Home ਰਾਸ਼ਟਰੀ ਖ਼ਬਰਾਂ ਕਾਮਨਵੈਲਥ ਗੇਮਜ਼ 2026 ਦੀ ਸਮਾਪਤੀ: ਭਾਰਤ 39 ਮੈਡਲਾਂ ਨਾਲ ਟੈਲੀ ‘ਚ ਚੌਥੇ...

ਕਾਮਨਵੈਲਥ ਗੇਮਜ਼ 2026 ਦੀ ਸਮਾਪਤੀ: ਭਾਰਤ 39 ਮੈਡਲਾਂ ਨਾਲ ਟੈਲੀ ‘ਚ ਚੌਥੇ ਸਥਾਨ ‘ਤੇ ਰਿਹਾ

2
0

Source :- BBC PUNJABI

ਅਰੁੰਧਤੀ ਚੌਧਰੀ ਨੇ (70 ਕਿਲੋਗ੍ਰਾਮ ਭਾਰ ਵਰਗ ਵਿੱਚ) ਅਤੇ ਸਾਕਸ਼ੀ ਨੇ (51 ਕਿਲੋਗ੍ਰਾਮ ਭਾਰ ਵਰਗ ਵਿੱਚ) ਸੋਨ ਤਗਮਾ ਜਿੱਤਿਆ

ਤਸਵੀਰ ਸਰੋਤ, AFP via Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 10 ਮਿੰਟ

ਗਲਾਸਗੋ ਵਿੱਚ ਹੋਈਆਂ ਕਾਮਨਵੈਲਥ ਗੇਮਜ਼ 2026 ਦੀ ਸਮਾਪਤੀ ਹੋ ਚੁੱਕੀ ਹੈ ਅਤੇ ਭਾਰਤ ਨੇ 39 ਤਗਮੇ ਜਿੱਤ ਕੇ ਮੈਡਲ ਟੈਲੀ ਵਿੱਚ ਚੌਥਾ ਸਥਾਨ ਹਾਸਿਲ ਕੀਤਾ ਹੈ।

ਭਾਰਤ ਵੱਲੋਂ ਜਿੱਤੇ ਗਏ 39 ਤਗਮਿਆਂ ਵਿੱਚੋਂ 13 ਸੋਨੇ ਦੇ, 17 ਚਾਂਦੀ ਦੇ ਅਤੇ 9 ਕਾਂਸੀ ਦੇ ਤਗਮੇ ਹਨ।

ਹਾਲਾਂਕਿ, 23 ਜੁਲਾਈ ਤੋਂ 2 ਅਗਸਤ ਤੱਕ ਚੱਲੀਆਂ ਇਨ੍ਹਾਂ ਖੇਡਾਂ ਵਿੱਚ ਕੁਸ਼ਤੀ, ਬੈਡਮਿੰਟਨ, ਟੇਬਲ ਟੈਨਿਸ, ਹਾਕੀ ਅਤੇ ਸ਼ੂਟਿੰਗ ਵਰਗੀਆਂ ਰਵਾਇਤੀ ਅਤੇ ਸਭ ਤੋਂ ਵੱਧ ਮੈਡਲ ਦਿਵਾਉਣ ਵਾਲੀਆਂ ਖੇਡਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਦੇ ਬਾਵਜੂਦ, ਭਾਰਤ ਨੇ ਆਪਣੀ ਛਾਪ ਛੱਡੀ ਅਤੇ ਕੁੱਲ ਤਗਮੇ ਜਿੱਤਣ ਦੇ ਮਾਮਲੇ ‘ਚ ਚੌਥਾ ਸਥਾਨ ਹਾਸਿਲ ਕੀਤਾ।

ਪ੍ਰੀਤੀ ਪਵਾਰ ਤੇ ਜੈਸਮੀਨ ਲੰਬੋਰੀਆ

ਤਸਵੀਰ ਸਰੋਤ, ani

ਇਸ ਤੋਂ ਪਹਿਲਾਂ 10ਵੇਂ ਦਿਨ ਭਾਰਤ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8 ਗੋਲਡ ਮੈਡਲ ਜਿੱਤੇ।

ਸ਼ਨੀਵਾਰ ਨੂੰ ਮੁੱਕੇਬਾਜ਼ੀ ਵਿੱਚ ਭਾਰਤ ਦੀ ਪ੍ਰੀਤੀ ਪਵਾਰ, ਜੈਸਮਿਨ ਲੰਬੋਰਿਆ, ਸਾਕਸ਼ੀ ਚੌਧਰੀ, ਪ੍ਰਿਆ ਘਨਘਸ ਅਤੇ ਅਰੁੰਧਤੀ ਚੌਧਰੀ ਨੇ ਭਾਰਤ ਨੂੰ ਸੋਨ ਤਗਮਾ ਦਿਵਾਇਆ ਅਤੇ ਲਵਲੀਨਾ ਬੋਰਗੋਹੇਨ ਨੇ ਚਾਂਦੀ ਦਾ ਤਗਮਾ ਜਿੱਤਿਆ।

ਪੁਰਸ਼ਾਂ ਦੀ ਮੁੱਕੇਬਾਜ਼ੀ ਵਿੱਚ ਸਚਿਨ ਸਿਵਾਚ, ਅੰਕੁਸ਼ ਪੰਘਲ ਨੇ ਸੋਨ ਤਗਮੇ ਹਾਸਿਲ ਕੀਤੇ ਅਤੇ ਨਰੇਂਦਰ ਬੇਰਵਾਲ ਤੇ ਜਾਦੂਮਨੀ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ।

ਉੱਥੇ ਹੀ, ਪੁਰਸ਼ਾਂ ਦੇ ਐੱਫ 57 ਸ਼ਾਟ ਪੁੱਟ ਈਵੈਂਟ ਵਿੱਚ ਭਾਰਤ ਦੇ ਸੋਮੈਨ ਰਾਣਾ ਨੇ ਸੋਨ ਤਗਮਾ ਅਤੇ ਸ਼ੁਭਮ ਜੁਯਾਲ ਨੇ ਚਾਂਦੀ ਦਾ ਤਗਮਾ ਜਿੱਤਿਆ।

ਪ੍ਰਵੀਣ ਚਿੱਤਰਵੇਲ ਨੇ ਮੇਨਸ ਟ੍ਰਿਪਲ ਜੰਪ ਵਿੱਚ ਚਾਂਦੀ ਦਾ ਤਗਮਾ ਅਤੇ ਸੇਲਵਾ ਪ੍ਰਭੂ ਥਿਰੁਮਾਰਨ ਨੇ ਕਾਂਸੇ ਦਾ ਤਗਮਾ ਜਿੱਤਿਆ।

ਇਸ ਤੋਂ ਇਲਾਵਾ, ਜੂਡੋ ਦੇ 63 ਕਿੱਲੋ ਵਰਗ ਵਿੱਚ ਉਨਤੀ ਸ਼ਰਮਾ ਕਾਂਸੇ ਦਾ ਤਗਮਾ ਅਤੇ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸਦੇ ਨਾਲ ਹੀ ਗੁਲਵੀਰ ਐਥਲੈਟਿਕਸ ਵਿੱਚ ਇੱਕ ਹੀ ਐਡੀਸ਼ਨ ਵਿੱਚ 2 ਤਗਮੇ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।

ਕਾਮਨਵੈਲਥ ਗੇਮਜ਼ ਗਲਾਸਗੋ 2026 ਦੀ ਅਧਿਕਾਰਤ ਵੈੱਬਸਾਈਟ ਮੁਤਾਬਕ, ਹੁਣ ਤੱਕ ਭਾਰਤੀ ਐਥਲੀਟਾਂ ਨੇ 39 ਤਗਮੇ ਜਿੱਤੇ ਹਨ, ਇਨ੍ਹਾਂ ਵਿੱਚੋਂ 13 ਸੋਨੇ, 17 ਚਾਂਦੀ ਅਤੇ 9 ਕਾਂਸੀ ਦੇ ਤਗਮੇ ਹਨ।

ਇਸ ਦੇ ਨਾਲ ਹੀ ਮੈਡਲ ਜਿੱਤਣ ਦੀ ਸੂਚੀ ਵਿੱਚ ਭਾਰਤ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ।

ਇਸ ਤੋਂ ਪਹਿਲਾਂ 9ਵੇਂ ਦਿਨ ਭਾਰਤ ਦੇ ਨੀਰਜ ਚੋਪੜਾ ਨੇ ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋ ਫਾਈਨਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਯਸ਼ਵੀਰ ਸਿੰਘ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਹੈ। ਜਦੋਂ ਕਿ ਗੋਲਡ ਮੈਡਲ ਸ਼੍ਰੀਲੰਕਾ ਦੇ ਰੁਮੇਸ਼ ਥਾਰੰਗਾ ਨੇ ਜਿੱਤਿਆ ਹੈ।

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਅਤੇ ਓਲੰਪਿਕ ਸੋਨ ਤਗ਼ਮਾ ਜੇਤੂ ਨੀਰਜ ਚੋਪੜਾ ਨੂੰ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦੇ ਤਗ਼ਮੇ ਨਾਲ ਸੰਤੁਸ਼ਟ ਹੋਣਾ ਪਿਆ।

ਸ੍ਰੀਲੰਕਾ ਦੇ ਰੁਮੇਸ਼ ਪਥਿਰਾਗੇ ਨੇ 89.75 ਮੀਟਰ ਦੇ ਥ੍ਰੋਅ ਨਾਲ ਉਨ੍ਹਾਂ ਨੂੰ ਪਿੱਛੇ ਛੱਡਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਹੈ। ਨੀਰਜ ਨੇ 85.83 ਮੀਟਰ ਦਾ ਥ੍ਰੋਅ ਕੀਤਾ ਸੀ। ਭਾਰਤ ਦੇ ਹੀ ਯਸ਼ਵੀਰ ਸਿੰਘ ਨੇ 85.41 ਮੀਟਰ ਦੀ ਆਪਣਾ ਨਿੱਜੀ ਸਰਵੋਤਮ ਥ੍ਰੋਅ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ।

ਪਾਕਿਸਤਾਨ ਦੇ ਓਲੰਪਿਕ ਸੋਨ ਤਗ਼ਮਾ ਜੇਤੂ ਅਰਸ਼ਦ ਨਦੀਮ ਨੌਵੇਂ ਸਥਾਨ ‘ਤੇ ਰਹੇ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਨੀਰਜ ਚੋਪੜਾ ਨੇ ਕਿਹਾ, “ਰਾਸ਼ਟਰੀ ਗਾਣ ਵੱਜਦਾ ਸੁਣ ਕੇ ਹਮੇਸ਼ਾ ਹੀ ਖੁਸ਼ੀ ਹੁੰਦੀ ਹੈ। ਇਸ ਦੇ ਨਾਲ ਹੀ, ਮੈਂ ਇਸ ਸੀਜ਼ਨ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਵੀ ਕੀਤਾ ਹੈ ਅਤੇ ਮੇਰਾ ਕਮਬੈਕ ਵੀ ਚੰਗੀ ਤਰ੍ਹਾਂ ਹੋ ਰਿਹਾ ਹੈ। ਅਜੇ ਹੋਰ ਮੁਕਾਬਲੇ ਬਾਕੀ ਹਨ, ਇਸ ਲਈ ਮੈਂ ਬਹੁਤ ਖੁਸ਼ ਹਾਂ…”

‘ਇੰਡੀਅਨ ਐਕਸਪ੍ਰੈਸ’ ਮੁਤਾਬਕ ਰੁਮੇਸ਼ ਪਥਿਰਾਗੇ ਪਹਿਲਾਂ ਦਰਮਿਆਨੀ ਤੇਜ਼ ਗੇਂਦਬਾਜ਼ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਜੈਵਲਿਨ ਥ੍ਰੋਅ ਨੂੰ ਆਪਣੀ ਖੇਡ ਬਣਾ ਲਿਆ। ਉਨ੍ਹਾਂ ਦੀ ਇਸ ਖੇਡ ਨਾਲ ਜਾਣ-ਪਛਾਣ ਉਨ੍ਹਾਂ ਦੇ ਕੋਚ ਟੋਨੀ ਪ੍ਰਸੰਨਾ ਨੇ ਕਰਵਾਈ ਸੀ।

ਰੁਮੇਸ਼ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹੇ ਹਨ। 2025 ਦੇ ਸੀਜ਼ਨ ਵਿੱਚ ਉਨ੍ਹਾਂ ਨੇ 13 ਵਾਰ 82 ਮੀਟਰ ਤੋਂ ਵੱਧ ਦੂਰੀ ਤੱਕ ਭਾਲਾ ਸੁੱਟਿਆ ਸੀ।

ਭਾਰਤੀ ਐਲਥੀਟ

ਤਸਵੀਰ ਸਰੋਤ, Molly Darlington / AFP Via Getty Images / Lintao Zhang – Getty Imges

ਇਸ ਦੇ ਇਲਾਵਾ ਪੁਰਸ਼ਾਂ ਦੇ ਡੀਕੈਥਾਲਨ ਵਿੱਚ ਭਾਰਤ ਦੇ ਤੇਜਸਵਿਨ ਸ਼ੰਕਰ ਨੇ 7,976 ਅੰਕਾਂ ਨਾਲ ਇਤਿਹਾਸਕ ਕਾਂਸੀ ਦਾ ਤਗਮਾ ਜਿੱਤਿਆ ਹੈ।

ਇਸ ਤੋਂ ਬਿਨਾਂ ਜੂਡੋ ਵਿੱਚ ਭਾਰਤ ਨੂੰ 2 ਸੋਨ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਮਿਲਿਆ ਹੈ। ਜੂਡੋ ਮਹਿਲਾ 48 ਕਿੱਲੋ ਵਰਗ ਵਿੱਚ ਅਸਮਿਤਾ ਡੇਅ ਨੇ ਸੋਨ ਤਗਮਾ ਹਾਸਿਲ ਕੀਤਾ ਅਤੇ ਜੂਡੋ ਪੁਰਸ਼ਾਂ ਦੇ 60 ਕਿੱਲੋ ਵਰਗ ਵਿੱਚ ਹਰਸ਼ ਸਿੰਘ ਨੇ ਸੋਨ ਤਗਮਾ ਜਿੱਤਿਆ।

ਜੂਡੋ ਮਹਿਲਾ-57 ਕਿੱਲੋ ਵਰਗ ‘ਚ ਯਾਮਿਨੀ ਮੌਰਿਆ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ।

ਲਵਪ੍ਰੀਤ ਸਿੰਘ ਅਤੇ ਸੀਮਾ ਕਾਲੀਰਾਮਨਾ

ਤਸਵੀਰ ਸਰੋਤ, Getty Images

ਪੰਜਾਬ ਦੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ਵਿੱਚ ਭਾਰਤ ਨੂੰ ਸਿਲਵਰ ਮੈਡਲ ਦਵਾਇਆ ਹੈ। ਪੁਰਸ਼ਾਂ ਦੀ +110 ਕਿਲੋਗ੍ਰਾਮ ਹੈਵੀਵੇਟ ਕੈਟੇਗਰੀ ਵਿੱਚ ਲਵਪ੍ਰੀਤ ਸਿੰਘ ਨੇ ਇਹ ਮੈਡਲ ਜਿੱਤਿਆ। ਇਸ ਤੋਂ ਇਲਾਵਾ ਡਿਸਕਸ ਥ੍ਰੋਅ ਈਵੈਂਟ ਵਿੱਚ ਐਥਲੀਟ ਸੀਮਾ ਕਾਲੀਰਾਮਨਾ ਨੇ ਬ੍ਰਾਂਜ਼ ਮੈਡਲ ਜਿੱਤਿਆ।

ਬੀਬੀਸੀ ਸਪੋਰਟਸ ਦੀ ਰਿਪੋਰਟ ਮੁਤਾਬਕ ਭਾਰਤੀ ਖਿਡਾਰੀਆਂ ਨੇ ਹੁਣ ਤੱਕ 17 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ 3 ਗੋਲਡ, 10 ਸਿਲਵਰ ਅਤੇ 4 ਬ੍ਰਾਂਜ਼ ਮੈਡਲ ਹਨ। ਭਾਰਤ ਮੈਡਲਾਂ ਦੀ ਸੂਚੀ ਵਿੱਚ 10ਵੇਂ ਥਾਂ ‘ਤੇ ਖਿਸਕ ਗਿਆ।

ਗੋਲਡ ਜਿੱਤਣ ਤੋਂ ਖੁੰਝੇ ਲਵਪ੍ਰੀਤ ਸਿੰਘ ਨੇ ਖ਼ਬਰ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ, “ਮੈਂ ਗੋਲਡ ਮੈਡਲ ਜਿੱਤਣ ਤੋਂ ਖੁੰਝ ਗਿਆ। ਜ਼ਾਹਿਰ ਹੈ ਜਦੋਂ ਗੋਲਡ ਮੈਡਲ ਹੱਥੋਂ ਨਿਕਲ ਜਾਂਦਾ ਹੈ ਤਾਂ ਦੁੱਖ ਤਾਂ ਹੁੰਦਾ ਹੀ ਹੈ। ਮੈਂ ਆਉਣ ਵਾਲੇ ਮੁਕਾਬਲਿਆਂ ਜਿਵੇਂ ਏਸ਼ੀਆਈ ਖੇਡਾਂ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ।”

ਉਧਰ ਸੀਮਾ ਕਾਲੀਰਾਮਨਾ ਨੇ 58.65 ਮੀਟਰ ਦੂਰ ਡਿਸਕਸ ਥ੍ਰੋਅ ਸੁੱਟ ਕੇ ਭਾਰਤ ਦੀ ਝੋਲੀ ਵਿੱਚ ਬ੍ਰਾਂਜ਼ ਮੈਡਲ ਪਾਇਆ ਹੈ।

8ਵੇਂ ਦਿਨ ਤੱਕ ਭਾਰਤ ਦੀ ਝੋਲੀ 23 ਮੈਡਲ ਆਏ

100 ਮੀਟਰ ਵਿੱਚ ਤਗਮੇ ਹਾਸਲ ਕਰਨ ਵਾਲੇ ਮੁਹੰਮਦ ਬਾਸਿਲ (ਖੱਬੇ) ਤੇ ਦਿਲੀਪ ਮਹਾਦੁ ਗਾਵਿਤ

ਤਸਵੀਰ ਸਰੋਤ, Getty Images

ਇਸ ਤੋਂ ਪਹਿਲਾਂ ਗੋਲਡ ਸਣੇ ਭਾਰਤ ਦੀ ਝੋਲੀ ਤਿੰਨ ਤਗਮੇ ਪਏ ਸਨ।

ਪੈਰਾ ਅਥਲੀਟ ਦਿਲੀਪ ਮਹਾਦੁ ਗਾਵਿਤ ਨੇ ਭਾਰਤ ਨੂੰ ਇਹ ਤੀਜਾ ਗੋਲਡ ਮੈਡਲ ਦਿਵਾਇਆ ਸੀ। ਉਨ੍ਹਾਂ ਨੇ 100 ਮੀਟਰ ਦੀ ਦੌੜ ਵਿੱਚ 10.71 ਸੈਕਿੰਡ ਦੀ ਟਾਈਮਿੰਗ ਨਾਲ ਪਹਿਲਾ ਸਥਾਨ ਹਾਸਲ ਕੀਤਾ।

100 ਮੀਟਰ ਵਿੱਚ ਹੀ ਭਾਰਤ ਦੇ ਮੁਹੰਮਦ ਬਾਸਿਲ ਨੇ 10.83 ਦੇ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।

ਲੌਂਗ ਜੰਪ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ 8.09 ਮੀਟਰ ਦੀ ਛਾਲ ਮਾਰ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।

ਖੱਬੇ ਪਾਸੇ ਵੇਟਲਿਫ਼ਟਰ ਹਰਜਿੰਦਰ ਕੌਰ ਅਤੇ ਸੱਜੇ ਪਾਸੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ

ਤਸਵੀਰ ਸਰੋਤ, Getty Images

ਕਾਮਨਵੈਲਥ ਗੇਮਜ਼ 2026 ਵਿੱਚ ਮੰਗਲਵਾਰ ਦੇਰ ਰਾਤ ਭਾਰਤੀ ਖਿਡਾਰੀਆਂ ਨੇ 2 ਸਿਲਵਰ ਮੈਡਲ ਹਾਸਲ ਕੀਤੇ ਸਨ। ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 10 ਹਜ਼ਾਰ ਮੀਟਰ ਰੇਸ ਵਿੱਚ ਦੂਜਾ ਸਥਾਨ ਹਾਸਲ ਕੀਤਾ ਸੀ।

ਉਹ ਇਸ ਈਵੈਂਟ ਵਿੱਚ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਗੁਲਵੀਰ ਨੇ 27:49.78 ਸੈਕੰਡ ਦਾ ਸਮਾਂ ਕੱਢਿਆ। ਇਸ ਈਵੈਂਟ ਵਿੱਚ ਆਸਟ੍ਰੇਲੀਆ ਦੇ ਕਾਈ ਰੌਬਿਨਸਨ ਨੇ ਗੋਲਡ ਅਤੇ ਆਇਲ ਆਫ ਮੈਨ ਦੇ ਮੁਲਾਰਕੀ ਨੇ ਬ੍ਰੌਂਜ਼ ਮੈਡਲ ਜਿੱਤਿਆ।

ਇਸ ਤੋਂ ਪਹਿਲਾਂ ਪੰਜਾਬ ਦੇ ਨਾਭਾ ਦੇ ਪਿੰਡ ਮੈਹਸ਼ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ 69 ਕਿਲੋਗ੍ਰਾਮ ਭਾਰ ਵਰਗ ਵਿੱਚ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਿਆ।

ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਭਾਰਤੀ ਵੇਟਲਿਫ਼ਟਰ ਹਰਜਿੰਦਰ ਕੌਰ ਨੇ ਕਿਹਾ, “ਮੈਂ ਭਾਰਤ ਲਈ ਸਿਲਵਰ ਮੈਡਲ ਜਿੱਤ ਕੇ ਬਹੁਤ ਖ਼ੁਸ਼ ਹਾਂ। ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਆਪਣੀ ਕਾਰਗੁਜ਼ਾਰੀ ਤੋਂ ਬਹੁਤ ਖ਼ੁਸ਼ ਹਾਂ, ਮੈਂ ਆਪਣਾ ਮੈਡਲ ਆਪਣੇ ਪਰਿਵਾਰ ਨੂੰ ਸਮਰਪਿਤ ਕਰਾਂਗੀ। ਮੈਂ ਭਾਰਤੀ ਫੈਡਰੇਸ਼ਨ ਅਤੇ ਭਾਰਤ ਸਰਕਾਰ ਦੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਇੱਥੇ ਪਹੁੰਚਣ ਵਿੱਚ ਮਦਦ ਕੀਤੀ।”

ਸ਼ਰਮਿਲਾ ਧਨਖੜ ਨੇ ਕਾਮਨ ਵੈਲਥ ਗੇਮਜ਼ ਦੇ ਪੈਰਾ ਐਥਲੇਟਿਕਸ ਵਿੱਚ ਭਾਰਤ ਲਈ ਪਹਿਲਾ ਗੋਲਡ ਜਿੱਤਿਆ ਹੈ।

ਤਸਵੀਰ ਸਰੋਤ, Paul Harding/Getty Images

ਇਸ ਤੋਂ ਪਹਿਲਾਂ ਭਾਰਤ ਨੂੰ ਕਾਮਨਵੈਲਥ ਖੇਡਾਂ ਵਿੱਚ ਦੂਜਾ ਗੋਲਡ ਪੈਰਾ ਐਥਲੀਟ ਸ਼ਰਮਿਲਾ ਧਨਖੜ ਨੇ ਦਵਾਇਆ ਸੀ।

ਪੈਰਾ ਮਹਿਲਾ ਸ਼ੌਟ ਪੁੱਟ ਐੱਫ57 ਈਵੈਂਟ ਵਿੱਚ ਸ਼ਰਮਿਲਾ ਨੇ ਸੋਨੇ ਦਾ ਮੈਡਲ ਹਾਸਲ ਕੀਤਾ। ਇਸ ਜਿੱਤ ਨਾਲ ਉਹ ਕਾਮਨਵੈਲਥ ਖੇਡਾਂ ਵਿੱਚ ਪੈਰਾ ਐਥਲੈਟਿਕਸ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਣ ਬਣ ਗਈ ਅਤੇ ਪੈਰਾ ਐਥਲੈਟਿਕਸ ਵਿੱਚ ਤਗ਼ਮੇ ਲਈ ਭਾਰਤ ਦਾ 20 ਸਾਲ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਸੀ।

ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਸ਼ਰਮਿਲਾ ਧਨਖੜ ਨੇ ਕਿਹਾ, “ਮੈਂ ਆਪਣੇ ਦੇਸ਼ ਲਈ ਤਮਗਾ ਜਿੱਤ ਕੇ ਬਹੁਤ ਖੁਸ਼ ਹਾਂ। ਇਹ ਮੇਰਾ ਸੁਪਨਾ ਸੀ ਅਤੇ ਮੇਰੀ ਮਾਂ ਦਾ ਵੀ ਸੁਪਨਾ ਸੀ। ਮੇਰੀ ਮਾਂ ਇਹ ਦੇਖ ਕੇ ਬਹੁਤ ਖੁਸ਼ ਹੋਵੇਗੀ। ਹੁਣ ਮੇਰਾ ਅਗਲਾ ਟੀਚਾ ਏਸ਼ਿਆਈ ਖੇਡਾਂ ਅਤੇ ਓਲੰਪਿਕ ਹੈ। ਇਹ ਮੇਰਾ ਪਹਿਲਾ ਮੈਡਲ ਹੈ ਅਤੇ ਮੈਂ ਭਵਿੱਖ ਵਿੱਚ ਵੀ ਕਈ ਹੋਰ ਤਮਗੇ ਜਿੱਤਦੀ ਰਹਾਂਗੀ।”

ਬੀਬੀਸੀ ਸਹਿਯੋਗੀ ਮਨੋਜ ਢਾਕਾ ਦੀ ਰਿਪੋਰਟ ਮੁਤਾਬਕ, ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਛਿਥਰੌਲੀ ਪਿੰਡ ਦੀ ਪੈਰਾ ਐਥਲੀਟ ਸ਼ਰਮਿਲਾ ਧਨਖੜ ਨੇ ਮਹਿਲਾ ਸ਼ਾਟਪੁੱਟ ਦੀ ਐੱਫ-57 ਸ਼੍ਰੇਣੀ ਵਿੱਚ 9.81 ਮੀਟਰ ਦਾ ਥਰੋ ਕਰਕੇ ਭਾਰਤ ਲਈ ਸੋਨ ਤਮਗਾ ਜਿੱਤਿਆ। ਪਰ ਉਨ੍ਹਾਂ ਦੀ ਇਹ ਜਿੱਤ ਸਿਰਫ਼ ਇੱਕ ਖੇਡ ਉਪਲਬਧੀ ਨਹੀਂ, ਸਗੋਂ ਸੰਘਰਸ਼, ਹੌਸਲੇ ਅਤੇ ਲਗਾਤਾਰ ਮਿਹਨਤ ਦੀ ਕਹਾਣੀ ਹੈ।

ਸਿਰਫ਼ ਦੋ ਸਾਲ ਦੀ ਉਮਰ ਵਿੱਚ ਪੋਲਿਓ ਕਾਰਨ ਉਨ੍ਹਾਂ ਦਾ ਇੱਕ ਪੈਰ ਪ੍ਰਭਾਵਿਤ ਹੋ ਗਿਆ ਸੀ। ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਉਨ੍ਹਾਂ ਦਾ ਬਿਹਤਰ ਇਲਾਜ ਨਹੀਂ ਹੋ ਸਕਿਆ। ਪਿਤਾ ਛੋਟੇ ਕਿਸਾਨ ਸਨ ਅਤੇ ਮਾਂ ਜੋਤਹੀਣ ਹਨ।

ਘੱਟ ਉਮਰ ਵਿੱਚ ਵਿਆਹ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਆਈਆਂ। 26 ਸਾਲ ਦੀ ਉਮਰ ਵਿੱਚ ਪਹਿਲੇ ਪਤੀ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਆਪਣੀਆਂ ਦੋ ਧੀਆਂ ਨਾਲ ਪੇਕੇ ਵਾਪਸ ਆ ਗਏ।

ਉਨ੍ਹਾਂ ਦੀ ਜ਼ਿੰਦਗੀ ਵਿੱਚ ਬਦਲਾਅ ਉਸ ਸਮੇਂ ਆਇਆ ਜਦੋਂ ਦੂਜੇ ਵਿਆਹ ਤੋਂ ਬਾਅਦ ਪਤੀ ਅਜੀਤ ਨੇ ਉਨ੍ਹਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। 34 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪੈਰਾ ਐਥਲੈਟਿਕਸ ਦੀ ਟ੍ਰੇਨਿੰਗ ਸ਼ੁਰੂ ਕੀਤੀ। ਆਰਥਿਕ ਮੁਸ਼ਕਲਾਂ ਦੇ ਬਾਵਜੂਦ ਪਰਿਵਾਰ ਨੂੰ ਘਰ ਤੱਕ ਵੇਚਣਾ ਪਿਆ, ਪਰ ਸ਼ਰਮਿਲਾ ਨੇ ਆਪਣੇ ਸੁਪਨਿਆਂ ਨਾਲ ਸਮਝੌਤਾ ਨਹੀਂ ਕੀਤਾ।

2022 ਦੇ ਪੈਰਾ ਕਾਮਨਵੈਲਥ ਖੇਡਾਂ ਵਿੱਚ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਤਕਨੀਕ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਅਤੇ ਆਖ਼ਰਕਾਰ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਨੇ ਆਪਣੀ ਜਿੱਤ ਆਪਣੀਆਂ ਧੀਆਂ ਅਤੇ ਪਤੀ ਨੂੰ ਸਮਰਪਿਤ ਕੀਤੀ।

ਇਸ ਤੋਂ ਪਹਿਲਾਂ ਵੇਟਲਿਫ਼ਟਰ ਮੀਰਾਬਾਈ ਚਾਨੂ ਭਾਰਤ ਨੂੰ ਪਹਿਲਾ ਗੋਲਡ ਦਵਾ ਚੁੱਕੇ ਹਨ।

ਕਿਹੜੇ ਖਿਡਾਰੀਆਂ ਨੇ ਸਿਲਵਰ ਮੈਡਲ ਹਾਸਲ ਕੀਤੇ ?

ਸਰਵੇਸ਼ ਕੁਸ਼ਾਰੇ

ਤਸਵੀਰ ਸਰੋਤ, Getty Images

ਇਸ ਤੋਂ ਪਹਿਲਾਂ ਰਿਸ਼ੀਕਾਂਤ ਸਿੰਘ, ਮੁੱਥੂਪੰਡੀ ਰਾਜਾ, ਗਿਆਨੇਸ਼ਵਰੀ ਯਾਦਵ, ਵੱਲੂਰੀ ਅਜੇ ਬਾਬੂ ਨੇ ਵੇਟਲਿਫਟਿੰਗ ਵਿੱਚ ਚਾਂਦੀ ਦੇ ਤਮਗੇ ਹਾਸਲ ਕੀਤੇ ਸਨ।

ਇਸ ਤੋਂ ਇਲਾਵਾ ਐਥਲੀਟ ਸਰਵੇਸ਼ ਕੁਸ਼ਾਰੇ ਨੇ ਪੁਰਸ਼ ਹਾਈ ਜੰਪ ਈਵੈਂਟ ਵਿੱਚ ਭਾਰਤ ਨੂੰ ਸਿਲਵਰ ਮੈਡਲ ਦਵਾਇਆ ਸੀ।

ਐਥਲੀਟ ਗਿਆਨੇਸ਼ਵਰੀ ਯਾਦਵ

ਤਸਵੀਰ ਸਰੋਤ, Getty Images

ਗਿਆਨੇਸ਼ਵਰੀ ਯਾਦਵ ਨੇ ਔਰਤਾਂ ਦੇ 53 ਕਿਲੋਗ੍ਰਮ ਭਾਰ ਵਰਗ ਵਿੱਚ ਕੁੱਲ 199 ਕਿਲੋਗ੍ਰਾਮ ਭਾਰ ਚੁੱਕਿਆ, ਜਿਸ ਵਿੱਚ 88 ਕਿਲੋਗ੍ਰਾਮ ਸਨੈਚ ਅਤੇ 111 ਕਿਲੋਗ੍ਰਾਮ ਕਲੀਨ ਐਂਡ ਜਰਕ ਸ਼ਾਮਲ ਹੈ।

ਇਹ ਉਨ੍ਹਾਂ ਦਾ ਕੁੱਲ ਭਾਰ ਅਤੇ ਕਲੀਨ ਐਂਡ ਜਰਕ ਮੁਕਾਬਲੇ ਵਿੱਚ ਨਿੱਜੀ ਸਰਵੋਤਮ ਪ੍ਰਦਰਸ਼ਨ ਹੈ।

ਛੱਤੀਸਗੜ੍ਹ ਨਾਲ ਸਬੰਧਤ ਗਿਆਨੇਸ਼ਵਰੀ ਪਟਿਆਲਾ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਰਾਸ਼ਟਰੀ ਕੋਚਿੰਗ ਪ੍ਰੋਗਰਾਮ ਤਹਿਤ ਟ੍ਰੇਨਿੰਗ ਕਰਦੀ ਰਹੀ ਹੈ।

ਗਿਆਨੇਸ਼ਵਰੀ ਨੇ ਕਾਮਨਵੈਲਥ ਚੈਂਪੀਅਨਸ਼ਿਪ, ਏਸ਼ੀਆਈ ਚੈਂਪੀਅਨਸ਼ਿਪ ਅਤੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਸਣੇ ਕਈ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।

ਬ੍ਰਾਂਜ਼ ਮੈਡਲ ਜਿੱਤਣ ਵਾਲੇ ਖਿਡਾਰੀ

ਸ਼ਿਲਪਾ ਕੇ ਸ਼ਾਇਲਾ

ਤਸਵੀਰ ਸਰੋਤ, Getty Images

ਸਭ ਤੋਂ ਪਹਿਲਾ ਬ੍ਰਾਂਜ਼ ਮੈਡਲ ਪੈਰਾ ਪਾਵਰਲਿਫ਼ਟਰ ਝੰਡੂ ਕੁਮਾਰ ਨੇ ਦਵਾਇਆ।

ਪੈਰਾ ਐਥਲੀਟ ਸ਼ਿਲਪਾ ਕੇ ਸ਼ਾਇਲਾ ਨੇ ਮਹਿਲਾ ਸ਼ੌਟ ਪੁੱਟ ਐੱਫ57 ਈਵੈਂਟ ਵਿੱਚ ਬ੍ਰਾਂਜ਼ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਵੇਟਲਿਫ਼ਟਰ ਬਿੰਦਿਆਰਾਨੀ ਦੇਵੀ ਵੀ ਕਾਂਸੇ ਦਾ ਤਮਗਾ ਹਾਸਲ ਕਰਨ ਵਿੱਚ ਕਾਮਯਾਬ ਰਹੇ।

ਮੀਰਾਬਾਈ ਚਾਨੂ ਨੇ ਲਗਾਤਾਰ ਤੀਜੀ ਵਾਰ ਜਿੱਤਿਆ ਗੋਲਡ

ਮੀਰਾਬਾਈ ਚਾਨੂ

ਤਸਵੀਰ ਸਰੋਤ, Mattia Ozbot/Getty Images

ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਗਲਾਸਗੋ ਕਾਮਨਵੈਲਥ ਗੇਮਜ਼ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ।

ਮੀਰਾਬਾਈ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ।

ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿੱਚ ਮੀਰਾਬਾਈ ਨੇ ਕਈ ਰਿਕਾਰਡ ਤੋੜੇ।

ਉਨ੍ਹਾਂ ਨੇ ਸਨੈਚ ਵਿੱਚ 85 ਕਿਲੋਗ੍ਰਾਮ, ਕਲੀਨ ਐਂਡ ਜਰਕ ਵਿੱਚ 105 ਕਿਲੋਗ੍ਰਾਮ ਸਮੇਤ ਕੁੱਲ 190 ਕਿਲੋਗ੍ਰਾਮ ਭਾਰ ਚੁੱਕਿਆ।

ਮੀਰਾਬਾਈ ਚਾਨੂ ਨੇ ਕਾਮਨਵੈਲਥ ਗੇਮਜ਼ ਵਿੱਚ ਸਨੈਚ ਵਿੱਚ 85 ਕਿਲੋਗ੍ਰਾਮ ਭਾਰ ਚੁੱਕਿਆ ਹੈ, ਜੋ ਕਿ ਇੱਕ ਰਿਕਾਰਡ ਹੈ।

ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਮੀਰਾਬਾਈ ਚਾਨੂ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ। ਕਾਮਨਵੈਲਥ ਖੇਡਾਂ ਵਿੱਚ ਇਹ ਮੇਰਾ ਤੀਜਾ ਸੋਨੇ ਦਾ ਤਮਗਾ ਹੈ। ਕੁੱਲ ਮਿਲਾ ਕੇ ਇਹ ਮੇਰਾ ਚੌਥਾ ਤਮਗਾ ਹੈ। ਮੇਰਾ ਸਫ਼ਰ 2014 ਦੀਆਂ ਕਾਮਨਵੈਲਥ ਖੇਡਾਂ ਤੋਂ ਹੀ ਸ਼ੁਰੂ ਹੋਇਆ ਸੀ, ਜਿੱਥੇ ਮੈਂ ਚਾਂਦੀ ਦਾ ਤਮਗਾ ਜਿੱਤਿਆ ਸੀ।”

ਉਨ੍ਹਾਂ ਕਿਹਾ ਸੀ, “ਅੱਜ ਭਾਰਤ ਲਈ ਸੋਨੇ ਦਾ ਤਮਗਾ ਜਿੱਤ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਲਗਾਤਾਰ ਸੋਨੇ ਦੇ ਤਮਗੇ ਜਿੱਤਣਾ ਕਿਸੇ ਵੀ ਖਿਡਾਰੀ ਲਈ ਬਹੁਤ ਵੱਡੀ ਉਪਲਬਧੀ ਹੁੰਦੀ ਹੈ, ਇਸ ਲਈ ਅੱਜ ਮੈਂ ਬਹੁਤ ਖੁਸ਼ ਹਾਂ।”

ਮੀਰਾਬਾਈ ਚਾਨੂ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ ਪਰ ਉਹ ਇਸ ਤੋਂ ਪਹਿਲਾਂ ਚਾਂਦੀ ਦਾ ਤਗ਼ਮਾ ਵੀ ਜਿੱਤ ਚੁੱਕੇ ਹਨ।

ਉਨ੍ਹਾਂ ਨੇ ਸਾਲ 2014 ਵਿੱਚ ਗਲਾਸਗੋ ਵਿੱਚ ਹੀ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2018 ਦੀਆਂ ਗੋਲਡ ਕੋਸਟ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਫਿਰ ਸਾਲ 2022 ਦੀਆਂ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।

ਮੀਰਾਬਾਈ ਨੇ ਟੋਕਿਓ ਓਲੰਪਿਕਸ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਿਸ ਨਾਲ ਉਹ ਅਜਿਹਾ ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਬਣੇ ਸਨ।

ਦੋ ਵਾਰ ਜਿੱਤਿਆ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ

ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਸਾਲ 2022 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਜਿੱਤਿਆ ਸੀ।

ਚਾਨੂ ਨੂੰ ਜਨਤਕ ਵੋਟਿੰਗ ਦੇ ਨਤੀਜੇ ਆਉਣ ਤੋਂ ਬਾਅਦ ਜੇਤੂ ਐਲਾਨਿਆ ਗਿਆ ਸੀ।

ਸਾਲ 2021 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਵੀ ਉਨ੍ਹਾਂ ਨੇ ਹੀ ਜਿੱਤਿਆ ਸੀ।

ਮੀਰਾਬਾਈ ਚਾਨੂ ਨੇ ਕਿਹੜੇ-ਕਿਹੜੇ ਤਗ਼ਮੇ ਜਿੱਤੇ ਹਨ?

ਮੀਰਾਬਾਈ ਚਾਨੂ

ਤਸਵੀਰ ਸਰੋਤ, NurPhoto via Getty Images

ਕਾਮਨਵੈਲਥ ਗੇਮਜ਼ 2014 – ਚਾਂਦੀ ਦਾ ਤਗ਼ਮਾ

ਵਿਸ਼ਵ ਚੈਂਪੀਅਨਸ਼ਿਪ 2017 – ਸੋਨ ਤਗ਼ਮਾ

ਕਾਮਨਵੈਲਥ ਗੇਮਜ਼ 2018 – ਸੋਨ ਤਗ਼ਮਾ

ਏਸ਼ੀਆਈ ਚੈਂਪੀਅਨਸ਼ਿਪ 2020 – ਕਾਂਸੀ ਦਾ ਤਗ਼ਮਾ

ਟੋਕਿਓ ਓਲੰਪਿਕ 2020 – ਚਾਂਦੀ ਦਾ ਤਗ਼ਮਾ

ਕਾਮਨਵੈਲਥ ਗੇਮਜ਼ 2022 – ਸੋਨ ਤਗ਼ਮਾ

ਵਿਸ਼ਵ ਚੈਂਪੀਅਨਸ਼ਿਪ 2022 – ਚਾਂਦੀ ਦਾ ਤਗ਼ਮਾ

ਵਿਸ਼ਵ ਚੈਂਪੀਅਨਸ਼ਿਪ 2025 – ਚਾਂਦੀ ਦਾ ਤਗ਼ਮਾ

ਕਾਮਨਵੈਲਥ ਗੇਮਜ਼ 2026 – ਸੋਨ ਤਗ਼ਮਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI