Home rss national punjabi2ਰਾਸ਼ਟਰੀ ਖ਼ਬਰਾਂ ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਵਿਚਾਲੇ ਪਰਾਲੀ ਸਾੜਨ ਨੂੰ ਲੈ ਕੇ ਸਿਆਸੀ ਬਹਿਸ...

ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਵਿਚਾਲੇ ਪਰਾਲੀ ਸਾੜਨ ਨੂੰ ਲੈ ਕੇ ਸਿਆਸੀ ਬਹਿਸ ਅਤੇ ਵਿਵਾਦ

3
0

Source :- BBC PUNJABI

ਦਿੱਲੀ

ਦੀਵਾਲੀ ਤੋਂ ਅਗਲੀ ਸਵੇਰ ਦੇਸ਼ ਦੀ ਰਾਜਧਾਨੀ ਦਿੱਲੀ ਧੂੰਏਂ ਦੀ ਚਾਦਰ ਵਿੱਚ ਲਿਪਟੀ ਹੋਈ ਸੀ। ਸੂਰਜ ਚੜ੍ਹਨ ਤੋਂ ਕਈ ਘੰਟਿਆਂ ਬਾਅਦ ਤੱਕ ਵੀ ਇੰਡੀਆ ਗੇਟ ਨਜ਼ਰ ਨਹੀਂ ਆ ਰਿਹਾ ਸੀ।

ਉਦੋਂ ਤੋਂ ਹੀ ਦਿੱਲੀ ਵਿੱਚ ਖ਼ਰਾਬ ਹਵਾ ਦੀ ਗੁਣਵੱਤਾ ਦਾ ਸਿਲਸਿਲਾ ਜਾਰੀ ਹੈ। ਦਿੱਲੀ ਸਰਕਾਰ ਦੇ ਅੰਕੜਿਆਂ ਮੁਤਾਬਕ, ਪਿਛਲੇ ਕੁਝ ਦਿਨਾਂ ਦੌਰਾਨ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 300 ਤੋਂ 400 ਅਤੇ ਇਸ ਤੋਂ ਵੀ ਉੱਪਰ ਬਣਿਆ ਹੋਇਆ ਹੈ।

ਏਕਿਊਆਈ ਦਾ ਇਹ ਪੱਧਰ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਹਵਾ ਵਿੱਚ ਇਸ ਪੱਧਰ ਦੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਅਤੇ ਫੇਫੜਿਆਂ ਤੋਂ ਇਲਾਵਾ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਛੋਟੇ ਬੱਚਿਆਂ ਦੀ ਸਿਹਤ ਲਈ ਇਹ ਹੋਰ ਵੀ ਨੁਕਸਾਨਦੇਹ ਹੈ।

ਪੇਸ਼ੇ ਤੋਂ ਸਿਵਲ ਇੰਜੀਨੀਅਰ ਅਤੇ ਇੱਕ ਨਿਰਮਾਣ ਕੰਪਨੀ ਚਲਾਉਣ ਵਾਲੇ ਵੈਭਵ ਗੁਪਤਾ ਆਪਣੇ ਪਰਿਵਾਰ ਨਾਲ ਉੱਤਰਾਖੰਡ ਵੱਲ ਜਾ ਰਹੇ ਸਨ।

ਇੰਡੀਆ ਗੇਟ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੇ ਹਨ, “ਪ੍ਰਦੂਸ਼ਣ ਵਧੇਗਾ, ਇਸ ਦਾ ਖ਼ਦਸ਼ਾ ਤਾਂ ਸੀ, ਪਰ ਇੰਨਾ ਜ਼ਿਆਦਾ ਹੋ ਜਾਵੇਗਾ, ਇਹ ਨਹੀਂ ਸੋਚਿਆ ਸੀ। ਮੈਂ ਆਪਣੇ ਪਿਤਾ ਅਤੇ ਪਰਿਵਾਰ ਨੂੰ ਲੈ ਕੇ ਉੱਤਰਾਖੰਡ ਜਾ ਰਿਹਾ ਹਾਂ। ਕੁਝ ਦਿਨਾਂ ਬਾਅਦ ਜਦੋਂ ਏਕਿਊਆਈ ਠੀਕ ਹੋਵੇਗਾ ਤਾਂ ਵਾਪਸ ਆਵਾਂਗਾ।”

ਪ੍ਰਦੂਸ਼ਣ ਨਾਲ ਜੁੜੇ ਨਿਯਮ ਲਾਗੂ ਹੋਣ ਕਾਰਨ ਵੈਭਵ ਗੁਪਤਾ ਦੀ ਉਸਾਰੀ ਵਾਲੀ ਸਾਈਟ ਬੰਦ ਹੈ।

ਇੱਕ ਸਕੂਲ ਦੇ ਪ੍ਰਸ਼ਾਸਨ ਵਿੱਚ ਕੰਮ ਕਰਨ ਵਾਲੀ ਉਨ੍ਹਾਂ ਦੀ ਪਤਨੀ ਕਹਿੰਦੀ ਹੈ, “ਫਿਲਹਾਲ ਸਕੂਲਾਂ ਵਿੱਚ ਹਾਈਬ੍ਰਿਡ ਕਲਾਸਾਂ ਚੱਲ ਰਹੀਆਂ ਹਨ। ਜੇ ਪ੍ਰਦੂਸ਼ਣ ਦੇ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।”

ਵੈਭਵ ਗੁਪਤਾ ਦੇ ਪਿਤਾ ਮਾਸਕ ਪਾ ਕੇ ਕਾਰ ਵਿੱਚ ਹੀ ਬੈਠੇ ਰਹੇ। ਉਹ ਕਹਿੰਦੇ ਹਨ, “ਪ੍ਰਦੂਸ਼ਣ ਕਾਰਨ ਕਿਸੇ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਿਸੇ ਦੀ ਸਿਹਤ। ਇੱਕ ਸਮਾਂ ਅਜਿਹਾ ਆਵੇਗਾ ਜਦੋਂ ਲੋਕ ਇਨ੍ਹਾਂ ਹਾਲਾਤ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ।”

ਇੰਡੀਆ ਗੇਟ ‘ਤੇ ਪਿਛਲੇ 15 ਸਾਲਾਂ ਤੋਂ ਫੋਟੋਆਂ ਖਿੱਚਣ ਦਾ ਕੰਮ ਕਰ ਰਹੇ ਇੱਕ ਕੈਮਰਾਮੈਨ ਕਹਿੰਦੇ ਹਨ, “ਅੱਖਾਂ ਵਿੱਚ ਜਲਣ ਹੋ ਰਹੀ ਹੈ। ਪ੍ਰਦੂਸ਼ਣ ਕਾਰਨ ਸੈਲਾਨੀਆਂ ਦੀ ਗਿਣਤੀ ਘਟ ਗਈ ਹੈ। ਵਿਦੇਸ਼ੀ ਸੈਲਾਨੀ ਤਾਂ ਦਿਖ ਹੀ ਨਹੀਂ ਰਹੇ।”

‘ਚੰਗਾ ਹੋਇਆ ਹਵਾ ਚੱਲੀ, ਥੋੜ੍ਹਾ ਸਾਹ ਆਇਆ’

ਪ੍ਰਦੂਸ਼ਣ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਵਾਲੀ ਤੋਂ ਬਾਅਦ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਅਚਾਨਕ ਵਧਿਆ ਹੋਵੇ।

ਕਈ ਇਲਾਕਿਆਂ ਵਿੱਚ ਇਹ ਖ਼ਤਰਨਾਕ ਪੱਧਰ ਨੂੰ ਵੀ ਪਾਰ ਕਰ ਗਿਆ। ਪਿਛਲੇ ਕਈ ਸਾਲਾਂ ਤੋਂ ਦੀਵਾਲੀ ਤੋਂ ਤੁਰੰਤ ਬਾਅਦ ਦਿੱਲੀ ਵਿੱਚ ਪ੍ਰਦੂਸ਼ਣ ਵਧਦਾ ਰਿਹਾ ਹੈ।

ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਵੱਲੋਂ 8 ਨਵੰਬਰ ਦੀ ਰਾਤ ਨੂੰ ਦਰਜ ਕੀਤੇ ਗਏ ਅੰਕੜਿਆਂ ਮੁਤਾਬਕ, ਕਈ ਇਲਾਕਿਆਂ ਵਿੱਚ ਏਕਿਊਆਈ 1500 ਨੂੰ ਪਾਰ ਕਰ ਗਿਆ ਸੀ।

ਹਾਲਾਂਕਿ, ਸਵਿਸ ਮਾਨੀਟਰਿੰਗ ਗਰੁੱਪ ਆਈਕਿਊਏਅਰ ਮੁਤਾਬਕ, ਸੋਮਵਾਰ ਸਵੇਰੇ 10 ਵਜੇ ਦਿੱਲੀ ਦਾ ਔਸਤ ਏਕਿਊਆਈ 372 ਸੀ।

ਵਾਤਾਵਰਣ ਮਾਹਿਰ ਏਕਿਊਆਈ ਵਿੱਚ ਇਸ ਵੱਡੀ ਗਿਰਾਵਟ ਦਾ ਕਾਰਨ ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਨੂੰ ਮੰਨਦੇ ਹਨ। ਹਾਲਾਂਕਿ, ਉਹ ਇਹ ਵੀ ਕਹਿੰਦੇ ਹਨ ਕਿ ਪ੍ਰਦੂਸ਼ਣ ਦਾ ਇੱਕੋ ਕਾਰਨ ਪਟਾਕੇ ਨਹੀਂ ਹਨ।

ਸੀਨੀਅਰ ਪੱਤਰਕਾਰ ਅਤੇ ਵਾਤਾਵਰਣ ਸਮੂਹ ‘ਵਾਰੀਅਰ ਮੌਮਜ਼’ ਦੀ ਸੰਸਥਾਪਕ ਭਵਰੀਨ ਕੰਧਾਰੀ ਕਹਿੰਦੇ ਹਨ, “ਦੀਵਾਲੀ ‘ਤੇ ਚਲਾਏ ਗਏ ਪਟਾਕੇ ਅਚਾਨਕ ਪ੍ਰਦੂਸ਼ਣ ਦਾ ਪੱਧਰ ਵਧਾ ਦਿੰਦੇ ਹਨ। ਇਸ ਵਾਰ ਚੰਗੀ ਗੱਲ ਇਹ ਰਹੀ ਕਿ ਹਵਾ ਚੱਲੀ, ਨਹੀਂ ਤਾਂ ਹਾਲਾਤ ਹੋਰ ਵੀ ਮੁਸ਼ਕਲ ਹੋ ਸਕਦੇ ਸਨ। “

“ਜੇ ਦੀਵਾਲੀ ਜੂਨ-ਜੁਲਾਈ ਵਿੱਚ ਵੀ ਮਨਾਈ ਜਾਵੇ ਤਾਂ ਪ੍ਰਦੂਸ਼ਣ ਉਦੋਂ ਵੀ ਹੋਵੇਗਾ। ਫ਼ਰਕ ਸਿਰਫ਼ ਇੰਨਾ ਹੋਵੇਗਾ ਕਿ ਉਨ੍ਹਾਂ ਮਹੀਨਿਆਂ ਵਿੱਚ ਹਵਾ ਚੱਲਦੀ ਹੈ ਅਤੇ ਪ੍ਰਦੂਸ਼ਕ ਤੱਤ 24 ਤੋਂ 48 ਘੰਟਿਆਂ ਵਿੱਚ ਹੀ ਖਿੰਡ ਜਾਂਦੇ ਹਨ। ਪਰ ਸਰਦੀਆਂ ਵਿੱਚ ਦਿੱਲੀ ਦੇ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਪ੍ਰਦੂਸ਼ਕ ਹਵਾ ਵਿੱਚ ਹੀ ਫਸ ਜਾਂਦੇ ਹਨ।”

ਭਵਰੀਨ ਕਹਿੰਦੇ ਹਨ, “ਇਸ ਸਮੇਂ ਦਿੱਲੀ ਵਿੱਚ ਪ੍ਰਦੂਸ਼ਣ ਦੇ ਸਥਾਨਕ ਸਰੋਤ ਸਭ ਤੋਂ ਅਹਿਮ ਹਨ। ਇਨ੍ਹਾਂ ‘ਤੇ ਸਾਲ ਭਰ ਕੰਮ ਕਰਨ ਦੀ ਲੋੜ ਹੈ। ਤੁਸੀਂ ਦੋ, ਤਿੰਨ ਜਾਂ ਚਾਰ ਹਫ਼ਤਿਆਂ ਲਈ ਪਾਬੰਦੀਆਂ ਲਗਾ ਕੇ ਇਸ ਦਿੱਕਤ ਦਾ ਹੱਲ ਨਹੀਂ ਕਰ ਸਕਦੇ।”

ਪ੍ਰਦੂਸ਼ਣ ‘ਤੇ ਸਿਆਸਤ

ਪ੍ਰਦੂਸ਼ਣ, ਦਿੱਲੀ

ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਦੇ ਨਾਲ ਹੀ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਹਨ।

ਕਿਸੇ ਨੂੰ ਗਲੇ ਵਿੱਚ ਖ਼ਰਾਸ਼ ਦੀ ਸ਼ਿਕਾਇਤ ਹੈ ਤਾਂ ਕਿਸੇ ਦੀਆਂ ਅੱਖਾਂ ਵਿੱਚ ਜਲਣ ਹੋ ਰਹੀ ਹੈ। ਸੜਕਾਂ ‘ਤੇ ਧੁੰਦ ਦੀ ਚਾਦਰ ਛਾਈ ਹੋਈ ਹੈ ਅਤੇ ਹਵਾ ਵਿੱਚ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ।

ਪਰ ਹਰ ਸਾਲ ਸਰਦੀਆਂ ਵਿੱਚ ਦਿੱਲੀ ਦੀ ਹਵਾ ਖ਼ਰਾਬ ਹੋਣ ਦੇ ਨਾਲ ਇੱਕ ਹੋਰ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ ਹੈ। ਇਹ ਸਿਲਸਿਲਾ ਹੈ ਸਿਆਸੀ ਪਾਰਟੀਆਂ ਵਿਚਾਲੇ ਇਲਜ਼ਾਮਾਂ ਅਤੇ ਜਵਾਬੀ ਇਲਜ਼ਾਮਾਂ ਦਾ।

ਇਸ ਵਾਰ ਵੀ ਦਿੱਲੀ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਅਤੇ ਗੁਆਂਢੀ ਸੂਬੇ ਪੰਜਾਬ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ (ਆਪ) ਵਿਚਾਲੇ ਪ੍ਰਦੂਸ਼ਣ ਨੂੰ ਲੈ ਕੇ ਬਿਆਨਬਾਜ਼ੀ ਹੋਈ।

ਬੀਜੇਪੀ ਦੇ ਆਗੂ ਪੰਜਾਬ ਵਿੱਚ ਪਰਾਲੀ ਸਾੜਨ ਨੂੰ ਦਿੱਲੀ ਦੇ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਦੱਸ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਆਪਣੀ ਨਾਕਾਮੀ ਲੁਕਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਇਸ ਸਿਆਸੀ ਬਹਿਸ ਦਰਮਿਆਨ ਸਵਾਲ ਇਹ ਹੈ ਕਿ ਕੀ ਦਿੱਲੀ ਦੇ ਪ੍ਰਦੂਸ਼ਣ ਲਈ ਇਕੱਲੀ ਪਰਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ? ਪਰਾਲੀ ਸਾੜਨ ਦਾ ਦਿੱਲੀ ਦੀ ਹਵਾ ‘ਤੇ ਕਿੰਨਾ ਅਸਰ ਪੈਂਦਾ ਹੈ ਅਤੇ ਕੀ ਇਸ ਸਮੱਸਿਆ ਦਾ ਹੱਲ ਕੁਝ ਹਫ਼ਤਿਆਂ ਦੀਆਂ ਪਾਬੰਦੀਆਂ ਨਾਲ ਸੰਭਵ ਹੈ?

ਦਿੱਲੀ ਦੇ ਪ੍ਰਦੂਸ਼ਣ ਅਤੇ ਪਰਾਲੀ ਨੂੰ ਲੈ ਕੇ ਵਿਵਾਦ ਕੀ ਹੈ?

 ਦਿੱਲੀ, ਦੀਵਾਲੀ

ਦੀਵਾਲੀ ਤੋਂ ਅਗਲੇ ਦਿਨ, ਸੋਮਵਾਰ 9 ਨਵੰਬਰ ਨੂੰ ਦਿੱਲੀ ਦੇ ਕਿਰਤ ਮੰਤਰੀ ਅਤੇ ਬੀਜੇਪੀ ਆਗੂ ਕਪਿਲ ਮਿਸ਼ਰਾ ਨੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਅਚਾਨਕ ਹੋਏ ਵਾਧੇ ਨੂੰ ਲੈ ਕੇ ਸਵਾਲ ਚੁੱਕੇ।

ਉਨ੍ਹਾਂ ਨੇ ਦਾਅਵਾ ਕੀਤਾ ਕਿ 5 ਤੋਂ 7 ਨਵੰਬਰ ਦਰਮਿਆਨ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਜ਼ਾਨਾ ਲਗਭਗ 100 ਤੋਂ 125 ਸਨ, ਪਰ 8 ਨਵੰਬਰ ਯਾਨੀ ਦੀਵਾਲੀ ਵਾਲੇ ਦਿਨ ਇਨ੍ਹਾਂ ਦੀ ਗਿਣਤੀ ਵਧ ਕੇ ਤਕਰੀਬਨ 1,200 ਹੋ ਗਈ।

ਕਪਿਲ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਕੁਝ ਕਿਸਾਨਾਂ ਦੇ ਫੋਨ ਆਏ ਸਨ। ਇਨ੍ਹਾਂ ਕਿਸਾਨਾਂ ਦਾ ਦਾਅਵਾ ਸੀ ਕਿ ਜਦੋਂ ਉਹ ਦੀਵਾਲੀ ਮਨਾਉਣ ਲਈ ਆਪਣੇ ਘਰਾਂ ਵਿੱਚ ਸਨ, ਉਦੋਂ ਕੁਝ ਲੋਕ ਉਨ੍ਹਾਂ ਦੇ ਖੇਤਾਂ ਵਿੱਚ ਅੱਗ ਲਗਾ ਰਹੇ ਸਨ।

ਉਨ੍ਹਾਂ ਕਿਹਾ, “7 ਨਵੰਬਰ ਨੂੰ ਲਗਭਗ 125 ਥਾਵਾਂ ‘ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਦੀਵਾਲੀ ਵਾਲੇ ਦਿਨ ਇਹ ਗਿਣਤੀ ਅਚਾਨਕ 1,200 ਕਿਵੇਂ ਹੋ ਗਈ? ਇਹ ਅੰਕੜਾ ਦਸ ਗੁਣਾ ਤੋਂ ਵੀ ਵੱਧ ਕਿਵੇਂ ਵਧ ਗਿਆ?”

ਸੌਰਭ ਭਾਰਦਵਾਜ

ਕਪਿਲ ਮਿਸ਼ਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ।

ਮਿਸ਼ਰਾ ਨੇ ਸਬੰਧਤ ਇਲਾਕਿਆਂ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਫੋਨ ਰਿਕਾਰਡਾਂ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ।

ਮਿਸ਼ਰਾ ਨੇ ਇਸ ਨੂੰ ਕਿਸਾਨਾਂ, ਦੀਵਾਲੀ, ਦਿੱਲੀ ਅਤੇ ਪੰਜਾਬ ਖ਼ਿਲਾਫ਼ ਸਾਜ਼ਿਸ਼ ਕਰਾਰ ਦਿੱਤਾ।

ਹਾਲਾਂਕਿ, ਖੇਤਾਂ ਵਿੱਚ ਜਾਣਬੁਝ ਕੇ ਅੱਗ ਲਗਾਏ ਜਾਣ ਦਾ ਉਨ੍ਹਾਂ ਦਾ ਇਲਜ਼ਾਮ ਫਿਲਹਾਲ ਸਿਰਫ਼ ਇੱਕ ਦਾਅਵਾ ਹੈ, ਜਿਸ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਬੀਜੇਪੀ ਦੇ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਵੀ ਪੰਜਾਬ ਵਿੱਚ ਪਰਾਲੀ ਸਾੜਨ ਨੂੰ ਦਿੱਲੀ ਦੇ ਪ੍ਰਦੂਸ਼ਣ ਨਾਲ ਜੋੜਦਿਆਂ ਆਮ ਆਦਮੀ ਪਾਰਟੀ ‘ਤੇ ਇਲਜ਼ਾਮ ਲਗਾਏ।

ਉਨ੍ਹਾਂ ਨੇ ਇਸ ਨੂੰ ਇੱਕ ਸੋਚੀ-ਸਮਝੀ ਸਾਜ਼ਿਸ਼ ਦੱਸਿਆ ਅਤੇ ਕਿਹਾ ਕਿ ਪੰਜਾਬ ਦੀ ਸਰਕਾਰ ਦਿੱਲੀ ਵਿੱਚ ਪ੍ਰਦੂਸ਼ਣ ਵਧਾਉਣ ਲਈ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕ ਨਹੀਂ ਰਹੀ।

ਆਮ ਆਦਮੀ ਪਾਰਟੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।

ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਸਰਕਾਰ ਪਟਾਕਿਆਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੀ ਜ਼ਿੰਮੇਵਾਰੀ ਤੋਂ ਬਚਣ ਲਈ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ।

ਉਨ੍ਹਾਂ ਨੇ ਕੇਂਦਰ ਸਰਕਾਰ ਦੀ ਸਫ਼ਰ (SAFAR) ਵੈੱਬਸਾਈਟ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਰਾਲੀ ਦਾ ਯੋਗਦਾਨ 5 ਫ਼ੀਸਦੀ ਸੀ ਅਤੇ ਦੀਵਾਲੀ ਵਾਲੇ ਦਿਨ ਇਹ ਜ਼ੀਰੋ ਸੀ। ਹਾਲਾਂਕਿ, ਇਹ ਲੇਖ ਲਿਖੇ ਜਾਣ ਸਮੇਂ ਇਹ ਵੈੱਬਸਾਈਟ ਉਪਲਬਧ ਨਹੀਂ ਸੀ।

ਸੌਰਭ ਭਾਰਦਵਾਜ ਨੇ ਕਿਹਾ, “ਪਰਾਲੀ ਦਾ ਧੂੰਆਂ ਹਵਾਈ ਜਹਾਜ਼ ਰਾਹੀਂ ਨਹੀਂ ਆਉਂਦਾ। ਇਹ ਹਵਾ ਦੀ ਰਫ਼ਤਾਰ ਨਾਲ ਇੱਥੇ ਪਹੁੰਚਦਾ ਹੈ। ਇਸ ਨੂੰ ਦਿੱਲੀ ਪਹੁੰਚਣ ਵਿੱਚ ਘੱਟੋ-ਘੱਟ ਦੋ-ਤਿੰਨ ਦਿਨ ਲੱਗਦੇ ਹਨ। ਜੇ ਦੀਵਾਲੀ ਵਾਲੇ ਦਿਨ ਪੰਜਾਬ ਵਿੱਚ ਪਰਾਲੀ ਸਾੜੀ ਵੀ ਗਈ ਹੋਵੇਗੀ ਤਾਂ ਉਸ ਦਿਨ ਹਵਾਵਾਂ ਪਾਕਿਸਤਾਨ ਵੱਲ ਜਾ ਰਹੀਆਂ ਸਨ।”

ਉਨ੍ਹਾਂ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਦਿੱਲੀ ਸਰਕਾਰ ਪਟਾਕਿਆਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ।

ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀ ਬੀਜੇਪੀ ‘ਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਗਾਇਆ।

ਉਨ੍ਹਾਂ ਕਿਹਾ ਕਿ ਝੋਨੇ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੀਜੇਪੀ ਆਗੂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਲੱਗ ਪਏ ਸਨ।

ਕੀ ਪਰਾਲੀ ਕਾਰਨ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੁੰਦੀ ਹੈ?

ਪ੍ਰਦੂਸ਼ਣ

ਖੋਜਕਾਰਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਨਾਲ ਨਿਕਲਣ ਵਾਲਾ ਧੂੰਆਂ ਦਿੱਲੀ ਦੀ ਹਵਾ ਨੂੰ ਖ਼ਰਾਬ ਕਰਨ ਵਾਲੇ ਪ੍ਰਦੂਸ਼ਕਾਂ ਵਿੱਚ ਸ਼ਾਮਲ ਹੈ।

ਪਰ ਇਸ ਦਾ ਯੋਗਦਾਨ ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕਿੰਨੀ ਪਰਾਲੀ ਸਾੜੀ ਜਾ ਰਹੀ ਹੈ, ਹਵਾ ਕਿਸ ਦਿਸ਼ਾ ਵਿੱਚ ਵਗ ਰਹੀ ਹੈ ਅਤੇ ਮੌਸਮ ਦੇ ਹਾਲਾਤ ਕਿਹੋ ਜਿਹੇ ਹਨ।

ਭਾਰਤੀ ਊਸ਼ਣਕਟੀਬੰਧੀ ਮੌਸਮ ਵਿਗਿਆਨ ਸੰਸਥਾ (ਆਈਆਈਟੀਐੱਮ) ਅਤੇ ਹੋਰ ਸੰਸਥਾਵਾਂ ਦੇ ਖੋਜਕਾਰਾਂ ਨੇ ਸਾਲ 2023 ਵਿੱਚ ‘ਹੈਲੀਓਨ’ ਜਰਨਲ ਵਿੱਚ ਇੱਕ ਅਧਿਐਨ ਪ੍ਰਕਾਸ਼ਿਤ ਕੀਤਾ ਸੀ।

ਇਸ ਅਧਿਐਨ ਵਿੱਚ ਸਾਲ 2021 ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਅਤੇ ਦਿੱਲੀ ਦੀ ਹਵਾ ‘ਤੇ ਉਨ੍ਹਾਂ ਦੇ ਅਸਰ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ।

ਅਧਿਐਨ ਮੁਤਾਬਕ, ਅਕਤੂਬਰ ਅਤੇ ਨਵੰਬਰ 2021 ਦੌਰਾਨ ਕੁਝ ਦਿਨਾਂ ਵਿੱਚ ਦਿੱਲੀ ਦੇ ਪੀਐੱਮ 2.5 ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦਾ ਯੋਗਦਾਨ 30 ਤੋਂ 35 ਫ਼ੀਸਦੀ ਤੱਕ ਪਹੁੰਚ ਗਿਆ ਸੀ।

ਖੋਜਕਾਰਾਂ ਦੇ ਸਾਹਮਣੇ ਆਇਆ ਕਿ ਪਰਾਲੀ ਦੇ ਧੂੰਏਂ ਦਾ ਅਸਰ ਹਵਾ ਦੀ ਦਿਸ਼ਾ ਅਤੇ ਰਫ਼ਤਾਰ ‘ਤੇ ਨਿਰਭਰ ਕਰਦਾ ਹੈ। ਦਿਨ ਦੇ ਵੱਖ-ਵੱਖ ਸਮਿਆਂ ਦੌਰਾਨ ਵੀ ਇਸ ਦਾ ਯੋਗਦਾਨ ਬਦਲ ਸਕਦਾ ਹੈ।

ਇਸ ਅਧਿਐਨ ਮੁਤਾਬਕ, ਪਰਾਲੀ ਦਿੱਲੀ ਦੇ ਪ੍ਰਦੂਸ਼ਣ ਦਾ ਇੱਕ ਅਹਿਮ ਕਾਰਨ ਹੋ ਸਕਦੀ ਹੈ, ਪਰ ਹਰ ਦਿਨ ਜਾਂ ਪ੍ਰਦੂਸ਼ਣ ਦੇ ਹਰ ਪੱਧਰ ਲਈ ਇਸ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

ਕੇਂਦਰ ਸਰਕਾਰ ਦੀ ਸੰਸਥਾ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਵੱਲੋਂ ਫਰਵਰੀ 2026 ਵਿੱਚ ਜਾਰੀ ਮਾਹਰਾਂ ਦੀ ਰਿਪੋਰਟ ਵੀ ਪ੍ਰਦੂਸ਼ਣ ਦੇ ਕਈ ਸਰੋਤਾਂ ਵੱਲ ਇਸ਼ਾਰਾ ਕਰਦੀ ਹੈ।

ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ 33 ਮਾਹਰਾਂ ਦੇ ਪੈਨਲ ਨੇ 2015 ਤੋਂ 2025 ਦਰਮਿਆਨ ਕੀਤੇ ਗਏ ਵੱਖ-ਵੱਖ ਸਰੋਤ-ਮੁਲਾਂਕਣ ਅਧਿਐਨਾਂ ਦਾ ਵਿਸ਼ਲੇਸ਼ਣ ਕੀਤਾ ਸੀ।

ਇਸ ਰਿਪੋਰਟ ਮੁਤਾਬਕ, ਸਰਦੀਆਂ ਦੌਰਾਨ ਦਿੱਲੀ ਦੇ ਪੀਐੱਮ 2.5 ਪ੍ਰਦੂਸ਼ਣ ਵਿੱਚ ਵੱਖ-ਵੱਖ ਸਰੋਤਾਂ ਦਾ ਅੰਦਾਜ਼ਨ ਯੋਗਦਾਨ ਇਸ ਤਰ੍ਹਾਂ ਸੀ:

– ਸੈਕੰਡਰੀ ਕਣ (ਦੂਜੇ ਰਸਾਇਣਕ ਪ੍ਰਤੀਕਰਮਾਂ ਰਾਹੀਂ ਬਣਨ ਵਾਲੇ ਕਣ): 27 ਫ਼ੀਸਦੀ

– ਆਵਾਜਾਈ: 23 ਫ਼ੀਸਦੀ

– ਬਾਇਓਮਾਸ ਸਾੜਨਾ: 20 ਫ਼ੀਸਦੀ

– ਧੂੜ: 15 ਫ਼ੀਸਦੀ

– ਉਦਯੋਗ ਅਤੇ ਥਰਮਲ ਪਾਵਰ ਪਲਾਂਟ: 9 ਫ਼ੀਸਦੀ

ਭਵਰੀਨ ਕੰਧਾਰੀ

ਹਾਲਾਂਕਿ, ਬਾਇਓਮਾਸ ਸਾੜਨ ਵਿੱਚ ਸਿਰਫ਼ ਖੇਤਾਂ ਵਿੱਚ ਪਰਾਲੀ ਸਾੜਨਾ ਹੀ ਸ਼ਾਮਲ ਨਹੀਂ ਹੈ। ਇਸ ਵਿੱਚ ਲੱਕੜ, ਕੂੜਾ ਅਤੇ ਹੋਰ ਜੈਵਿਕ ਪਦਾਰਥਾਂ ਨੂੰ ਸਾੜਨਾ ਵੀ ਸ਼ਾਮਲ ਹੋ ਸਕਦਾ ਹੈ।

ਇਸੇ ਤਰ੍ਹਾਂ ਸੈਕੰਡਰੀ ਕਣ ਕਿਸੇ ਇੱਕ ਸਰੋਤ ਤੋਂ ਸਿੱਧੇ ਤੌਰ ‘ਤੇ ਨਹੀਂ ਨਿਕਲਦੇ, ਸਗੋਂ ਆਵਾਜਾਈ, ਉਦਯੋਗਾਂ, ਬਿਜਲੀ ਪਲਾਂਟਾਂ ਅਤੇ ਬਾਇਓਮਾਸ ਸਾੜਨ ਨਾਲ ਨਿਕਲਣ ਵਾਲੀਆਂ ਗੈਸਾਂ ਦੇ ਰਸਾਇਣਕ ਪ੍ਰਤੀਕਰਮਾਂ ਰਾਹੀਂ ਹਵਾ ਵਿੱਚ ਬਣਦੇ ਹਨ।

ਪਰ ਇਸ ਬਹਿਸ ਦਰਮਿਆਨ ਵੱਡਾ ਸਵਾਲ ਇਹ ਹੈ ਕਿ ਕੀ ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ ਹਨ ਅਤੇ ਕੀ ਇਨ੍ਹਾਂ ਦਾ ਦਿੱਲੀ ਦੇ ਪ੍ਰਦੂਸ਼ਣ ‘ਤੇ ਸਿੱਧਾ ਅਸਰ ਪੈ ਰਿਹਾ ਹੈ?

ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਅੰਕੜਿਆਂ ਮੁਤਾਬਕ, 8 ਨਵੰਬਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 1,152 ਅਤੇ ਹਰਿਆਣਾ ਵਿੱਚ 80 ਘਟਨਾਵਾਂ ਦਰਜ ਕੀਤੀਆਂ ਗਈਆਂ।

ਉੱਥੇ ਹੀ ਪੱਤਰਕਾਰ ਮਨਦੀਪ ਪੂਨੀਆ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰਦਿਆਂ ਲਿਖਿਆ, “ਮੈਂ ਮੱਧ ਹਰਿਆਣਾ ਵਿੱਚ ਸਫ਼ਰ ਕਰ ਰਿਹਾ ਹਾਂ। ਇਹ ਖੇਤੀਬਾੜੀ ਨਾਲ ਜੁੜਿਆ ਇਲਾਕਾ ਹੈ। ਮੈਨੂੰ ਕਿਸੇ ਵੀ ਖੇਤ ਵਿੱਚ ਅੱਗ ਲੱਗੀ ਦਿਖਾਈ ਨਹੀਂ ਦੇ ਰਹੀ। ਇਹ ਹੈਰਾਨੀਜਨਕ ਹੈ ਕਿ ਕਿਸਾਨਾਂ ‘ਤੇ ਪਰਾਲੀ ਸਾੜਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ।”

ਇੱਕ ਰਿਪੋਰਟ ਮੁਤਾਬਕ, ਪੰਜਾਬ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਸਾਲ 2020 ਤੋਂ ਬਾਅਦ 95 ਫ਼ੀਸਦੀ ਤੱਕ ਦੀ ਕਮੀ ਆਈ ਹੈ।

ਸਰਦੀਆਂ ਵਿੱਚ ਦਿੱਲੀ ਦੀ ਹਵਾ ਵਿੱਚ ਪ੍ਰਦੂਸ਼ਣ ਕਿਉਂ ਫਸ ਜਾਂਦਾ ਹੈ?

ਦਿੱਲੀ ਵਿੱਚ ਸਰਦੀਆਂ ਦੌਰਾਨ ਪ੍ਰਦੂਸ਼ਣ ਵਧਣ ਦਾ ਇੱਕ ਵੱਡਾ ਕਾਰਨ ਮੌਸਮ ਦੇ ਹਾਲਾਤ ਵੀ ਹਨ।

ਠੰਢ ਦੇ ਮੌਸਮ ਵਿੱਚ ਹਵਾ ਦੀ ਰਫ਼ਤਾਰ ਘੱਟ ਹੋ ਜਾਂਦੀ ਹੈ। ਵਾਤਾਵਰਣ ਵਿੱਚ ਤਾਪਮਾਨ ਦੇ ਉਲਟਾਅ ਯਾਨੀ ਟੈਂਪਰੇਚਰ ਇਨਵਰਜ਼ਨ ਦੀ ਸਥਿਤੀ ਬਣ ਸਕਦੀ ਹੈ। ਅਜਿਹੇ ਹਾਲਾਤ ਵਿੱਚ ਪ੍ਰਦੂਸ਼ਕ ਹਵਾ ਵਿੱਚ ਉੱਪਰ ਫੈਲਣ ਦੀ ਥਾਂ ਜ਼ਮੀਨ ਦੇ ਨੇੜੇ ਹੀ ਜਮ੍ਹਾਂ ਰਹਿੰਦੇ ਹਨ।

ਦਿੱਲੀ ਵਿੱਚ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ, ਉਸਾਰੀ ਦੀਆਂ ਗਤੀਵਿਧੀਆਂ ਕਾਰਨ ਉੱਡਣ ਵਾਲੀ ਧੂੜ, ਉਦਯੋਗਿਕ ਨਿਕਾਸ ਅਤੇ ਕੂੜਾ ਸਾੜਨ ਨਾਲ ਹੋਣ ਵਾਲਾ ਪ੍ਰਦੂਸ਼ਣ ਇਸ ਦੌਰਾਨ ਹਵਾ ਵਿੱਚ ਜਮ੍ਹਾਂ ਹੁੰਦਾ ਰਹਿੰਦਾ ਹੈ।

ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਨਾਲ ਨਿਕਲਣ ਵਾਲਾ ਧੂੰਆਂ ਵੀ ਹਵਾ ਦੀ ਅਨੁਕੂਲ ਦਿਸ਼ਾ ਅਤੇ ਮੌਸਮੀ ਹਾਲਾਤਾਂ ਵਿੱਚ ਦਿੱਲੀ-ਐੱਨਸੀਆਰ ਤੱਕ ਪਹੁੰਚ ਸਕਦਾ ਹੈ।

ਵਾਤਾਵਰਨ ਕਾਰਕੁਨ ਅਤੇ ਪੱਤਰਕਾਰ ਭਵਰੀਨ ਕੰਧਾਰੀ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਨੂੰ ਕਿਸੇ ਇੱਕ ਸਰੋਤ ਨਾਲ ਜੋੜ ਕੇ ਦੇਖਣਾ ਸਹੀ ਨਹੀਂ ਹੈ।

ਉਹ ਕਹਿੰਦੇ ਹਨ, “ਇਹ ਘੱਟ ਜ਼ਹਿਰ ਅਤੇ ਵੱਧ ਜ਼ਹਿਰ ਦੀ ਬਹਿਸ ਨਹੀਂ ਹੈ। ਇਹ ਪੂਰੀ ਤਰ੍ਹਾਂ ਸਿਆਸੀ ਬਲੇਮ ਗੇਮ ਹੈ। ਪਰਾਲੀ ਹੋਵੇ, ਪਟਾਕੇ ਹੋਣ ਜਾਂ ਕੋਈ ਹੋਰ ਨਿਕਾਸ, ਮੌਸਮ ਦੇ ਉਲਟ ਹਾਲਾਤਾਂ ਵਿੱਚ ਇਹ ਸਾਰੇ ਪ੍ਰਦੂਸ਼ਕ ਹਵਾ ਵਿੱਚ ਫਸ ਜਾਂਦੇ ਹਨ।”

ਉਨ੍ਹਾਂ ਮੁਤਾਬਕ, ਸਰਦੀਆਂ ਵਿੱਚ ਮੌਸਮ ਦੇ ਅਜਿਹੇ ਹਾਲਾਤ ਹੋ ਜਾਂਦੇ ਹਨ ਕਿ ਪ੍ਰਦੂਸ਼ਣ ਨੂੰ ਫੈਲਣ ਦਾ ਲੋੜੀਂਦਾ ਮੌਕਾ ਨਹੀਂ ਮਿਲਦਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਬਾਕੀ ਮਹੀਨਿਆਂ ਵਿੱਚ ਦਿੱਲੀ ਦੀ ਹਵਾ ਸਾਫ਼ ਰਹਿੰਦੀ ਹੈ।

ਉਹ ਕਹਿੰਦੇ ਹਨ, “ਅਸੀਂ ਪੂਰਾ ਸਾਲ ਪ੍ਰਦੂਸ਼ਣ ਨਾਲ ਜੂਝ ਰਹੇ ਹਾਂ। ਫ਼ਰਕ ਸਿਰਫ਼ ਇੰਨਾ ਹੈ ਕਿ ਜੂਨ-ਜੁਲਾਈ ਵਿੱਚ ਹਵਾ ਚੱਲਦੀ ਹੈ ਅਤੇ ਪ੍ਰਦੂਸ਼ਕ 24 ਤੋਂ 48 ਘੰਟਿਆਂ ਵਿੱਚ ਫੈਲ ਜਾਂਦੇ ਹਨ। ਸਰਦੀਆਂ ਵਿੱਚ ਤੁਹਾਡੇ ਕੋਲ ਕੋਈ ਗ਼ਲਤੀ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ।”

ਭਵਰੀਨ ਕੰਧਾਰੀ ਦਾ ਕਹਿਣਾ ਹੈ ਕਿ ਪ੍ਰਦੂਸ਼ਣ ਦੇ ਸਾਰੇ ਸਰੋਤਾਂ ‘ਤੇ ਸਾਲ ਭਰ ਕੰਮ ਕਰਨ ਦੀ ਲੋੜ ਹੈ, ਨਾ ਕਿ ਸਿਰਫ਼ ਸਰਦੀਆਂ ਵਿੱਚ ਕੁਝ ਹਫ਼ਤਿਆਂ ਲਈ ਪਾਬੰਦੀਆਂ ਲਗਾਉਣ ਦੀ।

ਦਿੱਲੀ ਪ੍ਰਦੂਸ਼ਣ

ਪਟਾਕਿਆਂ ਅਤੇ ਪਰਾਲੀ, ਦੋਵਾਂ ‘ਤੇ ਕਾਰਵਾਈ ਕਿਉਂ ਜ਼ਰੂਰੀ?

ਦਿੱਲੀ ਵਿੱਚ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਵਧਣ ਦਾ ਇੱਕ ਕਾਰਨ ਵੱਡੇ ਪੱਧਰ ‘ਤੇ ਪਟਾਕੇ ਚਲਾਉਣਾ ਵੀ ਰਿਹਾ ਹੈ।

ਸੁਪਰੀਮ ਕੋਰਟ ਨੇ ਦੀਵਾਲੀ ਦੌਰਾਨ ਕੁਝ ਨਿਰਧਾਰਤ ਸਮੇਂ ਲਈ ਪ੍ਰਮਾਣਿਤ ਘੱਟ ਪ੍ਰਦੂਸ਼ਣ ਵਾਲੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਇਸ ਦੇ ਬਾਵਜੂਦ ਦਿੱਲੀ ਦੇ ਕਈ ਇਲਾਕਿਆਂ ਵਿੱਚ ਦੇਰ ਰਾਤ ਤੱਕ ਪਟਾਕੇ ਚਲਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ।

ਭਵਰੀਨ ਕੰਧਾਰੀ ਕਹਿੰਦੇ ਹਨ ਕਿ ਪਟਾਕਿਆਂ ਤੋਂ ਨਿਕਲਣ ਵਾਲੇ ਪ੍ਰਦੂਸ਼ਕਾਂ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ।

ਉਨ੍ਹਾਂ ਮੁਤਾਬਕ, “ਗ੍ਰੀਨ ਪਟਾਕਿਆਂ ਨੂੰ ਵੀ ਪੂਰੀ ਤਰ੍ਹਾਂ ਗ੍ਰੀਨ ਨਹੀਂ ਕਿਹਾ ਜਾ ਸਕਦਾ। ਇਹ ਰਵਾਇਤੀ ਪਟਾਕਿਆਂ ਦੇ ਮੁਕਾਬਲੇ ਨਿਕਾਸ ਵਿੱਚ ਕੁਝ ਕਮੀ ਜ਼ਰੂਰ ਕਰਦੇ ਹਨ, ਪਰ ਇਨ੍ਹਾਂ ਤੋਂ ਵੀ ਜ਼ਹਿਰੀਲੇ ਪ੍ਰਦੂਸ਼ਕ ਨਿਕਲਦੇ ਹਨ।”

ਉਹ ਸਵਾਲ ਚੁੱਕਦੇ ਹਨ ਕਿ ਜਦੋਂ ਸਰਕਾਰ ਉਸਾਰੀ ਦੇ ਕੰਮਾਂ ‘ਤੇ ਪਾਬੰਦੀ ਲਗਾ ਕੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਕਰ ਸਕਦੀ ਹੈ ਤਾਂ ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਸਰੋਤਾਂ ‘ਤੇ ਸਾਲ ਭਰ ਕਾਰਵਾਈ ਕਿਉਂ ਨਹੀਂ ਹੁੰਦੀ?

ਭਵਰੀਨ ਕੰਧਾਰੀ ਮੁਤਾਬਕ, ਸਰਕਾਰਾਂ ਪ੍ਰਦੂਸ਼ਣ ਦੇ ਸਰੋਤਾਂ ਨੂੰ ਰੋਕਣ ਦੀ ਬਜਾਏ ਸਮੌਗ ਟਾਵਰ, ਸਮੌਗ ਗਨ, ਸਪ੍ਰਿੰਕਲਰ ਅਤੇ ਕਲਾਊਡ ਸੀਡਿੰਗ ਵਰਗੇ ਉਪਾਵਾਂ ‘ਤੇ ਜ਼ਿਆਦਾ ਧਿਆਨ ਦਿੰਦੀਆਂ ਹਨ।

ਉਹ ਕਹਿੰਦੇ ਹਨ, “ਤੁਸੀਂ ਪਹਿਲਾਂ ਪ੍ਰਦੂਸ਼ਣ ਪੈਦਾ ਹੋਣ ਦਿੰਦੇ ਹੋ ਅਤੇ ਫਿਰ ਉਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹੋ। ਪਰ ਪ੍ਰਦੂਸ਼ਣ ਦੇ ਸਰੋਤਾਂ ‘ਤੇ ਕੰਮ ਕਰਨਾ ਸਭ ਤੋਂ ਜ਼ਰੂਰੀ ਹੈ। ਇਹ ਅਜਿਹਾ ਕੰਮ ਹੈ ਜੋ ਦਿਖਾਈ ਨਹੀਂ ਦਿੰਦਾ, ਇਸ ਲਈ ਸਰਕਾਰਾਂ ਦੀ ਇਸ ਵਿੱਚ ਇੰਨੀ ਦਿਲਚਸਪੀ ਨਹੀਂ ਹੁੰਦੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI