Home rss national punjabi2ਰਾਸ਼ਟਰੀ ਖ਼ਬਰਾਂ ‘ਜੋ ਕੱਪੜੇ ਪਹਿਨੇ ਸੀ ਉਹੀ ਬਚੇ, ਬਾਕੀ ਸਭ ਰੁੜ੍ਹ ਗਿਆ, ਅੱਜ ਵੀ...

‘ਜੋ ਕੱਪੜੇ ਪਹਿਨੇ ਸੀ ਉਹੀ ਬਚੇ, ਬਾਕੀ ਸਭ ਰੁੜ੍ਹ ਗਿਆ, ਅੱਜ ਵੀ ਚੈਨ ਦੀ ਨੀਂਦ ਨਹੀਂ ਆਉਂਦੀ’, ਪੰਜਾਬ ‘ਚ ਹੜ੍ਹ ਪ੍ਰਭਾਵਿਤ ਲੋਕਾਂ ਦਾ ਕਿਵੇਂ ਲੰਘਿਆ ਇੱਕ ਸਾਲ

2
0

Source :- BBC PUNJABI

ਮਹਾਜਨ ਪਰਿਵਾਰ ਦੇ ਦੋ ਮੈਂਬਰਾਂ ਦੀ ਤਸਵੀਰ

ਤਸਵੀਰ ਸਰੋਤ, Gurpreet Singh/BBC

“ਅਸੀਂ ਬੜੀ ਮਿਹਨਤ ਨਾਲ ਹੌਲੀ-ਹੌਲੀ ਉਹ ਘਰ ਬਣਾਇਆ ਸੀ। ਇੱਥੇ ਹੀ ਮੇਰਾ ਵਿਆਹ ਹੋਇਆ, ਇੱਥੇ ਹੀ ਬੱਚੇ ਹੋਏ। ਪਰ ਉਸ ਦਿਨ, ਪਲਾਂ ਵਿੱਚ ਹੀ ਸਭ ਕੁਝ ਰੁੜ੍ਹ ਗਿਆ। ਜੋ ਕੱਪੜੇ ਅਸੀਂ ਪਹਿਨੇ ਹੋਏ ਸਨ, ਬਸ ਉਹੀ ਬਚੇ। ਹੁਣ ਵੀ ਆਪਣਾ ਘਰ ਰੁੜ੍ਹ ਜਾਣ ਦਾ ਵੀਡੀਓ ਦੇਖ ਕੇ ਮੇਰਾ ਦਿਲ ਬਹੁਤ ਰੋਂਦਾ ਹੈ, ਪਰ ਇਸੇ ਗੱਲ ਦਾ ਦਿਲਾਸਾ ਹੈ ਕਿ ਪਰਿਵਾਰ ਦੇ ਜੀਆਂ ਦੀ ਜਾਨ ਬਚ ਗਈ।”

ਪੰਜਾਬ ਵਿੱਚ ਪਿਛਲੇ ਸਾਲ ਭਾਵ 2025 ਵਿੱਚ ਆਏ ਹੜ੍ਹਾਂ ਦੌਰਾਨ ਆਪਣਾ ਘਰ ਰੁੜ੍ਹਣ ਦੀ ਵੀਡੀਓ ਦਿਖਾਉਂਦਿਆਂ ਪਠਾਨਕੋਟ ਦੇ ਸੁਜਾਨਪੁਰ ਦੇ ਪਿੰਡ ਕੋਠੇ ਮਨਵਾਲ ਦੇ ਰਹਿਣ ਵਾਲੇ ਸ਼ਕਤੀ ਮਹਾਜਨ ਨੇ ਭਰੇ ਮਨ ਨਾਲ ਉਸ ਸਮੇਂ ਨੂੰ ਯਾਦ ਕੀਤਾ।

ਅਗਸਤ 2025 ਵਿਚ ਪੰਜਾਬ ‘ਚ ਆਏ ਭਿਆਨਕ ਹੜ੍ਹ ਨੂੰ ਹੁਣ ਇੱਕ ਸਾਲ ਹੋ ਚੁੱਕਿਆ ਹੈ। ਉਸ ਕੁਦਰਤੀ ਆਫ਼ਤ ਨਾਲ ਕਈਆਂ ਦੀ ਜ਼ਿੰਦਗੀ ਕਿਵੇਂ ਬਦਲ ਗਈ, ਇੱਕ ਸਾਲ ਬਾਅਦ ਕੀ ਉਨ੍ਹਾਂ ਦੀ ਜ਼ਿੰਦਗੀ ਮੁੜ ਪਟੜੀ ‘ਤੇ ਆ ਸਕੀ?

ਬੀਬੀਸੀ ਨਿਊਜ਼ ਪੰਜਾਬੀ ਨੇ ਹੜ੍ਹਾਂ ਦੇ ਇੱਕ ਸਾਲ ਬਾਅਦ ਕੁਝ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਜਿਨ੍ਹਾਂ ਵਿੱਚੋਂ ਸ਼ਕਤੀ ਮਹਾਜਨ ਦਾ ਪਰਿਵਾਰ ਵੀ ਇੱਕ ਹੈ।

‘ਸਭ ਕੁਝ ਰੁੜ੍ਹ ਗਿਆ ਪਰ ਘਟਨਾ ਤੋਂ ਪਹਿਲਾਂ ਬਣਾਇਆ ਖਾਣਾ ਉਸੇ ਤਰ੍ਹਾਂ ਮਿਲਿਆ’

ਸ਼ਕਤੀ ਮਹਾਜਨ ਦੇ ਪਤਨੀ ਸੀਮਾ ਅਤੇ ਉਨ੍ਹਾਂ ਦੇ ਮਾਤਾ

ਤਸਵੀਰ ਸਰੋਤ, Gurpreet Singh/BBC

ਬੀਤੇ ਸਾਲ ਪੰਜਾਬ ਦੇ ਪਠਾਨਕੋਟ ਇਲਾਕੇ ਵਿੱਚ ਆਏ ਹੜ ਨਾਲ ਕਾਫ਼ੀ ਥਾਈਂ ਨੁਕਸਾਨ ਹੋਇਆ ਸੀ। ਸੁਜਾਨਪੁਰ ਦੇ ਪਿੰਡ ਕੋਠੇ ਮਨਵਾਲ ਵਿੱਚ ਬਰਸਾਤੀ ਨਾਲੇ ਦੇ ਨੇੜੇ ਸ਼ਕਤੀ ਮਹਾਜਨ ਦੇ ਪਰਿਵਾਰ ਦਾ ਘਰ ਪਾਣੀ ਦੇ ਤੇਜ਼ ਵਹਾਅ ਵਿੱਚ ਦੇਖਦੇ-ਦੇਖਦੇ ਰੁੜ੍ਹ ਗਿਆ ਸੀ ਅਤੇ ਹੋਰ ਘਰਾਂ ਦਾ ਵੀ ਨੁਕਸਾਨ ਹੋਇਆ ਸੀ। ਉਸ ਘਰ ਦੇ ਰੁੜ੍ਹਨ ਦਾ ਵੀਡੀਓ ਵੀ ਸਾਹਮਣੇ ਆਇਆ ਸੀ।

ਇੱਕ ਸਾਲ ਬੀਤ ਚੁੱਕਾ ਹੈ ਅਤੇ ਢਹਿ ਢੇਰੀ ਹੋਏ ਘਰ ਦੇ ਹਾਲਾਤ ਕੁਝ ਉਸੇ ਤਰ੍ਹਾਂ ਦੇ ਹੀ ਦੇਖਣ ਨੂੰ ਮਿਲ ਰਹੇ ਹਨ। ਸ਼ਕਤੀ ਮਹਾਜਨ ਆਪਣੇ ਪਰਿਵਾਰ ਸਮੇਤ ਹੁਣ ਕਿਰਾਏ ਦੇ ਮਕਾਨ ਵਿਚ ਰਹਿਣ ਨੂੰ ਮਜਬੂਰ ਹਨ।

ਸ਼ਕਤੀ ਮਹਾਜਨ ਦੇ ਪਤਨੀ ਸੀਮਾ ਨੇ ਜਦੋਂ ਬੀਬੀਸੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੇ ਅੱਥਰੂ ਨਹੀਂ ਰੁਕ ਰਹੇ ਸਨ। ਇੱਕ ਸਾਲ ਬਾਅਦ ਵੀ ਉਸ ਪਲ ਦੇ ਵੇਰਵੇ ਸੀਮਾ ਨੂੰ ਯਾਦ ਸਨ।

ਸੀਮਾ ਨੇ ਦੱਸਿਆ, ” 24 ਅਗਸਤ 2025 ਦਾ ਦਿਨ ਸੀ। ਘਰ ਦੀ ਸਫ਼ਾਈ ਕੀਤੀ, ਪੂਰੇ ਪਰਿਵਾਰ ਦੇ ਕੱਪੜੇ ਧੋ ਕੇ ਸੁੱਕਣੇ ਪਾਏ ਸਨ, ਇਹ ਨਹੀਂ ਸੀ ਪਤਾ ਕੀ ਅੱਧੇ ਘੰਟੇ ਬਾਅਦ ਉਹ ਘਰ ਹੀ ਨਹੀਂ ਰਹਿਣਾ।”

ਬੀਬੀਸੀ ਟੀ ਟੀਮ ਨੂੰ ਆਪਣੇ ਘਰ ਦਾ ਨੁਕਸਾਨਿਆ ਹਿੱਸਾ ਦਿਖਾਉਂਦੇ ਸ਼ਕਤੀ ਮਹਾਜਨ

ਤਸਵੀਰ ਸਰੋਤ, Gurpreet Singh/BBC

ਸੀਮਾ ਨੇ ਦੱਸਿਆ ਕਿ ਪਾਣੀ ਵਧਿਆ ਹੋਇਆ ਦੇਖ ਕੇ ਲੋਕ ਇਕੱਠੇ ਹੋ ਰਹੇ ਸਨ, ਤਾਂ ਉਹ ਵੀ ਸਭ ਬਾਹਰ ਆ ਗਏ। ਅਤੇ ਅਚਾਨਕ ਹੀ ਘਰ ਢਹਿ ਗਿਆ। ਸੀਮਾ ਨੇ ਦੱਸਿਆ ਕਿ ਜਦੋਂ ਤਿੰਨ ਦਿਨ ਬਾਅਦ ਢਹੇ ਹੋਏ ਘਰ ਦੀ ਹਾਲਤ ਦੇਖਣ ਗਏ ਤਾਂ ਸਭ ਕੁਝ ਰੁੜ੍ਹ ਗਿਆ ਸੀ ਪਰ ਘਟਨਾ ਤੋਂ ਪਹਿਲਾਂ ਬਣਾਇਆ ਖਾਣਾ ਉਸੇ ਤਰ੍ਹਾਂ ਮਿਲਿਆ, ਜਿਸ ਨੂੰ ਦੇਖ ਕੇ ਮਨ ਬਹੁਤ ਖ਼ਰਾਬ ਹੋਇਆ।

ਸ਼ਕਤੀ ਮਹਾਜਨ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਮਹਿਜ਼ ਇਕ ਇਮਾਰਤ ਨਹੀਂ ਸੀ, ਬਲਕਿ ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਸੀ। ਉਨ੍ਹਾਂ ਦੱਸਿਆ ਕਿ ਹੇਠਾਂ ਉਨ੍ਹਾਂ ਨੇ ਇੱਕ ਵੱਡਾ ਗੋਦਾਮ ਬਣਾਇਆ ਸੀ, ਜਿੱਥੇ ਸ਼ਟਰਿੰਗ ਦਾ ਸਮਾਨ ਲਿਆ ਕੇ ਆਪਣਾ ਕਾਰੋਬਾਰ ਕਰਦੇ ਸੀ ਅਤੇ ਉੱਤੇ ਘਰ ਬਣਾਇਆ ਸੀ।

‘ਇਹ ਤ੍ਰਾਸਦੀ ਰਹਿੰਦੀ ਜ਼ਿੰਦਗੀ ਤੱਕ ਭੁੱਲ ਨਹੀਂ ਸਕਦੀ’

ਸ਼ਕਤੀ ਦੇ ਪਿਤਾ ਰਾਮ ਦਾਸ

ਤਸਵੀਰ ਸਰੋਤ, Gurpreet Singh/BBC

ਬੀਤੇ ਸਾਲ ਦੇ ਉਸ ਦਿਨ ਨੂੰ ਯਾਦ ਕਰਦਿਆਂ ਸ਼ਕਤੀ ਦੇ ਪਿਤਾ ਰਾਮ ਦਾਸ ਨੇ ਦੱਸਿਆ ਕਿ ਕੁਦਰਤੀ ਪੰਦਰਾਂ ਮਿੰਟ ਪਹਿਲਾਂ ਹੀ ਉਨ੍ਹਾਂ ਦਾ ਸਾਰਾ ਪਰਿਵਾਰ ਘਰ ਵਿੱਚੋਂ ਬਾਹਰ ਆਇਆ ਸੀ। ਫਿਰ ਹੌਲੀ-ਹੌਲੀ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਜੀਵਨ ਦੀ ਪੂੰਜੀ ਪਾਣੀ ਵਿਚ ਰੁੜ੍ਹ ਗਈ।

ਪਰਿਵਾਰ ਨੇ ਦੱਸਿਆ ਕਿ ਘਰ ਅੰਦਰ ਪਿਆ ਕੁਝ ਨਕਦੀ, ਸੋਨਾ, ਬੱਚਿਆਂ ਦੇ ਸਰਟੀਫਿਕੇਟ, ਕਿਤਾਬਾਂ, ਕੁਝ ਰਜਿਸਟਰੀਆਂ ਅਤੇ ਹੋਰ ਸਮਾਨ ਸਭ ਕੁਝ ਰੁੜ੍ਹ ਗਿਆ। ਰਾਮ ਦਾਸ ਦੱਸਦੇ ਹਨ ਕਿ ਪਹਿਲਾਂ ਵੀ ਪਾਣੀ ਆਉਂਦਾ ਸੀ, ਪਰ ਇਹ ਤ੍ਰਾਸਦੀ ਉਨ੍ਹਾਂ ਨੂੰ ਰਹਿੰਦੀ ਜ਼ਿੰਦਗੀ ਤੱਕ ਭੁੱਲ ਨਹੀਂ ਸਕਦੀ। ਉਨ੍ਹਾਂ ਕਿਹਾ, “ਜਿਸ ਤਰ੍ਹਾਂ ਬੀਤਿਆ ਸਾਲ ਗੁਜ਼ਰਿਆ ਹੈ, ਉਹ ਅਸੀਂ ਕਦੇ ਸੋਚਿਆ ਵੀ ਨਹੀਂ ਸੀ।”

ਪਰਿਵਾਰ ਨੇ ਦੱਸਿਆ ਕਿ ਕੁਝ ਸਮਾਂ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਰਹੇ। ਫਿਰ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਏ। ਉਹ ਕਹਿੰਦੇ ਹਨ ਕਿ ਮੁੜ ਉਸੇ ਘਰ ਨੂੰ ਉਸਾਰਨ ਦੇ ਖਿਆਲ ਤੋਂ ਉਹ ਡਰਦੇ ਹਨ, ਕਿਤੇ ਮੁੜ ਅਜਿਹੇ ਹਾਲਾਤ ਨਾ ਬਣ ਜਾਣ।

ਸ਼ਕਤੀ ਮਹਾਜਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਦਾ ਵੀਡੀਓ ਵਾਇਰਲ ਹੋਇਆ ਤਾਂ ਬਹੁਤ ਲੋਕ ਵੇਖਣ ਜਰੂਰ ਆਏ ਪਰ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ।

ਸੀਮਾ ਮਹਾਜਨ

ਚੰਗੇ ਦਿਨਾਂ ਦੀ ਆਸ ਵਿੱਚ ਪਰਿਵਾਰ

ਮਹਾਜਨ ਪਰਿਵਾਰ ਦਾ ਨੁਕਸਾਨਿਆ ਗਿਆ ਘਰ

ਤਸਵੀਰ ਸਰੋਤ, Gurpreet Singh/BBC

ਪਠਾਨਕੋਟ ਦੇ ਇਸ ਪਰਿਵਾਰ ਨੇ ਆਪਣੇ ਘਰ ਦਾ ਇਹ ਵੀਡੀਓ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਮੋਬਾਈਲ ਫੋਨ ਵਿੱਚ ਰੱਖਿਆ ਹੋਇਆ ਹੈ। ਉਹ ਕਹਿੰਦੇ ਹਨ ਕਿ ਚਾਹ ਕੇ ਵੀ ਉਹ ਉਸ ਮੰਜ਼ਰ ਨੂੰ ਭੁਲਾ ਨਹੀਂ ਪਾ ਰਹੇ। ਪਰ ਉਹ ਇੱਕ-ਦੂਜੇ ਨੂੰ ਤਸੱਲੀ ਦਿੰਦੇ ਹਨ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਜੇ ਪਰਿਵਾਰ ਸੁਰੱਖਿਅਤ ਹੈ ਤਾਂ ਕੁਦਰਤ ਅੱਗੇ ਵੀ ਉਨ੍ਹਾਂ ਲਈ ਰਾਹ ਜ਼ਰੂਰ ਬਣਾਏਗੀ।

ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਨੇ ਮੁੜ ਸ਼ਟਰਿੰਗ ਦਾ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰਿਵਾਰ ਦਾ ਦਾਅਵਾ ਹੈ ਕਿ ਇਸ ਲਈ ਆਪਣੇ ਦੋਸਤਾਂ, ਰਿਸ਼ਤੇਦਾਰਾਂ ਤੋਂ ਉਧਾਰ ਲੈਣ ਤੋਂ ਇਲਾਵਾ ਬੈਂਕ ਤੋਂ ਕੁਝ ਲੋਨ ਲੈਕੇ ਮੁੜ ਜ਼ਿੰਦਗੀ ਲੀਹ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਸ਼ਕਤੀ ਦੇ ਪਤਨੀ ਸੀਮਾ ਘਰ ਸੰਭਾਲਣ ਦੇ ਨਾਲ-ਨਾਲ, ਕੱਪੜੇ ਸਿਓਂ ਕੇ ਪਰਿਵਾਰ ਨੂੰ ਆਰਥਿਕ ਸਹਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਜਿਸ ਦਿਨ ਘਰ ਨੁਕਸਾਨਿਆ ਗਿਆ, ਉਸ ਵੇਲੇ ਦਾ ਵੀਡੀਓ ਦੇਖਦੇ ਸ਼ਕਤੀ ਮਹਾਜਨ

ਤਸਵੀਰ ਸਰੋਤ, Gurpreet Singh/BBC

ਸ਼ਕਤੀ ਮਹਾਜਨ ਦੇ ਪਿਤਾ ਰਾਮ ਦਾਸ ਕਹਿੰਦੇ ਹਨ ਕਿ ਉਸ ਇੱਕ ਘਟਨਾ ਨੇ ਉਨ੍ਹਾਂ ਨੂੰ ਤੀਹ ਸਾਲ ਪਿੱਛੇ ਧੱਕ ਦਿੱਤਾ ਹੈ। ਪਰ ਉਹ ਆਸ ਜਤਾਉਂਦੇ ਹਨ ਕਿ ਦੁਬਾਰਾ ਮਿਹਨਤ ਕਰਕੇ ਕੁਝ ਸਾਲਾਂ ਵਿੱਚ ਘਰ ਬਣਾਉਣਗੇ, ਤੇ ਨਾਲ ਹੀ ਕਹਿੰਦੇ ਹਨ ਕਿ ਜ਼ਮੀਨਾਂ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਇਹ ਪਹਿਲਾਂ ਤੋਂ ਮੁਸ਼ਕਿਲ ਜ਼ਰੂਰ ਹੋਵੇਗਾ।

ਸ਼ਕਤੀ ਮਹਾਜਨ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਮਹਿਜ਼ 1 ਲੱਖ 60 ਹਜ਼ਾਰ ਦੇ ਕਰੀਬ ਮੁਆਵਜ਼ਾ ਮਿਲਿਆ, ਜੋ ਕਿ ਉਸ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦਾ।

ਮੁਆਵਜ਼ੇ ਦੇ ਨਿਯਮ ਅਤੇ ਹੜ੍ਹ ਪੀੜਤਾਂ ਨੂੰ ਕਿੰਨੀ ਮਦਦ ਮਿਲਦੀ ਹੈ

ਕੁਦਰਤੀ ਆਫ਼ਤਾਂ ਦੌਰਾਨ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਰਾਹਤ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਤੈਅ ਕੀਤੇ ਮਾਪਦੰਡ ਲਾਗੂ ਹੁੰਦੇ ਹਨ।

ਇਨ੍ਹਾਂ ਨਿਯਮਾਂ ਤਹਿਤ ਜੇਕਰ ਕਿਸੇ ਪਰਿਵਾਰ ਦਾ ਘਰ ਪੂਰੀ ਤਰ੍ਹਾਂ ਤਬਾਹ ਹੋ ਜਾਵੇ ਤਾਂ ਮੈਦਾਨੀ ਇਲਾਕਿਆਂ ਵਿੱਚ ਪੱਕੇ ਜਾਂ ਕੱਚੇ ਘਰ ਲਈ ਵੱਧ ਤੋਂ ਵੱਧ 1.20 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ, ਜਦਕਿ ਪਹਾੜੀ ਇਲਾਕਿਆਂ ਵਿੱਚ ਇਹ ਰਕਮ 1.30 ਲੱਖ ਰੁਪਏ ਤੱਕ ਹੋ ਸਕਦੀ ਹੈ।

ਜੇ ਘਰ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਦਾ ਹੈ ਤਾਂ ਨੁਕਸਾਨ ਦੀ ਸ਼੍ਰੇਣੀ ਮੁਤਾਬਕ ਸਹਾਇਤਾ ਦਿੱਤੀ ਜਾਂਦੀ ਹੈ। ਪੱਕੇ ਘਰ ਦੇ ਅੰਸ਼ਕ ਨੁਕਸਾਨ ਲਈ 6,500 ਰੁਪਏ, ਕੱਚੇ ਘਰ ਲਈ 4,000 ਰੁਪਏ ਅਤੇ ਝੌਂਪੜੀ ਜਾਂ ਝੁੱਗੀ ਨੂੰ ਨੁਕਸਾਨ ਹੋਣ ‘ਤੇ 8,000 ਰੁਪਏ ਤੱਕ ਦੀ ਸਹਾਇਤਾ ਦਾ ਪ੍ਰਬੰਧ ਹੈ।

ਕੁਝ ਸੂਬਿਆਂ ਵਿੱਚ ਵਿਸ਼ੇਸ਼ ਸਰਵੇ ਅਤੇ ਸਥਾਨਕ ਨਿਯਮਾਂ ਮੁਤਾਬਕ ਅੰਸ਼ਕ ਤੌਰ ‘ਤੇ ਪ੍ਰਭਾਵਿਤ ਪੱਕੇ ਘਰਾਂ ਲਈ ਇਸ ਤੋਂ ਵੱਧ ਰਾਹਤ ਵੀ ਦਿੱਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ, ਕੱਪੜਿਆਂ ਅਤੇ ਘਰੇਲੂ ਸਮਾਨ ਦੇ ਨੁਕਸਾਨ ਲਈ 2,500-2,500 ਰੁਪਏ ਦੀ ਸਹਾਇਤਾ, ਪਸ਼ੂਆਂ ਦੇ ਨੁਕਸਾਨ ਲਈ ਵੱਖ-ਵੱਖ ਦਰਾਂ ਅਨੁਸਾਰ ਮੁਆਵਜ਼ਾ ਅਤੇ ਫ਼ਸਲਾਂ ਨੂੰ 33 ਫ਼ੀਸਦੀ ਜਾਂ ਇਸ ਤੋਂ ਵੱਧ ਨੁਕਸਾਨ ਹੋਣ ‘ਤੇ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਆਰਥਿਕ ਮਦਦ ਦਿੱਤੀ ਜਾਂਦੀ ਹੈ।

ਮੌਤ ਦੀ ਸਥਿਤੀ ਵਿੱਚ ਵਾਰਸਾਂ ਨੂੰ 4 ਲੱਖ ਰੁਪਏ ਦੀ ਰਾਹਤ ਰਾਸ਼ੀ ਦਿੱਤੀ ਜਾਂਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਹੜ੍ਹਾਂ ਤੋਂ ਬਾਅਦ ਕਰਵਾਏ ਗਏ ਸਰਵੇ ਦੇ ਆਧਾਰ ‘ਤੇ ਇਹ ਸਹਾਇਤਾ ਸਿੱਧੀ ਪ੍ਰਭਾਵਿਤ ਪਰਿਵਾਰਾਂ ਦੇ ਖਾਤਿਆਂ ਵਿੱਚ ਭੇਜੀ ਜਾਂਦੀ ਹੈ।

ਹਾਲਾਂਕਿ, ਕਈ ਪ੍ਰਭਾਵਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਤਬਾਹ ਹੋਏ ਘਰ ਅਤੇ ਕਾਰੋਬਾਰ ਨੂੰ ਮੁੜ ਖੜ੍ਹਾ ਕਰਨ ਲਈ ਇਹ ਰਕਮ ਕਾਫ਼ੀ ਨਹੀਂ ਹੁੰਦੀ।

‘ਵਿਸ਼ੇਸ਼ ਸਰਵੇ ਮੁਤਾਬਕ ਭੇਜੀ ਗਈ ਮਦਦ ਰਾਸ਼ੀ’

ਡਿਪਟੀ ਕਮਿਸ਼ਨਰ ਦਫ਼ਤਰ, ਪਠਾਨਕੋਟ

ਤਸਵੀਰ ਸਰੋਤ, Gurpreet Singh/BBC

ਬੀਬੀਸੀ ਦੀ ਟੀਮ ਨੇ ਅਜਿਹੇ ਪਰਿਵਾਰਾਂ ਦੇ ਹੋਏ ਨੁਕਸਾਨ ਬਾਰੇ ਜਦੋਂ ਪਠਾਨਕੋਟ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਨੇ ਦੱਸਿਆ, ”ਪਿਛਲੇ ਸਾਲ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਹੋਏ ਨੁਕਸਾਨ ਦਾ ਸਰਵੇ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੀ ਹਿਦਾਇਤ ਅਤੇ ਤੈਅ ਨਿਯਮਾਂ ਮੁਤਾਬਕ ਮਦਦ ਰਾਸ਼ੀ ਦਿੱਤੀ ਗਈ ਹੈ। “

ਦੂਜੇ ਪਾਸੇ, ਜ਼ਿਲ੍ਹਾ ਰੈਵਿਨਿਊ ਅਫਸਰ ਜਸਕਰਜੀਤ ਸਿੰਘ ਮੁਤਾਬਕ, ਜਦੋਂ ਹੜ੍ਹਾਂ ਨਾਲ ਨੁਕਸਾਨ ਹੋਇਆ ਸੀ ਤਾਂ ਪੰਜਾਬ ਸਰਕਾਰ ਦੇ ਦਿੱਤੇ ਹੁਕਮਾਂ ਮੁਤਾਬਕ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੇ ਨੁਕਸਾਨ ਲਈ ਸਰਵੇ ਕਰਵਾਇਆ ਗਿਆ ਸੀ। ਉਸ ਸਰਵੇ ਵਿੱਚ ਮੁੱਖ ਤੌਰ ‘ਤੇ ਲੋਕ ਨਿਰਮਾਣ ਵਿਭਾਗ ਅਤੇ ਦੂਸਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ‘ਤੇ ਹੜ੍ਹ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਤੈਅ ਮੁਆਵਜ਼ਾ ਮਦਦ ਰਾਸ਼ੀ ਵਜੋਂ ਦਿੱਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI