Home rss national punjabi2ਰਾਸ਼ਟਰੀ ਖ਼ਬਰਾਂ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਪੰਜ ਦਿਨਾਂ ਤੋਂ ਨੋ-ਮੈਨਜ਼ ਲੈਂਡ ਵਿੱਚ ਫਸੀ ਔਰਤ, ਕੋਈ...

ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਪੰਜ ਦਿਨਾਂ ਤੋਂ ਨੋ-ਮੈਨਜ਼ ਲੈਂਡ ਵਿੱਚ ਫਸੀ ਔਰਤ, ਕੋਈ ਵੀ ਦੇਸ਼ ਅਪਨਾਉਣ ਲਈ ਤਿਆਰ ਨਹੀਂ

7
0

Source :- BBC PUNJABI

ਇਹ ਔਰਤ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਜ਼ੀਰੋ ਲਾਈਨ ’ਤੇ ਫਸੀ ਹੋਈ ਹੈ

ਬੰਗਲਾਦੇਸ਼-ਭਾਰਤ ਸਰਹੱਦ ‘ਤੇ ਨੋ-ਮੈਨਜ਼ ਲੈਂਡ ਭਾਵ ਜ਼ੀਰੋ ਲਾਈਨ ‘ਤੇ ਇੱਕ ਔਰਤ ਖੁੱਲ੍ਹੇ ਆਸਮਾਨ ਹੇਠ ਸੁੱਕੇ ਘਾਹ ‘ਤੇ ਇੱਕ ਪਤਲਾ ਕੰਬਲ ਲੈ ਕੇ ਰਹਿ ਰਹੀ ਹੈ।

ਉੱਥੇ ਹੀ, ਸਰਹੱਦ ਦੇ ਦੋਵੇਂ ਪਾਸੇ ਬੰਗਲਾਦੇਸ਼ ਦੀ ਸਰਹੱਦੀ ਸੁਰੱਖਿਆ ਬਲ ਬੀਜੀਬੀ ਅਤੇ ਭਾਰਤੀ ਸਰਹੱਦੀ ਸੁਰੱਖਿਆ ਬਲ ਬੀਐੱਸਐੱਫ਼ ਦੇ ਜਵਾਨ ਸਖ਼ਤ ਰੁਖ਼ ਅਪਣਾਈ ਬੈਠੇ ਹਨ।

ਪਿਛਲੇ ਚਾਰ ਦਿਨਾਂ ਤੋਂ ਇਹੀ ਸਥਿਤੀ ਬੰਗਲਾਦੇਸ਼-ਭਾਰਤ ਸਰਹੱਦ ਨਾਲ ਲੱਗਦੇ ਜਮਾਲਪੁਰ ਜ਼ਿਲ੍ਹੇ ਦੇ ਦੇਵਾਨਗੰਜ ਉਪਜ਼ਿਲ੍ਹਾ ਦੇ ਪਾਥਰਰ ਚਰ ਸਰਹੱਦੀ ਖੇਤਰ ਵਿੱਚ ਬਣੀ ਹੋਈ ਹੈ।

ਇਸ ਘਟਨਾ ਨੇ ਇੱਕ ਬਹਿਸ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ਅਤੇ ਸਥਾਨਕ ਮੀਡੀਆ ਵਿੱਚ ਵੀ ਕਈ ਲੋਕ ਇਸ ਔਰਤ ਨੂੰ ਲੈ ਕੇ ਪੋਸਟਾਂ ਕਰ ਰਹੇ ਹਨ।

ਦਰਅਸਲ, ਮੰਗਲਵਾਰ ਸਵੇਰ ਤੋਂ ਹੀ ਔਰਤ ਸਰਹੱਦ ਦੀ ਜ਼ੀਰੋ ਲਾਈਨ ‘ਤੇ ਫਸੀ ਹੋਈ ਹੈ। ਬੰਗਲਾਦੇਸ਼ ਅਤੇ ਭਾਰਤ, ਦੋਵਾਂ ਵਿੱਚੋਂ ਕੋਈ ਵੀ ਦੇਸ਼ ਉਨ੍ਹਾਂ ਨੂੰ ਆਪਣਾ ਨਾਗਰਿਕ ਮੰਨ ਕੇ ਅਪਨਾਉਣ ਲਈ ਤਿਆਰ ਨਹੀਂ ਹੈ।

ਬੀਜੀਬੀ ਦਾ ਕਹਿਣਾ ਹੈ ਕਿ ਭਾਰਤ ਦੀ ਬਾਰਡਰ ਸਕਿਓਰਿਟੀ ਫੋਰਸ (ਬੀਐੱਸਐੱਫ਼) ਨੇ ਜ਼ਬਰਦਸਤੀ ਔਰਤ ਨੂੰ ਬੰਗਲਾਦੇਸ਼ ਵਿੱਚ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ।

ਸਥਾਨਕ ਵਸਨੀਕਾਂ ਅਤੇ ਬੰਗਲਾਦੇਸ਼ ਦੀ ਸਰਹੱਦੀ ਸੁਰੱਖਿਆ ਬਲ ਨੇ ਉਨ੍ਹਾਂ ਦੇ ਗ਼ੈਰ-ਕਾਨੂੰਨੀ ਤਰੀਕੇ ਨਾਲ ਬੰਗਲਾਦੇਸ਼ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਨੂੰ ਰੋਕ ਦਿੱਤਾ ਸੀ।

ਇਸ ਤੋਂ ਬਾਅਦ ਤੋਂ ਹੀ ਉਹ ਦੋਵਾਂ ਦੇਸ਼ਾਂ ਦੀ ਸਰਹੱਦ ਵਿਚਕਾਰ ਜ਼ੀਰੋ ਲਾਈਨ ‘ਤੇ ਫਸੀ ਹੋਈ ਹੈ। ਘਟਨਾ ਨੂੰ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਦੇਸ਼ ਉਨ੍ਹਾਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ।

ਇਸ ਮਾਮਲੇ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੇ ਸਰਹੱਦੀ ਸੁਰੱਖਿਆ ਬਲਾਂ ਵਿਚਾਲੇ ਗ਼ੈਰ-ਰਸਮੀ ਗੱਲਬਾਤ ਵੀ ਹੋਈ, ਪਰ ਕੋਈ ਹੱਲ ਨਹੀਂ ਨਿਕਲਿਆ। ਸ਼ੁੱਕਰਵਾਰ ਦੁਪਹਿਰ ਤੱਕ ਦੋਵੇਂ ਧਿਰਾਂ ਆਪੋ-ਆਪਣੇ ਰੁਖ਼ ‘ਤੇ ਅੜੀਆਂ ਹੋਈਆਂ ਸਨ।

ਇਸ ਮਾਮਲੇ ‘ਤੇ ਖ਼ਬਰ ਲਿਖੇ ਜਾਣ ਤੱਕ ਬੀਐੱਸਐੱਫ਼ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਬੀਐੱਸਐੱਫ਼ ਦੀ ਪ੍ਰਤੀਕਿਰਿਆ ਮਿਲਣ ‘ਤੇ ਇਸ ਖ਼ਬਰ ਨੂੰ ਅਪਡੇਟ ਕੀਤਾ ਜਾਵੇਗਾ।

ਪਛਾਣ ਨੂੰ ਲੈ ਕੇ ਸਵਾਲ

ਔਰਤ ਖੁੱਲ੍ਹੇ ਮੈਦਾਨ ਵਿੱਚ ਰਹਿਣ ਲਈ ਮਜਬੂਰ ਹੈ

ਅਜਿਹੀ ਸਥਿਤੀ ਵਿੱਚ ਇਹ ਔਰਤ ਹਰ ਰੋਜ਼ ਖੁੱਲ੍ਹੇ ਮੈਦਾਨ ਵਿੱਚ, ਆਸਮਾਨ ਹੇਠ ਰਹਿਣ ਲਈ ਮਜਬੂਰ ਹੈ।

ਬੰਗਲਾਦੇਸ਼-ਭਾਰਤ ਸਰਹੱਦ ‘ਤੇ ਨੋ-ਮੈਨਜ਼ ਲੈਂਡ ਵਿੱਚ ਫਸੀ ਇਸ ਔਰਤ ਦੀ ਪਛਾਣ ਅਜੇ ਤੱਕ ਤੈਅ ਨਹੀਂ ਹੋ ਸਕੀ ਹੈ।

ਉਹ ਬੰਗਲਾਦੇਸ਼ ਦੀ ਨਾਗਰਿਕ ਹੈ ਜਾਂ ਭਾਰਤ ਦੀ, ਇਸ ਮੁੱਦੇ ‘ਤੇ ਬੀਜੀਬੀ ਅਤੇ ਬੀਐੱਸਐੱਫ਼ ਇੱਕ-ਦੂਜੇ ਦੇ ਉਲਟ ਦਾਅਵੇ ਕਰ ਰਹੇ ਹਨ।

ਪਰ ਦੋਵਾਂ ਵਿੱਚੋਂ ਕੋਈ ਵੀ ਧਿਰ ਔਰਤ ਨੂੰ ਆਪਣੇ ਇਲਾਕੇ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦੇ ਰਹੀ।

ਸ਼ੁੱਕਰਵਾਰ ਦੁਪਹਿਰ ਪਾਥਰਰ ਚਰ ਸਰਹੱਦੀ ਇਲਾਕੇ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਘਟਨਾ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਸਥਾਨਕ ਲੋਕ ਔਰਤ ਤੱਕ ਚੌਲ, ਬਿਸਕੁਟ ਅਤੇ ਬਰੈੱਡ ਵਰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੇ ਸਨ। ਪਰ ਸ਼ੁੱਕਰਵਾਰ ਨੂੰ ਇਹ ਵੀ ਸੰਭਵ ਨਹੀਂ ਹੋ ਸਕਿਆ।

ਚਾਰ ਦਿਨਾਂ ਤੋਂ ਇਹ ਔਰਤ ਧੁੱਪ ਅਤੇ ਠੰਢ ਸਹਿੰਦੇ ਹੋਏ ਅਣਮਨੁੱਖੀ ਹਾਲਾਤ ਵਿੱਚ ਰਹਿਣ ਲਈ ਮਜਬੂਰ ਹੈ।

ਦੋਵਾਂ ਦੇਸ਼ਾਂ ਦੇ ਸਰਹੱਦੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਮੌਜੂਦਗੀ ਵਿੱਚ ਸਥਾਨਕ ਮੀਡੀਆ ਦੇ ਕੁਝ ਪੱਤਰਕਾਰਾਂ ਨੇ ਔਰਤ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਵਿੱਚੋਂ ਇੱਕ, ਜਮਾਲਪੁਰ ਦੇ ਜੀਐੱਮ ਫਾਤਿਉਲ ਹਾਫਿਜ਼ ਬਾਬੂ ਨੇ ਬੀਬੀਸੀ ਬਾਂਗਲਾ ਨੂੰ ਦੱਸਿਆ ਕਿ ਔਰਤ ਆਪਣਾ ਪੱਕਾ ਪਤਾ ਨਹੀਂ ਦੱਸ ਪਾ ਰਹੀ ਹੈ।

ਸ੍ਰੀ ਬਾਬੂ ਨੇ ਦੱਸਿਆ, “ਉਨ੍ਹਾਂ ਨੇ ਆਪਣਾ ਨਾਂ ਫੁਜੀ ਬੇਗ਼ਮ, ਪਿਤਾ ਦਾ ਨਾਂ ਹਨੀਫ਼ ਅਤੇ ਉਮਰ ਲਗਭਗ 30 ਸਾਲ ਦੱਸੀ ਹੈ। ਇੱਕ ਵਾਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਘਰ ਬੰਗਲਾਦੇਸ਼ ਦੇ ਪਿਰੋਜਪੁਰ ਜ਼ਿਲ੍ਹੇ ਵਿੱਚ ਹੈ, ਫਿਰ ਝਾਲੋਕਾਠੀ ਅਤੇ ਇੱਕ ਵਾਰ ਬਰੀਸ਼ਾਲ ਦੱਸਿਆ।”

ਸ੍ਰੀ ਬਾਬੂ ਨੇ ਇਹ ਵੀ ਦਾਅਵਾ ਕੀਤਾ ਕਿ ਔਰਤ ਦੀਆਂ ਗੱਲਾਂ ਵਿੱਚ ਇਕਸਾਰਤਾ ਨਹੀਂ ਹੈ।

ਬੰਗਲਾਦੇਸ਼

ਉਨ੍ਹਾਂ ਨੇ ਬੀਬੀਸੀ ਬਾਂਗਲਾ ਨੂੰ ਕਿਹਾ, “ਉਨ੍ਹਾਂ ਨੂੰ ਦੇਖ ਕੇ ਅਤੇ ਉਨ੍ਹਾਂ ਨਾਲ ਗੱਲ ਕਰਕੇ ਉਹ ਅਸਾਧਾਰਨ ਲੱਗੀ। ਉਹ ਜ਼ੀਰੋ ਲਾਈਨ ‘ਤੇ ਅਣਮਨੁੱਖੀ ਹਾਲਾਤ ਵਿੱਚ ਜ਼ਿੰਦਗੀ ਬਿਤਾ ਰਹੀ ਹੈ। ਉਧਰ ਜਾਣ ‘ਤੇ ਬੀਐੱਸਐੱਫ਼ ਰੋਕਦਾ ਹੈ ਅਤੇ ਇਧਰ ਆਉਣ ‘ਤੇ ਬੀਜੀਬੀ ਰੋਕ ਦਿੰਦਾ ਹੈ।”

ਸ਼ੁੱਕਰਵਾਰ ਦੁਪਹਿਰ ਬੀਬੀਸੀ ਬਾਂਗਲਾ ਨੇ ਇਸ ਇਲਾਕੇ ਦੇ ਕੁਝ ਸਥਾਨਕ ਵਸਨੀਕਾਂ ਨਾਲ ਵੀ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ ਘਟਨਾ ਦੇ ਸ਼ੁਰੂਆਤੀ ਕੁਝ ਦਿਨਾਂ ਤੱਕ ਔਰਤ ਕੋਲ ਕੁਝ ਸੁੱਕਾ ਖਾਣਾ ਪਹੁੰਚਾਉਣਾ ਸੰਭਵ ਸੀ, ਪਰ ਸ਼ੁੱਕਰਵਾਰ ਨੂੰ ਇਹ ਵੀ ਬੰਦ ਹੋ ਗਿਆ।

ਇਲਾਕੇ ਦੇ ਇੱਕ ਵਸਨੀਕ ਨੇ ਬੀਬੀਸੀ ਬਾਂਗਲਾ ਨੂੰ ਦੱਸਿਆ, “ਬਹੁਤ ਸਾਰੇ ਲੋਕ ਸਰਹੱਦ ‘ਤੇ ਉਸ ਔਰਤ ਨੂੰ ਦੇਖਣ ਆ ਰਹੇ ਹਨ। ਪਿਛਲੇ ਕੁਝ ਦਿਨਾਂ ਵਿੱਚ ਅਸੀਂ ਥੋੜ੍ਹਾ ਨੇੜੇ ਜਾ ਕੇ ਉਨ੍ਹਾਂ ਨੂੰ ਦੇਖ ਸਕਦੇ ਸੀ, ਪਰ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਦੇਖਣਾ ਵੀ ਸੰਭਵ ਨਹੀਂ ਹੋਇਆ ਅਤੇ ਨਾ ਹੀ ਅਸੀਂ ਉਨ੍ਹਾਂ ਨੂੰ ਖਾਣਾ ਦੇ ਸਕੇ।”

ਸਥਾਨਕ ਮੀਡੀਆ ਕਰਮੀ ਫਰਹਾਦ ਰੇਜ਼ਾ ਨੇ ਦਾਅਵਾ ਕੀਤਾ ਕਿ ਬੀਜੀਬੀ ਨਾਲ ਗੱਲਬਾਤ ਕਰਕੇ ਸਥਾਨਕ ਲੋਕ ਪਿਛਲੇ ਕੁਝ ਦਿਨਾਂ ਤੋਂ ਔਰਤ ਤੱਕ ਸੁੱਕਾ ਖਾਣਾ ਅਤੇ ਪਾਣੀ ਦੀਆਂ ਬੋਤਲਾਂ ਪਹੁੰਚਾ ਰਹੇ ਸਨ, ਪਰ ਸ਼ੁੱਕਰਵਾਰ ਨੂੰ ਬੀਐੱਸਐੱਫ਼ ਨੇ ਇਸ ‘ਤੇ ਇਤਰਾਜ਼ ਜਤਾਇਆ।

ਉਨ੍ਹਾਂ ਨੇ ਬੀਬੀਸੀ ਬਾਂਗਲਾ ਨੂੰ ਕਿਹਾ, “ਮੀਡੀਆ ਕਰਮੀ ਪਿਛਲੇ ਕੁਝ ਦਿਨਾਂ ਤੋਂ ਰਿਪੋਰਟਿੰਗ ਲਈ ਨੇੜੇ ਤੋਂ ਹੀ ਫੁਟੇਜ ਲੈ ਸਕਦੇ ਸਨ, ਪਰ ਸ਼ੁੱਕਰਵਾਰ ਤੋਂ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਹੈ। ਉਨ੍ਹਾਂ ਨੇ ਸਾਨੂੰ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ।”

ਜਮਾਲਪੁਰ 35 ਬੀਜੀਬੀ ਦੇ ਕਮਾਂਡਰ ਲੈਫਟੀਨੈਂਟ ਕਰਨਲ ਹਸਨੁਰ ਰਹਿਮਾਨ ਨੇ ਬੀਬੀਸੀ ਬਾਂਗਲਾ ਨੂੰ ਕਿਹਾ, “ਉਹ ਸਾਨੂੰ ਕੋਈ ਪੱਕਾ ਪਤਾ ਨਹੀਂ ਦੱਸ ਪਾ ਰਹੀ ਹੈ। ਉਹ ਕੁਝ ਅਧੂਰੀ ਜਾਣਕਾਰੀ ਦੇ ਰਹੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨਾਲ ਆਮ ਤਰੀਕੇ ਨਾਲ ਗੱਲਬਾਤ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ।”

ਸਰਹੱਦ ‘ਤੇ ਗਸ਼ਤ ਵਧਾਈ ਗਈ

ਭਾਰਤ ਅਤੇ ਬੰਗਲਾਦੇਸ਼

ਜਮਾਲਪੁਰ ਦੇ ਪਾਥਰਰ ਚਰ ਸਰਹੱਦੀ ਇਲਾਕੇ ਵਿੱਚ ਜ਼ੀਰੋ ਲਾਈਨ ‘ਤੇ ਮੌਜੂਦ ਔਰਤ ਬੰਗਲਾਦੇਸ਼ ਦੀ ਨਾਗਰਿਕ ਹੈ ਜਾਂ ਭਾਰਤ ਦੀ, ਇਹ ਸਵਾਲ ਹੁਣ ਸਭ ਤੋਂ ਅਹਿਮ ਹੋ ਗਿਆ ਹੈ।

ਇਸ ਮੁੱਦੇ ‘ਤੇ ਲੈਫਟੀਨੈਂਟ ਕਰਨਲ ਹਸਨੁਰ ਰਹਿਮਾਨ ਨੇ ਸਰਹੱਦ ‘ਤੇ ਸਖ਼ਤ ਰੁਖ਼ ਅਪਣਾਉਣ ਦੀ ਗੱਲ ਕਹੀ ਹੈ।

ਉਨ੍ਹਾਂ ਕਿਹਾ, “ਸਰਹੱਦ ‘ਤੇ ਬੀਐੱਸਐੱਫ਼ ਵੀ ਹੈ ਅਤੇ ਬੀਜੀਬੀ ਵੀ। ਉਹ ਔਰਤ ਪਹਿਲਾਂ ਵਾਂਗ ਹੀ ਜ਼ੀਰੋ ਲਾਈਨ ‘ਤੇ ਬੈਠੀ ਹੋਈ ਹੈ। ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ।”

ਰਹਿਮਾਨ ਨੇ ਇਹ ਵੀ ਦਾਅਵਾ ਕੀਤਾ ਕਿ ਬੀਜੀਬੀ ਕੋਲ ਇਸ ਗੱਲ ਦੇ ਸਬੂਤ ਹਨ ਕਿ ਭਾਰਤੀ ਸਰਹੱਦੀ ਸੁਰੱਖਿਆ ਬਲ ਨੇ ਨੋ-ਮੈਨਜ਼ ਲੈਂਡ ਵਿੱਚ ਮੌਜੂਦ ਔਰਤ ਨੂੰ ਜ਼ਬਰਦਸਤੀ ਬੰਗਲਾਦੇਸ਼ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਕਿਹਾ, “ਉਹ (ਬੀਐੱਸਐੱਫ਼) ਕਹਿੰਦੇ ਹਨ ਕਿ ਉਹ ਬੰਗਲਾਦੇਸ਼ ਦੀ ਨਾਗਰਿਕ ਹੈ, ਜਦਕਿ ਅਸੀਂ ਕਹਿ ਰਹੇ ਹਾਂ ਕਿ ਉਸ ਨੂੰ ਭਾਰਤ ਤੋਂ ਧੱਕ ਕੇ ਇੱਥੇ ਭੇਜਿਆ ਗਿਆ ਹੈ। ਸਾਡੇ ਕੋਲ ਇਸ ਗੱਲ ਦੇ ਸਬੂਤ ਹਨ ਕਿ ਉਨ੍ਹਾਂ ਨੇ ਉਸ ਨੂੰ ਧੱਕਿਆ ਸੀ। ਪਰ ਉਹ ਇਸ ਗੱਲ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ।”

ਰਹਿਮਾਨ ਨੇ ਦੱਸਿਆ ਕਿ ਇਸ ਮੁੱਦੇ ‘ਤੇ ਗੁਆਂਢੀ ਦੇਸ਼ ਦੇ ਸਰਹੱਦੀ ਸੁਰੱਖਿਆ ਬਲ ਨਾਲ ਗੱਲਬਾਤ ਜਾਰੀ ਹੈ।

ਉਨ੍ਹਾਂ ਕਿਹਾ, “ਬੀਜੀਬੀ ਅਤੇ ਬੀਐੱਸਐੱਫ਼ ਵਿਚਾਲੇ ਲਗਾਤਾਰ ਸੰਪਰਕ ਬਣਿਆ ਹੋਇਆ ਹੈ। ਸਾਡੇ ਅਧਿਕਾਰੀਆਂ ਦੇ ਪੱਧਰ ‘ਤੇ ਵੀ ਗੱਲਬਾਤ ਹੋ ਰਹੀ ਹੈ।”

ਹਾਲਾਂਕਿ, ਚਾਰ ਦਿਨਾਂ ਤੋਂ ਅਣਮਨੁੱਖੀ ਹਾਲਾਤ ਵਿੱਚ ਸਰਹੱਦ ਦੀ ਜ਼ੀਰੋ ਲਾਈਨ ‘ਤੇ ਰਹਿ ਰਹੀ ਇਸ ਔਰਤ ਦੇ ਮਾਮਲੇ ਵਿੱਚ ਦੋਵਾਂ ਦੇਸ਼ਾਂ ਦੇ ਸਰਹੱਦੀ ਸੁਰੱਖਿਆ ਬਲਾਂ ਵਿਚਾਲੇ ਫਲੈਗ ਮੀਟਿੰਗ ਹੋਣ ਦੀ ਕੋਈ ਸੰਭਾਵਨਾ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਇਸ ਕਾਰਨ ਔਰਤ ਨੂੰ ਸਰਹੱਦ ਤੋਂ ਹਟਾਉਣ ਦਾ ਮਾਮਲਾ ਅਜੇ ਵੀ ਅਨਿਸ਼ਚਿਤ ਬਣਿਆ ਹੋਇਆ ਹੈ।

ਇਸ ਤੋਂ ਪਹਿਲਾਂ ਇਸੇ ਸਾਲ ਜੂਨ ਵਿੱਚ ਵੀ ਕੁੜੀਗ੍ਰਾਮ ਦੇ ਰੌਮਾਰੀ ਸਰਹੱਦੀ ਇਲਾਕੇ ਵਿੱਚ ਕਥਿਤ ਤੌਰ ‘ਤੇ ਪੁਸ਼-ਇਨ ਦਾ ਸ਼ਿਕਾਰ ਹੋਏ ਇੱਕ ਪਰਿਵਾਰ ਦੇ ਚਾਰ ਮੈਂਬਰਾਂ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ, ਨੂੰ 96 ਘੰਟਿਆਂ ਬਾਅਦ ਬਚਾਇਆ ਗਿਆ ਸੀ।

ਇਸ ਤੋਂ ਇਲਾਵਾ, ਜਮਾਲਪੁਰ ਦੇ ਕਮਾਲਪੁਰ ਸਰਹੱਦੀ ਇਲਾਕੇ ਤੋਂ ਸ਼ਸ਼ਠੀ ਚੰਦਰ ਬਰਮਨ ਨਾਂ ਦੇ ਇੱਕ ਵਿਅਕਤੀ ਅਤੇ ਇਸੇ ਜ਼ਿਲ੍ਹੇ ਦੇ ਝਾਓਡਾਂਗਾ ਸਰਹੱਦੀ ਇਲਾਕੇ ਤੋਂ ਇੱਕ ਨੌਜਵਾਨ ਨੂੰ ਕਥਿਤ ਤੌਰ ‘ਤੇ ਪੁਸ਼-ਇਨ ਕੀਤੇ ਜਾਣ ਦੀਆਂ ਘਟਨਾਵਾਂ ਨੇ ਵੀ ਵਿਆਪਕ ਚਰਚਾ ਨੂੰ ਜਨਮ ਦਿੱਤਾ ਸੀ।

ਭਾਰਤ-ਬੰਗਲਾਦੇਸ਼ ਸਬੰਧ

ਸਰਹੱਦ 'ਤੇ ਭਾਰਤ ਅਤੇ ਬੰਗਲਾਦੇਸ਼ ਦੇ ਸੁਰੱਖਿਆ ਬਲ

ਸਾਲ 2024 ਵਿੱਚ ਬੰਗਲਾਦੇਸ਼ ਵਿੱਚ ਸਿਆਸੀ ਸੱਤਾ ਤਬਦੀਲੀ ਤੋਂ ਬਾਅਦ ਹੀ ਬੰਗਲਾਦੇਸ਼ ਅਤੇ ਭਾਰਤ ਦੇ ਸਬੰਧਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਉਦੋਂ ਤੋਂ ਸਰਹੱਦੀ ਇਲਾਕਿਆਂ ਵਿੱਚ ਵਾਪਰਨ ਵਾਲੀਆਂ ਵੱਖ-ਵੱਖ ਘਟਨਾਵਾਂ ਕਾਰਨ ਸਮੇਂ-ਸਮੇਂ ‘ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਹੁੰਦਾ ਰਿਹਾ ਹੈ।

ਖ਼ਾਸ ਤੌਰ ‘ਤੇ, ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਘੁਸਪੈਠ ਦੀਆਂ ਘਟਨਾਵਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਸਰਹੱਦੀ ਸੁਰੱਖਿਆ ਬਲ ਕਈ ਵਾਰ ਆਹਮੋ-ਸਾਹਮਣੇ ਆ ਚੁੱਕੇ ਹਨ।

ਬੰਗਲਾਦੇਸ਼ ਨੇ ਕਈ ਮੌਕਿਆਂ ‘ਤੇ ਗੁਆਂਢੀ ਦੇਸ਼ ਭਾਰਤ ‘ਤੇ ਇਲਜ਼ਾਮ ਲਾਇਆ ਹੈ ਕਿ ਉਹ ਲੋਕਾਂ ਨੂੰ ਬੰਗਲਾਦੇਸ਼ੀ ਨਾਗਰਿਕ ਦੱਸ ਕੇ ਜ਼ਬਰਦਸਤੀ ਸਰਹੱਦ ਪਾਰ ਕਰਵਾ ਕੇ ਬੰਗਲਾਦੇਸ਼ ਵਿੱਚ ਦਾਖ਼ਲ ਕਰਵਾ ਰਿਹਾ ਹੈ।

ਇਸ ਪ੍ਰਕਿਰਿਆ ਨੂੰ ‘ਪੁਸ਼-ਇਨ’ ਕਿਹਾ ਜਾਂਦਾ ਹੈ। ਹਾਲਾਂਕਿ, ਬੀਐੱਸਐੱਫ਼ ਹਮੇਸ਼ਾ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦਾ ਰਿਹਾ ਹੈ।

ਇਸ ਮੁੱਦੇ ‘ਤੇ ਬੰਗਲਾਦੇਸ਼ ਦੀ ਕੌਮੀ ਸੰਸਦ ਵਿੱਚ ਵੀ ਕਈ ਵਾਰ ਚਰਚਾ ਹੋ ਚੁੱਕੀ ਹੈ। ਸਰਕਾਰ ਨੂੰ ਕਈ ਮੌਕਿਆਂ ‘ਤੇ ਵਿਰੋਧੀ ਪਾਰਟੀਆਂ ਦੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਹਾਲ ਹੀ ਵਿੱਚ ਬੰਗਲਾਦੇਸ਼ ਦੀ ਕੌਮੀ ਸੰਸਦ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਸਲਾਹੁਦੀਨ ਅਹਿਮਦ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ ‘ਤੇ ਸਰਹੱਦੀ ਸੁਰੱਖਿਆ ਬਲ ਵੱਲੋਂ ਸਖ਼ਤ ਰੁਖ਼ ਅਪਣਾਏ ਜਾਣ ਕਾਰਨ ਅੰਤਰਿਮ ਸਰਕਾਰ ਦੇ ਕਾਰਜਕਾਲ ਦੇ ਮੁਕਾਬਲੇ ਗੁਆਂਢੀ ਦੇਸ਼ ਤੋਂ ਹੋਣ ਵਾਲੀਆਂ ਪੁਸ਼-ਇਨ ਦੀਆਂ ਘਟਨਾਵਾਂ ਵਿੱਚ ਕਾਫ਼ੀ ਕਮੀ ਆਈ ਹੈ।

ਉਨ੍ਹਾਂ ਕਿਹਾ ਕਿ ਬੀਐੱਨਪੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ, 1 ਜਨਵਰੀ 2025 ਤੋਂ 16 ਫਰਵਰੀ 2026 ਦਰਮਿਆਨ ਭਾਰਤ ਤੋਂ 2,482 ਲੋਕਾਂ ਨੂੰ ਪੁਸ਼-ਇਨ ਕੀਤਾ ਗਿਆ ਸੀ।

ਪਰ ਇਸ ਤੋਂ ਬਾਅਦ ਇਸ ਸਾਲ 8 ਨਵੰਬਰ ਤੱਕ ਪੁਸ਼-ਇਨ ਕੀਤੇ ਗਏ ਲੋਕਾਂ ਦੀ ਗਿਣਤੀ ਘਟ ਕੇ 37 ਰਹਿ ਗਈ ਹੈ।

ਉਨ੍ਹਾਂ ਕਿਹਾ, “ਪੱਛਮੀ ਬੰਗਾਲ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਬੰਗਲਾਦੇਸ਼ ਦੀ ਪੂਰੀ ਸਰਹੱਦ ‘ਤੇ ਜਿਸ ਪੱਧਰ ‘ਤੇ ਪੁਸ਼-ਇਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਅਸੀਂ ਉਨ੍ਹਾਂ ਦਾ ਬੇਹੱਦ ਸਬਰ ਨਾਲ ਸਾਹਮਣਾ ਕੀਤਾ।”

ਇਸ ਤੋਂ ਇਲਾਵਾ, ਅਹਿਮਦ ਨੇ ਦਾਅਵਾ ਕੀਤਾ ਕਿ ਬੀਐੱਨਪੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬੰਗਲਾਦੇਸ਼-ਭਾਰਤ ਸਰਹੱਦ ‘ਤੇ ਹੱਤਿਆਵਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI