Home rss national punjabi2ਰਾਸ਼ਟਰੀ ਖ਼ਬਰਾਂ ‘ਪੰਜਾਬ ਨੂੰ ਗੁਆਂਢੀ ਦੇਸ਼ ਨਾਲੋਂ ਜ਼ਿਆਦਾ ਖ਼ਤਰਾ ਗੁਆਂਢੀ ਸੂਬੇ ਤੋਂ ਹੈ’, ਮਰੀਅਮ...

‘ਪੰਜਾਬ ਨੂੰ ਗੁਆਂਢੀ ਦੇਸ਼ ਨਾਲੋਂ ਜ਼ਿਆਦਾ ਖ਼ਤਰਾ ਗੁਆਂਢੀ ਸੂਬੇ ਤੋਂ ਹੈ’, ਮਰੀਅਮ ਨਵਾਜ਼ ਦੇ ਬਿਆਨ ਨਾਲ ਕਿਵੇਂ ਗਰਮਾਈ ਪਾਕਿਸਤਾਨ ਦੀ ਸਿਆਸਤ

2
0

Source :- BBC PUNJABI

ਮਰੀਅਮ ਨਵਾਜ਼

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਪਾਕਿਸਤਾਨ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਦਾਅਵਾ ਕੀਤਾ ਹੈ ਕਿ ਸੂਬੇ ਨੂੰ ਗੁਆਂਢੀ ਦੇਸ਼ਾਂ ਦੀ ਤੁਲਨਾ ਵਿੱਚ ਗੁਆਂਢੀ ਸੂਬਿਆਂ ਤੋਂ ਵੱਧ ਖ਼ਤਰਾ ਹੈ।

ਲਾਹੌਰ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮਰੀਅਮ ਨਵਾਜ਼ ਨੇ ਕਿਹਾ ਸੀ, “ਅਫ਼ਸੋਸ ਦੀ ਗੱਲ ਹੈ ਕਿ ਮੇਰੇ (ਪੰਜਾਬ) ਲਈ ਖ਼ਤਰਾ ਮੇਰੇ ਗੁਆਂਢੀ ਦੇਸ਼ਾਂ ਨਾਲੋਂ ਘੱਟ ਅਤੇ ਗੁਆਂਢੀ ਸੂਬਿਆਂ ਤੋਂ ਵੱਧ ਹੈ।”

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕੱਟੜਪੰਥ ਇਨ੍ਹਾਂ ਹੀ ਸੂਬਿਆਂ ਤੋਂ ਆਉਂਦਾ ਹੈ।

ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ‘ਤੇ ਕਈ ਸਿਆਸਤਦਾਨ ਅਤੇ ਵਿਸ਼ਲੇਸ਼ਕ ਉਨ੍ਹਾਂ ਦੇ ਬਿਆਨ ਨੂੰ ‘ਅਸੰਵੇਦਨਸ਼ੀਲ’ ਅਤੇ ‘ਪੱਖਪਾਤੀ’ ਦੱਸ ਰਹੇ ਹਨ।

ਉੱਥੇ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਉਨ੍ਹਾਂ ਲੋਕਾਂ ਨੂੰ ਮਜ਼ਬੂਤ ਕਰਨਗੇ, ਜੋ ਪਾਕਿਸਤਾਨ ਨੂੰ ਅਸਥਿਰ ਕਰਨਾ ਚਾਹੁੰਦੇ ਹਨ।

ਉੱਥੇ ਹੀ ਪੰਜਾਬ ਦੀ ਸੂਚਨਾ ਮੰਤਰੀ ਉਜ਼ਮਾ ਬੁਖ਼ਾਰੀ ਦਾ ਕਹਿਣਾ ਹੈ ਕਿ ਜੋ ਲੋਕ ਮਰੀਅਮ ਨਵਾਜ਼ ਦੇ ਬਿਆਨ ਦੀ ਬੇਵਜ੍ਹਾ ਆਲੋਚਨਾ ਕਰ ਰਹੇ ਹਨ, ਉਨ੍ਹਾਂ ਨੂੰ ਅਸਲੀਅਤ ਦਾ ਪਤਾ ਨਹੀਂ ਹੈ।

ਉਨ੍ਹਾਂ ਕਿਹਾ, “ਅਜਿਹੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਆਧੁਨਿਕ ਸ਼ਾਸਨ ਦਾ ਮਤਲਬ ਸਿਰਫ਼ ਸੜਕਾਂ ਅਤੇ ਇਮਾਰਤਾਂ ਬਣਾਉਣਾ ਨਹੀਂ, ਸਗੋਂ ਸ਼ਾਂਤੀ, ਕਾਨੂੰਨ, ਤਕਨਾਲੋਜੀ ਅਤੇ ਲੋਕਾਂ ਦੀ ਸੁਰੱਖਿਆ ਲਈ ਇੱਕ ਆਧੁਨਿਕ ਪ੍ਰਬੰਧ ਬਣਾਉਣਾ ਵੀ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ।”

ਆਖ਼ਰ ਸਵਾਲ ਇਹ ਹੈ ਕਿ ਮਰੀਅਮ ਨਵਾਜ਼ ਨੇ ਆਪਣੇ ਬਿਆਨ ਵਿੱਚ ਅਜਿਹਾ ਕੀ ਕਿਹਾ ਕਿ ਇਸ ਦੀ ਇੰਨੀ ਆਲੋਚਨਾ ਹੋ ਰਹੀ ਹੈ?

ਮਰੀਅਮ ਨਵਾਜ਼ ਨੇ ਗੁਆਂਢੀ ਸੂਬਿਆਂ ‘ਤੇ ਕੱਟੜਪੰਥ ਦਾ ਇਲਜ਼ਾਮ ਲਾਇਆ

ਮਰੀਅਮ ਨਵਾਜ਼

ਮਰੀਅਮ ਨਵਾਜ਼ ਨੇ ਇਹ ਬਿਆਨ ਸ਼ਨੀਵਾਰ ਨੂੰ ਲਾਹੌਰ ਵਿੱਚ ਪ੍ਰੋਵਿੰਸ਼ੀਅਲ ਇੰਟੈਲੀਜੈਂਸ ਫਿਊਜ਼ਨ ਐਂਡ ਥ੍ਰੈਟ ਅਸੈਸਮੈਂਟ ਸੈਂਟਰ ਪੰਜਾਬ ਦੇ ਉਦਘਾਟਨ ਸਮਾਗਮ ਦੌਰਾਨ ਦਿੱਤਾ ਸੀ।

ਇਸੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਗੁਆਂਢੀ ਦੇਸ਼ਾਂ ਦੀ ਤੁਲਨਾ ਵਿੱਚ ਗੁਆਂਢੀ ਸੂਬਿਆਂ ਤੋਂ ਵੱਧ ਖ਼ਤਰਾ ਹੈ।

ਉਨ੍ਹਾਂ ਕਿਹਾ, “ਤੁਸੀਂ ਖ਼ੁਦ ਦੇਖ ਲਓ ਕਿ ਇੱਥੇ ਤਿੰਨ ਪਾਸਿਆਂ ਤੋਂ ਸਰਹੱਦੀ ਇਲਾਕੇ ਹਨ। ਬਦਕਿਸਮਤੀ ਨਾਲ, ਮੇਰੇ ਲਈ ਖ਼ਤਰਾ ਮੇਰੇ ਗੁਆਂਢੀ ਦੇਸ਼ਾਂ ਨਾਲੋਂ ਜ਼ਿਆਦਾ ਮੇਰੇ ਗੁਆਂਢੀ ਸੂਬਿਆਂ ਤੋਂ ਹੈ। ਪੰਜਾਬ ਵਿੱਚ ਅੱਤਵਾਦ ਇੱਥੋਂ ਹੀ ਆਉਂਦਾ ਹੈ।”

ਪੰਜਾਬ ਸੂਬੇ ਦੀ ਸਰਹੱਦ ਸਿੰਧ, ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖ਼ਵਾ ਨਾਲ ਲੱਗਦੀ ਹੈ, ਜਦਕਿ ਇਸ ਦੀ ਪੂਰਬੀ ਸਰਹੱਦ ਭਾਰਤ ਨਾਲ ਲੱਗਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਾਰਿਆਂ ਦੀ ਨਜ਼ਰ ਪੰਜਾਬ ‘ਤੇ ਹੈ, ਪਰ ਉਨ੍ਹਾਂ ਦਾਅਵਾ ਕੀਤਾ, “ਪੰਜਾਬ ਇੱਕ ਸੁਰੱਖਿਅਤ ਸੂਬਾ ਹੈ, ਜਿੱਥੇ ਸਰਕਾਰ ਨੇ ਏਆਈ ਤਕਨਾਲੋਜੀ ‘ਤੇ ਕੰਮ ਕੀਤਾ ਹੈ ਤਾਂ ਜੋ ਅਸੀਂ ਸਾਰੇ ਸੂਬਿਆਂ ਦੀਆਂ ਸਰਹੱਦਾਂ ਤੋਂ ਆਉਣ ਵਾਲੇ ਖ਼ਤਰਿਆਂ ਨਾਲ ਨਜਿੱਠ ਸਕੀਏ।”

ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ

ਮਰੀਅਮ ਨਵਾਜ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੀਆਂ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਤਕਨਾਲੋਜੀ ‘ਤੇ ਅਰਬਾਂ ਰੁਪਏ ਖ਼ਰਚ ਕੀਤੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੇਖਿਆ ਕਿ ਸੁਰੱਖਿਆ ਕਰਮਚਾਰੀਆਂ ਦੀ ਤੁਲਨਾ ਵਿੱਚ ਕੱਟੜਪੰਥੀਆਂ ਕੋਲ ਕਿਤੇ ਜ਼ਿਆਦਾ ਤਕਨਾਲੋਜੀ ਸੀ।

ਮਰੀਅਮ ਨਵਾਜ਼ ਨੇ ਕਿਹਾ, “ਉਨ੍ਹਾਂ ਕੋਲ ਨਾਈਟ ਵਿਜ਼ਨ ਗੌਗਲਜ਼ ਹਨ ਅਤੇ ਉਹ ਬਹੁਤ ਯੋਜਨਾ ਬਣਾ ਕੇ ਆਉਂਦੇ ਸਨ, ਪਰ ਹੁਣ ਸ਼ੁਕਰ ਹੈ ਕਿ ਸਾਡੇ ਕੋਲ ਵੀ ਉਹ ਪੂਰਾ ਪ੍ਰਬੰਧ ਹੈ।”

ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਨੂੰ ਬੁਲੇਟਪਰੂਫ਼ ਬਣਾਇਆ ਗਿਆ ਹੈ ਕਿਉਂਕਿ ਕੱਟੜਪੰਥੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਹੁਣ ਸਰਕਾਰ ਨੇ ਥਰਮਲ ਕੈਮਰੇ ਲਗਾਏ ਹਨ ਅਤੇ ਡਰੋਨਾਂ ਵਿੱਚ ਵੀ ਨਿਵੇਸ਼ ਕੀਤਾ ਹੈ।

ਸੁਰੱਖਿਆ ਏਜੰਸੀਆਂ ਵੱਲੋਂ ਚੌਕੀਆਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਉਨ੍ਹਾਂ ਕਿਹਾ, “ਦੋ-ਢਾਈ ਸਾਲ ਪਹਿਲਾਂ ਦੀਆਂ ਚੌਕੀਆਂ ਨੂੰ ਦੇਖੋ, ਅਜਿਹਾ ਲੱਗਦਾ ਸੀ ਜਿਵੇਂ ਸੁਰੱਖਿਆ ਕਰਮਚਾਰੀ ਮਿੱਟੀ ਦੀਆਂ ਕੰਧਾਂ ਪਿੱਛੇ ਕੁਝ ਮਿੱਟੀ ਦੀਆਂ ਬੋਰੀਆਂ ਨਾਲ ਬਿਨਾਂ ਕਿਸੇ ਸੁਰੱਖਿਆ ਦੇ ਬੈਠੇ ਹੋਣ।”

“ਅੱਜ ਤੁਸੀਂ ਜਾ ਕੇ ਦੇਖੋ, ਉੱਥੇ ਉੱਚੀਆਂ ਕੰਧਾਂ ਹਨ, ਸੁਰੱਖਿਅਤ ਕਮਰੇ ਹਨ। ਹਮਲੇ ਦੀ ਸਥਿਤੀ ਵਿੱਚ ਉਹ ਉੱਥੇ ਪਨਾਹ ਲੈ ਸਕਦੇ ਹਨ ਜਾਂ ਆਪਣੀ ਜਾਨ ਬਚਾ ਸਕਦੇ ਹਨ।”

‘ਭਾਰਤ ਨਾਲ ਕੋਈ ਦਿੱਕਤ ਨਹੀਂ, ਪਰ ਗੁਆਂਢੀ ਸੂਬਿਆਂ ਤੋਂ ਪਰੇਸ਼ਾਨੀ’

ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ

ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਨੇ ਮਰੀਅਮ ਨਵਾਜ਼ ਦੇ ਬਿਆਨ ਨੂੰ ਪੱਖਪਾਤੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਪੰਜਾਬ ਦੀ ਮੁੱਖ ਮੰਤਰੀ ਦੇ “ਬਿਆਨ ਨੇ ਵਿਸ਼ਵ ਪੱਧਰ ‘ਤੇ ਅੱਤਵਾਦ ਬਾਰੇ ਪਾਕਿਸਤਾਨ ਦੀ ਸਥਿਤੀ ਨੂੰ ਢਹਿ-ਢੇਰੀ ਕਰ ਦਿੱਤਾ ਹੈ।”

ਉਨ੍ਹਾਂ ਕਿਹਾ ਕਿ ਛੋਟੇ ਸੂਬਿਆਂ ਖ਼ਿਲਾਫ਼ ਪੱਖਪਾਤੀ ਰਵੱਈਆ ਪਾਕਿਸਤਾਨ ਨੂੰ ਵੰਡਣ ਵਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।

“ਪਰ ਹੁਣ ਤਿੰਨ ਸੰਘੀ ਇਕਾਈਆਂ ਨੂੰ ਅੱਤਵਾਦ ਦਾ ਅੱਡਾ ਐਲਾਨਣਾ ਦੇਸ਼ ਦੀ ਨੀਂਹ ਨੂੰ ਹੋਰ ਢਾਹੁਣ ਦੇ ਬਰਾਬਰ ਹੈ।”

ਸ਼ਨੀਵਾਰ ਸ਼ਾਮ ਨੂੰ ਸਿੰਧ ਦੇ ਮੀਰਪੁਰਖ਼ਾਸ ਜ਼ਿਲ੍ਹੇ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ “ਪੰਜਾਬ ਦੀ ਮੁੱਖ ਮੰਤਰੀ ਭਾਰਤ ਨੂੰ ਦੋਸਤ ਕਹਿੰਦੀ ਹਨ। ਭਾਰਤ ਨਾਲ ਕੋਈ ਦਿੱਕਤ ਨਹੀਂ ਹੈ, ਪਰ ਪਾਕਿਸਤਾਨ ਦੇ ਸਰਹੱਦੀ ਸੂਬਿਆਂ ਤੋਂ ਸਮੱਸਿਆ ਹੈ।”

ਪੀਟੀਆਈ ਆਗੂ ਅਤੇ ਸਾਬਕਾ ਨੈਸ਼ਨਲ ਅਸੈਂਬਲੀ ਸਪੀਕਰ ਅਸਦ ਕੈਸਰ ਨੇ ਮਰੀਅਮ ਨਵਾਜ਼ ਦੇ ਬਿਆਨ ਨੂੰ “ਅਪਮਾਨਜਨਕ” ਕਰਾਰ ਦਿੱਤਾ ਅਤੇ ਕਿਹਾ ਕਿ ਖ਼ੈਬਰ ਪਖ਼ਤੂਨਖ਼ਵਾ ਪਿਛਲੇ ਕਈ ਦਹਾਕਿਆਂ ਤੋਂ ਅੱਤਵਾਦ ਦੀ ਮਾਰ ਝੱਲ ਰਿਹਾ ਹੈ ਅਤੇ ਇਸ ਸੂਬੇ ਦੇ ਲੋਕਾਂ ਨੇ ਇਸ ਜੰਗ ਵਿੱਚ ਸਭ ਤੋਂ ਭਾਰੀ ਕੀਮਤ ਚੁਕਾਈ ਹੈ।

ਉਨ੍ਹਾਂ ਕਿਹਾ, “ਦੁੱਖ ਦੀ ਗੱਲ ਇਹ ਹੈ ਕਿ ਖ਼ੈਬਰ ਪਖ਼ਤੂਨਖ਼ਵਾ ਦੇ ਲੋਕਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਪੁਲਿਸ ਕਰਮਚਾਰੀਆਂ ਦੀਆਂ ਅਣਗਿਣਤ ਕੁਰਬਾਨੀਆਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਦੇ ਜ਼ਖ਼ਮਾਂ ਨੂੰ ਭਰਨ ਦੀ ਬਜਾਏ, ਉਨ੍ਹਾਂ ਦਾ ਮਜ਼ਾਕ ਉਡਾਉਣਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਮਜ਼ਾਕ ਬਣਾਉਣਾ ਨਾ ਸਿਰਫ਼ ਸਿਆਸੀ ਬੇਰੁਖ਼ੀ ਹੈ, ਸਗੋਂ ਬੇਹੱਦ ਨਿੰਦਣਯੋਗ ਰਵੱਈਆ ਵੀ ਹੈ।”

“ਖ਼ੈਬਰ ਪਖ਼ਤੂਨਖ਼ਵਾ ਦੇ ਲੋਕਾਂ ਅਤੇ ਪੁਲਿਸ ਨੇ ਪਾਕਿਸਤਾਨ ਦੀ ਸ਼ਾਂਤੀ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਕਿਸੇ ਵੀ ਸਿਆਸੀ ਬਿਆਨ ਜਾਂ ਮਜ਼ਾਕ ਨਾਲ ਭੁਲਾਇਆ ਨਹੀਂ ਜਾ ਸਕਦਾ।”

‘ਭਾਰਤ ਨੂੰ ਆਸਾਨੀ ਨਾਲ ਬਰੀ ਕਰ ਦਿੱਤਾ’

ਪਾਕਿਸਤਾਨ

ਤਸਵੀਰ ਸਰੋਤ, AFP via Getty Images

ਸਾਬਕਾ ਕੇਂਦਰੀ ਮੰਤਰੀ ਮੁਸ਼ਾਹਿਦ ਹੁਸੈਨ ਸੱਯਦ ਨੇ ਐਕਸ ‘ਤੇ ਮਰੀਅਮ ਨਵਾਜ਼ ਦੇ ਬਿਆਨ ਨੂੰ ਸਾਂਝਾ ਕਰਦਿਆਂ ਲਿਖਿਆ ਕਿ ਇਹ ਬਿਆਨ ਨਾ ਸਿਰਫ਼ ਅਮੀਰਾਂ ਦੀ ਬੇਹੱਦ ਹਾਸੋਹੀਣੀ ਅਤੇ ਵੰਡਪਾਊ ਸੋਚ ਨੂੰ ਦਰਸਾਉਂਦਾ ਹੈ, ਸਗੋਂ ਅਗਿਆਨਤਾ ਅਤੇ ਹੰਕਾਰ ਨੂੰ ਵੀ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਦੇ ਗੁਆਂਢੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਵਿੱਚ ਕੱਟੜਪੰਥ ਦੀ ਸਭ ਤੋਂ ਵੱਧ ਮਾਰ ਰਹੀ ਹੈ, ਜਦਕਿ ਗੁਆਂਢੀ ਦੇਸ਼ ਭਾਰਤ ਨੂੰ ਆਸਾਨੀ ਨਾਲ ਬਰੀ ਕਰ ਦਿੱਤਾ ਗਿਆ ਹੈ।

ਮਰੀਅਮ ਨਵਾਜ਼ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ, ਉੱਤਰੀ ਵਜ਼ੀਰਿਸਤਾਨ ਦੇ ਸਾਬਕਾ ਵਿਧਾਇਕ ਮੋਹਸਿਨ ਦਾਵਰ ਨੇ ਇਲਜ਼ਾਮ ਲਾਇਆ, “ਜਿਸ ਅੱਤਵਾਦ ਨੂੰ ਤੁਸੀਂ ਅੱਜ ਪੰਜਾਬ ਲਈ ਖ਼ਤਰਾ ਦੱਸ ਰਹੇ ਹੋ, ਉਸ ਨੂੰ ਤੁਹਾਡੇ ਹੀ ਪੰਜਾਬੀ ਕੁਲੀਨ ਵਰਗ ਨੇ ਘੜਿਆ ਹੈ। ਹੁਣ ਤੁਹਾਨੂੰ ਇਸ ਦੀ ਮਾਰ ਝੱਲਣੀ ਪੈ ਰਹੀ ਹੈ, ਅਸੀਂ ਤਾਂ ਦਹਾਕਿਆਂ ਤੋਂ ਸੜ ਰਹੇ ਹਾਂ।”

ਬਲੋਚਿਸਤਾਨ ਤੋਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੈਸ਼ਨਲ ਅਸੈਂਬਲੀ ਮੈਂਬਰ ਨਵਾਬਜ਼ਾਦਾ ਜਮਾਲ ਖ਼ਾਨ ਰਈਸਾਨੀ ਨੇ ਮਰੀਅਮ ਨਵਾਜ਼ ਦਾ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਪੰਜਾਬ ਨੂੰ ਗੁਆਂਢੀ ਸੂਬਿਆਂ ਅਤੇ ਉੱਥੇ ਰਹਿਣ ਵਾਲੇ ਲੋਕਾਂ ਤੋਂ ਖ਼ਤਰਾ ਨਹੀਂ ਹੈ, ਸਗੋਂ ਤੁਹਾਡੀ ਸੋਚ ਤੋਂ ਖ਼ਤਰਾ ਹੈ।”

“ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਬੇਵਜ੍ਹਾ ਨਿਸ਼ਾਨਾ ਬਣਾਉਣ ਦੀ ਬਜਾਏ, ਸੂਬੇ ਦੇ ਸਰਹੱਦੀ ਪ੍ਰਬੰਧਨ ਵਿੱਚ ਸੁਧਾਰ ਕਰੋ।”

ਪੀਪੀਪੀ ਦੇ ਸੂਚਨਾ ਸਕੱਤਰ ਨਦੀਮ ਅਫ਼ਜ਼ਲ ਚਾਨ ਦਾ ਕਹਿਣਾ ਹੈ ਕਿ ਕੱਟੜਪੰਥੀਆਂ ਦਾ ਕੋਈ ਸੂਬਾ, ਜਾਤ ਜਾਂ ਧਰਮ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਕਿਸੇ ਨੇ ਇਸ ਨੂੰ ਆਪਣੇ ਨਿੱਜੀ ਏਜੰਡੇ ਲਈ ਪਾਕਿਸਤਾਨ ਲਿਆਂਦਾ ਹੈ। “ਇਸ ਨਾਲ ਕਿਸੇ ਪਾਰਟੀ ਜਾਂ ਵਰਗ ਨੂੰ ਫ਼ਾਇਦਾ ਹੋ ਰਿਹਾ ਹੈ ਅਤੇ ਕੋਈ ਇਸ ਦਾ ਸ਼ਿਕਾਰ ਬਣ ਰਿਹਾ ਹੈ।”

ਪੱਤਰਕਾਰ ਬੇਨਜ਼ੀਰ ਸ਼ਾਹ ਨੇ ਐਕਸ ‘ਤੇ ਲਿਖਿਆ ਕਿ ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਅਤੇ ਤਾਕਤਵਰ ਸੂਬੇ ਦੇ ਮੁੱਖ ਮੰਤਰੀ ਦੇ ਇਹ ਬਿਆਨ ਖ਼ਾਸ ਮਾਇਨੇ ਰੱਖਦੇ ਹਨ।

ਉਨ੍ਹਾਂ ਕਿਹਾ ਕਿ ‘ਪੰਜਾਬ’ ਬਨਾਮ ‘ਹੋਰ ਸੂਬਿਆਂ’ ਦੀ ਭਾਸ਼ਾ ਅਸਲ ਵਿੱਚ ਉੱਤਮਤਾ ਦੀ ਭਾਵਨਾ ਨੂੰ ਬਲ ਦਿੰਦੀ ਹੈ।

“ਇਹ ਲੰਬੇ ਸਮੇਂ ਤੋਂ ਸੂਬਾਈ ਪੱਧਰ ‘ਤੇ ਪੈਦਾ ਹੋਣ ਵਾਲੀਆਂ ਚਿੰਤਾਵਾਂ ਅਤੇ ਅਸੰਤੋਸ਼ ਦਾ ਸਰੋਤ ਰਹੀ ਹੈ।”

ਉਨ੍ਹਾਂ ਕਿਹਾ ਕਿ ਇਹ ਬਿਆਨ ਸ਼ਹਿਬਾਜ਼ ਸ਼ਰੀਫ਼ ਦੀ 2010 ਦੀ ਉਸ ਅਪੀਲ ਦੀ ਯਾਦ ਦਿਵਾਉਂਦਾ ਹੈ, ਜਿਸ ਵਿੱਚ ਉਨ੍ਹਾਂ ਕੱਟੜਪੰਥੀਆਂ ਨੂੰ ਪੰਜਾਬ ਨੂੰ ਨਿਸ਼ਾਨਾ ਨਾ ਬਣਾਉਣ ਦੀ ਅਪੀਲ ਕੀਤੀ ਸੀ।

ਸਮਾਜਿਕ ਕਾਰਕੁਨ ਅੰਮਾਰ ਅਲੀ ਜਾਨ ਨੇ ਲਿਖਿਆ ਕਿ ਇਸ ਤਰ੍ਹਾਂ ਦੀਆਂ ਨਸਲਵਾਦੀ ਟਿੱਪਣੀਆਂ ਉਨ੍ਹਾਂ ਤੱਤਾਂ ਨੂੰ ਮਜ਼ਬੂਤ ਕਰਦੀਆਂ ਹਨ, ਜੋ ਪਾਕਿਸਤਾਨ ਵਿੱਚ ਅਸਥਿਰਤਾ ਪੈਦਾ ਕਰਨਾ ਚਾਹੁੰਦੇ ਹਨ।

‘ਕੌੜਾ ਪਰ ਸੱਚ’

ਪਾਕਿਸਤਾਨ

ਤਸਵੀਰ ਸਰੋਤ, Getty Images

ਪੰਜਾਬ ਦੀ ਸੂਚਨਾ ਮੰਤਰੀ ਉਜ਼ਮਾ ਬੁਖ਼ਾਰੀ ਨੇ ਸੋਸ਼ਲ ਮੀਡੀਆ ‘ਤੇ ਹੋ ਰਹੀ ਆਲੋਚਨਾ ਦਾ ਜਵਾਬ ਦਿੱਤਾ ਹੈ।

ਉਨ੍ਹਾਂ ਕਿਹਾ, “ਖ਼ੈਬਰ ਪਖ਼ਤੂਨਖ਼ਵਾ ਵਰਗੇ ਅੱਤਵਾਦ ਤੋਂ ਪ੍ਰਭਾਵਿਤ ਸੂਬੇ ਵਿੱਚ ਤਰਜੀਹ ਪੁਲਿਸ, ਸੀਟੀਡੀ ਅਤੇ ਅੱਤਵਾਦ ਵਿਰੋਧੀ ਮੁਹਿੰਮਾਂ ਹੋਣੀਆਂ ਚਾਹੀਦੀਆਂ ਹਨ, ਨਾ ਕਿ ਸੰਘੀ ਵਿਦੇਸ਼ ਮਾਮਲਿਆਂ ਵਿੱਚ ਦਖ਼ਲ, ਹੋਰ ਸੂਬਿਆਂ ਵਿੱਚ ਸਿਆਸੀ ਸਰਗਰਮੀਆਂ ਅਤੇ ਵਿਰੋਧ ਪ੍ਰਦਰਸ਼ਨਾਂ ਦੀ ਸਿਆਸਤ।”

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਸਰਕਾਰ ਦੌਰਾਨ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਵੀ ਇਸੇ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਸੀ।

ਉਨ੍ਹਾਂ ਐਕਸ ‘ਤੇ ਲਿਖਿਆ, “ਕੌੜਾ ਸੱਚ! ਪੰਜਾਬ ਖ਼ੈਬਰ ਪਖ਼ਤੂਨਖ਼ਵਾ ਅਤੇ ਬਲੋਚਿਸਤਾਨ ਵਿੱਚ ਚੱਲ ਰਹੇ ਕਬਾਇਲੀ ਅਤੇ ਧਾਰਮਿਕ ਸੰਘਰਸ਼ਾਂ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਮਰੀਅਮ ਨਵਾਜ਼ ਸ਼ਰੀਫ਼ ਇੱਥੇ ਬਿਲਕੁਲ ਸਹੀ ਹਨ।”

ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਦੇ ਪਿਤਾ ਜ਼ਿਆਉੱਦੀਨ ਯੂਸਫ਼ਜ਼ਈ ਦਾ ਕਹਿਣਾ ਹੈ ਕਿ ਮਰੀਅਮ ਨਵਾਜ਼ ਨੇ ਇੱਕ ਅਹਿਮ ਮੁੱਦੇ ਵੱਲ ਇਸ਼ਾਰਾ ਕੀਤਾ ਹੈ।

ਉਨ੍ਹਾਂ ਕਿਹਾ, “ਪੰਜਾਬ ਕੋਲ ਆਪਣੇ ਨਾਗਰਿਕਾਂ ਨੂੰ ਕੱਟੜਪੰਥੀ ਹਮਲਿਆਂ ਤੋਂ ਬਚਾਉਣ ਲਈ ਲੋੜੀਂਦੀ ਤਕਨਾਲੋਜੀ ਅਤੇ ਸਰੋਤ ਮੌਜੂਦ ਹਨ। ਖ਼ੈਬਰ ਪਖ਼ਤੂਨਖ਼ਵਾ ਦੇ ਲੋਕਾਂ ਨੂੰ ਵੀ ਇਸੇ ਪੱਧਰ ਦੀ ਸੁਰੱਖਿਆ ਮਿਲਣੀ ਚਾਹੀਦੀ ਹੈ।”

ਉਨ੍ਹਾਂ ਕਿਹਾ ਕਿ ਖ਼ੈਬਰ ਪਖ਼ਤੂਨਖ਼ਵਾ ਪੁਲਿਸ ਅਤੇ ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਨੂੰ ਵੀ ਬਰਾਬਰ ਸਰੋਤ, ਆਧੁਨਿਕ ਸਹੂਲਤਾਂ ਅਤੇ ਤਾਕਤ ਮਿਲਣੀ ਚਾਹੀਦੀ ਹੈ, ਤਾਂ ਜੋ ਉਹ ਪ੍ਰਭਾਵਸ਼ਾਲੀ ਢੰਗ ਨਾਲ ਕੱਟੜਪੰਥ ਦਾ ਮੁਕਾਬਲਾ ਕਰ ਸਕਣ ਅਤੇ ਲੋਕਾਂ ਦੀ ਜ਼ਿੰਦਗੀ ਅਤੇ ਜਾਇਦਾਦ ਦੀ ਸੁਰੱਖਿਆ ਹੋ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI