Home rss national punjabi2ਰਾਸ਼ਟਰੀ ਖ਼ਬਰਾਂ ‘ਜਿੰਨ ਕੱਢਣ’ ਦੇ ਨਾਂ ‘ਤੇ 20 ਸਾਲਾ ਕੁੜੀ ਨੂੰ ਤਸੀਹੇ ਦੇਣ ਵਾਲੇ...

‘ਜਿੰਨ ਕੱਢਣ’ ਦੇ ਨਾਂ ‘ਤੇ 20 ਸਾਲਾ ਕੁੜੀ ਨੂੰ ਤਸੀਹੇ ਦੇਣ ਵਾਲੇ ਸ਼ਖ਼ਸ ਨੂੰ 3 ਸਾਲ ਦੀ ਕੈਦ ਅਤੇ 96 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ

2
0

Source :- BBC PUNJABI

ਵਿਅਕਤੀ, ਜੋ ਹਨ੍ਹੇਰੇ ਕਾਰਨ ਸਪਸ਼ਟ ਨਹੀਂ ਦਿਖਾਈ ਦੇ ਰਿਹਾ

‘ਜਿੰਨ ਕੱਢਣ’ ਦੇ ਨਾਮ ‘ਤੇ ਇੱਕ 20 ਸਾਲ ਦੀ ਕੁੜੀ ਨੂੰ ਤਸੀਹੇ ਦੇਣ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਇੱਕ ਸਥਾਨਕ ਅਦਾਲਤ ਨੇ ਇੱਕ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ ਅਤੇ 96.76 ਲੱਖ ਰੁਪਏ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ।

ਅਦਾਲਤ ਦਾ ਕਹਿਣਾ ਹੈ ਕਿ ਦੋਸ਼ੀ ਉਦੋਂ ਤੱਕ ਜੇਲ੍ਹ ਵਿੱਚ ਰਹੇਗਾ, ਜਦੋਂ ਤੱਕ ਉਹ ਪੀੜਤਾ ਨੂੰ ਮੁਆਵਜ਼ੇ ਦੀ ਰਕਮ ਅਦਾ ਨਹੀਂ ਕਰ ਦਿੰਦਾ।

ਇਸਲਾਮੀ ਨਿਆਂ-ਸ਼ਾਸਤਰ ਅਤੇ ਅਪਰਾਧਿਕ ਕਾਨੂੰਨ ਵਿੱਚ ‘ਅਰਸ਼’ ਦਾ ਮਤਲਬ ਸਰੀਰਕ ਸੱਟ ਜਾਂ ਨੁਕਸਾਨ ਲਈ ਦਿੱਤਾ ਜਾਣ ਵਾਲਾ ਆਰਥਿਕ ਮੁਆਵਜ਼ਾ ਹੈ, ਜਿਸ ਦੀ ਰਕਮ ਸ਼ਰੀਅਤ ਵਿੱਚ ਨਿਰਧਾਰਤ ਨਹੀਂ ਕੀਤੀ ਗਈ ਹੈ।

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸਤਗਾਸਾ ਪੱਖ ਮੁਤਾਬਕ, ‘ਜਿੰਨ ਕੱਢਣ’ ਦੀ ਪ੍ਰਕਿਰਿਆ ਦੌਰਾਨ ਅਤੇ ਦੋਸ਼ੀ ਵੱਲੋਂ ਤਸੀਹੇ ਦਿੱਤੇ ਜਾਣ ਕਾਰਨ ਕੁੜੀ ਦੇ ਇੱਕ ਕੰਨ ਦੀ ਸੁਣਨ ਸ਼ਕਤੀ ਖ਼ਤਮ ਹੋ ਗਈ।

ਇਸਲਾਮਾਬਾਦ ਦੀ ਸਥਾਨਕ ਅਦਾਲਤ ਦੇ ਜੱਜ ਮੁਬਾਸ਼ਿਰ ਹਸਨ ਚਿਸ਼ਤੀ ਨੇ 2024 ਵਿੱਚ ਇਸਲਾਮਾਬਾਦ ਦੇ ਕੋਰਾਲ ਪੁਲਿਸ ਥਾਣੇ ਵਿੱਚ ਦਰਜ ਇੱਕ ਮਾਮਲੇ ਵਿੱਚ ਇਹ ਫ਼ੈਸਲਾ ਸੁਣਾਇਆ। ਸਬੰਧਤ ਅਦਾਲਤ ਨੇ ਇਸ ਮਾਮਲੇ ਵਿੱਚ ਇੱਕ ਵਿਸਤ੍ਰਿਤ ਫ਼ੈਸਲਾ ਜਾਰੀ ਵੀ ਕੀਤਾ ਹੈ।

ਦੂਜੇ ਪਾਸੇ, ਦੋਸ਼ੀ ਦੇ ਵਕੀਲ ਯਾਸਿਰ ਮਲਿਕ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਅਪੀਲ ਅਦਾਲਤ ਵਿੱਚ ਚੁਣੌਤੀ ਦੇਣਗੇ।

ਇਲਾਜ ਦੇ ਨਾਂ ‘ਤੇ ‘ਮਾਰੀਆਂ ਚਪੇੜਾਂ’

ਮਹਿਲਾ, ਜੋ ਹਨ੍ਹੇਰੇ ਕਾਰਨ ਸਪਸ਼ਟ ਨਹੀਂ ਦਿਖਾਈ ਦੇ ਰਹੀ

ਇਸਲਾਮਾਬਾਦ ਦੇ ਕੋਰਾਲ ਪੁਲਿਸ ਥਾਣੇ ਵਿੱਚ ਆਮਿਲ ਨਜ਼ੀਰ ਖ਼ਾਨ ਨਾਮ ਦੇ ਵਿਅਕਤੀ ਵਿਰੁੱਧ ਸਈਦਉੱਲ੍ਹਾ ਖ਼ਾਨ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਸਈਦਉੱਲ੍ਹਾ ਖ਼ਾਨ ਉਸ ਕੁੜੀ ਦੇ ਚਾਚਾ ਹਨ, ਜਿਸ ਨਾਲ ਕੁੱਟਮਾਰ ਕੀਤੀ ਗਈ।

ਗੋਲੜਾ ਦੇ ਰਹਿਣ ਵਾਲੇ ਸਈਦਉੱਲ੍ਹਾ ਖ਼ਾਨ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ 20 ਸਾਲਾ ਭਤੀਜੀ ਲੰਮੇ ਸਮੇਂ ਤੋਂ ਇੱਕ ਬਿਮਾਰੀ ਤੋਂ ਪੀੜਤ ਸੀ। ਡਾਕਟਰਾਂ ਤੋਂ ਇਲਾਵਾ, ਉਸ ਦੇ ਇਲਾਜ ਲਈ ਕਈ ਹੋਰ ਲੋਕਾਂ (ਝਾੜ-ਫੂਕ ਕਰਨ ਵਾਲਿਆਂ) ਨਾਲ ਵੀ ਸੰਪਰਕ ਕੀਤਾ ਗਿਆ, ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਮਹਿਲਾ ਪੀੜਤਾ ਦੇ ਘਰ ਆਉਂਦੀ-ਜਾਂਦੀ ਸੀ।

ਉਨ੍ਹਾਂ ਕਿਹਾ ਕਿ ਉਸ ਮਹਿਲਾ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਵੀ ਰੂਹਾਨੀ ਇਲਾਜ ਕਰਦੇ ਸਨ। ਮਹਿਲਾ ਮੁਤਾਬਕ, ਉਸ ਦੇ ਪਿਤਾ ਦੇ ਫੂਕ ਮਾਰਨ ਨਾਲ ਕਈ ਲੋਕ ਠੀਕ ਹੋ ਚੁੱਕੇ ਸਨ। ਸ਼ਿਕਾਇਤਕਰਤਾ ਦੀ ਸ਼ਿਕਾਇਤ ਮੁਤਾਬਕ, ਉਸ ਮਹਿਲਾ ਦੇ ਕਹਿਣ ‘ਤੇ ਉਹ ਆਪਣੀ ਭਤੀਜੀ ਨੂੰ ਲੈ ਕੇ ਨਜ਼ੀਰ ਖ਼ਾਨ ਦੇ ਘਰ ਗਏ।

ਡਾਕਟਰਾਂ ਨੇ ਦੱਸਿਆ ਕਿ ਉਸ ਦੇ ਸੱਜੇ ਕੰਨ ਦਾ ਪਰਦਾ ਫਟ ਗਿਆ ਸੀ, ਜਿਸ ਕਾਰਨ ਉਸ ਦੇ ਸੱਜੇ ਕੰਨ ਦੀ ਸੁਣਨ ਸ਼ਕਤੀ ਖ਼ਤਮ ਹੋ ਗਈ ਸੀ

ਸਈਦਉੱਲ੍ਹਾ ਖ਼ਾਨ ਨੇ ਦੱਸਿਆ ਕਿ ਪਹਿਲਾਂ ਮੁਲਜ਼ਮ ਨੇ ਕਿਹਾ ਕਿ ਕੁੜੀ ‘ਤੇ ‘ਜਿੰਨਾਂ’ ਦਾ ਪਰਛਾਵਾਂ ਹੈ ਅਤੇ ਉਹ ਕੁੜੀ ਦੇ ਸਰੀਰ ਵਿੱਚੋਂ ਇਨ੍ਹਾਂ ਜਿੰਨਾਂ ਨੂੰ ਕੱਢ ਦੇਵੇਗਾ।

ਸਈਦਉੱਲ੍ਹਾ ਖ਼ਾਨ ਨੇ ਕਿਹਾ ਕਿ ਇਸ ਤੋਂ ਬਾਅਦ ਮੁਲਜ਼ਮ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ, ਮੂੰਹ ਵਿੱਚ ਕੁਝ ਬੁੜਬੁੜਾਇਆ ਅਤੇ ਫਿਰ ਕੁੜੀ ਦੇ ਚਿਹਰੇ ‘ਤੇ ਥੱਪੜ ਮਾਰਿਆ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਇਸ ਦੇ ਬਾਵਜੂਦ ਨਜ਼ੀਰ ਖ਼ਾਨ ਨੇ ਥੱਪੜ ਮਾਰਨੇ ਬੰਦ ਨਹੀਂ ਕੀਤੇ।

ਸਈਦਉੱਲ੍ਹਾ ਖ਼ਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਕੁੜੀ ਬੇਹੋਸ਼ ਹੋ ਗਈ ਅਤੇ ਫਿਰ ਮੁਲਜ਼ਮ ਨੇ ਕਿਹਾ, ‘ਹੁਣ ਇਸ ਨੂੰ ਘਰ ਲੈ ਜਾਓ, ਕਿਉਂਕਿ ਇਸ ਦਾ ਜਿੰਨ ਚਲਾ ਗਿਆ ਹੈ।’

ਉਨ੍ਹਾਂ ਦੱਸਿਆ ਕਿ ਜਦੋਂ ਪੀੜਤਾ ਨੂੰ ਘਰ ਲਿਆਂਦਾ ਗਿਆ, ਤਾਂ ਉਸ ਦੇ ਸੱਜੇ ਕੰਨ ਵਿੱਚ ਬਹੁਤ ਦਰਦ ਹੋ ਰਿਹਾ ਸੀ।

ਸਈਦਉੱਲ੍ਹਾ ਨੇ ਕਿਹਾ ਕਿ ਜਦੋਂ ਉਸ ਨੂੰ ਜਾਂਚ ਲਈ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪੀਆਈਐੱਮਐੱਸ) ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਸੱਜੇ ਕੰਨ ਦਾ ਪਰਦਾ ਫਟ ਗਿਆ ਸੀ, ਜਿਸ ਕਾਰਨ ਉਸ ਦੇ ਸੱਜੇ ਕੰਨ ਦੀ ਸੁਣਨ ਸ਼ਕਤੀ ਖ਼ਤਮ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਕੁੜੀ ਉਨ੍ਹਾਂ ਦੇ ਵੱਡੇ ਭਰਾ ਦੀ ਧੀ ਹੈ ਅਤੇ ਉਸ ਦੀ ਮਾਂ ਦਾ ਦੇਹਾਂਤ ਹੋ ਚੁੱਕਾ ਹੈ। ਸਈਦਉੱਲ੍ਹਾ ਖ਼ਾਨ ਮੁਤਾਬਕ, ਉਹ ਖ਼ੁਦ ਹੀ ਉਸ ਦੀ ਦੇਖਭਾਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਉਂਕਿ ਮੁਲਜ਼ਮ ਨਜ਼ੀਰ ਦੀ ਧੀ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੀ ਹੈ, ਇਸ ਲਈ ਮਾਮਲਾ ਸੁਲਝਾਉਣ ਵਾਸਤੇ ਮੁਲਜ਼ਮ ਨੂੰ ਆਪਣੀ ਹਰਕਤ ਲਈ ਮੁਆਫ਼ੀ ਮੰਗਣ ਲਈ ਕਿਹਾ ਗਿਆ, ਪਰ ਨਜ਼ੀਰ ਖ਼ਾਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ।

ਸਈਦਉੱਲ੍ਹਾ ਖ਼ਾਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਭਤੀਜੀ ਬਿਮਾਰ ਸੀ, ਤਾਂ ਉਸ ਨੂੰ ਪੀਆਈਐੱਮਐੱਸ ਹਸਪਤਾਲ ਲਿਜਾਇਆ ਗਿਆ ਸੀ ਅਤੇ ਡਾਕਟਰਾਂ ਨੇ ਸੀਟੀ ਸਕੈਨ ਨੂੰ ਛੱਡ ਕੇ ਸਾਰੇ ਜ਼ਰੂਰੀ ਟੈਸਟ ਕੀਤੇ ਸਨ। ਡਾਕਟਰਾਂ ਨੇ ਕਿਹਾ ਸੀ ਕਿ ਰਿਪੋਰਟਾਂ ਪੂਰੀ ਤਰ੍ਹਾਂ ਠੀਕ ਸਨ।

ਉਨ੍ਹਾਂ ਕਿਹਾ, “ਡਾਕਟਰਾਂ ਨੇ ਮੌਖਿਕ ਤੌਰ ‘ਤੇ ਰਾਇ ਦਿੱਤੀ ਸੀ ਕਿ ਉਸ ਨੂੰ ਕੋਈ ਸਰੀਰਕ ਬਿਮਾਰੀ ਨਹੀਂ ਹੈ ਅਤੇ ਅਜਿਹਾ ਲੱਗਦਾ ਹੈ ਕਿ ਉਸ ਨੂੰ ਕੋਈ ਰੂਹਾਨੀ ਬਿਮਾਰੀ ਹੈ।”

ਸਈਦਉੱਲ੍ਹਾ ਖ਼ਾਨ ਨੇ ਕਿਹਾ, “ਉਹ ਹੁਣ ਪੂਰੀ ਤਰ੍ਹਾਂ ਠੀਕ ਹੈ, ਪਰ ਸਰਦੀਆਂ ਵਿੱਚ ਜਦੋਂ ਠੰਢੀਆਂ ਹਵਾਵਾਂ ਚੱਲਦੀਆਂ ਹਨ, ਤਾਂ ਉਸ ਦੇ ਕੰਨਾਂ ‘ਤੇ ਅਸਰ ਪੈਂਦਾ ਹੈ।”

‘ਦੋਸ਼ੀ ਨੇ ਆਪਣੇ ਬਚਾਅ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤਾ’

ਰੂਹਾਨੀ ਇਲਾਜ

ਇਸ ਮਾਮਲੇ ਵਿੱਚ ਸਬੰਧਤ ਅਦਾਲਤ ਨੇ ਕੁੜੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਉਸ ਨੂੰ ਇਲਾਜ ਲਈ ਡਾਕਟਰ ਕੋਲ ਲਿਜਾਇਆ ਗਿਆ, ਤਾਂ ਉਸ ਨੂੰ ”ਪਤਾ ਵੀ ਨਹੀਂ ਸੀ ਕਿ ਉਸ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ”।

ਆਪਣੇ ਬਿਆਨ ਵਿੱਚ ਕੁੜੀ ਨੇ ਕਿਹਾ ਕਿ ਜਦੋਂ ਉਸ ਨੂੰ ਤਸੀਹੇ ਦਿੱਤੇ ਗਏ ਅਤੇ ਉਹ ਬੇਹੋਸ਼ ਹੋ ਗਈ, ਤਾਂ ਉਸ ਨੂੰ ਇਲਾਜ ਲਈ ਪੀਆਈਐੱਮਐਸ ਹਸਪਤਾਲ ਲਿਜਾਇਆ ਗਿਆ, ਜਿੱਥੇ ਪਤਾ ਲੱਗਿਆ ਕਿ ਉਸ ਦੇ ਕੰਨ ਦਾ ਪਰਦਾ ਫਟ ਗਿਆ ਸੀ।

ਅਦਾਲਤ ਨੇ ਇਸ ਮਾਮਲੇ ਦੇ ਫ਼ੈਸਲੇ ਵਿੱਚ ਦੋਸ਼ੀ ਨਜ਼ੀਰ ਖ਼ਾਨ ਦੇ ਬਿਆਨ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਸਈਦਉੱਲ੍ਹਾ (ਸ਼ਿਕਾਇਤਕਰਤਾ) ਨੇ ਮਾਮਲਾ ਸੁਲਝਾਉਣ ਲਈ ਵੱਡੀ ਰਕਮ ਦੀ ਮੰਗ ਕੀਤੀ ਸੀ ਅਤੇ ਉਸ ਵੱਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਸ ਵਿਰੁੱਧ ਮਾਮਲਾ ਦਰਜ ਕਰਵਾ ਦਿੱਤਾ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਦੋਸ਼ੀ ਨੇ ਆਪਣੇ ਬਚਾਅ ਵਿੱਚ ਅਦਾਲਤ ਵਿੱਚ ਕੋਈ ਗਵਾਹ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਲਿਖਿਆ ਕਿ ਦੋਸ਼ੀ ਪਾਕਿਸਤਾਨ ਪੀਨਲ ਕੋਡ ਦੀ ਧਾਰਾ 336 ਤਹਿਤ ਪੀੜਤਾ ਨੂੰ 96,76,195 ਰੁਪਏ ਦੀ ‘ਦਿਯਤ’ (ਮੁਆਵਜ਼ੇ) ਦੀ ਅੱਧੀ ਰਕਮ ਦੇਣ ਲਈ ਪਾਬੰਦ ਹੈ ਅਤੇ ਜਦੋਂ ਤੱਕ ਉਹ ਇਹ ਰਕਮ ਅਦਾ ਨਹੀਂ ਕਰਦਾ, ਉਦੋਂ ਤੱਕ ਉਹ ਜੇਲ੍ਹ ਵਿੱਚ ਰਹੇਗਾ।

ਜਦੋਂ ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਇਆ, ਤਾਂ ਦੋਸ਼ੀ ਨਜ਼ੀਰ ਖ਼ਾਨ ਅਦਾਲਤ ਦੇ ਕਮਰੇ ਵਿੱਚ ਮੌਜੂਦ ਸੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਡਿਆਲਾ ਜੇਲ੍ਹ ਭੇਜ ਦਿੱਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI