Source :- BBC PUNJABI
ਤਸਵੀਰ ਸਰੋਤ, Getty Images
ਬ੍ਰਿਟੇਨ ਦੇ ਮਰਹੂਮ ਪ੍ਰਿੰਸੇਸ ਡਾਇਨਾ ਦੇ ਭਰਾ ਨੇ ਬੀਬੀਸੀ ਨਾਲ ਇੱਕ ਖ਼ਾਸ ਗੱਲਬਾਤ ਵਿੱਚ ਕਿਹਾ ਹੈ ਕਿ ਆਪਣੀ ਭੈਣ ਦੀ ਮੌਤ ਤੋਂ ਕੁਝ ਦਿਨਾਂ ਬਾਅਦ, ਕਿੰਗ ਚਾਰਲਸ ਨਾਲ ਹੋਈ ਫ਼ੋਨ ‘ਤੇ ਗੱਲਬਾਤ ਨੂੰ ਲੈ ਕੇ ਉਹ ‘ਸੱਚ ਬੋਲ ਰਹੇ ਹਨ’।
ਪ੍ਰਿੰਸੇਸ ਡਾਇਨਾ ਦੇ ਭਰਾ ਅਰਲ ਸਪੈਂਸਰ ਨੇ ਆਪਣੀ ਨਵੀਂ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਉਸ ਸਮੇਂ ਦੇ ‘ਪ੍ਰਿੰਸ ਆਫ਼ ਵੇਲਜ਼’ ਚਾਰਲਸ ਨੇ ਡਾਇਨਾ ਦੇ ਅੰਤਿਮ ਸੰਸਕਾਰ ਵਿੱਚ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਦੇ ਸ਼ਾਮਿਲ ਹੋਣ ਨੂੰ ਲੈਕੇ ਹੋਈ ਬਹਿਸ ਦੌਰਾਨ ਕਿਹਾ ਸੀ, “ਅਸੀਂ ਜਲਦ ਹੀ ਉਸ ਨੂੰ ਭੁੱਲ ਜਾਵਾਂਗੇ।”
ਬਕਿੰਘਮ ਪੈਲੇਸ ਨੇ ਇਸ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ, “ਕਿੰਗ ਇਸ ਗੱਲ ਤੋਂ ਵਾਕਿਫ਼ ਹਨ ਕਿ ਭੈਣ ਜਾਂ ਭਰਾ ਦੀ ਮੌਤ ਦਾ ਦੁੱਖ ਤਰਕ ਸ਼ਕਤੀ ‘ਤੇ ਭਾਰੀ ਪੈਂਦਾ ਹੈ।”
“ਇਸ ਦਾ ਫ਼ੈਸਲੇ ਲੈਣ ਦੀ ਸਮਰੱਥਾ ‘ਤੇ ਅਸਰ ਪੈਂਦਾ ਹੈ। ਇਹ ਯਾਦਾਂ ਨੂੰ ਇਸ ਹੱਦ ਤੱਕ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨੂੰ ਹੋਰ ਲੋਕ ਕਈ ਸਾਲਾਂ ਬਾਅਦ ਵੀ ਸਮਝ ਨਹੀਂ ਪਾਉਂਦੇ।”
ਹਾਲਾਂਕਿ ਆਪਣੇ ਪਹਿਲੇ ਇੰਟਰਵਿਊ ਵਿੱਚ ਅਰਲ ਸਪੈਂਸਰ ਨੇ ਕਿਹਾ, “ਮੈਂ ਤੁਹਾਨੂੰ ਹੁਣ ਅਤੇ ਇੱਥੇ ਦੱਸ ਸਕਦਾ ਹਾਂ ਕਿ ਉਨ੍ਹਾਂ ਨੇ ਬਿਲਕੁਲ ਇਹੀ ਸ਼ਬਦ ਕਹੇ ਸਨ।”
ਕਦੇ-ਕਦਾਈਂ ਆਉਣ ਵਾਲੇ ਪੈਲੇਸ ਦੇ ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਅਰਲ ਸਪੈਂਸਰ ਨੇ ਕਿਹਾ, “ਤਾਂ ਕੀ ਉਹ ਗੁੱਸੇ ਹਨ? ਕੀ ਉਹ ਬਹੁਤ ਨਾਰਾਜ਼ ਹਨ ਜਾਂ ਉਨ੍ਹਾਂ ਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ?”
ਆਪਣੇ ਅਲਥੌਰਪ ਐਸਟੇਟ ਵਿੱਚ ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ, “ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਪ੍ਰਿੰਸ ਚਾਰਲਸ ਨਾਲ ਫ਼ੋਨ ‘ਤੇ ਸਿਰਫ਼ ਦੋ ਵਾਰ ਗੱਲ ਕੀਤੀ ਹੈ।”
ਉਨ੍ਹਾਂ ਕਿਹਾ, “ਮੈਂ ਉਨ੍ਹਾਂ ਵੱਲੋਂ ਕਹੀ ਹਰ ਗੱਲ ਨੂੰ ਲੈ ਕੇ ਬੇਹੱਦ ਸੁਚੇਤ ਸੀ ਅਤੇ ਉਨ੍ਹਾਂ ਨੇ ਠੀਕ ਇਹੀ ਸ਼ਬਦ ਕਹੇ ਸਨ। ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ ਕਿ ਉਨ੍ਹਾਂ ਨੇ ਬਿਲਕੁਲ ਇਹੀ ਕਿਹਾ ਸੀ। ਮੈਂ ਤਾਂ ਇਹ ਨਹੀਂ ਸੁਣ ਪਾ ਰਿਹਾ ਹਾਂ ਕਿ ਉਨ੍ਹਾਂ ਨੇ ਅਜਿਹਾ ਨਹੀਂ ਕਿਹਾ ਸੀ।”
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਦਾਅਵੇ ਦੇ ਸਮਰਥਨ ਵਿੱਚ ਉਨ੍ਹਾਂ ਕੋਲ ਕੋਈ ਸਬੂਤ ਹੈ ਜਾਂ ਨਹੀਂ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਪਰਿਵਾਰ ਅਤੇ ਦੋਸਤਾਂ ਨੂੰ ਦੱਸਿਆ ਸੀ ਕਿ ਕੀ ਕਿਹਾ ਗਿਆ ਸੀ, “ਕਿਉਂਕਿ ਉਹ ਗੱਲ ਇੰਨੀ ਭਿਆਨਕ ਸੀ।”
‘ਅਸੀਂ ਉਸ ਨੂੰ ਜਲਦ ਹੀ ਭੁੱਲ ਜਾਵਾਂਗੇ’

ਪੈਲੇਸ ਵੱਲੋਂ ਉਨ੍ਹਾਂ ਦੀ ਗੱਲ ‘ਤੇ ਸਵਾਲ ਚੁੱਕੇ ਜਾਣ ਦੇ ਜਵਾਬ ਵਿੱਚ ਅਰਲ ਸਪੈਂਸਰ ਨੇ ਕਿਹਾ, “ਉਨ੍ਹਾਂ ਨੇ ਉਸ ਯਾਦ ਨੂੰ ਥੋੜ੍ਹਾ ਧੁੰਦਲਾ ਕਰ ਦਿੱਤਾ ਹੈ, ਹੈ ਨਾ? ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦੀਆਂ ਯਾਦਾਂ ਵੱਖ-ਵੱਖ ਹੋ ਸਕਦੀਆਂ ਹਨ।”
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਨਤਾ ਨੂੰ ਕਿਸ ਦੀ ਗੱਲ ‘ਤੇ ਭਰੋਸਾ ਕਰਨਾ ਚਾਹੀਦਾ ਹੈ, ਤਾਂ ਉਨ੍ਹਾਂ ਨੇ ਕਿਹਾ, “ਮੈਂ ਸੱਚ ਬੋਲ ਰਿਹਾ ਹਾਂ।”
ਬਕਿੰਘਮ ਪੈਲੇਸ ਨੇ ਅਰਲ ਸਪੈਂਸਰ ਦੀਆਂ ਤਾਜ਼ਾ ਟਿੱਪਣੀਆਂ ‘ਤੇ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਇਨ੍ਹਾਂ ਟਿੱਪਣੀਆਂ ਨਾਲ ਪੈਲੇਸ ਅਤੇ ਕਿੰਗ ਦੇ ਸਾਬਕਾ ਸਾਲ਼ੇ ਵਿਚਕਾਰ ਚੱਲ ਰਹੇ ਇਲਜ਼ਾਮਾਂ ਦੇ ਸਿਲਸਿਲੇ ‘ਤੇ ਇੱਕ ਵਾਰ ਫਿਰ ਸਭ ਦਾ ਧਿਆਨ ਜਾ ਸਕਦਾ ਹੈ।
‘ਡੇਲੀ ਮੇਲ’ ਵਿੱਚ ਛਪੀ ਆਪਣੀ ਕਿਤਾਬ ਦੇ ਅੰਸ਼ਾਂ ਮੁਤਾਬਕ ਅਰਲ ਸਪੈਂਸਰ ਨੇ ਦਾਅਵਾ ਕੀਤਾ ਹੈ ਕਿ ‘ਇਹ ਫ਼ੋਨ ਕਾਲ ਉਸ ਸਮੇਂ ਹੋਈ ਸੀ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਡਾਇਨਾ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਦੋਵੇਂ ਨਿੱਕੇ ਪੁੱਤਰ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਜਾਣ।’
ਬੀਬੀਸੀ ਦੇ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, “ਕਿੰਗ ਬਹੁਤ ਭੜਕ ਗਏ ਅਤੇ ਕੁਝ ਦੇਰ ਤੱਕ ਗੁੱਸੇ ਵਿੱਚ ਬੋਲਦੇ ਰਹੇ।”
ਉਨ੍ਹਾਂ ਮੁਤਾਬਕ, ਕਿੰਗ ਚਾਰਲਸ ਨੇ ਉਨ੍ਹਾਂ ਦੇ ਪਰਿਵਾਰ ‘ਤੇ ਇਹ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਵਿੱਚ ਫ਼ਰਜ਼ ਨਿਭਾਉਣ ਦੀ ਉਚਿਤ ਭਾਵਨਾ ਨਹੀਂ ਹੈ।
ਅਰਲ ਸਪੈਂਸਰ ਨੇ ਕਿਹਾ, “ਫਿਰ ਉਹ ਅਚਾਨਕ ਰੁਕ ਗਏ ਅਤੇ ਮੈਂ ਸੋਚਿਆ, ਹੁਣ ਉਹ ਖੁਦ ਨੂੰ ਸੰਭਾਲਣਗੇ ਅਤੇ ਕੁਝ ਹੋਰ ਉਚਿਤ ਗੱਲ ਕਹਿਣਗੇ।”
“ਪਰ ਫਿਰ ਉਨ੍ਹਾਂ ਨੇ ਕਿਹਾ, ‘ਅਸੀਂ ਉਸ ਨੂੰ ਜਲਦ ਹੀ ਭੁੱਲ ਜਾਵਾਂਗੇ।'”
ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਉਨ੍ਹਾਂ ਦੇ ਮਨ ਵਿੱਚ ਕੀ ਚੱਲ ਰਿਹਾ ਸੀ, ਇਹ ਉਹ ਠੀਕ-ਠੀਕ ਨਹੀਂ ਦੱਸ ਸਕਦੇ, ਕਿਉਂਕਿ ਉਹ ਉਸ ਸਮੇਂ ‘ਸਿਰਫ਼ ਹੱਕੇ-ਬੱਕੇ’ ਰਹਿ ਗਏ ਸਨ।
ਉਨ੍ਹਾਂ ਕਿਹਾ, “ਕੁਝ ਦੇਰ ਦੀ ਖ਼ਾਮੋਸ਼ੀ ਤੋਂ ਬਾਅਦ ਮੈਂ ਕਿਹਾ, ‘ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਹੁਣੇ ਅਜਿਹਾ ਕਿਹਾ ਹੈ।’ ਅਤੇ ਮੈਂ ਫ਼ੋਨ ਕੱਟ ਦਿੱਤਾ।”
‘ਇੰਝ ਲੱਗਿਆ ਜਿਵੇਂ ਕਿੰਗ ਨੇ ਕੋਈ ਲਾਟਰੀ ਜਿੱਤ ਲਈ ਹੋਵੇ’
ਤਸਵੀਰ ਸਰੋਤ, Jeff Overs/BBC
ਅਰਲ ਸਪੈਂਸਰ ਦੀ ਕਿਤਾਬ ‘ਸਵਾਨ ਸੌਂਗ: ਡਾਇਨਾ, ਮਾਈ ਸਿਸਟਰ’ ਅਗਲੇ ਹਫ਼ਤੇ ਪ੍ਰਕਾਸ਼ਿਤ ਹੋਣ ਵਾਲੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਸ਼ਾਹੀ ਪਰਿਵਾਰ ਦੀ ਕਾਫ਼ੀ ਆਲੋਚਨਾ ਕੀਤੀ ਗਈ ਹੈ।
ਇਸ ਕਿਤਾਬ ਦੇ ਹੋਰ ਅੰਸ਼ਾਂ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਡਾਇਨਾ ਦੀ ਕਾਰ ਹਾਦਸੇ ਵਿੱਚ ਮੌਤ ਤੋਂ ਬਾਅਦ ਜਦੋਂ ਕਿੰਗ ਨੇ ਉਨ੍ਹਾਂ ਨੂੰ ਫ਼ੋਨ ਕੀਤਾ, ਤਾਂ ਚਾਰਲਸ ਦੀ ਆਵਾਜ਼ ਵਿੱਚ ‘ਅਜੀਬ ਤਰ੍ਹਾਂ ਦੀ ਖੁਸ਼ੀ’ ਸੀ।
ਉਨ੍ਹਾਂ ਮੁਤਾਬਕ, ਚਾਰਲਸ ਅਜਿਹੇ ਲੱਗ ਰਹੇ ਸਨ ਜਿਵੇਂ ‘ਲਾਟਰੀ ਜਿੱਤ ਗਏ ਹੋਣ।’
ਡਾਇਨਾ ਦੀ ਮੌਤ 31 ਅਗਸਤ 1997 ਨੂੰ ਪੈਰਿਸ ਵਿੱਚ ਇੱਕ ਕਾਰ ਹਾਦਸੇ ਵਿੱਚ ਹੋਈ ਸੀ।
ਅਰਲ ਸਪੈਂਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦੇ ਕੇਪਟਾਊਨ ਸਥਿਤ ਉਨ੍ਹਾਂ ਦੇ ਘਰ ਵਿੱਚ ਅੱਧੀ ਰਾਤ ਨੂੰ ਉਨ੍ਹਾਂ ਦੀ ਭੈਣ ਜੇਨ ਨੇ ਫ਼ੋਨ ਕਰਕੇ ਇਸ ਹਾਦਸੇ ਦੀ ਖ਼ਬਰ ਦਿੱਤੀ ਸੀ।
ਇਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਫ਼ੋਨ ਕੀਤਾ, ਉਨ੍ਹਾਂ ਵਿੱਚ ਚਾਰਲਸ ਵੀ ਸ਼ਾਮਿਲ ਸਨ।
ਅਰਲ ਸਪੈਂਸਰ ਦਾ ਇਲਜ਼ਾਮ ਹੈ, “ਮੇਰੇ ਬਾਕੀ ਫ਼ੋਨ ਕਰਨ ਵਾਲੇ ਲੋਕ ਸਦਮੇ ਵਿੱਚ ਸਨ। ਉਹ ਮੁਸ਼ਕਿਲ ਨਾਲ ਆਪਣੀਆਂ ਸੰਵੇਦਨਾਵਾਂ ਅਤੇ ਮਦਦ ਦੀ ਪੇਸ਼ਕਸ਼ ਕਰ ਪਾ ਰਹੇ ਸਨ। ਪਰ ਕਿੰਗ ਦੀ ਆਵਾਜ਼ ਵਿੱਚ ਅਜੀਬ ਤਰ੍ਹਾਂ ਦੀ ਖੁਸ਼ੀ ਸੀ। ਮੈਨੂੰ ਉਸ ਵੇਲੇ ਲੱਗਿਆ ਸੀ ਜਿਵੇਂ ਕੋਈ ਲਾਟਰੀ ਜਿੱਤ ਗਿਆ ਹੋਵੇ।”

ਡਾਇਨਾ ਬੇਹੱਦ ਲੋਕਪ੍ਰਿਯ ਸਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਬ੍ਰਿਟੇਨ ਵਿੱਚ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਸੀ।
ਸ਼ਾਹੀ ਪਰਿਵਾਰ ‘ਤੇ, ਭਾਵਨਾਵਾਂ ਅਤੇ ਸੰਵੇਦਨਾਵਾਂ ਜ਼ਾਹਿਰ ਨਾ ਕਰਨ ਅਤੇ ਜਨਤਾ ਦੇ ਮੂਡ ਤੋਂ ਕੱਟਿਆ ਹੋਇਆ ਹੋਣ ਦੇ ਇਲਜ਼ਾਮ ਲੱਗੇ ਸਨ।
ਡਾਇਨਾ ਦੇ ਅੰਤਿਮ ਸੰਸਕਾਰ ਵਿੱਚ ਅਰਲ ਸਪੈਂਸਰ ਦੇ ਭਾਵੁਕ ਅਤੇ ਆਲੋਚਨਾਤਮਕ ਭਾਸ਼ਣ ਨੇ ਵੀ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ਾਹੀ ਪਰਿਵਾਰ ਖ਼ਿਲਾਫ਼ ਪੈਦਾ ਹੋਏ ਅਸੰਤੋਸ਼ ਨੂੰ ਹੋਰ ਵਧਾ ਦਿੱਤਾ ਸੀ।
ਪ੍ਰਿੰਸ ਹੈਰੀ ਪਹਿਲਾਂ ਵੀ ਕਹਿ ਚੁੱਕੇ ਹਨ ਕਿ 12 ਸਾਲ ਦੀ ਉਮਰ ਵਿੱਚ ਆਪਣੀ ਮਾਂ ਦੇ ਤਾਬੂਤ ਦੇ ਪਿੱਛੇ ਚੱਲਣਾ ਅਜਿਹੀ ਚੀਜ਼ ਸੀ, ਜਿਸ ਲਈ ਕਿਸੇ ਬੱਚੇ ਨੂੰ ‘ਕਦੇ ਨਹੀਂ ਕਿਹਾ ਜਾਣਾ ਚਾਹੀਦਾ’।
ਸਾਲ 2017 ਵਿੱਚ ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਇਹ ਰਾਇ ਨਹੀਂ ਦੇਣਾ ਚਾਹੁੰਦੇ ਕਿ ਅਜਿਹਾ ਕਰਨਾ ਸਹੀ ਸੀ ਜਾਂ ਗ਼ਲਤ। ਪਰ ਪਿੱਛੇ ਮੁੜ ਕੇ ਦੇਖਣ ‘ਤੇ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਕਿ ਉਸ ਦਿਨ ਉਹ ਉਸ ਜਲੂਸ ਦਾ ਹਿੱਸਾ ਬਣੇ।
ਲੌਰਾ ਕੂਨਸਬਰਗ ਨਾਲ ਪੂਰਾ ਇੰਟਰਵਿਊ ਐਤਵਾਰ ਨੂੰ ਸ਼ਾਮ 8:30 ਵਜੇ ਬੀਬੀਸੀ ਆਈਪਲੇਅਰ ‘ਤੇ ਅਤੇ ਰਾਤ 11 ਵਜੇ ਬੀਬੀਸੀ ਵਨ ‘ਤੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




