Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਵਿੱਚ ਪਰਾਲੀ ਸਾੜਨ ਲਈ ਕਿਸਾਨ ਹਾਲੇ ਵੀ ਕਿਉਂ ਹਨ ਮਜਬੂਰ, ਉਨ੍ਹਾਂ...

ਪੰਜਾਬ ਵਿੱਚ ਪਰਾਲੀ ਸਾੜਨ ਲਈ ਕਿਸਾਨ ਹਾਲੇ ਵੀ ਕਿਉਂ ਹਨ ਮਜਬੂਰ, ਉਨ੍ਹਾਂ ਲਈ ਇਹ ਮੁੱਦਾ ਕਿੰਨਾ ਵੱਡਾ ਹੈ ਤੇ ਕੀ ਹਨ ਚੁਣੌਤੀਆਂ

2
0

Source :- BBC PUNJABI

ਪਰਾਲੀ ਸਾੜਨ

ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ।

ਪਰਾਲੀ ਸਾੜਨ ‘ਤੇ ਪਾਬੰਦੀ ਹੈ। ਸਰਕਾਰ ਮਸ਼ੀਨਰੀ ਲਈ ਸਬਸਿਡੀ ਦੇ ਰਹੀ ਹੈ ਅਤੇ ਪਰਾਲੀ ਦੇ ਪ੍ਰਬੰਧਨ ਲਈ ਕਈ ਹੋਰ ਉਪਰਾਲੇ ਵੀ ਕੀਤੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਕਿਸਾਨਾਂ ਮੁਤਾਬਕ, ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਉਨ੍ਹਾਂ ਦੀ ਲਾਪਰਵਾਹੀ ਨਹੀਂ, ਸਗੋਂ ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਰਮਿਆਨ ਸੀਮਤ ਸਮਾਂ, ਲਾਗਤ, ਮਸ਼ੀਨਰੀ ਦੀ ਉਪਲਬਧਤਾ ਅਤੇ ਖੇਤੀ ਪ੍ਰਣਾਲੀ ਨਾਲ ਜੁੜੀਆਂ ਕਈ ਮਜਬੂਰੀਆਂ ਦਾ ਨਤੀਜਾ ਹੈ।

ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅਧਿਕਾਰਤ ਅੰਕੜਿਆਂ ਮੁਤਾਬਕ, ਸੂਬੇ ਵਿੱਚ 24 ਅਕਤੂਬਰ ਤੱਕ ਅੱਗ ਲਾਉਣ ਦੇ 574 ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਾਬ ਵਿੱਚ 34.506 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਈ ਸੀ, ਜਿਸ ਵਿੱਚੋਂ 34.82 ਫ਼ੀਸਦੀ ਰਕਬੇ ਵਿੱਚ ਝੋਨੇ ਦੀ ਕਟਾਈ ਹੋ ਚੁੱਕੀ ਹੈ।

ਪਰਾਲੀ

ਇਸੇ ਦੌਰਾਨ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ, ਸਾਲ 2022 ਵਿੱਚ ਪਰਾਲੀ ਸਾੜਨ ਦੀਆਂ 49,922 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜਦਕਿ 2025 ਵਿੱਚ ਇਹ ਗਿਣਤੀ ਘਟ ਕੇ 5,114 ਰਹਿ ਗਈ ਸੀ।

ਪੰਜਾਬ ਸਰਕਾਰ ਦੇ ਐਕਸ਼ਨ ਪਲਾਨ ਮੁਤਾਬਕ, ਹਰ ਸਾਲ ਤਕਰੀਬਨ 1.95 ਕਰੋੜ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ। ਝੋਨੇ ਦੀ ਕਟਾਈ ਆਮ ਤੌਰ ‘ਤੇ ਸਤੰਬਰ ਦੇ ਅੱਧ ਵਿੱਚ ਸ਼ੁਰੂ ਹੁੰਦੀ ਹੈ ਅਤੇ ਨਵੰਬਰ ਦੇ ਅੰਤ ਤੱਕ ਮੁਕੰਮਲ ਹੋ ਜਾਂਦੀ ਹੈ।

ਝੋਨੇ ਦੀ ਕਟਾਈ ਅਤੇ ਅਕਤੂਬਰ ਦੇ ਅਖੀਰ ਵਿੱਚ ਕਣਕ ਦੀ ਬਿਜਾਈ ਦਰਮਿਆਨ ਬਹੁਤ ਘੱਟ ਸਮਾਂ ਹੋਣ ਕਾਰਨ ਕਿਸਾਨਾਂ ਨੂੰ ਅਗਲੀ ਫ਼ਸਲ ਦੀ ਬਿਜਾਈ ਲਈ ਖੇਤ ਤਿਆਰ ਕਰਨ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਣਕ ਦੀ ਰਹਿੰਦ-ਖੂੰਹਦ ਦੇ ਉਲਟ, ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਰਵਾਇਤੀ ਤੌਰ ‘ਤੇ ਵਰਤੋਂ ਸੀਮਤ ਹੈ। ਇਸ ਕਾਰਨ ਥੋੜ੍ਹੇ ਸਮੇਂ ਵਿੱਚ ਪਰਾਲੀ ਦਾ ਢੁੱਕਵਾਂ ਪ੍ਰਬੰਧਨ ਕਰਨਾ ਕਿਸਾਨਾਂ ਲਈ ਚੁਣੌਤੀਪੂਰਨ ਹੈ।

ਕਣਕ ਦੀ ਬਿਜਾਈ ਲਈ ਸਮੇਂ ਦੀ ਘਾਟ

ਨਰਿੰਦਰ ਸਿੰਘ

ਕਿਸਾਨਾਂ ਮੁਤਾਬਕ, ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚਕਾਰ ਉਨ੍ਹਾਂ ਕੋਲ ਬਹੁਤ ਥੋੜ੍ਹਾ ਸਮਾਂ ਹੁੰਦਾ ਹੈ।

ਕੰਬਾਈਨ ਨਾਲ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਵੱਡੀ ਮਾਤਰਾ ਵਿੱਚ ਪਰਾਲੀ ਅਤੇ ਰਹਿੰਦ-ਖੂੰਹਦ ਬਚ ਜਾਂਦੀ ਹੈ। ਕਿਸਾਨਾਂ ਨੂੰ ਖੇਤ ਜਲਦੀ ਤਿਆਰ ਕਰਨਾ ਪੈਂਦਾ ਹੈ, ਤਾਂ ਜੋ ਕਣਕ ਦੀ ਬਿਜਾਈ ਸਮੇਂ ਸਿਰ ਹੋ ਸਕੇ।

ਲਹਿਰਾਗਾਗਾ ਪਿੰਡ ਦੇ ਕਿਸਾਨ ਨਰਿੰਦਰ ਸਿੰਘ ਕਹਿੰਦੇ ਹਨ, “ਕਣਕ ਦੀ ਬਿਜਾਈ ਲਈ ਨਵੰਬਰ ਮਹੀਨੇ ਦੇ ਅੱਧ ਤੱਕ ਦਾ ਸਮਾਂ ਢੁਕਵਾਂ ਹੈ। ਇਸ ਸਮੇਂ ਤੋਂ ਬਾਅਦ ਕਣਕ ਦੀ ਬਿਜਾਈ ਕਰਨ ਨਾਲ ਝਾੜ ‘ਤੇ ਅਸਰ ਪੈਂਦਾ ਹੈ।”

“ਕਣਕ ਦੀ ਬਿਜਾਈ ਲਈ ਜ਼ਮੀਨ ਵਿੱਚ ਨਮੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਵਾਢੀ ਤੋਂ ਪਹਿਲਾਂ ਝੋਨੇ ਦੀ ਫ਼ਸਲ ਨੂੰ ਦਿੱਤੇ ਪਾਣੀ ਕਾਰਨ ਜ਼ਮੀਨ ਵਿੱਚ ਕੁਝ ਸਮੇਂ ਤੱਕ ਨਮੀ ਰਹਿੰਦੀ ਹੈ। ਇਸ ਨਮੀ ਦੇ ਖ਼ਤਮ ਹੋਣ ਤੋਂ ਪਹਿਲਾਂ ਕਣਕ ਦੀ ਬਿਜਾਈ ਕਰਨੀ ਪੈਂਦੀ ਹੈ।”

“ਇਸ ਲਈ ਝੋਨੇ ਦੀ ਵਾਢੀ ਤੋਂ ਬਾਅਦ ਬਚੀ ਪਰਾਲੀ ਦਾ ਪ੍ਰਬੰਧਨ ਨਮੀ ਖ਼ਤਮ ਹੋਣ ਤੋਂ ਪਹਿਲਾਂ ਕਰਨਾ ਜ਼ਰੂਰੀ ਹੈ।”

ਪਰਾਲੀ ਦੇ ਪ੍ਰਬੰਧਨ ਵਿੱਚ ਦੇਰੀ ਦਾ ਕੀ ਅਸਰ ਪੈਂਦਾ ਹੈ?

ਪਰਾਲੀ

ਕਿਸਾਨ ਨਰਿੰਦਰ ਸਿੰਘ ਕਹਿੰਦੇ ਹਨ, “ਜੇਕਰ ਨਮੀ ਖ਼ਤਮ ਹੋਣ ਤੋਂ ਪਹਿਲਾਂ ਮਸ਼ੀਨਾਂ ਅਤੇ ਸੰਦਾਂ ਦੀ ਮਦਦ ਨਾਲ ਪਰਾਲੀ ਚੁੱਕ ਲਈ ਜਾਵੇ, ਤਾਂ ਬਿਹਤਰ ਹੁੰਦਾ ਹੈ। ਜੇਕਰ ਨਮੀ ਖ਼ਤਮ ਹੋ ਜਾਵੇ, ਤਾਂ ਕਿਸਾਨਾਂ ਅਤੇ ਫ਼ਸਲਾਂ ਦੋਵਾਂ ਦਾ ਨੁਕਸਾਨ ਹੁੰਦਾ ਹੈ।”

“ਨਮੀ ਖ਼ਤਮ ਹੋਣ ਤੋਂ ਬਾਅਦ ਜ਼ਮੀਨ ਦੀ ਪਹਿਲਾਂ ਸਿੰਚਾਈ ਕਰਨੀ ਪੈਂਦੀ ਹੈ ਅਤੇ ਫਿਰ ਜ਼ਮੀਨ ਸੁੱਕਣ ਦੀ ਉਡੀਕ ਕਰਨੀ ਪੈਂਦੀ ਹੈ। ਇਸ ਦੌਰਾਨ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੁੰਦਾ ਹੈ।”

“ਇਸ ਕਰਕੇ ਜ਼ਮੀਨ ਨੂੰ ਸੁੱਕਣ ਵਿੱਚ ਸਮਾਂ ਲੱਗਦਾ ਹੈ ਅਤੇ ਕਣਕ ਦੀ ਬਿਜਾਈ ਦਾ ਢੁਕਵਾਂ ਸਮਾਂ ਲੰਘ ਜਾਂਦਾ ਹੈ। ਇਸ ਨਾਲ ਬਿਜਾਈ ਵਿੱਚ ਦੇਰੀ ਹੁੰਦੀ ਹੈ, ਜਿਸ ਦਾ ਅਸਰ ਫ਼ਸਲ ਦੇ ਝਾੜ ‘ਤੇ ਪੈਂਦਾ ਹੈ ਅਤੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ।”

ਪਰਾਲੀ ਦੇ ਪ੍ਰਬੰਧਨ ਲਈ ਸੰਦ ਅਤੇ ਮਸ਼ੀਨਰੀ

ਐਕਸ਼ਨ ਪਲਾਨ ਮੁਤਾਬਕ, ਸਰਕਾਰ ਵੱਲੋਂ ਪਰਾਲੀ ਦਾ ਖੇਤਾਂ ਦੇ ਅੰਦਰ ਅਤੇ ਖੇਤਾਂ ਤੋਂ ਬਾਹਰ ਪ੍ਰਬੰਧਨ ਕਰਨ ਲਈ ਕਿਸਾਨਾਂ ਨੂੰ ਸੰਦ ਅਤੇ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ।

ਸੂਬੇ ਵਿੱਚ ਸਾਲ 2018-19 ਤੋਂ ਲਾਗੂ ਕੀਤੀ ਜਾ ਰਹੀ ਕੇਂਦਰ ਦੀ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯੋਜਨਾ ਤਹਿਤ ਮਸ਼ੀਨਰੀ ਦੀ ਖ਼ਰੀਦ ਲਈ ਸਬਸਿਡੀ ਦਿੱਤੀ ਜਾਂਦੀ ਹੈ।

ਇਸ ਸਕੀਮ ਤਹਿਤ ਵਿਅਕਤੀਗਤ ਕਿਸਾਨਾਂ ਨੂੰ ਮਸ਼ੀਨਰੀ ਦੀ ਖ਼ਰੀਦ ‘ਤੇ 50 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ, ਜਦਕਿ ਰਜਿਸਟਰਡ ਕਿਸਾਨ ਸਮੂਹਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ, ਪੇਂਡੂ ਉੱਦਮੀਆਂ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼) ਨੂੰ 80 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ।

ਪੰਜਾਬ ਵਿੱਚ ਸਾਲ 2018-19 ਤੋਂ 17 ਦਸੰਬਰ 2025 ਤੱਕ ਵੱਖ-ਵੱਖ ਕਿਸਮਾਂ ਦੀਆਂ ਕੁੱਲ 1,58,898 ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।

ਇਸ ਤੋਂ ਇਲਾਵਾ, ਸਰਕਾਰ ਨੇ ਸਾਲ 2026-27 ਦੌਰਾਨ ਹੋਰ 15,000 ਮਸ਼ੀਨਾਂ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਸੀ।

ਕਿਸਾਨਾਂ ਮੁਤਾਬਕ, ਸਬਸਿਡੀ ਦੇ ਬਾਵਜੂਦ ਮਸ਼ੀਨਾਂ ਅਤੇ ਸੰਦ ਮਹਿੰਗੇ ਹਨ।

ਕਈ ਕਿਸਾਨ ਕਿਰਾਏ ‘ਤੇ ਮਸ਼ੀਨਾਂ ਲੈ ਕੇ ਪਰਾਲੀ ਦਾ ਪ੍ਰਬੰਧਨ ਕਰਦੇ ਹਨ, ਜਦਕਿ ਕਈ ਮਸ਼ੀਨ ਮਾਲਕ ਕਿਸਾਨਾਂ ਦੇ ਖੇਤਾਂ ਵਿੱਚੋਂ ਮੁਫ਼ਤ ਪਰਾਲੀ ਚੁੱਕ ਕੇ ਇਸ ਨੂੰ ਪਰਾਲੀ ਦੀ ਵਰਤੋਂ ਕਰਨ ਵਾਲੇ ਉਦਯੋਗਾਂ ਨੂੰ ਵੇਚਦੇ ਹਨ।

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਕਹਿੰਦੇ ਹਨ, “ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਰੀ ਖ਼ਰੀਦਣਾ ਹਰ ਕਿਸਾਨ ਦੇ ਵੱਸ ਦੀ ਗੱਲ ਨਹੀਂ ਹੈ।

ਦੂਜੇ ਪਾਸੇ, ਹਰ ਖੇਤ ਵਿੱਚੋਂ ਪਰਾਲੀ ਚੁੱਕਣਾ ਮਸ਼ੀਨਰੀ ਮਾਲਕਾਂ ਲਈ ਵੀ ਵਿਹਾਰਕ ਨਹੀਂ ਹੈ। ਮਸ਼ੀਨਰੀ ਮਾਲਕ ਛੋਟੇ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਚੁੱਕਣ ਤੋਂ ਕਤਰਾਉਂਦੇ ਹਨ।

ਉਹ ਚਾਹੁੰਦੇ ਹਨ ਕਿ ਇੱਕੋ ਸਮੇਂ ਵੱਧ ਰਕਬੇ ਵਿੱਚੋਂ ਪਰਾਲੀ ਚੁੱਕੀ ਜਾਵੇ, ਕਿਉਂਕਿ ਇਸ ਕੰਮ ਲਈ ਇੱਕ ਤੋਂ ਵੱਧ ਟਰੈਕਟਰ-ਟਰਾਲੀਆਂ, ਮਸ਼ੀਨਰੀ ਅਤੇ ਮਜ਼ਦੂਰਾਂ ਦੀ ਲੋੜ ਹੁੰਦੀ ਹੈ। ਇਹ ਖ਼ਰਚੀਲਾ ਕੰਮ ਹੈ।”

“ਜੇਕਰ ਉਹ ਦੋ-ਤਿੰਨ ਏਕੜ ਵਿੱਚੋਂ ਪਰਾਲੀ ਚੁੱਕਣ ਜਾਂਦੇ ਹਨ, ਤਾਂ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੁੰਦਾ ਹੈ। ਇਸ ਲਈ ਉਹ ਵੱਡੇ ਕਿਸਾਨਾਂ ਦੇ ਖੇਤਾਂ ਵਿੱਚੋਂ ਆਸਾਨੀ ਨਾਲ ਪਰਾਲੀ ਚੁੱਕ ਲੈਂਦੇ ਹਨ ਅਤੇ ਛੋਟੇ ਕਿਸਾਨਾਂ ਨੂੰ ਉਡੀਕ ਕਰਨ ਲਈ ਕਹਿੰਦੇ ਹਨ।”

“ਛੋਟੇ ਕਿਸਾਨਾਂ ਦੇ ਖੇਤਾਂ ਵਿੱਚੋਂ ਉਦੋਂ ਹੀ ਪਰਾਲੀ ਚੁੱਕੀ ਜਾਂਦੀ ਹੈ, ਜਦੋਂ ਕਈ ਛੋਟੇ ਕਿਸਾਨ ਇਕੱਠੇ ਮਿਲ ਕੇ ਆਪਣੇ ਖੇਤਾਂ ਵਿੱਚੋਂ ਪਰਾਲੀ ਚੁਕਵਾਉਂਦੇ ਹਨ।”

ਸੰਗਰੂਰ ਦੇ ਪਿੰਡ ਘਰਾਚੋਂ ਦੇ ਕਿਸਾਨ ਚਮਕੌਰ ਸਿੰਘ ਕਹਿੰਦੇ ਹਨ, “ਸਰਕਾਰ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਸਬਸਿਡੀ ਅਤੇ ਮਸ਼ੀਨਰੀ ਮੁਹੱਈਆ ਕਰਵਾਈ ਜਾਂਦੀ ਹੈ। ਪਰ ਇਸ ਦੇ ਬਾਵਜੂਦ ਮਸ਼ੀਨਰੀ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੈ। ਸਰਕਾਰ ਨੂੰ ਛੋਟੇ ਕਿਸਾਨਾਂ ਲਈ ਮਸ਼ੀਨਰੀ ‘ਤੇ ਹੋਰ ਸਬਸਿਡੀ ਦੇਣੀ ਚਾਹੀਦੀ ਹੈ।”

ਇੰਤਜ਼ਾਰ ਅਤੇ ਮਜਬੂਰੀ

ਬਲਦੇਵ ਸਿੰਘ

ਕਿਸਾਨ ਆਗੂ ਬਲਦੇਵ ਸਿੰਘ ਕਹਿੰਦੇ ਹਨ, “ਬਹੁਤ ਵਾਰ ਛੋਟਾ ਕਿਸਾਨ ਪਰਾਲੀ ਚੁੱਕੇ ਜਾਣ ਦੀ ਉਡੀਕ ਕਰਦਾ ਰਹਿੰਦਾ ਹੈ, ਪਰ ਜਦੋਂ ਖੇਤਾਂ ਵਿੱਚੋਂ ਨਮੀ ਖ਼ਤਮ ਹੋਣ ਲੱਗਦੀ ਹੈ, ਤਾਂ ਉਹ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋ ਜਾਂਦਾ ਹੈ।”

ਉਹ ਅੱਗੇ ਕਹਿੰਦੇ ਹਨ, “ਛੋਟੇ ਕਿਸਾਨਾਂ ਤੋਂ ਇਲਾਵਾ, ਮਸ਼ੀਨਰੀ ਮਾਲਕ ਕੱਚੇ ਰਾਹਾਂ ‘ਤੇ ਸਥਿਤ ਖੇਤਾਂ ਵਿੱਚ ਵੀ ਪਰਾਲੀ ਚੁੱਕਣ ਨਹੀਂ ਜਾਂਦੇ। ਉਹ ਆਮ ਤੌਰ ‘ਤੇ ਪੱਕੇ ਰਾਹਾਂ ਦੇ ਨੇੜੇ ਸਥਿਤ ਖੇਤਾਂ ਵਿੱਚੋਂ ਹੀ ਪਰਾਲੀ ਚੁੱਕਣ ਜਾਂਦੇ ਹਨ।”

“ਮਸ਼ੀਨਰੀ ਮਾਲਕ ਅਜਿਹਾ ਇਸ ਲਈ ਕਰਦੇ ਹਨ, ਕਿਉਂਕਿ ਮਸ਼ੀਨਰੀ ਭਾਰੀ ਹੁੰਦੀ ਹੈ। ਕੱਚੇ ਰਾਹਾਂ ‘ਤੇ ਪਰਾਲੀ ਦੀ ਢੋਆ-ਢੁਆਈ ਮੁਸ਼ਕਲ ਹੁੰਦੀ ਹੈ। ਢੋਆ-ਢੁਆਈ ਦੌਰਾਨ ਮਸ਼ੀਨਰੀ ਕਈ ਵਾਰ ਕੱਚੇ ਰਾਹਾਂ ‘ਤੇ ਫਸ ਜਾਂਦੀ ਹੈ। ਇਸ ਦੇ ਸਿੱਟੇ ਵਜੋਂ ਮਸ਼ੀਨਰੀ ਮਾਲਕਾਂ ਨੂੰ ਵਿੱਤੀ ਨੁਕਸਾਨ ਹੁੰਦਾ ਹੈ।”

ਕਿਸਾਨ ਨਰਿੰਦਰ ਸਿੰਘ ਕਹਿੰਦੇ ਹਨ, “ਮੈਂ ਛੋਟਾ ਕਿਸਾਨ ਹਾਂ ਅਤੇ ਮੇਰੀ ਜ਼ਮੀਨ ਪੱਕੇ ਰਾਹ ਤੋਂ ਦੂਰ ਹੈ। ਇਸ ਲਈ ਪਿਛਲੇ ਸਾਲ ਮੈਂ ਆਪਣੇ ਖੇਤਾਂ ਵਿੱਚੋਂ ਪਰਾਲੀ ਚੁੱਕੇ ਜਾਣ ਦੀ ਉਡੀਕ ਕਰਦਾ ਰਿਹਾ, ਪਰ ਕੋਈ ਵੀ ਪਰਾਲੀ ਚੁੱਕਣ ਨਹੀਂ ਪਹੁੰਚਿਆ।”

ਬੇਲਰ ਮਾਲਕਾਂ ਨੇ ਕੀ ਕਿਹਾ?

ਪਰਾਲੀ

ਪਰਾਲੀ ਦੇ ਪ੍ਰਬੰਧਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵੱਖ-ਵੱਖ ਕਿਸਮਾਂ ਦੀ ਮਸ਼ੀਨਰੀ ਵੀ ਮੌਜੂਦ ਹੈ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਚਲਿਤ ਮਸ਼ੀਨਾਂ ਵਿੱਚ ਬੇਲਰ ਸ਼ਾਮਲ ਹਨ।

ਬੇਲਰਾਂ ਦੀ ਮਦਦ ਨਾਲ ਪਹਿਲਾਂ ਪਰਾਲੀ ਦੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਖੇਤਾਂ ਵਿੱਚੋਂ ਚੁੱਕਿਆ ਜਾਂਦਾ ਹੈ।

ਘਾਬਦਾਂ ਪਿੰਡ ਦੇ ਰਹਿਣ ਵਾਲੇ ਗੁਰਮੀਤ ਸਿੰਘ ਕੋਲ ਚਾਰ ਬੇਲਰ ਅਤੇ 13 ਤੋਂ ਵੱਧ ਟਰੈਕਟਰ ਹਨ। ਉਹ ਪਿਛਲੇ ਚਾਰ ਸਾਲਾਂ ਤੋਂ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਚੁੱਕ ਰਹੇ ਹਨ।

ਉਨ੍ਹਾਂ ਨੇ 80-90 ਵਿਅਕਤੀਆਂ ਨੂੰ ਮਜ਼ਦੂਰੀ ਰਾਹੀਂ ਰੁਜ਼ਗਾਰ ਵੀ ਦਿੱਤਾ ਹੋਇਆ ਹੈ।

ਉਹ ਕਹਿੰਦੇ ਹਨ, “ਪਰਾਲੀ ਦੀਆਂ ਗੱਠਾਂ ਬਣਾਉਣ ਅਤੇ ਉਨ੍ਹਾਂ ਨੂੰ ਚੁੱਕਣ ਸਮੇਂ ਰਸਤਿਆਂ ਦੀ ਸਮੱਸਿਆ ਆਉਂਦੀ ਹੈ।”

“ਮਾੜੇ ਰਸਤਿਆਂ ਵਾਲੇ ਖੇਤਾਂ ਵਿੱਚੋਂ ਪਰਾਲੀ ਚੁੱਕਣ ਸਮੇਂ ਜੇਕਰ ਅਸੀਂ ਢੋਆ-ਢੁਆਈ ਲਈ ਛੋਟੇ ਵਾਹਨ ਵਰਤਦੇ ਹਾਂ, ਤਾਂ ਸਾਨੂੰ ਵਿੱਤੀ ਨੁਕਸਾਨ ਹੁੰਦਾ ਹੈ, ਕਿਉਂਕਿ ਉਨ੍ਹਾਂ ਵਿੱਚ ਘੱਟ ਪਰਾਲੀ ਆਉਂਦੀ ਹੈ। ਦੂਜੇ ਪਾਸੇ, ਵੱਡੇ ਵਾਹਨ ਫਸ ਜਾਂਦੇ ਹਨ।”

“ਛੋਟੇ ਕਿਸਾਨਾਂ ਨੂੰ ਵੀ ਦਿੱਕਤ ਆਉਂਦੀ ਹੈ। ਪਰ ਅਸੀਂ ਛੋਟੇ ਕਿਸਾਨਾਂ ਦੇ ਖੇਤਾਂ ਵਿੱਚੋਂ ਵੀ ਪਰਾਲੀ ਚੁੱਕ ਲੈਂਦੇ ਹਾਂ। ਬੱਸ, ਅਸੀਂ ਮਾੜੇ ਰਸਤਿਆਂ ਵਾਲੇ ਖੇਤਾਂ ਤੋਂ ਗੁਰੇਜ਼ ਕਰਦੇ ਹਾਂ।”

“ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਪਰਾਲੀ ਦੇ ਪ੍ਰਬੰਧਨ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਦਾ ਬੀਮਾ ਕਰਵਾਇਆ ਜਾਣਾ ਚਾਹੀਦਾ ਹੈ। ਇਹ ਮਸ਼ੀਨਾਂ ਬਹੁਤ ਮਹਿੰਗੀਆਂ ਹਨ ਅਤੇ ਇਨ੍ਹਾਂ ਦੇ ਨੁਕਸਾਨ ਨੂੰ ਝੱਲਣਾ ਵਿੱਤੀ ਤੌਰ ‘ਤੇ ਮੁਸ਼ਕਲ ਹੈ।”

ਸਰਕਾਰ ਨੇ ਕੀ ਕਾਰਵਾਈ ਕੀਤੀ?

ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅਧਿਕਾਰਤ ਅੰਕੜਿਆਂ ਮੁਤਾਬਕ, ਅੱਗ ਲਾਉਣ ਦੇ 226 ਮਾਮਲਿਆਂ ਵਿੱਚ ਜੁਰਮਾਨੇ ਲਾਏ ਜਾ ਚੁੱਕੇ ਹਨ। ਇਨ੍ਹਾਂ ਮਾਮਲਿਆਂ ਵਿੱਚ ਲਾਏ ਗਏ ਜੁਰਮਾਨਿਆਂ ਦੀ ਕੁੱਲ ਰਕਮ 8,11,40,000 ਰੁਪਏ ਹੈ।

ਇਸ ਦੇ ਨਾਲ ਹੀ, ਅੱਗ ਲਾਉਣ ਦੀਆਂ 114 ਘਟਨਾਵਾਂ ਵਿੱਚ ਬੀਐੱਨਐੱਸ ਐਕਟ ਦੀ ਧਾਰਾ 223 ਤਹਿਤ ਐੱਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। 205 ਮਾਮਲਿਆਂ ਵਿੱਚ ਜ਼ਮੀਨਾਂ ਦੇ ਰਿਕਾਰਡ ਵਿੱਚ ਰੈੱਡ ਐਂਟਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਇਸੇ ਦੌਰਾਨ, 324 ਨੋਡਲ ਅਫ਼ਸਰਾਂ ਅਤੇ ਸੁਪਰਵਾਈਜ਼ਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ।

ਮਾਹਰ ਨੇ ਕੀ ਕਿਹਾ?

ਪਰਾਲੀ

ਪੰਜਾਬ ਦੇ ਖੇਤੀਬਾੜੀ ਵਿਭਾਗ ਵਿੱਚ ਜੁਆਇੰਟ ਡਾਇਰੈਕਟਰ ਵਜੋਂ ਸੇਵਾ-ਮੁਕਤ ਹੋਏ ਡਾ. ਬਲਦੇਵ ਸਿੰਘ ਨੌਰਥ ਕਹਿੰਦੇ ਹਨ, “ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਅਜੇ ਵੀ ਸਮੱਸਿਆਵਾਂ ਆ ਰਹੀਆਂ ਹਨ।”

“ਇਹ ਕਿਸਾਨ ਆਪਣੇ ਨੇੜਲੇ ਬਲਾਕ ਖੇਤੀਬਾੜੀ ਅਫ਼ਸਰ ਜਾਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੂੰ ਅਰਜ਼ੀ ਦੇ ਕੇ ਆਪਣੀ ਸਥਿਤੀ ਬਾਰੇ ਦੱਸ ਸਕਦੇ ਹਨ। ਇਹ ਖੇਤੀਬਾੜੀ ਅਫ਼ਸਰ ਉਨ੍ਹਾਂ ਦੀ ਮਦਦ ਕਰ ਸਕਦੇ ਹਨ।”

“ਪੰਜਾਬ ਵਿੱਚ ਕਸਟਮ ਹਾਇਰਿੰਗ ਸੈਂਟਰ ਬਣੇ ਹੋਏ ਹਨ। ਇਨ੍ਹਾਂ ਕੇਂਦਰਾਂ ਵਿੱਚ ਸਬਸਿਡੀ ‘ਤੇ ਪਰਾਲੀ ਦੇ ਪ੍ਰਬੰਧਨ ਲਈ ਸੰਦ ਮੁਹੱਈਆ ਕਰਵਾਏ ਗਏ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਜਿਹੇ ਕੇਂਦਰਾਂ ਅਤੇ ਹੋਰ ਉਪਰਾਲਿਆਂ ਰਾਹੀਂ ਕਿਸਾਨਾਂ ਦੀ ਮਦਦ ਕਰ ਸਕਦੇ ਹਨ।”

ਖੇਤੀਬਾੜੀ ਅਫ਼ਸਰ ਨੇ ਕੀ ਕਿਹਾ?

ਸੰਗਰੂਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਨੇ ਕਿਹਾ, “ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਅਸੀਂ ਪਿੰਡਾਂ ਦੇ ਸਰਪੰਚਾਂ ਅਤੇ ਬੇਲਰ ਮਾਲਕਾਂ ਨਾਲ ਤਾਲਮੇਲ ਬਣਾ ਕੇ ਕੰਮ ਕਰ ਰਹੇ ਹਾਂ। ਅਸੀਂ ਇੱਕ ਐਪ ਵੀ ਤਿਆਰ ਕੀਤੀ ਹੋਈ ਹੈ, ਜਿਸ ਵਿੱਚ ਮਸ਼ੀਨਰੀ ਮਾਲਕਾਂ ਦੇ ਫ਼ੋਨ ਨੰਬਰ ਮੌਜੂਦ ਹਨ।”

“ਸੰਗਰੂਰ ਜ਼ਿਲ੍ਹੇ ਵਿੱਚ 397 ਪਿੰਡ ਹਨ, ਪਰ ਬੇਲਰਾਂ ਦੀ ਗਿਣਤੀ 290 ਹੈ। ਇਹ ਬੇਲਰ ਹਰ ਜਗ੍ਹਾ ਨਹੀਂ ਪਹੁੰਚ ਸਕਦੇ। ਇੱਕ ਬੇਲਰ ਨੂੰ ਚਲਾਉਣ ਲਈ ਕਾਫ਼ੀ ਮਨੁੱਖੀ ਸ਼ਕਤੀ ਅਤੇ ਜਗ੍ਹਾ ਦੀ ਲੋੜ ਹੁੰਦੀ ਹੈ।”

“ਇਸ ਲਈ ਛੋਟੇ ਕਿਸਾਨਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਮੈਂ ਛੋਟੇ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪਰਾਲੀ ਦਾ ਖੇਤਾਂ ਤੋਂ ਬਾਹਰ ਪ੍ਰਬੰਧਨ ਕਰਨ ਦੀ ਬਜਾਏ, ਆਪਣੀ ਜ਼ਮੀਨ ਵਿੱਚ ਹੀ ਇਸ ਦਾ ਪ੍ਰਬੰਧਨ ਕਰਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI