Home rss national punjabi2ਰਾਸ਼ਟਰੀ ਖ਼ਬਰਾਂ ਏਆਈ ਨਾਲ ਤਿਆਰ ਕਿਤਾਬਾਂ ਦਾ ਕਥਿਤ ਮਾਮਲਾ, ਸਿੱਖਿਆ ਮੰਤਰੀ ਨੇ ਕਰਾਰਿਆ ਸੰਭਾਵੀ...

ਏਆਈ ਨਾਲ ਤਿਆਰ ਕਿਤਾਬਾਂ ਦਾ ਕਥਿਤ ਮਾਮਲਾ, ਸਿੱਖਿਆ ਮੰਤਰੀ ਨੇ ਕਰਾਰਿਆ ਸੰਭਾਵੀ ਤੌਰ ‘ਤੇ ‘ਭਾਰਤ ਦਾ ਪਹਿਲਾ ਏਆਈ ਘੁਟਾਲਾ’

4
0

Source :- BBC PUNJABI

ਲਾਈਬ੍ਰੇਰੀ

ਤਾਮਿਲਨਾਡੂ ਦੀ ਇੱਕ ਪਬਲਿਕ ਲਾਇਬ੍ਰੇਰੀ ਵੱਲੋਂ ਅਜਿਹੀਆਂ ਕਿਤਾਬਾਂ ਖਰੀਦੇ ਜਾਣ ਦੇ ਇਲਜ਼ਾਮ ਵਿੱਚ ਅਦਾਲਤ ਨੇ ਜਾਂਚ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਬਾਰੇ ਸ਼ੱਕ ਹੈ ਕਿ ਉਹ ਏਆਈ ਦੀ ਵਰਤੋਂ ਨਾਲ ਤਿਆਰ ਕੀਤੀਆਂ ਗਈਆਂ ਹਨ।

ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਨਾਵਲਕਾਰ ਪੇਰੂਮਲ ਮੁਰੂਗੁਨ ਨੇ ਕੋਇੰਬਟੂਰ ਵਿੱਚ ਖੁੱਲ੍ਹੀ ਇੱਕ ਨਵੀਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਿੱਚ ਗਲਤ ਜਾਣਕਾਰੀ ਅਤੇ ਸ਼ੱਕੀ ਲੇਖਕਤਾ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ।

ਮਦਰਾਸ ਹਾਈ ਕੋਰਟ ਨੇ ਰਾਜ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੂੰ ਇਨ੍ਹਾਂ ਖਰੀਦਾਂ ਦੀ ਜਾਂਚ ਅਤੇ ਕਿਤਾਬਾਂ ਸਪਲਾਈ ਕਰਨ ਦੇ ਮੁਲਜ਼ਮ ਪ੍ਰਕਾਸ਼ਕ ਨਾਲ ਸਬੰਧਤ ਬੈਂਕ ਖਾਤਿਆਂ ਨੂੰ ਫਰੀਜ਼ ਕਰਨ ਦੇ ਹੁਕਮ ਦਿੱਤੇ ਹਨ।

ਸੂਬਾ ਸਰਕਾਰ ਨੇ ਇਨ੍ਹਾਂ ਕਿਤਾਬਾਂ ਦੀ ਖਰੀਦ ਲਈ ਪਿਛਲੇ ਡੀਐੱਮਕੇ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਡੀਐੱਮਕੇ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਤਾਮਿਲਨਾਡੂ ਦੇ ਸਕੂਲ ਸਿੱਖਿਆ ਮੰਤਰੀ ਏ.ਰਾਜਮੋਹਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਸੰਭਾਵੀ ਤੌਰ ‘ਤੇ ਭਾਰਤ ਦਾ ‘ਪਹਿਲਾ ਏਆਈ ਘੁਟਾਲਾ’ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਜਾਂਚ ਸੂਬੇ ਭਰ ਦੀਆਂ ਹੋਰ ਜਨਤਕ ਲਾਇਬ੍ਰੇਰੀਆਂ ਵਿਚ ਹੋਈਆਂ ਖਰੀਦਾਂ ਨੂੰ ਵੀ ਕਵਰ ਕਰੇਗੀ।

ਇਸ ਮਾਮਲੇ ਨੇ ਪਬਲਿਸ਼ਿੰਗ ਦੇ ਖੇਤਰ ਵਿੱਚ ਏਆਈ ਦੀ ਵਧ ਰਹੀ ਵਰਤੋਂ ਬਾਰੇ ਵਿਆਪਕ ਸਵਾਲ ਖੜ੍ਹੇ ਕੀਤੇ ਹਨ ਜਿੱਥੇ ਇਹ ਤੇਜ਼ੀ ਨਾਲ ਅਤੇ ਸਸਤੀਆਂ ਕਿਤਾਬਾਂ ਤਿਆਰ ਕਰ ਸਕਦੇ ਹਨ ਪਰ ਨਾਲ ਹੀ ਗਲਤ ਜਾਣਕਾਰੀ ਅਤੇ ਮਨਘੜਤ ਹਵਾਲੇ ਵੀ ਪੈਦਾ ਕਰਦੇ ਹਨ।

ਇਸ ਨੇ ਏਆਈ ਨਾਲ ਤਿਆਰ ਕੀਤੀ ਸਮੱਗਰੀ ਦੇ ਵਧਦੇ ਪਸਾਰ ਨਾਲ ਕਿਤਾਬਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਵਿੱਚ ਲਾਇਬ੍ਰੇਰੀਆਂ ਅਤੇ ਪ੍ਰਕਾਸ਼ਕਾਂ ਨੂੰ ਆਉਂਦੀਆਂ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ ਹੈ।

ਕਿਵੇਂ ਸ਼ੁਰੂ ਹੋਇਆ ਵਿਵਾਦ?

ਲਾਈਬ੍ਰੇਰੀ ਦੇ ਉਦਘਾਟਨ ਮੌਕੇ ਸੀਐਮ ਵਿਜੇ ਅਤੇ ਹੋਰ

ਇਹ ਵਿਵਾਦ ਪੇਰੀਆਰ ਅਰਿਵੁਲਾਗਮ ਲਾਇਬ੍ਰੇਰੀ ‘ਤੇ ਕੇਂਦਰਿਤ ਹੈ ਜੋ ਲਗਭਗ ਤਿੰਨ ਅਰਬ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਸਮਾਜ ਸੁਧਾਰਕ ਪੇਰੀਆਰ ਈ.ਵੀ.ਰਾਮਾਸਾਮੀ ਦੇ ਨਾਮ ‘ਤੇ ਬਣੀ ਇਸ ਲਾਇਬ੍ਰੇਰੀ ਦਾ ਉਦਘਾਟਨ 16 ਅਕਤੂਬਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ.ਜੋਸਫ ਵਿਜੇ ਨੇ ਕੀਤਾ ਸੀ।

ਆਪਣੇ ਨਾਵਲਾਂ ‘ਪਾਇਰ’ ਅਤੇ ‘ਵਨ ਪਾਰਟ ਵੂਮੈਨ’ ਲਈ ਅੰਤਰਰਾਸ਼ਟਰੀ ਮਾਨਤਾ ਹਾਸਿਲ ਕਰਨ ਵਾਲੇ ਮੁਰੂਗਨ ਨੇ ਪਿਛਲੇ ਮਹੀਨੇ ਲਾਇਬ੍ਰੇਰੀ ਦਾ ਦੌਰਾ ਕਰਨ ਬਾਅਦ ਇਹ ਚਿੰਤਾਵਾਂ ਪ੍ਰਗਟ ਕੀਤੀਆਂ ਸਨ।

ਇੱਕ ਆਨਲਾਈਨ ਮੈਗਜ਼ੀਨ ਵਿੱਚ ਲਿਖਦਿਆਂ ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਲਾਇਬ੍ਰੇਰੀ ਦੇ ਤਾਮਿਲ ਸੈਕਸ਼ਨ ਵਿੱਚ ਲਗਭਗ 1800 ਕਿਤਾਬਾਂ ਬਹੁਤੇ ਨਾ ਜਾਣੇ ਜਾਣ ਵਾਲੇ ‘ਅਗਲ ਵਿਲੁੱਕ ਪਥਿਗਮ’ ਨਾਮੀਂ ਇੱਕ ਪ੍ਰਕਾਸ਼ਕ ਵੱਲੋਂ ਸਪਲਾਈ ਕੀਤੀਆਂ ਗਈਆਂ ਸੀ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਕਿਤਾਬਾਂ ‘ਤੇ ਅਣਜਾਣ ਲੇਖਕਾਂ ਦੇ ਨਾਮ, ਅਸਧਾਰਨ ਰੂਪ ਵਿੱਚ ਜ਼ਿਆਦਾ ਕੀਮਤਾਂ ਅਤੇ ਸ਼ੱਕੀ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ ਦਰਜ ਸਨ।

ਵਿਵਾਦ ਵਿੱਚ ਦਰਜ ਕੀਤੀ ਗਈ ਇੱਕ 300 ਪੰਨਿਆਂ ਦੀ ਕਿਤਾਬ ‘ਨਾਲਾਡੀਆਰ ਵਾਜ਼ਵਿਨ ਵਾਜ਼ੀਕੱਟੀ’ ਦੀ ਕੀਮਤ 1445 ਰੁਪਏ ਰੱਖੀ ਗਈ ਸੀ।

ਇਹ ਨਾਲਡੀਆਰ ਨੂੰ ਇੱਕ ਤਾਮਿਲ ਕਵੀ ਅਤੇ ਦਾਰਸ਼ਨਿਕ ਦੱਸਦੀ ਹੈ, ਜਦਕਿ ਨਾਲਡੀਆਰ ਨੈਤਿਕਤਾ ਅਤੇ ਸਦਾਚਾਰ ਅਧਾਰਿਤ 400 ਚਾਰ ਸਤਰਾਂ ਵਾਲੇ ਛੰਦਾਂ ਦੀ ਇੱਕ ਕਲਾਸੀਕਲ ਤਾਮਿਲ ਰਚਨਾ ਹੈ।

ਕਥਿਤ ਤੌਰ ‘ਤੇ ਇੱਕ ਹੋਰ ਕਿਤਾਬ ਪ੍ਰਾਚੀਨ ਤਾਮਿਲ ਕਵਿਤਾ ‘ਮਦੁਰਾਈ ਕਾਂਚੀ’ ਦਾ ਸਿਹਰਾ ਕਿਸੇ ਹੋਰ ਲੇਖਕ ਨੂੰ ਦਿੰਦੀ ਹੈ। ਇਹ ਹਾਲੇ ਵੀ ਸਪੱਸ਼ਟ ਨਹੀਂ ਹੈ ਕਿ ਕੀ ਵਿਵਾਦਤ ਕਿਤਾਬਾਂ ਵਿੱਚੋਂ ਕਿਸੇ ਨੂੰ ਤਿਆਰ ਕਰਨ ਲਈ ਏਆਈ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ।

ਮਦੁਰਾਈ ਦੀ ਇੱਕ ਹੋਰ ਜਨਤਕ ਲਾਇਬ੍ਰੇਰੀ ਵਿੱਚ ਮਿਲੀ ਇੱਕ ਕਿਤਾਬ ਬਾਰੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ ਜਿਨ੍ਹਾਂ ਵਿੱਚ ਪ੍ਰਸਿੱਧ ਅਰਥਸ਼ਾਤਰੀ ਜੇਨ ਦ੍ਰੇਜ਼ ਨੂੰ ਇਸ ਦਾ ਲੇਖਕ ਦੱਸਿਆ ਗਿਆ ਹੈ।

‘ਡੈਮੋਕਰੇਸੀ ਐਂਡ ਪੀਪਲਜ਼ ਰਾਈਟਸ ਇਨ ਦ ਕੰਟੈਂਪਰੇਰੀ ਵਰਲਡ’ ਨਾਮੀ ਇਸ ਕਿਤਾਬ ਵਿੱਚ ਪ੍ਰਸਿੱਧ ਅਰਥਸ਼ਾਸਤਰੀ ਨੂੰ ਇਸ ਦਾ ਲੇਖਕ ਦੱਸਿਆ ਗਿਆ ਹੈ ਅਤੇ ਇਸ ਨੂੰ ਫੀਨਿਕਸ ਪਬਲਿਸ਼ਿੰਗ ਹਾਊਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ।

ਦ੍ਰੇਜ਼ ਨੇ ਬੀਬੀਸੀ ਤਾਮਿਲ ਦੀ ਟਿੱਪਣੀ ਦੀ ਬੇਨਤੀ ਦਾ ਕੋਈ ਸਵਾਬ ਨਹੀਂ ਦਿੱਤਾ ਪਰ ਇਸ ਹਫਤੇ ਦੇ ਸ਼ੁਰੂ ਵਿੱਚ ਅਖਬਾਰ ‘ਦ ਹਿੰਦੂ’ ਨੂੰ ਦੱਸਿਆ ਕਿ ਉਨ੍ਹਾਂ ਨੇ ਇਹ ਕਿਤਾਬ ਨਹੀਂ ਲਿਖੀ ਹੈ ਜਿਸ ਨਾਲ ਇਹ ਚਿੰਤਾ ਪੈਦਾ ਹੋ ਗਈ ਕਿ ਉਨ੍ਹਾਂ ਦੀ ਇਜਾਜ਼ਤ ਤੋਂ ਬਿਨ੍ਹਾਂ ਉਨ੍ਹਾਂ ਦੇ ਨਾਮ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ।

ਬੀਬੀਸੀ ਤਾਮਿਲ ‘ਅਗਲ ਵਿਲੁੱਕ’ ਅਤੇ ‘ਫੀਨਿਕਸ ਪਬਲਿਸ਼ਿੰਗ ਹਾਊਸ’ ਦੇ ਦਰਜ ਕੀਤੇ ਗਏ ਚੇਨਈ ਦੇ ਪਤੇ ‘ਤੇ ਪਹੁੰਚਿਆ ਪਰ ਉੱਥੇ ਦੋਵਾਂ ਵਿੱਚੋਂ ਕਿਸੇ ਵੀ ਕਾਰੋਬਾਰ ਦੀ ਪਛਾਣ ਕਰਨ ਵਾਲਾ ਕੋਈ ਬੋਰਡ ਜਾਂ ਨਿਸ਼ਾਨ ਨਹੀਂ ਮਿਲਿਆ।

ਉਥੇ ਮੌਜੂਦ ਇੱਕ ਔਰਤ ਨੇ ਪੁਸ਼ਟੀ ਕੀਤੀ ਕਿ ‘ਅਗਲ ਵਿਲੁੱਕ’ ਉੱਥੋਂ ਹੀ ਚਲਦਾ ਸੀ। ਇਸ ਦੇ ਮਾਲਿਕ ਮੋਹਨ ਨੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਜਨਤਕ ਲਾਇਬ੍ਰੇਰੀਆਂ ਦੀਆ ਕਿਤਾਬਾਂ ਦਾ ਅੰਦਰੂਨੀ ਆਡਿਟ

ਲੈਪਟਾਪ 'ਤੇ ਇੱਕ ਮਨੁੱਖੀ ਅਤੇ ਇੱਕ ਰੋਬੋਟ ਦਾ ਹੱਥ

ਇਸ ਵਿਵਾਦ ਨੇ ਲੇਖਕਾਂ, ਵਿਦਵਾਨਾਂ ਅਤੇ ਪ੍ਰਕਾਸ਼ਕਾਂ ਨੂੰ ਇਹ ਸਵਾਲ ਚੁੱਕਣ ਲਈ ਮਜਬੂਰ ਕੀਤਾ ਹੈ ਕਿ ਇਸ ਜਨਤਕ ਲਾਇਬ੍ਰੇਰੀਆਂ ਦੀਆਂ ਕਿਤਾਬਾਂ ਕਿਵੇਂ ਚੁਣੀਆਂ ਗਈਆਂ ਸਨ।

160 ਤੋਂ ਵੱਧ ਲੇਖਕਾਂ, ਖੋਜਕਾਰਾਂ, ਕਲਾਕਾਰਾਂ ਅਤੇ ਪ੍ਰਕਾਸ਼ਕਾਂ ਨੇ ਇੱਕ ਸਾਂਝੇ ਬਿਆਨ ‘ਤੇ ਦਸਤਖਤ ਕਰਕੇ ਸੁਤੰਤਰ ਜਾਂਚ, ਖਰੀਦ ਰਿਕਾਰਡ ਜਾਰੀ ਕਰਨ ਅਤੇ ਤਾਮਿਲਨਾਡੂ ਦੀਆਂ ਲਾਇਬ੍ਰੇਰੀਆਂ ਦੇ ਸੰਗ੍ਰਹਿ ਦਾ ਆਡਿਟ ਕਰਵਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜੇ ਜਾਂਚ ਵਿੱਚ ਫੰਡਾਂ ਦੀ ਦੁਰਵਰਤੋਂ ਸਾਹਮਣੇ ਆਉਂਦੀ ਹੈ ਤਾਂ ਜਨਤਾ ਦੇ ਪੈਸੇ ਦੀ ਵਸੂਲੀ ਕੀਤੀ ਜਾਵੇ।

ਸਮੂਹ ਨੇ ਸਵਾਲ ਚੁੱਕਿਆ ਕਿ ਵਿਵਾਦਤ ਕਿਤਾਬਾਂ ਮਾਹਿਰ ਕਮੇਟੀਆਂ, ਕੀਮਤਾਂ ਬਾਰੇ ਗੱਲਬਾਤ ਅਤੇ ਸਮੀਖਿਆ ਦੇ ਕਈ ਪੱਧਰਾਂ ਵਾਲੀ ਚੋਣ ਪ੍ਰਕਿਰਿਆ ਵਿੱਚੋਂ ਕਿਵੇਂ ਲੰਘ ਸਕੀਆਂ।

ਸੂਬਾ ਸਰਕਾਰ ਨੇ ਜਨਤਕ ਲਾਇਬ੍ਰੇਰੀਆਂ ਦੇ ਸੰਗ੍ਰਹਿ ਦੇ ਅੰਦਰੂਨੀ ਆਡਿਟ ਦੇ ਹੁਕਮ ਦਿੱਤੇ ਹਨ।

ਰਾਜਮੋਹਨ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਕਿਤਾਬਾਂ ਦੀ ਪ੍ਰਮਾਣਿਕਤਾ ਅਤੇ ਕੁਆਲਟੀ ਬਾਰੇ ਚਿੰਤਾਵਾਂ ਸਾਹਮਣੇ ਆਉਣ ਬਾਅਦ ਚੇਨਈ ਦੀ ਇਤਿਹਾਸਕ ਕੌਨੇਮਾਰਾ ਪਬਲਿਕ ਲਾਇਬ੍ਰੇਰੀ ਵਿੱਚੋਂ ਪਹਿਲਾਂ ਹੀ 523 ਕਿਤਾਬਾਂ ਹਟਾ ਦਿੱਤੀਆਂ ਗਈਆਂ ਹਨ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੇਰੀਆਰ ਅਰਿਵੁਲਾਗਮ ਵਿੱਚੋਂ ਵੀ ਵਿਵਾਦਤ ਕਿਤਾਬਾਂ ਹਟਾ ਦਿੱਤੀਆਂ ਗਈਆਂ ਹਨ ਜਦਕਿ ਭ੍ਰਿਸ਼ਾਟਾਚਾਰ ਵਿਰੋਧੀ ਅਧਿਕਾਰੀ ਖਰੀਦ ਰਿਕਾਰਡਾਂ ਦੀ ਜਾਂਚ ਕਰ ਰਹੇ ਹਨ ਅਤੇ ਹੋਰ ਲਾਇਬ੍ਰੇਰੀਆਂ ਦਾ ਨਿਰੀਖਣ ਕਰ ਰਹੇ ਹਨ।

ਇਸ ਵਿਵਾਦ ਨੇ ਤਾਮਿਲਨਾਡੂ ਵਿੱਚ ਇੱਕ ਸਿਆਸੀ ਮਸਲਾ ਵੀ ਖੜ੍ਹਾ ਕਰ ਦਿੱਤਾ ਹੈ ਰਾਜਮੋਹਨ ਨੇ ਪਿਛਲੀ ਡੀਐੱਮਕੇ ਸਰਕਾਰ ‘ਤੇ ਵਿਵਾਦਤ ਕਿਤਾਬਾਂ ਮੰਗਵਾਉਣ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਜੇਕਰ ਜਾਂਚ ਵਿੱਚ ਕੋਈ ਗੜਬੜ ਪਾਈ ਜਾਂਦੀ ਹੈ ਤਾਂ ਰਾਜ ਸਰਕਾਰ ਜਨਤਾ ਦੇ ਪੈਸੇ ਦੀ ਵਸੂਲੀ ਕਰਨ ਦੀ ਕੋਸ਼ਿਸ਼ ਕਰੇਗੀ।

ਡੀਐੱਮਕੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਖਾਰਜ ਕੀਤਾ ਅਤੇ ਇਨ੍ਹਾਂ ਖਰੀਦਾਂ ਦੀ ਜਾਂਚ ਦੀ ਮੰਗ ਕੀਤੀ ਹੈ।

ਰਚਿਤਾ ਪ੍ਰਸਾਦ ਦੇ ਸਹਿਯੋਗ ਨਾਲ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI