Home rss national punjabi2ਰਾਸ਼ਟਰੀ ਖ਼ਬਰਾਂ ਪਾਕਿਸਤਾਨੀ ਡਰਾਮੇ ‘ਦਰ-ਏ-ਨਿਜਾਤ’ ਨੂੰ ਲੈ ਕੇ ਭਾਰਤ ਵਿੱਚ ਵਿਵਾਦ ਕਿਉਂ ਹੋ ਰਿਹਾ...

ਪਾਕਿਸਤਾਨੀ ਡਰਾਮੇ ‘ਦਰ-ਏ-ਨਿਜਾਤ’ ਨੂੰ ਲੈ ਕੇ ਭਾਰਤ ਵਿੱਚ ਵਿਵਾਦ ਕਿਉਂ ਹੋ ਰਿਹਾ ਹੈ?

3
0

Source :- BBC PUNJABI

ਪਾਕਿਸਤਾਨੀ ਸੀਰੀਅਲ 'ਦਰ-ਏ-ਨਿਜਾਤ' ਭਾਰਤ ਵਿੱਚ ਵੀ ਬੇਹੱਦ ਲੋਕਪ੍ਰਿਯ ਹੈ

ਬੁੱਧਵਾਰ ਤੱਕ, ਸ਼ੋਅ ਦੇ ਕੁਝ ਸ਼ੌਕੀਨਾਂ ਦੇ ਵੀਕਐਂਡ ਪਲਾਨ ਵਿੱਚ ਖ਼ਾਸ ਤਿਆਰੀ ਸ਼ਾਮਿਲ ਸੀ। ਉਹ ਸ਼ਾਨਦਾਰ ਡਿਨਰ ਦੇ ਨਾਲ ਇਹ ਜਾਣਨ ਲਈ ਇਕੱਠੇ ਹੋਣ ਵਾਲੇ ਸਨ ਕਿ ਪਾਕਿਸਤਾਨੀ ਟੀਵੀ ਦੇ ਇੱਕ ਬੇਹੱਦ ਲੋਕਪ੍ਰਿਯ ਜੋੜੇ ਦੀ ਜ਼ਿੰਦਗੀ (ਰੀਲ ਲਾਈਫ) ਵਿੱਚ ਅੱਗੇ ਕੀ ਹੁੰਦਾ ਹੈ।

ਪਰ ਫਿਰ ਜੀਓ ਪਾਲੀਟਿਕਸ ਵਿੱਚ-ਵਿਚਾਲੇ ਆ ਗਈ।

ਪਾਕਿਸਤਾਨੀ ਟੀਵੀ ਡਰਾਮੇ ‘ਦਰ-ਏ-ਨਿਜਾਤ’ (ਮੁਕਤੀ ਦਾ ਦਰਵਾਜ਼ਾ) ਦੀਆਂ ਦੋ ਨਿੱਜੀ ਸਕ੍ਰੀਨਿੰਗਾਂ ਬੈਂਗਲੁਰੂ ਵਿੱਚ ਰੱਦ ਕਰ ਦਿੱਤੀਆਂ ਗਈਆਂ। ਇਹ ਸ਼ੋਅ ਭਾਰਤ ਵਿੱਚ ਸੋਸ਼ਲ ਮੀਡੀਆ ਸੈਂਸੇਸ਼ਨ ਬਣ ਚੁੱਕਾ ਹੈ। ਆਨਲਾਈਨ ਵਿਰੋਧ ਅਤੇ ਪੁਲਿਸ ਦੀ ਜਾਂਚ-ਪੜਤਾਲ ਤੋਂ ਬਾਅਦ ਇਹ ਸਕ੍ਰੀਨਿੰਗਾਂ ਰੱਦ ਹੋਈਆਂ।

ਇਹ ਸੀਰੀਅਲ ਪਾਕਿਸਤਾਨ ਦੇ ਏਆਰਵਾਈ ਡਿਜੀਟਲ ਚੈਨਲ ‘ਤੇ ਪ੍ਰਸਾਰਿਤ ਹੁੰਦਾ ਹੈ। ਭਾਰਤ ਦੇ ਦਰਸ਼ਕ ਇਸ ਨੂੰ ਕੁਝ ਯੂਟਿਊਬ ਚੈਨਲਾਂ ‘ਤੇ ਦੇਖ ਸਕਦੇ ਹਨ, ਹਾਲਾਂਕਿ ਚੈਨਲ ਦਾ ਅਧਿਕਾਰਤ ਯੂਟਿਊਬ ਚੈਨਲ ਭਾਰਤ ਵਿੱਚ ਬਲੌਕ ਹੈ।

ਇਹ ਵਿਵਾਦ ਅਜਿਹੇ ਸਮੇਂ ਹੋਇਆ ਹੈ, ਜਦੋਂ ਭਾਰਤ ਵਿੱਚ ਪਾਕਿਸਤਾਨੀ ਸੀਰੀਅਲਾਂ ਦੀ ਮੰਗ ਫਿਰ ਵਧ ਰਹੀ ਹੈ। ਹਾਲਾਂਕਿ, ਪਿਛਲੇ ਸਾਲ ਮਈ ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਤਿੱਖੀ ਫ਼ੌਜੀ ਤਣਾਅ ਤੋਂ ਬਾਅਦ ਸੱਭਿਆਚਾਰਕ ਮੇਲ-ਜੋਲ ਅਜੇ ਵੀ ਸੰਵੇਦਨਸ਼ੀਲ ਮੁੱਦਾ ਬਣਿਆ ਹੋਇਆ ਹੈ।

ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਚੁੱਕੇ ਸਵਾਲ

ਇੱਕ ਸਕ੍ਰੀਨਿੰਗ ਦੇ ਸੱਦੇ ਵਿੱਚ ਮਹਿਮਾਨਾਂ ਨੂੰ ਪਾਕਿਸਤਾਨੀ ਪਹਿਰਾਵੇ ਵਿੱਚ ਆਉਣ ਲਈ ਕਿਹਾ ਗਿਆ ਸੀ

ਪਿਛਲੇ ਹਫ਼ਤੇ ਦਿੱਲੀ ਵਿੱਚ ਵੀ ਅਜਿਹਾ ਹੀ ਇੱਕ ਸਮਾਗਮ ਹੋਇਆ ਸੀ। ਇਸ ਵਿੱਚ ਸ਼ੋਅ ਨਾਲ ਜੁੜੇ ਸਵਾਲ-ਜਵਾਬ ਅਤੇ ਇੱਥੋਂ ਤੱਕ ਕਿ ਨਿਰਦੇਸ਼ਕ ਨਾਲ ਆਨਲਾਈਨ ਗੱਲਬਾਤ ਵੀ ਹੋਈ ਸੀ। ਇਸ ਸਮਾਗਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਪਹਿਲਾਂ ਹੀ ਬਹਿਸ ਹੋ ਰਹੀ ਸੀ।

ਬੈਂਗਲੁਰੂ ਵਿੱਚ ਇੱਕ ਸਕ੍ਰੀਨਿੰਗ ਸ਼ਨੀਵਾਰ ਨੂੰ ਇੱਕ ਰੈਸਟੋਰੈਂਟ ਵਿੱਚ ਹੋਣੀ ਸੀ। ਇਸ ਵਿੱਚ ਮਾਮੂਲੀ ਟਿਕਟ ਫ਼ੀਸ ‘ਤੇ ਫ਼ਾਰਸੀ ਅਤੇ ਅਰਬੀ ਡਿਨਰ ਦੇ ਨਾਲ ਸੀਰੀਅਲ ਦੇ ਦੋ ਐਪੀਸੋਡ ਦਿਖਾਏ ਜਾਣੇ ਸਨ।

ਦੂਜੀ ਸਕ੍ਰੀਨਿੰਗ ਇੱਕ ਨਿੱਜੀ ਥੀਏਟਰ ਵਿੱਚ ਹੋਣੀ ਸੀ। ਇਹ ਸਿਰਫ਼ ਪਰਿਵਾਰਕ ਮੈਂਬਰਾਂ ਲਈ ਰੱਖੀ ਗਈ ਸੀ। ਇਸ ਵਿੱਚ ਮਹਿਮਾਨਾਂ ਨੂੰ ਆਪਣੇ “ਸਭ ਤੋਂ ਵਧੀਆ ਪਾਕਿਸਤਾਨੀ ਪਹਿਰਾਵੇ” ਵਿੱਚ ਆਉਣ ਲਈ ਕਿਹਾ ਗਿਆ ਸੀ।

ਜਿਵੇਂ ਹੀ ਸਮਾਗਮਾਂ ਦੇ ਪ੍ਰਚਾਰ ਪੋਸਟਰ ਆਨਲਾਈਨ ਫੈਲਣ ਲੱਗੇ, ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਅਜਿਹੇ ਸਮਾਗਮਾਂ ‘ਤੇ ਸਵਾਲ ਉਠਾਏ। ਉਨ੍ਹਾਂ ਨੇ ਪੁਲਿਸ ਨੂੰ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਇਸ ਤੋਂ ਬਾਅਦ ਦੋਵੇਂ ਸਮਾਗਮ ਰੱਦ ਕਰ ਦਿੱਤੇ ਗਏ।

ਇਹ ਵਿਰੋਧ ਅਜਿਹੇ ਸਮੇਂ ਹੋਇਆ ਹੈ, ਜਦੋਂ ਭਾਰਤ ਵਿੱਚ ਇੱਕ ਹੋਰ ਪਾਕਿਸਤਾਨੀ ਡਰਾਮੇ ਦੀ ਰਿਲੀਜ਼ ਰੋਕਣ ਦੀ ਮੰਗ ਉੱਠ ਰਹੀ ਹੈ।

ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (ਏਆਈਸੀਡਬਲਯੂਏ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਨੈੱਟਫਲਿਕਸ ਦੀ ਆਉਣ ਵਾਲੀ ਪਾਕਿਸਤਾਨੀ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਨੂੰ ਭਾਰਤ ਵਿੱਚ ਰਿਲੀਜ਼ ਨਾ ਹੋਣ ਦੇਣ ਦੀ ਮੰਗ ਕੀਤੀ ਹੈ।

ਇਸ ਸੀਰੀਜ਼ ਵਿੱਚ ਫ਼ਵਾਦ ਖ਼ਾਨ, ਮਾਹਿਰਾ ਖ਼ਾਨ, ਸਨਮ ਸਈਦ ਅਤੇ ਹੋਰ ਅਜਿਹੇ ਕਲਾਕਾਰ ਹਨ, ਜਿਨ੍ਹਾਂ ਦੇ ਭਾਰਤ ਵਿੱਚ ਕਈ ਪ੍ਰਸ਼ੰਸਕ ਹਨ। ਇਹ ਪਾਕਿਸਤਾਨ ਦੀ ਪਹਿਲੀ ਨੈੱਟਫਲਿਕਸ ਓਰਿਜਨਲ ਸੀਰੀਜ਼ ਹੈ। ਦੁਨੀਆ ਭਰ ਵਿੱਚ ਇਸ ਦਾ ਪ੍ਰੀਮੀਅਰ 4 ਦਸੰਬਰ ਨੂੰ ਹੋਣਾ ਹੈ।

ਭਾਰਤ-ਪਾਕਿਸਤਾਨ ਤਣਾਅ

ਮਾਹਿਰਾ ਖ਼ਾਨ (ਫਾਈਲ ਫੋਟੋ)

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਏਆਈਸੀਡਬਲਯੂਏ ਨੇ ਕਿਹਾ ਕਿ ਇਸ ਸੀਰੀਜ਼ ਨੂੰ ਭਾਰਤ ਵਿੱਚ ਰਿਲੀਜ਼ ਕਰਨਾ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਹੋਵੇਗੀ।

ਭਾਰਤ ਲੰਬੇ ਸਮੇਂ ਤੋਂ ਪਾਕਿਸਤਾਨ ‘ਤੇ ਸਰਹੱਦ ਪਾਰ ਅੱਤਵਾਦ ਦਾ ਸਮਰਥਨ ਕਰਨ ਦਾ ਇਲਜ਼ਾਮ ਲਗਾਉਂਦਾ ਰਿਹਾ ਹੈ। ਪਾਕਿਸਤਾਨ ਇਸ ਇਲਜ਼ਾਮ ਤੋਂ ਇਨਕਾਰ ਕਰਦਾ ਹੈ।

ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (ਏਆਈਸੀਡਬਲਯੂਏ) ਨੇ ਭਾਰਤ ਵਿੱਚ ਪਾਕਿਸਤਾਨੀ ਮਨੋਰੰਜਨ ਨਾਲ ਜੁੜੀ ਸਮੱਗਰੀ ‘ਤੇ ਰੋਕ ਲਗਾਉਣ ਲਈ ਸਥਾਈ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਹੈ। ਨੈੱਟਫਲਿਕਸ ਨੇ ਹੁਣ ਤੱਕ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਇਹ ਸੀਰੀਜ਼ ਭਾਰਤ ਦੇ ਸਬਸਕ੍ਰਾਈਬਰਜ਼ ਲਈ ਉਪਲੱਬਧ ਹੋਵੇਗੀ ਜਾਂ ਨਹੀਂ।

ਇਨ੍ਹਾਂ ਘਟਨਾਵਾਂ ਨੇ ਭਾਰਤ ਵਿੱਚ ਇੱਕ ਪੁਰਾਣੀ ਬਹਿਸ ਨੂੰ ਫਿਰ ਤੋਂ ਹਵਾ ਦੇ ਦਿੱਤੀ ਹੈ। ਸਵਾਲ ਇਹ ਹੈ ਕਿ ਕੀ ਪਾਕਿਸਤਾਨ ਨਾਲ ਸੱਭਿਆਚਾਰਕ ਰਿਸ਼ਤਿਆਂ ਨੂੰ ਸਿਆਸੀ ਮਤਭੇਦਾਂ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ।

ਭਾਰਤ ਅਤੇ ਪਾਕਿਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਕਾਫ਼ੀ ਅਮੀਰ ਹੈ। ਪਰ ਆਜ਼ਾਦੀ ਤੋਂ ਬਾਅਦ ਤੋਂ ਹੀ ਦੋਵਾਂ ਦੇ ਰਿਸ਼ਤਿਆਂ ਵਿੱਚ ਅਕਸਰ ਤਣਾਅ ਰਿਹਾ ਹੈ।

ਅਤੇ ਸਿਆਸੀ ਤਣਾਅ ਦਾ ਅਸਰ ਸਭ ਤੋਂ ਪਹਿਲਾਂ ਸੱਭਿਆਚਾਰਕ ਆਦਾਨ-ਪ੍ਰਦਾਨ ‘ਤੇ ਹੀ ਪਿਆ ਹੈ। ਕਈ ਪਾਕਿਸਤਾਨੀ ਗ਼ਜ਼ਲ ਗਾਇਕਾਂ ਦੇ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਰਹੇ ਹਨ, ਪਰ ਉਹ ਕਈ ਵਾਰ ਇੱਥੇ ਪ੍ਰੋਗਰਾਮ ਨਹੀਂ ਕਰ ਸਕੇ ਹਨ। ਇਸੇ ਤਰ੍ਹਾਂ, ਪਾਕਿਸਤਾਨ ਵਿੱਚ ਬੇਹੱਦ ਲੋਕਪ੍ਰਿਯ ਭਾਰਤੀ ਫ਼ਿਲਮਾਂ ਉੱਥੋਂ ਦੇ ਸਿਨੇਮਾਘਰਾਂ ਵਿੱਚੋਂ ਗ਼ਾਇਬ ਹੋ ਗਈਆਂ ਹਨ। ਜਦੋਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੁਝ ਸੁਧਾਰ ਹੋਇਆ, ਤਾਂ ਕਲਾਕਾਰਾਂ ਨੇ ਇਕੱਠੇ ਕੰਮ ਕੀਤਾ। ਪਰ ਤਣਾਅ ਵਧਦੇ ਹੀ ਇਹ ਸਹਿਯੋਗ ਫਿਰ ਟੁੱਟ ਗਏ।

ਰਾਹਤ ਫ਼ਤਿਹ ਅਲੀ ਖ਼ਾਨ (ਫਾਈਲ ਫੋਟੋ)

2010 ਦੇ ਸ਼ੁਰੂਆਤੀ ਸਾਲ ਇਸ ਲਿਹਾਜ਼ ਨਾਲ ਕਾਫ਼ੀ ਚੰਗੇ ਰਹੇ। ਪਾਕਿਸਤਾਨੀ ਗਾਇਕ ਆਤਿਫ਼ ਅਸਲਮ ਅਤੇ ਰਾਹਤ ਫ਼ਤਿਹ ਅਲੀ ਖ਼ਾਨ ਹਿੰਦੀ ਸਿਨੇਮਾ ਦੀਆਂ ਸਭ ਤੋਂ ਜ਼ਿਆਦਾ ਪਛਾਣੀਆਂ ਜਾਣ ਵਾਲੀਆਂ ਆਵਾਜ਼ਾਂ ਵਿੱਚ ਸ਼ਾਮਿਲ ਸਨ।

2014 ਵਿੱਚ ਟੀਵੀ ਚੈਨਲ ਜ਼ਿੰਦਗੀ ਸ਼ੁਰੂ ਹੋਇਆ। ਇਸ ਦੇ ਜ਼ਰੀਏ ਪਾਕਿਸਤਾਨੀ ਸੀਰੀਅਲ ਭਾਰਤੀ ਘਰਾਂ ਤੱਕ ਪਹੁੰਚੇ। ਦਰਸ਼ਕਾਂ ਨੂੰ ਇਨ੍ਹਾਂ ਸੀਰੀਅਲਾਂ ਦੀਆਂ ਕਹਾਣੀਆਂ ਦੀ ਭਾਸ਼ਾ ਅਤੇ ਭਾਵਨਾਤਮਕ ਦੁਨੀਆ ਜਿਵੇਂ ਆਪਣੀ ਜਿਹੀ ਹੀ ਲੱਗੀ। ਪਰ ਰੋਜ਼ਾਨਾ ਦੀ ਜ਼ਿੰਦਗੀ ਨੂੰ ਦਿਖਾਉਣ ਦਾ ਉਨ੍ਹਾਂ ਦਾ ਅੰਦਾਜ਼ ਕਾਫ਼ੀ ਵੱਖਰਾ ਅਤੇ ਨਵਾਂ ਸੀ।

2016 ਤੱਕ ਫ਼ਵਾਦ ਖ਼ਾਨ ਬਾਲੀਵੁੱਡ ਦੀਆਂ ਕੁਝ ਵੱਡੀਆਂ ਫ਼ਿਲਮਾਂ ਵਿੱਚ ਨਜ਼ਰ ਆਉਣ ਲੱਗੇ ਸਨ। ਪਰ ਉਸੇ ਸਾਲ ਉਰੀ ਵਿੱਚ ਭਾਰਤੀ ਸੁਰੱਖਿਆ ਬਲਾਂ ‘ਤੇ ਹੋਏ ਹਮਲੇ ਅਤੇ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਸੱਭਿਆਚਾਰਕ ਸਹਿਯੋਗ ਦੀ ਗੁੰਜਾਇਸ਼ ਘੱਟ ਹੋ ਗਈ। ਭਾਰਤ ਨੇ ਇਨ੍ਹਾਂ ਦੋਵਾਂ ਹਮਲਿਆਂ ਲਈ ਪਾਕਿਸਤਾਨ ਸਥਿਤ ਕੱਟੜਪੰਥੀ ਸੰਗਠਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਪਾਕਿਸਤਾਨ ਲਗਾਤਾਰ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਰਿਹਾ ਹੈ। ਉਸ ਨੇ ਵੀ ਭਾਰਤੀ ਮਨੋਰੰਜਨ ਸਮੱਗਰੀ ‘ਤੇ ਪਾਬੰਦੀਆਂ ਲਗਾ ਦਿੱਤੀਆਂ।

ਅਧਿਕਾਰਤ ਸੱਭਿਆਚਾਰਕ ਆਦਾਨ-ਪ੍ਰਦਾਨ ਘੱਟ ਹੋਣ ਦੇ ਬਾਵਜੂਦ ਪਾਕਿਸਤਾਨੀ ਡਰਾਮੇ ਯੂਟਿਊਬ ਦੇ ਜ਼ਰੀਏ ਭਾਰਤ ਵਿੱਚ ਨਵੇਂ ਦਰਸ਼ਕਾਂ ਤੱਕ ਪਹੁੰਚਦੇ ਰਹੇ। ਇਸੇ ਤਰ੍ਹਾਂ, ਮਿਊਜ਼ਿਕ ਸਟ੍ਰੀਮਿੰਗ ਪਲੇਟਫ਼ਾਰਮਾਂ ਦੇ ਜ਼ਰੀਏ ਦੋਵਾਂ ਦੇਸ਼ਾਂ ਵਿਚਕਾਰ ਸੰਗੀਤ ਦਾ ਸਫ਼ਰ ਵੀ ਜਾਰੀ ਰਿਹਾ।

ਪਰ ਪਿਛਲੇ ਸਾਲ ਹੋਈਆਂ ਘਟਨਾਵਾਂ ਨੇ ਇਸ ਗੈਰ-ਰਸਮੀ ਰਿਸ਼ਤੇ ਨੂੰ ਵੀ ਪ੍ਰਭਾਵਿਤ ਕੀਤਾ।

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ‘ਚ ਰੁਖ਼

22 ਅਪ੍ਰੈਲ 2025 ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਜਾਨ ਗਈ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਭਾਰਤ ਨੇ ਇਸ ਹਮਲੇ ਲਈ ਪਾਕਿਸਤਾਨ ਨਾਲ ਜੁੜੇ ਕੱਟੜਪੰਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਪਾਕਿਸਤਾਨ ਨੇ ਇਸ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕੀਤਾ।

ਮਈ ਵਿੱਚ ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਕਈ ਟਿਕਾਣਿਆਂ ‘ਤੇ ਫ਼ੌਜੀ ਹਮਲੇ ਕੀਤੇ। ਭਾਰਤ ਨੇ ਦਾਅਵਾ ਕੀਤਾ ਕਿ ਇੱਥੇ ਅੱਤਵਾਦੀ ਢਾਂਚੇ ਮੌਜੂਦ ਸਨ।

ਇਸ ਤੋਂ ਬਾਅਦ ਚਾਰ ਦਿਨ ਤੱਕ ਦੋਵਾਂ ਦੇਸ਼ਾਂ ਵਿਚਕਾਰ ਲੜਾਈ ਚੱਲੀ। ਫਿਰ ਜੰਗਬੰਦੀ ਦਾ ਐਲਾਨ ਹੋਇਆ।

ਭਾਰਤ ਵਿੱਚ ਇਸ ਹਮਲੇ ਨੂੰ ਲੈ ਕੇ ਕਾਫ਼ੀ ਗੁੱਸਾ ਸੀ। ਇਸ ਦੌਰਾਨ ਸਰਕਾਰ ਨੇ ਸਟ੍ਰੀਮਿੰਗ ਪਲੇਟਫ਼ਾਰਮਾਂ ਨੂੰ ਪਾਕਿਸਤਾਨੀ ਮੂਲ ਦੀ ਸਮੱਗਰੀ ਹਟਾਉਣ ਲਈ ਕਿਹਾ। ਕਈ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਬਲੌਕ ਕਰ ਦਿੱਤੇ ਗਏ।

ਫ਼ਵਾਦ ਖ਼ਾਨ ਦੀ ਹਿੰਦੀ ਸਿਨੇਮਾ ਵਿੱਚ ਬੇਸਬਰੀ ਨਾਲ ਉਡੀਕੀ ਜਾ ਰਹੀ ਵਾਪਸੀ ਦੀ ਕੋਸ਼ਿਸ਼ ਵੀ ਨਾਕਾਮ ਹੋ ਗਈ। ਉਨ੍ਹਾਂ ਦੀ ਫ਼ਿਲਮ ‘ਅਬੀਰ ਗੁਲਾਲ’ ਨੂੰ ਭਾਰਤ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਮਿਲੀ। ਪਾਕਿਸਤਾਨੀ ਕਲਾਕਾਰਾਂ ਵੱਲੋਂ ਭਾਰਤ ਦੀ ਫ਼ੌਜੀ ਕਾਰਵਾਈ ਦੀ ਆਲੋਚਨਾ ਨੇ ਵੀ ਗੁੱਸੇ ਨੂੰ ਹੋਰ ਵਧਾ ਦਿੱਤਾ।

ਪਿਛਲੇ ਸਾਲ ਦੇ ਜ਼ਿਆਦਾਤਰ ਸਮੇਂ ਦੌਰਾਨ ਭਾਰਤੀ ਦਰਸ਼ਕਾਂ ਨੇ ਪਰਦੇ ‘ਤੇ ਪਾਕਿਸਤਾਨ ਨੂੰ ਮੁੱਖ ਤੌਰ ‘ਤੇ ਕੌਮੀ ਸੁਰੱਖਿਆ ਦੇ ਨਜ਼ਰੀਏ ਨਾਲ ਦੇਖਿਆ।

ਦਸੰਬਰ ਵਿੱਚ ਰਿਲੀਜ਼ ਹੋਈ ਆਦਿਤਿਆ ਧਰ ਦੀ ਜਾਸੂਸੀ ‘ਤੇ ਆਧਾਰਿਤ ਥ੍ਰਿਲਰ ਫ਼ਿਲਮ ‘ਧੁਰੰਧਰ’ ਬਲਾਕਬਸਟਰ ਸਾਬਤ ਹੋਈ। ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਕਰਾਚੀ ਦੇ ਗੈਂਗਸਟਰਾਂ, ਜਾਸੂਸਾਂ ਅਤੇ ਸਿਆਸੀ ਉਥਲ-ਪੁਥਲ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਵਧੀ।

ਪਾਕਿਸਤਾਨੀ ਕਲਾਕਾਰ ਫ਼ਵਾਦ ਖ਼ਾਨ ਨੇ ਬਾਲੀਵੁੱਡ ਦੀਆਂ ਕੁਝ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਭਾਰਤ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਹਨ (ਫਾਈਲ ਫੋਟੋ)

ਪਿਛਲੇ ਕੁਝ ਮਹੀਨਿਆਂ ‘ਚ ਪਾਕਿਸਤਾਨ ਨੂੰ ਲੈ ਕੇ ਇੱਕ ਵੱਖਰੀ ਕਿਸਮ ਦੀ ਦਿਲਚਸਪੀ

ਪਰ ਪਿਛਲੇ ਕੁਝ ਮਹੀਨਿਆਂ ਵਿੱਚ ਪਾਕਿਸਤਾਨ ਨੂੰ ਲੈ ਕੇ ਇੱਕ ਵੱਖਰੀ ਕਿਸਮ ਦੀ ਦਿਲਚਸਪੀ ਫਿਰ ਪਰਤਣ ਲੱਗੀ ਹੈ।

‘ਅਲਫ਼ਾਜ਼’ ਵਰਗੇ ਪਾਕਿਸਤਾਨੀ ਗਾਣੇ ਭਾਰਤੀ ਸੋਸ਼ਲ ਮੀਡੀਆ ‘ਤੇ ਕਾਫ਼ੀ ਲੋਕਪ੍ਰਿਯ ਹੋਏ ਹਨ। ਇਸੇ ਤਰ੍ਹਾਂ, ਵਿਆਹ, ਦਿਲ ਟੁੱਟਣ ਅਤੇ ਘਰੇਲੂ ਜ਼ਿੰਦਗੀ ਦੀ ਕਹਾਣੀ ‘ਤੇ ਬਣਿਆ ‘ਦਰ-ਏ-ਨਿਜਾਤ’ ਵੀ ਭਾਰਤੀ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।

ਮਸ਼ਹੂਰ ਉਰਦੂ ਨਾਵਲਕਾਰ ਉਮੇਰਾ ਅਹਿਮਦ ਨੇ ਇਸ ਸੀਰੀਅਲ ਦੀ ਕਹਾਣੀ ਲਿਖੀ ਹੈ। ਇਸ ਵਿੱਚ ਜ਼ਰਯਾਬ (ਦੁਰੇਫ਼ਿਸ਼ਾਂ ਸਲੀਮ) ਅਤੇ ਅਬੂ ਬਕਰ (ਸ਼ਹਿਰਯਾਰ ਮੁਨੱਵਰ) ਦੇ ਵਿਆਹ ਦੀ ਕਹਾਣੀ ਦਿਖਾਈ ਗਈ ਹੈ। ਜ਼ਰਯਾਬ ਇੱਕ ਅਜਿਹੀ ਮੁਟਿਆਰ ਹੈ, ਜੋ ਪਿਆਰ ਵਿੱਚ ਮਿਲੇ ਧੋਖੇ ਤੋਂ ਉੱਭਰ ਰਹੀ ਹੈ। ਜਦਕਿ, ਅਬੂ ਬਕਰ ਬੇਹੱਦ ਧਾਰਮਿਕ ਸੁਭਾਅ ਦਾ ਸ਼ਖ਼ਸ ਹੈ।

ਇਸ ਡਰਾਮੇ ਵਿੱਚ ਆਸਥਾ ਅਤੇ ਪਛਤਾਵੇ ਵਰਗੇ ਸਵਾਲ ਵੀ ਉਠਾਏ ਗਏ ਹਨ। ਪਰ ਆਪਣੀ ਪਤਨੀ ਪ੍ਰਤੀ ਅਬੂ ਬਕਰ ਦਾ ਪਿਆਰ ਅਤੇ ਸੰਵੇਦਨਸ਼ੀਲਤਾ ਦਰਸ਼ਕਾਂ ਨੂੰ ਖ਼ਾਸ ਤੌਰ ‘ਤੇ ਪਸੰਦ ਆਈ ਹੈ। ਅੱਜਕੱਲ੍ਹ ਪਿਆਰ ਅਤੇ ਰਿਸ਼ਤਿਆਂ ਦੀ ਭਾਸ਼ਾ ਵਿੱਚ ਇਸ ਨੂੰ ਸਭ ਤੋਂ ਵੱਡੀਆਂ ਤਾਰੀਫ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਲੋਕ ਉਸ ਨੂੰ ‘ਗ੍ਰੀਨ ਫ਼ਲੈਗ’ ਕਹਿੰਦੇ ਹਨ।

ਇਸੇ ਡਰਾਮੇ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਨੂੰ ਦੇਖਦਿਆਂ ਬੈਂਗਲੁਰੂ ਵਿੱਚ ਇੱਕ ਸਕ੍ਰੀਨਿੰਗ ਦੇ ਪ੍ਰਬੰਧਕ ਨੇ ਆਪਣੇ ਅਪਾਰਟਮੈਂਟ ਕੰਪਲੈਕਸ ਦੇ ਨਿੱਜੀ ਥੀਏਟਰ ਵਿੱਚ ਪ੍ਰੋਗਰਾਮ ਰੱਖਣ ਬਾਰੇ ਸੋਚਿਆ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੋਜਨਾ ਪਰਿਵਾਰ ਦੇ ਕੁਝ ਲੋਕਾਂ ਨਾਲ ਛੋਟੀ ਜਿਹੀ ਸਕ੍ਰੀਨਿੰਗ ਕਰਨ ਦੀ ਸੀ। ਪਰ ਜਦੋਂ ਇਸ ਦਾ ਸੱਦਾ ਐਕਸ ‘ਤੇ ਪਹੁੰਚਿਆ, ਤਾਂ ਲੋਕਾਂ ਨੇ ਇਸ ਦਾ ਵੱਖਰਾ ਹੀ ਮਤਲਬ ਕੱਢਿਆ।

ਉਨ੍ਹਾਂ ਨੇ ਕਿਹਾ, “ਮੇਰੇ ਪਰਿਵਾਰ ਦੇ ਲੋਕ ਪੁੱਛ ਰਹੇ ਸਨ ਕਿ ਸਾਨੂੰ ਇਸ ਨੂੰ ਰੱਦ ਕਿਉਂ ਕਰਨਾ ਚਾਹੀਦਾ ਹੈ?” ਪਰ ਆਖ਼ਰਕਾਰ ਉਨ੍ਹਾਂ ਨੇ ਪ੍ਰੋਗਰਾਮ ਰੱਦ ਕਰਨ ਦਾ ਫ਼ੈਸਲਾ ਕੀਤਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI