Home rss national punjabi2ਰਾਸ਼ਟਰੀ ਖ਼ਬਰਾਂ ਨੇਪਾਲ ਵਿੱਚ ਕਿਹੜੇ ਮੁੱਖ ਕਾਰਨਾਂ ਕਰਕੇ ਆਏ ਵਿਨਾਸ਼ਕਾਰੀ ਹੜ੍ਹ, ਵਿਗਿਆਨੀਆਂ ਨੇ ਕੀ...

ਨੇਪਾਲ ਵਿੱਚ ਕਿਹੜੇ ਮੁੱਖ ਕਾਰਨਾਂ ਕਰਕੇ ਆਏ ਵਿਨਾਸ਼ਕਾਰੀ ਹੜ੍ਹ, ਵਿਗਿਆਨੀਆਂ ਨੇ ਕੀ ਦੱਸਿਆ

5
0

Source :- BBC PUNJABI

ਲਾਂਗਟਾਂਗ ਲਿਰੁੰਗ ਚੋਟੀ

ਤਸਵੀਰ ਸਰੋਤ, Getty Images

ਨੇਪਾਲ ਅਤੇ ਤਿੱਬਤ ਦੇ ਸਰਹੱਦੀ ਇਲਾਕੇ ਵਿੱਚ ਆਏ ਵਿਨਾਸ਼ਕਾਰੀ ਹੜ੍ਹ ਨੂੰ ਲੈ ਕੇ ਵਿਗਿਆਨੀਆਂ ਨੇ ਗਲੇਸ਼ੀਅਰ ਟੁੱਟਣ ਨੂੰ ਇੱਕ ਵੱਡਾ ਕਾਰਨ ਦੱਸਿਆ ਹੈ।

ਵਿਗਿਆਨੀਆਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਗਲੇਸ਼ੀਅਰ ਟੁੱਟਣ ਨਾਲ ਬਰਫ਼ ਤੇਜ਼ੀ ਨਾਲ ਪਿਘਲੀ ਹੋਏਗੀ।

ਸ਼ੁਰੂਆਤੀ ਰਿਪੋਰਟਾਂ ਦੇ ਕਾਰਨ ਕਈ ਲੋਕਾਂ ਦਾ ਮੰਨਣਾ ਸੀ ਕਿ ਇੱਕ ਭੁਚਾਲ਼ ਕਾਰਨ ਜ਼ਮੀਨ ਖਿਸਕੀ ਸੀ। ਹਾਲਾਂਕਿ, ਯੂਐੱਸ ਜਿਓਲੋਜੀਕਲ ਸਰਵੇ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਇਹ ਆਫਤ ‘ਗਲੇਸ਼ੀਅਰ ਦੇ ਇੱਕ ਹਿੱਸੇ ਦੇ ਟੁੱਟਣ’ ਕਾਰਨ ਹੋਈ।

ਯੂਐੱਸਜੀਐੱਸ ਦੇ ਅੰਕੜਿਆਂ ਅਤੇ ਘਟਨਾ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਗਿਆਨੀਆਂ ਮੁਤਾਬਕ, ਇੱਕ ਵਿਸ਼ਾਲ ਗਲੇਸ਼ੀਅਰ ਦੇ ਘਾਟੀ ਦੀ ਤਲਹਟੀ ਨਾਲ ਟਕਰਾਉਣ ਦਾ ਅਸਰ 5.2 ਤੀਬਰਤਾ ਵਾਲੇ ਭੁਚਾਲ ਜਿੰਨਾ ਸੀ।

ਡੰਡੀ ਯੁਨੀਵਰਸਿਟੀ ਵਿੱਚ ਗਲੇਸ਼ੀਅਰ ਮਾਹਿਰ ਡਾ.ਸਾਈਮਨ ਕੁਕ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਤਾ ਲਗਾਇਆ ਹੈ ਕਿ ਨੇਪਾਲ ਵਿੱਚ ਲਾਂਗਟਾਂਗ ਲਿਰੁੰਗ ਚੋਟੀ ਨੇੜੇ ਇੱਕ ਗਲੇਸ਼ੀਅਰ ਦਾ ਹੇਠਲਾ ਹਿੱਸਾ ਟੁੱਟ ਗਿਆ। ਇਹ ਹੜ੍ਹ ਵਾਲੀ ਥਾਂ ਤੋਂ ਲਗਭਗ 15 ਕਿੱਲੋਮੀਟਰ ਪੱਛਮ ਵਿੱਚ ਹੈ।

ਉਨ੍ਹਾਂ ਨੇ ਅਨੁਮਾਨ ਲਗਾਇਆ ਕਿ ਗਲੇਸ਼ੀਅਰ ਉੱਤਰ ਪੱਛਮ ਦਿਸ਼ਾ ਵਿੱਚ ਟੁੱਟਿਆ ਅਤੇ ਫਿਰ ਪੱਛਮ ਵੱਲ ਨਦੀ ਦੇ ਵਹਾਅ ਵਿੱਚ ਡਿੱਗ ਪਿਆ।

ਬਰਫ਼ ਅਤੇ ਚੱਟਾਨਾਂ ਦਾ ਵੱਡੀ ਮਾਤਰਾ ਵਿੱਚ ਮਲਬਾ ਨਦੀ ਵਿੱਚ ਡਿੱਗਿਆ

ਤ੍ਰਿਸ਼ੂਲੀ ਅਤੇ ਤਾਦੀ ਨਦੀਆਂ

ਤਸਵੀਰ ਸਰੋਤ, Getty Images

ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗ੍ਰੇਟਿਡ ਮਾਉਂਟੇਨ ਡਿਵੈਲਪਮੈਂਟ ਦੇ ਇੱਕ ਵਿਸ਼ਲੇਸ਼ਣ ਦੇ ਮੁਤਾਬਕ, ਇਹ ਸ਼ਾਇਦ ਆਈਸ-ਰੌਕ ਦੇ ਮਿਸ਼ਰਨ ਦਾ ਐਵਲਾਂਚ ਸੀ।

ਇਸ ਦੇ ਕਾਰਨ ਬਰਫ਼ ਅਤੇ ਚੱਟਾਨਾਂ ਦਾ ਵੱਡੀ ਮਾਤਰਾ ਵਿੱਚ ਮਲਬਾ ਭੋਟੇਕੋਸ਼ੀ ਨਦੀ ਦੀ ਸਹਾਇਕ ਨਦੀ ਲੇਂਡੇ ਖੋਲਾ ਵਿੱਚ ਡਿੱਗ ਗਿਆ। ਇਸ ਤੋਂ ਬਾਅਦ ਅਚਾਨਕ ਹੜ੍ਹ ਆ ਗਿਆ। ਨਦੀ ਦਾ ਪਾਣੀ ਵੱਡੇ-ਵੱਡੇ ਪੱਥਰਾਂ ਨੂੰ ਵਹਾ ਕੇ ਥੱਲੇ ਵੱਲ ਲੈ ਗਿਆ।

ਆਈ.ਸੀ.ਆਈ.ਐਮ.ਓ.ਡੀ ਨੇ ਦੱਸਿਆ ਕਿ ਹੇਠਲੇ ਇਲਾਕਿਆਂ ਵਿੱਚ ਨਦੀਆਂ ਦੇ ਪਾਣੀ ਦਾ ਪੱਧਰ ਅੱਧੇ ਘੰਟੇ ਦੇ ਅੰਦਰ ਸੱਤ ਤੋਂ ਨੌ ਮੀਟਰ ਤੱਕ ਵੱਧ ਗਿਆ ਅਤੇ ਕਈ ਜਲ ਨਿਗਰਾਨੀ ਕੇਂਦਰ ਵੀ ਵਹਿ ਗਏ ਜਾਂ ਨੁਕਸਾਨੇ ਗਏ।

ਔਕਸਫੋਰਡ ਯੂਨੀਵਰਸਿਟੀ ਵਿੱਚ ਧਰਤੀ ਵਿਗਿਆਨ ਦੇ ਪ੍ਰੋਫੈਸਰ ਮਾਈਕ ਸਰਲ ਨੇ ਕਿਹਾ ਕਿ ਜ਼ਮੀਨ ਖਿਸਕਣ ਤੋਂ ਲੈ ਕੇ ਹੜ੍ਹ ਤੱਕ ਦੀ ਇਹ ਪੂਰੀ ਪ੍ਰਕਿਰਿਆ ਘੰਟਿਆਂ ਜਾਂ ਇੱਥੋਂ ਤੱਕ ਕਿ ਕਈ ਦਿਨਾਂ ਤੱਕ ਚੱਲ ਸਕਦੀ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਮਲਬੇ ਦੇ ਵੱਡੇ ਸੈਲਾਬ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਜ਼ਮੀਨ ਖਿਸਕੀ ਹੋਏਗੀ, ਪਾਣੀ ਜਮ੍ਹਾ ਹੋਇਆ ਹੋਵੇਗਾ, ਨਦੀ ‘ਤੇ ਬੰਨ੍ਹ ਬਣ ਗਿਆ ਹੋਵੇਗਾ ਅਤੇ ਫਿਰ ਇੱਕ ਭਿਆਨਕ ਹੜ੍ਹ ਦੇ ਰੂਪ ਵਿੱਚ ਉਹ ਫੁੱਟ ਗਿਆ ਹੋਵੇਗਾ।”

ਖੇਤਰ ਦੀ ਭੂਗੋਲਿਕ ਸਥਿਤੀ ਨੇ ਵੀ ਹੜ੍ਹ ਨੂੰ ਹੋਰ ਗੰਭੀਰ ਬਣਾ ਦਿੱਤਾ।

ਪ੍ਰੋਫੈਸਰ ਮਾਈਕ ਸਰਲ ਨੇ ਦੱਸਿਆ ਕਿ ਲਾਂਗਟਾਂਗ ਲਿਰੁੰਗ ਉੱਚੇ ਹਿਮਾਲਿਆ ਦੀ ਚੋਟੀ ‘ਤੇ ਸਥਿਤ ਹੈ ਅਤੇ ਪਹਾੜ ਦੇ ਦੋਨੋਂ ਪਾਸੇ ਬਹੁਤ ਘਾਟੀਆਂ ਹਨ, ਜਿਨ੍ਹਾਂ ਤੋਂ ਪਾਣੀ ਤੇਜ਼ ਗਤੀ ਨਾਲ ਵਹਿ ਸਕਦਾ ਸੀ।

ਭੂ-ਵਿਗਿਆਨਕ ਗਤੀ ਦੀ ਕਿੰਨੀ ਵੱਡੀ ਭੂਮਿਕਾ

ਬੁੱਧਵਾਰ ਨੂੰ ਗਲੇਸ਼ੀਅਰ ਢਹਿਣ ਦਾ ਕਾਰਨ ਹਾਲੇ ਤੱਕ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ।

ਪ੍ਰੋਫੈਸਰ ਮਾਈਕ ਸਰਲ ਨੇ ਕਿਹਾ ਕਿ ਹਿਮਾਲਿਆ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਲਾਂਗਟਾਂਗ ਲਿਰੁੰਗ ਲੰਬੇ ਸਮੇਂ ਤੋਂ ਭੂ-ਵਿਗਿਆਨਕ ਹਲਚਲ ਕਾਰਨ ਹੌਲੀ ਹੌਲੀ ਉੱਤੇ ਉੱਠ ਰਿਹਾ ਹੈ।

ਟੈਕਟੋਨਿਕ ਹਲਚਲ ਵਿੱਚ ਇੱਕ ਪਲੇਟ ਦੂਜੀ ਪਲੇਟ ਨੂੰ ਉੱਪਰ ਧੱਕ ਰਹੀ ਹੈ। ਉਨ੍ਹਾਂ ਮੁਤਾਬਕ, “ਇਹ ਅਜਿਹਾ ਹੈ ਜਿਵੇਂ ਕਾਰ ਦੇ ਥੱਲੇ ਜੈਕ ਲਗਾ ਕੇ ਉਸ ਨੂੰ ਉੱਤੇ ਚੁੱਕਣਾ।”

“ਜਿਵੇਂ ਜਿਵੇਂ ਪਹਾੜ ਉੱਤੇ ਉਠਦਾ ਹੈ, ਗਲੇਸ਼ੀਅਰ ਹੋਰ ਵੀ ਜ਼ਿਆਦਾ ਢਲਾਣ ਵਾਲਾ ਹੁੰਦਾ ਜਾਂਦਾ ਹੈ ਅਤੇ ਇਹ ਪੱਕਾ ਹੈ ਕਿ ਇਸ ਦੇ ਕੁਝ ਹਿੱਸੇ ਟੁੱਟ ਕੇ ਡਿੱਗ ਜਾਣ।”

ਉਨ੍ਹਾਂ ਨੇ ਕਿਹਾ ਕਿ ਪਰ ਆਮ ਤੌਰ ‘ਤੇ ਇਹ ਛੋਟੇ ਛੋਟੇ ਟੁਕੜੇ ਹੁੰਦੇ ਹਨ ਜੋ ਨਦੀਆਂ ਨੂੰ ਅਸਥਾਈ ਰੂਪ ਵਿੱਚ ਰੋਕਦੇ ਹਨ ਅਤੇ ਬਾਅਦ ਵਿੱਚ ਅਸਾਨੀ ਨਾਲ ਵਹਿ ਜਾਂਦੇ ਹਨ।

ਨੇਪਾਲ ਵਿੱਚ ਇੱਕ ਬਜ਼ੁਰਗ ਔਰਤ ਨੂੰ ਰੈਸਕਿਊ ਕਰਦੇ ਹੋਏ ਤਸਵੀਰ

ਤਸਵੀਰ ਸਰੋਤ, PRAKASH MATHEMA / AFP via Getty Images

ਹਾਲਾਂਕਿ, ਇਸ ਆਪਦਾ ਵਿੱਚ ਪੂਰਾ ਗਲੇਸ਼ੀਅਰ ਇੱਕ ਹੀ ਝਟਕੇ ਵਿੱਚ ਟੁੱਟ ਗਿਆ ਲੱਗਦਾ ਹੈ। ਉਹ ਕਹਿੰਦੇ ਹਨ, “ਅਜਿਹੇ ਹੜ੍ਹ ਅਕਸਰ ਆਉਂਦੇ ਰਹਿੰਦੇ ਹਨ, ਪਰ ਇੰਨੇ ਵੱਡੇ ਪੈਮਾਨੇ ‘ਤੇ ਨਹੀਂ।”

ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਦੀ ਘਟਨਾ ਸ਼ਾਇਦ ਦੋ ਵੱਖ ਵੱਖ ਪ੍ਰਕਿਰਿਆਵਾਂ ਕਾਰਨ ਹੋਈਆਂ।

ਪਹਿਲਾ, ਹਿਮਾਲਿਆ ਦੇ ਉੱਤੇ ਉਠਣ ਵਿੱਚ ਟੈਕਟੋਨਿਕ ਹਲਚਲ ਅਤੇ ਦੂਜਾ ਵਧਦੇ ਤਾਪਮਾਨ ਅਤੇ ਗਲੇਸ਼ੀਅਰਾਂ ਦੇ ਪਿਘਲਣ ਨਾਲ ਜਲਵਾਯੂ ਪਰਿਵਰਤਨ ਦੀ ਵੀ ਭੂਮਿਕਾ ਰਹੀ ਹੋਏਗੀ।

“ਇਹ ਸਾਰੇ ਫੈਕਟਰੀ ਮਿਲ ਕੇ ਉਨ੍ਹਾਂ ਵਿਨਾਸ਼ਕਾਰੀ ਆਪਦਾਵਾਂ ਨੂੰ ਜਨਮ ਦੇ ਰਹੇ ਹਨ ਜਿਨ੍ਹਾਂ ਨੂੰ ਹੁਣ ਨਿਯਮਤ ਰੂਪ ਨਾਲ ਦੇਖ ਰਹੇ ਹਨ।”

ਹੜ੍ਹ ਦੀ ਤਬਾਹੀ ਦੇਖਦੇ ਹੋਏ ਲੋਕ

ਤਸਵੀਰ ਸਰੋਤ, Safal Prakash Shrestha/Anadolu via Getty Images

ਵਿਗਿਆਨੀ, ਸਾਲਾਂ ਤੋਂ ਜਲਵਾਯੂ ਪਰਿਵਰਤਨ ਦੇ ਕਾਰਨ ਹਿਮਾਲਿਆ ਵਿੱਚ ਬਰਫ਼ ਅਤੇ ਪਰਮਾਫਰੌਸਟ ਦੇ ਪਿਘਲਣ ਦੀ ਚੇਤਾਵਨੀ ਦਿੰਦੇ ਰਹੇ ਹਨ।

ਹਰ ਸਾਲ ਦੀ ਸ਼ੁਰੂਆਤ ਵਿੱਚ ਆਈਸੀਆਈਐਮਓਡੀ ਨੇ ਇੱਕ ਵਿਸ਼ਲੇਸ਼ਣ ਵਿੱਚ ਦੇਖਿਆ ਹੈ ਕਿ ਹਿੰਦਕੁਸ਼ ਦੇ ਗਲੇਸ਼ੀਅਰਾਂ ਤੋਂ ਹੁਣ ਸਾਲ ਦੋ ਹਜ਼ਾਰ ਦੀ ਤੁਲਨਾ ਵਿੱਚ ਦੁੱਗਣੀ ਰਫਤਾਰ ਤੋਂ ਬਰਫ਼ ਹਟ ਰਹੀ ਹੈ। ਇਸ ਨਾਲ ਹੜ੍ਹ ਦੇ ਖ਼ਤਰੇ ਹੋਰ ਵੀ ਵਧ ਜਾਂਦੇ ਹਨ।

ਡਾ.ਕੁਕ ਨੇ ਦੱਸਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਭਾਰਤ, ਸਵਿਟਜ਼ਰਲੈਂਡ ਅਤੇ ਇਟਲੀ ਵਿੱਚ ਗਲੇਸ਼ੀਅਰਾਂ ਦੇ ਟੁੱਟਣ ਨਾਲ ਹੜ੍ਹ ਅਤੇ ਜ਼ਮੀਨ ਖਿਸਕਣ ਦੀਆਂ ਅਜਿਹੀਆਂ ਘਟਨਾਵਾਂ ਹੋਈਆਂ ਹਨ।

ਸਾਲ 2021 ਵਿੱਚ ਉੱਤਰ ਭਾਰਤ ਦੀ ਚਮੋਲੀ ਘਾਟੀ ਵਿੱਚ ਹਿਮਾਲਿਆ ਗਲੇਸ਼ੀਅਰ ਦਾ ਇੱਕ ਵੱਡਾ ਹਿੱਸਾ ਟੁੱਟ ਗਿਆ ਜਿਸ ਨਾਲ ਮਲਬੇ ਅਤੇ ਪਾਣੀ ਦਾ ਸੈਲਾਬ ਆ ਗਿਆ। ਇਸ ਘਟਨਾ ਵਿੱਚ ਲਗਭਗ ਦੋ ਸੌ ਲੋਕਾਂ ਦੀ ਮੌਤ ਹੋ ਗਈ।

ਵਿਗਿਆਨੀਆਂ ਨੇ ਬਾਅਦ ਵਿੱਚ ਅੰਦਾਜ਼ਾ ਲਗਾਇਆ ਕਿ ਇਸ ਹਿਮਖੰਡ ਦੇ ਢਹਿਣ ਦਾ ਅਸਰ ਪੰਦਰਾਂ ਪਰਮਾਣੂ ਬੰਬਾਂ ਦੇ ਬਰਾਬਰ ਸੀ।

ਨੇਪਾਲ ਵਿੱਚ ਵੀ ਪਿਛਲੇ ਸਾਲ ਤਿੱਬਤ ਵਿੱਚ ਇਕ ਹਿਮਨਦ ਝੀਲ ਦੇ ਫਟਣ ਕਾਰਨ ਹੜ੍ਹ ਆਏ ਸੀ।

ਜਲਵਾਯੂ ਪਰਿਵਰਤਨ ਦਾ ਅਸਰ

ਨੇਪਾਲ

ਤਸਵੀਰ ਸਰੋਤ, Sunil Pradhan/Anadolu via Getty Images

ਆਈਸੀਆਈਐਮਓਡੀ ਦੇ ਮਾਹਿਰ ਮੁਹੰਮਦ ਫ਼ਾਰੂਕ ਆਜ਼ਮ ਨੇ ਕਿਹਾ, “ਧਰਤੀ ਦੇ ਜੰਮੇ ਹੋਏ ਹਿੱਸਿਆਂ ਵਿੱਚ ਖ਼ਤਰਿਆਂ ਦਾ ਵਾਰ-ਵਾਰ ਆਉਣਾ ਪਹਿਲਾਂ ਤੋਂ ਕਿਤੇ ਜ਼ਿਆਦਾ ਹੋ ਰਿਹਾ ਹੈ। ਬਦਲਾਅ ਦੀ ਗਤੀ ਬਹੁਤ ਤੇਜ਼ ਹੈ”

ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਕੋਈ ਇੱਕ ਘਟਨਾ ਜਲਵਾਯੂ ਪਰਿਵਰਤਨ ਦੇ ਕਾਰਨ ਹੋਈ ਹੈ ਜਾਂ ਨਹੀਂ।

ਡਾ.ਕੁਕ ਨੇ ਕਿਹਾ, “ਜਦੋਂ ਤੁਸੀਂ ਇਨ੍ਹਾਂ ਘਟਨਾਵਾਂ ਦੇ ਪੈਟਰਨ ਨੂੰ ਦੇਖਦੇ ਹਨ ਤਾਂ ਤੁਹਾਨੂੰ ਲਗਦਾ ਹੈ ਕਿ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਹੋ ਸਕਦਾ ਹੈ।”

ਤਰਕ ਇਹ ਹੈ ਕਿ ਧਰਤੀ ਦੇ ਗਰਮ ਹੋਣ ਨਾਲ ਬਰਫ਼ ਪਿਘਲੇਗੀ ਅਤੇ ਗਲੇਸ਼ੀਅਰ ਸੁੰਘੜਣਗੇ। ਕੁਝ ਪਰਬਤਾਂ ਨੂੰ ਅੰਸ਼ਕ ਰੂਪ ਵਿੱਚ ਰੋਕਣ ਵਾਲੀ ਸਦੀਆਂ ਪੁਰਾਣੀ ਮਿੱਟੀ ਗਰਮ ਹੋ ਰਹੀ ਹੈ, ਪਿਘਲ ਰਹੀ ਹੈ ਅਤੇ ਖ਼ਰਾਬ ਹੋ ਰਹੀ ਹੈ।

ਇਸ ਲਈ ਤੁਹਾਨੂੰ ਜ਼ਿਆਦਾ ਜ਼ਮੀਨ ਖਿਸਕਣ, ਮਲਬੇ ਦਾ ਸੈਲਾਬ, ਹਿਮਨਦਾਂ ਦਾ ਪਿਘਲਣਾ, ਝੀਲਾਂ ਦਾ ਫਟਣਾ, ਹਿਮਨਦਾਂ ਦੇ ਟੁੱਟਣ ਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਣਗੀਆਂ। ਕਿਉਂਕਿ ਜਲਵਾਯੂ ਪਰਿਵਰਤਨ ਅੰਤ ਵਿੱਚ ਇਨ੍ਹਾਂ ਪਰਬਤੀ ਇਲਾਕਿਆਂ ਨੂੰ ਅਸਥਿਰ ਕਰ ਦਿੰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI