Home rss national punjabi2ਰਾਸ਼ਟਰੀ ਖ਼ਬਰਾਂ ‘ਜੇ ਮਹਿਲਾ ਭਗਵਾਨ ਰਾਮ ਨੂੰ ਜਨਮ ਦੇ ਸਕਦੀ ਤਾਂ ਕਿਰਦਾਰ ਕਿਉਂ ਨਹੀਂ...

‘ਜੇ ਮਹਿਲਾ ਭਗਵਾਨ ਰਾਮ ਨੂੰ ਜਨਮ ਦੇ ਸਕਦੀ ਤਾਂ ਕਿਰਦਾਰ ਕਿਉਂ ਨਹੀਂ ਨਿਭਾ ਸਕਦੀ’, ਪੰਜਾਬ ਦੇ ਜ਼ੀਰਕਪੁਰ ਦੀ ਇਹ ਰਾਮਲੀਲਾ ਵੱਖਰੀ ਕਿਉਂ ਹੈ

2
0

Source :- BBC PUNJABI

ਮਹਿਲਾਵਾਂ ਦੀ ਰਾਮਲੀਲਾ

“ਇੱਕ ਔਰਤ ਰਾਮ ਅਤੇ ਹਨੂੰਮਾਨ ਦਾ ਕਿਰਦਾਰ ਕਿਵੇਂ ਨਿਭਾ ਸਕਦੀ ਹੈ?”

ਮੁਹਾਲੀ ਦੇ ਜ਼ੀਰਕਪੁਰ ਵਿੱਚ ਮਹਿਲਾਵਾਂ ਵੱਲੋਂ ਪੇਸ਼ ਕੀਤੀ ਜਾਂਦੀ ਰਾਮਲੀਲਾ ਦੇ ਪ੍ਰਬੰਧਕਾਂ ਅਤੇ ਕਲਾਕਾਰਾਂ ਨੂੰ ਕਈ ਵਾਰ ਇਸ ਸਵਾਲ ਦਾ ਸਾਹਮਣਾ ਕਰਨਾ ਪਿਆ ਹੈ।

ਮਹਿਲਾਵਾਂ ਦੀ ਰਾਮਲੀਲਾ ਦੇ ਪ੍ਰਬੰਧਕ ਏਕਤਾ ਨਾਗਪਾਲ ਕਹਿੰਦੇ ਹਨ, “ਲੋਕਾਂ ਨੇ ਬਹੁਤ ਵਾਰ ਵਿਰੋਧ ਕੀਤਾ ਕਿ ਭਗਵਾਨ ਰਾਮ ਦਾ ਕਿਰਦਾਰ ਸਿਰਫ਼ ਪੁਰਸ਼ ਹੀ ਕਰ ਸਕਦੇ ਹਨ ਪਰ ਜੇਕਰ ਭਗਵਾਨ ਰਾਮ ਨੂੰ ਜਨਮ ਦੇਣ ਵਾਲੀ ਮਹਿਲਾ ਸੀ ਤਾਂ ਉਨ੍ਹਾਂ ਦਾ ਕਿਰਦਾਰ ਨਿਭਾਉਣ ਵਾਲੀ ਕੋਈ ਮਹਿਲਾ ਕਿਉਂ ਨਹੀਂ ਹੋ ਸਕਦੀ।”

ਉਹ ਅੱਗੇ ਕਹਿੰਦੇ ਹਨ, “ਜਦੋਂ-ਜਦੋਂ ਵੀ ਸਾਡਾ ਵਿਰੋਧ ਹੋਇਆ ਅਸੀਂ ਹਰ ਵਾਰ ਆਪਣੀ ਮਿਹਨਤ ਅਤੇ ਸੱਚਾਈ ਨਾਲ ਉਸ ਵਿਰੋਧ ਦਾ ਜਵਾਬ ਦਿੱਤਾ, ਜਿਸਦਾ ਨਤੀਜਾ ਇਹ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਅਸੀਂ ਜ਼ੀਰਕਪੁਰ ਵਿੱਚ ਰਾਮਲੀਲਾ ਕਰਵਾ ਰਹੇ ਹਾਂ।”

100 ਤੋਂ ਵੱਧ ਕੁੜੀਆਂ, ਮਹਿਲਾਵਾਂ, ਬਜ਼ੁਰਗ ਮਹਿਲਾਵਾਂ ਪੇਸ਼ਕਾਰੀ ਕਰ ਰਹੀਆਂ

ਮਹਿਲਾਵਾਂ ਦੀ ਰਾਮਲੀਲਾ

ਮਹਿਲਾਵਾਂ ਦੀ ਰਾਮਲੀਲਾ ‘ਜੜੋਂ ਸੇ ਜੁੜੋ’ ਸੰਸਥਾ ਵੱਲੋਂ ਆਯੋਜਿਤ ਕਰਵਾਈ ਜਾਂਦੀ ਹੈ।

ਜਿਸ ਵਿੱਚ ਇਸ ਸਾਲ 108 ਦੇ ਕਰੀਬ ਕੁੜੀਆਂ, ਮਹਿਲਾਵਾਂ, ਬਜ਼ੁਰਗ ਮਹਿਲਾਵਾਂ ਪੇਸ਼ਕਾਰੀ ਕਰ ਰਹੀਆਂ ਹਨ।

ਇਸ ਰਾਮਲੀਲਾ ਦੀ ਖਾਸ ਗੱਲ ਇਹ ਵੀ ਹੈ ਕਿ ਰਾਮ, ਰਾਵਣ, ਦਸ਼ਰਥ ਅਤੇ ਹਨੂੰਮਾਨ ਦਾ ਕਿਰਦਾਰ ਕਰਨ ਵਾਲੀਆਂ ਮਹਿਲਾਵਾਂ ਪੇਸ਼ੇ ਵਜੋਂ ਕੋਈ ਅਦਾਕਾਰ ਜਾਂ ਥੀਏਟਰ ਆਰਟਿਸਟ ਨਹੀਂ ਹਨ।

ਉਨ੍ਹਾਂ ਵਿੱਚ ਕੋਈ ਘਰੇਲੂ ਮਹਿਲਾ ਹੈ, ਕੋਈ ਵਕੀਲ ਹੈ, ਕੋਈ ਸਕੂਲ ਦੀ ਪ੍ਰਿੰਸੀਪਲ ਅਤੇ ਕੋਈ ਬਿਜਨਸਵੂਮੈਨ ਹੈ।

ਪਰ ਇਸਦੇ ਬਾਵਜੂਦ ਉਹ ਦੋ ਢਾਈ ਮਹੀਨੇ ਲਗਾਤਾਰ ਅਭਿਆਸ ਕਰਨ ਤੋਂ ਬਾਅਦ ਦਰਸ਼ਕਾਂ ਸਾਹਮਣੇ ਦੱਸ ਦਿਨ ਰਾਮਲੀਲਾ ਦੀ ਪੇਸ਼ਕਾਰੀ ਕਰਦੀਆਂ ਹਨ।

ਮਹਿਲਾਵਾਂ ਕੋਲੋਂ ਰਾਮਲੀਲਾ ਕਰਵਾਉਣ ਦਾ ਤਜ਼ਰਬਾ ਕਿਹੋ ਜਿਹਾ

ਸ਼ਾਮ ਜੇਤਲੀ
ਮਹਿਲਾਵਾਂ ਦੀ ਰਾਮਲੀਲਾ ਤਿਆਰ ਕਰਵਾਉਣ ਵਾਲੇ ਡਾਇਰੈਕਟਰ

ਰਾਮਲੀਲਾ ਦੇ ਡਾਇਰੈਕਟਰ ਸ਼ਾਮ ਜੇਤਲੀ ਕਹਿੰਦੇ ਹਨ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਮ ਮਹਿਲਾਵਾਂ ਕੋਲੋਂ ਰਾਮਲੀਲਾ ਦੀ ਪੇਸ਼ਕਾਰੀ ਕਰਵਾ ਰਹੇ ਹਨ।

ਉਹ ਦੱਸਦੇ ਹਨ, “ਬਹੁਤ ਵਾਰ ਲੋਕ ਕਹਿੰਦੇ ਹਨ ਕਿ ਪੁਰਸ਼ਾਂ ਦੇ ਕਿਰਦਾਰ ਮਹਿਲਾਵਾਂ ਕਿਵੇਂ ਕਰ ਸਕਦੀਆਂ ਹਨ ਪਰ ਮੈਂ ਕਹਿੰਦਾ ਹਾਂ ਕਿ ਮਹਿਲਾਵਾਂ ਵਿੱਚ ਹਰ ਤਰ੍ਹਾਂ ਦੀ ਭਾਵਨਾ ਹੁੰਦੀ ਹੈ, ਉਹ ਰੌਦਰ ਰੂਪ, ਪਿਆਰ, ਸੂਖ਼ਮਤਾ.. ਹਰ ਭਾਵਨਾ ਨੂੰ ਬਿਆਨ ਕਰ ਸਕਦੀਆਂ ਹਨ, ਬਸ ਉਨ੍ਹਾਂ ਨੂੰ ਸਿਖਾਉਣ ਦਾ ਹੁਨਰ ਹੋਣਾ ਚਾਹੀਦਾ ਹੈ।”

ਉਹ ਕਹਿੰਦੇ ਹਨ, “ਜਦੋਂ ਮੈਂ ਰਾਮਲੀਲਾ ਦਾ ਕਲਾਕਾਰ ਸੀ ਤਾਂ ਮੈਂ ਪੁਰਸ਼ ਹੋ ਕੇ ਮਹਿਲਾਵਾਂ ਦੇ ਰੋਲ ਅਦਾ ਕੀਤੇ, ਜੇਕਰ ਪੁਰਸ਼ ਮਹਿਲਾਵਾਂ ਦੇ ਰੋਲ ਕਰ ਸਕਦੇ ਹਨ ਤਾਂ ਮਹਿਲਾਵਾਂ ਪੁਰਸ਼ਾਂ ਦੇ ਰੋਲ ਕਿਉਂ ਨਹੀਂ ਕਰ ਸਕਦੀਆਂ।”

ਬਿਨਾਂ ਤਜ਼ਰਬੇਕਾਰ ਮਹਿਲਾਵਾਂ ਤੋਂ ਅਦਾਕਾਰੀ ਕਿਵੇਂ ਕਰਵਾਉਂਦੇ ਹੋ?

ਮਹਿਲਾਵਾਂ ਦੀ ਰਾਮਲੀਲਾ

ਬਿਨਾਂ ਤਜ਼ਰਬੇਕਾਰ ਮਹਿਲਾਵਾਂ ਤੋਂ ਅਦਾਕਾਰੀ ਕਿਵੇਂ ਕਰਵਾਉਂਦੇ ਹੋ? ਇਸ ਸਵਾਲ ਦੇ ਜਵਾਬ ਵਿੱਚ ਸ਼ਾਮ ਜੇਤਲੀ ਕਹਿੰਦੇ ਹਨ, “ਇਹ ਕੰਮ ਕਾਜ ਵਾਲੀਆਂ ਮਹਿਲਾਵਾਂ ਹਨ, ਕਿਸੇ ਨੇ ਬੱਚਿਆਂ ਨੂੰ ਦੇਖਣਾ ਹੁੰਦਾ ਹੈ, ਕਿਸੇ ਨੂੰ ਆਪਣੇ ਪਤੀ ਨੂੰ। ਇਸ ਕਰਕੇ ਇਹ ਮੁਸ਼ਕਿਲ ਆਉਂਦੀ ਹੈ ਕਿ ਸਭ ਦੀ ਰਿਹਰਸਲ ਹਰ ਵਾਰ ਇਕੱਠੇ ਨਹੀਂ ਹੁੰਦੀ, ਪਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਜੋ ਵੀ ਕਲਾਕਾਰ ਜਿਸ ਸਮੇਂ ਆ ਸਕਦਾ ਹੈ, ਉਹ ਉਸ ਸਮੇਂ ਆ ਜਾਵੇ ਅਤੇ ਫਿਰ ਇੱਕ ਦਿਨ ਇਕੱਠੀ ਤਿਆਰੀ ਕਰ ਲਈ ਜਾਵੇ।”

”ਪੁਰਸ਼ਾਂ ਕੋਲ ਅਜਿਹੇ ਕੰਮ ਨਹੀਂ ਹੁੰਦੇ, ਉਹ ਇੱਕ ਸਮੇਂ ਇੱਕ ਕੰਮ ਹੀ ਕਰਦੇ ਹਨ ਪਰ ਮਹਿਲਾਵਾਂ ਲਈ ਇਹ ਮੁਸ਼ਕਿਲ ਹੁੰਦਾ ਹੈ, ਪਰ ਬਾਵਜੂਦ ਇਸਦੇ ਅਸੀਂ ਸੌ ਤੋਂ ਵੱਧ ਮਹਿਲਾਵਾਂ ਨਾਲ ਇਸ ਵਾਰ ਰਾਮਲੀਲਾ ਕਰ ਰਹੇ ਹਾਂ।”

ਵੱਖ-ਵੱਖ ਪੇਸ਼ਿਆਂ ਨਾਲ ਜੁੜੀਆਂ ਰਾਮਲੀਲਾ ਦੀਆਂ ਇਹ ਮਹਿਲਾ ਕਲਾਕਾਰ

ਮਹਿਲਾਵਾਂ ਦੀ ਰਾਮਲੀਲਾ

ਰਾਮ ਦਾ ਕਿਰਦਾਰ ਨਿਭਾਉਣ ਵਾਲੇ ਆਭਾ ਸ਼ੁਕਲਾ ਇੱਕ ਘਰੇਲੂ ਮਹਿਲਾ ਹਨ ਅਤੇ ਛੱਤੀਸਗੜ੍ਹ ਵਿੱਚ ਕਿਸਾਨੀ ਵੀ ਕਰਦੇ ਹਨ।

ਉਨ੍ਹਾਂ ਦੇ ਪਤੀ ਚੰਡੀਗੜ੍ਹ ਵਿੱਚ ਨੌਕਰੀ ਕਰਦੇ ਹਨ। ਉਹ ਕਹਿੰਦੇ ਹਨ, “ਮੈਂ ਜਦੋਂ ਆਡੀਸ਼ਨ ਦੇਣ ਲਈ ਆਈ ਸੀ ਤਾਂ ਗੁਰੂ ਜੀ (ਡਾਇਰੈਕਟਰ) ਨੂੰ ਇੱਕ ਲੰਬੇ ਕੱਦ ਵਾਲੀ ਕੁੜੀ ਦੀ ਭਾਲ ਸੀ, ਮੇਰਾ ਕੱਦ ਲੰਬਾ ਹੋਣ ਕਰਕੇ ਮੈਨੂੰ ਰਾਮ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲ ਗਿਆ। ਹੁਣ ਮੈਂ ਇਹ ਕਿਰਦਾਰ ਕਰਕੇ ਇੰਨੀ ਖੁਸ਼ ਹਾਂ ਕਿ ਮੇਰੇ ਬੱਚੇ ਵੀ ਮੈਨੂੰ ਕਹਿੰਦੇ ਹਨ ਕਿ ਮੰਮਾ ਤੁਸੀਂ ਹੁਣ ਗੁੱਸਾ ਕਿਉਂ ਨਹੀਂ ਕਰਦੇ। ਰਾਮ ਦਾ ਕਿਰਦਾਰ ਨਿਭਾਉਂਦੇ ਹੋਏ ਮੈਂ ਨਿੱਜੀ ਤੌਰ ‘ਤੇ ਵੀ ਸ਼ਾਂਤ ਰਹਿਣਾ ਸਿੱਖ ਗਈ ਹਾਂ, ਜੋ ਮੇਰੇ ਜੀਵਨ ‘ਚ ਸਭ ਤੋਂ ਵੱਡਾ ਬਦਲਾਅ ਹੈ।”

“ਇਸ ਤੋਂ ਇਲਾਵਾ ਇੱਕ ਪੁਰਸ਼ ਦੇ ਕਿਰਦਾਰ ਨੂੰ ਨਿਭਾਉਂਦੇ ਹੋਏ ਮੈਨੂੰ ਆਪਣੇ ਤੁਰਨ, ਗੱਲ ਕਰਨ ਅਤੇ ਬੈਠਣ ਦਾ ਢੰਗ ਵੀ ਬਦਲਣਾ ਪਿਆ, ਕਦੇ-ਕਦੇ ਮੈਨੂੰ ਝਿੜਕਾਂ ਵੀ ਪੈਂਦੀਆਂ ਹਨ।”

ਆਭਾ ਸ਼ੁਕਲਾ
ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰਾ

ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਰੂਚਿਤਾ ਗਰਗ ਪੇਸ਼ੇ ਪੱਖੋਂ ਵਕੀਲ ਹਨ।

ਉਹ ਸਟੇਜ ਤੇ ਜਦੋਂ ਰਾਵਣ ਵਾਂਗੂ ਹੱਸਦੇ ਹਨ ਤਾਂ ਕੋਈ ਇਹ ਪਛਾਣ ਵੀ ਨਹੀਂ ਕਰ ਸਕਦਾ ਕਿ ਇਹ ਇੱਕ ਮਹਿਲਾ ਹੈ।

ਉਹ ਕਹਿੰਦੇ ਹਨ, “ਰਾਵਣ ਦਾ ਕਿਰਦਾਰ ਕਰਨ ਵੇਲੇ ਮੈਂ ਪੂਰੀ ਤਰ੍ਹਾਂ ਇੱਕ ਪੁਰਸ਼ ਦੇ ਕਿਰਦਾਰ ਵਿੱਚ ਢਲ ਜਾਂਦੀ ਹਾਂ, ਜੋ ਭਾਰੀਪਣ ਰਾਵਣ ਲਈ ਚਾਹੀਦਾ ਹੈ ਉਹ ਲੈ ਕੇ ਆਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।”

ਲਕਸ਼ਮਣ ਦਾ ਕਿਰਦਾਰ ਕਰਦੇ ਪੱਲਵੀ ਪਿੰਗੇ ਇੱਕ ਸ਼ਾਸਤਰੀ ਨ੍ਰਿਤਕ (ਕਲਾਸੀਕਲ ਡਾਂਸਰ) ਹਨ। ਉਹ ਕਹਿੰਦੇ ਹਨ ਕਲਾਸੀਕਲ ਡਾਂਸਰ ਹੋਣ ਕਾਰਨ ਮੈਨੂੰ ਚਿਹਰੇ ‘ਤੇ ਵੱਖ-ਵੱਖ ਭਾਵਨਾਵਾਂ ਦਾ ਪ੍ਰਗਟਾਵਾ ਕਰਨਾ ਆਉਂਦਾ ਸੀ ਇਸ ਕਰਕੇ ਮੈਨੂੰ ਰਾਮਲੀਲਾ ਕਰਦੇ ਸਮੇਂ ਜ਼ਿਆਦਾ ਮੁਸ਼ਕਿਲ ਨਹੀਂ ਆਉਂਦੀ।”

ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਇਨ੍ਹਾਂ ਮਹਿਲਾਵਾਂ ਨੇ ਰਾਮਲੀਲਾ ਨੂੰ ਕਿਉਂ ਚੁਣਿਆ

ਮਹਿਲਾਵਾਂ ਦੀ ਰਾਮਲੀਲਾ

ਇਸ ਸਵਾਲ ਦੇ ਜਵਾਬ ਵਿੱਚ ਲਗਭਗ ਸਾਰੀਆਂ ਮਹਿਲਾਵਾਂ ਦਾ ਜਵਾਬ ਇੱਕੋ ਜਿਹਾ ਸੀ।

ਇੱਕ ਕਾਰੋਬਾਰੀ ਅਤੇ ਸੀਤਾ ਦਾ ਕਿਰਦਾਰ ਕਰਨ ਵਾਲੇ ਅਨੂਸ਼ਾ ਚੱਡਾ ਕਹਿੰਦੇ ਹਨ, “ਰਾਮਾਇਣ ਇੱਕ ਕਥਾ ਹੈ ਤੇ ਹੁਣ ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਤੱਥ ਨਹੀਂ, ਖੁਦ ਬਣਾਈਆਂ ਗੱਲਾਂ ਜ਼ਿਆਦਾ ਪ੍ਰਚਲਿਤ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਖੁਦ ਸਹੀ ਇਤਿਹਾਸਕ ਤੱਥਾਂ ਨੂੰ ਆਪਣੇ ਬੱਚਿਆਂ ਅੱਗੇ ਪੇਸ਼ ਕਰੀਏ ਤਾਂ ਜੋ ਉਹ ਆਪਣੇ ਸੰਸਕਾਰਾਂ ਨਾਲ ਜੁੜਨ।”

ਰਾਜਾ ਦਸ਼ਰਥ ਦਾ ਕਿਰਦਾਰ ਨਿਭਾਉਣ ਵਾਲੇ ਡਾ. ਮੀਨਾਕਸ਼ੀ ਇੱਕ ਪ੍ਰਿੰਸੀਪਲ ਅਤੇ ਦੋ ਬੱਚਿਆਂ ਦੇ ਦਾਦੀ ਹਨ।

ਉਹ ਕਹਿੰਦੇ ਹਨ, “ਕਾਲਜ ਵੇਲੇ ਥੀਏਟਰ ਕੀਤਾ ਸੀ ਪਰ ਕਈ ਸਾਲਾਂ ਤੋਂ ਇਹ ਸ਼ੌਂਕ ਖਤਮ ਹੋ ਗਿਆ ਸੀ, ਪਰ ਜਦੋਂ ਮੁੜ ਸਾਨੂੰ ਰਾਮਲੀਲਾ ਵਿੱਚ ਅਦਾਕਾਰੀ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਇਹ ਮੌਕਾ ਜਾਣ ਨਹੀਂ ਦੇਣਾ ਚਾਹੁੰਦੀ ਸੀ। ਹੁਣ ਮੈਂ ਸਕੂਲ ਦਾ ਕੰਮ ਜਲਦੀ ਖ਼ਤਮ ਕਰ ਦਿੰਦੀ ਹਾਂ ਅਤੇ ਇੱਥੇ ਆ ਕੇ ਪ੍ਰੈਕਟਿਸ ਕਰਦੀ ਹਾਂ।”

ਡਾਊਨ ਸਿੰਡਰੋਮ ਤੋਂ ਪੀੜਤ 18 ਸਾਲ ਦੇ ਯਸ਼ਿਕਾ ਪੁੰਜ ਵੀ ਇਸ ਰਾਮਲੀਲਾ ਵਿੱਚ ਪੇਸ਼ਕਾਰੀ ਕਰ ਰਹੇ ਹਨ

ਇਸ ਤੋਂ ਇਲਾਵਾ 18 ਸਾਲ ਦੇ ਡਾਊਨ ਸਿੰਡਰੋਮ ਤੋਂ ਪੀੜਤ ਯਸ਼ਿਕਾ ਪੁੰਜ ਵੀ ਇਸ ਰਾਮਲੀਲਾ ਵਿੱਚ ਪੇਸ਼ਕਾਰੀ ਕਰ ਰਹੇ ਹਨ। ਉਨ੍ਹਾਂ ਦੇ ਮਾਤਾ ਰਚਨਾ ਪੁੰਜ ਕਹਿੰਦੇ ਹਨ, “ਰਾਮਲੀਲਾ ਨੇ ਮੇਰੀ ਬੱਚੀ ਨੂੰ ਸਟੇਜ ਤੇ ਪੇਸ਼ਕਾਰੀ ਕਰਨ ਦਾ ਮੌਕਾ ਦਿੱਤਾ ਹੈ, ਇਸ ਨਾਲ ਉਸਦਾ ਹੌਂਸਲਾ ਵੀ ਵਧਿਆ ਹੈ। ਜਦੋਂ ਦਰਸ਼ਕ ਉਸਨੂੰ ਦੇਖਦੇ ਹਨ ਤੇ ਤਾੜੀਆਂ ਵੱਜਦੀਆਂ ਹਨ ਤਾਂ ਉਸਨੂੰ ਚੰਗਾ ਲੱਗਦਾ ਹੈ।”

ਇਹ ਰਾਮਲੀਲਾ ਦੇਖਣ ਵਾਲੇ ਕੁਝ ਦਰਸ਼ਕਾਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਅੱਜਕਲ ਜਦੋਂ ਕੁਝ ਥਾਵਾਂ ‘ਤੇ ਰਾਮਲੀਲਾ ਵਿੱਚ ਲੱਚਰ ਗੀਤ ਗਾਉਣ ਅਤੇ ਪੇਸ਼ ਕਰਨ ਦਾ ਰਿਵਾਜ਼ ਵਧ ਰਿਹਾ ਹੈ ਤਾਂ ਠਹਿਰਾਅ ਵਾਲੀ ਇਸ ਰਾਮਲੀਲਾ ਨੂੰ ਦੇਖ ਕੇ ਉਨ੍ਹਾਂ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਜਾਂਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਮਹਿਲਾਵਾਂ ਅੱਗੇ ਹੋ ਕੇ ਅਜਿਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI