Home rss national punjabi2ਰਾਸ਼ਟਰੀ ਖ਼ਬਰਾਂ ਰੀੜ੍ਹ ਦੀ ਹੱਡੀ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ 4 ਕਸਰਤਾਂ ਤੋਂ ਬਚੋ

ਰੀੜ੍ਹ ਦੀ ਹੱਡੀ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ 4 ਕਸਰਤਾਂ ਤੋਂ ਬਚੋ

2
0

Source :- BBC PUNJABI

ਸੰਕੇਤਕ ਤਸਵੀਰ

ਸਾਡੀ ਰੀੜ੍ਹ ਦੀ ਹੱਡੀ ਵਿਕਾਸ ਦਾ ਇੱਕ ਅਜੂਬਾ ਹੈ, ਇਹ ਨਾ ਸਿਰਫ਼ ਸਾਨੂੰ ਖੜ੍ਹੇ ਹੋਣ ਅਤੇ ਤੁਰਨ ਦੇ ਯੋਗ ਬਣਾਉਣ ਵਾਲਾ ਹੱਡੀਆਂ ਦਾ ਢਾਂਚਾ ਪ੍ਰਦਾਨ ਕਰਦੀ ਹੈ, ਸਗੋਂ ਲੱਖਾਂ ਨਾੜੀਆਂ ਇਸਦੇ ਨਾਲ-ਨਾਲ ਹੇਠਾਂ ਆਉਂਦੀਆਂ ਹਨ, ਦਿਮਾਗ ਨੂੰ ਸਰੀਰ ਦੇ ਬਾਕੀ ਹਿੱਸੇ ਨਾਲ ਜੋੜਦੀਆਂ ਹਨ।

ਇਹ ਸਾਡੇ ਸਰੀਰ ਦਾ ਇੰਨਾ ਬੁਨਿਆਦੀ ਹਿੱਸਾ ਹੈ ਕਿ ਜ਼ਿਆਦਾਤਰ ਸਮਾਂ ਅਸੀਂ ਇਸ ਬਾਰੇ ਸੋਚਦੇ ਵੀ ਨਹੀਂ ਹਾਂ। ਪਰ ਇਹ ਸਭ ਕੁਝ ਉਸ ਦਿਨ ਬਦਲ ਜਾਂਦਾ ਹੈ, ਜਦੋਂ ਅਸੀਂ ਫਰਸ਼ ਤੋਂ ਕੋਈ ਚੀਜ਼ ਚੁੱਕਣ ਲਈ ਹੇਠਾਂ ਝੁਕਦੇ ਹਾਂ ਅਤੇ ਅੱਧ ਵਿਚਾਲੇ ਹੀ ਫਸ ਕੇ ਰਹਿ ਜਾਂਦੇ ਹਾਂ।

ਇਹ ਤਜਰਬਾ ਕੋਈ ਅਸਾਧਾਰਨ ਗੱਲ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ, 2020 ਵਿੱਚ ਦੁਨੀਆ ਭਰ ਦੇ 61.9 ਕਰੋੜ ਲੋਕ ਪਿੱਠ ਦੇ ਹੇਠਲੇ ਹਿੱਸੇ ਦੇ ਦਰਦ ਤੋਂ ਪੀੜਤ ਸਨ ਅਤੇ ਇਹ ਵਿਸ਼ਵ ਪੱਧਰ ‘ਤੇ ਅਪਾਹਜਤਾ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਕੋਲੰਬੀਆ ਦੀ ਫਿਜ਼ੀਏਟ੍ਰਿਸਟ ਵਿਕਟੋਰੀਆ ਮੋਰਾਲੇਸ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਦਰਦ, ਖ਼ਾਸ ਤੌਰ ‘ਤੇ ਪਿੱਠ ਦੇ ਹੇਠਲੇ ਹਿੱਸੇ ਦਾ ਦਰਦ, ਦੁਨੀਆ ਭਰ ਵਿੱਚ ਡਾਕਟਰੀ ਸਲਾਹ ਲੈਣ ਦੇ ਦੂਜੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ।”

ਇਸ ਸਮੱਸਿਆ ਦਾ ਇੱਕ ਕਾਰਨ ਉਸੇ ਵਿਕਾਸਵਾਦੀ ਪ੍ਰਕਿਰਿਆ ਨਾਲ ਜੁੜਿਆ ਹੈ, ਜਿਸ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ। ਇਹ ਚਾਰ ਲੱਤਾਂ ‘ਤੇ ਚੱਲਣ ਵਾਲੀ ਪ੍ਰਜਾਤੀ ਤੋਂ ਦੋ ਲੱਤਾਂ ‘ਤੇ ਚੱਲਣ ਵਾਲੀ ਪ੍ਰਜਾਤੀ ਵਿੱਚ ਤਬਦੀਲੀ ਹੈ। ਸਿੱਧੇ ਖੜ੍ਹੇ ਹੋ ਕੇ ਤੁਰਨ ਦਾ ਮਤਲਬ ਹੈ ਕਿ ਰੀੜ੍ਹ ਦੀ ਹੱਡੀ ਨੂੰ ਪੂਰੇ ਸਰੀਰ ਦਾ ਭਾਰ ਸੰਤੁਲਿਤ ਕਰਨਾ ਪੈਂਦਾ ਹੈ, ਜਿਸ ਕਾਰਨ ਮਾਸਪੇਸ਼ੀਆਂ ਦੇ ਸੰਤੁਲਨ ਵਿੱਚ ਕਿਸੇ ਵੀ ਵੱਡੀ ਗੜਬੜੀ ਪ੍ਰਤੀ ਇਹ ਸੰਵੇਦਨਸ਼ੀਲ ਹੋ ਜਾਂਦੀ ਹੈ।

ਡਾਕਟਰ ਵਿਕਟੋਰੀਆ ਮੋਰਾਲੇਸ

ਮਿਆਮੀ ਦੇ ਕੋਰੂ ਸੈਂਟਰ ਦੇ ਫਿਜ਼ੀਓਥੈਰੇਪਿਸਟ ਪੀਅਰੇ ਅਹਮਾਰ ਲਾਵਾਂਡ ਦੱਸਦੇ ਹਨ ਕਿ ਆਧੁਨਿਕ ਜੀਵਨ ਦੀ ਬੈਠਣ ਵਾਲੀ ਜੀਵਨਸ਼ੈਲੀ ਨੇ ਮਾਸਪੇਸ਼ੀਆਂ ਦੇ ਸੰਤੁਲਨ ਵਿੱਚ ਅਜਿਹੀਆਂ ਗੜਬੜੀਆਂ ਨੂੰ ਵਧੇਰੇ ਆਮ ਬਣਾ ਦਿੱਤਾ ਹੈ ਅਤੇ ਇਸ ਨਾਲ ਰੀੜ੍ਹ ਦੀ ਹੱਡੀ ਲਈ ਖ਼ਤਰੇ ਵੀ ਵਧ ਗਏ ਹਨ।

ਉਹ ਬੀਬੀਸੀ ਮੁੰਡੋ ਨੂੰ ਦੱਸਦੇ ਹਨ, “ਜਦੋਂ ਅਸੀਂ ਖੜ੍ਹੇ ਹੁੰਦੇ ਹਾਂ ਤਾਂ ਲਗਾਤਾਰ ਗੁਰੂਤਾ ਖਿੱਚ ਦੇ ਵਿਰੁੱਧ ਲੜ ਰਹੇ ਹੁੰਦੇ ਹਾਂ।”

“ਜੇਕਰ ਮੇਰੇ ਵਿੱਚ ਤਾਕਤ ਅਤੇ ਸਰੀਰ ਦੀ ਬਾਇਓਮਕੈਨਿਕਸ ਦੇ ਲਿਹਾਜ਼ ਨਾਲ ਇਸ ਬਲ ਦਾ ਮੁਕਾਬਲਾ ਕਰਨ ਦੀ ਸਮਰੱਥਾ ਨਹੀਂ ਹੈ, ਤਾਂ ਸਰੀਰ ਵਿੱਚ ਇਸ ਦੀ ਭਰਪਾਈ ਲਈ ਬਦਲਵੇਂ ਤਰੀਕੇ ਅਪਣਾਏ ਜਾਣ ਲੱਗਦੇ ਹਨ ਜਿਵੇਂ ਰੀੜ੍ਹ ਦੀ ਹੱਡੀ ਦਾ ਟੇਢਾ ਹੋਣਾ, ਗਰਦਨ ਦਾ ਅੱਗੇ ਵੱਲ ਝੁਕਣਾ ਅਤੇ ਰੀੜ੍ਹ ਦੀ ਹੱਡੀ ਦਾ ਹੇਠਾਂ ਵੱਲ ਝੁਕਣਾ।”

ਲੰਮਾ ਸਮਾਂ ਬੈਠੇ ਰਹਿਣ ਨਾਲ ਰੀੜ੍ਹ ਦੀ ਹੱਡੀ ਦੀ ਸਹੀ ਹਿਲਜੁਲ ਲਈ ਜ਼ਰੂਰੀ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਜਦੋਂ ਸਾਨੂੰ ਕੋਈ ਖ਼ਾਸ ਹਰਕਤ ਕਰਨੀ ਪੈਂਦੀ ਹੈ, ਜਿਵੇਂ ਫਰਸ਼ ਤੋਂ ਡੱਬਾ ਚੁੱਕਣਾ, ਤਾਂ ਇਨ੍ਹਾਂ ਮਾਸਪੇਸ਼ੀਆਂ ‘ਤੇ ਜ਼ੋਰ ਪੈਂਦਾ ਹੈ ਅਤੇ ਸਾਡੀ ਪਿੱਠ ਖ਼ਤਰੇ ਵਿੱਚ ਪੈ ਜਾਂਦੀ ਹੈ।

ਬੀਬੀਸੀ ਮੁੰਡੋ ਨੇ ਮਾਹਰਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਹੜੀਆਂ ਹਰਕਤਾਂ ਨਾਲ ਤੁਹਾਡੀ ਰੀੜ੍ਹ ਦੀ ਹੱਡੀ ‘ਤੇ ਸਭ ਤੋਂ ਵੱਧ ਅਸਰ ਪੈਂਦਾ ਹੈ ਅਤੇ ਤੁਸੀਂ ਇਸ ਦੀ ਸੁਰੱਖਿਆ ਲਈ ਕੀ ਕਰ ਸਕਦੇ ਹੋ।

1. ਮੋਬਾਈਲ ਫ਼ੋਨ ਦੇਖਣ ਲਈ ਸਿਰ ਨੂੰ ਹੇਠਾਂ ਝੁਕਾਉਣਾ

ਫਿਜ਼ੀਓਥੈਰੇਪਿਸਟ ਪੀਅਰੇ ਅਹਮਰ ਲਾਵਾਂਡ

ਤੁਸੀਂ ਹਵਾਈ ਅੱਡਿਆਂ, ਉਡੀਕ ਘਰਾਂ ਅਤੇ ਸ਼ਾਪਿੰਗ ਮਾਲਜ਼ ਵਿੱਚ ਇਹ ਆਮ ਦੇਖ ਸਕਦੇ ਹੋ, ਲੋਕਾਂ ਦੇ ਸਿਰ ਸਕ੍ਰੀਨ ਵੱਲ ਝੁਕੇ ਹੋਏ ਹੁੰਦੇ ਹਨ। ਮਾਹਰ ਇਸ ਨੂੰ ‘ਡਿਜੀਟਲ ਨੈੱਕ’ (ਡਿਜੀਟਲ ਗਰਦਨ) ਕਹਿੰਦੇ ਹਨ।

ਮੋਰਾਲੇਸ ਦੱਸਦੇ ਹਨ, “ਅਸੀਂ ਆਪਣੀਆਂ ਗਰਦਨਾਂ ਨੂੰ ਵਾਰ-ਵਾਰ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਝੁਕਾਉਂਦੇ ਹਾਂ। ਗਰਦਨ ਦਾ ਇਸ ਤਰ੍ਹਾਂ ਜ਼ਿਆਦਾ ਝੁਕਣਾ ਸਿਰ ਅਤੇ ਗਰਦਨ ‘ਤੇ ਦਬਾਅ ਵਧਾਉਂਦਾ ਹੈ, ਜਿਸ ਨਾਲ ਨੁਕਸਾਨ ਪਹੁੰਚਦਾ ਹੈ।”

ਰੀੜ੍ਹ ਦੀ ਹੱਡੀ ਦੇ ਇੱਕ ਅਮਰੀਕੀ ਸਰਜਨ ਕੇਨੇਥ ਹੈਂਸਰਾਜ ਵੱਲੋਂ 2014 ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਇੱਕ ਬਾਲਗ ਵਿਅਕਤੀ ਦੇ ਸਿਰ ਦਾ ਭਾਰ ਆਮ ਸਿੱਧੀ ਸਥਿਤੀ ਵਿੱਚ ਲਗਭਗ 5 ਕਿਲੋਗ੍ਰਾਮ ਹੁੰਦਾ ਹੈ, ਪਰ ਜਦੋਂ ਸਿਰ 60 ਡਿਗਰੀ ਤੱਕ ਝੁਕਾਇਆ ਜਾਂਦਾ ਹੈ ਤਾਂ ਗਰਦਨ ਦੀ ਰੀੜ੍ਹ ਦੀ ਹੱਡੀ ‘ਤੇ ਪੈਣ ਵਾਲਾ ਦਬਾਅ ਲਗਭਗ 27 ਕਿਲੋਗ੍ਰਾਮ ਤੱਕ ਪਹੁੰਚ ਜਾਂਦਾ ਹੈ।

ਮੋਰਾਲੇਸ ਮੁਤਾਬਕ, ਸਮੇਂ ਦੇ ਨਾਲ ਇਸ ਕਾਰਨ ਗਠੀਏ ਦੀ ਸਮੱਸਿਆ ਹੋ ਸਕਦੀ ਹੈ, ਜਦਕਿ ਗਰਦਨ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ ਵਿੱਚ ਤਣਾਅ ਵਧਦਾ ਜਾਂਦਾ ਹੈ, “ਜਦੋਂ ਤੱਕ ਦਰਦ ਸਥਾਈ ਨਹੀਂ ਹੋ ਜਾਂਦਾ।”

ਉਨ੍ਹਾਂ ਮੁਤਾਬਕ, ਸਮੱਸਿਆ ਇਹ ਹੈ ਕਿ ਅਸੀਂ ਇਸ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ।

“ਜਦੋਂ ਸਾਡੇ ਸਰੀਰ ਵਿੱਚ ਕੁਝ ਗ਼ਲਤ ਹੁੰਦਾ ਹੈ ਤਾਂ ਉਹ ਸਾਨੂੰ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਇਸ ਨਾਲ ਦਰਦ ਅਤੇ ਬੇਅਰਾਮੀ ਹੋਣ ਲੱਗਦੀ ਹੈ। ਪਰ ਅਸੀਂ ਇਸ ਨੂੰ ਕੁਝ ਹੋਰ ਸਮੇਂ ਲਈ ਸਹਿੰਦੇ ਰਹਿੰਦੇ ਹਾਂ, ਫਿਰ ਕੁਝ ਹੋਰ ਸਮੇਂ ਲਈ, ਇਹ ਸੋਚ ਕੇ ਕਿ ‘ਬੱਸ ਹੁਣੇ ਹੋ ਗਿਆ’, ਅਤੇ ਅਖ਼ੀਰ ਵਿੱਚ ਆਪਣੇ ਸਰੀਰ ਨੂੰ ਕਾਫ਼ੀ ਨੁਕਸਾਨ ਪਹੁੰਚਾ ਲੈਂਦੇ ਹਾਂ।”

2. ਫਰਸ਼ ਤੋਂ ਪਿੱਠ ਦੇ ਸਹਾਰੇ ਭਾਰ ਚੁੱਕਣਾ

ਸੰਕੇਤਕ ਤਸਵੀਰ

ਫਰਸ਼ ਤੋਂ ਡੱਬਾ ਚੁੱਕਣਾ, ਬਾਜ਼ਾਰੋਂ ਲਿਆਂਦਾ ਖ਼ਰੀਦਦਾਰੀ ਦਾ ਭਾਰਾ ਝੋਲਾ ਜਾਂ ਬੱਚੇ ਨੂੰ ਚੁੱਕਣਾ।

ਅਹਮਾਰ ਲਾਵਾਂਡ ਮੁਤਾਬਕ, ਇਹ ਉਨ੍ਹਾਂ ਗਤੀਵਿਧੀਆਂ ਵਿੱਚੋਂ ਇੱਕ ਹੈ, ਜਿਸ ਦਾ ਜ਼ਿਆਦਾਤਰ ਲੋਕਾਂ ‘ਤੇ ਸਭ ਤੋਂ ਵੱਧ ਅਸਰ ਪੈਂਦਾ ਹੈ।

ਉਹ ਦੱਸਦੇ ਹਨ, “ਤੁਸੀਂ ਲੱਤਾਂ ਦੀ ਬਜਾਏ ਪਿੱਠ ਦੇ ਸਹਾਰੇ ਖੜ੍ਹੇ ਹੁੰਦੇ ਹੋ। ਰੀੜ੍ਹ ਦੀ ਹੱਡੀ ਇੰਨੀ ਜ਼ਿਆਦਾ ਮੁੜ ਜਾਂਦੀ ਹੈ ਕਿ ਜਦੋਂ ਤੁਸੀਂ ਇਸ ਸਥਿਤੀ ਵਿੱਚ ਖੜ੍ਹੇ ਹੋਣ ਲਈ ਜ਼ੋਰ ਲਗਾਉਂਦੇ ਹੋ ਤਾਂ ਰੀੜ੍ਹ ਦੀ ਹੱਡੀ ਦੀ ਡਿਸਕ ਦਾ ਅੰਦਰੂਨੀ ਹਿੱਸਾ ਪਿੱਛੇ ਵੱਲ ਖਿਸਕ ਜਾਂਦਾ ਹੈ ਅਤੇ ਇਸੇ ਕਾਰਨ ਡਿਸਕ ਖਿਸਕਣ ਦੀ ਸਮੱਸਿਆ ਪੈਦਾ ਹੁੰਦੀ ਹੈ।”

ਅਤੇ ਇਹ ਖ਼ਤਰਾ ਜਿਮ ਵਿੱਚ ਵੇਟ ਲਿਫ਼ਟ ਕਰਨਾ ਹੋਵੇ ਅਜਿਹਾ ਵੀ ਜ਼ਰੂਰੀ ਨਹੀਂ ਹੈ।

ਫਿਜ਼ੀਓਥੈਰੇਪਿਸਟ ਪੀਅਰੇ ਅਹਮਰ ਲਾਵਾਂਡ

ਮੋਰਾਲੇਸ ਕਹਿੰਦੇ ਹਨ, “ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਛੋਟੇ ਹੀ ਰਹਿਣ ਅਤੇ ਜਦੋਂ ਉਹ ਪੰਜ ਸਾਲ ਦੇ ਹੋ ਜਾਂਦੇ ਹਨ ਅਤੇ ਅਸੀਂ ਹਾਲੇ ਤੱਕ ਵੀ ਉਨ੍ਹਾਂ ਨੂੰ ਗੋਦੀ ਵਿੱਚ ਚੁੱਕਦੇ ਰਹਿੰਦੇ ਹਾਂ। ਇਹ ਕਾਫ਼ੀ ਜ਼ਿਆਦਾ ਭਾਰ ਹੁੰਦਾ ਹੈ।”

ਜਿਮ ਵਿੱਚ ਸਭ ਤੋਂ ਵੱਧ ਬਦਨਾਮ ਕਸਰਤ ਡੈੱਡਲਿਫਟ ਹੈ, ਫਰਸ਼ ਤੋਂ ਬਾਰਬੈੱਲ ਚੁੱਕਣਾ। ਪਰ ਮੋਰਾਲੇਸ ਜ਼ੋਰ ਦੇ ਕੇ ਕਹਿੰਦੇ ਹਨ ਕਿ ਇਸ ਕਸਰਤ ਨੂੰ ਆਪਣੇ ਆਪ ਵਿੱਚ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ।

ਉਹ ਕਹਿੰਦੇ ਹਨ, “ਡੈੱਡਲਿਫਟ ਦੀ ਬਹੁਤ ਮਾੜੀ ਸਾਖ ਹੈ, ਪਰ ਇਸ ਦਾ ਕਾਰਨ ਕਸਰਤ ਖ਼ੁਦ ਨਹੀਂ, ਸਗੋਂ ਇਸ ਨੂੰ ਕਰਨ ਦਾ ਤਰੀਕਾ ਅਤੇ ਵਰਤਿਆ ਜਾਣ ਵਾਲਾ ਭਾਰ ਹੈ।”

ਸੰਕੇਤਕ ਤਸਵੀਰ

ਫਰਸ਼ ਤੋਂ ਕੋਈ ਵੀ ਭਾਰ ਚੁੱਕਣ ਲਈ ਉਨ੍ਹਾਂ ਦੇ ਸੁਝਾਅ:

– ਆਪਣੇ ਪੈਰਾਂ ਨੂੰ ਮੋਢਿਆਂ ਦੀ ਚੌੜਾਈ ਦੇ ਬਰਾਬਰ ਰੱਖੋ ਅਤੇ ਉਨ੍ਹਾਂ ਨੂੰ ਜ਼ਮੀਨ ‘ਤੇ ਮਜ਼ਬੂਤੀ ਨਾਲ ਟਿਕਾਓ।

– ਗੋਡਿਆਂ ਨੂੰ ਮੋੜੋ ਅਤੇ ਕਮਰ ਨੂੰ ਹੇਠਾਂ ਲਿਆਓ। ਉਨ੍ਹਾਂ ਮੁਤਾਬਕ, ਗਲੂਟੀਅਸ ਮੈਕਸਿਮਸ ਸਰੀਰ ਦੀਆਂ ਸਭ ਤੋਂ ਤਾਕਤਵਰ ਮਾਸਪੇਸ਼ੀਆਂ ਵਿੱਚੋਂ ਇੱਕ ਹੈ।

– ਭਾਰ ਨੂੰ ਆਪਣੇ ਧੜ ਦੇ ਨੇੜੇ ਲਿਆਓ। ਜਿੰਨਾ ਭਾਰ ਸਰੀਰ ਦੇ ਨੇੜੇ ਹੋਵੇਗਾ, ਓਨਾ ਹੀ ਘੱਟ ਭਾਰੀ ਮਹਿਸੂਸ ਹੋਵੇਗਾ।

3. ਕੋਈ ਚੀਜ਼ ਚੁੱਕਣ ਦੇ ਨਾਲ ਹੀ ਸਰੀਰ ਨੂੰ ਘੁੰਮਾਉਣਾ

ਸੰਕੇਤਕ ਤਸਵੀਰ

ਜੇ ਪਿੱਠ ਨੂੰ ਝੁਕਾ ਕੇ ਭਾਰ ਚੁੱਕਣਾ ਨੁਕਸਾਨਦੇਹ ਹੈ ਤਾਂ ਇਸ ਦੇ ਨਾਲ ਹੀ ਧੜ ਨੂੰ ਘੁਮਾਉਣਾ ਹੋਰ ਵੀ ਜ਼ਿਆਦਾ ਨੁਕਸਾਨਦੇਹ ਹੈ।

ਅਹਮਾਰ ਲਾਵਾਂਡ ਕਹਿੰਦੇ ਹਨ, “ਕਲਪਨਾ ਕਰੋ ਕਿ ਤੁਸੀਂ ਪਿੱਠ ਦੇ ਝੁਕਾਅ ਦੇ ਨਾਲ ਸਰੀਰ ਨੂੰ ਘੁਮਾਉਣ ਦੀ ਹਰਕਤ ਵੀ ਕਰਦੇ ਹੋ। ਇਹ ਸਥਿਤੀ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ।” ਉਹ ਅੱਗੇ ਦੱਸਦੇ ਹਨ ਕਿ ਸੁਸਤ ਜੀਵਨਸ਼ੈਲੀ ਜਿਊਣ ਵਾਲੇ ਲੋਕਾਂ ਲਈ ਇਹ ਖ਼ਤਰਾ ਹੋਰ ਵੀ ਜ਼ਿਆਦਾ ਹੈ।

ਡਾਕਟਰ ਮੋਰਾਲੇਸ ਦੱਸਦੇ ਹਨ ਕਿ ਇਸ ਦਾ ਸਬੰਧ ਸਾਡੀਆਂ ਮਾਸਪੇਸ਼ੀਆਂ ਦੀ ਬਣਤਰ ਨਾਲ ਹੈ।

ਉਹ ਕਹਿੰਦੇ ਹਨ, “ਭਾਰ ਚੁੱਕਣ ਦਾ ਕੰਮ ਅੱਗੇ ਅਤੇ ਪਿੱਛੇ ਵਾਲੀਆਂ ਮਾਸਪੇਸ਼ੀਆਂ ਕਰਦੀਆਂ ਹਨ। ਪਾਸਿਆਂ ਦੀਆਂ ਮਾਸਪੇਸ਼ੀਆਂ, ਜੋ ਸਾਨੂੰ ਸਰੀਰ ਘੁੰਮਾਉਣ ਦੇ ਯੋਗ ਬਣਾਉਂਦੀਆਂ ਹਨ, ਸਰੀਰ ਦੀ ਹਿਲਜੁਲ ਅਤੇ ਤੇਜ਼ੀ ਲਈ ਲਾਭਦਾਇਕ ਹਨ, ਨਾ ਕਿ ਭਾਰ ਚੁੱਕਣ ਲਈ।”

ਇਸੇ ਲਈ ਉਨ੍ਹਾਂ ਮੁਤਾਬਕ, ਨੱਚਣਾ ਅਤੇ ਧੜ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਘੁੰਮਾਉਣਾ ਕੋਈ ਸਮੱਸਿਆ ਨਹੀਂ ਹੈ। ਪਰ ਹੱਥਾਂ ਵਿੱਚ ਭਾਰੀ ਡੱਬਾ ਫੜ ਕੇ ਘੁੰਮਣਾ ਨੁਕਸਾਨਦੇਹ ਹੈ।

ਅਤੇ ਭਾਵੇਂ ਅਸੀਂ ਆਮ ਤੌਰ ‘ਤੇ ਹੱਡੀਆਂ ਅਤੇ ਡਿਸਕਾਂ ਬਾਰੇ ਸੋਚਦੇ ਹਾਂ, ਪਰ ਸਭ ਤੋਂ ਪਹਿਲਾਂ ਲਗਭਗ ਹਮੇਸ਼ਾਂ ਮਾਸਪੇਸ਼ੀਆਂ ਹੀ ਪ੍ਰਭਾਵਿਤ ਹੁੰਦੀਆਂ ਹਨ।

ਮੋਰਾਲੇਸ ਚਿਤਾਵਨੀ ਦਿੰਦੇ ਹਨ, “ਮਾਸਪੇਸ਼ੀ ਸਰੀਰ ਦੇ ਸਭ ਤੋਂ ਵੱਧ ਕੰਮ ਕਰਨ ਵਾਲੇ ਅੰਗਾਂ ਵਿੱਚੋਂ ਇੱਕ ਹੈ, ਪਰ ਇਸ ਦੀ ਹਾਲਤ ਸਿੰਡਰੇਲਾ ਵਰਗੀ ਹੈ, ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ। ਮਾਸਪੇਸ਼ੀ ਦੀ ਸੱਟ ਤੁਹਾਨੂੰ ਕਾਫ਼ੀ ਲੰਮੇ ਸਮੇਂ ਤੱਕ ਕੰਮ ਕਰਨ ਦੇ ਅਯੋਗ ਬਣਾ ਸਕਦੀ ਹੈ।”

ਇਸੇ ਲਈ ਦੋਵੇਂ ਮਾਹਰ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਪਿੱਠ ਦੀਆਂ ਸਮੱਸਿਆਵਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਭਾਰ ਚੁੱਕਣ ਵਾਲੀਆਂ ਕਸਰਤਾਂ ਰਾਹੀਂ ਪਿੱਠ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣਾ ਹੈ। ਇਹ ਕਸਰਤਾਂ ਸਹੀ ਤਰੀਕੇ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

4. ਘੰਟਿਆਂ ਬੱਧੀ ਇੱਕੋ ਸਥਿਤੀ ਵਿੱਚ ਬੈਠੇ ਰਹਿਣਾ

ਸੰਕੇਤਕ ਤਸਵੀਰ

ਪਿੱਠ ਨੂੰ ਨੁਕਸਾਨ ਪਹੁੰਚਾਉਣ ਵਾਲੀ ਹਰ ਚੀਜ਼ ਦਾ ਸਬੰਧ ਸਰੀਰ ਦੀ ਹਿਲਜੁਲ ਨਾਲ ਹੀ ਨਹੀਂ ਹੁੰਦਾ। ਕਈ ਵਾਰ ਇਸ ਦਾ ਉਲਟ ਵੀ ਹੁੰਦਾ ਹੈ, ਯਾਨੀ ਬਿਲਕੁਲ ਵੀ ਹਿਲਜੁਲ ਨਾ ਕਰਨਾ।

ਅਹਮਾਰ ਲਾਵਾਂਡ ਮੁਤਾਬਕ, ਲੰਮਾ ਸਮਾਂ ਬੈਠੇ ਰਹਿਣ ਨਾਲ ਪੇਟ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਕਮਰ ਦੇ ਹੇਠਲੇ ਹਿੱਸੇ ਦੀ ਰੀੜ੍ਹ ਦੀ ਹੱਡੀ ਉੱਤੇ ਭਾਰ ਵਧ ਜਾਂਦਾ ਹੈ।

ਇਸ ਦਾ ਨਤੀਜਾ ਉਹ ਹੁੰਦਾ ਹੈ, ਜਿਸ ਨੂੰ ਮਾਹਰ ‘ਗੋਲਾਕਾਰ ਪੇਟ’ ਕਹਿੰਦੇ ਹਨ, ਯਾਨੀ ਅਜਿਹਾ ਪੇਟ ਜੋ ਅੱਗੇ ਵੱਲ ਨਿਕਲਿਆ ਹੋਇਆ ਹੁੰਦਾ ਹੈ।

ਉਹ ਦੱਸਦੇ ਹਨ, “ਕਈ ਵਾਰ ਇਸ ਦਾ ਕਾਰਨ ਸਿਰਫ਼ ਚਰਬੀ ਨਹੀਂ ਹੁੰਦੀ, ਸਗੋਂ ਪੇਟ ਦੀਆਂ ਮਾਸਪੇਸ਼ੀਆਂ ਦੀ ਕਮਜ਼ੋਰੀ ਵੀ ਹੁੰਦੀ ਹੈ।”

ਇਸ ਦਾ ਧੋਖਾ ਦੇਣ ਵਾਲਾ ਪਹਿਲੂ ਇਹ ਹੈ ਕਿ ਨੁਕਸਾਨ ਰਾਤੋ-ਰਾਤ ਨਜ਼ਰ ਨਹੀਂ ਆਉਂਦਾ।

“ਇੱਕ ਦਿਨ ਤੁਹਾਨੂੰ ਕੁਝ ਨਹੀਂ ਹੋਵੇਗਾ, ਪਰ ਸਮੇਂ ਦੇ ਨਾਲ ਤੁਹਾਡਾ ਸਰੀਰ ਇਸ ਦੀ ਭਰਪਾਈ ਕਰਨ ਲੱਗਦਾ ਹੈ ਅਤੇ ਤੁਸੀਂ ਆਪਣੇ ਬੈਠਣ ਤੇ ਖੜ੍ਹੇ ਹੋਣ ਦੇ ਤਰੀਕੇ ਵਿੱਚ ਬਦਲਾਅ ਕਰਨ ਲੱਗਦੇ ਹੋ। ਜ਼ਿਆਦਾਤਰ ਸਮੱਸਿਆਵਾਂ ਇੱਥੋਂ ਹੀ ਸ਼ੁਰੂ ਹੁੰਦੀਆਂ ਹਨ।”

ਦੋਵੇਂ ਮਾਹਰ ਸਰਗਰਮ ਰਹਿਣ ਲਈ ਵਿੱਚ-ਵਿੱਚ ਬ੍ਰੇਕ ਲੈਣ ਦੀ ਸਲਾਹ ਦਿੰਦੇ ਹਨ। ਹਰ 45 ਮਿੰਟ ਬਾਅਦ ਉੱਠੋ, ਆਪਣੀ ਗਰਦਨ, ਮੋਢਿਆਂ ਅਤੇ ਪਿੱਠ ਨੂੰ ਹਿਲਾਓ ਅਤੇ ਕਮਰ ਨੂੰ ਥੋੜ੍ਹਾ ਖਿੱਚੋ।

ਆਪਣੀ ਰੀੜ੍ਹ ਦੀ ਹੱਡੀ ਦੀ ਸੁਰੱਖਿਆ ਕਿਵੇਂ ਕਰੀਏ

ਸੰਕੇਤਕ ਤਸਵੀਰ

ਅਹਮਾਰ ਲਾਵਾਂਡ ਮੁਤਾਬਕ, ਬਚਾਅ ਤਿੰਨ ਮੁੱਖ ਗੱਲਾਂ ‘ਤੇ ਨਿਰਭਰ ਕਰਦਾ ਹੈ, ਜਿਨ੍ਹਾਂ ਵਿੱਚੋਂ ਪਹਿਲੀ ਹੈ ਸਰੀਰਕ ਤਾਕਤ।

ਉਹ ਦੱਸਦੇ ਹਨ, “ਇਸ ਦਾ ਮਤਲਬ ਮਾਸਪੇਸ਼ੀਆਂ ਬਣਾਉਣਾ ਜਾਂ ਸਿਕਸ-ਪੈਕ ਬਣਾਉਣਾ ਨਹੀਂ ਹੈ, ਸਗੋਂ ਮਾਸਪੇਸ਼ੀਆਂ ਦਾ ਚੰਗਾ ਮਾਸ ਬਣਾਈ ਰੱਖਣਾ ਹੈ, ਜੋ ਸਰੀਰ ਦੀ ਕਿਸੇ ਵੀ ਹਰਕਤ ਨੂੰ ਸਹਾਰਾ ਦੇ ਸਕੇ।” ਪਿੱਠ ਦੇ ਹੇਠਲੇ ਹਿੱਸੇ ਲਈ ਉਹ ਪਲੈਂਕ ਕਸਰਤ ਕਰਨ ਦੀ ਸਲਾਹ ਦਿੰਦੇ ਹਨ, ਜਿਸ ਨੂੰ 40 ਸਕਿੰਟ ਤੋਂ ਇੱਕ ਮਿੰਟ ਤੱਕ ਕਰਨਾ ਚਾਹੀਦਾ ਹੈ।

ਸਰੀਰ ਦੀ ਹਿਲਜੁਲ ਦੀ ਸਮਰੱਥਾ ‘ਤੇ ਧਿਆਨ ਦੇਣਾ ਵੀ ਜ਼ਰੂਰੀ ਹੈ। ਇਸ ਬਾਰੇ ਉਹ ਚਿਤਾਵਨੀ ਦਿੰਦੇ ਹਨ ਕਿ ਇਹ ਸਿਰਫ਼ ਮਾਸਪੇਸ਼ੀਆਂ ਨੂੰ ਖਿੱਚਣ ਤੱਕ ਸੀਮਤ ਨਹੀਂ ਹੈ, ਸਗੋਂ ਜੋੜਾਂ ਨੂੰ ਉਨ੍ਹਾਂ ਦੀ ਹਿਲਜੁਲ ਦੀ ਵੱਧ ਤੋਂ ਵੱਧ ਹੱਦ ਤੱਕ ਲਿਜਾਣਾ ਵੀ ਜ਼ਰੂਰੀ ਹੈ।

ਯੋਗ ਦੇ ਆਸਣਾਂ ਵਿੱਚੋਂ ਬਾਲ ਆਸਣ (ਚਾਈਲਡਜ਼ ਪੋਜ਼) ਪਿੱਠ ਦੇ ਹੇਠਲੇ ਹਿੱਸੇ ਦੀਆਂ ਮਾਸਪੇਸ਼ੀਆਂ ਨੂੰ ਢਿੱਲਾ ਕਰਨ ਵਿੱਚ ਮਦਦ ਕਰਦਾ ਹੈ।

ਫਿਜ਼ੀਓਥੈਰੇਪਿਸਟ ਦੱਸਦੇ ਹਨ ਕਿ ਮਾਸਪੇਸ਼ੀਆਂ ਅਤੇ ਹੋਰ ਟਿਸ਼ੂਆਂ ਦੇ ਤਣਾਅ ਨੂੰ ਘਟਾਉਣਾ ਵੀ ਅਹਿਮ ਹੈ। ਫੋਮ ਰੋਲਰ, ਮਸਾਜ ਗਨ ਜਾਂ ਕੰਧ ਨਾਲ ਟੈਨਿਸ ਬਾਲ ਲਾ ਕੇ ਮਸਾਜ ਕਰਨ ਨਾਲ ਪਿੱਠ ਅਤੇ ਪਿਛਲੇ ਪਾਸੇ ਦੀਆਂ ਮਾਸਪੇਸ਼ੀਆਂ ਵਿੱਚ ਬਣੀਆਂ ‘ਗੰਢਾਂ’ ਨੂੰ ਖੋਲ੍ਹਣ ਵਿੱਚ ਮਦਦ ਮਿਲਦੀ ਹੈ।

ਪਰ ਸਭ ਤੋਂ ਅਹਿਮ ਸਲਾਹ ਲਈ ਜਿਮ ਜਾਣ ਦੀ ਲੋੜ ਨਹੀਂ ਹੈ।

ਅਹਮਾਰ ਲਾਵਾਂਡ ਕਹਿੰਦੇ ਹਨ, “ਸਰੀਰ ਨੂੰ ਹਿਲਾਉਂਦੇ-ਜੁਲਾਉਂਦੇ ਰਹੋ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਹਫ਼ਤੇ ਵਿੱਚ ਛੇ ਦਿਨ ਕਸਰਤ ਕਰਨੀ ਚਾਹੀਦੀ ਹੈ ਜਾਂ ਹਰ ਰੋਜ਼ ਦੋ ਘੰਟੇ ਕਸਰਤ ਕਰਕੇ ਆਪਣੇ ਆਪ ਨੂੰ ਥਕਾ ਦੇਣਾ ਚਾਹੀਦਾ ਹੈ, ਪਰ ਘੱਟੋ-ਘੱਟ ਰੋਜ਼ਾਨਾ 20 ਮਿੰਟ ਮਾਸਪੇਸ਼ੀਆਂ ਨੂੰ ਖਿੱਚਣ, ਸਰੀਰ ਦੀ ਹਿਲਜੁਲ ਦੀ ਸਮਰੱਥਾ ਵਧਾਉਣ ਅਤੇ ਥੋੜ੍ਹੀ ਜਿਹੀ ਤਾਕਤ ਵਾਲੀ ਕਸਰਤ ਲਈ ਜ਼ਰੂਰ ਕੱਢੋ।”

ਉਹ ਮੰਨਦੇ ਹਨ, “ਤੁਸੀਂ ਕੰਮ ਖ਼ਤਮ ਕਰਦੇ ਹੋ, ਸੋਫ਼ੇ ‘ਤੇ ਬੈਠ ਜਾਂਦੇ ਹੋ ਅਤੇ ਫਿਰ ਇੰਸਟਾਗ੍ਰਾਮ ‘ਤੇ ਸਕ੍ਰੋਲ ਕਰਦਿਆਂ 45 ਮਿੰਟ ਬੀਤ ਜਾਂਦੇ ਹਨ। ਹਰ ਕੋਈ ਅਜਿਹਾ ਕਰਦਾ ਹੈ, ਮੈਂ ਵੀ।”

“ਪਰ ਜੇ ਤੁਸੀਂ ਸਰਗਰਮ ਰਹਿਣ ਦੀ ਆਦਤ ਅਪਣਾ ਲੈਂਦੇ ਹੋ ਤਾਂ ਮੇਰੇ ‘ਤੇ ਭਰੋਸਾ ਕਰੋ, ਤੁਹਾਡੀ ਰੀੜ੍ਹ ਦੀ ਹੱਡੀ ਸਿਹਤਮੰਦ ਰਹੇਗੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI