Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਵਿਧਾਨ ਸਭਾ ਇਜਲਾਸ ਦੌਰਾਨ ਹੰਗਾਮਾ, ਸੁਖਪਾਲ ਖਹਿਰਾ ਸਸਪੈਂਡ, ਐੱਸਆਈਆਰ ਬਾਰੇ ਵੀ...

ਪੰਜਾਬ ਵਿਧਾਨ ਸਭਾ ਇਜਲਾਸ ਦੌਰਾਨ ਹੰਗਾਮਾ, ਸੁਖਪਾਲ ਖਹਿਰਾ ਸਸਪੈਂਡ, ਐੱਸਆਈਆਰ ਬਾਰੇ ਵੀ ਲਿਆਂਦਾ ਗਿਆ ਮਤਾ, ਜਾਣੋ ਕੀ-ਕੀ ਹੋਇਆ

2
0

Source :- BBC PUNJABI

ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਦੂਜਾ ਦਿਨ ਚੱਲ ਰਿਹਾ ਹੈ

ਪੜ੍ਹਨ ਦਾ ਸਮਾਂ: 3 ਮਿੰਟ

ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਦੂਜਾ ਦਿਨ ਚੱਲ ਰਿਹਾ ਹੈ। ਇਸ ਦੌਰਾਨ ਸਦਨ ਦੇ ਅੰਦਰ ਕਾਫੀ ਹੰਗਾਮਾ ਵੀ ਹੋਇਆ।

ਵਿਰੋਧੀ ਧਿਰ ਕਾਂਗਰਸ ਨੇ ਪਰਵਿੰਦਰ ਸਿੰਘ ਝੋਟਾ ਸਣੇ ਹੋਰ ਮਸਲਿਆਂ ਉੱਤੇ ਨਾਅਰੇਬਾਜ਼ੀ ਕਰਦੇ ਹੋਏ ਵਾਕਆਊਟ ਕੀਤਾ।

ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖ਼ਿਲਾਫ ਖ਼ਿਲਾਫ਼ ਕਾਰਵਾਈ ਦਾ ਮਤਾ ਪੇਸ਼ ਕਰਦਿਆਂ ਉਨ੍ਹਾਂ ਨੂੰ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰਨ ਦੀ ਮੰਗ ਕੀਤੀ।

ਚੀਮਾ ਦਾ ਇਲਜ਼ਾਮ ਸੀ ਕਿ ਸਪੀਕਰ ਵੱਲੋਂ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਖਹਿਰਾ ਸਦਨ ਦੇ ਵਿਚਕਾਰ ਆ ਗਏ, ਸਪੀਕਰ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਅਤੇ ਕਾਰਵਾਈ ‘ਚ ਵਿਘਨ ਪਾਇਆ।

ਸਦਨ ਵੱਲੋਂ ਚੀਮਾ ਦੀ ਇਸ ਮੰਗ ਨੂੰ ਸਵੀਕਾਰ ਕਰ ਲਿਆ ਗਿਆ।

ਐੱਸਆਈਆਰ ਬਾਰੇ ਵੀ ਪੇਸ਼ ਕੀਤਾ ਗਿਆ ਮਤਾ

Indian National Congress - Punjab

ਇਜਲਾਸ ਦੌਰਾਨ ਵੋਟ ਚੋਰੀ ਅਤੇ ਚੋਣ ਕਮਿਸ਼ਨ ‘ਤੇ ਕਥਿਤ ਧਾਂਦਲੀਆਂ ਦੇ ਇਲਜ਼ਾਮ ਲਾਉਂਦੇ ਹੋਏ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਦੇ ਪੱਖ ਵਿੱਚ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਣੇ ਹੋਰ ਵਿਧਾਇਕ ਵੀ ਬੋਲੇ।

ਮਤੇ ਨੂੰ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਦੇਸ਼ ਭਰ ਚ ਵੱਡੀ ਗਿਣਤੀ ‘ਚ ਨਾਗਰਿਕ ਦੇ ਨਾਮ ਵੋਟ ਸੂਚੀ ‘ਚੋਂ ਹਟਾਏ ਜਾਣ ਅਤੇ ਯੋਗ ਵੋਟਰਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝੇ ਹੋਣ ਸਬੰਧੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਕੰਮਕਾਜ ਅਤੇ ਵੋਟਰ ਸੂਚੀਆਂ ਸਬੰਧੀ ਉੱਠੇ ਇਤਰਾਜ਼ਾਂ ਦੀ ਜਾਂਚ ਅਤੇ ਜਵਾਬਦੇਹੀ ਲੋਕਤੰਤਰ ਦੇ ਹਿੱਤ ‘ਚ ਜ਼ਰੂਰੀ ਹੈ। ਇਹ ਸਦਨ ਮੰਗ ਕਰਦਾ ਹੈ ਕਿ ਸਾਰੇ ਯੋਗ ਨਾਗਰਿਕਾਂ ਦੇ ਵੋਟਾਂ ਦੇ ਅਧਿਕਾਰਾਂ ਦੀ ਸੰਵਿਧਾਨਿਕ ਸੁਰੱਖਿਆ ਯਕੀਨੀ ਬਣਾਈ ਜਾਵੇ।

ਨਾਲ ਹੀ ਉਨ੍ਹਾਂ ਕਿਹਾ ਕਿ ਸਦਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਨਾਲ ਸਬੰਧਿਤ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਇੱਕ ਸੁਤੰਤਰ, ਨਿਰਪੱਖ ਅਤੇ ਭਰੋਸੇਯੋਗ ਜਾਂਚ ਤੰਤਰ ਸਥਾਪਿਤ ਕਰਨ ਦੀ ਮੰਗ ਕਰਦਾ ਹੈ।

ਉਨ੍ਹਾਂ ਕਿਹਾ ਕਿ ਸਦਨ ਦੀ ਮੰਗ ਹੈ ਕਿ ਜੇ ਜਾਂਚ ਦੌਰਾਨ ਕਿਸੇ ਵੀ ਵਿਅਕਤੀ ਦੇ ਖ਼ਿਲਾਫ਼ ਅਪਰਾਧਿਕ ਉਲੰਘਣਾ ਦੇ ਸਬੂਤ ਮਿਲਦੇ ਹਨ, ਤਾਂ ਉਸ ਵਿਅਕਤੀ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਐਸਆਈਆਰ ਦੇ ਮਾਮਲੇ ‘ਤੇ ਕੇਂਦਰ ਨੂੰ ਘੇਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਪਹਿਲਾਂ ਲੋਕ ਸਰਕਾਰ ਚੁਣਦੇ ਸੀ, ਹੁਣ ਸਰਕਾਰ ਲੋਕਾਂ ਨੂੰ ਚੁਣਨ ਲੱਗ ਗਈ ਹੈ ਕਿ ਕੌਣ ਕੌਣ ਵੋਟ ਪਾਊਗਾ ਅਤੇ ਕਿਸ ਦੀ ਵੋਟ ਕੱਟਣੀ ਹੈ।”

ਪੰਜਾਬ ਸਰਕਾਰ ਵੱਲੋਂ 22 ਤੋਂ 27 ਅਕਤੂਬਰ ਤੱਕ ਵਿਧਾਨ ਸਭਾ ਦਾ ਇਜਲਾਸ ਸੱਦਿਆ ਹੈ।

ਪਹਿਲੇ ਦਿਨ ਪਰਮਿੰਦਰ ਸਿੰਘ ਝੋਟਾ ਸਣੇ ਹੋਰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਅਤੇ ਫਿਰ ਇਜਲਾਸ ਮੁਲਤਵੀ ਕਰ ਦਿੱਤਾ ਗਿਆ ਸੀ।

ਪਰਵਿੰਦਰ ਝੋਟਾ ਕੇਸ ਬਾਰੇ ਵੀ ਸਰਕਾਰ ਨੂੰ ਹੋਏ ਸਵਾਲ

ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਖਹਿਰਾ, ਪਰਗਟ ਸਿੰਘ ਅਤੇ ਹੋਰ ਕਾਂਗਰਸੀ ਲੀਡਰ

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਅਤੇ ਅੰਦਰ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮਸਲੇ ‘ਤੇ ਆਪ ਸਰਕਾਰ ਨੂੰ ਘੇਰਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਸਰਕਾਰ ਲਈ ‘ਲਾਹਨਤ ਪੱਤਰ’ ਲੈ ਕੇ ਗਏ।

ਸੈਸ਼ਨ ਤੋਂ ਪਹਿਲਾਂ ਵਿਧਾਨ ਸਭਾ ਬਾਹਰ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਜੰਗਲ ਰਾਜ ਬਣਾ ਦਿੱਤਾ ਹੈ।

ਉਨ੍ਹਾਂ ਕਿਹਾ, “ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਲਾਮਬੰਦ ਹੋਈਏ।ਆਉਣ ਵਾਲੇ ਸਮੇਂ ਵਿਚ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ‘ਤੇ ਪਹਿਰਾ ਦੇਣ ਦੀ ਲੋੜ ਹੈ।”

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰਾ ਪੰਜਾਬ ਇਨ੍ਹਾਂ ਨੂੰ ਲਾਹਨਤਾਂ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਅਤੇ ਸਾਰੀਆਂ ਜਥੇਬੰਦੀਆਂ ਨੇ ਫ਼ੈਸਲਾ ਲਿਆ ਹੈ ਕਿ ਜਿਨ੍ਹਾਂ ਚਿਰ ਮੁੱਖ ਮੰਤਰੀ ਅਸਤੀਫਾ ਨਹੀਂ ਦੇਵੇਗਾ, ਓਨਾ ਸਮਾਂ ਨਾ ਪੋਸਟਮਾਰਟਮ ਹੋਵੇਗਾ ਨਾ ਸਸਕਾਰ ਹੋਵੇਗਾ।

ਬਾਜਵਾ ਨੇ ਕਿਹਾ, “ਜਿਨ੍ਹਾਂ ਸਮਾਂ ਪੰਜਾਬ ਦੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ, ਕਾਂਗਰਸ ਤਕੜੀ ਹੋ ਕੇ ਇਨ੍ਹਾਂ ਖ਼ਿਲਾਫ਼ ਮੁਜ਼ਾਹਰਾ ਕਰਦੀ ਰਹੇਗੀ। ਇਸ ਵੇਲੇ ਸਭ ਤੋਂ ਵੱਧ ਮਹੱਤਤਾ ਕਿਸੇ ਹੋਰ ਮਸਲੇ ਦੀ ਨਹੀਂ, ਬਲਕਿ ਕਾਨੂੰਨ ਵਿਵਸਥਾ, ਨਸ਼ਿਆਂ ਦੇ ਮਸਲੇ ਦੀ ਹੈ। ਇਸ ਲਈ ਸੈਸ਼ਨ ਨਹੀਂ ਚੱਲਣ ਦੇਵਾਂਗੇ।”

ਉਧਰ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਸੈਸ਼ਨ ਦੀ ਕਾਰਵਾਈ ਵਿੱਚ ਹੰਗਾਮੇ ਨੂੰ ਲੈ ਕੇ ਕਾਂਗਰਸ ‘ਤੇ ਸਵਾਲ ਚੁੱਕੇ।

ਉਨ੍ਹਾਂ ਕਿਹਾ ਕਿ ਸਰਕਾਰ ਕਾਂਗਰਸ, ਅਕਾਲੀ ਤੇ ਬੀਜੇਪੀ ਵੱਲੋਂ ਲਿਆਂਦੇ ਨਸ਼ਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।

ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਪ ਸਰਕਾਰ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰ ਕੇ ਰਹੂਗੀ।”

ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI