Source :- BBC PUNJABI
ਤਸਵੀਰ ਸਰੋਤ, Sagarmatha Pollution Control Committee (SPCC)
ਮਾਊਂਟ ਐਵਰੇਸਟ ‘ਤੇ ਮ੍ਰਿਤਕ ਸਮਝੇ ਜਾ ਰਹੇ ਇੱਕ ਨੇਪਾਲੀ ਪਹਾੜੀ ਗਾਈਡ ਨੂੰ ਆਖ਼ਿਰਕਾਰ ਬੇਸ ਕੈਂਪ ਵੱਲ ਰਿੜਦੇ ਹੋਏ ਲੱਭ ਲਿਆ ਗਿਆ, ਜਦਕਿ ਉਨ੍ਹਾਂ ਨੂੰ 6 ਦਿਨ ਪਹਿਲਾਂ ਆਖ਼ਰੀ ਵਾਰ ਜ਼ਿੰਦਾ ਦੇਖਿਆ ਗਿਆ ਸੀ।
ਦਾਵਾ ਸ਼ੇਰਪਾ ਨੂੰ ਆਖ਼ਰੀ ਵਾਰ ਕੈਂਪ 3 ਤੋਂ ਉੱਪਰ, ਲਗਭਗ 7,500 ਮੀਟਰ (24,600 ਫੁੱਟ) ਦੀ ਉਚਾਈ ‘ਤੇ ਦੇਖਿਆ ਗਿਆ ਸੀ, ਜਦੋਂ ਉਹ ਚੋਟੀ ਸਰ ਕਰਨ ਤੋਂ ਬਾਅਦ ਪਹਾੜ ਤੋਂ ਹੇਠਾਂ ਉਤਰ ਰਹੇ ਸਨ।
ਉਨ੍ਹਾਂ ਦੇ ਬਚਣ ਦੀ ਉਮੀਦ ਬਹੁਤ ਘੱਟ ਸੀ ਕਿਉਂਕਿ ਉਸ ਉਚਾਈ ‘ਤੇ ਹਵਾ ਬਹੁਤ ਪਤਲੀ ਹੁੰਦੀ ਹੈ।
ਪਰ ਵੀਰਵਾਰ ਨੂੰ ਇੱਕ ਸਫ਼ਾਈ ਟੀਮ ਨੇ ਤਜਰਬੇਕਾਰ ਪਰਬਤਾਰੋਹੀ ਨੂੰ ਦੇਖਿਆ, ਜਿਸ ਦੇ ਹੱਥਾਂ ‘ਤੇ ਠੰਢ ਕਾਰਨ ਜ਼ਖ਼ਮ (ਫ੍ਰਾਸਟਬਾਈਟ) ਸਨ, ਪਰ ਉਹ ਕੁੱਲ ਮਿਲਾ ਕੇ ਚੰਗੀ ਹਾਲਤ ਵਿੱਚ ਦਿੱਸ ਰਿਹਾ ਸੀ ਅਤੇ ਹੌਲੀ-ਹੌਲੀ ਹੇਠਾਂ ਖਿਸਕਦਾ ਆ ਰਿਹਾ ਸੀ।
ਖੋਜ ਮੁਹਿੰਮ ਦੀ ਨਿਗਰਾਨੀ ਕਰ ਰਹੀ 8K ਐਕਸਪੀਡੀਸ਼ਨਜ਼ ਦੇ ਕਾਰਜਕਾਰੀ ਨਿਰਦੇਸ਼ਕ ਪੇਂਬਾ ਸ਼ੇਰਪਾ ਨੇ ਕਿਹਾ, “ਦਾਵਾ ਨੇ ਹਰ ਕਿਸਮ ਦੀਆਂ ਮੁਸ਼ਕਲਾਂ ਦੇ ਬਾਵਜੂਦ ਕਈ ਦਿਨਾਂ ਤੱਕ ਜ਼ਿੰਦਾ ਰਹਿਣ ਵਿੱਚ ਸਫ਼ਲਤਾ ਹਾਸਲ ਕੀਤੀ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਅਸਲ ਮਾਅਨੇ ਵਿੱਚ ਆਪਣੀ ਖ਼ੁਦ ਦੀ ਬਚਾਅ ਮੁਹਿੰਮ ਹੈ।”
ਏਐੱਫਪੀ ਖ਼ਬਰ ਏਜੰਸੀ ਅਨੁਸਾਰ, ਇਸ ਸਾਲ ਦੀ ਚੜ੍ਹਾਈ ਮੁਹਿੰਮ ਦੌਰਾਨ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਤਿੰਨ ਨੇਪਾਲੀ ਸਨ ਜੋ ਐਵਰੇਸਟ ਦੀਆਂ ਤਿਆਰੀਆਂ ਵਿੱਚ ਸ਼ਾਮਲ ਸਨ।
ਇਸ ਮੌਸਮ ਵਿੱਚ 1,000 ਤੋਂ ਵੱਧ ਲੋਕਾਂ ਨੇ ਐਵਰੇਸਟ ਦੀ ਚੋਟੀ ‘ਤੇ ਪਹੁੰਚ ਹਾਸਲ ਕੀਤੀ, ਜਿਸ ਨਾਲ ਇਹ ਰਿਕਾਰਡ ਮੁਤਾਬਕ ਸਭ ਤੋਂ ਰੁੱਝਿਆ ਹੋਇਆ ਸੀਜ਼ਨ ਬਣ ਗਿਆ।
ਐਡਮੰਡ ਹਿਲੇਰੀ ਦੇ ਨਾਮ ਨਾਲ ਮਸ਼ਹੂਰ ਪਰਬਤਾਰੋਹੀ ਦਾਵਾ ਸ਼ੇਰਪਾ “ਹਿਲੇਰੀ ਦਾਵਾ ਸ਼ੇਰਪਾ” ਵਜੋਂ ਵੀ ਜਾਣੇ ਜਾਂਦੇ ਹਨ। ਪੇਂਬਾ ਸ਼ੇਰਪਾ ਨੇ ਦੱਸਿਆ ਕਿ ਉਨ੍ਹਾਂ ਨੂੰ ਖੁੰਬੂ ਆਈਸਫਾਲ ਰਾਹੀਂ ਬੇਸ ਕੈਂਪ ਵੱਲ “ਹੌਲੀ-ਹੌਲੀ ਖਿਸਕਦੇ ਹੋਏ” ਲੱਭਿਆ ਗਿਆ।
ਉਨ੍ਹਾਂ ਕਿਹਾ, “ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਐਵਰੇਸਟ ‘ਤੇ ਇਸ ਉਚਾਈ ‘ਤੇ ਇਕੱਲੇ ਰਹਿ ਕੇ ਅੱਜ ਤੱਕ ਕੋਈ ਨਹੀਂ ਬਚਿਆ। ਛੇ ਦਿਨ ਇਕੱਲੇ ਰਹਿ ਕੇ ਜ਼ਿੰਦਾ ਬਚਣਾ ਅਤੇ ਸੁਰੱਖਿਅਤ ਹੇਠਾਂ ਉਤਰਨਾ ਇੱਕ ਚਮਤਕਾਰ ਹੈ। ਮੇਰਾ ਖ਼ਿਆਲ ਹੈ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਉਹ ਟੈਂਟਾਂ ਦੇ ਅੰਦਰ ਰਹੇ ਹੋਣਗੇ।”
ਤਸਵੀਰ ਸਰੋਤ, Getty Images
ਕਾਠਮੰਡੂ ਦੇ ਐੱਚਏਐੱਮਐੱਸ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਦੇ ਡਾਕਟਰ ਨਿਸ਼ਾਂਤ ਢਕਾਲ ਅਨੁਸਾਰ, ਦਾਵਾ ਸ਼ੇਰਪਾ “ਹੋਸ਼ ਵਿੱਚ ਹਨ ਅਤੇ ਇਲਾਜ ਅਧੀਨ ਹਨ।”
ਉਨ੍ਹਾਂ ਦੀ ਧੀ ਮ੍ਹੇਂਦੋ ਲਹਾਮੋ ਸ਼ੇਰਪਾ ਨੇ ਰਾਇਟਰਜ਼ ਖ਼ਬਰ ਏਜੰਸੀ ਨੂੰ ਹਸਪਤਾਲ ਵਿੱਚ ਮਿਲਣ ਤੋਂ ਬਾਅਦ ਦੱਸਿਆ, “ਉਨ੍ਹਾਂ ਨੇ ਮੈਨੂੰ ਪਛਾਣ ਲਿਆ… ਉਹ ਠੀਕ ਹਨ ਅਤੇ ਗੱਲ ਕਰ ਰਹੇ ਹਨ। ਅਸੀਂ ਬਹੁਤ ਖੁਸ਼ ਹਾਂ।”
ਉਨ੍ਹਾਂ ਦੇ ਮਿਲਣ ਤੋਂ ਪਹਿਲਾਂ, 52 ਸਾਲਾ ਦਾਵਾ ਸ਼ੇਰਪਾ ਦੀ ਪਤਨੀ ਨੇ ਏਐੱਫਪੀ ਨੂੰ ਦੱਸਿਆ ਸੀ ਕਿ ਉਸ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸਾਂ ਵੀ ਕਰ ਦਿੱਤੀਆਂ ਸਨ।
ਬੁੱਧਵਾਰ ਨੂੰ ਪਰਬਤਾਰੋਹੀ ਅਤੇ ਸਾਬਕਾ ਬ੍ਰਿਟਿਸ਼ ਰੌਇਲ ਮਰੀਨ ਕ੍ਰਿਸ ਥ੍ਰਾਲ ਨੇ ਇੰਸਟਾਗ੍ਰਾਮ ‘ਤੇ ਦਾਵਾ ਸ਼ੇਰਪਾ ਨੂੰ ਸ਼ਰਧਾਂਜਲੀ ਦਿੱਤੀ ਸੀ, ਕਿਉਂਕਿ ਉਹ ਸਮਝ ਰਹੇ ਸਨ ਕਿ ਦਾਵਾ ਦੀ ਪਹਾੜ ‘ਤੇ ਮੌਤ ਹੋ ਗਈ ਹੈ।
ਵੀਡੀਓ ਵਿੱਚ ਥ੍ਰਾਲ ਨੇ ਦੱਸਿਆ ਕਿ ਜਦੋਂ ਉਹ ਕੈਂਪ 4, ਜੋ ਚੋਟੀ ਤੋਂ ਪਹਿਲਾਂ ਸਭ ਤੋਂ ਉੱਚਾ ਕੈਂਪ ਹੈ, ਤੋਂ ਹੇਠਾਂ ਉਤਰ ਰਹੇ ਸਨ, ਤਾਂ ਦਾਵਾ ਸ਼ੇਰਪਾ “ਆਪਣਾ ਬੈਕਪੈਕ ਲੈ ਕੇ ਥੋੜ੍ਹਾ ਆਰਾਮ ਕਰਨ ਲਈ ਬੈਠ ਗਏ ਸਨ।”
ਤਸਵੀਰ ਸਰੋਤ, BBC/Getty
ਥ੍ਰਾਲ ਨੇ ਕਿਹਾ, “ਮੈਂ ਮੁੜ ਕੇ ਪੁੱਛਿਆ, ‘ਹਿਲੇਰੀ, ਭਰਾ, ਕੀ ਤੁਸੀਂ ਠੀਕ ਹੋ?’ ਉਨ੍ਹਾਂ ਨੇ ਕਿਹਾ, ‘ਹਾਂ, ਹਾਂ, ਮੈਂ ਠੀਕ ਹਾਂ ਕ੍ਰਿਸ, ਤੁਸੀਂ ਅੱਗੇ ਜਾਓ, ਜਾਓ!'”
ਉਨ੍ਹਾਂ ਨੇ ਅੱਗੇ ਕਿਹਾ, “ਇਹ ਕੋਈ ਨਵੀਂ ਗੱਲ ਨਹੀਂ ਸੀ। ਕਦੇ ਮੈਂ ਅੱਗੇ ਨਿਕਲ ਜਾਂਦਾ ਸੀ, ਕਦੇ ਉਹ ਅੱਗੇ ਨਿਕਲ ਜਾਂਦੇ ਸਨ।”
ਜਦੋਂ ਥ੍ਰਾਲ ਹੇਠਾਂ ਉਤਰ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਪੋਲੈਂਡ ਦਾ ਪਰਬਤਾਰੋਹੀ ਮਿਲਿਆ ਜੋ ਉਨ੍ਹਾਂ ਦੇ ਗਰੁੱਪ ਦਾ ਹਿੱਸਾ ਸੀ ਅਤੇ ਮੁਸ਼ਕਲ ਵਿੱਚ ਸੀ। ਇਸ ਤੋਂ ਬਾਅਦ ਉਹ ਦੋਵੇਂ ਇਕੱਠੇ ਹੇਠਾਂ ਉਤਰਦੇ ਰਹੇ। ਪਰ ਦਾਵਾ ਸ਼ੇਰਪਾ ਉਨ੍ਹਾਂ ਤੱਕ ਕਦੇ ਨਹੀਂ ਪਹੁੰਚੇ।
ਥ੍ਰਾਲ ਨੇ ਕਿਹਾ, “ਚੋਟੀ ਤੱਕ ਪਹੁੰਚਣ ਦੀ ਇਹ ਇੱਕ ਲੰਬੀ ਅਤੇ ਔਖੀ ਕੋਸ਼ਿਸ਼ ਸੀ। ਜਿੱਥੇ ਚੋਟੀ ‘ਤੇ ਜਾ ਕੇ ਵਾਪਸ ਆਉਣ ਲਈ ਪੰਜ ਦਿਨ ਲੱਗਣੇ ਚਾਹੀਦੇ ਸਨ, ਉੱਥੇ ਸਾਨੂੰ 11 ਦਿਨ ਲੱਗ ਗਏ। ਹਾਲਾਤ ਇੰਨੇ ਚੁਣੌਤੀਪੂਰਨ ਸਨ।”
ਉਨ੍ਹਾਂ ਨੇ ਅੱਗੇ ਕਿਹਾ, “ਤਾਂ ਕੀ ਮੈਂ ਸ਼ੇਰਪਾ ਲਈ ਵਾਪਸ ਜਾਂਦਾ, ਜੋ ਸ਼ਾਇਦ ਥੋੜ੍ਹੀ ਦੇਰ ਬਾਅਦ ਆ ਹੀ ਜਾਣਾ ਸੀ ਅਤੇ ਠੀਕ ਹੋਣਾ ਸੀ, ਜਿਵੇਂ ਉਹ ਇਸ ਤੋਂ ਪਹਿਲਾਂ ਸੈਂਕੜਿਆਂ ਵਾਰ ਕਰ ਚੁੱਕੇ ਸਨ?”
ਦਾਵਾ ਸ਼ੇਰਪਾ ਦੇ ਇੱਕ ਰਿਸ਼ਤੇਦਾਰ ਕੁੰਗ ਸ਼ੇਰਪਾ ਨੇ ਸਾਹਸੀ ਖੇਡਾਂ ਬਾਰੇ ਪ੍ਰਕਾਸ਼ਨ ਆਊਟਸਾਈਡ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਖੋਜ ਮੁਹਿੰਮ ਦੀ ਹੌਲੀ ਰਫ਼ਤਾਰ ‘ਤੇ ਨਾਰਾਜ਼ਗੀ ਜਤਾਈ ਸੀ।
ਜਦੋਂ ਆਖ਼ਰਕਾਰ ਖੋਜ ਮੁਹਿੰਮ ਸ਼ੁਰੂ ਕੀਤੀ ਗਈ, ਤਾਂ ਇਸ ਨੂੰ 8K ਐਕਸਪੀਡੀਸ਼ਨ ਨਾਮ ਦੀ ਕੰਪਨੀ ਨੇ ਚਲਾਇਆ, ਜਿਸ ਨੇ ਅੰਤ ਵਿੱਚ ਦਾਵਾ ਸ਼ੇਰਪਾ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਂ ਤੱਕ ਪਹੁੰਚਾਉਣ ਵਿੱਚ ਸਫ਼ਲਤਾ ਹਾਸਲ ਕੀਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







