Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਕਾਂਗਰਸ ਦਾ ਇੰਚਾਰਜ ਬਦਲੇ ਜਾਣਾ ਕੀ ਚੰਨੀ ਦੀ ‘ਜਿੱਤ’ ਅਤੇ ਵੜਿੰਗ...

ਪੰਜਾਬ ਕਾਂਗਰਸ ਦਾ ਇੰਚਾਰਜ ਬਦਲੇ ਜਾਣਾ ਕੀ ਚੰਨੀ ਦੀ ‘ਜਿੱਤ’ ਅਤੇ ਵੜਿੰਗ ਦੀ ‘ਹਾਰ’? ਕੀ ਪਾਇਲਟ ਕਰਾ ਸਕਣਗੇ ‘ਸੇਫ ਲੈਂਡਿੰਗ’

2
0

Source :- BBC PUNJABI

ਚਰਨਜੀਤ ਸਿੰਘ ਚੰਨੀ, ਸਚਿਨ ਪਾਇਲਟ, ਅਮਰਿੰਦਰ ਸਿੰਘ ਰਾਜਾ ਵੜਿੰਗ

ਤਸਵੀਰ ਸਰੋਤ, ANI

ਪੰਜਾਬ ਕਾਂਗਰਸ ਵਿੱਚ ਆਗੂਆਂ ਦੀ ਆਪਸੀ ਧੜੇਬੰਦੀ ਦੇ ਵਿਚਾਲੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੂੰ ਬਦਲੇ ਜਾਣ ਮਗਰੋਂ ਨਵੀਆਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਕਾਂਗਰਸ ਹਾਈਕਮਾਂਡ ਨੇ ਭੁਪੇਸ਼ ਬਘੇਲ ਨੂੰ ਬਦਲ ਕੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਹੈ।

ਕਾਂਗਰਸ ਦੇ ਨੌਜਵਾਨ ਆਗੂਆਂ ਵਿੱਚੋਂ ਇੱਕ ਮੰਨੇ ਜਾਂਦੇ ਸਚਿਨ ਪਾਇਲਟ ਰਾਜਸਥਾਨ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ।

ਇਸ ਨਿਯੁਕਤੀ ਮਗਰੋਂ ਸਚਿਨ ਪਾਇਲਟ ਨੇ ਆਪਣੇ ਐਕਸ ਅਕਾਉਂਟ ਉੱਤੇ ਲਿਖਿਆ, “ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ ਸਾਡੇ ਲਈ ਇੱਕ ਅਹਿਮ ਮੌਕਾ ਹਨ।”

ਪੰਜਾਬ ਕਾਂਗਰਸ ਇਸ ਵੇਲੇ ‘ਚੰਨੀ ਕੈਂਪ’ ਅਤੇ ‘ਵੜਿੰਗ ਕੈਂਪ’ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਇਸ ਲਈ ਇਹ ਸਵਾਲ ਅਹਿਮ ਹੈ ਕਿ ਕੀ ਸਚਿਨ ਪਾਇਲਟ ਇਸ ਪਾੜੇ ਵਿੱਚ ਪੁਲ ਬਣ ਸਕਣਗੇ ਜਾਂ ਨਹੀਂ?

ਪੰਜਾਬ ਕਾਂਗਰਸ ਵਿੱਚ ਧੜੇਬੰਦੀ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਸੀ ਜਦੋਂ ਜੁਲਾਈ ਮਹੀਨੇ ਕਾਂਗਰਸ ਹਾਈਕਮਾਂਡ ਵੱਲੋਂ ਪਾਰਟੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ।

ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਿਆ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਲਾਇਆ ਸੀ।

ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਆਗੂਆਂ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਦਾ ਵਿਰੋਧ ਕਰਦਿਆਂ ਚੰਨੀ ਨੂੰ ਪਾਰਟੀ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ।

ਕਾਂਗਰਸ ਦੀਆਂ ਸਥਾਨਕ ਪੱਧਰ ਦੀਆਂ ਰੈਲੀਆਂ ਵਿੱਚ ਤਤਕਾਲੀ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਰੋਧ ਵਿੱਚ ਵੀ ਨਾਅਰੇ ਲੱਗੇ।

ਕੁਝ ਕਾਂਗਰਸੀ ਆਗੂਆਂ ਨੇ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਦੀ ਅਗਵਾਈ ਵਾਲੀਆਂ ਮੀਟਿੰਗਾਂ ਵਿੱਚ ਵੀ ਜਾਣ ਤੋਂ ਇਨਕਾਰ ਕਰ ਦਿੱਤਾ ਸੀ।

ਰਾਜਾ ਵੜਿੰਗ ਇਹ ਕਹਿ ਚੁੱਕੇ ਹਨ ਕਿ ਰਾਹੁਲ ਗਾਂਧੀ ਆਉਂਦੇ ਦਿਨਾਂ ਵਿੱਚ ਪੰਜਾਬ ਆਉਣਗੇ। ਮਾਹਰਾਂ ਮੁਤਾਬਕ, ਇਸ ਤੋਂ ਪਹਿਲਾਂ ਸਚਿਨ ਪਾਇਲਟ ਅੱਗੇ ਪਹਿਲੀ ਚੁਣੌਤੀ ਇਹ ਹੋਵੇਗੀ ਕਿ ਉਹ ਪਾਰਟੀ ਵਿੱਚ ਏਕਾ ਦਿਖਾ ਸਕਣਗੇ ਜਾਂ ਨਹੀਂ।

ਰਾਜਾ ਵੜਿੰਗ ਅਤੇ ਚੰਨੀ ਲਈ ਇਸ ਦੇ ਕੀ ਮਾਅਨੇ ਹਨ?

ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, ANI

ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਇਸ ਬਦਲਾਅ ਨੂੰ ਚੰਨੀ ਧੜੇ ਲਈ ਜਿੱਤ ਕਿਹਾ ਜਾ ਸਕਦਾ ਹੈ? ਅਤੇ ਕੀ ਇਸ ਨਾਲ ਪੰਜਾਬ ਕਾਂਗਰਸ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਦਬਦਬਾ ਕਮਜ਼ੋਰ ਹੋਇਆ ਹੈ?

ਕੁਝ ਮਾਹਰ ਕਹਿੰਦੇ ਹਨ ਕਿ ਇਸ ਬਾਰੇ ਸਪਸ਼ਟਤਾ ਸਚਿਨ ਪਾਇਲਟ ਦੀ ਅਗਲੀ ਕਾਰਗੁਜ਼ਾਰੀ ਨੂੰ ਦੇਖ ਕੇ ਹੀ ਆਵੇਗੀ ਜਦਕਿ ਕੁਝ ਇਸ ਨੂੰ ਸਿੱਧਾ ਪਾਰਟੀ ਹਾਈਕਮਾਂਡ ਦੀ ਇੱਕ ਤਰ੍ਹਾਂ ਨਾਲ ਹਾਰ ਮੰਨਦੇ ਹਨ।

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਕਹਿੰਦੇ ਹਨ ਕਿ ਇਸ ਤਬਦੀਲੀ ਦੇ ਰਾਜਾ ਵੜਿੰਗ ਦੀ ਪ੍ਰਧਾਨਗੀ ਲਈ ਵੀ ਨਕਾਰਾਤਮਕ ਮਾਅਨੇ ਹੋ ਸਕਦੇ ਹਨ।

ਉਹ ਕਹਿੰਦੇ ਹਨ, “ਆਮ ਧਾਰਨਾ ਵਿੱਚ ਚੰਨੀ ਗਰੁੱਪ ਦਾ ਸਿੱਧਾ ਟਕਰਾਅ ਭੁਪੇਸ਼ ਬਘੇਲ ਨਾਲ ਬਣ ਗਿਆ ਸੀ, ਇਸ ਲਈ ਚੰਨੀ ਗਰੁੱਪ ਅਤੇ ਹਾਈਕਮਾਂਡ ਵਿਚਕਾਰ ਵਿਵਾਦ ਵਿੱਚ ਹਾਈਕਮਾਂਡ ਨੂੰ ਝੁਕਣਾ ਪਿਆ ਹੈ।”

ਬਲਜੀਤ ਬੱਲੀ

ਤਸਵੀਰ ਸਰੋਤ, BBC/Baljit Balli/FB

ਉਨ੍ਹਾਂ ਨੇ ਅੱਗੇ ਕਿਹਾ, “ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਗਰੁੱਪ ਨਾਲ ਜੁੜੇ ਲੋਕਾਂ ਵਿੱਚ ਇਸ ਨਾਲ ਜ਼ਾਹਰਾ ਤੌਰ ਉੱਤੇ ਆਤਮ-ਵਿਸ਼ਵਾਸ ਆਇਆ ਹੋਵੇਗਾ। ਇਸ ਮਗਰੋਂ ਹੋ ਸਕਦਾ ਉਹ ਕੁਝ ਗੱਲਾਂ ਨੂੰ ਲੈ ਕੇ ਆਪਣੇ ਸਟੈਂਡ ਨਰਮ ਕਰ ਲੈਣ ਅਤੇ ਆਉਂਦੇ ਦਿਨਾਂ ਵਿੱਚ ਉਹ ਆਪਣੀਆਂ ਗਤੀਵਿਧੀਆਂ ਹੋਰ ਤੇਜ਼ ਵੀ ਕਰ ਸਕਦੇ ਹਨ।”

ਹਰਜੇਸ਼ਵਰਪਾਲ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚੰਡੀਗੜ੍ਹ ਵਿੱਚ ਇਤਿਹਾਸ ਪੜ੍ਹਾਉਂਦੇ ਹਨ।

ਹਰਜੇਸ਼ਵਰਪਾਲ ਸਿੰਘ ਕਹਿੰਦੇ ਹਨ ਕਿ ਇਸ ਤਬਦੀਲੀ ਦੇ ਰਾਜਾ ਵੜਿੰਗ ਦੀ ਮੌਜੂਦਾ ਸਥਿਤੀ ਲਈ ਵੱਖਰੇ ਮਾਅਨੇ ਹੋ ਸਕਦੇ ਹਨ।

ਉਹ ਕਹਿੰਦੇ ਹਨ, “ਰਾਜਾ ਵੜਿੰਗ ਨਿਸ਼ਚਤ ਤੌਰ ‘ਤੇ ਇੱਕ ਅਹਿਮ ਆਗੂ ਰਹੇ ਹਨ, ਪਰ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਇੱਕਜੁਟ ਸੰਗਠਨ ਵਜੋਂ ਕੰਮ ਕਰਨ ਲਈ ਸੰਘਰਸ਼ ਕਰਦੀ ਰਹੀ ਹੈ। ਇਸ ਲਈ ਆਉਣ ਵਾਲੇ ਮਹੀਨਿਆਂ ਵਿੱਚ ਉਨ੍ਹਾਂ ਦੀ ਥਾਂ ਕਿਸੇ ਹੋਰ ਨੂੰ ਲਿਆਉਣ ਦੀ ਸੰਭਾਵਨਾ ਗੰਭੀਰਤਾ ਨਾਲ ਵਿਚਾਰੀ ਜਾ ਸਕਦੀ ਹੈ।”

ਉਹ ਅੱਗੇ ਦੱਸਦੇ ਹਨ, “ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਚੰਨੀ ਧੜੇ ਨੂੰ ਹੁਣ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਵੱਡੀ ਰਣਨੀਤੀ ਵੀ ਟਕਰਾਅ ਅਤੇ ਇੱਕਪਾਸੜ ਫ਼ੈਸਲਿਆਂ ਤੋਂ ਹਟ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵੱਲ ਬਦਲਦੀ ਦਿਖ ਰਹੀ ਹੈ।”

ਸਚਿਨ ਪਾਇਲਟ ਨੂੰ ਪੰਜਾਬ ਲਿਆਂਦੇ ਜਾਣਾ ਕਿਸ ਗੱਲ ਦਾ ਸੁਨੇਹਾ?

ਭੁਪੇਸ਼ ਬਘੇਲ, ਸਚਿਨ ਪਾਇਲਟ ਅਤੇ ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, ANI

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਕਹਿੰਦੇ ਹਨ ਕਿ ਕਾਂਗਰਸ ਦੀ ਇਸ ਅੰਦਰੂਨੀ ਲੜਾਈ ਦੇ ਲੋਕਾਂ ਵਿੱਚ ਬਣੇ ਅਕਸ ਨੂੰ ਸੁਧਾਰਨ ਵਿੱਚ ਸਚਿਨ ਪਾਇਲਟ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਹ ਕਹਿੰਦੇ ਹਨ, “ਵੱਖ-ਵੱਖ ਆਗੂਆਂ ਵਿੱਚ ਭਰੋਸੇ ਮੁੜ ਪੈਦਾ ਕਰਨਾ ਅਤੇ ਸਮਤੋਲ ਬਣਾਉਣਾ ਉਹ ਵੀ ਚੋਣਾਂ ਤੋਂ ਕੁਝ ਹੀ ਮਹੀਨੇ ਪਹਿਲਾਂ ਇੱਕ ਮੁਸ਼ਕਲ ਕੰਮ ਹੈ।”

ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਦਾ ਮੰਨਣਾ ਹੈ ਕਿ ਸਚਿਨ ਪਾਇਲਟ ਦੀ ਪਿਛਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਉਣਾ ਕਾਂਗਰਸ ਲਈ ਇੱਕ ਚੰਗਾ ਫ਼ੈਸਲਾ ਹੋ ਸਕਦਾ ਹੈ।

ਉਹ ਕਹਿੰਦੇ ਹਨ, “2018 ਵਿੱਚ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਵਜੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦਾ ਸਿਹਰਾ ਦਿੱਤਾ ਗਿਆ ਸੀ। ਉਨ੍ਹਾਂ ਦਾ ਸਾਫ਼-ਸੁਥਰਾ ਅਕਸ ਵੀ ਉਨ੍ਹਾਂ ਦੇ ਹੱਕ ਵਿੱਚ ਜਾਂਦਾ ਹੈ।”

ਹਰਜੇਸ਼ਵਰ ਪਾਲ ਸਿੰਘ

ਹਰਜੇਸ਼ਵਰਪਾਲ ਸਿੰਘ ਸਚਿਨ ਪਾਇਲਟ ਦੀ ਚੋਣ ਬਾਰੇ ਕਹਿੰਦੇ ਹਨ, “ਹਾਈਕਮਾਂਡ ਨੂੰ ਆਖ਼ਰ ਇਹ ਅਹਿਸਾਸ ਹੋ ਗਿਆ ਹੈ ਕਿ ਬਘੇਲ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਨੂੰ ਖ਼ਤਮ ਕਰਨ ਵਿੱਚ ਨਾਕਾਮ ਰਹੇ ਹਨ। ਸਗੋਂ, ਕਈ ਮੌਕਿਆਂ ‘ਤੇ ਉਨ੍ਹਾਂ ਦੇ ਦਖ਼ਲ ਨਾਲ ਧੜਿਆਂ ਵਿਚਾਲੇ ਦੂਰੀ ਘਟਣ ਦੀ ਥਾਂ ਹੋਰ ਡੂੰਘੀ ਹੋਈ ਹੋ ਸਕਦੀ ਹੈ।”

ਉਹ ਕਹਿੰਦੇ ਹਨ, “ਹਾਲਾਂਕਿ, ਕਾਂਗਰਸ ਅੰਦਰੂਨੀ ਖਿੱਚੋਤਾਣ ਵਿੱਚ ਚੋਣ ਵਰ੍ਹੇ ਦੇ ਤਿੰਨ ਤੋਂ ਚਾਰ ਅਹਿਮ ਮਹੀਨੇ ਪਹਿਲਾਂ ਹੀ ਗੁਆ ਚੁੱਕੀ ਹੈ। ਇਹ ਗੁਆਇਆ ਸਮਾਂ ਪਾਰਟੀ ਲਈ ਮਹਿੰਗਾ ਸਾਬਤ ਹੋ ਸਕਦਾ ਹੈ।”

ਕਾਂਗਰਸ ਦੀ ਆਪਸੀ ਲੜਾਈ ਦੇ ‘ਆਪ’ ਲਈ ਫਾਇਦੇ

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, ANI

ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਦਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਬਿਆਨਬਾਜ਼ੀ ਰਾਹੀਂ ਲਾਹਾ ਲਿਆ ਗਿਆ।

ਮੁੱਖ ਤੌਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਟੇਜਾਂ ਤੋਂ ਵੱਡੇ ਕਾਂਗਰਸੀ ਲੀਡਰਾਂ ਦਾ ਨਾਮ ਲੈ ਕੇ ਇਸ ਮੁੱਦੇ ਨੂੰ ਚੁੱਕਿਆ ਗਿਆ। ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਆਗੂ ਤਰੁਘ ਚੁੱਘ ਵੱਲੋਂ ਵੀ ਕਾਂਗਰਸ ਦੀ ਹਾਈਕਮਾਂਡ ਉੱਤੇ ਵੱਖ-ਵੱਖ ਇਲਜ਼ਾਮ ਲਗਾਏ ਗਏ ਸਨ।

ਬਲਜੀਤ ਬੱਲੀ ਕਹਿੰਦੇ ਹਨ ਕਿ ਹਾਲਾਂਕਿ ਪਿਛਲੀ ਸਥਾਨਕ ਚੋਣਾਂ ਅਤੇ ਆਮ ਚੋਣਾਂ ਵਿੱਚ ਕਾਂਗਰਸ ਦਾ ਪੰਜਾਬ ਵਿੱਚ ਮਜ਼ਬੂਤ ਆਧਾਰ ਦਿਖਿਆ ਪਰ ਪਿਛਲੇ ਕੁਝ ਮਹੀਨਿਆਂ ਵਿੱਚ ਬਣੇ ਮਾਹੌਲ ਦਾ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਭੁਗਤਣਾ ਪੈ ਸਕਦਾ ਹੈ।

ਸਚਿਨ ਪਾਇਲਟ ਦਾ ਸਿਆਸੀ ਕਰੀਅਰ

ਸਚਿਨ ਪਾਇਲਟ

ਤਸਵੀਰ ਸਰੋਤ, ANI

ਸਚਿਨ ਪਾਇਲਟ ਨੇ 2004 ਵਿੱਚ ਸਿਰਫ਼ 26 ਸਾਲ ਦੀ ਉਮਰ ਵਿੱਚ ਲੋਕ ਸਭਾ ਚੋਣ ਜਿੱਤੀ ਅਤੇ 32 ਸਾਲ ਦੀ ਉਮਰ ਵਿੱਚ ਕੇਂਦਰੀ ਮੰਤਰੀ ਬਣੇ।

2014 ਤੋਂ 2018 ਤੱਕ ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਉਨ੍ਹਾਂ ਨੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।

2018 ਦੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ ਉਹ ਉਪ ਮੁੱਖ ਮੰਤਰੀ ਬਣੇ।

ਰਾਜਸਥਾਨ ਵਿੱਚ ਅਸ਼ੋਕ ਗਹਿਲੋਤ ਨਾਲ ਲੰਬੇ ਸਮੇਂ ਤੱਕ ਚੱਲੇ ਸਿਆਸੀ ਟਕਰਾਅ ਦੇ ਬਾਵਜੂਦ ਪਾਇਲਟ ਨੇ ਪਾਰਟੀ ਨਾਲ ਆਪਣਾ ਸਬੰਧ ਕਾਇਮ ਰੱਖਿਆ ਅਤੇ ਚੋਣਾਂ ਦੌਰਾਨ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।

ਭਾਰਤੀ ਸਿਆਸਤ ਵਿੱਚ ਉਨ੍ਹਾਂ ਦੇ ਪਿਤਾ ਰਾਜੇਸ਼ ਪਾਇਲਟ ਦਾ ਵੀ ਵੱਡਾ ਨਾਮ ਸੀ। ਉਨ੍ਹਾਂ ਦੀ ਮਾਂ ਰਮਾ ਪਾਇਲਟ ਵੀ ਵਿਧਾਇਕ ਅਤੇ ਸੰਸਦ ਮੈਂਬਰ ਰਹੇ ਸਨ। ਉਨ੍ਹਾਂ ਦੇ ਪਿਤਾ ਦੀ ਸਾਲ 2000 ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI