Source :- BBC PUNJABI
ਤਸਵੀਰ ਸਰੋਤ, Netflix
ਨਵੀਂ ਅਤੇ ਹੈਰਾਨੀਜਨਕ ਸੱਚੀ ਅਪਰਾਧਕ ਘਟਨਾ ‘ਤੇ ਆਧਾਰਿਤ ਡੌਕੂਡ੍ਰਾਮਾ ‘ਏ ਚਾਈਲਡ ਆਫ ਮਾਈ ਓਨ’ ਇੱਕ ਨੌਜਵਾਨ ਮੈਕਸੀਕਨ ਔਰਤ ਦੇ ਚਰਚਿਤ ਮਾਮਲੇ ਦੀ ਪੜਚੋਲ ਕਰਦਾ ਹੈ, ਜਿਸ ਨੇ ਮਾਂ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਹੈਰਾਨ ਕਰਨ ਵਾਲਾ ਕਦਮ ਚੁੱਕਿਆ।
17 ਜੂਨ, 2009 ਨੂੰ 26 ਸਾਲਾ ਇੱਕ ਔਰਤ ਮੈਕਸੀਕੋ ਸਿਟੀ ਦੇ ਇੱਕ ਹਸਪਤਾਲ ਤੋਂ ਇੱਕ ਤੋਹਫ਼ੇ ਵਾਲਾ ਬੈਗ਼ ਲੈ ਕੇ ਬਾਹਰ ਨਿਕਲੀ। ਉਸ ਬੈਗ਼ ਵਿੱਚ ਇੱਕ ਨਵਜੰਮੀ ਬੱਚੀ ਸੀ। ਪਰ ਉਹ ਔਰਤ, ਐਲੀਨੋਰ ਅਲੇਹਾਂਦਰਾ ਮਾਰਿਨ ਮੈਂਡੋਜ਼ਾ, ਉਸ ਬੱਚੀ ਦੀ ਮਾਂ ਨਹੀਂ ਸੀ।
ਚੇਤਾਵਨੀ: ਇਸ ਲੇਖ ਵਿੱਚ ਗਰਭਪਾਤ ਨਾਲ ਸਬੰਧਤ ਕਈ ਹਵਾਲੇ ਹਨ।
ਕੁਝ ਘੰਟਿਆਂ ਬਾਅਦ ਉਹ ਅਤੇ ਉਸ ਦਾ ਪਤੀ ਆਰਤੁਰੋ ਇੱਕ ਮੋਟਲ ਵਿੱਚ ਗ੍ਰਿਫ਼ਤਾਰ ਕਰ ਲਏ ਗਏ ਅਤੇ ਬੱਚੀ ਕਾਤਿਆ ਵੈਲੇਨਟੀਨਾ ਨੂੰ ਬਿਨਾਂ ਕਿਸੇ ਨੁਕਸਾਨ ਦੇ ਉਸ ਦੇ ਮਾਪਿਆਂ ਕੋਲ ਵਾਪਸ ਪਹੁੰਚਾ ਦਿੱਤਾ ਗਿਆ।
ਮੈਂਡੋਜ਼ਾ ਨੂੰ ਬੱਚੀ ਅਗਵਾ ਕਰਨ ਦੇ ਦੋਸ਼ ਵਿੱਚ 13 ਸਾਲ ਦੀ ਕੈਦ ਹੋਈ। ਮੈਕਸੀਕੋ ਵਿੱਚ ਉਸ ਦੇ ਮਾਮਲੇ ਨੇ ਮੀਡੀਆ ਦਾ ਬਹੁਤ ਧਿਆਨ ਖਿੱਚਿਆ, ਕਿਉਂਕਿ ਉਸ ਨੇ ਪੂਰੀ ਗਰਭ ਅਵਸਥਾ ਦਾ ਅਜਿਹਾ ਝੂਠਾ ਦਿਖਾਵਾ ਕੀਤਾ ਸੀ, ਜਿਸ ‘ਤੇ ਉਸ ਦੇ ਪਤੀ, ਪਰਿਵਾਰ ਅਤੇ ਡਾਕਟਰਾਂ ਤੱਕ ਨੇ ਵਿਸ਼ਵਾਸ ਕਰ ਲਿਆ ਸੀ।
ਮਾਂ ਬਣਨ ਲਈ ਉਸ ਵੱਲੋਂ ਮਹਿਸੂਸ ਕੀਤੇ ਗਏ ਸਮਾਜਿਕ ਅਤੇ ਮਾਨਸਿਕ ਦਬਾਅ ਨੂੰ ਹੁਣ ਨਵੀਂ ਫ਼ਿਲਮ ‘ਏ ਚਾਈਲਡ ਆਫ ਮਾਈ ਓਨ’ ਵਿੱਚ ਦਰਸਾਇਆ ਗਿਆ ਹੈ।
ਇਸ ਸਨਸਨੀਖੇਜ਼ ਕਹਾਣੀ ਨੂੰ ਰਵਾਇਤੀ ਸੱਚੇ ਅਪਰਾਧ ਵਾਲੇ ਅੰਦਾਜ਼ ਵਿੱਚ ਨਹੀਂ ਦੱਸਿਆ ਗਿਆ, ਸਗੋਂ ਸਿਨੇਮਾਈ ਡੌਕੂਡ੍ਰਾਮਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।
ਇਸ ਦਾ ਪਹਿਲਾ ਅੱਧ ਮੈਂਡੋਜ਼ਾ ਵੱਲੋਂ ਦੱਸੀਆਂ ਘਟਨਾਵਾਂ ਦੀ ਬਹੁਤ ਹੀ ਨਾਟਕੀ ਢੰਗ ਨਾਲ ਕੀਤੀ ਗਈ ਪੇਸ਼ਕਾਰੀ ‘ਤੇ ਆਧਾਰਿਤ ਹੈ। ਇਸ ਤੋਂ ਬਾਅਦ ਅਸੀਂ ਅਸਲ ਮੈਂਡੋਜ਼ਾ ਨੂੰ ਮਿਲਦੇ ਹਾਂ, ਜਿਸ ਨੂੰ ਜੇਲ੍ਹ ਵਿੱਚ ‘ਐਲੇ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਦੇ ਨਾਲ ਹੀ ਮਾਮਲੇ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਮਿਲਾਇਆ ਜਾਂਦਾ ਹੈ ਅਤੇ ਉਸ ਸਮੇਂ ਦੀਆਂ ਖ਼ਬਰਾਂ ਦੀਆਂ ਵੀਡੀਓਜ਼ ਵੀ ਦਿਖਾਈਆਂ ਜਾਂਦੀਆਂ ਹਨ।
ਮੈਂਡੋਜ਼ਾ ਫ਼ਿਲਮ ਦੀ ਨਿਰਦੇਸ਼ਕ ਮਾਈਤੇ ਅਲਬੇਰਦੀ ਨੂੰ ਦੱਸਦੀ ਹੈ, “ਮੈਨੂੰ ਲੱਗਦਾ ਸੀ ਜਿਵੇਂ ਮੈਂ ਕਿਸੇ ਹੋਰ ਦੁਨੀਆ ਵਿੱਚ ਜੀਅ ਰਹੀ ਹਾਂ। ਕਈ ਵਾਰ ਮੇਰਾ ਮਨ ਕਰਦਾ ਸੀ ਕਿ ਮੈਂ ਕਹਾਂ, ‘ਇਹ ਅਸਲ ਨਹੀਂ ਹੈ’ ਜਾਂ ‘ਇਹ ਹੋ ਨਹੀਂ ਰਿਹਾ।’ ਪਰ ਮੈਂ ਅਜਿਹਾ ਨਹੀਂ ਕਰ ਸਕੀ।”
ਉਹ 2009 ਵਿੱਚ ਹੋਈ ਆਪਣੀ ਬੇਬੀ ਸ਼ਾਵਰ ਪਾਰਟੀ ਨੂੰ ਦੁਬਾਰਾ ਫ਼ਿਲਮਾਏ ਗਏ ਇੱਕ ਦ੍ਰਿਸ਼ ਬਾਰੇ ਗੱਲ ਕਰ ਰਹੀ ਹੈ, ਜਿਸ ਵਿੱਚ ਮੈਕਸੀਕਨ ਅਦਾਕਾਰਾ ਆਨਾ ਸੇਲੇਸਤੇ ਮੋਂਤਾਲਵੋ ਨੇ ਉਸ ਦਾ ਕਿਰਦਾਰ ਨਿਭਾਇਆ ਹੈ।
ਬਹੁਤ ਜ਼ਿਆਦਾ “ਗਰਭਵਤੀ” ਦਿਖਾਈ ਜਾ ਰਹੀ ਮੈਂਡੋਜ਼ਾ ਦਾ ਦੋਸਤਾਂ ਅਤੇ ਪਰਿਵਾਰ ਵੱਲੋਂ ਕੇਕ, ਤੋਹਫ਼ਿਆਂ ਅਤੇ ਗੁਬਾਰਿਆਂ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ।
ਮੈਂਡੋਜ਼ਾ ਮੰਨਦੀ ਹੈ ਕਿ ਇਸ ਸਥਿਤੀ ਨੇ ਉਸ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਸੀ। ਇੱਕ ਪਾਸੇ ਉਹ ਕਹਿੰਦੀ ਹੈ, “ਮੈਂ ਆਪਣੇ ਆਪ ਨੂੰ ਬਹੁਤ ਖ਼ਾਸ ਮਹਿਸੂਸ ਕਰ ਰਹੀ ਸੀ।”
ਦੂਜੇ ਪਾਸੇ ਉਹ ਕਹਿੰਦੀ ਹੈ, “ਮੇਰਾ ਮਨ ਕਰਦਾ ਸੀ ਕਿ ਕੋਈ ਆ ਕੇ ਇਨ੍ਹਾਂ ਝੂਠਾਂ ਦੇ ਗੁਬਾਰੇ ਨੂੰ ਫੋੜ ਦੇਵੇ।”
ਗੁਲਾਬੀ ਸੁਪਨਿਆਂ ਦੀ ਦੁਨੀਆ
ਤਸਵੀਰ ਸਰੋਤ, Netflix
ਚਿਲੀ ਦੀ ਨਿਰਦੇਸ਼ਕ ਅਲਬੇਰਦੀ, ਜੋ ਸਰਵੋਤਮ ਡੌਕੂਮੈਂਟਰੀ ਸ਼੍ਰੇਣੀ ਵਿੱਚ ਦੋ ਵਾਰ ਆਸਕਰ ਲਈ ਨਾਮਜ਼ਦ ਹੋ ਚੁੱਕੀ ਹੈ, ਮੈਂਡੋਜ਼ਾ ਵੱਲੋਂ ਦੱਸੀਆਂ ਘਟਨਾਵਾਂ ਨੂੰ ਇੱਕ ਨਾਟਕੀ ਪਰੀ ਕਹਾਣੀ ਦੇ ਰੂਪ ਵਿੱਚ ਪੇਸ਼ ਕਰਦੀ ਹੈ।
ਕਹਾਣੀ ਦੀ ਸ਼ੁਰੂਆਤ ਸਾਲ 2000 ਵਿੱਚ ਮੈਂਡੋਜ਼ਾ ਅਤੇ ਆਰਤੁਰੋ ਦੇ ਵਿਆਹ ਤੋਂ ਹੁੰਦੀ ਹੈ।
ਫ਼ਿਲਮ ਵਿੱਚ ਬੱਚਿਆਂ ਨਾਲ ਜੁੜੇ ਹਲਕੇ ਗੁਲਾਬੀ, ਪੀਲੇ ਅਤੇ ਨੀਲੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਕੈਮਰਾ ਹਲਕੇ ਧੁੰਦਲੇ ਪ੍ਰਭਾਵ ਨਾਲ ਅੱਗੇ ਵਧਦਾ ਹੈ। ਜਣੇਪਾ ਕਲੀਨਿਕ ਦੇ ਉਡੀਕ ਵਾਲੇ ਕਮਰੇ ਵਿੱਚ ਇੱਕ ਖੁਸ਼ ਮਾਂ ਅਤੇ ਬੱਚੇ ਦੀ ਤਸਵੀਰ ਲੱਗੀ ਹੋਈ ਹੈ।
ਮੈਂਡੋਜ਼ਾ ਨੂੰ ਹਮੇਸ਼ਾ ਗੁਲਾਬੀ ਰੰਗ ਦੇ ਵੱਖ-ਵੱਖ ਸ਼ੇਡਾਂ ਵਾਲੇ ਕੱਪੜਿਆਂ ਵਿੱਚ ਦਿਖਾਇਆ ਜਾਂਦਾ ਹੈ ਅਤੇ ਕਹਾਣੀ ਦੇ ਇਸ ਹਿੱਸੇ ਨੂੰ ਉਸ ਦੇ ਨਜ਼ਰੀਏ ਤੋਂ, ਉਸ ਦੀ ਆਵਾਜ਼ ਵਿੱਚ ਸੁਣਾਈ ਗਈ ਕਥਾ ਰਾਹੀਂ ਪੇਸ਼ ਕੀਤਾ ਗਿਆ ਹੈ।
ਅਲਬੇਰਦੀ ਬੀਬੀਸੀ ਨੂੰ ਦੱਸਦੀ ਹੈ, “ਮੈਂ ਇਨ੍ਹਾਂ ਦ੍ਰਿਸ਼ਾਂ ਨੂੰ ਪਰੀ ਕਹਾਣੀ ਵਰਗਾ ਇਸ ਲਈ ਬਣਾਇਆ ਹੈ, ਕਿਉਂਕਿ ਇਹ ਮੈਂਡੋਜ਼ਾ ਦਾ ਉਹ ਸੁਪਨਾ ਹੈ ਕਿ ਉਹ ਇਸ ਤਜਰਬੇ ਨੂੰ ਕਿਸ ਤਰ੍ਹਾਂ ਦੇਖਣਾ ਚਾਹੁੰਦੀ ਸੀ ਜਾਂ ਉਹ ਆਪਣੇ ਆਪ ਨੂੰ ਇਹ ਕਹਾਣੀ ਕਿਸ ਤਰ੍ਹਾਂ ਸੁਣਾ ਰਹੀ ਹੈ।”
“ਇਹ ਹਕੀਕਤ ਬਾਰੇ ਉਸ ਦਾ ਆਪਣਾ ਨਜ਼ਰੀਆ ਹੈ। ਅਸੀਂ ਇਸ ਗੁਲਾਬੀ ਦੁਨੀਆ ਨੂੰ ਹੱਦ ਤੱਕ ਲੈ ਜਾਂਦੇ ਹਾਂ, ਕਿਉਂਕਿ ਅਸਲ ਜ਼ਿੰਦਗੀ ਵਿੱਚ ਵੀ ਉਸ ਦੀ ਦੁਨੀਆ ਬਹੁਤ ਗੁਲਾਬੀ ਹੈ। ਜਿਵੇਂ ਕਿ ਤੁਹਾਨੂੰ ਫ਼ਿਲਮ ਵਿੱਚ ਪਤਾ ਲੱਗੇਗਾ, ਉਸ ਨੂੰ ਇਹ ਰੰਗ ਬਹੁਤ ਪਸੰਦ ਹੈ। ਇਹ ਉਸ ਦੇ ਵਿਆਹ ਅਤੇ ਬੱਚੇ ਨਾਲ ਜੁੜੇ ਸੁਪਨੇ ਨੂੰ ਦਰਸਾਉਣ ਲਈ ਕੀਤਾ ਗਿਆ ਹੈ।”
ਇਹ ਗੱਲ ਸਪੱਸ਼ਟ ਹੈ ਕਿ ਛੋਟੀ ਉਮਰ ਤੋਂ ਹੀ ਮਾਂ ਬਣਨ ਦੀ ਇੱਛਾ ਮੈਂਡੋਜ਼ਾ ‘ਤੇ ਡੂੰਘਾ ਦਬਾਅ ਬਣਾਈ ਹੋਈ ਸੀ।
ਉਸ ਦਾ ਵਿਆਹ 17 ਸਾਲ ਦੀ ਉਮਰ ਵਿੱਚ ਹੋਇਆ ਸੀ ਅਤੇ ਉਸ ਸਮੇਂ ਉਹ ਪਹਿਲਾਂ ਹੀ ਗਰਭਵਤੀ ਸੀ, ਪਰ ਉਸ ਦਾ ਗਰਭਪਾਤ ਹੋ ਗਿਆ।
ਇਸ ਤੋਂ ਬਾਅਦ ਦੂਜੀ ਵਾਰ ਵੀ ਗਰਭਪਾਤ ਹੋ ਗਿਆ। ਤੀਜੀ ਵਾਰ ਹੋਏ ਗਰਭਪਾਤ ਦੀ ਗੱਲ ਉਸ ਨੇ ਲੁਕਾ ਕੇ ਰੱਖੀ, ਕਿਉਂਕਿ ਉਸ ਨੂੰ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੀ ਪ੍ਰਤੀਕਿਰਿਆ ਦਾ ਡਰ ਸੀ।
ਉਸ ਨੇ ਪੁਲਿਸ ਨੂੰ ਦੱਸਿਆ ਕਿ ਇਸ ਤੋਂ ਬਾਅਦ ਜਣੇਪਾ ਕਲੀਨਿਕ ਵਿੱਚ ਉਸ ਦੀ ਮੁਲਾਕਾਤ ਮਾਇਰਾ ਨਾਂ ਦੀ ਇੱਕ ਗਰਭਵਤੀ ਔਰਤ ਨਾਲ ਹੋਈ, ਜੋ ਆਪਣਾ ਬੱਚਾ ਨਹੀਂ ਚਾਹੁੰਦੀ ਸੀ।

ਮੈਂਡੋਜ਼ਾ ਨੇ ਦੱਸਿਆ ਕਿ ਉਸ ਨੇ ਮਾਇਰਾ ਨੂੰ ਗਰਭ ਪੂਰਾ ਹੋਣ ਤੱਕ ਬੱਚੇ ਨੂੰ ਆਪਣੇ ਗਰਭ ਵਿੱਚ ਰੱਖਣ ਅਤੇ ਫਿਰ ਬੱਚਾ ਉਸ ਨੂੰ ਦੇਣ ਲਈ ਮਨਾ ਲਿਆ।
ਇਸ ਦੌਰਾਨ ਉਸ ਨੇ ਆਪਣਾ “ਗਰਭਵਤੀ ਪੇਟ” ਵੱਡਾ ਦਿਖਾਉਣ ਲਈ ਜੰਕ ਫੂਡ ਖਾਣਾ ਸ਼ੁਰੂ ਕਰ ਦਿੱਤਾ। ਉਸ ਦਾ ਵਜ਼ਨ 8.5 ਸਟੋਨ (54 ਕਿਲੋਗ੍ਰਾਮ) ਤੋਂ ਵਧ ਕੇ 14 ਸਟੋਨ (89 ਕਿਲੋਗ੍ਰਾਮ) ਤੋਂ ਵੀ ਜ਼ਿਆਦਾ ਹੋ ਗਿਆ।
ਹਸਪਤਾਲ ਦੇ ਪ੍ਰਸੂਤੀ ਅਤੇ ਗਾਇਨੇਕੋਲੋਜੀ ਵਿਭਾਗ ਵਿੱਚ ਕੰਮ ਕਰਨ ਕਾਰਨ ਉਸ ਨੇ ਆਪਣੇ ਮੈਡੀਕਲ ਰਿਕਾਰਡ ਵਿੱਚ ਵੀ ਤਬਦੀਲੀਆਂ ਕਰ ਦਿੱਤੀਆਂ।
ਮੈਂਡੋਜ਼ਾ ਮੁਤਾਬਕ, ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਇਰਾ ਨੇ ਆਪਣੀ ਨਵਜੰਮੀ ਬੱਚੀ ਨੂੰ ਉੱਥੇ ਹੀ ਛੱਡ ਦਿੱਤਾ ਅਤੇ ਕਿਹਾ ਕਿ ਉਹ ਹਸਪਤਾਲ ਤੋਂ ਜਾ ਰਹੀ ਹੈ।
ਘਬਰਾਈ ਹੋਈ ਮੈਂਡੋਜ਼ਾ ਨੇ ਬੱਚੀ ਨੂੰ ਬੈਗ਼ ਵਿੱਚ ਰੱਖਿਆ ਅਤੇ ਉਸ ਨੂੰ ਆਪਣੇ ਨਾਲ ਲੈ ਗਈ।
ਇਸ ਤੋਂ ਬਾਅਦ ਉਸ ਨੇ ਬੱਚੀ ਨੂੰ ਆਪਣੇ ਹੈਰਾਨ-ਪਰੇਸ਼ਾਨ ਪਤੀ ਆਰਤੁਰੋ ਦੇ ਸਾਹਮਣੇ ਪੇਸ਼ ਕੀਤਾ। ਆਰਤੁਰੋ ਨੇ ਹਮੇਸ਼ਾ ਇਹੀ ਕਿਹਾ ਹੈ ਅਤੇ ਉਸ ਦੀ ਪਤਨੀ ਵੀ ਇਸ ਗੱਲ ‘ਤੇ ਕਾਇਮ ਰਹੀ ਕਿ ਉਸ ਨੂੰ ਮੈਂਡੋਜ਼ਾ ਦੀ ਨਕਲੀ ਗਰਭ ਅਵਸਥਾ ਬਾਰੇ ਉਦੋਂ ਹੀ ਪਤਾ ਲੱਗਾ, ਜਦੋਂ ਉਸ ਨੇ ਚੋਰੀ ਕੀਤੀ ਹੋਈ ਬੱਚੀ ਉਸ ਨੂੰ ਸੌਂਪੀ।
ਅਲਬੇਰਦੀ ਦੱਸਦੀ ਹੈ ਕਿ ਉਸ ਦੀ ਮੁਲਾਕਾਤ ਮੈਂਡੋਜ਼ਾ ਨਾਲ ਮੈਕਸੀਕੋ ਦੀ ਇੱਕ ਜੇਲ੍ਹ ਵਿੱਚ ਹੋਈ ਸੀ ਅਤੇ ਦਰਸ਼ਕ ਵੀ ਉਸ ਨੂੰ ਸਭ ਤੋਂ ਪਹਿਲਾਂ ਉੱਥੇ ਹੀ ਦੇਖਦੇ ਹਨ।
ਗੁਲਾਬੀ ਰੰਗ ਦੀ ਥੀਮ ਵਾਲੀ ਜੇਲ੍ਹ ਦੀ ਕੋਠੜੀ ਵਿੱਚ ਮੈਂਡੋਜ਼ਾ ਆਪਣੀ 13 ਸਾਲ ਦੀ ਕੈਦ ਦੀ ਸਜ਼ਾ ਦੇ ਆਖ਼ਰੀ ਕੁਝ ਹਫ਼ਤੇ ਕੱਟ ਰਹੀ ਹੈ।
ਅਲਬੇਰਦੀ ਨੇ ਆਰਤੁਰੋ ਨਾਲ ਵੀ ਗੱਲ ਕੀਤੀ। ਬੱਚੀ ਅਗਵਾ ਕਰਨ ਦੀ ਪੁਲਿਸ ਜਾਂਚ ਦੌਰਾਨ ਆਰਤੁਰੋ ਨੇ ਦੋ ਸਾਲ ਹਿਰਾਸਤ ਵਿੱਚ ਬਿਤਾਏ ਸਨ, ਪਰ ਆਖ਼ਰਕਾਰ ਉਸ ਨੂੰ ਇਸ ਮਾਮਲੇ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ।
ਮਾਮਲੇ ਦਾ ਦੂਜਾ ਪੱਖ ਜਾਣਨ ਲਈ ਅਲਬੇਰਦੀ ਨੇ ਅਗਵਾ ਕੀਤੀ ਗਈ ਬੱਚੀ ਦੀ ਮਾਂ ਮਾਇਰਾ ਨਵਾਰੋ ਵੇਗਾ ਨਾਲ ਇੰਟਰਵਿਊ ਕੀਤੀ।
ਮਾਇਰਾ ਨੇ ਮੈਂਡੋਜ਼ਾ ਵੱਲੋਂ ਦੱਸੀ ਗਈ ਘਟਨਾ ਦੀ ਕਹਾਣੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਮਾਇਰਾ ਨੇ ਦੱਸਿਆ ਕਿ ਉਹ ਹਸਪਤਾਲ ਦੇ ਬਾਥਰੂਮ ਵਿੱਚ ਗਈ ਸੀ ਅਤੇ ਜਦੋਂ ਵਾਪਸ ਆਈ ਤਾਂ ਉਸ ਦੀ ਬੱਚੀ ਗਾਇਬ ਸੀ।
ਉਹ ਇਸ ਗੱਲ ਤੋਂ ਵੀ ਇਨਕਾਰ ਕਰਦੀ ਹੈ ਕਿ ਕਦੇ ਕੋਈ “ਸੌਦਾ” ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਕਿਸੇ ਹੋਰ ਜਣੇਪਾ ਕਲੀਨਿਕ ਵਿੱਚ ਗਈ ਸੀ ਅਤੇ ਮੈਂਡੋਜ਼ਾ ਨਾਲ ਉਸ ਦੀ ਮੁਲਾਕਾਤ ਕਦੇ ਨਹੀਂ ਹੋਈ ਸੀ। ਮਾਇਰਾ ਮੁਤਾਬਕ, ਮੈਂਡੋਜ਼ਾ ਉਸ ਦੇ ਵਾਰਡ ਵਿੱਚ ਇੱਕ ਸਮਾਜ ਸੇਵਿਕਾ ਬਣ ਕੇ ਆਈ ਸੀ।
ਫ਼ਿਲਮ ਵਿੱਚ ਮਾਇਰਾ ਮੈਂਡੋਜ਼ਾ ਬਾਰੇ ਕਹਿੰਦੀ ਹੈ, “ਮੈਨੂੰ ਉਸ ਲਈ ਕੋਈ ਹਮਦਰਦੀ ਨਹੀਂ ਹੈ। ਜਦੋਂ ਉਸ ਨੇ ਮੇਰੀ ਬੱਚੀ ਚੋਰੀ ਕੀਤੀ ਸੀ, ਉਦੋਂ ਉਸ ਨੇ ਵੀ ਮੇਰੇ ਲਈ ਕੋਈ ਹਮਦਰਦੀ ਨਹੀਂ ਦਿਖਾਈ ਸੀ।”
ਫ਼ਿਲਮ ਵੱਲੋਂ ਉਠਾਏ ਗਏ ਵੱਡੇ ਸਵਾਲ
ਤਸਵੀਰ ਸਰੋਤ, Netflix
ਅਲਬੇਰਦੀ ਕਹਿੰਦੀ ਹੈ ਕਿ ਇਸ ਮਾਮਲੇ ਦੀ ਪੜਚੋਲ ਕਰਦਿਆਂ ਉਹ ਮਾਂ ਬਣਨ ਨਾਲ ਜੁੜੇ ਵਿਆਪਕ ਸਮਾਜਿਕ ਦਬਾਅ ਨੂੰ ਸਮਝਣਾ ਚਾਹੁੰਦੀ ਸੀ।
ਉਹ ਕਹਿੰਦੀ ਹੈ, “ਆਖ਼ਿਰ ਕੋਈ ਵਿਅਕਤੀ ਗਰਭ ਅਵਸਥਾ ਦਾ ਝੂਠਾ ਦਿਖਾਵਾ ਕਰਨ ਦੀ ਲੋੜ ਕਿਉਂ ਮਹਿਸੂਸ ਕਰੇਗਾ? ਬੇਸ਼ੱਕ, ਅਲੇਹਾਂਦਰਾ ਨੇ ਅਪਰਾਧ ਕੀਤਾ ਅਤੇ ਬੇਸ਼ੱਕ ਉਸ ਨੂੰ ਜੇਲ੍ਹ ਜਾਣਾ ਪਿਆ।”
“ਪਰ ਇਸ ਦੇ ਨਾਲ ਹੀ ਉਹ ਇਸ ਪ੍ਰਣਾਲੀ ਦੀ ਵੀ ਪੀੜਤ ਹੈ। ਉਹ ਆਪਣੇ ਪਰਿਵਾਰ ਦੀ ਵੀ ਪੀੜਤ ਹੈ। ਮੇਰੇ ਲਈ ਇਹ ਸਪੱਸ਼ਟ ਹੈ ਕਿ ਉਸ ਸਥਿਤੀ ਵਿੱਚ ਸਾਲਾਂ ਤੋਂ ਦਬਾਅ ਬਣਿਆ ਹੋਇਆ ਸੀ।”
ਮੈਂਡੋਜ਼ਾ ਵੱਲੋਂ ਦੱਸੀਆਂ ਘਟਨਾਵਾਂ ਮੁਤਾਬਕ, ਉਸ ਦੇ ਸਹੁਰੇ ਪਰਿਵਾਰ ਅਤੇ ਪਤੀ ਨੇ ਉਸ ਦੇ ਗਰਭਪਾਤ ਲਈ ਉਸ ਨੂੰ ਹੀ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਦਾ ਕਹਿਣਾ ਸੀ ਕਿ ਗਰਭਵਤੀ ਹੋਣ ਦੇ ਬਾਵਜੂਦ ਉਹ ਆਪਣੀ ਨੌਕਰੀ ਕਰਦੀ ਰਹੀ, ਜਿਸ ਨੂੰ ਉਹ “ਆਪਣੀ ਦੇਖਭਾਲ ਨਾ ਕਰਨਾ” ਮੰਨਦੇ ਸਨ। ਉਸ ਦੇ ਪਤੀ ਦੀ ਸਿਰਫ਼ ਆਪਣਾ ਜੈਵਿਕ ਬੱਚਾ ਹੋਣ ਦੀ ਇੱਛਾ ਹੀ ਨਹੀਂ ਸੀ, ਸਗੋਂ ਉਹ ਪੁੱਤਰ ਵੀ ਚਾਹੁੰਦਾ ਸੀ, ਇਹ ਗੱਲ ਵੀ ਸਪੱਸ਼ਟ ਤੌਰ ‘ਤੇ ਸਾਹਮਣੇ ਆਉਂਦੀ ਹੈ।
ਅਲਬੇਰਦੀ ਨਾਲ ਇੰਟਰਵਿਊ ਦੌਰਾਨ ਮਾਮਲੇ ਦੀ ਸੁਣਵਾਈ ਕਰਨ ਵਾਲੀ ਮਹਿਲਾ ਜੱਜ ਨੇ ਕਿਹਾ ਕਿ ਮੈਂਡੋਜ਼ਾ ਦੇ ਬਿਆਨ ਵਿੱਚ ਉਸ ਦੇ ਸਹੁਰਿਆਂ ਵੱਲੋਂ ਕਹੀਆਂ ਗੱਲਾਂ ਦਾ ਵੀ ਜ਼ਿਕਰ ਸੀ, ਜਿਵੇਂ, “ਜੇ ਤੂੰ ਬੱਚੇ ਪੈਦਾ ਨਹੀਂ ਕਰ ਸਕਦੀ ਤਾਂ ਇੱਕ ਔਰਤ ਵਜੋਂ ਤੇਰੀ ਕੋਈ ਕਦਰ ਨਹੀਂ।”
ਫ਼ਿਲਮ ਵਿੱਚ ਮੈਂਡੋਜ਼ਾ ਕਹਿੰਦੀ ਹੈ, “ਮੈਂ ਉਸ ਦੇ ਪਰਿਵਾਰ ਨੂੰ ਖੁਸ਼ ਕਰਨ ਲਈ ਦਬਾਅ ਮਹਿਸੂਸ ਕਰਦੀ ਸੀ। ਮਾਂ ਬਣਨ ਦੀ ਇੱਛਾ ਇੰਨੀ ਤੀਬਰ ਸੀ ਕਿ ਮੈਂ ਅਜਿਹੀਆਂ ਮੁਸ਼ਕਲਾਂ ਵਿੱਚ ਫਸਦੀ ਗਈ, ਜੋ ਲਗਾਤਾਰ ਵੱਡੀਆਂ ਹੁੰਦੀਆਂ ਗਈਆਂ।”
“ਮੈਂ ਅਜਿਹੇ ਫ਼ੈਸਲੇ ਅਤੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ, ਜੋ ਹੋਰ ਵੀ ਗੁੰਝਲਦਾਰ ਹੁੰਦੇ ਗਏ। ਆਖ਼ਰਕਾਰ ਅਜਿਹਾ ਕੋਈ ਰਸਤਾ ਨਹੀਂ ਬਚਿਆ, ਜਿੱਥੋਂ ਵਾਪਸ ਮੁੜਿਆ ਜਾ ਸਕਦਾ।”
ਹੈਰਾਨੀ ਦੀ ਗੱਲ ਹੈ ਕਿ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਹਸਪਤਾਲ ਦੇ ਡਾਕਟਰ ਨੇ ਬੱਚੇ ਦੇ ਦਿਲ ਦੀ ਧੜਕਣ ਸੁਣਨ ਤੋਂ ਬਾਅਦ ਮੈਂਡੋਜ਼ਾ ਦੀ ਜਣੇਪਾ ਛੁੱਟੀ ਮਨਜ਼ੂਰ ਕਰ ਦਿੱਤੀ ਸੀ ਅਤੇ ਇਹ ਘਟਨਾ ਅਸਲ ਵਿੱਚ ਵੀ ਵਾਪਰੀ ਸੀ।
ਫ਼ਿਲਮ ਵਿੱਚ ਇਸ ਤੋਂ ਬਾਅਦ ਦੁਖੀ ਅਤੇ ਪਰੇਸ਼ਾਨ ਮੈਂਡੋਜ਼ਾ ਆਪਣੇ ਆਪ ਤੋਂ ਸਵਾਲ ਕਰਦੀ ਹੈ, “ਕੀ ਮੈਂ ਦੁਬਾਰਾ ਗਰਭਵਤੀ ਹੋ ਗਈ ਸੀ?”
ਤਸਵੀਰ ਸਰੋਤ, Getty Images
ਅਲਬੇਰਦੀ ਕਹਿੰਦੀ ਹੈ, “ਮੈਨੂੰ ਸੱਚਮੁੱਚ ਲੱਗਦਾ ਹੈ ਕਿ ਅਲੇਹਾਂਦਰਾ ਇੱਕ ਝੂਠ ਵਿੱਚ ਦਾਖ਼ਲ ਹੋ ਗਈ ਸੀ, ਪਰ ਉਸ ਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਹ ਇਸ ਨੂੰ ਕਿੰਨੀ ਦੂਰ ਤੱਕ ਲੈ ਜਾਵੇਗੀ।”
“ਮੈਨੂੰ ਲੱਗਦਾ ਹੈ ਕਿ ਉਸ ਨੇ ਸੋਚਿਆ ਹੋਵੇਗਾ, ‘ਠੀਕ ਹੈ, ਕਿਸੇ ਸਮੇਂ ਮੈਂ ਕਹਿ ਦਿਆਂਗੀ ਕਿ ਮੇਰਾ ਗਰਭਪਾਤ ਹੋ ਗਿਆ’ ਜਾਂ ‘ਜਿਸ ਡਾਕਟਰ ਨੇ ਮੇਰੀ ਜਣੇਪਾ ਛੁੱਟੀ ਮਨਜ਼ੂਰ ਕੀਤੀ ਹੈ, ਉਹ ਸੱਚਾਈ ਸਮਝ ਲਵੇਗਾ ਅਤੇ ਸਭ ਕੁਝ ਇੱਥੇ ਹੀ ਰੁਕ ਜਾਵੇਗਾ।'”
“ਪਰ ਇਸ ਮਾਮਲੇ ਦੀ ਜੱਜ ਨੇ ਖ਼ੁਦ ਕਿਹਾ ਸੀ ਕਿ ‘ਪ੍ਰਣਾਲੀ ਉਸ ਦੀ ਮਦਦ ਕਰਨ ਵਿੱਚ ਨਾਕਾਮ ਰਹੀ।’ ਉਸ ਦੇ ਤਿੰਨ ਗਰਭਪਾਤ ਹੋਏ ਸਨ ਅਤੇ ਉਸ ਨੂੰ ਆਪਣੀ ਮਾਨਸਿਕ ਸਿਹਤ ਲਈ ਕੋਈ ਮਦਦ ਨਹੀਂ ਮਿਲੀ।”
“ਉਸ ਨੇ ਜੇਲ੍ਹ ਦੀ ਸਜ਼ਾ ਕੱਟ ਕੇ ਸਮਾਜ ਪ੍ਰਤੀ ਆਪਣਾ ਕਰਜ਼ਾ ਚੁਕਾ ਦਿੱਤਾ ਹੈ ਅਤੇ ਉਹ ਸਮਝਦੀ ਸੀ ਕਿ ਉਸ ਨੂੰ ਜੇਲ੍ਹ ਵਿੱਚ ਰਹਿਣਾ ਹੀ ਪਵੇਗਾ। ਪਰ ਮੇਰੇ ਲਈ ਸਵਾਲ ਇਹ ਸੀ ਕਿ ਕੀ ਸਮਾਜ ਨੇ ਵੀ ਉਸ ਪ੍ਰਤੀ ਆਪਣਾ ਕਰਜ਼ਾ ਚੁਕਾਇਆ? ਕੀ ਇਸ ਪ੍ਰਣਾਲੀ ਨੇ ਸੱਚਮੁੱਚ ਇਸ ਔਰਤ ਦੀ ਮਾਨਸਿਕ ਸਿਹਤ ਲਈ ਕੰਮ ਕੀਤਾ? ਮੈਨੂੰ ਲੱਗਦਾ ਹੈ ਕਿ ਨਿਆਂ ਪ੍ਰਣਾਲੀ ਨਾਲੋਂ ਵੱਧ ਸਮਾਜ ਨੂੰ ਆਪਣੇ ਵੱਲ ਦੇਖਣ ਦੀ ਲੋੜ ਹੈ।”
ਮੈਂਡੋਜ਼ਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦਾ ਮਨੋਵਿਗਿਆਨਕ ਮੁਲਾਂਕਣ ਕਰਨ ਵਾਲੀ ਫੋਰੈਂਸਿਕ ਮਨੋਵਿਗਿਆਨੀ ਡਾ. ਨੋਰਮਾ ਰੋਮੇਰੋ ਸਾਂਚੇਜ਼ ਨਾਲ ਵੀ ਡੌਕੂਮੈਂਟਰੀ ਵਿੱਚ ਇੰਟਰਵਿਊ ਕੀਤੀ ਗਈ ਹੈ।
ਉਨ੍ਹਾਂ ਨੇ ਪਾਇਆ ਕਿ ਬੱਚਾ ਪੈਦਾ ਕਰਨ ਦਾ ਦਬਾਅ ਮੈਂਡੋਜ਼ਾ ਵੱਲੋਂ ਘੜੀ ਗਈ ਇਸ ਕਲਪਨਾ ਦਾ ਇੱਕ ਮਹੱਤਵਪੂਰਨ ਕਾਰਨ ਸੀ।
ਉਹ ਬੀਬੀਸੀ ਨੂੰ ਦੱਸਦੀ ਹੈ, “ਇੱਕ ਔਰਤ ਵਜੋਂ ਆਪਣੇ ਆਪ ਨੂੰ ਸੰਪੂਰਨ ਮਹਿਸੂਸ ਕਰਨ ਲਈ ਉਸ ਦਾ ਮੰਨਣਾ ਸੀ ਕਿ ਉਸ ਨੂੰ ਮਾਂ ਬਣਨਾ ਜ਼ਰੂਰੀ ਹੈ। ਮਨੋਵਿਗਿਆਨਕ ਤੌਰ ‘ਤੇ, ਮੈਕਸੀਕੋ ਅਤੇ ਲਾਤੀਨੀ ਅਮਰੀਕਾ ਵਿੱਚ ਔਰਤਾਂ ‘ਤੇ ਮਾਂ ਬਣਨ ਲਈ ਬਹੁਤ ਵੱਡਾ ਦਬਾਅ ਹੁੰਦਾ ਹੈ।”
“ਉਸ ਨੂੰ ਇੱਕ ਸਰੀਰਕ ਸਮੱਸਿਆ ਵੀ ਸੀ, ਜਿਸ ਕਾਰਨ ਉਸ ਦੇ ਲਗਾਤਾਰ ਗਰਭਪਾਤ ਹੁੰਦੇ ਰਹੇ, ਪਰ ਇਹ ਦੱਸਣ ਲਈ ਕੋਈ ਮਾਹਿਰ ਡਾਕਟਰੀ ਰਾਏ ਮੌਜੂਦ ਨਹੀਂ ਸੀ ਕਿ ਅਜਿਹਾ ਕਿਉਂ ਹੋ ਰਿਹਾ ਸੀ। ਉਹ ਇੱਕ ਬਹੁਤ ਹੀ ਦਰਦਨਾਕ ਹਕੀਕਤ ਤੋਂ ਆਪਣੇ ਬਚਾਅ ਦੇ ਤਰੀਕੇ ਵਜੋਂ ਇੱਕ ਕਲਪਨਾਤਮਕ ਦੁਨੀਆ ਵਿੱਚ ਜੀਅ ਰਹੀ ਸੀ।”

ਪਰ ਰੋਮੇਰੋ ਸਾਂਚੇਜ਼ ਦਾ ਕਹਿਣਾ ਹੈ ਕਿ ਮੈਂਡੋਜ਼ਾ ਦੀ ਵਿਲੱਖਣ ਮਨੋਵਿਗਿਆਨਕ ਬਣਤਰ ਨੇ ਇਸ ਝੂਠ ਨੂੰ ਇੰਨੀ ਦੂਰ ਤੱਕ ਲੈ ਜਾਣ ਵਿੱਚ ਭੂਮਿਕਾ ਨਿਭਾਈ।
ਉਹ ਕਹਿੰਦੀ ਹੈ, “ਉਸ ਕੋਲ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਬਹੁਤ ਘੱਟ ਮਾਨਸਿਕ ਸਾਧਨ ਸਨ। ਇਸ ਦਾ ਇੱਕ ਕਾਰਨ ਉਸ ਦੀ ਉਮਰ ਸੀ ਅਤੇ ਦੂਜਾ ਉਸ ਦੀ ਸ਼ਖ਼ਸੀਅਤ ਦੀ ਬਣਤਰ, ਜਿਸ ਕਾਰਨ ਉਹ ਆਪਣੇ ਹੱਕ ਲਈ ਖੜ੍ਹੀ ਨਹੀਂ ਹੋ ਸਕਦੀ ਸੀ।”
“ਉਸ ਵਿੱਚ ਹਕੀਕਤ ਤੋਂ ਹੀ ਨਹੀਂ, ਸਗੋਂ ਆਪਣੀ ਪਛਾਣ ਤੋਂ ਵੀ ਆਪਣੇ ਆਪ ਨੂੰ ਵੱਖ ਕਰ ਲੈਣ ਦੀ ਪ੍ਰਵਿਰਤੀ ਸੀ। ਡੌਕੂਮੈਂਟਰੀ ਵਿੱਚ ਇਹ ਗੱਲ ਉਦੋਂ ਨਜ਼ਰ ਆਉਂਦੀ ਹੈ, ਜਦੋਂ ਡਾਕਟਰ ਕਹਿੰਦਾ ਹੈ ਕਿ ਉਸ ਨੇ ਬੱਚੇ ਦੇ ਦਿਲ ਦੀ ਧੜਕਣ ਸੁਣੀ ਹੈ। ਇਸ ਤੋਂ ਬਾਅਦ ਉਹ ਸੱਚਮੁੱਚ ਆਪਣੇ ਆਪ ਤੋਂ ਸਵਾਲ ਕਰਦੀ ਹੈ ਕਿ ਉਹ ਗਰਭਵਤੀ ਹੈ ਜਾਂ ਨਹੀਂ।”
ਰੋਮੇਰੋ ਸਾਂਚੇਜ਼ ਦਾ ਮੰਨਣਾ ਹੈ ਕਿ ਮੈਂਡੋਜ਼ਾ ਨੂੰ ਜੇਕਰ ਮਾਨਸਿਕ ਸਿਹਤ ਨਾਲ ਜੁੜੇ ਮਾਹਿਰਾਂ ਦੀ ਵਧੇਰੇ ਮਦਦ ਮਿਲਦੀ ਤਾਂ ਸਥਿਤੀ ਵੱਖਰੀ ਹੋ ਸਕਦੀ ਸੀ। ਪਰ ਉਹ ਇਹ ਵੀ ਕਹਿੰਦੀ ਹੈ ਕਿ ਸੱਭਿਆਚਾਰਕ ਉਮੀਦਾਂ ਵਿੱਚ ਬਦਲਾਅ ਲਿਆਉਣਾ ਵੀ ਜ਼ਰੂਰੀ ਹੈ।
ਉਹ ਕਹਿੰਦੀ ਹੈ, “ਮੇਰਾ ਮੰਨਣਾ ਹੈ ਕਿ ਖ਼ਾਸ ਤੌਰ ‘ਤੇ ਮਾਂ ਬਣਨ ਅਤੇ ਔਰਤ ਹੋਣ ਦੇ ਅਰਥ ਨਾਲ ਜੁੜੀਆਂ ਰੁੜ੍ਹੀਆਂ ਧਾਰਨਾਵਾਂ ਨੂੰ ਤੋੜਨ ਲਈ ਬਹੁਤ ਸਹਾਇਤਾ ਦੀ ਲੋੜ ਹੈ। ਔਰਤਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੇ ਬੱਚੇ ਹਨ ਜਾਂ ਨਹੀਂ, ਕਿੰਨੇ ਬੱਚੇ ਹਨ ਜਾਂ ਅਜੇ ਤੱਕ ਬੱਚੇ ਕਿਉਂ ਨਹੀਂ ਹੋਏ? ਸਾਨੂੰ ਲਿੰਗ ਨਾਲ ਜੁੜੇ ਇਨ੍ਹਾਂ ਸਮਾਜਿਕ ਦਾਗ਼ਾਂ ਅਤੇ ਧਾਰਨਾਵਾਂ ਨੂੰ ਤੋੜਨ ਲਈ ਸਿੱਖਿਆ ਦੀ ਲੋੜ ਹੈ।”
ਪਰ 2023 ਵਿੱਚ ਜਦੋਂ ਮੈਂਡੋਜ਼ਾ ਜੇਲ੍ਹ ਤੋਂ ਰਿਹਾਅ ਹੁੰਦੀ ਹੈ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹੁਣ ਉਹ ਆਪਣੀ ਪਛਾਣ ਨੂੰ ਬਿਲਕੁਲ ਵੱਖਰੇ ਢੰਗ ਨਾਲ ਦੇਖਦੀ ਹੈ। ਉਹ ਕੈਮਰੇ ਸਾਹਮਣੇ ਦੱਸਦੀ ਹੈ ਕਿ ਉਸ ਨੇ ਜੇਲ੍ਹ ਵਿੱਚ ਕਈ ਸਾਲ “ਮਾਂ ਨਾ ਬਣ ਸਕਣ ਦੀ ਹਕੀਕਤ ਨੂੰ ਸਵੀਕਾਰ ਕਰਨ” ਵਿੱਚ ਬਿਤਾਏ।
ਅਖ਼ੀਰ ਵਿੱਚ ਉਹ ਕਹਿੰਦੀ ਹੈ, “ਮੇਰੀ ਇੱਛਾ ਦੂਜਿਆਂ ਨੂੰ ਖੁਸ਼ ਕਰਨ ਨਾਲ ਵਧੇਰੇ ਜੁੜੀ ਹੋਈ ਸੀ। ਕਿਉਂਕਿ ਮੈਂ ਸੋਚਦੀ ਸੀ ਕਿ ਮਾਂ ਬਣਨ ਤੋਂ ਇਲਾਵਾ ਹੋਰ ਹੈ ਹੀ ਕੀ? ਪਰ ਆਖ਼ਰਕਾਰ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਵਿੱਚ ਜੀਣ ਲਈ ਹੋਰ ਵੀ ਬਹੁਤ ਕੁਝ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


