਨ ਦੀ ਗਵਾਹੀ ਦੌਰਾਨ ਅਦਾਲਤ ‘ਚ ਮੌਜੂਦ ਸੀ। ਉਹ ਵ੍ਹੀਲਚੇਅਰ ‘ਤੇ ਆਈ ਸੀ ਕਿਉਂਕਿ ਦੂਜੀ ਮੰਜ਼ਿਲ ਤੋਂ ਛਾਲ ਮਾਰਨ ਮਗਰੋਂ ਉਹ ਅਧਰੰਗ ਦੀ ਸ਼ਿਕਾਰ ਹੈ। ਬੁੱਧਵਾਰ ਨੂੰ ਪੈਟ੍ਰਿਕ ਦੀ ਗਵਾਹੀ ਦੌਰਾਨ ਉਹ ਭਾਵੁਕ ਨਜ਼ਰ ਆਈ।
ਅਦਾਲਤੀ ਕਾਰਵਾਈ ਦੌਰਾਨ ਕੀ-ਕੀ ਹੋਇਆ ?
ਤਸਵੀਰ ਸਰੋਤ, The Boston Globe via Getty Images
ਅਦਾਲਤ ਦੇ ਕੈਮਰੇ ਵਿੱਚ ਲਿੰਡਸੇ ਆਪਣੇ ਵਕੀਲ ਦਾ ਹੱਥ ਫੜ੍ਹੀ ਦਿਖਾਈ ਦਿੱਤੇ। ਉਨ੍ਹਾਂ ਨੇ ਆਪਣਾ ਸਿਰ ਦੂਜੇ ਪਾਸੇ ਮੋੜਿਆ ਹੋਇਆ ਸੀ ਅਤੇ ਉਹ ਆਪਣੀਆਂ ਅੱਖਾਂ ਦੇ ਹੰਝੂ ਪੂੰਝ ਰਹੇ ਸਨ।
ਸਰਕਾਰੀ ਵਕੀਲਾਂ ਨੇ ਉਸ ਦਿਨ ਵਾਪਰੀਆਂ ਘਟਨਾਵਾਂ ਬਾਰੇ ਪੈਟ੍ਰਿਕ ਕਲੈਂਸੀ ਤੋਂ ਬਹੁਤ ਵਿਸਥਾਰ ਨਾਲ ਸਵਾਲ-ਜਵਾਬ ਕੀਤੇ, ਇਸ ਕੋਸ਼ਿਸ਼ ਵਿੱਚ ਕਿ 12 ਮੈਂਬਰੀ ਜਿਊਰੀ ਨੂੰ ਇਹ ਯਕੀਨ ਦਿਵਾਇਆ ਜਾਵੇ ਕਿ ਪੈਟ੍ਰਿਕ ਦੀ ਸਾਬਕਾ ਪਤਨੀ ਨੇ ਸੋਚ-ਸਮਝ ਕੇ ਆਪਣੇ ਬੱਚਿਆਂ ਦੀ ਹੱਤਿਆ ਕੀਤੀ ਸੀ।
ਪੈਟ੍ਰਿਕ ਕਲੈਂਸੀ ਨੇ ਦੱਸਿਆ ਕਿ 24 ਜਨਵਰੀ 2023 ਨੂੰ ਉਹ ਮੈਸਾਚੂਸੇਟਸ ਦੇ ਡਕਸਬਰੀ ਵਿੱਚ ਸਥਿਤ ਆਪਣੇ ਘਰ ਤੋਂ ਬਾਹਰ ਗਏ ਸਨ ਅਤੇ ਬਾਅਦ ਵਿੱਚ ਬਾਹਰੋਂ ਖਾਣਾ ਲੈ ਕੇ ਵਾਪਸ ਆਏ।
ਵਾਪਸ ਮੁੜਨ ‘ਤੇ ਉਨ੍ਹਾਂ ਨੂੰ ਘਰ ਵਿੱਚ ਅਜੀਬ ਜਿਹੀ ਖਾਮੋਸ਼ੀ ਮਹਿਸੂਸ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਬੇਸਮੈਂਟ ਸਮੇਤ ਘਰ ਦੇ ਕਮਰਿਆਂ ਦੀ ਜਾਂਚ ਕੀਤੀ ਅਤੇ ਫਿਰ ਉੱਪਰ ਗਏ ਜਿੱਥੇ ਬੈੱਡਰੂਮ ਦਾ ਦਰਵਾਜ਼ਾਂ ਉਨ੍ਹਾਂ ਨੂੰ ਅੰਦਰੋਂ ਬੰਦ ਮਿਲਿਆ।
ਪੈਟ੍ਰਿਕ ਨੇ ਦੱਸਿਆ ਕਿ ਬੈੱਡਰੂਮ ਦੇ ਅੰਦਰ ਉਸ ਨੂੰ “ਹਰ ਪਾਸੇ ਖ਼ੂਨ” ਨਜ਼ਰ ਆਇਆ।
ਸਰਕਾਰੀ ਵਕੀਲਾਂ ਨੇ ਅਦਾਲਤ ਵਿੱਚ ਬੈੱਡਰੂਮ ਦੀਆਂ ਤਸਵੀਰਾਂ ਪੇਸ਼ ਕੀਤੀਆਂ ਅਤੇ ਫਿਰ ਪੈਟ੍ਰਿਕ ਨੂੰ ਪੁੱਛਿਆ ਕਿ ਕੀ ਤਸਵੀਰਾਂ ਵਿੱਚ ਕੰਧਾਂ ਜਾਂ ਬਿਸਤਰੇ ‘ਤੇ ਖ਼ੂਨ ਦਿਖਾਈ ਨਹੀਂ ਦੇ ਰਿਹਾ।
ਉਸ ਨੇ ਜਵਾਬ ਦਿੱਤਾ, “ਬਿਲਕੁੱਲ ਸਹੀ। ਉਨ੍ਹਾਂ ਕੰਧਾਂ ਅਤੇ ਬਿਸਤਰੇ ‘ਤੇ ਨਹੀਂ।”
ਇਸੇ ਤਰ੍ਹਾਂ ਸਵਾਲ-ਜਵਾਬ ਰਾਹੀਂ ਸਰਕਾਰੀ ਵਕੀਲਾਂ ਨੇ ਲਿੰਡਸੇ ਕਲੈਂਸੀ ਦੀ ਖੁਦਕੁਸ਼ੀ ਦੀ ਕੋਸ਼ਿਸ਼ ਦੀ ਸੱਚਾਈ ‘ਤੇ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ।
ਸਾਲ 2024 ਵਿੱਚ ਹੋਈ ਮੁੱਢਲੀ ਸੁਣਵਾਈ ਦੌਰਾਨ ਇਸ ਮਾਮਲੇ ਦੀ ਮੁੱਖ ਸਰਕਾਰੀ ਵਕੀਲ ਜੈਨੀਫਰ ਸਪ੍ਰੇਗ ਨੇ ਲਿੰਡਸੇ ਦੀ ਗਰਦਨ ਅਤੇ ਗੁੱਟ ‘ਤੇ ਲੱਗੇ ਜ਼ਖ਼ਮਾਂ ਨੂੰ “ਮਾਮੂਲੀ ਖਰੋਚਾਂ” ਕਰਾਰ ਦਿੱਤਾ ਸੀ। ਉਨ੍ਹਾਂ ਦਾ ਇਹ ਵੀ ਦਾਅਵਾ ਸੀ ਕਿ ਲਿੰਡਸੇ ਨੇ ਖਿੜਕੀ ਤੋਂ ਛਾਲ ਨਹੀਂ ਮਾਰੀ ਸੀ ਸਗੋਂ ਉਹ ਘਰ ਦੀ ਬਾਹਰਲੀ ਕੰਧ ਨਾਲ ਖਿਸਕਦੀ ਹੋਈ ਹੇਠਾਂ ਆਈ ਸੀ।
ਮਹੱਤਵਪੂਰਨ ਸੂਚਨਾ
ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ।
ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 1800 233 3330 ਤੋਂ ਮਦਦ ਲੈ ਸਕਦੇ ਹੋ।
ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।
ਬੈੱਡਰੂਮ ‘ਚ ਹਰ ਪਾਸੇ ਖ਼ੂਨ ਸੀ: ਪੈਟ੍ਰਿਕ
ਤਸਵੀਰ ਸਰੋਤ, Boston Herald vía Getty
ਉਸ ਦਿਨ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਪੈਟ੍ਰਿਕ ਕਲੈਂਸੀ ਨੇ ਦੱਸਿਆ ਕਿ ਬੈੱਡਰੂਮ ਵਿੱਚ ਖ਼ੂਨ ਦੇਖਣ ਤੋਂ ਬਾਅਦ ਉਹ ਹੇਠਾਂ ਦੌੜਿਆ ਅਤੇ ਘਰ ਦੇ ਬਾਹਰ ਗਿਆ। ਜਿੱਥੇ ਉਸ ਨੂੰ ਆਪਣੀ ਸਾਬਕਾ ਪਤਨੀ ਜ਼ਮੀਨ ‘ਤੇ ਪਈ ਮਿਲੀ, ਜਿਸ ਦੇ ਗੁੱਟ ਅਤੇ ਗਰਦਨ ‘ਤੇ ਜ਼ਖ਼ਮ ਸਨ। ਉਸ ਨੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਫ਼ੋਨ ਕੀਤਾ।
ਪਲਾਈਮਾਊਥ ਕਾਊਂਟੀ ਡਿਸਟ੍ਰਿਕਟ ਅਟਰਨੀ ਜੈਨੀਫਰ ਸਪ੍ਰੇਗ ਨੇ ਪੈਟ੍ਰਿਕ ਤੋਂ ਲਿੰਡਸੇ ਦੇ ਜ਼ਖ਼ਮਾਂ ਦੀ ਗੰਭੀਰਤਾ ਬਾਰੇ ਪੁੱਛਗਿੱਛ ਕੀਤੀ। ਉਨ੍ਹਾਂ ਨੇ ਪੁੱਛਿਆ ਕਿ ਕੀ ਉਸ ਨੇ ਐਮਰਜੈਂਸੀ ਸੇਵਾਵਾਂ ਨੂੰ ਕਿਹਾ ਸੀ ਕਿ ਉਸ ਨੂੰ ਆਪਣੀ ਸਾਬਕਾ ਪਤਨੀ ਦੇ ਜ਼ਖ਼ਮਾਂ ‘ਤੇ ਦਬਾਅ ਪਾ ਕੇ ਖ਼ੂਨ ਰੋਕਣ ਦੀ ਲੋੜ ਨਹੀਂ ਲੱਗੀ ਸੀ। ਪੈਟ੍ਰਿਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ।
ਪੈਟ੍ਰਿਕ ਨੇ ਦੱਸਿਆ ਕਿ ਜਦੋਂ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਅਤੇ ਉਸ ਦੀ ਸਾਬਕਾ ਪਤਨੀ ਨੇ ਦੱਸਿਆ ਕਿ ਬੱਚੇ ਬੇਸਮੈਂਟ ਵਿੱਚ ਹਨ ਤਾਂ ਉਹ ਤੁਰੰਤ ਉੱਥੇ ਦੌੜਿਆ।
ਪੈਟ੍ਰਿਕ ਨੇ ਅਦਾਲਤ ਵਿੱਚ ਗਵਾਹੀ ਦਿੰਦਿਆਂ ਦੱਸਿਆ ਕਿ ਬੇਸਮੈਂਟ ਵਿੱਚ ਪਹੁੰਚਣ ‘ਤੇ ਉਸ ਨੇ ਸਭ ਤੋਂ ਪਹਿਲਾਂ ਆਪਣੀ ਪੰਜ ਸਾਲਾ ਧੀ ਕੋਰਾ ਨੂੰ ਦੇਖਿਆ।
ਪੈਟ੍ਰਿਕ ਨੇ ਦੱਸਿਆ, “ਉਸ ਦੀ ਗਰਦਨ ਦੁਆਲੇ ਫਿਟਨੈੱਸ ਬੈਂਡ ਲਪੇਟਿਆ ਹੋਇਆ ਸੀ। ਉਹ ਮੂੰਹ ਦੇ ਬਲ ਪਈ ਹੋਈ ਸੀ।”
ਉਸ ਨੇ ਦੱਸਿਆ, “ਮੈਂ ਤੁਰੰਤ ਉਸ ਵੱਲ ਦੌੜਿਆ ਅਤੇ ਬੈਂਡ ਹਟਾਉਣ ਦੀ ਕੋਸ਼ਿਸ਼ ਕੀਤੀ।” ਪੈਟ੍ਰਿਕ ਮੁਤਾਬਕ, ਉਸ ਸਮੇਂ ਕੋਰਾ ਦੇ ਸਰੀਰ ਵਿੱਚ ਕੋਈ ਹਲਚਲ ਦੇਖਣ ਨੂੰ ਨਹੀਂ ਮਿਲੀ।
ਕੋਰਾ ਦੇ ਨਾਲ ਹੀ ਉਸ ਨੇ ਆਪਣਾ ਅੱਠ ਮਹੀਨੇ ਦਾ ਪੁੱਤਰ ਕੈਲਨ ਦੇਖਿਆ, ਜਿਸ ਦੀ ਗਰਦਨ ਦੁਆਲੇ ਵੀ ਫਿਟਨੈੱਸ ਬੈਂਡ ਲਪੇਟਿਆ ਹੋਇਆ ਸੀ।
ਪੈਟ੍ਰਿਕ ਨੇ ਦੱਸਿਆ ਕਿ ਫਿਰ ਉਸ ਨੇ ਆਪਣੇ ਤਿੰਨ ਸਾਲਾ ਪੁੱਤਰ ਡੌਅਸਨ ਨੂੰ ਲੱਭਣਾ ਸ਼ੁਰੂ ਕੀਤਾ। ਜੋ ਉਸ ਨੂੰ ਆਪਣੇ ਦਫ਼ਤਰ ਵਾਲੇ ਕਮਰੇ ਵਿੱਚ ਮਿਲਿਆ ਅਤੇ ਉਸ ਦੀ ਗਰਦਨ ਦੁਆਲੇ ਵੀ ਅਜਿਹਾ ਹੀ ਇੱਕ ਬੈਂਡ ਲਪੇਟਿਆ ਹੋਇਆ ਸੀ।
ਪੈਟ੍ਰਿਕ ਨੇ ਕਿਹਾ, “ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਹੁਣ ਨਹੀਂ ਰਿਹਾ।” ਉਨ੍ਹਾਂ ਦੱਸਿਆ ਕਿ ਉਹ ਤਿੰਨੇ ਬੱਚਿਆਂ ਕੋਲ ਵਾਰ-ਵਾਰ ਜਾਂਦੇ ਰਹੇ ਅਤੇ ਐਮਰਜੈਂਸੀ ਕਰਮਚਾਰੀਆਂ ਦੇ ਪਹੁੰਚਣ ਤੱਕ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ।
ਪੈਟ੍ਰਿਕ ਨੇ ਅਦਾਲਤ ਨੂੰ ਦੱਸਿਆ ਕਿ ਇਸ ਘਟਨਾ ਤੋਂ ਲਗਭਗ ਇੱਕ ਹਫ਼ਤੇ ਬਾਅਦ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਸ ਨੇ “ਇੱਕ ਆਦਮੀ ਦੀ ਆਵਾਜ਼ ਸੁਣੀ ਸੀ, ਜੋ ਉਸ ਨੂੰ ਬੱਚਿਆਂ ਨੂੰ ਮਾਰਨ ਲਈ ਕਹਿ ਰਿਹਾ ਸੀ।” ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਮਨੋਵਿਕਾਰ (ਸਾਈਕੋਸਿਸ) ਬਾਰੇ ਨਹੀਂ ਜਾਣਦੇ ਸਨ।
ਸਰਕਾਰੀ ਵਕੀਲਾਂ ਨੇ ਅਦਾਲਤ ਵਿੱਚ ਕਈ ਸਬੂਤ ਪੇਸ਼ ਕੀਤੇ, ਜਿਨ੍ਹਾਂ ਵਿੱਚ ਬੱਚਿਆਂ ਦੇ ਖ਼ੂਨ ਨਾਲ ਸਣੇ ਪਜਾਮੇ ਵੀ ਸ਼ਾਮਿਲ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੈਟ੍ਰਿਕ ਅਤੇ ਐਮਰਜੈਂਸੀ ਸੇਵਾਵਾਂ ਵਿਚਕਾਰ ਹੋਈ 911 ਕਾਲ ਦੀ ਰਿਕਾਰਡਿੰਗ ਚਲਾਈ।
ਇਹ ਸੁਣ ਕੇ ਲਿੰਡਸੇ ਕਲੈਂਸੀ ਬਹੁਤ ਭਾਵੁਕ ਹੋ ਗਈ। ਉਨ੍ਹਾਂ ਨੇ ਆਪਣਾ ਸਿਰ ਹੱਥਾਂ ਵਿੱਚ ਲੁਕਾ ਲਿਆ ਅਤੇ ਉੱਚੀ-ਉੱਚੀ ਰੋਣ ਲੱਗ ਪਏ, ਜਿਸ ਤੋਂ ਬਾਅਦ ਅਦਾਲਤ ਨੇ ਕੁਝ ਸਮੇਂ ਲਈ ਕਾਰਵਾਈ ਮੁਲਤਵੀ ਕਰ ਦਿੱਤੀ।
ਸਰਕਾਰੀ ਵਕੀਲਾਂ ਨੇ ਕਿਹਾ ਹੈ ਕਿ ਉਹ ਹੋਰ ਗਵਾਹਾਂ ਨੂੰ ਵੀ ਪੇਸ਼ ਕਰਨਗੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਮੁਕੱਦਮਾ ਕਈ ਹਫ਼ਤਿਆਂ ਤੱਕ ਚੱਲੇਗਾ।
ਜੇ ਲਿੰਡਸੇ ਕਲੈਂਸੀ ਦੋਸ਼ੀ ਕਰਾਰ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


