Source :- BBC PUNJABI
ENAYET KARIM BIJOY
ਪੜ੍ਹਨ ਦਾ ਸਮਾਂ: 6 ਮਿੰਟ
ਪਿਛਲੇ ਬੁੱਧਵਾਰ ਸਾਊਦੀ ਅਰਬ ਦੇ ਮੀਡੀਆ ਵਿਚ ਇੱਕ ਬੰਗਲਾਦੇਸ਼ੀ ਮਹਿਲਾ ਅਤੇ ਪੁਰਸ਼ ਨੂੰ ‘ਅਨੈਤਿਕ ਹਰਕਤ’ ਦੇ ਇਲਜ਼ਾਮ ਵਿੱਚ ਸਜ਼ਾ-ਏ-ਮੌਤ ਦਿੱਤੇ ਜਾਣ ਦੀ ਖ਼ਬਰ ਦਿਖਾਈ ਗਈ ਸੀ।
ਕੁਝ ਦਿਨ ਬਾਅਦ ਬੰਗਲਾਦੇਸ਼ ਦੇ ਪਰਵਾਸੀ ਕਲਿਆਣ ਮੰਤਰਾਲੇ ਨੇ ਦੋਹਾਂ ਦੀ ਪਛਾਣ ਜਨਤਕ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਕੇ ਸਾਊਦੀ ਅਰਬ ਗਏ ਸਨ।
ਬੰਗਲਾਦੇਸ਼ ਦਾ ਬੀਐਮਟੀ ਉਨ੍ਹਾਂ ਲੋਕਾਂ ਨੂੰ ਪਛਾਣ ਪੱਤਰ ਜਾਰੀ ਕਰਦਾ ਹੈ ਜੋ ਸਰਕਾਰੀ ਪ੍ਰਕਿਰਿਆ ਦਾ ਪਾਲਣ ਕਰਕੇ ਰਜਿਸਟਰਡ ਰਿਕਰੂਟਮੈਂਟ ਏਜੰਸੀਆਂ ਜ਼ਰੀਏ ਦੂਜੇ ਦੇਸ਼ਾਂ ਵਿੱਚ ਰੋਜ਼ਗਾਰ ਲਈ ਜਾਂਦੇ ਹਨ। ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ‘ਤੇ ਅਮਲ ਕੀਤੇ ਗਏ ਇਨ੍ਹਾਂ ਦੋਹਾਂ ਬੰਗਲਾਦੇਸ਼ੀ ਨਾਗਰਿਕਾਂ ਕੋਲ ਵੀ ਅਜਿਹੇ ਪਛਾਣ ਪੱਤਰ ਸਨ। ਇਸ ਪਛਾਣ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਾਰਡ ਧਾਰਕ ਨੂੰ ਬੀਮਾ ਕਵਰੇਜ ਅਤੇ ਕਲਿਆਣਕਾਰੀ ਸੇਵਾਵਾਂ ਦਾ ਲਾਭ ਮਿਲੇਗਾ।
ਉਧਰ ਬੰਗਲਾਦੇਸ਼ ਦੀ ਵਿਦੇਸ਼ ਰਾਜ ਮੰਤਰੀ ਸ਼ਮਾ ਓਬੈਦ ਨੇ ਕਿਹਾ ਹੈ ਕਿ ਸਰਕਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਦਿੱਤੇ ਜਾਣ ਵਾਲੇ ਦੋ ਲੋਕਾਂ ਨੂੰ 2023 ਵਿਚ ਹਿਰਾਸਤ ‘ਚ ਲਿਆ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਬਾਕੀ ਜਾਣਕਾਰੀ ਲਈ ਸਰਕਾਰ ਫ਼ਿਲਹਾਲ ਫ਼ੈਸਲੇ ਦੀ ਕਾਪੀ ਮਿਲਣ ਦਾ ਇੰਤਜ਼ਾਰ ਕਰ ਰਹੀ ਹੈ।
ਮਹਿਲਾ ਦੇ ਪਰਿਵਾਰ ਨੇ ਉਸ ਬਾਰੇ ਕੀ ਦੱਸਿਆ?
SCREENGARB
ਜਾਣਕਾਰੀ ਮੁਤਾਬਕ ਉਕਤ ਮਹਿਲਾ ਬੰਗਲਾਦੇਸ਼ ਦੇ ਟਾਂਗਾਇਲ ਜ਼ਿਲ੍ਹੇ ਦੇ ਮਿਰਜ਼ਾਪੁਰ ਨਾਲ ਸਬੰਧ ਰੱਖਦੀ ਸੀ। ਉਹ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਇੱਕ ਰਜਿਸਟਰਡ ਰਿਕਰੂਟਮੈਟ ਏਜੰਸੀ ਜ਼ਰੀਏ ਸਾਊਦੀ ਅਰਬ ਗਈ ਸੀ।
ਮਹਿਲਾ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਬੁੱਧਵਾਰ ਹੀ ਸੋਸ਼ਲ ਮੀਡੀਆ ਜ਼ਰੀਏ ਉਸ ਦੀ ਮੌਤ ਦੀ ਸਜ਼ਾ ਬਾਰੇ ਪਤਾ ਲੱਗਿਆ। ਉਕਤ ਮਹਿਲਾ ਪੰਜ ਭੈਣਾਂ ਵਿਚੋਂ ਸਭ ਤੋਂ ਛੋਟੀ ਸੀ।
ਫ਼ਰਵਰੀ 2023 ਵਿੱਚ ਸਾਊਦੀ ਅਰਬ ਪਹੁੰਚਣ ਦੇ ਕਰੀਬ ਛੇ ਮਹੀਨੇ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਸੀ ਕਿ ਉਹ ਜੇਲ੍ਹ ਵਿਚ ਹੈ। ਮੌਤ ਦੀ ਸਜ਼ਾ ਪਾਉਣ ਵਾਲੀ ਮਹਿਲਾ ਦੀ ਵੱਡੀ ਭੈਣ ਨੇ ਦੱਸਿਆ ਕਿ ਸਾਊਦੀ ਅਰਬ ਜਾ ਕੇ ਉਹ ਲਗਾਤਾਰ ਪਰਿਵਾਰ ਦੇ ਸੰਪਰਕ ਵਿਚ ਸੀ ਪਰ ਜਦੋਂ ਛੇ ਮਹੀਨੇ ਬਾਅਦ ਸੰਪਰਕ ਟੁੱਟਿਆ ਤਾਂ ਸਾਊਦੀ ਅਰਬ ਰਹਿਣ ਵਾਲੇ ਇੱਕ ਹੋਰ ਵਿਅਕਤੀ ਤੋਂ ਉਨ੍ਹਾਂ ਨੂੰ ਉਸ ਦੇ ਜੇਲ੍ਹ ਵਿਚ ਹੋਣ ਬਾਰੇ ਪਤਾ ਲੱਗਿਆ ਸੀ।
ਮ੍ਰਿਤਕ ਮਹਿਲਾ ਦੀ ਭੈਣ ਨੇ ਦੱਸਿਆ, “ਉਹ ਕਹਿੰਦੀ ਸੀ ਕਿ ਉਹ ਮੱਕਾ ਸ਼ਰੀਫ਼ ਅੰਦਰ ਸਫਾਈ ਦਾ ਕੰਮ ਕਰਨ ਗਈ ਹੈ। “
ਹਾਲਾਂਕਿ ਪਰਿਵਾਰ ਦਾ ਦਾਅਵਾ ਹੈ ਕਿ ਮਹਿਲਾ ਨੇ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਸੀ ਕਿ ਉਸ ਨੂੰ ਕਿਸ ਅਪਰਾਧ ਵਿੱਚ ਜੇਲ੍ਹ ‘ਚ ਰੱਖਿਆ ਗਿਆ ਸੀ।
ਪਰਿਵਾਰ ਮੁਤਾਬਕ ਉਸ ਨੇ ਕਿਹਾ ਸੀ ਕਿ ਬੰਗਲਾਦੇਸ਼ ਪਰਤਣ ਬਾਅਦ ਇਸ ਬਾਰੇ ਦੱਸੇਗੀ।
ਮਹਿਲਾ ਦੇ ਪਿਤਾ ਨੇ ਦੱਸਿਆ ਕਿ ਉਹ ਵਿਆਹੀ ਹੋਈ ਸੀ, ਪਰ ਦੋ ਸਾਲ ਬਾਅਦ ਉਸ ਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਹੀ ਉਹ 2023 ਵਿਚ ਸਾਊਦੀ ਅਰਬ ਗਈ ਸੀ।
ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਬੇਟੀ ਨੇ ਉਸ ਬੰਗਲਾਦੇਸ਼ੀ ਪੁਰਸ਼ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਸੀ , ਜਿਸ ਨਾਲ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
ਪਰਿਵਾਰ ਨੇ ਦੱਸਿਆ ਕਿ ਆਮ ਤੌਰ ‘ਤੇ ਉਹ 15 ਦਿਨ ਜਾਂ ਇੱਕ ਮਹੀਨੇ ਬਾਅਦ ਫੋਨ ਜ਼ਰੀਏ ਪਰਿਵਾਰ ਨਾਲ ਗੱਲ ਕਰਦੀ ਸੀ। ਇਸ ਤੋਂ ਪਹਿਲਾਂ ਵਾਲੇ ਮੰਗਲਵਾਰ ਨੂੰ ਉਨ੍ਹਾਂ ਦੀ ਉਸ ਨਾਲ ਗੱਲ ਹੋਈ ਸੀ, ਉਸ ਦਿਨ ਵੀ ਪਰਿਵਾਰ ਨੂੰ ਉਸ ਦੀ ਮੌਤ ਦੀ ਸਜ਼ਾ ਬਾਰੇ ਪਤਾ ਨਹੀਂ ਸੀ।
ਉਕਤ ਮਹਿਲਾ ਦੀ ਭਾਣਜੀ ਨੇ ਕਿਹਾ, “ਬੁੱਧਵਾਰ ਨੂੰ ਅਸੀਂ ਗੱਲ ਨਹੀਂ ਕਰ ਸਕੇ। ਮੰਗਲਵਾਰ ਨੂੰ ਵੀ ਉਨ੍ਹਾ ਨੇ ਫੋਨ ਕੀਤਾ ਸੀ। ਜੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲਣ ਵਾਲੀ ਹੁੰਦੀ ਤਾਂ ਉਹ ਜ਼ਰੂਰ ਦੱਸਦੀ ਕਿ ਉਹ ਠੀਕ ਨਹੀਂ ਹੈ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।”
ਟਾਂਗਾਇਲ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਅਬੂ ਸਈਦ ਨੇ ਕਿਹਾ ਹੈ ਕਿ ਜੇ ਮਹਿਲਾ ਦੀ ਮ੍ਰਿਤਕ ਦੇਹ ਬੰਗਲਾਦੇਸ਼ ਲਿਆਏ ਜਾਣ ਲਈ ਪਰਿਵਾਰ ਵੱਲੋਂ ਕੋਈ ਅਰਜ਼ੀ ਆਉਂਦੀ ਹੈ ਤਾਂ ਸਬੰਧਤ ਮੰਤਰਾਲੇ ਨੂੰ ਸੂਚਿਤ ਕਰਕੇ ਜ਼ਰੂਰੀ ਵਿਵਸਥਾ ਕੀਤੀ ਜਾਵੇਗੀ।
ਸਜ਼ਾ-ਏ-ਮੌਤ ਪਾਉਣ ਵਾਲਾ ਬੰਗਲਾਦੇਸ਼ੀ ਪੁਰਸ਼ ਕੌਣ ਸੀ ?
FAMILY HANDOUT
ਬੀਬੀਸੀ ਨਿਊਜ਼ ਬੰਗਲਾ ਦੇ ਪੱਤਰਕਾਰ ਰਾਕਿਬ ਹਸਨਾਤ ਨੂੰ ਮਿਲੀ ਜਾਣਕਾਰੀ ਮੁਤਾਬਕ ਵਿਅਕਤੀ ਬੰਗਲਾਦੇਸ਼ ਦੇ ਬ੍ਰਾਹਮਣਬਾੜੀਯਾ ਸਦਰ ਉਪ ਜ਼ਿਲ੍ਹੇ ਦਾ ਰਹਿਣ ਵਾਲਾ ਸੀ।
ਉਸ ਦੀ ਮਾਂ ਰਹੀਮਾ ਬੇਗਮ ਨੇ ਬੀਬੀਸੀ ਬੰਗਲਾ ਨੂੰ ਦੱਸਿਆ ਕਿ ਪਿਛਲੇ ਐਤਵਾਰ ਨੂੰ ਸਾਊਦੀ ਅਰਬ ਜੇਲ੍ਹ ਤੋਂ ਉਸ ਨੇ ਪਰਿਵਾਰ ਨਾਲ ਗੱਲ ਕੀਤੀ ਸੀ।
ਰਹੀਮਾ ਬੇਗਮ ਨੇ ਕਿਹਾ, ” ਸਾਨੂੰ ਪਤਾ ਸੀ ਕਿ ਉਹ ਜੇਲ੍ਹ ਵਿੱਚ ਹੈ। ਪਰ ਅਜਿਹਾ ਹੋਵੇਗਾ, ਇਹ ਗੱਲ ਬੇਟੇ ਨੇ ਸਾਨੂੰ ਨਹੀਂ ਦੱਸੀ ਸੀ। ਬੁੱਧਵਾਰ ਸ਼ਾਮ ਨੂੰ ਖਬਰ ਆਉਣ ਦੇ ਤੁਰੰਤ ਬਾਅਦ ਸਾਨੂੰ ਇਸ ਬਾਰੇ ਪਤਾ ਲੱਗਿਆ। ਖ਼ਬਰ ਸੁਣਦੇ ਹੀ ਉਸ ਦੀ ਭੂਆ ਨੂੰ ਸਟ੍ਰੋਕ ਆਇਆ ਅਤੇ ਉਸ ਦੀ ਵੀ ਮੌਤ ਹੋ ਗਈ।”
ਉਨ੍ਹਾਂ ਨੇ ਆਪਣੇ ਬੇਟੇ ਦੀ ਦੇਹ ਜਲਦੀ ਬੰਗਲਾਦੇਸ਼ ਲਿਆਉਣ ਅਤੇ ਇਨਸਾਫ ਦੀ ਮੰਗ ਕੀਤੀ ਹੈ।
ਬੀਬੀਸੀ ਬੰਗਲਾ ਨੇ ਮੌਤ ਦੀ ਸਜ਼ਾ ਪਾਉਣ ਵਾਲੇ ਆਦਮੀ ਦੇ ਪਰਿਵਾਰ ਦੇ ਕਰੀਬੀ ਸੂਤਰ ਤੋਂ ਜਾਣਕਾਰੀ ਲੈ ਕੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਉਸ ਦੀ ਮਾਂ ਨੇ ਪੁਸ਼ਟੀ ਕੀਤੀ ਕਿ ਮੌਤ ਦੀ ਸਜ਼ਾ ਪਾਉਣ ਵਾਲਾ ਉਨ੍ਹਾਂ ਦਾ ਹੀ ਬੇਟਾ ਹੈ।
ਪਰਿਵਾਰ ਨੇ ਦੱਸਿਆ ਕਿ ਉਸ ਨੇ ਮਦਰਸੇ ਤੋਂ ਦਾਖਿਲ ਦੀ ਪੜ੍ਹਾਈ ਪੂਰੀ ਕੀਤੀ ਸੀ। ਇੱਕ ਏਜੰਟ ਜ਼ਰੀਏ 10 ਨਵੰਬਰ 2022 ਨੂੰ ਸਾਊਦੀ ਅਰਬ ਗਿਆ ਸੀ।
ਦੋ ਭਰਾਵਾਂ ਤੇ ਦੋ ਭੈਣਾਂ ਵਿੱਚੋਂ ਸਭ ਤੋਂ ਵੱਡਾ ਇੱਕ ਨੌਜਵਾਨ ਰਿਯਾਦ ਵਿਚ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਮਸਜਿਦ ਵਿੱਚ ‘ਅਨੈਤਿਕ’ ਹਰਕਤ ਦਾ ਇਲਜ਼ਾਮ ਉਸ ‘ਤੇ ਲੱਗਿਆ ਹੈ, ਉਹ ਉੱਥੇ ਹੀ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ।
ਉਸ ਦੀ ਮਾਂ ਨੇ ਬੀਬੀਸੀ ਬੰਗਲਾ ਨੂੰ ਦੱਸਿਆ, “ਉੱਥੇ ਜਾਣ ਦੇ ਛੇ ਮਹੀਨੇ ਬਾਅਦ ਹੀ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਜੇਲ੍ਹ ਜਾਣ ਤੋਂ ਇੱਕ ਮਹੀਨੇ ਬਾਅਦ ਉਸ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਕਿਹਾ ਸੀ ਕਿ ਕੁਝ ਸਮਾਂ ਜੇਲ੍ਹ ਵਿੱਚ ਰੱਖ ਕੇ ਉਸ ਨੂੰ ਛੱਡ ਦੇਣਗੇ। ਪਿਛਲੇ ਐਤਵਾਰ ਵੀ ਸਾਡੀ ਗੱਲ ਹੋਈ ਸੀ।”
ਪਰਿਵਾਰ ਨੇ ਕਿਹਾ ਕਿ ਉਸ ਨੇ ਇਹ ਨਹੀਂ ਦੱਸਿਆ ਸੀ ਕਿ ਕਿਸ ਇਲਜ਼ਾਮ ਵਿੱਚ ਉਸ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਪਰਿਵਾਰ ਮੁਤਾਬਕ ਜੇਲ੍ਹ ਤੋਂ ਹਰ ਹਫਤੇ ਉਹ ਉਨ੍ਹਾਂ ਨਾਲ ਗੱਲ ਕਰਦਾ ਸੀ। ਇਸ ਦੌਰਾਨ ਉਸ ਨੇ ਦੱਸਿਆ ਸੀ ਕਿ ਉਸ ਮਹਿਲਾ ਨਾਲ ਉਸ ਦਾ ਪ੍ਰੇਮ ਸਬੰਧ ਸੀ।
ਸਥਾਨਕ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੌਜਵਾਨ ਦੀ ਉਮਰ ਕਰੀਬ 22 ਸਾਲ ਸੀ। ਉਸ ਦੇ ਪਿਤਾ ਮਜ਼ਦੂਰੀ ਕਰਦੇ ਸੀ, ਹੁਣ ਉਮਰ ਵਧਣ ਕਾਰਨ ਉਹ ਕੰਮ ਨਹੀਂ ਕਰ ਪਾਉਂਦੇ।
ਆਰਥਿਕ ਤੰਗੀ ਕਾਰਨ ਹੀ ਏਜੰਟ ਜ਼ਰੀਏ ਨੌਜਵਾਨ ਨੂੰ ਵਿਦੇਸ਼ ਭੇਜਿਆ ਗਿਆ ਸੀ।
ਬੰਗਲਾਦੇਸ਼ ਸਰਕਾਰ ਦਾ ਕੀ ਕਹਿਣਾ ਹੈ ?

ਬੰਗਲਾਦੇਸ਼ ਦੀ ਵਿਦੇਸ਼ ਰਾਜ ਮੰਤਰੀ ਸ਼ਮਾ ਓਬੈਦ ਨੇ ਕਿਹਾ, “ਸਾਊਦੀ ਅਰਬ ਦੇ ਵੱਖ ਵੱਖ ਸ਼ਹਿਰਾਂ ਵਿਚ ਕਈ ਥਾਈਂ ਬੰਗਲਾਦੇਸ਼ੀ ਨਾਗਰਿਕ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਹਨ। ਸਾਊਦੀ ਅਰਬ ਸਮੇਂ-ਸਮੇਂ ਪਛਾਣ ਸਬੰਧੀ ਵੇਰਵਿਆਂ ਨਾਲ ਸੂਚੀ ਭੇਜਦਾ ਹੈ। ਇਸ ਤੋਂ ਸਾਨੂੰ ਅਧਿਕਾਰਕ ਤੌਰ ‘ਤੇ ਪਤਾ ਲਗਦਾ ਹੈ ਕਿ ਕਿਸ ਨੂੰ ਕਦੋਂ ਅਤੇ ਕਿਹੜੇ ਹਾਲਾਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਜੇਲ੍ਹ ਵਿਚ ਹੈ। ਅਸੀਂ ਉਨ੍ਹਾਂ ਸੂਚੀਆਂ ਦੀ ਜਾਂਚ ਕਰ ਰਹੇ ਹਾਂ ਕਿ ਕੀ ਇਨ੍ਹਾਂ ਦੋਹਾਂ ਦੇ ਨਾਮ ਉਨ੍ਹਾਂ ਵਿੱਚ ਸ਼ਾਮਲ ਹਨ। ਸਾਨੂੰ ਪਰਿਵਾਰਾਂ ਤੋਂ ਵੀ ਇਸ ਦੀ ਜਾਣਕਾਰੀ ਨਹੀਂ ਮਿਲੀ ਸੀ।”
ਹਾਲਾਂਕਿ ਬ੍ਰਿਟੇਨ ਸਥਿਤ ਕੌਮਾਂਤਰੀ ਕਾਨੂੰਨ ਮਾਹਿਰ ਡਾ.ਰੇਹਾਨ ਰਸ਼ੀਦ ਦਾ ਕਹਿਣਾ ਹੈ ਕਿ ਵਿਦੇਸ਼ ਰਾਜ ਮੰਤਰੀ ਦੇ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਵਿਦੇਸ਼ ਮੰਤਰਾਲੇ ਨੂੰ ਇਨ੍ਹਾਂ ਦੋਹਾਂ ਦੀ ਗ੍ਰਿਫਤਾਰੀ ਬਾਰੇ ਪਿਛਲੇ ਤਿੰਨ ਸਾਲਾਂ ਤੋਂ ਜਾਣਕਾਰੀ ਸੀ।
ਉਨ੍ਹਾਂ ਬੀਬੀਸੀ ਬੰਗਲਾ ਨੂੰ ਕਿਹਾ, “ਗ੍ਰਿਫਤਾਰੀ ਤੋਂ ਤੁਰੰਤ ਬਾਅਦ ਜਾਣਕਾਰੀ ਜੁਟਾਉਣਾ ਅਤੇ ਜ਼ਰੂਰੀ ਕਦਮ ਚੁੱਕਣਾ ਦੂਤਾਵਾਸ ਦੀ ਜ਼ਿੰਮੇਵਾਰੀ ਸੀ। ਤਿੰਨ ਸਾਲ ਤੱਕ ਜਨ ਸ਼ਕਤੀ ਮੰਤਰਾਲੇ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਨਹੀਂ ਕੀਤਾ। ਸੂਚੀ ਮਿਲਣ ਦੇ ਬਾਵਜੂਦ ਦੂਤਾਵਾਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕਿਸੇ ਵਿਦੇਸ਼ੀ ਨਾਗਰਿਕ ਦੇ ਗ੍ਰਿਫ਼ਤਾਰ ਹੋਣ ਦੇ ਨਾਲ ਹੀ ਉਸ ਦੇ ਕਾਂਸੁਲਰ ਅਧਿਕਾਰ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਨੂੰ ਸਹਾਇਤਾ ਲੈਣ ਦਾ ਹੱਕ ਸੀ। ਇਸ ਘਟਨਾ ਤੋਂ ਪਤਾ ਲਗਦਾ ਹੈ ਕਿ ਉੱਥੇ ਬੰਗਲਾਦੇਸ਼ੀ ਨਾਗਰਿਕਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ। ਉਹ ਗਰੀਬ ਸਨ। ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਦੀ ਲੋੜ ਸੀ।”
ਡਾ.ਰਸ਼ੀਦ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਮਜ਼ਦੂਰ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਾ ਹੋਵੇ। ਪਰ ਇਹ ਸਾਊਦੀ ਅਰਬ ਦੀ ਜ਼ਿੰਮੇਵਾਰੀ ਸੀ। ਬੰਗਲਾਦੇਸ਼ ਦੇ ਦੂਤਾਵਾਸ ਨੂੰ ਵੀ ਮਾਮਲੇ ਦੀ ਜਾਣਕਾਰੀ ਲੈ ਕੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




