Home rss national punjabi2ਰਾਸ਼ਟਰੀ ਖ਼ਬਰਾਂ ਭਾਰਤ-ਪਾਕਿਸਤਾਨ ਦੀ ਸਰਹੱਦ ਵੀ ਨਹੀਂ ਰੋਕ ਸਕੀ ਮਿਲਣ ਦੀ ਚਾਹ, ਨਦੀ ਵਿੱਚ...

ਭਾਰਤ-ਪਾਕਿਸਤਾਨ ਦੀ ਸਰਹੱਦ ਵੀ ਨਹੀਂ ਰੋਕ ਸਕੀ ਮਿਲਣ ਦੀ ਚਾਹ, ਨਦੀ ਵਿੱਚ ਡੁੱਬ ਗਏ ਇਰਫ਼ਾਨ, ਪਤਨੀ ਤੇ ਬੱਚਿਆਂ ਕੋਲ ਪਹੁੰਚੀ ਦੇਹ

3
0

Source :- BBC PUNJABI

ਖੱਬੇ ਪਾਸੇ ਇਰਫ਼ਾਨ ਹਸਨ ਸ਼ਾਹ ਅਤੇ ਸੱਜੇ ਪਾਸੇ ਨੀਲਮ ਨਦੀ ਦਾ ਕੰਢਾ (ਫ਼ਾਈਲ ਫੋਟੋ)

ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਨਿਕਲੇ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਦੇ ਇਰਫ਼ਾਨ ਹਸਨ ਸ਼ਾਹ ਦੀ ਲਾਸ਼ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਮਿਲੀ।

ਪਾਕਿਸਤਾਨ ਦੇ ਅਧਿਕਾਰੀਆਂ ਨੇ ਨੀਲਮ ਨਦੀ ਵਿੱਚੋਂ ਮਿਲੀ ਇਰਫ਼ਾਨ ਹਸਨ ਸ਼ਾਹ ਦੀ ਲਾਸ਼ ਮੁਜ਼ੱਫ਼ਰਾਬਾਦ ਵਿੱਚ ਰਹਿ ਰਹੇ ਉਨ੍ਹਾਂ ਦੇ ਪਤਨੀ ਅਤੇ ਬੱਚਿਆਂ ਨੂੰ ਸੌਂਪ ਦਿੱਤੀ।

ਪ੍ਰਸ਼ਾਸਨ ਮੁਤਾਬਕ, ਇਰਫ਼ਾਨ ਹਸਨ ਸ਼ਾਹ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਹ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਰਹਿ ਰਹੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼ ਦੌਰਾਨ ਨੀਲਮ ਨਦੀ ਵਿੱਚ ਡੁੱਬ ਗਏ।

ਭਾਰਤ ਸਰਕਾਰ ਨੇ ਅਪ੍ਰੈਲ 2025 ਵਿੱਚ ਹੋਏ ਪਹਿਲਗਾਮ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਰਹਿ ਰਹੇ ਇਰਫ਼ਾਨ ਦੇ ਪਤਨੀ ਅਤੇ ਬੱਚਿਆਂ ਨੂੰ ਪਾਕਿਸਤਾਨੀ ਨਾਗਰਿਕ ਹੋਣ ਕਾਰਨ ਡਿਪੋਰਟ ਕਰ ਦਿੱਤਾ ਸੀ।

ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੁਜ਼ੱਫ਼ਰਾਬਾਦ ਵਿੱਚ ਰਹਿਣ ਲੱਗ ਪਿਆ ਸੀ। ਹਾਲਾਂਕਿ, ਇਰਫ਼ਾਨ ਭਾਰਤੀ ਨਾਗਰਿਕ ਸਨ, ਇਸ ਲਈ ਉਹ ਬਾਰਾਮੁੱਲਾ ਜ਼ਿਲ੍ਹੇ ਵਿੱਚ ਹੀ ਰਹਿ ਗਏ ਸਨ।

23 ਨਵੰਬਰ ਦੀ ਸਵੇਰ ਕਰੀਬ 11 ਵਜੇ ਨੀਲਮ ਨਦੀ ਵਿੱਚੋਂ ਲਾਸ਼ ਕੱਢੀ ਗਈ

ਇਰਫ਼ਾਨ ਦੇ ਬੱਚਿਆਂ ਦਾ ਦਾਅਵਾ ਹੈ ਕਿ ਬਾਰਾਮੁੱਲਾ ਵਿੱਚ ਰਹਿ ਰਹੇ ਉਨ੍ਹਾਂ ਦੇ ਪਿਤਾ ਸਮੇਂ-ਸਮੇਂ ‘ਤੇ ਉਨ੍ਹਾਂ ਨਾਲ ਸੰਪਰਕ ਕਰਦੇ ਸਨ।

ਉਨ੍ਹਾਂ ਦੀ ਆਖ਼ਰੀ ਵਾਰ ਕਰੀਬ 15 ਦਿਨ ਪਹਿਲਾਂ ਗੱਲ ਹੋਈ ਸੀ। ਉਸ ਦੌਰਾਨ ਇਰਫ਼ਾਨ ਹਸਨ ਸ਼ਾਹ ਨੇ ਕਿਹਾ ਸੀ ਕਿ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਉਹ ਹਰ ਹਾਲ ਵਿੱਚ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਪਹੁੰਚਣ ਦੀ ਕੋਸ਼ਿਸ਼ ਕਰਨਗੇ।

ਪਰਿਵਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਬਾਅਦ ਵਿੱਚ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਰਫ਼ਾਨ ਦੀ ਲਾਸ਼ ਨੀਲਮ ਨਦੀ ਵਿੱਚੋਂ ਮਿਲੀ ਹੈ।

ਇਰਫ਼ਾਨ ਹਸਨ ਸ਼ਾਹ ਦੀ ਲਾਸ਼ ਮਿਲਣ ਤੋਂ ਬਾਅਦ ਇਸ ਗੱਲ ‘ਤੇ ਵਿਵਾਦ ਸ਼ੁਰੂ ਹੋ ਗਿਆ ਸੀ ਕਿ ਭਾਰਤੀ ਨਾਗਰਿਕ ਹੋਣ ਕਾਰਨ ਉਨ੍ਹਾਂ ਦੀ ਲਾਸ਼ ਭਾਰਤੀ ਅਧਿਕਾਰੀਆਂ ਨੂੰ ਸੌਂਪੀ ਜਾਵੇ ਜਾਂ ਫਿਰ ਮੁਜ਼ੱਫ਼ਰਾਬਾਦ ਵਿੱਚ ਰਹਿ ਰਹੇ ਉਨ੍ਹਾਂ ਦੇ ਪਤਨੀ ਅਤੇ ਬੱਚਿਆਂ ਨੂੰ।

ਅਸਿਸਟੈਂਟ ਕਮਿਸ਼ਨਰ ਅਥਕਮਾਮ ਚੌਧਰੀ ਬਸ਼ਾਰਤ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਰਹਿ ਰਹੇ ਇਰਫ਼ਾਨ ਦੇ ਭੈਣ-ਭਰਾਵਾਂ ਦੀ ਸਹਿਮਤੀ ਤੋਂ ਬਾਅਦ ਉਨ੍ਹਾਂ ਦੀ ਲਾਸ਼ ਮੁਜ਼ੱਫ਼ਰਾਬਾਦ ਵਿੱਚ ਰਹਿ ਰਹੇ ਪਤਨੀ ਅਤੇ ਬੱਚਿਆਂ ਨੂੰ ਸੌਂਪ ਦਿੱਤੀ ਗਈ।

ਅਸਿਸਟੈਂਟ ਕਮਿਸ਼ਨਰ ਮੁਤਾਬਕ, ਜਦੋਂ ਕਿਸੇ ਮ੍ਰਿਤਕ ਵਿਅਕਤੀ ਦੀ ਪਤਨੀ ਅਤੇ ਬੱਚੇ ਮੌਜੂਦ ਹੋਣ, ਤਾਂ ਵਿਰਾਸਤ ਦੇ ਅਧਿਕਾਰਾਂ ਦੇ ਲਿਹਾਜ਼ ਨਾਲ ਉਹ ਸਭ ਤੋਂ ਪਹਿਲਾਂ ਹੱਕਦਾਰ ਹੁੰਦੇ ਹਨ। ਇਸੇ ਕਾਰਨ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਸਥਾਨਕ ਲੋਕਾਂ ਮੁਤਾਬਕ, ਇਹ ਸਿਰਫ਼ ਇੱਕ ਘਟਨਾ ਨਹੀਂ ਹੈ। ਇਹ ਵੱਖ ਹੋਏ ਇੱਕ ਪਰਿਵਾਰ ਦੇ ਵਿਛੋੜੇ, ਬੇਵਸੀ ਅਤੇ ਆਖ਼ਰੀ ਵਾਰ ਮਿਲਣ ਦੀ ਚਾਹਤ ਦੀ ਦਰਦਨਾਕ ਕਹਾਣੀ ਹੈ।

ਪਰ ਸਵਾਲ ਇਹ ਹੈ ਕਿ ਇਰਫ਼ਾਨ ਹਸਨ ਸ਼ਾਹ ਨੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਵਿਆਹ ਕਿਵੇਂ ਕੀਤਾ ਅਤੇ ਉਨ੍ਹਾਂ ਦੀ ਦੇਹ ਅਧਿਕਾਰੀਆਂ ਨੂੰ ਕਿਵੇਂ ਮਿਲੀ ਅਤੇ ਦੇਹ ਸੌਂਪਣ ਨੂੰ ਲੈ ਕੇ ਕੀ ਵਿਵਾਦ ਹੋਇਆ?

23 ਨਵੰਬਰ ਨੂੰ ਨੀਲਮ ਨਦੀ ਵਿੱਚ ਮਿਲੀ ਅਣਪਛਾਤੀ ਲਾਸ਼

ਅਖ਼ਤਰ 
ਇਰਫ਼ਾਨ ਹਸਨ ਸ਼ਾਹ ਦੇ ਪਤਨੀ ਦੇ ਭਰਾ

23 ਨਵੰਬਰ ਨੂੰ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਨੀਲਮ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਕੇਰਨ ਇਲਾਕੇ ਵਿੱਚੋਂ ਹੋ ਕੇ ਵਗਣ ਵਾਲੇ ਨੀਲਮ ਨਦੀ ਵਿੱਚ ਇੱਕ ਲਾਸ਼ ਦਿਖਾਈ ਦਿੱਤੀ ਹੈ।

ਸ਼ੁਰੂਆਤ ਵਿੱਚ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨੂੰ ਲੱਗਾ ਕਿ ਸ਼ਾਇਦ ਕੋਈ ਅਣਜਾਣ ਵਿਅਕਤੀ ਨਦੀ ਦੇ ਤੇਜ਼ ਵਹਾਅ ਦਾ ਸ਼ਿਕਾਰ ਹੋ ਗਿਆ ਹੈ।

ਨੀਲਮ ਜ਼ਿਲ੍ਹੇ ਦੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਮੁਖੀ ਅਖ਼ਤਰ ਅਯੂਬ ਮੁਤਾਬਕ, 23 ਨਵੰਬਰ ਦੀ ਸਵੇਰ ਕਰੀਬ 11 ਵਜੇ ਨੀਲਮ ਨਦੀ ਵਿੱਚੋਂ ਲਾਸ਼ ਕੱਢੀ ਗਈ।

ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਟੀਮ ਨੇ ਸ਼ਾਰਦਾ ਖੇਤਰ ਦੇ ‘ਕਸ਼ਮੀਰ ਬੋਟਿੰਗ ਕਲੱਬ’, ਪਾਕਿਸਤਾਨ ਆਰਮੀ ਦੀ ਕੇਰਨ ਯੂਨਿਟ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਨਦੀ ਵਿੱਚੋਂ ਬਾਹਰ ਕੱਢਿਆ।

ਉਨ੍ਹਾਂ ਮੁਤਾਬਕ, ਮ੍ਰਿਤਕ ਦੀ ਜੇਬ ਵਿੱਚੋਂ ਭਾਰਤ ਸਰਕਾਰ ਦਾ ਇੱਕ ਪਛਾਣ ਪੱਤਰ ਮਿਲਿਆ। ਇਸ ‘ਤੇ ਉਸ ਵਿਅਕਤੀ ਦਾ ਨਾਮ ਅਤੇ ਪਛਾਣ ਦਰਜ ਸੀ। ਇਸ ਤੋਂ ਬਾਅਦ ਲਾਸ਼ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਗਈ।

ਜੇਬ ਵਿੱਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ‘ਤੇ ਮ੍ਰਿਤਕ ਦੀ ਪਛਾਣ ਭਾਰਤ ਦੇ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਰਫ਼ੀਆਬਾਦ ਡੰਗੀਵੱਛਾ ਇਲਾਕੇ ਦੇ ਵਸਨੀਕ ਵਜੋਂ ਹੋਈ।

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਰਫ਼ਾਨ ਹਸਨ ਸ਼ਾਹ ਦਾ ਪਛਾਣ ਪੱਤਰ, ਲਾਸ਼ ਦੀ ਤਸਵੀਰ ਅਤੇ ਹੋਰ ਜਾਣਕਾਰੀਆਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ।

ਇਸ ਤੋਂ ਬਾਅਦ ਮੁਜ਼ੱਫ਼ਰਾਬਾਦ ਵਿੱਚ ਰਹਿ ਰਹੇ ਉਨ੍ਹਾਂ ਦੇ ਬੱਚਿਆਂ ਅਤੇ ਪਤਨੀ ਤੱਕ ਇਹ ਸੂਚਨਾ ਪਹੁੰਚੀ। ਬੱਚਿਆਂ ਨੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਲਾਸ਼ ਦੀ ਪਛਾਣ ਆਪਣੇ ਪਿਤਾ ਵਜੋਂ ਕੀਤੀ।

ਇਰਫ਼ਾਨ ਦੇ ਪਰਿਵਾਰ ਅਤੇ ਸਥਾਨਕ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਬਾਰਾਮੁੱਲਾ ਤੋਂ ਨੀਲਮ ਜ਼ਿਲ੍ਹੇ ਤੱਕ ਪਹੁੰਚੇ ਸਨ।

ਸੰਭਵ ਹੈ ਕਿ ਉਨ੍ਹਾਂ ਨੂੰ ਲੱਗਾ ਹੋਵੇ ਕਿ ਕਿਸੇ ਤਰ੍ਹਾਂ ਨੀਲਮ ਨਦੀ ਪਾਰ ਕਰਕੇ ਉਹ ਆਪਣੇ ਪਰਿਵਾਰ ਤੱਕ ਪਹੁੰਚ ਸਕਦੇ ਹਨ। ਇਹ ਨਦੀ ਕੁਝ ਥਾਵਾਂ ‘ਤੇ ਕੰਟਰੋਲ ਰੇਖਾ ਦਾ ਕੰਮ ਵੀ ਕਰਦੀ ਹੈ।

ਪਰਿਵਾਰ ਦਾ ਦਾਅਵਾ ਹੈ ਕਿ ਇਰਫ਼ਾਨ ਨੇ ਕੁਝ ਦਿਨ ਪਹਿਲਾਂ ਹਰ ਹਾਲ ਵਿੱਚ ਪਾਕਿਸਤਾਨ ਪਹੁੰਚਣ ਦੀ ਗੱਲ ਕਹੀ ਸੀ। ਪਰਿਵਾਰ ਅਤੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਨਦੀ ਦੇ ਦੂਜੇ ਪਾਸੇ ਪਹੁੰਚਣ ਦੀ ਬਜਾਏ ਉਹ ਤੇਜ਼ ਵਹਾਅ ਵਿੱਚ ਰੁੜ੍ਹ ਗਏ ਹੋਣਗੇ।

ਮ੍ਰਿਤਕ ਦੇਹ ਸੌਂਪਣ ਵਿੱਚ ਦੇਰੀ ਕਿਉਂ ਹੋਈ?

ਸਥਾਨਕ ਲੋਕਾਂ ਮੁਤਾਬਕ, ਇਹ ਸਿਰਫ਼ ਇੱਕ ਘਟਨਾ ਨਹੀਂ ਹੈ। ਇਹ ਵੱਖ ਹੋਏ ਇੱਕ ਪਰਿਵਾਰ ਦੇ ਵਿਛੋੜੇ, ਬੇਵਸੀ ਅਤੇ ਆਖ਼ਰੀ ਵਾਰ ਮਿਲਣ ਦੀ ਚਾਹਤ ਦੀ ਦਰਦਨਾਕ ਕਹਾਣੀ ਹੈ

ਇਰਫ਼ਾਨ ਹਸਨ ਸ਼ਾਹ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਇਸ ਨੂੰ ਪਰਿਵਾਰ ਨੂੰ ਸੌਂਪਣ ਨੂੰ ਲੈ ਕੇ ਵਿਵਾਦ ਵੀ ਹੋਇਆ। ਇਸ ਵਜ੍ਹਾ ਨਾਲ ਦੇਹ ਸੌਂਪਣ ਅਤੇ ਅੰਤਿਮ ਸੰਸਕਾਰ ਵਿੱਚ ਦੇਰੀ ਹੋਈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜਲਦੀ ਤੋਂ ਜਲਦੀ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਂਦਾ ਹੈ।

ਨੀਲਮ ਦੇ ਡਿਪਟੀ ਕਮਿਸ਼ਨਰ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਨਦੀ ਵਿੱਚੋਂ ਲਾਸ਼ ਮਿਲਣ ਅਤੇ ਉਸ ਦੀ ਪਛਾਣ ਹੋਣ ਤੋਂ ਬਾਅਦ ਉਸ ਨੂੰ ਪ੍ਰਸ਼ਾਸਨ ਕੋਲ ਰੱਖਿਆ ਗਿਆ ਸੀ।

ਇਸ ‘ਤੇ ਫ਼ੈਸਲਾ ਹੋਣਾ ਸੀ ਕਿ ਭਾਰਤ-ਪਾਕਿਸਤਾਨ ਸਮਝੌਤੇ ਤਹਿਤ ਲਾਸ਼ ਭਾਰਤ ਭੇਜੀ ਜਾਵੇਗੀ ਜਾਂ ਫਿਰ ਮੁਜ਼ੱਫ਼ਰਾਬਾਦ ਵਿੱਚ ਰਹਿ ਰਹੇ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਸੌਂਪੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਰਫ਼ਾਨ ਦੇ ਤਿੰਨ ਪੁੱਤਰ ਅਤੇ ਪਤਨੀ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਮੁਜ਼ੱਫ਼ਰਾਬਾਦ ਵਿੱਚ ਰਹਿੰਦੇ ਹਨ।

ਅਸਿਸਟੈਂਟ ਕਮਿਸ਼ਨਰ ਅਥਕਮਾਮ ਚੌਧਰੀ ਬਸ਼ਾਰਤ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਰਹਿ ਰਹੇ ਇਰਫ਼ਾਨ ਦੇ ਭਰਾ ਅਤੇ ਭੈਣਾਂ ਦੀ ਸਹਿਮਤੀ ਲਈ ਗਈ ਸੀ। ਇਸ ਤੋਂ ਬਾਅਦ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਲਾਸ਼ ਮੁਜ਼ੱਫ਼ਰਾਬਾਦ ਵਿੱਚ ਰਹਿ ਰਹੇ ਉਨ੍ਹਾਂ ਦੇ ਪਤਨੀ ਅਤੇ ਬੱਚਿਆਂ ਨੂੰ ਸੌਂਪ ਦਿੱਤੀ ਗਈ।

ਹਾਲਾਂਕਿ, ਅਧਿਕਾਰੀਆਂ ਮੁਤਾਬਕ, ਇਸ ਪੂਰੀ ਪ੍ਰਕਿਰਿਆ ਵਿੱਚ ਤਿੰਨ ਦਿਨ ਲੱਗੇ। ਇਸ ਤੋਂ ਬਾਅਦ ਮੁਜ਼ੱਫ਼ਰਾਬਾਦ ਵਿੱਚ ਇਰਫ਼ਾਨ ਦੀ ਨਮਾਜ਼-ਏ-ਜਨਾਜ਼ਾ ਅਦਾ ਕੀਤੀ ਗਈ।

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਕਿਵੇਂ ਹੋਇਆ ਇਰਫ਼ਾਨ ਦਾ ਵਿਆਹ?

ਇਰਫ਼ਾਨ ਸਾਲ 1992 ਵਿੱਚ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਗਏ ਸਨ (ਫਾਈਲ ਫੋਟੋ)

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੀ ਰਾਜਧਾਨੀ ਮੁਜ਼ੱਫ਼ਰਾਬਾਦ ਵਿੱਚ ਰਹਿ ਰਹੇ ਇਰਫ਼ਾਨ ਹਸਨ ਸ਼ਾਹ ਦੇ ਪਤਨੀ ਦੇ ਭਰਾ ਅਖ਼ਤਰ ਨੇ ਬੀਬੀਸੀ ਨੂੰ ਦੱਸਿਆ ਕਿ ਇਰਫ਼ਾਨ ਸਾਲ 1992 ਵਿੱਚ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਆਏ ਸਨ।

“ਇਰਫ਼ਾਨ ਹਸਨ ਸ਼ਾਹ ਦਾ ਸਬੰਧ ਭਾਰਤ ਦੇ ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਰਫ਼ੀਆਬਾਦ ਡੰਗੀਵੱਛਾ ਇਲਾਕੇ ਨਾਲ ਸੀ।”

ਅਖ਼ਤਰ ਮੁਤਾਬਕ, ਇਰਫ਼ਾਨ ਨੇ 20 ਸਾਲ ਦੀ ਉਮਰ ਵਿੱਚ ਸਾਲ 1992 ਵਿੱਚ ਕੰਟਰੋਲ ਰੇਖਾ ਪਾਰ ਕੀਤੀ ਸੀ। ਇੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਮੀਰਪੁਰ ਜ਼ਿਲ੍ਹੇ ਵਿੱਚ ਪੜ੍ਹਾਈ ਕੀਤੀ। ਸਾਲ 1998 ਤੋਂ 2002 ਦੇ ਵਿਚਕਾਰ ਉਨ੍ਹਾਂ ਨੇ ਐੱਫ਼ਏ ਅਤੇ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।

“ਇਸ ਤੋਂ ਬਾਅਦ ਇਰਫ਼ਾਨ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਅਤੇ ਪਾਕਿਸਤਾਨ ਵਿੱਚ ਹੀ ਆਪਣਾ ਘਰ ਵਸਾ ਲਿਆ। ਉਨ੍ਹਾਂ ਦਾ ਵਿਆਹ ਮੁਜ਼ੱਫ਼ਰਾਬਾਦ ਦੇ ਚਕਾਰ ਇਲਾਕੇ ਵਿੱਚ ਹੋਇਆ ਸੀ।”

ਪਤਨੀ ਦੇ ਭਰਾ ਅਖ਼ਤਰ ਮੁਤਾਬਕ, ਇਰਫ਼ਾਨ ਸਾਲ 2008 ਤੱਕ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਰਹੇ। ਇਸ ਤੋਂ ਬਾਅਦ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਨੇਪਾਲ ਦੇ ਰਸਤੇ ਵਾਪਸ ਜੰਮੂ-ਕਸ਼ਮੀਰ ਚਲੇ ਗਏ। ਉੱਥੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ।

ਇਰਫ਼ਾਨ ਦੇ ਪਤਨੀ ਦੇ ਇੱਕ ਹੋਰ ਰਿਸ਼ਤੇਦਾਰ ਫ਼ਾਰੂਕ ਮੀਰ ਨੇ ਦੱਸਿਆ ਕਿ ਇਰਫ਼ਾਨ ਨੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਕਾਫ਼ੀ ਚੰਗਾ ਸਮਾਂ ਬਿਤਾਇਆ ਸੀ।

“ਵਿਆਹ ਤੋਂ ਬਾਅਦ ਉਨ੍ਹਾਂ ਦੇ ਦੋ ਬੱਚਿਆਂ ਦਾ ਜਨਮ ਵੀ ਇੱਥੇ ਹੀ ਹੋਇਆ ਸੀ। ਫ਼ਾਰੂਕ ਮੁਤਾਬਕ, ਇਰਫ਼ਾਨ ਆਪਣੇ ਪਰਿਵਾਰ ਨਾਲ ਬਹੁਤ ਖ਼ੁਸ਼ ਸਨ।”

ਫ਼ਾਰੂਕ ਮੀਰ ਨੇ ਦੱਸਿਆ ਕਿ ਇਰਫ਼ਾਨ ਦੇ ਮਾਤਾ-ਪਿਤਾ ਅਤੇ ਭੈਣ-ਭਰਾ ਅਜੇ ਵੀ ਜੰਮੂ-ਕਸ਼ਮੀਰ ਵਿੱਚ ਰਹਿੰਦੇ ਸਨ। ਇਸੇ ਕਾਰਨ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ 16 ਸਾਲ ਬਿਤਾਉਣ ਤੋਂ ਬਾਅਦ ਉਨ੍ਹਾਂ ਨੇ ਵਾਪਸ ਪਰਤਣ ਦਾ ਫ਼ੈਸਲਾ ਕੀਤਾ।

ਫ਼ਾਰੂਕ ਮੀਰ ਅਤੇ ਅਖ਼ਤਰ ਨੇ ਦੱਸਿਆ ਕਿ ਮਾਰਚ 2025 ਵਿੱਚ ਹੋਏ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ। ਇਸ ਦਾ ਅਸਰ ਇਰਫ਼ਾਨ ਹਸਨ ਸ਼ਾਹ ਦੇ ਪਰਿਵਾਰ ‘ਤੇ ਵੀ ਪਿਆ।

ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦਾ ਫ਼ੈਸਲਾ ਕੀਤਾ ਸੀ।

ਪਰਿਵਾਰ ਮੁਤਾਬਕ, ਇਸ ਫ਼ੈਸਲੇ ਤਹਿਤ ਇਰਫ਼ਾਨ ਦੇ ਪਤਨੀ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਪਾਕਿਸਤਾਨ ਵਾਪਸ ਡਿਪੋਰਟ ਕਰ ਦਿੱਤਾ ਗਿਆ। ਜਦਕਿ ਇਰਫ਼ਾਨ ਜੰਮੂ-ਕਸ਼ਮੀਰ ਵਿੱਚ ਹੀ ਰਹਿ ਗਏ।

ਇਰਫ਼ਾਨ ਦੇ ਪਤਨੀ ਫ਼ਿਲਹਾਲ ਮੁਜ਼ੱਫ਼ਰਾਬਾਦ ਵਿੱਚ ਆਪਣੇ ਭਰਾ ਨਾਲ ਰਹਿੰਦੇ ਹਨ।

ਮੁਜ਼ੱਫ਼ਰਾਬਾਦ ਵਿੱਚ ਰਹਿਣ ਵਾਲੇ ਉਨ੍ਹਾਂ ਦੀ ਪਤਨੀ ਦੇ ਰਿਸ਼ਤੇਦਾਰ ਮਕਸੂਦ ਮੁੰਤਜ਼ਿਰ ਨੇ ਦੱਸਿਆ ਕਿ ਮਾਤਾ-ਪਿਤਾ ਦੀ ਮੌਤ ਅਤੇ ਪਤਨੀ-ਬੱਚਿਆਂ ਤੋਂ ਵਿਛੋੜੇ ਕਾਰਨ ਇਰਫ਼ਾਨ ਆਪਣੇ ਪੁਸ਼ਤੈਨੀ ਇਲਾਕੇ ਵਿੱਚ ਇਕੱਲੇ ਰਹਿ ਗਏ ਸਨ।

“ਉਹ ਅਕਸਰ ਇਸ ਇੱਕਲਾਪੇ ਬਾਰੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਗੱਲ ਕਰਦੇ ਸਨ।”

ਮੁੰਤਜ਼ਿਰ ਮੁਤਾਬਕ, ਜਦੋਂ ਵੀ ਫ਼ੋਨ ‘ਤੇ ਉਨ੍ਹਾਂ ਦੀ ਗੱਲ ਹੁੰਦੀ ਸੀ, ਤਾਂ ਬੱਚਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਰਫ਼ਾਨ ਹੋਰ ਦੁਖੀ ਹੋ ਜਾਂਦੇ ਸਨ। ਉਹ ਲਗਾਤਾਰ ਪਰਿਵਾਰ ਨੂੰ ਮਿਲਣ ਦੇ ਤਰੀਕਿਆਂ ਬਾਰੇ ਸੋਚਦੇ ਰਹਿੰਦੇ ਸਨ।

ਮੁੰਤਜ਼ਿਰ ਦਾ ਕਹਿਣਾ ਹੈ ਕਿ ਸ਼ਾਇਦ ਇਰਫ਼ਾਨ ਨੂੰ ਲੱਗਾ ਹੋਵੇ ਕਿ ਜੇ ਉਹ ਨੀਲਮ ਨਦੀ ਪਾਰ ਕਰ ਲੈਣ, ਤਾਂ ਦੁਬਾਰਾ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲ ਸਕਣਗੇ।

ਪਿਤਾ ਦੀ ਮ੍ਰਿਤਕ ਦੇਹ ਬੱਚਿਆਂ ਤੱਕ ਪਹੁੰਚੀ

ਇਰਫ਼ਾਨ ਹਸਨ ਸ਼ਾਹ ਦੀ ਨਮਾਜ਼-ਏ-ਜਨਾਜ਼ਾ ਵਿੱਚ ਸ਼ਾਮਿਲ ਲੋਕ

ਇਰਫ਼ਾਨ ਸ਼ਾਹ ਦੀ ਮ੍ਰਿਤਕ ਦੇਹ ਨੂੰ ਸ਼ੁਰੂਆਤ ਵਿੱਚ ਸੀਐੱਮਐੱਚ ਹਸਪਤਾਲ ਲਿਜਾਇਆ ਗਿਆ ਸੀ।

ਜਦੋਂ ਇਰਫ਼ਾਨ ਦੀ ਦੇਹ ਪਤਨੀ ਅਤੇ ਬੱਚਿਆਂ ਦੇ ਘਰ ਪਹੁੰਚੀ, ਤਾਂ ਪਰਿਵਾਰ ਦੇ ਲੋਕ ਫੁੱਟ-ਫੁੱਟ ਕੇ ਰੋਣ ਲੱਗੇ। ਇਸ ਤੋਂ ਬਾਅਦ ਮੁਜ਼ੱਫ਼ਰਾਬਾਦ ਦੀ ਈਦਗਾਹ ਵਿੱਚ ਉਨ੍ਹਾਂ ਦੀ ਨਮਾਜ਼-ਏ-ਜਨਾਜ਼ਾ ਅਦਾ ਕੀਤੀ ਗਈ।

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਵੱਖ-ਵੱਖ ਕੈਂਪਾਂ ਵਿੱਚ ਕਰੀਬ 48 ਹਜ਼ਾਰ ਕਸ਼ਮੀਰੀ ਸ਼ਰਨਾਰਥੀ ਰਹਿੰਦੇ ਹਨ। ਇਹ ਸਾਰੇ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦੇ ਲੋਕ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਵੰਡੇ ਹੋਏ ਹਨ।

ਸ਼ਰਨਾਰਥੀ ਆਗੂ ਹਾਮਿਦ ਕਸ਼ਮੀਰੀ ਨੇ ਬੀਬੀਸੀ ਨੂੰ ਦੱਸਿਆ ਕਿ ਇਰਫ਼ਾਨ ਸ਼ਾਹ ਉਨ੍ਹਾਂ ਦੇ ਦੋਸਤ ਸਨ। ਜਦੋਂ ਇਰਫ਼ਾਨ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਰਹਿੰਦੇ ਸਨ, ਤਾਂ ਦੋਵੇਂ ਇਕੱਠੇ ਕਾਰੋਬਾਰ ਕਰਦੇ ਸਨ।

ਹਾਮਿਦ ਕਸ਼ਮੀਰੀ ਮੁਤਾਬਕ, ਪਤਨੀ ਅਤੇ ਬੱਚਿਆਂ ਨੂੰ ਡਿਪੋਰਟ ਕੀਤੇ ਜਾਣ ਤੋਂ ਬਾਅਦ ਇਰਫ਼ਾਨ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ।

ਹਾਲਾਂਕਿ, ਉਹ ਜਿਊਂਦੇ ਜੀਅ ਆਪਣੇ ਪਰਿਵਾਰ ਤੱਕ ਨਹੀਂ ਪਹੁੰਚ ਸਕੇ, ਪਰ ਆਖ਼ਰਕਾਰ ਉਨ੍ਹਾਂ ਦੀ ਦੇ ਮ੍ਰਿਤਕ ਦੇਹ ਉਨ੍ਹਾਂ ਦੇ ਪਤਨੀ ਅਤੇ ਬੱਚਿਆਂ ਤੱਕ ਪਹੁੰਚ ਗਈ।

ਉਨ੍ਹਾਂ ਕਿਹਾ ਕਿ ਸ਼ਰਨਾਰਥੀ ਕੈਂਪ ਵਿੱਚ ਕਈ ਪਰਿਵਾਰ ਇਸੇ ਤਰ੍ਹਾਂ ਦੀ ਅਨਿਸ਼ਚਿਤਤਾ ਵਿੱਚ ਜ਼ਿੰਦਗੀ ਬਿਤਾ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਆਪਣੇ ਵਿੱਛੜੇ ਹੋਏ ਪਰਿਵਾਰਕ ਮੈਂਬਰਾਂ ਨਾਲ ਦੁਬਾਰਾ ਕਦੋਂ ਅਤੇ ਕਿਹੜੇ ਹਾਲਾਤ ਵਿੱਚ ਮੁਲਾਕਾਤ ਹੋ ਸਕੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI