Home rss national punjabi2ਰਾਸ਼ਟਰੀ ਖ਼ਬਰਾਂ ‘ਜਿੰਨੇ ਸਟੂਡੈਂਟ ਕਮਰਿਆਂ ‘ਚ ਸਨ, ਸਭ ਮਲਬੇ ਹੇਠ ਦੱਬੇ ਗਏ’, ਦਿੱਲੀ ‘ਚ...

‘ਜਿੰਨੇ ਸਟੂਡੈਂਟ ਕਮਰਿਆਂ ‘ਚ ਸਨ, ਸਭ ਮਲਬੇ ਹੇਠ ਦੱਬੇ ਗਏ’, ਦਿੱਲੀ ‘ਚ ਪੀਜੀ ਦੀ ਇਮਾਰਤ ਡਿੱਗਣ ਕਰਕੇ 6 ਮੌਤਾਂ, ਰੈਸਕਿਊ ਆਪ੍ਰੇਸ਼ਨ ਜਾਰੀ

2
0

Source :- BBC PUNJABI

ਸਥਾਨਕ ਲੋਕ ਵੀ ਸ਼ੁਰੂਆਤੀ ਬਚਾਅ ਕਾਰਜਾਂ ਵਿੱਚ ਜੁਟ ਗਏ ਸਨ ਅਤੇ ਹੱਥਾਂ ਅਤੇ ਉਪਲੱਬਧ ਔਜ਼ਾਰਾਂ ਨਾਲ ਮਲਬਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ

ਤਸਵੀਰ ਸਰੋਤ, ANI

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 9 ਮਿੰਟ

ਦਿੱਲੀ ਦੇ ਸੱਤਿਆ ਨਿਕੇਤਨ ਵਿੱਚ ਐਤਵਾਰ ਦੁਪਹਿਰ ਇੱਕ ਪੀਜੀ ਦੀ ਪੰਜ ਮੰਜ਼ਿਲਾ ਇਮਾਰਤ ਡਿੱਗਣ ਤੋਂ ਬਾਅਦ ਸਾਰੀ ਰਾਤ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਜਾਰੀ ਰਹੀ।

ਏਮਜ਼ ਮੁਤਾਬਕ, ਟ੍ਰੌਮਾ ਸੈਂਟਰ ਵਿੱਚ 10 ਲੋਕਾਂ ਨੂੰ ਲਿਆਂਦਾ ਗਿਆ, ਜਿਨ੍ਹਾਂ ਵਿੱਚੋਂ ਪੰਜ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗੰਭੀਰ ਰੂਪ ਵਿੱਚ ਜ਼ਖ਼ਮੀ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਹੋ ਗਈ।

ਤਿੰਨ ਲੋਕਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਇੱਕ ਜ਼ਖ਼ਮੀ ਨੂੰ ਮਾਮੂਲੀ ਸੱਟਾਂ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਸਾਰੀ ਰਾਤ ਕਿਵੇਂ ਚੱਲੀ ਬਚਾਅ ਮੁਹਿੰਮ?

ਰਾਹਤ ਕਾਰਜਾਂ ਦੀ ਤਸਵੀਰ

ਤਸਵੀਰ ਸਰੋਤ, ANI

ਜੋ ਇਮਾਰਤ ਡਿੱਗੀ, ਉਸ ਵਿੱਚ ਜ਼ਿਆਦਾਤਰ ਵਿਦਿਆਰਥੀ ਰਹਿੰਦੇ ਸਨ।

ਦਿੱਲੀ ਪੁਲਿਸ ਮੁਤਾਬਕ, ਪੁਲਿਸ, ਐਨਡੀਆਰਐਫ, ਦਿੱਲੀ ਫਾਇਰ ਸਰਵਿਸ ਅਤੇ ਡੀਡੀਐਮਏ ਦੀਆਂ ਟੀਮਾਂ ਫਾਇਰ ਟੈਂਡਰਾਂ ਅਤੇ ਕੈਟਸ ਐਂਬੂਲੈਂਸਾਂ ਨਾਲ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਜੁਆਇੰਟ ਪੁਲਿਸ ਕਮਿਸ਼ਨਰ, ਡੀਸੀਪੀ ਦੱਖਣ-ਪੱਛਮ ਅਤੇ ਵਧੀਕ ਡੀਸੀਪੀ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਸਨ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, ਐਨਡੀਆਰਐਫ ਦੀਆਂ ਦੋ ਟੀਮਾਂ ਬਚਾਅ ਮੁਹਿੰਮਾਂ ਵਿੱਚ ਲੱਗੀਆਂ ਹੋਈਆਂ ਸਨ। ਮਲਬੇ ਹੇਠਾਂ ਫਸੇ ਲੋਕਾਂ ਤੱਕ ਆਕਸੀਜਨ ਪਹੁੰਚਾਉਣ ਲਈ ਸਿਲੰਡਰ ਵੀ ਭੇਜੇ ਗਏ ਸਨ।

ਸਥਾਨਕ ਲੋਕ ਵੀ ਸ਼ੁਰੂਆਤੀ ਬਚਾਅ ਕਾਰਜਾਂ ਵਿੱਚ ਜੁਟ ਗਏ ਸਨ ਅਤੇ ਹੱਥਾਂ ਅਤੇ ਉਪਲੱਬਧ ਔਜਾਰਾਂ ਨਾਲ ਮਲਬਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਤਵਾਰ ਸ਼ਾਮ ਦੱਸਿਆ ਕਿ 11 ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਬੰਧਤ ਏਜੰਸੀਆਂ ਬਚਾਅ ਮੁਹਿੰਮ ਵਿੱਚ ਲੱਗੀਆਂ ਹੋਈਆਂ ਹਨ।

ਦਿੱਲੀ ਦੇ ਸਤਿਆ ਨਿਕੇਤਨ ਮਾਰਕੀਟ ਇਲਾਕੇ ਵਿੱਚ ਐਤਵਾਰ ਦੁਪਹਿਰ ਇੱਕ ਪੰਜ ਮੰਜ਼ਿਲਾ ਪੀਜੀ ਇਮਾਰਤ ਡਿੱਗ ਗਈ ਸੀ

ਤਸਵੀਰ ਸਰੋਤ, ANI

ਮਲਬੇ ਵਿੱਚ ਫਸੇ ਲੋਕਾਂ ਨਾਲ ਫੋਨ ‘ਤੇ ਸੰਪਰਕ

ਬਚਾਅ ਮੁਹਿੰਮ ਦੌਰਾਨ ਮਲਬੇ ਵਿੱਚ ਫਸੇ ਕੁਝ ਲੋਕਾਂ ਦੇ ਫੋਨ ਆਉਣ ਦੀ ਜਾਣਕਾਰੀ ਵੀ ਸਾਹਮਣੇ ਆਈ।

ਪੀਟੀਆਈ ਮੁਤਾਬਕ, ਮੌਕੇ ‘ਤੇ ਮੌਜੂਦ ਭਾਜਪਾ ਵਿਧਾਇਕ ਅਨਿਲ ਸ਼ਰਮਾ ਨੇ ਦੱਸਿਆ ਕਿ ਮਲਬੇ ਵਿੱਚ ਫਸੇ ਲੋਕਾਂ ਦੇ ਫੋਨ ਆ ਰਹੇ ਸਨ ਅਤੇ ਬਚਾਅ ਦਲ ਉਨ੍ਹਾਂ ਨਾਲ ਸੰਪਰਕ ਵਿੱਚ ਸਨ।

ਕੀ ਹੋਇਆ ਸੀ?

ਸਟੂਡੈਂਟ ਯੂਨੀਅਨ ਏਬੀਵੀਪੀ ਦੇ ਮੈਂਬਰਾਂ ਨੇ ਐਮਸੀਡੀ ਦਫ਼ਤਰ ਦੇ ਬਾਹਰ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ

ਤਸਵੀਰ ਸਰੋਤ, ANI

ਦਿੱਲੀ ਦੇ ਸੱਤਿਆ ਨਿਕੇਤਨ ਮਾਰਕੀਟ ਇਲਾਕੇ ਵਿੱਚ ਐਤਵਾਰ ਦੁਪਹਿਰ ਇੱਕ ਪੰਜ ਮੰਜ਼ਿਲਾ ਪੀਜੀ ਇਮਾਰਤ ਡਿੱਗ ਗਈ ਸੀ। ਇਸ ਵਿੱਚ ਕਈ ਲੋਕਾਂ ਦੇ ਅਜੇ ਵੀ ਦੱਬੇ ਹੋਣ ਦਾ ਖਦਸ਼ਾ ਹੈ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਐਤਵਾਰ ਸ਼ਾਮ ਤੱਕ 9 ਬੱਚਿਆਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਜਾ ਚੁੱਕਾ ਸੀ।

ਪੋਸਵਾਲ ਨੇ ਕਿਹਾ ਕਿ “ਬਚਾਏ ਗਏ ਇੱਕ ਬੱਚੇ ਨੇ ਦੱਸਿਆ ਕਿ ਅੰਦਰ 15-16 ਬੱਚੇ ਸਨ, ਹਾਲਾਂਕਿ ਅਜੇ ਪੱਕੀ ਜਾਣਕਾਰੀ ਨਹੀਂ ਹੈ। ਰਾਹਤ ਅਤੇ ਬਚਾਅ ਮੁਹਿੰਮ ਅਜੇ ਜਾਰੀ ਹੈ।”

ਐਨਡੀਆਰਐਫ ਦੇ ਆਈਜੀ ਐਨਐਸ ਬੁੰਦੇਲਾ ਨੇ ਕਿਹਾ ਸੀ, “ਪੰਜ ਮੰਜ਼ਿਲਾ ਇਮਾਰਤ ਦੀ ਉੱਪਰੀ ਮੰਜ਼ਿਲ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜੋ ਲੋਕ ਜ਼ਿੰਦਾ ਹਨ, ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ। ਇਸ ਲਈ ਇਸ ਅਭਿਆਨ ਵਿੱਚ ਕੁਝ ਸਮਾਂ ਲੱਗੇਗਾ।”

ਦਿੱਲੀ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ, “ਸਥਾਨਕ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਹ 40-50 ਸਾਲ ਪੁਰਾਣੀ ਇਮਾਰਤ ਸੀ, ਜਿਸ ਵਿੱਚ ਇੱਕ ਬੇਸਮੈਂਟ ਅਤੇ ਪੰਜ ਉੱਪਰੀ ਮੰਜ਼ਿਲਾਂ ਸਨ। ਇਸ ਦਾ ਇਸਤੇਮਾਲ ਪੀਜੀ ਹੋਸਟਲ ਵਜੋਂ ਕੀਤਾ ਜਾ ਰਿਹਾ ਸੀ। ਘਟਨਾ ਦੇ ਸਮੇਂ ਬੇਸਮੈਂਟ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ।”

ਦਿੱਲੀ ਵਿੱਚ ਇਮਾਰਤ ਡਿੱਗੀ

ਤਸਵੀਰ ਸਰੋਤ, ANI

ਹਾਦਸਾ ਮੋਤੀ ਬਾਗ਼-2 ਸਥਿਤ ਸ਼ਿਵ ਮੰਦਰ ਦੇ ਨੇੜੇ ਹੋਇਆ। ਚਸ਼ਮਦੀਦਾਂ ਨੇ ਬੀਬੀਸੀ ਪੱਤਰਕਾਰ ਸ਼ੁਭ ਰਾਣਾ ਨੂੰ ਦੱਸਿਆ ਕਿ ਇਸ ਇਲਾਕੇ ਵਿੱਚ ਜ਼ਿਆਦਾਤਰ ਵਿਦਿਆਰਥੀ ਰਹਿੰਦੇ ਹਨ ਅਤੇ ਕਈ ਇਮਾਰਤਾਂ ਵਿੱਚ ਪੀਜੀ ਚੱਲਦਾ ਹੈ।

ਘਟਨਾ ਤੋਂ ਕੁਝ ਦੇਰ ਬਾਅਦ ਮੌਕੇ ‘ਤੇ ਪਹੁੰਚੇ ਭਾਜਪਾ ਵਿਧਾਇਕ ਅਨਿਲ ਸ਼ਰਮਾ ਨੇ ਦੱਸਿਆ, “ਕੁਝ ਵਿਦਿਆਰਥੀ ਅੰਦਰੋਂ ਫੋਨ ਵੀ ਕਰ ਰਹੇ ਹਨ ਅਤੇ ਲੱਗਦਾ ਹੈ ਕਿ ਅਜੇ ਵੀ ਕੁਝ ਹੋਰ ਲੋਕ ਅੰਦਰ ਫਸੇ ਹੋਏ ਹਨ।”

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੁੱਖ ਜ਼ਾਹਿਰ ਕਰਦੇ ਹੋਏ ਰਾਹਤ ਅਤੇ ਬਚਾਅ ਕਾਰਜ ਵਿੱਚ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਹੈ।

ਜਦਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ, ਸੰਸਦ ਮੈਂਬਰ ਪੱਪੂ ਯਾਦਵ, ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਪ੍ਰਤੀਕਿਰਿਆ ਦਿੰਦੇ ਹੋਏ, ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ।

ਚਸ਼ਮਦੀਦਾਂ ਨੇ ਕੀ ਦੱਸਿਆ

ਚਸ਼ਮਦੀਦ

ਤਸਵੀਰ ਸਰੋਤ, ANI

ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਦਿੱਲੀ ਫਾਇਰ ਬ੍ਰਿਗੇਡ ਵਿਭਾਗ ਨੂੰ ਦੁਪਹਿਰ ਕਰੀਬ 1.30 ਵਜੇ ਇਮਾਰਤ ਡਿੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਜਿਸ ਸਮੇਂ ਇਮਾਰਤ ਡਿੱਗੀ, ਇਲਾਕੇ ਵਿੱਚ ਇੱਕ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ।

ਉਨ੍ਹਾਂ ਕਿਹਾ, “ਅਚਾਨਕ ਭੂਚਾਲ ਵਰਗੀ ਆਵਾਜ਼ ਸੁਣਾਈ ਦਿੱਤੀ। ਅਸੀਂ ਤੁਰੰਤ ਬਾਹਰ ਭੱਜੇ। ਇੱਥੇ ਬਹੁਤ ਧੂੰਆਂ ਅਤੇ ਧੂੜ ਸੀ। ਪੂਰੀ ਇਮਾਰਤ ਡਿੱਗ ਗਈ ਸੀ।”

“ਅਜੇ ਵੀ ਮਲਬੇ ਦੇ ਅੰਦਰੋਂ ਆਵਾਜ਼ਾਂ ਆ ਰਹੀਆਂ ਹਨ। ਬੱਚੇ ਚੀਕ ਰਹੇ ਹਨ, ‘ਸਾਨੂੰ ਬਚਾਓ, ਸਾਨੂੰ ਬਚਾਓ!’… ਘੱਟੋ-ਘੱਟ 25-30 ਬੱਚੇ ਹਨ। ਇੱਥੇ ਨੇੜੇ ਕੁੜੀਆਂ ਅਤੇ ਮੁੰਡਿਆਂ ਲਈ ਪੀਜੀ ਸੀ।”

ਉਸ ਵਿਦਿਆਰਥੀ ਨੇ ਦੱਸਿਆ ਕਿ ਇਸ ਇਮਾਰਤ ਦੇ ਬੇਸਮੈਂਟ ਵਿੱਚ ਰੇਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ।

ਉਨ੍ਹਾਂ ਦੱਸਿਆ, “ਇਨ੍ਹਾਂ ਇਮਾਰਤਾਂ ਨੂੰ 100 ਸਾਲ ਦੀ ਲੀਜ਼ ‘ਤੇ ਦਿੱਤਾ ਗਿਆ ਹੈ। ਆਪਣੀ ਆਮਦਨ ਵਧਾਉਣ ਲਈ ਉਹ ਲੋਕ ਹੇਠਾਂ ਬੇਸਮੈਂਟ ਬਣਾ ਰਹੇ ਸਨ। ਉਨ੍ਹਾਂ ਨੇ ਉੱਪਰ ਦੀ ਬਿਲਡਿੰਗ ਮਜ਼ਬੂਤ ਕਰ ਦਿੱਤੀ, ਪਰ ਹੇਠਾਂ ਦੇ ਪਿਲਰ ਕਮਜ਼ੋਰ ਸਨ। ਜਿਸ ਕਾਰਨ ਉਹ ਬਿਲਡਿੰਗ ਡਿੱਗੀ ਹੈ।”

“ਬੇਸਮੈਂਟ ਵਿੱਚ ਕਈ ਮਜ਼ਦੂਰ ਕੰਮ ਕਰ ਰਹੇ ਸਨ, ਉਹ ਸਾਰੇ ਦੱਬ ਗਏ ਹਨ। ਨਾਲ ਹੀ ਬਿਲਡਿੰਗ ਦੇ ਸਾਹਮਣੇ ਫਲ ਆਦਿ ਵੇਚਣ ਵਾਲੇ ਰੇਹੜੀ-ਪਟਰੀ ਵਾਲੇ ਵੀ ਸਨ, ਉਹ ਵੀ ਦੱਬ ਗਏ ਹਨ।”

ਇੱਕ ਹੋਰ ਚਸ਼ਮਦੀਦ ਵਿਦਿਆਰਥੀ ਨੇ ਏਐਨਆਈ ਨੂੰ ਦੱਸਿਆ, “ਇਹ ‘ਹੋਸਟਲ ਡੇਜ਼’ ਨਾਮ ਦੀ ਇਮਾਰਤ ਹੈ। ਇਸ ਦੇ ਬਿਲਕੁਲ ਨਾਲ ਇੱਕ ਹੋਰ ਪੀਜੀ ਦੀ ਇਮਾਰਤ ਵੀ ਡਿੱਗ ਗਈ ਹੈ। ‘ਹੋਸਟਲ ਡੇਜ਼’ ਮੁੰਡਿਆਂ ਲਈ ਬਣਿਆ ਪੀਜੀ ਹੈ। ਇਹ ਪੰਜ ਮੰਜ਼ਿਲਾ ਇਮਾਰਤ ਸੀ। ਇਸ ਦੇ ਨਾਲ ਵਾਲੀ ਇਮਾਰਤ ਵੀ ਡਿੱਗ ਗਈ ਹੈ। ਇਸ ਦੇ ਨਾਲ ਦੋ ਹੋਰ ਇਮਾਰਤਾਂ ਵੀ ਹਿੱਲ ਰਹੀਆਂ ਸਨ। ਇਨ੍ਹਾਂ ਵਿੱਚ ਵੀ ਪੀਜੀ ਚੱਲਦਾ ਹੈ। ਮਲਬੇ ਕਾਰਨ ਇਨ੍ਹਾਂ ਦੇ ਐਂਟਰੈਂਸ ਬਲਾਕ ਹੋ ਗਏ ਹਨ।”

“ਜਿੰਨੇ ਬੱਚੇ ਆਪਣੇ ਕਮਰਿਆਂ ਦੇ ਅੰਦਰ ਸਨ, ਉਹ ਸਾਰੇ ਮਲਬੇ ਵਿੱਚ ਦੱਬ ਗਏ। ਇਮਾਰਤ ਡਿੱਗਣ ਤੋਂ ਬਾਅਦ ਕਰੀਬ 15-20 ਮਿੰਟ ਤੋਂ ਫਾਇਰ ਬ੍ਰਿਗੇਡ ਅਤੇ ਬਚਾਅ ਦਲ ਮੌਕੇ ‘ਤੇ ਕੰਮ ਕਰ ਰਹੇ ਹਨ। ਕਈ ਬੱਚਿਆਂ ਨੂੰ ਜਿਵੇਂ-ਤਿਵੇਂ ਖਿੱਚ-ਖਿੱਚ ਕੇ ਬਾਹਰ ਕੱਢਿਆ ਜਾ ਰਿਹਾ ਹੈ।”

ਕੁਝ ਵਿਦਿਆਰਥੀਆਂ ਨੇ ਕਿਹਾ, “ਅਗਲਾ ਨਿਸ਼ਾਨਾ ਅਸੀਂ ਹੋ ਸਕਦੇ ਹਾਂ ਅਤੇ ਇਸ ਘਟਨਾ ਤੋਂ ਬਾਅਦ ਸਾਡੇ ਮਾਪੇ ਸਾਨੂੰ ਵਾਪਸ ਘਰ ਬੁਲਾ ਰਹੇ ਹਨ।”

‘ਪੀਜੀ ‘ਚ ਰਹਿਣਾ ਬੱਚਿਆਂ ਦੀ ਮਜਬੂਰੀ’

ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਲਈ ਐਨਡੀਆਰਐਫ ਦੇ ਖੋਜੀ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ

ਤਸਵੀਰ ਸਰੋਤ, Getty Images

ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿੱਚ ਵੈਂਕਟੇਸ਼ਵਰ ਕਾਲਜ ਦੇ ਇੱਕ ਵਿਦਿਆਰਥੀ ਸਵਾਈ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਕਾਲਜ ਵਿੱਚ ਹੋਸਟਲ ਨਾ ਮਿਲਣ ਕਾਰਨ ਬਹੁਤ ਸਾਰੇ ਵਿਦਿਆਰਥੀ ਪੀਜੀ ਵਿੱਚ ਰਹਿੰਦੇ ਹਨ।

ਉਨ੍ਹਾਂ ਕਿਹਾ, “ਮੇਰਾ ਇੱਕ ਦੋਸਤ ਹਾਦਸੇ ਵਾਲੀ ਇਮਾਰਤ ਵਿੱਚ ਰਹਿੰਦਾ ਸੀ, ਜੋ ਵਾਲ-ਵਾਲ ਬਚ ਗਿਆ ਹੈ। ਮੈਂ ਅਕਸਰ ਉਸ ਦੇ ਇੱਥੇ ਖਾਣਾ ਖਾਣ ਜਾਂਦਾ ਸੀ ਪਰ ਅੱਜ ਮੈਂ ਸੰਯੋਗ ਨਾਲ ਬਾਹਰ ਸੀ। ਇੱਥੇ ਹੋਸਟਲ ਦੀ ਸਮੱਸਿਆ ਬਹੁਤ ਹੈ।”

ਸਵਾਈ ਸ਼ਰਮਾ ਨੇ ਕਿਹਾ, “ਸੋਸ਼ਿਓਲੋਜੀ ਆਨਰਜ਼ ਵਿੱਚ 75 ਸਟੂਡੈਂਟ ਹਨ ਪਰ ਸਿਰਫ਼ ਦੋ ਬੱਚਿਆਂ ਨੂੰ ਹੀ ਹੋਸਟਲ ਵਿੱਚ ਸੀਟ ਮਿਲਦੀ ਹੈ। ਬਾਕੀ ਸਾਰੇ ਬੱਚੇ ਇੱਥੇ ਰਹਿੰਦੇ ਹਨ। ਇੱਥੇ ਬੈੱਡ ਲਈ 18 ਹਜ਼ਾਰ ਰੁਪਏ ਲੱਗਦੇ ਹਨ। ਇੱਥੇ ਰਹਿਣਾ ਬੱਚਿਆਂ ਦੀ ਮਜਬੂਰੀ ਹੈ।”

ਇੱਕ ਹੋਰ ਵਿਦਿਆਰਥੀ ਦੀਪੇਂਦਰ ਸਿੰਘ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਦਾਅਵਾ ਕੀਤਾ, “ਇਸ ਇਮਾਰਤ ਨੂੰ ਇੱਕ ਸਾਲ ਪਹਿਲਾਂ ਬਲੈਕਲਿਸਟ ਕਰ ਦਿੱਤਾ ਗਿਆ ਸੀ। ਪਰ 2026 ਵਿੱਚ ਬੱਚਿਆਂ ਦਾ ਜਦੋਂ ਨਵਾਂ ਬੈਚ ਆਇਆ ਤਾਂ ਬੱਚੇ ਇੱਥੇ ਫਿਰ ਤੋਂ ਰਹਿਣ ਲੱਗ ਪਏ। ਪਤਾ ਨਹੀਂ ਇਸ ਨੂੰ ਕਿਵੇਂ ਓਪਨ ਕਰ ਦਿੱਤਾ ਗਿਆ।”

ਹਾਲਾਂਕਿ ਇਸ ਦਾਅਵੇ ਦੀ ਬੀਬੀਸੀ ਪੁਸ਼ਟੀ ਨਹੀਂ ਕਰਦਾ ਹੈ।

ਦੀਪੇਂਦਰ ਸਿੰਘ ਨੇ ਅੱਗੇ ਕਿਹਾ, “ਕੋਈ ਵੀ ਅਥਾਰਟੀ ਇੱਥੇ ਕੁਝ ਨਹੀਂ ਕਰਦੀ। ਜੇਕਰ ਇੱਕ ਕਮੇਟੀ ਬਣਾ ਕੇ ਜਾਂਚ ਬਿਠਾਈ ਜਾਵੇ ਤਾਂ ਸੱਤਿਆ ਨਿਕੇਤਨ ਇਲਾਕੇ ਵਿੱਚ ਕਈ ਅਜਿਹੀਆਂ ਇਮਾਰਤਾਂ ਨਿਕਲਣਗੀਆਂ, ਜਿਨ੍ਹਾਂ ਨੂੰ ਤੁਰੰਤ ਸੀਜ਼ ਕਰ ਦਿੱਤਾ ਜਾਵੇਗਾ।”

ਦੀਪੇਂਦਰ ਨੇ ਦੱਸਿਆ, “ਇਹ ਬਹੁਤ ਭੀੜ-ਭਾੜ ਵਾਲਾ ਇਲਾਕਾ ਹੈ ਅਤੇ 10 ਮਿੰਟ ਦੇ ਮੀਂਹ ਨਾਲ ਗੋਡਿਆਂ ਤੱਕ ਪਾਣੀ ਭਰ ਜਾਂਦਾ ਹੈ, ਜਦਕਿ ਇਹ ਸਾਊਥ ਕੈਂਪਸ ਦਾ ਕੇਂਦਰ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ 50,000 ਤੋਂ ਵੱਧ ਬੱਚੇ ਰਹਿੰਦੇ ਹਨ। 100 ਤੋਂ ਜ਼ਿਆਦਾ ਪੀਜੀ ਹੋਸਟਲ ਹਨ।”

ਹਾਦਸੇ ਵਾਲੀ ਥਾਂ

ਤਸਵੀਰ ਸਰੋਤ, ANI

ਸਾਹਿਲ ਨਾਮ ਦੇ ਇੱਕ ਹੋਰ ਵਿਦਿਆਰਥੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਹੋਸਟਲ ਦੀ ਸੁਵਿਧਾ ਨਹੀਂ ਹੈ। ਇੱਥੇ ਸਾਰੀਆਂ ਇਮਾਰਤਾਂ ਦੀ ਸਥਿਤੀ ਇੱਕੋ ਜਿਹੀ ਹੈ।

ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਾਲੀ ਇਮਾਰਤ ਦੇ ਅੰਦਰ ਉਨ੍ਹਾਂ ਦੇ ਮੋਤੀਲਾਲ ਅਤੇ ਰਾਮਲਾਲ ਕਾਲਜ ਦੇ ਦੋਸਤ ਰਹਿੰਦੇ ਸਨ।

ਇੱਕ ਵਿਦਿਆਰਥਣ ਸਵਾਤੀ ਨੇ ਦੱਸਿਆ, “ਇਸ ਇਮਾਰਤ ਵਿੱਚ ਬਹੁਤ ਸਾਰੇ ਵਿਦਿਆਰਥੀ ਰਹਿੰਦੇ ਸਨ। ਇਹ ਇਸ ਲਈ ਡਿੱਗੀ ਕਿਉਂਕਿ ਬੇਸਮੈਂਟ ਵਿੱਚ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਪਿਲਰ ਮਜ਼ਬੂਤ ਨਹੀਂ ਸਨ।”

ਇੱਕ ਹੋਰ ਵਿਦਿਆਰਥਣ ਆਦਿਆ ਨੇ ਦੱਸਿਆ, “ਇੱਥੋਂ ਦੀ ਸਮੱਸਿਆ ਬਾਰੇ ਉਦੋਂ ਗੱਲ ਹੁੰਦੀ ਹੈ ਜਦੋਂ ਡੂਸੂ ਦੀਆਂ ਚੋਣਾਂ ਹੁੰਦੀਆਂ ਹਨ। ਵਾਅਦਾ ਕੀਤਾ ਜਾਂਦਾ ਹੈ ਕਿ ਚੰਗੇ ਐਕੋਮੋਡੇਸ਼ਨ ਹੋਣਗੇ, ਚੰਗੀਆਂ ਸੁਵਿਧਾਵਾਂ ਹੋਣਗੀਆਂ। ਜੇਕਰ ਸਾਡੇ ਕਾਲਜ ਸਾਨੂੰ ਹੋਸਟਲ ਦੇਣ ਤਾਂ ਬੱਚੇ ਸ਼ਾਇਦ ਅਜਿਹੀਆਂ ਤੰਗ ਥਾਵਾਂ ‘ਤੇ ਨਾ ਰਹਿਣ।”

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਬਹੁਤ ਚਿੰਤਤ ਹਨ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਹੀ ਪੀਜੀ ਦੇ ਏਸੀ ਵਿੱਚ ਅੱਗ ਲੱਗ ਗਈ ਸੀ।

‘ਅੱਧੇ ਇੱਕ ਘੰਟੇ ਤੱਕ ਪੁਲਿਸ ਨਹੀਂ ਪਹੁੰਚੀ’

ਇੱਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਹਾਦਸੇ ਤੋਂ ਅੱਧੇ ਘੰਟੇ ਬਾਅਦ ਤੱਕ ਪੁਲਿਸ ਨਹੀਂ ਪਹੁੰਚੀ ਸੀ

ਰਾਮਲਾਲ ਆਨੰਦ ਦੇ ਵਿਦਿਆਰਥੀ ਸ਼ਿਵਮ ਯਾਦਵ ਦੇ ਇੱਕ ਦੋਸਤ ਨੀਰਜ ਬਾਵਾ ਹਾਦਸੇ ਵਾਲੀ ਇਮਾਰਤ ਵਿੱਚ ਰਹਿੰਦੇ ਸਨ। ਹਾਦਸੇ ਦੇ ਸਮੇਂ ਨੀਰਜ ਆਪਣੇ ਕਮਰੇ ਵਿੱਚ ਸਨ।

ਸ਼ਿਵਮ ਯਾਦਵ ਨੇ ਦੱਸਿਆ, “ਉਹ ਮੋਤੀਲਾਲ ਨਹਿਰੂ ਕਾਲਜ ਦੇ ਵਿਦਿਆਰਥੀ ਹਨ। ਹਾਦਸੇ ਦੇ ਸਮੇਂ ਉਹ ਇਮਾਰਤ ਵਿੱਚ ਹੀ ਸਨ, ਤੀਜੀ ਮੰਜ਼ਿਲ ‘ਤੇ। ਉਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਹੈ ਅਤੇ ਹਸਪਤਾਲ ਭੇਜਿਆ ਗਿਆ ਹੈ। ਉਹ ਜੰਮੂ ਦੇ ਰਹਿਣ ਵਾਲੇ ਹਨ।”

ਸ਼ਿਵਮ ਯਾਦਵ ਨੇ ਕਿਹਾ, “ਸੱਤਿਆ ਨਿਕੇਤਨ ਵਿੱਚ ਜ਼ਿਆਦਾਤਰ ਇਮਾਰਤਾਂ ਓਵਰਲੋਡਡ ਹਨ। ਸਾਊਥ ਕੈਂਪਸ ਦੇ ਜੋ ਪੰਜ ਕਾਲਜ ਹਨ, ਉਨ੍ਹਾਂ ਦੇ ਸਾਰੇ ਬੱਚੇ ਸੱਤਿਆ ਨਿਕੇਤਨ ਵਿੱਚ ਰਹਿੰਦੇ ਹਨ ਅਤੇ ਇਮਾਰਤਾਂ ਦੀ ਹਾਲਤ ਬਹੁਤ ਜਰਜਰ ਹੈ। ਕੋਈ ਜਾਂਚ ਵੀ ਨਹੀਂ ਕੀਤੀ ਜਾਂਦੀ। ਇੱਥੇ ਕੋਈ ਰੂਲਜ਼ ਜਾਂ ਗਾਈਡਲਾਈਨਜ਼ ਨਹੀਂ ਹਨ। ਚਾਰ-ਚਾਰ, ਪੰਜ-ਪੰਜ ਇੰਚ ਦੀ ਕੰਧ ‘ਤੇ ਪੂਰੀ ਇਮਾਰਤ ਖੜ੍ਹੀ ਕਰ ਦਿੱਤੀ ਗਈ ਹੈ।”

ਸ਼ਿਵਮ ਯਾਦਵ ਨੇ ਦਾਅਵਾ ਕੀਤਾ ਕਿ ਇਮਾਰਤ ਦੇ ਮਲਬੇ ਵਿੱਚ 50 ਬੱਚੇ ਫਸੇ ਹੋਏ ਹਨ।

ਇੱਕ ਵਿਦਿਆਰਥੀ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਇਮਾਰਤ ਡਿੱਗੀ ਤਾਂ ਉਹ ਆਪਣੇ ਦੋਸਤਾਂ ਨਾਲ ਚਾਹ ਪੀ ਰਹੇ ਸਨ।

ਉਨ੍ਹਾਂ ਨੇ ਦੱਸਿਆ, “ਇੱਥੇ ਅੱਧੇ ਇੱਕ ਘੰਟੇ ਤੱਕ ਕੋਈ ਵੀ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚਿਆ ਸੀ। ਅਸੀਂ ਆਪਣੇ ਹੱਥਾਂ ਨਾਲ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਕੋਈ ਨਿਯਮ-ਕਾਇਦਾ ਨਹੀਂ ਹੈ ਕਿ ਪੀਜੀ ਵਿੱਚ ਕਿੰਨੇ ਬੱਚੇ ਰਹਿਣਗੇ, ਇਮਾਰਤ ਦੀ ਹਾਲਤ ਕੀ ਹੈ।”

ਇੱਕ ਹੋਰ ਵਿਦਿਆਰਥੀ ਨੇ ਕਿਹਾ, “ਬੱਚੇ ਇੰਨੀ ਦੂਰ ਤੋਂ ਪੜ੍ਹਨ ਆਉਂਦੇ ਹਨ, ਉਨ੍ਹਾਂ ਲਈ ਕਿਸੇ ਦੀ ਵੀ ਜਵਾਬਦੇਹੀ ਨਹੀਂ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI