Source :- BBC PUNJABI
ਤਸਵੀਰ ਸਰੋਤ, Fotograzia via Getty Images
“ਦੁਨੀਆ ਦੇ ਅੰਤ ਦੇ ਸਮੇਂ ਵਿੱਚ ਏਆਈ ਇੱਕ ਵੱਡੀ ਭੂਮਿਕਾ ਨਿਭਾਏਗੀ।”
ਇਹ ਸ਼ਬਦ ਕਿਸੇ ਵੱਡੀ ਟੈਕ ਕੰਪਨੀ ਦੇ ਅੰਦਰੂਨੀ ਵਿਅਕਤੀ ਦੇ ਨਹੀਂ ਹਨ, ਜੋ ਇਨਸਾਨੀਅਤ ‘ਤੇ ਮੰਡਰਾ ਰਹੇ ਖ਼ਤਰੇ ਬਾਰੇ ਚੇਤਾਵਨੀ ਦੇ ਰਿਹਾ ਹੋਵੇ। ਸਗੋਂ ਇਹ ਸ਼ਬਦ ਅਟਲਾਂਟਾ ਦੇ ਬਹੁਤ ਪ੍ਰਭਾਵਸ਼ਾਲੀ ਪਾਦਰੀ ਫਿਲਿਪ ਐਂਥਨੀ ਮਿਚੇਲ ਨੇ ਕਹੇ ਸਨ।
“ਅੰਤ ਸਮੇਂ” (end-times) ਤੋਂ ਉਨ੍ਹਾਂ ਦਾ ਮਤਲਬ ਦੁਨੀਆ ਦੇ ਖ਼ਤਮ ਹੋਣ ਤੋਂ ਹੈ। ਅਤੇ ਅੱਜ, ਮਿਚੇਲ ਦੀ ਭਵਿੱਖਬਾਣੀ ਦੇ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਬਾਅਦ, ਕਈ ਹੋਰ ਜਾਣੇ-ਪਛਾਣੇ ਈਸਾਈ ਵੀ ਟਿੱਕਟੌਕ ਅਤੇ ਪੌਡਕਾਸਟ ਤੋਂ ਲੈਕੇ ਪਬਲਿਸ਼ਿੰਗ ਤੱਕ ਦੇ ਮੰਚਾਂ ‘ਤੇ ਇਸ ਗੱਲ ‘ਤੇ ਚਰਚਾ ਕਰ ਰਹੇ ਹਨ ਕਿ ਕੀ ਆਰਟੀਫਿਸ਼ਲ ਇੰਟੈਲੀਜੈਂਸ ਦੁਨੀਆ ਦੇ ਵਿਨਾਸ਼ ਦਾ ਕਾਰਨ ਬਣ ਸਕਦੀ ਹੈ।
ਮੇਗਾਚਰਚ ਦੇ ਪਾਦਰੀ ਗ੍ਰੇਗ ਲੌਰੀ ਪੁੱਛਦੇ ਹਨ, “ਕੀ ਏਆਈ ਦੁਨੀਆ ਦੇ ਅੰਤ ਵਾਲੀ ਸਥਿਤੀ ਦਾ ਹਿੱਸਾ ਹੋ ਸਕਦੀ ਹੈ? ਅਜਿਹਾ ਹੋਣਾ ਬਹੁਤ ਸੰਭਵ ਹੈ।”
ਪਾਦਰੀ ਮਾਈਕ ਸਿਗਨੋਰੇਲੀ, ਪੌਡਕਾਸਟ ਸੁਣਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹਨ ਕਿ “ਇਹ ਉਸ ਪ੍ਰਕਿਰਿਆ ਦਾ ਇੱਕ ਅਹਿਮ ਹਿੱਸਾ ਹੈ, ਜਿਸ ਰਾਹੀਂ ਐਂਟੀਕ੍ਰਾਇਸਟ (Antichrist) ਦੇ ਆਉਣ ਦਾ ਰਸਤਾ ਤਿਆਰ ਹੁੰਦਾ ਹੈ।”
ਇਹ ਸਾਰੇ ਪਾਦਰੀ ਮੰਨਦੇ ਹਨ ਕਿ ਏਆਈ ਦੀ ਵਰਤੋਂ ਚੰਗੇ ਕੰਮਾਂ ਲਈ ਕੀਤੀ ਜਾ ਸਕਦੀ ਹੈ। ਪਰ ਉਹ ਇਸ ਗੱਲ ਦੀ ਵੀ ਚੇਤਾਵਨੀ ਦਿੰਦੇ ਹਨ ਕਿ ਐਂਟੀਕ੍ਰਾਈਸਟ – ਜੋ ਸ਼ੈਤਾਨ ਦਾ ਨੁਮਾਇੰਦਾ ਹੈ – ਇਸ ਦੀ ਵਰਤੋਂ ਲੋਕਾਂ ਨੂੰ ਰੱਬ ਦੀ ਬਜਾਏ ਉਸ ਦੀ ਪੂਜਾ ਕਰਨ ਲਈ ਭੜਕਾਉਣ ਵਾਸਤੇ ਕਰ ਸਕਦਾ ਹੈ।
‘ਅੰਤ ਸਮੇਂ’ ਵਾਲੀਆਂ ਭਵਿੱਖਬਾਣੀਆਂ
ਤਸਵੀਰ ਸਰੋਤ, DeAgostini/Getty Images
ਈਸਾਈ ਧਰਮ ਵਿੱਚ, “ਅੰਤ ਸਮੇਂ” (end-times) ਦਾ ਮਤਲਬ ਧਰਤੀ ਦੇ ਆਖਰੀ ਦਿਨਾਂ ਬਾਰੇ ਕੀਤੀਆਂ ਗਈਆਂ ਭਵਿੱਖਬਾਣੀਆਂ ਤੋਂ ਹੈ। ਐਂਟੀਕ੍ਰਾਈਸਟ ਨੂੰ ਰੱਬ ਦਾ ਦੁਸ਼ਮਣ ਮੰਨਿਆ ਜਾਂਦਾ ਹੈ, ਜੋ ਜੀਸਸ ਨਾਲ ਲੜਾਈ ਵਿੱਚ ਹਾਰਨ ਤੋਂ ਪਹਿਲਾਂ ਕਬਜ਼ਾ ਕਰ ਲੈਂਦਾ ਹੈ।
ਇਹ ਵਿਚਾਰ ਬਾਈਬਲ ਦੀ ਆਖਰੀ ਕਿਤਾਬ, ‘ਬੁੱਕ ਆਫ਼ ਰਿਵੇਲੇਸ਼ਨ’ (Book of Revelation) ‘ਤੇ ਆਧਾਰਿਤ ਹਨ। ਇਸ ਵਿੱਚ ਅਜਿਹੇ ਦ੍ਰਿਸ਼ ਹਨ ਜੋ ਬਹੁਤ ਅਸਲ ਅਤੇ ਡਰਾਉਣੇ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿੱਚ “ਸਮੁੰਦਰ ਵਿੱਚੋਂ ਨਿੱਕਲਿਆ ਜਾਨਵਰ” (Beast from the sea) ਵੀ ਸ਼ਾਮਿਲ ਹੈ, ਜਿਸ ਦੇ ਸੱਤ ਸਿਰ ਅਤੇ 10 ਸਿੰਗ ਹਨ; ਮੰਨਿਆ ਜਾਂਦਾ ਹੈ ਕਿ ਇਹ ਐਂਟੀਕ੍ਰਾਈਸਟ ਦਾ ਪ੍ਰਤੀਕ ਹੈ।
ਕਈ ਈਸਾਈ ‘ਰਿਵੇਲੇਸ਼ਨ’ ਨੂੰ ਪ੍ਰਤੀਕਾਤਮਕ ਮੰਨਦੇ ਹਨ। ਕੁਝ ਦਾ ਕਹਿਣਾ ਹੈ ਕਿ ਇਸ ਦਾ ਸਬੰਧ ਸ਼ੁਰੂਆਤੀ ਚਰਚ ‘ਤੇ ਰੋਮਨ ਸਾਮਰਾਜ ਦੇ ਜ਼ੁਲਮਾਂ ਨਾਲ ਹੈ। ਪਰ ਦੂਜੇ ਇਸ ਨੂੰ ਭਵਿੱਖਬਾਣੀ ਮੰਨਦੇ ਹਨ ਅਤੇ ਕੁਝ ਦਾ ਕਹਿਣਾ ਹੈ ਕਿ ਏਆਈ ਇਸ ਕਿਤਾਬ ਦਾ “ਦੂਜਾ ਜਾਨਵਰ” (second Beast) ਹੈ, ਇੱਕ “ਝੂਠਾ ਪੈਗੰਬਰ” (false prophet) ਜੋ ਮਨੁਖਾਂ ਨੂੰ ਐਂਟੀਕ੍ਰਾਈਸਟ ਦੀ ਪੂਜਾ ਕਰਨ ਲਈ ਭੜਕਾਉਂਦਾ ਹੈ, ਜਾਂ ਫਿਰ ਖੁਦ ਹੀ ਐਂਟੀਕ੍ਰਾਈਸਟ ਹੈ।
‘ਅਸੀਂ ਤੇਜ਼ੀ ਨਾਲ ਬਦਲਦੇ ਦੌਰ ਵਿੱਚ ਜੀਅ ਰਹੇ ਹਾਂ’

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਏਆਈ ਦੁਨੀਆ ਨੂੰ ਬਦਲ ਰਹੀ ਹੈ ਅਤੇ ਇਸ ਦੀ ਤਾਕਤ ਅਤੇ ਸਮਰੱਥਾ ਨੂੰ ਲੈਕੇ ਚਿੰਤਾਵਾਂ ਵੀ ਪੈਦਾ ਹੋ ਰਹੀਆਂ ਹਨ – ਜਿਵੇਂ ਕਿ ਐਂਥਰੋਪਿਕ ਦੇ ਸਾਬਕਾ ਰਿਸਰਚਰ ਜੈਕਬ ਕੌਕਸਨ ਦਾ ਕਹਿਣਾ ਹੈ ਕਿ “ਅਸੀਂ ਸਾਰੇ ਜਲਦੀ ਮਰ ਸਕਦੇ ਹਾਂ”, ਅਤੇ ਵੱਡੀਆਂ ਟੈਕ ਕੰਪਨੀਆਂ ਦੇ ਬੌਸ ਚੇਤਾਵਨੀ ਦੇ ਰਹੇ ਹਨ ਕਿ ਜੇ ਵਿਕਾਸ ਦੀ ਰਫ਼ਤਾਰ ਹੌਲੀ ਨਾ ਕੀਤੀ ਗਈ ਤਾਂ ਖ਼ਤਰੇ ਹੋ ਸਕਦੇ ਹਨ।
ਸੇਂਟ ਜੌਨਜ਼ ਸਕੂਲ ਆਫ਼ ਥਿਓਲੋਜੀ ਐਂਡ ਸੈਮੀਨਰੀ ਦੇ ਪ੍ਰੋਫੈਸਰ ਨੋਰੀਨ ਹਰਜ਼ਫੈਲਡ, ਜੋ ਏਆਈ ਅਤੇ ਟੈਕਨਾਲੋਜੀ ਦੀ ਨੈਤਿਕਤਾ ਦੇ ਮਾਹਿਰ ਹਨ, ਕਹਿੰਦੇ ਹਨ ਕਿ “ਜਿਸ ਵੇਲੇ ਵੱਡੇ ਬਦਲਾਅ ਹੁੰਦੇ ਹਨ ਉਸ ਸਮੇਂ ਦੁਨੀਆ ਦੇ ਖ਼ਤਮ ਹੋਣ ਦੀ ਚਰਚਾ ਖੂਬ ਹੁੰਦੀ ਹੈ। ਇਸ ਨਾਲ ਲੋਕਾਂ ਨੂੰ ਸਮਾਜਿਕ ਤਣਾਅ ਨੂੰ ਸਮਝਣ ਦਾ ਇੱਕ ਤਰੀਕਾ ਮਿਲਦਾ ਹੈ; ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਭ ਉਂਝ ਹੀ ਨਹੀਂ ਹੋ ਰਿਹਾ, ਸਗੋਂ ਇਹ ਰੱਬ ਦੀ ਯੋਜਨਾ ਦਾ ਹਿੱਸਾ ਹੈ।”
ਹਰਜ਼ਫੈਲਡ ਨੌਕਰੀਆਂ ‘ਤੇ ਏਆਈ ਦੇ ਅਸਰ ਦੀ ਤੁਲਨਾ ਉਦਯੋਗਿਕ ਕ੍ਰਾਂਤੀ ਨਾਲ ਕਰਦੇ ਹਨ, ਜਿਸ ਨਾਲ ਬਹੁਤ ਜ਼ਿਆਦਾ ਅਨਿਸ਼ਚਿਤਤਾ ਅਤੇ ਚਿੰਤਾ ਵੀ ਆਈ ਸੀ।
ਉਹ ਕਹਿੰਦੇ ਹਨ, “ਅਸੀਂ ਤੇਜ਼ੀ ਨਾਲ ਬਦਲਦੇ ਦੌਰ ਵਿੱਚ ਜੀਅ ਰਹੇ ਹਾਂ। ਅਤੇ ਅਸੀਂ ਦੇਖ ਰਹੇ ਹਾਂ ਕਿ ਕੰਪਿਊਟਰ ਟੈਕਨਾਲੋਜੀ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ।”
“ਸਾਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਟੈਕਨਾਲੋਜੀ ਨੌਕਰੀਆਂ ਖੋਹ ਲਵੇਗੀ, ਇਹ ਸਭ ਕੁਝ ਬਦਲ ਦੇਵੇਗੀ, ਹਰ ਚੀਜ਼ ਵਿੱਚ ਕ੍ਰਾਂਤੀ ਲਿਆ ਦੇਵੇਗੀ। ਇਸ ਤਰ੍ਹਾਂ ਦਾ ਤੇਜ਼ੀ ਨਾਲ ਆਉਂਦਾ ਬਦਲਾਅ ਲੋਕਾਂ ਲਈ ਬਹੁਤ ਮੁਸ਼ਕਿਲ ਹੁੰਦਾ ਹੈ।”
ਆਪਣੇ ਕੰਟਰੋਲ ਜਾਂ ਫ਼ੈਸਲੇ ਲੈਣ ਦੀ ਸਮਰੱਥਾ ਗੁਆਉਣ ਦਾ ਅਹਿਸਾਸ ਵੀ ਹੁੰਦਾ ਹੈ – ਏਆਈ ਸਾਡੀ ਜ਼ਿਆਦਾਤਰ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ, ਭਾਵੇਂ ਅਸੀਂ ਇਸ ਨੂੰ ਪਸੰਦ ਕਰੀਏ ਜਾਂ ਨਾ ਕਰੀਏ – ਅਤੇ ਸਿਲਿਕਾਨ ਵੈਲੀ ਤੋਂ ਚੇਤਾਵਨੀਆਂ ਆ ਰਹੀਆਂ ਹਨ ਕਿ “ਇਸ ਗੱਲ ਦੀ 10% ਜਾਂ 15% ਸੰਭਾਵਨਾ ਹੈ ਕਿ ਏਆਈ ਸਾਨੂੰ ਸਾਰਿਆਂ ਨੂੰ ਖ਼ਤਮ ਕਰ ਦੇਵੇਗੀ।”
“ਜੇ ਲੋਕਾਂ ਨੂੰ ਇਹ ਅਹਿਸਾਸ ਹੋਵੇ ਕਿ ਰੱਬ ਦਾ ਅਜੇ ਵੀ ਕੰਟਰੋਲ ਹੈ, [ਕਿ] ਇਸ ਦੇ ਪਿੱਛੇ ਕੋਈ ਮਕਸਦ ਹੈ, ਇਹ ਸਭ ਪਹਿਲਾਂ ਤੋਂ ਤੈਅ ਸੀ, ਤਾਂ ਉਹ ਕਹਿ ਸਕਦੇ ਹਨ, ‘ਮੈਂ ਇਸ ਪਲ ਦਾ ਸਾਹਮਣਾ ਕਿਵੇਂ ਕਰਨਾ ਚਾਹੁੰਦਾ ਹਾਂ? ਮੈਨੂੰ ਕੀ ਕਰਨਾ ਚਾਹੀਦਾ ਹੈ?’ ‘ਮੈਂ ਬੁਰਾਈ ਦੀ ਬਜਾਏ ਚੰਗਿਆਈ ਦਾ ਪੱਖ ਕਿਵੇਂ ਚੁਣਾਂ?'”
‘ਅਜਿਹਾ ਵਿਸ਼ਾ ਹੈ ਜੋ ਹਰ ਦਹਾਕੇ ਵਿੱਚ ਦੁਹਰਾਇਆ ਜਾਂਦਾ ਹੈ’
ਤਸਵੀਰ ਸਰੋਤ, Daniel Boczarski/Getty Images
ਪਿਊ ਰਿਸਰਚ ਸੈਂਟਰ ਦੇ 2022 ਦੇ ਇੱਕ ਸਰਵੇਖਣ ਦੇ ਅਨੁਸਾਰ, ਲਗਭਗ 40% ਅਮਰੀਕੀ ਬਾਲਗ ਮੰਨਦੇ ਹਨ ਕਿ ਅਸੀਂ ਦੁਨੀਆ ਦੇ ਆਖਰੀ ਦੌਰ (end-times) ਵਿੱਚ ਜੀਅ ਰਹੇ ਹਾਂ। ਈਸਾਈਆਂ ਵਿੱਚ ਇਹ ਅੰਕੜਾ 47% ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਵਿਸ਼ਾ ਹੈ ਜੋ ਹਰ ਦਹਾਕੇ ਵਿੱਚ ਦੁਹਰਾਇਆ ਜਾਂਦਾ ਹੈ, ਜਿਸ ਵਿੱਚ ਅੱਜ ਦੀਆਂ ਚਿੰਤਾਵਾਂ ਨੂੰ ‘ਐਂਟੀਕ੍ਰਾਈਸਟ’ (ਬੁਰਾਈ ਦੀ ਤਾਕਤ) ਦੀ ਤਸਵੀਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਨੌਰਥ ਕੈਰੋਲੀਨਾ ਦੀ ਐਲੋਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਫਰੀ ਸੀ. ਪਿਊ ਕਹਿੰਦੇ ਹਨ, “ਮੇਰੀ ਦਾਦੀ ਦਾ ਮੰਨਣਾ ਸੀ ਕਿ ਫ੍ਰੈਂਕਲਿਨ ਡੈਲਾਨੋ ਰੂਜ਼ਵੈਲਟ ਹੀ ਐਂਟੀਕ੍ਰਾਈਸਟ ਸਨ।”
ਅਮਰੀਕੀ ਰਾਸ਼ਟਰਪਤੀ ਰੂਜ਼ਵੈਲਟ ਨੇ ‘ਮਹਾਮੰਦੀ’ ਦੌਰਾਨ ਅਹੁਦਾ ਸੰਭਾਲਿਆ ਸੀ, ਜੋ ਬਹੁਤ ਜ਼ਿਆਦਾ ਅਨਿਸ਼ਚਿਤਤਾ ਅਤੇ ਗਰੀਬੀ ਦਾ ਸਮਾਂ ਸੀ। ਉਨ੍ਹਾਂ ਦੇ ਹੱਲ, ‘ਨਿਊ ਡੀਲ’ ਨੂੰ ਕ੍ਰਾਂਤੀਕਾਰੀ ਮੰਨਿਆ ਗਿਆ ਸੀ।
ਪਿਊ ਮੁਤਾਬਕ ਕਿ ਉਨ੍ਹਾਂ ਦੀ ਦਾਦੀ ਦੀ ਸੋਚ “ਮੌਜੂਦਾ ਘਟਨਾਵਾਂ ਨੂੰ ਬਾਈਬਲ ਦੀ ਕਿਸੇ ਖਾਸ ਕਹਾਣੀ ਨਾਲ ਜੋੜਨ ਦੀ ਬੇਤੁਕੀ ਕੋਸ਼ਿਸ਼ ਨੂੰ ਦਰਸਾਉਂਦੀ ਹੈ।”
ਹਾਲਾਂਕਿ ਅਮਰੀਕਾ ਵਿੱਚ ਦੁਨੀਆ ਦੇ ਖ਼ਤਮ ਹੋਣ ਦੀਆਂ ਗੱਲਾਂ ਹਮੇਸ਼ਾ ਤੋਂ ਹੁੰਦੀਆਂ ਰਹੀਆਂ ਹਨ, ਪਰ 1960 ਦੇ ਦਹਾਕੇ ਵਿੱਚ ਇਸ ਨੂੰ ਜ਼ਿਆਦਾ ਹੁਲਾਰਾ ਮਿਲਿਆ।
ਪਿਊ ਮੁਤਾਬਕ, “ਉਹ ਸਮਾਜਿਕ ਉਥਲ-ਪੁਥਲ ਦਾ ਦੌਰ ਸੀ। ਸਾਡੇ ਦੋ ਸਿਆਸੀ ਆਗੂਆਂ ਦੀ ਹੱਤਿਆ ਹੋਈ ਸੀ – ਜੇ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਵੀ ਗਿਣੀਏ ਤਾਂ ਤਿੰਨ ਹੱਤਿਆਵਾਂ ਹੋਈਆਂ ਸਨ। ਗੋਰੇ ਲੋਕਾਂ ਦੇ ਜ਼ੁਲਮ ਖ਼ਿਲਾਫ਼ ਸਿਆਹਫਾਮ ਲੋਕਾਂ ਦੇ ਗੁੱਸੇ ਕਾਰਨ ਸ਼ਹਿਰ ਸੜ ਰਹੇ ਸਨ। ਬੱਚੇ ਆਪਣੇ ਆਪ ਨੂੰ ਅਜਿਹੇ ਤਰੀਕਿਆਂ ਨਾਲ ਜ਼ਾਹਿਰ ਕਰਨ ਲੱਗੇ ਸਨ, ਜਿਵੇਂ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ” – ਜਿਵੇਂ ਜੰਗ-ਵਿਰੋਧੀ ਪ੍ਰਦਰਸ਼ਨ ਤੋਂ ਲੈ ਕੇ ਨੌਜਵਾਨਾਂ ਦਾ ‘ਕਾਊਂਟਰ-ਕਲਚਰ’ (ਮੁੱਖਧਾਰਾ ਤੋਂ ਵੱਖਰਾ ਸੱਭਿਆਚਾਰ)।
‘ਡਰਾਉਣੀਆਂ ਤਕਨੀਕਾਂ’
ਤਸਵੀਰ ਸਰੋਤ, Getty Images
ਇਸ ਤੋਂ ਬਾਅਦ 1970 ਦੇ ਦਹਾਕੇ ਵਿੱਚ ‘ਦਿ ਲੇਟ ਗ੍ਰੇਟ ਪਲੈਨੇਟ ਅਰਥ’ ਕਿਤਾਬ ਬਹੁਤ ਲੋਕਪ੍ਰਿਯ ਹੋਈ, ਜਿਸ ਵਿੱਚ ਦੁਨੀਆ ਦੇ ਖ਼ਤਮ ਹੋਣ ਦੀਆਂ ਭਵਿੱਖਬਾਣੀਆਂ ਨੂੰ ਸਿੱਧੇ ਤੌਰ ‘ਤੇ ਅੱਜ ਦੀਆਂ ਘਟਨਾਵਾਂ ਅਤੇ ਭੂ-ਰਾਜਨੀਤੀ ਨਾਲ ਜੋੜਿਆ ਗਿਆ ਸੀ।
ਪਿਊ ਕਹਿੰਦੇ ਹਨ, “ਉਸ ਸਮੇਂ ਤੋਂ ਬਾਅਦ, ਹਰ ਸਮਾਜਿਕ ਉਥਲ-ਪੁਥਲ ਨੂੰ ਦੁਨੀਆ ਦੇ ਖ਼ਤਮ ਹੋਣ ਵਾਲੇ ਉਸੇ ਵਿਚਾਰ ਨਾਲ ਜੋੜ ਕੇ ਦੇਖਿਆ ਜਾਣ ਲੱਗਾ।”
ਸ਼ੀਤ ਯੁੱਧ (Cold War) ਦੌਰਾਨ, ਸੋਵੀਅਤ ਸੰਘ ਅਤੇ ਕਮਿਊਨਿਜ਼ਮ ਨੂੰ ਐਂਟੀਕ੍ਰਾਈਸਟ ਮੰਨਿਆ ਜਾਂਦਾ ਸੀ। 9/11 ਦੇ ਹਮਲਿਆਂ ਤੋਂ ਬਾਅਦ, ਕੁਝ ਈਸਾਈਆਂ ਲਈ ਇਸਲਾਮ ਐਂਟੀਕ੍ਰਾਈਸਟ ਬਣ ਗਿਆ।
ਡਾਕਟਰ ਪਿਊ ਕਹਿੰਦੇ ਹਨ, “ਤੁਸੀਂ ਭਾਵੇਂ ਕਿਸੇ ਵੀ ਉਮਰ ਦੇ ਹੋਵੋ, ਤੁਹਾਡੇ ਮਨ ਦੇ ਡਰ ਅਕਸਰ ਦੁਨੀਆ ਦੇ ਅੰਤ (end-times) ਨਾਲ ਜੁੜੀਆਂ ਇਨ੍ਹਾਂ ਕਹਾਣੀਆਂ ਵਿੱਚ ਝਲਕਣ ਲੱਗਦੇ ਹਨ।”
ਆਸਟ੍ਰੇਲੀਆਈ ਪਾਦਰੀ ਸਟੀਫਨ ਡ੍ਰਿਸਕੋਲ, ਜਿਨ੍ਹਾਂ ਨੇ ‘ਮੇਡ ਇਨ ਆਵਰ ਇਮੇਜ: ਗੌਡ, ਆਰਟੀਫਿਸ਼ਲ ਇੰਟੈਲੀਜੈਂਸ, ਐਂਡ ਯੂ’ ਕਿਤਾਬ ਲਿਖੀ ਹੈ, ਨੂੰ ਪੱਕਾ ਨਹੀਂ ਪਤਾ ਕਿ ਐਂਟੀਕ੍ਰਾਇਸਟ ਕੌਣ ਹੈ ਜਾਂ ਕੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਏਆਈ, “ਹੁਣ ਤੱਕ ਬਣਾਈਆਂ ਗਈਆਂ ਸਭ ਤੋਂ ਡਰਾਉਣੀਆਂ ਤਕਨੀਕਾਂ ਵਿੱਚੋਂ ਇੱਕ” ਹੈ, ਇਸਦੇ (ਐਂਟੀਕ੍ਰਾਇਸਟ) ਲਈ ਇੱਕ “ਸੰਭਾਵਿਤ ਉਮੀਦਵਾਰ” ਹੋ ਸਕਦੀ ਹੈ। ਪਰ ਭਵਿੱਖ ਦਾ ਅੰਦਾਜ਼ਾ ਲਗਾਉਣ ਲਈ ਬਾਈਬਲ ਦੀ ਵਰਤੋਂ ਕਰਨਾ ਬਹੁਤ ਮਦਦਗਾਰ ਨਹੀਂ ਹੈ।
ਡ੍ਰਿਸਕੋਲ ਕਹਿੰਦੇ ਹਨ, “ਐਂਟੀਕ੍ਰਾਇਸਟ ਕੌਣ ਹੈ, ਇਸ ਬਾਰੇ ਬਾਈਬਲ ਵਿੱਚ ਮਹਿਜ਼ ਕਿਆਸਾਂ ਤੋਂ ਕਿਤੇ ਜ਼ਿਆਦਾ ਗੱਲਾਂ ਹਨ।”
ਇਹ “ਸਾਨੂੰ ਬਦਲਾਅ ਲਈ ਤਿਆਰ ਕਰਦੀ ਹੈ, ਕੰਮ ਬਾਰੇ ਇੱਕ ਸੋਚ ਦਿੰਦੀ ਹੈ ਅਤੇ ਏਆਈ ਅਲਾਈਨਮੈਂਟ (ਏਆਈ ਨੂੰ ਮਨੁੱਖੀ ਕਦਰਾਂ-ਕੀਮਤਾਂ ਨਾਲ ਜੋੜਨ) ਦੀ ਅਸਲੀਅਤ ਨੂੰ ਸਮਝਣ ਲਈ ਜ਼ਰੂਰੀ ਗੱਲਾਂ ਦੱਸਦੀ ਹੈ।”
(ਸੌਖੇ ਸ਼ਬਦਾਂ ਵਿੱਚ, ਉਨ੍ਹਾਂ ਦਾ ਕਹਿਣਾ ਹੈ ਕਿ ਬਾਇਬਲ ਸਾਨੂੰ ਦੱਸਦੀ ਹੈ ਕਿ ਬਦਲਾਅ ਨੂੰ ਕਿਵੇਂ ਅਪਨਾਉਣਾ ਹੈ, ਉਸ ਮੁਤਾਬਕ ਆਪਣੇ ਆਪ ਨੂੰ, ਕੰਮ ਕਰਨ ਦੇ ਤਰੀਕੇ ਨੂੰ ਕਿਵੇਂ ਢਾਲਣਾ ਹੈ ਤੇ ਇਸਦੇ ਨਾਲ-ਨਾਲ ਏਆਈ ਨੂੰ ਵੀ ਕਿਵੇਂ ਨਾਲ ਲੈਕੇ ਚੱਲਣਾ ਹੈ।)
‘ਰੱਬ ਦੀ ਆਗਿਆ ਮੰਨਣਾ’
ਤਸਵੀਰ ਸਰੋਤ, Getty Images
ਦਿ ਓਲਡ ਟੈਸਟਾਮੈਂਟ ਵਿੱਚ “ਖੇਤੀਬਾੜੀ ਨਾਲ ਜੁੜੀਆਂ ਤਕਨੀਕੀ ਖੋਜਾਂ [ਜਿਵੇਂ] ਅਨਾਜ ਵੱਖ ਕਰਨ ਵਾਲੇ ਸਲੈਜ ਅਤੇ ਹੋਰ ਚੀਜ਼ਾਂ ਬਾਰੇ ਗੱਲ ਕੀਤੀ ਗਈ ਹੈ… ਅਤੇ ਕਿਹਾ ਗਿਆ ਹੈ ਕਿ ਇਹ ਸਭ ਰੱਬ ਵੱਲੋਂ ਹੀ ਆਉਂਦਾ ਹੈ।”
“ਤਕਨੀਕੀ ਸਮਝ ਦੇਣ ਵਾਲਾ ਰੱਬ ਹੈ,” ਜਿਸ ਦਾ “ਪੱਥਰ ਦੇ ਯੁੱਗ ਤੋਂ ਲੈ ਕੇ ਕਾਂਸੀ, ਲੋਹੇ, ਸਟੀਲ, ਨਿਊਕਲੀਅਰ ਅਤੇ ਏਆਈ ਤੱਕ ਦੇ ਹਰ ਤਕਨੀਕੀ ਦੌਰ ‘ਤੇ ਪੂਰਾ ਕੰਟਰੋਲ ਹੈ।”
ਡ੍ਰਿਸਕੋਲ ਦੱਸਦੇ ਹਨ ਕਿ ਓਲਡ ਟੈਸਟਾਮੈਂਟ ਵਿੱਚ, ਜਲਾਵਤਨੀ ਦੌਰਾਨ ਡੈਨਿਅਲ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਨ ਵਾਲੇ ਕਈ ਸਾਮਰਾਜਾਂ ਦੇ ਦੌਰ ਵਿੱਚ ਰਹਿੰਦੇ ਹਨ।
ਉਹ “ਸਮੇਂ ਨੂੰ ਕੰਟਰੋਲ ਨਹੀਂ ਕਰ ਸਕਦੇ ਅਤੇ ਆਉਣ ਵਾਲੇ ਸਾਮਰਾਜਾਂ ਨੂੰ ਰੋਕ ਨਹੀਂ ਸਕਦੇ, ਭਾਵੇਂ ਉਹ ਤਬਾਹੀ ਲਿਆਉਣ ਵਾਲੇ ਹੀ ਕਿਉਂ ਨਾ ਹੋਣ।”
“ਪਰ ਉਹ ਵਫ਼ਾਦਾਰ ਅਤੇ ਉਮੀਦ ਨਾਲ ਭਰੇ ਰਹਿ ਸਕਦੇ ਹਨ, ਚੰਗੀ ਜ਼ਿੰਦਗੀ ਜੀਅ ਸਕਦੇ ਹਨ, ਲੋਕਾਂ ਨਾਲ ਪਿਆਰ ਕਰ ਸਕਦੇ ਹਨ ਅਤੇ ਜਿੱਥੇ ਵੀ ਹੋਣ, ਰੱਬ ਦੀ ਗੱਲ ਮੰਨ ਸਕਦੇ ਹਨ।”
“ਉਹ ਸਮੇਂ ਨੂੰ ਕੰਟਰੋਲ ਨਹੀਂ ਕਰ ਸਕਦੇ – ਪਰ ਉਹ ਚੰਗੀ ਜ਼ਿੰਦਗੀ ਜੀਅ ਸਕਦੇ ਹਨ।”
ਇਸ ਲਈ, ਭਾਵੇਂ ਅਸੀਂ ਦੁਨੀਆ ਦੇ ਅੰਤ ਦਾ ਸਾਹਮਣਾ ਕਰ ਰਹੇ ਹਾਂ ਜਾਂ ਨਹੀਂ, ਆਖ਼ਿਰ ਵਿੱਚ ਸਭ ਕੁਝ ਚੰਗੇ ਲਈ ਹੀ ਹੋਵੇਗਾ।
ਡ੍ਰਿਸਕੋਲ ਕਹਿੰਦੇ ਹਨ, “ਜੋ ਕੁਝ ਵੀ ਹੁੰਦਾ ਹੈ, ਉਹ ਸਭ ਚੰਗਾ ਨਹੀਂ ਹੁੰਦਾ” – ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ “ਰੱਬ ਚੰਗਾ ਹੈ – ਅਤੇ ਸਭ ਕੁਝ ਉਸ ਦੇ ਕੰਟਰੋਲ ਵਿੱਚ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



