Home rss national punjabi2ਰਾਸ਼ਟਰੀ ਖ਼ਬਰਾਂ ਕਦੋਂ ਅਤੇ ਕਿਵੇਂ ਅਫ਼ਗ਼ਾਨਿਸਤਾਨ ਵਿੱਚ ਮਿਲੀ ਸੀ ਗਣਪਤੀ ਦੀ ਪ੍ਰਾਚੀਨ ਮੂਰਤੀ? ‘ਕਾਬੁਲ...

ਕਦੋਂ ਅਤੇ ਕਿਵੇਂ ਅਫ਼ਗ਼ਾਨਿਸਤਾਨ ਵਿੱਚ ਮਿਲੀ ਸੀ ਗਣਪਤੀ ਦੀ ਪ੍ਰਾਚੀਨ ਮੂਰਤੀ? ‘ਕਾਬੁਲ ਦੇ ਗਣਪਤੀ’ ਨਾਲ ਅੱਗੇ ਕੀ ਹੋਇਆ?

1
0

Source :- BBC PUNJABI

ਅਫ਼ਗ਼ਾਨਿਸਤਾਨ ਦੇ ਗਾਰਦੇਜ਼ ਵਿੱਚ ਮਿਲੀ ਗਣੇਸ਼ ਦੀ ਮੂਰਤੀ

ਤਸਵੀਰ ਸਰੋਤ, Archeological Survey of India

ਇਹ ਮਈ 1956 ਦੀ ਗੱਲ ਹੈ। ਭਾਰਤ ਸਰਕਾਰ ਦੇ ਪੁਰਾਤੱਤਵ ਵਿਭਾਗ ਦੀ ਇੱਕ ਟੀਮ ਅਧਿਐਨ ਕਰਨ ਲਈ ਅਫ਼ਗ਼ਾਨਿਸਤਾਨ ਗਈ ਸੀ।

ਕਾਬੁਲ ਵਿੱਚ ਇਸ ਟੀਮ ਨੂੰ ਇੱਕ ਅਜਿਹੀ ਜਾਣਕਾਰੀ ਮਿਲੀ, ਜਿਸ ਨੇ ਇੱਕ ਭਾਰਤੀ ਦੇਵਤਾ ਦੀ ਕਹਾਣੀ ਵਿੱਚ ਥੋੜ੍ਹਾ ਨਵਾਂ ਅਤੇ ਮਹੱਤਵਪੂਰਨ ਅਧਿਆਇ ਜੋੜ ਦਿੱਤਾ।

ਟੀਮ ਦੇ ਮੈਂਬਰਾਂ ਨੂੰ ਗਣੇਸ਼ ਦੀ ਇੱਕ ਮੂਰਤੀ ਬਾਰੇ ਦੱਸਿਆ ਗਿਆ। ਸੰਗਮਰਮਰ ਦੀ ਬਣੀ ਇਹ ਮੂਰਤੀ 20ਵੀਂ ਸਦੀ ਵਿੱਚ ਕਾਬੁਲ ਤੋਂ ਕਰੀਬ 70 ਕਿਲੋਮੀਟਰ ਦੂਰ ਗਾਰਦੇਜ਼ ਦੇ ਨੇੜੇ ਮਿਲੀ ਸੀ।

ਇਸ ਮੂਰਤੀ ਨੂੰ ਕਾਬੁਲ ਦੀ ਦਰਗਾਹ ਪੀਰ ਰਤਨ ਨਾਥ ਵਿੱਚ ਰੱਖਿਆ ਗਿਆ ਸੀ। ਸ਼ਹਿਰ ਵਿੱਚ ਰਹਿਣ ਵਾਲੇ ਹਿੰਦੂ ਇਸ ਦੀ ਪੂਜਾ ਵੀ ਕਰਦੇ ਸਨ।

ਕਿਹੋ ਜਿਹਾ ਸੀ ਕਾਬੁਲ ਦੇ ‘ਮਹਾਵਿਨਾਇਕ’ ਦਾ ਰੂਪ

ਸਾਲ 2007 ਵਿੱਚ ਖਿੱਚੀ ਗਈ ਅਫ਼ਗ਼ਾਨਿਸਤਾਨ ਦੇ ਗਾਰਦੇਜ਼-ਖ਼ੋਸਤ ਹਾਈਵੇਅ ਦੀ ਤਸਵੀਰ

ਤਸਵੀਰ ਸਰੋਤ, Getty Images

ਸਾਲ 1956 ਵਿੱਚ ਅਫ਼ਗ਼ਾਨਿਸਤਾਨ ਗਈ ਟੀਮ ਵਿੱਚ ਪੁਰਾਤੱਤਵ ਵਿਭਾਗ ਦੇ ਦੋ ਅਧਿਕਾਰੀ ਟੀਐਨ ਰਾਮਚੰਦਰਨ ਅਤੇ ਵਾਈਡੀ ਸ਼ਰਮਾ ਵੀ ਸ਼ਾਮਿਲ ਸਨ।

ਦੋਵਾਂ ਅਧਿਕਾਰੀਆਂ ਨੇ ਇਸ ਮੂਰਤੀ ਬਾਰੇ ਆਪਣੀ ਰਿਪੋਰਟ ਨਵੀਂ ਦਿੱਲੀ ਵਿੱਚ ਜਮ੍ਹਾਂ ਕਰਵਾਈ ਸੀ।

ਰਿਪੋਰਟ ਵਿੱਚ ਮੂਰਤੀ ਦੇ ਆਕਾਰ ਅਤੇ ਬਣਤਰ ਬਾਰੇ ਦੱਸਿਆ ਗਿਆ ਸੀ। ਮੂਰਤੀ ਦੇ ਹੇਠਾਂ ਲਿਖੇ ਸ਼ਿਲਾਲੇਖ ਨੂੰ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਇਸ ਤੋਂ ਬਾਅਦ ਵੀ ਅਫ਼ਗ਼ਾਨਿਸਤਾਨ ਅਤੇ ਖ਼ਾਸ ਕਰਕੇ ਇਸ ਦੇ ਪੂਰਬੀ ਹਿੱਸੇ ‘ਤੇ ਖੋਜ ਕਰਨ ਵਾਲੇ ਕਈ ਪੁਰਾਤੱਤਵ ਵਿਗਿਆਨੀਆਂ ਨੇ ਇਸ ਮੂਰਤੀ ਬਾਰੇ ਲਿਖਿਆ।

ਇਤਿਹਾਸਕਾਰ ਅਤੇ ਪੁਰਾਤੱਤਵ ਵਿਗਿਆਨੀ ਮਧੂਕਰ ਕੇਸ਼ਵ ਢਵਲੀਕਰ ਨੇ ਇਸ ਮੂਰਤੀ ਦਾ ਜ਼ਿਕਰ ਕਰਦੇ ਹੋਏ ਲਿਖਿਆ, “ਇਹ ਮੂਰਤੀ ਇੰਡੋ-ਅਫ਼ਗ਼ਾਨ ਕਲਾ ਦੀ ਮਿਸਾਲ ਹੈ। ਇਸ ਨੂੰ ਘੱਟ ਗੁਣਵੱਤਾ ਵਾਲੇ ਸੰਗਮਰਮਰ ਨਾਲ ਬਣਾਇਆ ਗਿਆ ਹੈ। ਇਸ ਦੀ ਉਚਾਈ 24 ਇੰਚ ਅਤੇ ਚੌੜਾਈ 14 ਇੰਚ ਹੈ।”

ਮੂਰਤੀ ਵਿੱਚ ਦੇਵਤਾ ਨੂੰ ਖੜ੍ਹੇ ਹੋਏ ਦਿਖਾਇਆ ਗਿਆ ਹੈ। ਉਨ੍ਹਾਂ ਦਾ ਸਿਰ ਹਾਥੀ ਦਾ ਹੈ। ਸੁੰਡ ਟੁੱਟੀ ਹੋਈ ਹੈ, ਪਰ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਖੱਬੇ ਪਾਸੇ ਮੁੜੀ ਹੋਈ ਸੀ।

ਦੇਵਤਾ ਦੀਆਂ ਚਾਰ ਬਾਂਹਾਂ ਹਨ, ਪਰ ਉਹ ਵੀ ਟੁੱਟੀਆਂ ਹੋਈਆਂ ਹਨ।

ਲੱਕ ਉੱਤੇ ਬਾਘ ਦੀ ਖੱਲ ਬੰਨ੍ਹੀ ਹੋਈ ਹੈ। ਗਲ ਵਿੱਚ ਸੱਪ ਨੂੰ ਜਨੇਊ ਵਾਂਗ ਪਹਿਨਿਆ ਗਿਆ ਹੈ।

ਮੂਰਤੀ ਦਾ ਢਿੱਡ ਵੱਡਾ ਹੈ। ਇਹ ਗਣਪਤੀ ਦੇ ‘ਲੰਬੋਦਰ’ ਰੂਪ ਨਾਲ ਮਿਲਦਾ ਹੈ।

ਮੂਰਤੀ ਦੀਆਂ ਮਜ਼ਬੂਤ ਬਾਂਹਾਂ ਅਤੇ ਚੌੜੇ ਮੋਢੇ ਇੰਡੋ-ਗ੍ਰੀਕ ਕਲਾ ਦਾ ਪ੍ਰਭਾਵ ਦਿਖਾਉਂਦੇ ਹਨ। ਨਾਲ ਹੀ, ਸਿਰ ਉੱਤੇ ਪਹਿਨਿਆ ਗਿਆ ਮੁਕਟ ਫ਼ਾਰਸੀ, ਯਾਨੀ ਇਰਾਨੀ ਕਲਾ ਨਾਲ ਜੁੜਿਆ ਹੈ। ਇਹ ਅਜਿਹਾ ਮੁਕਟ ਹੈ, ਜਿਸ ਨੂੰ ਰਿਬਨ ਨਾਲ ਬੰਨ੍ਹਿਆ ਜਾਂਦਾ ਸੀ।

ਇਹੀ ਕਾਰਨ ਹੈ ਕਿ ਪੁਰਾਤੱਤਵ ਵਿਗਿਆਨੀ ਅਤੇ ਕਲਾ ਇਤਿਹਾਸਕਾਰ ਇਸ ਮੂਰਤੀ ਨੂੰ ਬਹੁਤ ਮਹੱਤਵਪੂਰਨ ਮੰਨਦੇ ਹਨ।

ਇਹ ਮੂਰਤੀ ਭਾਰਤੀ, ਗਾਂਧਾਰ ਯਾਨੀ ਇੰਡੋ-ਗ੍ਰੀਕ ਅਤੇ ਫ਼ਾਰਸੀ ਸੱਭਿਆਚਾਰਾਂ ਦੇ ਮੇਲ ਦਾ ਪ੍ਰਤੀਕ ਹੈ।

ਕਾਬੁਲ ਦੇ ‘ਮਹਾਵਿਨਾਇਕ’ ਦੀ ਮੂਰਤੀ ਕਿੰਨੀ ਪੁਰਾਣੀ ਹੈ?

ਸਕਰ ਧਰ ਵਿੱਚ ਮਿਲੀ ਗਣੇਸ਼ ਦੀ ਮੂਰਤੀ

ਤਸਵੀਰ ਸਰੋਤ, Archeological Survey of India

ਪਹਿਲਾਂ ਸਮਝੋ ਕਿ ਇਹ ਕਿਵੇਂ ਪਤਾ ਲੱਗਾ ਕਿ ਮੂਰਤੀ ਕਿਸ ਦੇਵਤਾ ਦੀ ਹੈ? ਦਰਅਸਲ, ਮੂਰਤੀ ਦੇ ਹੇਠਲੇ ਹਿੱਸੇ ਵਿੱਚ ਦੋ ਲਾਈਨਾਂ ਦਾ ਇੱਕ ਸ਼ਿਲਾਲੇਖ ਲਿਖਿਆ ਹੈ। ਇਤਿਹਾਸਕਾਰ ਅਤੇ ਸ਼ਿਲਾਲੇਖਾਂ ਦੇ ਮਾਹਿਰ ਡੀਸੀ ਸਰਕਾਰ ਨੇ ਇਸ ਦਾ ਅਧਿਐਨ ਕੀਤਾ ਸੀ।

ਉਨ੍ਹਾਂ ਮੁਤਾਬਕ, ਇਹ ਸ਼ਿਲਾਲੇਖ ਸੰਸਕ੍ਰਿਤ ਭਾਸ਼ਾ ਅਤੇ ਬ੍ਰਾਹਮੀ ਸਿੱਧਮਾਤ੍ਰਿਕਾ ਲਿਪੀ ਵਿੱਚ ਲਿਖਿਆ ਗਿਆ ਹੈ।

ਇਸ ਵਿੱਚ ਵਿਆਕਰਣ ਦੀਆਂ ਕੁਝ ਗ਼ਲਤੀਆਂ ਹਨ। ਤਸਵੀਰਾਂ ਦੇ ਆਧਾਰ ਉੱਤੇ ਇਸ ਦੇ ਕੁਝ ਸ਼ਬਦਾਂ ਦਾ ਮਤਲਬ ਸਮਝਣਾ ਵੀ ਮੁਸ਼ਕਿਲ ਹੈ।

ਹਾਲਾਂਕਿ, ਸ਼ਿਲਾਲੇਖ ਦਾ ਸਾਰ ਕੁਝ ਇਸ ਤਰ੍ਹਾਂ ਹੈ:

“ਮਹਾਰਾਜਾਧਿਰਾਜ ਸ਼ਾਹੀ ਖਿੰਗਲ ਨੇ ਆਪਣੇ ਸ਼ਾਸਨ ਦੇ ਅੱਠਵੇਂ ਸਾਲ ਵਿੱਚ ਮਹਾਜੇਸ਼ਠ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਯੋਦਸ਼ੀ ਨੂੰ ਵਿਸ਼ਾਖਾ ਨਕਸ਼ਤਰ ਅਤੇ ਸਿੰਘ ਲਗਨ ਵਿੱਚ ਇਸ ਮਹਾਵਿਨਾਇਕ ਦੀ ਮੂਰਤੀ ਸਥਾਪਿਤ ਕਰਵਾਈ।”

ਪੁਰਾਤੱਤਵ ਵਿਗਿਆਨੀਆਂ ਵਿਚਕਾਰ ਇਸ ਗੱਲ ਨੂੰ ਲੈਕੇ ਕੋਈ ਇੱਕ ਰਾਇ ਨਹੀਂ ਹੈ ਕਿ ਖਿੰਗਲ ਰਾਜਾ ਆਖ਼ਰ ਕੌਣ ਸੀ।

ਇਸ ਇਲਾਕੇ ਵਿੱਚ ਪੰਜਵੀਂ ਅਤੇ ਛੇਵੀਂ ਸਦੀ ਦੌਰਾਨ ਖਿੰਗਲ ਨਾਮ ਦੇ ਘੱਟੋ-ਘੱਟ ਦੋ ਰਾਜੇ ਹੋਏ ਸਨ। ਇਸ ਦੇ ਸਬੂਤ ਮਿਲੇ ਹਨ। ਉਸ ਸਮੇਂ ਇੱਥੇ ਹੂਣਾਂ ਦਾ ਸ਼ਾਸਨ ਸੀ।

ਮੂਰਤੀ ਬਣਾਉਣ ਦੀ ਕਲਾ ਅਤੇ ਸ਼ਿਲਾਲੇਖ ਦੀ ਲਿਪੀ ਨੂੰ ਦੇਖਦੇ ਹੋਏ ਮਾਹਿਰਾਂ ਨੇ ਅਨੁਮਾਨ ਲਗਾਇਆ ਹੈ ਕਿ ਇਹ ਮੂਰਤੀ ਪੰਜਵੀਂ ਜਾਂ ਛੇਵੀਂ ਸਦੀ ਦੀ ਹੋ ਸਕਦੀ ਹੈ।

ਇਤਿਹਾਸਕਾਰ ਅਤੇ ਪੁਰਾਤੱਤਵ ਵਿਗਿਆਨੀ ਮਧੂਕਰ ਕੇਸ਼ਵ ਢਵਲੀਕਰ ਦੇ ਮੁਤਾਬਕ, ਇਹ ਮੂਰਤੀ ਪੰਜਵੀਂ ਸਦੀ ਦੇ ਆਖ਼ਰੀ ਸਾਲਾਂ ਦੀ ਹੋ ਸਕਦੀ ਹੈ।

ਪਰ ਕਾਬੁਲ ਵਿੱਚ ਪੁਰਾਤੱਤਵ ਵਿਗਿਆਨੀਆਂ ਨੂੰ ਗਣੇਸ਼ ਦੀ ਸਿਰਫ਼ ਇਹੀ ਇੱਕ ਮੂਰਤੀ ਨਹੀਂ ਮਿਲੀ ਸੀ।

ਸਾਲ 1956 ਵਿੱਚ ਜਮ੍ਹਾਂ ਕੀਤੀ ਗਈ ਰਿਪੋਰਟ ਵਿੱਚ ਇੱਕ ਹੋਰ ਮੂਰਤੀ ਦਾ ਜ਼ਿਕਰ ਹੈ।

ਇਹ ਦੂਜੀ ਮੂਰਤੀ ਕਾਬੁਲ ਤੋਂ ਕਰੀਬ 10 ਮੀਲ ਉੱਤਰ ਵਿੱਚ ਸਕਰ ਧਰ (ਇਤਿਹਾਸਕ ਤੌਰ ਉੱਤੇ ਇਸ ਨੂੰ ਸ਼ੰਕਰ ਧਰ ਮੰਨਿਆ ਜਾਂਦਾ ਹੈ) ਨਾਮ ਦੀ ਥਾਂ ਉੱਤੇ ਮਿਲੀ ਸੀ। ਬਾਅਦ ਵਿੱਚ ਇਸ ਨੂੰ ਕਾਬੁਲ ਦੇ ਰਾਸ਼ਟਰੀ ਅਜਾਇਬਘਰ ਵਿੱਚ ਲਿਆਂਦਾ ਗਿਆ ਸੀ।

ਢਵਲੀਕਰ ਨੇ ਅਨੁਮਾਨ ਲਗਾਇਆ ਹੈ ਕਿ ਇਹ ਮੂਰਤੀ ਚੌਥੀ ਸਦੀ ਦੇ ਵਿਚਕਾਰਲੇ ਸਮੇਂ ਦੀ ਹੋ ਸਕਦੀ ਹੈ।

ਕਾਬੁਲ ਦੇ ਗਣਪਤੀ ਨਾਲ ਅੱਗੇ ਕੀ ਹੋਇਆ?

ਸਕਰ ਧਰ ਅਤੇ ਗਾਰਦੇਜ਼ ਵਿੱਚ ਮਿਲੀਆਂ ਗਣੇਸ਼ ਦੀਆਂ ਮੂਰਤੀਆਂ ਦੀ ਕਹਾਣੀ ਪੜ੍ਹਦੇ ਹੋਏ ਮਨ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਇਹ ਮੂਰਤੀਆਂ ਅੱਜ ਕਿੱਥੇ ਹੋਣਗੀਆਂ?

ਬਦਕਿਸਮਤੀ ਨਾਲ ਇਸ ਬਾਰੇ ਕਿਤੇ ਕੋਈ ਪੱਕੀ ਜਾਣਕਾਰੀ ਨਹੀਂ ਮਿਲਦੀ।

ਕੁਝ ਥਾਵਾਂ ਉੱਤੇ ਜ਼ਿਕਰ ਮਿਲਦਾ ਹੈ ਕਿ ਅਫ਼ਗ਼ਾਨਿਸਤਾਨ ਉੱਤੇ ਸੋਵੀਅਤ ਹਮਲੇ ਤੋਂ ਬਾਅਦ ਗਾਰਦੇਜ਼ ਦੀ ਮੂਰਤੀ ਨੂੰ ਕਾਬੁਲ ਦੇ ਰਾਸ਼ਟਰੀ ਅਜਾਇਬਘਰ ਵਿੱਚ ਲਿਜਾਇਆ ਗਿਆ ਸੀ।

ਪਰ ਸਾਲ 1996 ਤੋਂ ਬਾਅਦ ਤਾਲਿਬਾਨ ਦੇ ਸ਼ਾਸਨ ਦੌਰਾਨ ਇਸ ਅਜਾਇਬਘਰ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਗਿਆ।

ਕਈ ਮੂਰਤੀਆਂ ਨਸ਼ਟ ਹੋ ਗਈਆਂ ਜਾਂ ਚੋਰੀ ਕਰ ਲਈਆਂ ਗਈਆਂ। ਇਸ ਲਈ ਹੁਣ ਇਸ ਮੂਰਤੀ ਦੀਆਂ ਸਿਰਫ਼ ਤਸਵੀਰਾਂ ਹੀ ਦੇਖੀਆਂ ਜਾ ਸਕਦੀਆਂ ਹਨ।

ਇਨ੍ਹਾਂ ਮੂਰਤੀਆਂ ਨੂੰ ਗਣਪਤੀ ਦੀਆਂ ਸਭ ਤੋਂ ਪ੍ਰਾਚੀਨ ਮੂਰਤੀਆਂ ਅਤੇ ਤਸਵੀਰਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

ਅੱਜ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਣਪਤੀ ਦੇ ਜਿਸ ਰੂਪ ਦੀ ਪੂਜਾ ਹੁੰਦੀ ਹੈ, ਇਹ ਮੂਰਤੀਆਂ ਉਸ ਤੋਂ ਕੁਝ ਵੱਖਰੀਆਂ ਦਿਖਾਈ ਦੇ ਸਕਦੀਆਂ ਹਨ।

ਅਜਿਹੇ ਵਿੱਚ ਇੱਕ ਸਵਾਲ ਉੱਠਦਾ ਹੈ ਕਿ ਕੀ ਗਣਪਤੀ ਭਾਰਤ ਤੋਂ ਉੱਥੇ ਪਹੁੰਚੇ ਸਨ ਜਾਂ ਗਣੇਸ਼ ਦੀ ਪੂਜਾ ਕਰਨ ਦੀ ਪਰੰਪਰਾ ਉੱਥੋਂ ਭਾਰਤ ਆਈ ਸੀ?

ਗਣਪਤੀ ਦੀ ਪੂਜਾ ਕਿੱਥੇ ਸ਼ੁਰੂ ਹੋਈ, ਇਸ ਦਾ ਕੋਈ ਪੱਕਾ ਜਵਾਬ ਨਹੀਂ ਦਿੱਤਾ ਜਾ ਸਕਦਾ।

ਪਰ ਸਮੇਂ ਦੇ ਨਾਲ ਉਨ੍ਹਾਂ ਦੀ ਪੂਜਾ ਅਤੇ ਰੂਪ ਵਿੱਚ ਕਿਵੇਂ ਬਦਲਾਅ ਆਇਆ, ਇਸ ਦੇ ਕੁਝ ਸੰਕੇਤ ਧਾਰਮਿਕ ਗ੍ਰੰਥਾਂ ਵਿੱਚ ਮਿਲਦੇ ਹਨ।

ਗਣਪਤੀ ਦਾ ਰੂਪ ਕਿਵੇਂ ਬਦਲਦਾ ਗਿਆ?

ਕਾਬੁਲ ਦਾ ਰਾਸ਼ਟਰੀ ਅਜਾਇਬਘਰ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇੱਥੇ ਰੱਖੀਆਂ ਚੀਜ਼ਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਜਤਾਈ ਜਾਂਦੀ ਰਹੀ ਹੈ

ਤਸਵੀਰ ਸਰੋਤ, Getty Images

ਗਣਪਤੀ ਦੀ ਆਰਤੀ ਤੋਂ ਬਾਅਦ ਜੋ ਮੰਤਰ ਪੜ੍ਹੇ ਜਾਂਦੇ ਹਨ, ਉਨ੍ਹਾਂ ਵਿੱਚ ਰਿਗਵੇਦ ਦੀਆਂ ਕੁਝ ਰਿਚਾਵਾਂ ਸ਼ਾਮਿਲ ਹਨ।

ਆਮ ਤੌਰ ਉੱਤੇ ਸਭ ਤੋਂ ਪਹਿਲਾਂ ਪੜ੍ਹੇ ਜਾਣ ਵਾਲੇ ਮੰਤਰ ਵਿੱਚ ਗਣਪਤੀ ਦਾ ਨਾਮ ਆਉਂਦਾ ਹੈ।

ਤੁਸੀਂ ਵੀ ਕਦੇ ਨਾ ਕਦੇ ਇਹ ਮੰਤਰ ਸੁਣਿਆ ਹੋਵੇਗਾ, “ਗਣਾਨਾਂ ਤਵਾਂ ਗਣਪਤਿਂ ਹਵਾਮਹੇ।”

ਪਰ ਰਿਗਵੇਦ ਵਿੱਚ ਜਿਸ ਗਣਪਤੀ ਦਾ ਜ਼ਿਕਰ ਹੋਇਆ ਹੈ, ਉਹ ਹਾਥੀ ਦੇ ਸਿਰ ਵਾਲੇ ਅੱਜ ਦੇ ਗਜਾਨਨ ਨਹੀਂ ਹਨ। ਉੱਥੇ ਗਣਪਤੀ ਦਾ ਮਤਲਬ ਬ੍ਰਿਹਸਪਤਿ ਦੇਵਤਾ ਤੋਂ ਹੈ।

ਰਿਗਵੇਦ ਵਿੱਚ ਮੁੱਖ ਤੌਰ ਉੱਤੇ ਕੁਬੇਰ, ਇੰਦਰ ਅਤੇ ਅਗਨੀ ਵਰਗੇ ਦੇਵਤਿਆਂ ਦਾ ਵਰਣਨ ਮਿਲਦਾ ਹੈ।

ਈਸਾ ਪੂਰਵ ਪੰਜਵੀਂ ਸਦੀ ਵਿੱਚ ਧਾਰਮਿਕ ਵਿਧੀਆਂ ਬਾਰੇ ‘ਮਾਨਵਗ੍ਰਿਹਸੂਤਰ’ ਨਾਮ ਦਾ ਗ੍ਰੰਥ ਲਿਖਿਆ ਗਿਆ ਸੀ।

ਇਸ ਵਿੱਚ ਚਾਰ ਵਿਨਾਇਕਾਂ ਦਾ ਜ਼ਿਕਰ ਹੈ। ਇਨ੍ਹਾਂ ਦੇ ਨਾਮ ਹਸਤਿਮੁਖ, ਵਕ੍ਰਤੁੰਡ, ਦੰਤਿਨ ਅਤੇ ਲੰਬੋਦਰ ਹਨ।

ਕਈ ਜਾਣਕਾਰਾਂ ਦਾ ਅਨੁਮਾਨ ਹੈ ਕਿ ਅੱਗੇ ਚੱਲ ਕੇ ਇਨ੍ਹਾਂ ਚਾਰਾਂ ਵਿਨਾਇਕਾਂ ਦੇ ਰੂਪ ਇੱਕ ਵਿਨਾਇਕ ਵਿੱਚ ਮਿਲ ਗਏ।

ਮਾਹਿਰ ਇਹ ਵੀ ਦੱਸਦੇ ਹਨ ਕਿ ਸਮੇਂ ਦੇ ਨਾਲ ਗਣਪਤੀ ਦੇ ਵਰਣਨ ਅਤੇ ਗੁਣਾਂ ਵਿੱਚ ਬਦਲਾਅ ਆਉਂਦਾ ਗਿਆ।

ਹੌਲੀ-ਹੌਲੀ ਬਦਲਿਆ ਗਣਪਤੀ ਦਾ ਰੂਪ

ਦੇਵਦੱਤ ਪਟਨਾਇਕ
ਲੇਖਕ ਅਤੇ ਪੌਰਾਣਿਕ ਕਥਾਵਾਂ ਦੇ ਜਾਣਕਾਰ 
(ਆਪਣੀ ਕਿਤਾਬ '99 ਥਾਟਸ ਔਨ ਗਣੇਸ਼' ਵਿੱਚ)

ਪੁਰਾਤੱਤਵ ਵਿਗਿਆਨੀ ਅਤੇ ਮਾਨਵ ਵਿਗਿਆਨ ਦੇ ਜਾਣਕਾਰ ਕੁਰੁਸ਼ ਐੱਫ. ਦਲਾਲ ਕਹਿੰਦੇ ਹਨ, “ਸ਼ੁਰੂਆਤ ਵਿੱਚ ਗਣਪਤੀ ਵਿਘਨਹਰਤਾ ਯਾਨੀ ਮੁਸ਼ਕਿਲਾਂ ਦੂਰ ਕਰਨ ਵਾਲੇ ਦੇਵਤਾ ਨਹੀਂ ਸਨ। ਉਨ੍ਹਾਂ ਨੂੰ ਵਿਘਨਕਰਤਾ ਯਾਨੀ ਮੁਸ਼ਕਿਲਾਂ ਪੈਦਾ ਕਰਨ ਵਾਲਾ ਮੰਨਿਆ ਜਾਂਦਾ ਸੀ।”

“ਮਾਨਤਾ ਸੀ ਕਿ ਜੇ ਤੁਸੀਂ ਉਨ੍ਹਾਂ ਨੂੰ ਮਹੱਤਵ ਨਹੀਂ ਦਿੱਤਾ ਤਾਂ ਉਹ ਤੁਹਾਡੇ ਰਸਤੇ ਵਿੱਚ ਔਕੜਾਂ ਖੜ੍ਹੀਆਂ ਕਰ ਦੇਣਗੇ। ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਸੰਨ ਕਰਨਾ ਜ਼ਰੂਰੀ ਸੀ।”

“ਪਰ ਸਮੇਂ ਦੇ ਨਾਲ ਹੌਲੀ-ਹੌਲੀ ਗਣਪਤੀ ਦਾ ਰੂਪ ਬਦਲਦਾ ਗਿਆ।”

ਲੇਖਕ ਅਤੇ ਪੌਰਾਣਿਕ ਕਥਾਵਾਂ ਦੇ ਜਾਣਕਾਰ ਦੇਵਦੱਤ ਪਟਨਾਇਕ ਨੇ ਆਪਣੀ ਕਿਤਾਬ ’99 ਥਾਟਸ ਔਨ ਗਣੇਸ਼’ ਵਿੱਚ ਗਣਪਤੀ ਦੇ ਰੂਪ ਅਤੇ ਉਨ੍ਹਾਂ ਦੀ ਪੂਜਾ ਦੇ ਤਰੀਕਿਆਂ ਵਿੱਚ ਆਈਆਂ ਤਬਦੀਲੀਆਂ ਬਾਰੇ ਲਿਖਿਆ ਹੈ।

ਪਟਨਾਇਕ ਦੱਸਦੇ ਹਨ ਕਿ ਪਹਿਲਾਂ ਹਿੰਦੂ ਲੋਕ ਯੱਗ ਕਰਦੇ ਸਨ। ਮੰਤਰ ਪੜ੍ਹ ਕੇ ਦੇਵਤਿਆਂ ਨੂੰ ਬੁਲਾਇਆ ਜਾਂਦਾ ਸੀ ਅਤੇ ਅੱਗ ਵਿੱਚ ਹਵਨ ਸਮੱਗਰੀ ਚੜ੍ਹਾਈ ਜਾਂਦੀ ਸੀ।

ਪਰ ਹੌਲੀ-ਹੌਲੀ ਪੂਜਾ ਦਾ ਇੱਕ ਨਵਾਂ ਤਰੀਕਾ ਆਮ ਲੋਕਾਂ ਵਿੱਚ ਲੋਕਪ੍ਰਿਯ ਹੋਇਆ। ਲੋਕ ਮੂਰਤੀਆਂ ਦੀ ਪੂਜਾ ਕਰਨ ਲੱਗੇ।

ਪਟਨਾਇਕ ਲਿਖਦੇ ਹਨ, “ਈਸਾ ਪੂਰਵ 326 ਵਿੱਚ ਅਲੈਕਜ਼ੈਂਡਰ ਯਾਨੀ ਸਿਕੰਦਰ ਨੇ ਭਾਰਤ ਉੱਤੇ ਹਮਲਾ ਕੀਤਾ। ਇਸ ਤੋਂ ਕੁਝ ਸਾਲ ਬਾਅਦ ਮੌਰਿਆ ਸਾਮਰਾਜ ਦਾ ਦੇਸ਼ ਦੇ ਵੱਡੇ ਹਿੱਸੇ ਵਿੱਚ ਫੈਲਾਅ ਹੋਇਆ।”

“ਉਸ ਸਮੇਂ ਦੇ ਕਈ ਇੰਡੋ-ਗ੍ਰੀਕ ਸਿੱਕਿਆਂ ਉੱਤੇ ਹਾਥੀ ਜਾਂ ਹਾਥੀ ਵਰਗੀਆਂ ਆਕ੍ਰਿਤੀਆਂ ਬਣੀਆਂ ਹੋਈਆਂ ਦਿਖਾਈ ਦਿੰਦੀਆਂ ਹਨ।”

“ਇਸੇ ਕਾਰਨ ਕਈ ਲੋਕਾਂ ਦਾ ਮੰਨਣਾ ਹੈ ਕਿ ਯੂਨਾਨੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਗਣੇਸ਼ ਦੀ ਮੂਰਤੀ ਦਾ ਰੂਪ ਬਣਿਆ ਹੋਵੇਗਾ।”

ਪਟਨਾਇਕ ਅੱਗੇ ਲਿਖਦੇ ਹਨ ਕਿ ਭਾਰਤ ਆਉਣ ਤੋਂ ਪਹਿਲਾਂ ਯੂਨਾਨੀਆਂ ਨੇ ਮਿਸਰ ਉੱਤੇ ਕਬਜ਼ਾ ਕੀਤਾ ਸੀ।

ਮਿਸਰ ਵਿੱਚ ਅਜਿਹੇ ਕਈ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਮਿਲਦੀਆਂ ਹਨ, ਜਿਨ੍ਹਾਂ ਦਾ ਸਰੀਰ ਇਨਸਾਨ ਵਰਗਾ ਅਤੇ ਕੋਈ ਹਿੱਸਾ ਜਾਨਵਰ ਵਰਗਾ ਦਿਖਾਇਆ ਗਿਆ ਹੈ।

ਹੋ ਸਕਦਾ ਹੈ ਕਿ ਇਨ੍ਹਾਂ ਵੱਖ-ਵੱਖ ਸੱਭਿਆਚਾਰਾਂ ਦੇ ਮਿਲੇ-ਜੁਲੇ ਪ੍ਰਭਾਵ ਨਾਲ ਹਾਥੀ ਦੇ ਸਿਰ ਵਾਲੇ ਦੇਵਤਾ ਦੀ ਪੂਜਾ ਸ਼ੁਰੂ ਹੋਈ ਹੋਵੇ।

ਉਹ ਲਿਖਦੇ ਹਨ, “ਅੱਗੇ ਚੱਲ ਕੇ ਰੋਮਨ ਸਾਮਰਾਜ ਦੇ ਸਮੇਂ ਵਪਾਰ ਦੇ ਚੱਲਦਿਆਂ ਰੋਮਨ ਲੋਕ ਵੀ ਭਾਰਤ ਦੇ ਸੰਪਰਕ ਵਿੱਚ ਆਏ।”

“ਰੋਮਨ ਦੇਵਤਾ ਜਾਨਸ ਅਤੇ ਗਣਪਤੀ ਦੇ ਗੁਣਾਂ ਵਿੱਚ ਵੀ ਕਾਫ਼ੀ ਸਮਾਨਤਾ ਹੈ। ਦੋਵਾਂ ਨੂੰ ਰੁਕਾਵਟਾਂ ਅਤੇ ਬਦਲਾਅ ਨਾਲ ਜੋੜ ਕੇ ਦੇਖਿਆ ਜਾਂਦਾ ਹੈ।”

ਪਟਨਾਇਕ ਕਹਿੰਦੇ ਹਨ, “ਅਸੀਂ ਸਿਰਫ਼ ਅਨੁਮਾਨ ਹੀ ਲਗਾ ਸਕਦੇ ਹਾਂ ਕਿ ਯੂਨਾਨੀ, ਰੋਮਨ ਅਤੇ ਮਿਸਰ ਦੇ ਦੇਵੀ-ਦੇਵਤਿਆਂ ਦਾ ਭਾਰਤੀ ਵਿਚਾਰਾਂ ਅਤੇ ਗਣੇਸ਼ ਦੀ ਕਲਪਨਾ ਉੱਤੇ ਕੋਈ ਪ੍ਰਭਾਵ ਪਿਆ ਸੀ ਜਾਂ ਨਹੀਂ।”

ਦੇਵਦੱਤ ਪਟਨਾਇਕ
ਲੇਖਕ ਅਤੇ ਪੌਰਾਣਿਕ ਕਥਾਵਾਂ ਦੇ ਜਾਣਕਾਰ 
(ਆਪਣੀ ਕਿਤਾਬ '99 ਥਾਟਸ ਔਨ ਗਣੇਸ਼' ਵਿੱਚ)

ਅੱਠਵੀਂ ਸਦੀ ਵਿੱਚ ਸ਼ੰਕਰਾਚਾਰੀਆ ਦੇ ਸਮੇਂ ਹਿੰਦੂ ਧਰਮ ਵਿੱਚ ਕਈ ਬਦਲਾਅ ਹੋਏ।

ਇਸ ਦੌਰਾਨ ਸ਼ਿਵ, ਸ਼ਕਤੀ, ਵੈਸ਼ਣਵ, ਸੂਰਜ ਅਤੇ ਗਣੇਸ਼ ਨਾਲ ਜੁੜੇ ਪੰਜ ਸੰਪਰਦਾਵਾਂ ਦਾ ਪ੍ਰਭਾਵ ਦਿਖਾਈ ਦੇਣ ਲੱਗਾ।

10ਵੀਂ ਸਦੀ ਤੋਂ ਬਾਅਦ ਗਣਪਤੀ ਨੂੰ ਮੁੱਖ ਦੇਵ ਮੰਨਣ ਵਾਲੇ ਗਣਪਤਯ ਸੰਪਰਦਾਇ ਦਾ ਪ੍ਰਸਾਰ ਵਧਿਆ।

ਕੁਰੁਸ਼ ਦਲਾਲ ਦੱਸਦੇ ਹਨ ਕਿ ਖ਼ਾਸ ਕਰਕੇ ਪੱਛਮੀ ਅਤੇ ਦੱਖਣੀ ਭਾਰਤ ਵਿੱਚ ਗਣਪਤੀ ਦੇ ਮੰਦਰ ਬਣਨ ਲੱਗੇ। ਇਸ ਦੇ ਨਾਲ ਹੀ ਇਸ ਦੇਵਤਾ ਦਾ ਰੂਪ ਵੀ ਬਦਲਦਾ ਗਿਆ।

ਉਹ ਕਹਿੰਦੇ ਹਨ, “ਗਣਪਤੀ ਸਾਤਵਿਕ ਵੀ ਹੋ ਗਏ। ਮਹਾਰਾਸ਼ਟਰ ਵਿੱਚ ਉਹ ਪੇਸ਼ਵਿਆਂ ਅਤੇ ਬ੍ਰਾਹਮਣਾਂ ਦੇ ਪ੍ਰਮੁੱਖ ਦੇਵਤਾ ਬਣੇ। ਸ਼ਿਵ ਅਤੇ ਪਾਰਵਤੀ ਦੇ ਪੁੱਤਰ ਗਣਪਤੀ ਸ਼ਾਕਾਹਾਰੀ ਵੀ ਹੋ ਗਏ।”

ਗਣਪਤੀ ਅਤੇ ਸੱਭਿਆਚਾਰਾਂ ਦਾ ਮੇਲ

ਬੌਧ ਧਰਮ ਦੇ ਕੁਝ ਸੰਪਰਦਾਵਾਂ ਵਿੱਚ ਵੀ ਵਿਨਾਇਕ ਦਾ ਜ਼ਿਕਰ ਮਿਲਦਾ ਹੈ।

ਖ਼ਾਸ ਕਰਕੇ ਤਿੱਬਤ ਦੇ ਵਜ੍ਰਯਾਨ ਬੌਧ ਸੰਪਰਦਾ ਵਿੱਚ ਵਿਨਾਇਕ ਨੂੰ ਮੁਸ਼ਕਿਲਾਂ ਪੈਦਾ ਕਰਨ ਵਾਲਾ ਮੰਨਿਆ ਗਿਆ ਹੈ।

ਅਜਿਹੀਆਂ ਕਹਾਣੀਆਂ ਵੀ ਮਿਲਦੀਆਂ ਹਨ, ਜਿਨ੍ਹਾਂ ਵਿੱਚ ਬੋਧਿਸਤਵ ਅਵਲੋਕਿਤੇਸ਼ਵਰ ਨੇ ਵਿਨਾਇਕ ਉੱਤੇ ਜਿੱਤ ਹਾਸਿਲ ਕੀਤੀ।

ਬੌਧ ਧਰਮ ਦੇ ਨਾਲ ਇਹ ਦੇਵਤਾ ਪੂਰਬੀ ਦੇਸ਼ਾਂ ਤੱਕ ਪਹੁੰਚਿਆ। ਇੱਥੋਂ ਤੱਕ ਕਿ ਜਾਪਾਨ ਵਿੱਚ ਵੀ ਗਣਪਤੀ ਦੀ ਪੂਜਾ ਹੋਣ ਲੱਗੀ।

ਗਣੇਸ਼ ਦੇ ਰੂਪ ਵਿੱਚ ਵੱਖ-ਵੱਖ ਸੱਭਿਆਚਾਰਾਂ ਦਾ ਇਹ ਮੇਲ ਜਾਣਕਾਰਾਂ ਨੂੰ ਬਹੁਤ ਮਹੱਤਵਪੂਰਨ ਲੱਗਦਾ ਹੈ।

ਇਸ ਬਾਰੇ ਅਸੀਂ ਇਤਿਹਾਸ ਦੇ ਜਾਣਕਾਰ ਆਨੰਦ ਕਾਨਿਟਕਰ ਨਾਲ ਗੱਲ ਕੀਤੀ।

ਕਾਨਿਟਕਰ, ਪ੍ਰਦਾਇ ਹੈਰੀਟੇਜ ਮੈਨੇਜਮੈਂਟ ਸਰਵਿਸਿਜ਼ ਦੇ ਨਿਰਦੇਸ਼ਕ ਹਨ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਦੇ ਬਾਮਿਆਨ ਅਤੇ ਹੇਰਾਤ ਵਿੱਚ ਯੂਨੇਸਕੋ ਦੀਆਂ ਪਰਿਯੋਜਨਾਵਾਂ ਉੱਤੇ ਵੀ ਕੰਮ ਕੀਤਾ ਹੈ।

ਉਹ ਕਹਿੰਦੇ ਹਨ, “ਭਾਰਤ ਦੇ ਇਤਿਹਾਸ ਨੂੰ ਦੇਖਦੇ ਸਮੇਂ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਸਮੇਂ ਅੱਜ ਵਰਗੀਆਂ ਸਰਹੱਦਾਂ ਨਹੀਂ ਸਨ।”

“ਮਗਧ ਤੋਂ ਗਾਂਧਾਰ ਦੀ ਤਕਸ਼ਸ਼ਿਲਾ ਤੱਕ ਦਾ ਇਲਾਕਾ ਪਹਿਲਾਂ ਤੋਂ ਹੀ ਵਪਾਰਕ ਰਸਤਿਆਂ ਰਾਹੀਂ ਜੁੜਿਆ ਹੋਇਆ ਸੀ।”

“ਗਾਂਧਾਰ ਤੋਂ ਉੱਤਰੀ ਅਫ਼ਗ਼ਾਨਿਸਤਾਨ ਦੇ ਬਲਖ਼ ਤੱਕ ਦਾ ਇਲਾਕਾ ਵੀ ਵਪਾਰਕ ਰਸਤਿਆਂ ਨਾਲ ਜੁੜਿਆ ਹੋਇਆ ਸੀ।”

“ਕਈ ਵਾਰ ਇਹ ਸਾਰੇ ਇਲਾਕੇ ਇੱਕੋ ਸ਼ਾਸਨ ਦੇ ਅਧੀਨ ਵੀ ਰਹੇ। ਇਸ ਲਈ ਉੱਥੇ ਭਾਰਤੀ ਸੱਭਿਆਚਾਰ ਦੇ ਨਿਸ਼ਾਨ ਮਿਲਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ।”

ਕਾਨਿਟਕਰ ਇਸ ਗੱਲ ‘ਤੇ ਵੀ ਧਿਆਨ ਦਿਵਾਉਂਦੇ ਹਨ ਕਿ ਬਲਖ਼ ਤੋਂ ਪਾਟਲੀਪੁੱਤਰ ਤੱਕ ਸ਼ਾਸਨ ਕਰਨ ਵਾਲੇ ਕੁਸ਼ਾਣ ਰਾਜਿਆਂ ਦੇ ਸਿੱਕਿਆਂ ਉੱਤੇ ਈਰਾਨੀ, ਭਾਰਤੀ ਅਤੇ ਯੂਨਾਨੀ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਮਿਲਦੀਆਂ ਹਨ।

ਉਹ ਕਹਿੰਦੇ ਹਨ, “ਪ੍ਰਾਚੀਨ ਇਤਿਹਾਸ ਨੂੰ ਦੇਖਣ ਉੱਤੇ ਪਤਾ ਲੱਗਦਾ ਹੈ ਕਿ ਕੋਈ ਵੀ ਚੀਜ਼ ਪੂਰੀ ਤਰ੍ਹਾਂ ਵੱਖ-ਵੱਖ ਅਤੇ ਬੰਦ ਹਿੱਸਿਆਂ ਵਿੱਚ ਨਹੀਂ ਵੰਡੀ ਹੋਈ ਸੀ।”

“ਅਫ਼ਗ਼ਾਨਿਸਤਾਨ ਵਿੱਚ ਪੱਛਮ ਤੋਂ ਆਉਣ ਵਾਲਾ ਈਰਾਨੀ ਸੱਭਿਆਚਾਰ, ਸਥਾਨਕ ਯੂਨਾਨੀ ਰਾਜਿਆਂ ਦਾ ਯੂਨਾਨੀ ਸੱਭਿਆਚਾਰ, ਉੱਤਰ ਤੋਂ ਆਉਣ ਵਾਲਾ ਮੱਧ ਏਸ਼ੀਆਈ ਸੱਭਿਆਚਾਰ ਅਤੇ ਦੱਖਣ-ਪੂਰਬ ਤੋਂ ਆਉਣ ਵਾਲਾ ਭਾਰਤੀ ਸੱਭਿਆਚਾਰ, ਆਪਸ ਵਿੱਚ ਮਿਲੇ।”

“ਇਸੇ ਕਾਰਨ ਗਾਰਦੇਜ਼ ਦੀ ਇਸ ਗਣੇਸ਼ ਮੂਰਤੀ ਉੱਤੇ ਯੂਨਾਨੀ ਅਤੇ ਈਰਾਨੀ ਕਲਾ ਦਾ ਪ੍ਰਭਾਵ ਦਿਖਾਈ ਦਿੰਦਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI