Home rss national punjabi2ਰਾਸ਼ਟਰੀ ਖ਼ਬਰਾਂ ਨਾਭਾ ਜੇਲ੍ਹ ਬ੍ਰੇਕ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਗੁਰਪ੍ਰੀਤ ਸੇਖੋਂ ‘ਆਪ’...

ਨਾਭਾ ਜੇਲ੍ਹ ਬ੍ਰੇਕ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਗੁਰਪ੍ਰੀਤ ਸੇਖੋਂ ‘ਆਪ’ ‘ਚ ਸ਼ਾਮਲ, ਜਾਣੋ ਭਗਵੰਤ ਮਾਨ ਨੇ ਕੀ ਕਿਹਾ

2
0

Source :- BBC PUNJABI

ਗੁਰਪ੍ਰੀਤ ਸੇਖੋਂ ਅਤੇ ਭਗਵੰਤ ਮਾਨ

ਤਸਵੀਰ ਸਰੋਤ, Kuldeep brar/BBC

ਨਾਭਾ ਜੇਲ੍ਹ ਬ੍ਰੇਕ ‘ਚ ਸਜ਼ਾ ਕੱਟ ਚੁੱਕੇ ਗੁਰਪ੍ਰੀਤ ਸੇਖੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

6 ਸਤੰਬਰ ਨੂੰ ਫਿਰੋਜ਼ਪੁਰ ਦੇ ਜ਼ੀਰਾ ਵਿੱਚ ਹੋਏ ਇੱਕ ਜਨਤਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਗੁਰਪ੍ਰੀਤ ਸੇਖੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਗੁਰਪ੍ਰੀਤ ਸੇਖੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਭਰਾ ਦੱਸਦਿਆਂ ਕਿਹਾ, “ਅੱਜ ਤੁਸੀਂ ਵੱਡੇ ਭਰਾ ਬਣ ਕੇ ਬਾਂਹ ਫੜੀ ਹੈ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਿਰ ਦੇ ਦਿਆਂਗੇ, ਪਰ ਪਿੱਛੇ ਨਹੀਂ ਹਟਾਂਗੇ।”

ਗੁਰਪ੍ਰੀਤ ਸੇਖੋਂ ਨੇ ਆਮ ਆਦਮੀ ਪਾਰਟੀ ਪ੍ਰਤੀ ਸਮਰਥਨ ਜ਼ਾਹਿਰ ਕਰਦਿਆਂ ਕਿਹਾ ਕਿ ਹਲਕਾ ਜੀਰਾ ਹੀ ਨਹੀਂ, ਸਗੋਂ ਪੂਰੇ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਈ ਸਥਾਨਕ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

ਇਸ ਦੌਰਾਨ ਗੁਰਪ੍ਰੀਤ ਸੇਖੋਂ ਨੇ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਅਤੇ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਹਲਕਾ ਜੀਰਾ ਦੇ ਕਿਸਾਨਾਂ ਲਈ ਪਾਣੀ ਦੀ ਸਹੂਲਤ ਵਧਾਉਣ ਅਤੇ ਸਰਕਾਰੀ ਕਾਲਜ ਵਿੱਚ ਨਵੇਂ ਕੋਰਸ ਸ਼ੁਰੂ ਕਰਨ ਦੀ ਮੰਗ ਰੱਖੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਨ੍ਹਾਂ ਇਲਾਕੇ ਵਿੱਚ ਕੌਮਾਂਤਰੀ ਕ੍ਰਿਕਟ ਸਟੇਡੀਅਮ ਬਣਾਉਣ ਦੀ ਮੰਗ ਕੀਤੀ।

ਸੇਖੋਂ ਨੇ ਬੇਅਦਬੀ ਖ਼ਿਲਾਫ਼ ਕਾਨੂੰਨ, ਭਾਈ ਹਵਾਰਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਾਂ ਦਾ ਵੀ ਜ਼ਿਕਰ ਕੀਤਾ।

ਇਸ ਦੌਰਾਨ ਗੁਰਪ੍ਰੀਤ ਸੇਖੋਂ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ, “ਸੇਖੋਂ ਸਾਬ੍ਹ, ਬਹੁਤ-ਬਹੁਤ ਵਧਾਈਆਂ। ਤੁਹਾਡੇ ਸਾਰੇ ਪਰਿਵਾਰ ਨੂੰ, ਤੁਹਾਡੇ ਸਾਰੇ ਵਲੰਟੀਅਰਾਂ ਨੂੰ ਅਤੇ ਜਿਹੜੇ ਵੀ ਤੁਹਾਨੂੰ ਪਿਆਰ ਕਰਦੇ ਨੇ, ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ।”

ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨ ਅਤੇ ਲੋਕਾਂ ਦਾ ਪਿਆਰ ਤੇ ਸਤਿਕਾਰ ਹਾਸਲ ਕਰਨ ਲਈ ਸਿਆਸਤ ਵਿੱਚ ਆਏ ਹਾਂ।

ਜਦੋਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਸੇਖੋਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ

ਗੁਰਪ੍ਰੀਤ ਸਿੰਘ ਸੇਖੋਂ

ਤਸਵੀਰ ਸਰੋਤ, Gurpreet Singh Sekhon/FB

ਫਿਰੋਜ਼ਪੁਰ ਪੁਲਿਸ ਨੇ 12 ਦਸੰਬਰ 2025 ਨੂੰ ਗੁਰਪ੍ਰੀਤ ਸਿੰਘ ਸੇਖੋਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਪੁਲਿਸ ਮੁਤਾਬਕ ਗੁਰਪ੍ਰੀਤ ਸਿੰਘ ਸੇਖੋਂ ਨੂੰ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਪ੍ਰੀਵੈਂਟਿਵ ਕਸਟਡੀ ਵਿੱਚ ਲਿਆ ਸੀ।

ਹਾਲਾਂਕਿ ਪੰਜਾਬ ਹਰਿਆਣਾ ਹਾਈਕੋਰਟ ਨੇ ਉਸੇ ਦਿਨ ਦੇਰ ਸ਼ਾਮ ਨੂੰ ਗੁਰਪ੍ਰੀਤ ਸਿੰਘ ਸੇਖੋਂ ਨੂੰ ਹਿਰਾਸਤ ਵਿੱਚੋਂ ਛੱਡਣ ਦੇ ਆਦੇਸ਼ ਜਾਰੀ ਕੀਤੇ ਸਨ। ਗੁਰਪ੍ਰੀਤ ਸਿੰਘ ਸੇਖੋਂ ਦੇ ਮਾਤਾ ਕੁਲਬੀਰ ਕੌਰ ਦੀ ਪਟੀਸ਼ਨ ਉੱਤੇ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੀ।

ਕਈ ਅਪਰਾਧਿਕ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦੇ ਰਹੇ ਗੁਰਪ੍ਰੀਤ ਸਿੰਘ ਸੇਖੋਂ ਹੁਣ ਸਿਆਸਤ ਵਿੱਚ ਸਰਗਰਮ ਹਨ। ਕਿਸੇ ਸਮੇਂ ਪੰਜਾਬ ਪੁਲਿਸ ਦੀ ‘ਮੋਸਟ ਵਾਂਟੰਡ’ ਸੂਚੀ ਵਿੱਚ ਸ਼ਾਮਲ ਰਹੇ ਸੇਖੋਂ ਹੁਣ ਸਿਆਸਤ ਵਿੱਚ ਸਰਗਰਮ ਨਜ਼ਰ ਆ ਰਹੇ ਹਨ।

ਸੇਖੋਂ ਦੀ ਪਤਨੀ ਅਤੇ ਇੱਕ ਹੋਰ ਰਿਸ਼ਤੇਦਾਰ ਜ਼ਿਲ੍ਹਾ ਪਰਿਸ਼ਦ ਚੋਣਾਂ ਲੜੀਆਂ ਸਨ ਅਤੇ ਸੇਖੋਂ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਦੀ ਅਗਵਾਈ ਕਰ ਰਹੇ ਸਨ।

ਉਸ ਵੇਲੇ ਸੇਖੋਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਪਿੱਛੇ ਸਿਆਸੀ ਹਿੱਤ ਹੋਣ ਦਾ ਇਲਜ਼ਾਮ ਲਾਏ ਸਨ। ਸੇਖੋਂ ਦੀਆਂ ਬਾਲਗ਼ ਧੀਆਂ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਪੋਸਟ ਪਾ ਕੇ ਅਜਿਹੇ ਇਲਜ਼ਾਮ ਲਗਾਏ ਸਨ।

ਹਾਲਾਂਕਿ ਪੁਲਿਸ ਨੇ ਇਸ ਨੂੰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਪੀਵੈਂਟਿਵ ਐਕਸ਼ਨ ਦੱਸਿਆ ਸੀ।

ਗੁਰਪ੍ਰੀਤ ਸਿੰਘ ਸੇਖੋਂ

ਤਸਵੀਰ ਸਰੋਤ, Gurpreet Singh Sekhon/FB

ਸੇਖੋਂ ਦਾ ਅਪਰਾਧਿਕ ਪਿਛੋਕੜ ਕੀ ਹੈ

ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੁੱਦਕੀ ਕਸਬੇ ਦੇ ਰਹਿਣ ਵਾਲੇ ਸੇਖੋਂ ਦੀ ਨਾਭਾ ਜ਼ੇਲ ਬ੍ਰੇਕ ਕਾਂਡ ਤੋਂ ਲੈ ਕੇ ਸੁੱਖਾ ਕਾਲਵਾਂ ਕਤਲਕਾਂਡ ਵਰਗੇ ਕਈ ਵੱਡੇ ਅਪਰਾਧਿਕ ਮਾਮਲਿਆਂ ਵਿੱਚ ਕਥਿਤ ਸ਼ਮੂਲੀਅਤ ਰਹੀ ਹੈ।

ਮੁੱਦਕੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਘੱਲ-ਖੁਰਦ ਥਾਣੇ ਅਧੀਨ ਆਉਂਦਾ ਹੈ ਅਤੇ ਥਾਣੇ ਦੇ ਰਿਕਾਰਡ ਮੁਤਾਬਕ ਗੁਰਪ੍ਰੀਤ ਸੇਖੋਂ ਉੱਤੇ ਕੁੱਲ 47 ਮੁਕੱਦਮੇ ਦਰਜ ਸਨ। ਇਨ੍ਹਾਂ ਵਿੱਚ ਵਧੇਰੇ ਪਰਚੇ ਕਤਲ ਜਾਂ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮਾਂ ਤਹਿਤ ਦਰਜ ਸਨ।

ਥਾਣਾ ਘੱਲ ਖੁਰਦ ਦੇ ਐੱਸਐੱਚਓ ਗੁਰਜੰਟ ਸਿੰਘ ਮੁਤਾਬਕ ਸੇਖੋਂ ਨੂੰ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਦਸ ਸਾਲ ਦੀ ਸਜ਼ਾ ਹੋ ਚੁੱਕੀ ਹੈ ਅਤੇ ਹੁਣ ਉਹ ਪਿਛਲੇ ਦੋ ਸਾਲਾਂ ਤੋਂ ਜੇਲ੍ਹ ਤੋਂ ਬਾਹਰ ਹਨ।

ਸੇਖੋਂ ਦੇ ਵਕੀਲ ਅਰਸ਼ ਰੰਧਾਵਾ ਮੁਤਾਬਕ ਉਸ ਦੀ ਸਜ਼ਾ ਮੁਅੱਤਲ ਹੋ ਗਈ ਸੀ।

ਉਹ ਦੱਸਦੇ ਹਨ ਕਿ ਰਿਕਾਰਡ ਮੁਤਾਬਕ ਸੇਖੋਂ ਉੱਤੇ ਦਰਜ ਵਧੇਰੇ ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ।

ਸੇਖੋਂ ਦੇ ਵਕੀਲ ਅਰਸ਼ ਰੰਧਾਵਾ ਨੇ ਕਿਹਾ, “ਗੁਰਪ੍ਰੀਤ ਸਿੰਘ ਸੇਖੋਂ ਪਿਛਲੇ ਦੋ ਸਾਲਾਂ ਤੋਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਛੱਡ ਸਮਾਜ ਸੇਵਾ ਵਿੱਚ ਰੁੱਝੇ ਹੋਏ ਹਨ।”

ਉਹ 22 ਨਵੰਬਰ 2023 ਤੋਂ ਜੇਲ੍ਹ ਤੋਂ ਬਾਹਰ ਹਨ।

ਗੁਰਪ੍ਰੀਤ ਸੇਖੋਂ ਦੀ ਪਤਨੀ ਮਨਦੀਪ ਕੌਰ

ਤਸਵੀਰ ਸਰੋਤ, Gurpreet Singh Sekhon/FB

ਨਾਭਾ ਜ਼ੇਲ੍ਹ ਬ੍ਰੇਕ ਕਾਂਡ ਕਿਵੇਂ ਹੋਇਆ ਸੀ

ਨਾਭਾ ਜ਼ੇਲ ਬ੍ਰੇਕ ਕਾਂਡ ਨਵੰਬਰ 27, 2016 ਨੂੰ ਵਾਪਰਿਆ ਸੀ। 15 ਮੁਲਜ਼ਮਾਂ ਨੇ ਉੱਚ ਸੁਰੱਖਿਆ ਵਾਲੀ ਜੇਲ੍ਹ ਨਾਭਾ ‘ਤੇ ਹਮਲਾ ਕੀਤਾ ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇਐੱਲਐਫ਼) ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਸਮੇਤ ਚਾਰ ਗੈਂਗਸਟਰਾਂ ਅਤੇ ਦੋ ਹੋਰ ਨੂੰ ਜੇਲ੍ਹ ਵਿੱਚੋਂ ਭਜਾਉਣ ਵਿੱਚ ਕਾਮਯਾਬ ਰਹੇ ਸਨ।

ਮੁਲਜ਼ਮ ਪੁਲਿਸ ਵਰਦੀ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਜੇਲ੍ਹ ਗਾਰਡਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਕੇ ਛੇ ਕਥਿਤ ‘ਮੋਸਟ ਵਾਂਟੇਡ’ ਮੁਲਜ਼ਮਾਂ ਨੂੰ ਛੁਡਵਾ ਲਿਆ ਸੀ। ਇਨ੍ਹਾਂ 6 ਮੁਲਜ਼ਮਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਸੇਖੋਂ ਵੀ ਸੀ।

ਪੁਲਿਸ ਵੱਲੋਂ ਗੁਰਪ੍ਰੀਤ ਸੇਖੋਂ ਨੂੰ ਇਸ ਮਾਮਲੇ ਦੇ ਕਥਿਤ ਮਾਸਟਰ ਮਾਈਂਡ ਦੱਸਿਆ ਗਿਆ ਸੀ।

ਗੁਰਪ੍ਰੀਤ ਸਿੰਘ ਸੇਖੋਂ

ਤਸਵੀਰ ਸਰੋਤ, Gurpreet Singh Sekhon/FB

ਸੁੱਖਾ ਕਾਹਲਵਾਂ ਕਤਲ ਕਾਂਡ

ਗੁਰਪ੍ਰੀਤ ਸੇਖੋਂ ਦਾ ਨਾਮ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਦੇ ਕਤਲ ਵਿੱਚ ਜੁੜਿਆ ਸੀ ਅਤੇ ਇਸ ਮਾਮਲੇ ਵਿੱਚ ਸੇਖੋਂ ਉੱਤੇ ਕੇਸ ਵੀ ਦਰਜ ਹੋਇਆ ਸੀ।

ਸੁੱਖਾ ਕਾਹਲਵਾਂ ਨੂੰ ਪੁਲਿਸ ਵੱਲੋਂ ਪੁਲਿਸ ਵੈਨ ਵਿੱਚ ਫਗਵਾੜਾ ਤੋਂ ਨਾਭਾ ਜੇਲ੍ਹ ਲੈ ਕੇ ਜਾ ਰਹੇ ਸਨ। ਜਦੋਂ ਕਾਫ਼ਲਾ ਗੁਰਾਇਆ ਕੋਲ ਪਹੁੰਚਿਆ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ।

ਇਸ ਹਮਲੇ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਸੁੱਖਾ ਕਾਹਲਵਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਗੁਰਪ੍ਰੀਤ ਸੇਖੋਂ ਦਾ ਸੰਬੰਧ ਪੰਜਾਬ ਦੇ ਕਥਿਤ ਗੈਂਗਸਟਰ ਸ਼ੇਰਾ ਖੁੱਬਣ ਅਤੇ ਵਿੱਕੀ ਗੌਂਡਰ ਨਾਲ ਵੀ ਦੱਸਿਆ ਜਾਂਦਾ ਰਿਹਾ ਹੈ। ਜਦੋਂ ਗੁਰਪ੍ਰੀਤ ਸੇਖੋਂ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਇਆ ਤਾਂ ਵਿੱਕੀ ਗੌਂਡਰ ਵੀ ਨਾਲ ਫਰਾਰ ਹੋਇਆ ਸੀ।

ਇਸ ਤੋਂ ਇਲਾਵਾ ਸੁੱਖਾ ਕਾਹਲਵਾਂ ਨਾਲ ਵੀ ਪਹਿਲਾਂ ਉਨ੍ਹਾਂ ਦੀ ਦੋਸਤੀ ਦੱਸੀ ਜਾਂਦੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI