Home rss national punjabi2ਰਾਸ਼ਟਰੀ ਖ਼ਬਰਾਂ ਹਲਦੀ ਨਾਲ ਜੁੜੇ ਸਿਹਤ ਸਬੰਧੀ ਦਾਅਵਿਆਂ ਦੀ ਸੱਚਾਈ ਕੀ ਹੈ, ਕੀ ਸਪਲੀਮੈਂਟ...

ਹਲਦੀ ਨਾਲ ਜੁੜੇ ਸਿਹਤ ਸਬੰਧੀ ਦਾਅਵਿਆਂ ਦੀ ਸੱਚਾਈ ਕੀ ਹੈ, ਕੀ ਸਪਲੀਮੈਂਟ ਵਾਕਈ ਤੁਹਾਡੀ ਸਿਹਤ ਲਈ ਫ਼ਾਇਦੇਮੰਦ ਹਨ?

3
0

Source :- BBC PUNJABI

ਹਲਦੀ

ਤਸਵੀਰ ਸਰੋਤ, Getty Images

ਭਾਵੇਂ ਤੁਸੀਂ ਭਾਰਤੀ ਚਿਕਨ ਪਕਾ ਰਹੇ ਹੋ, ਸੁਡਾਨੀ ਊਠ ਦੀ ਬਿਰਿਆਨੀ, ਮਲੇਸ਼ੀਆਈ ਲਕਸਾ ਜਾਂ ਬੰਗਲਾਦੇਸ਼ੀ ਮਾਛੇਰ ਝੋਲ, ਇੱਕ ਚੀਜ਼ ਇਨ੍ਹਾਂ ਸਭ ਵਿੱਚ ਸਾਂਝੀ ਹੈ – ਹਲਦੀ।

ਪਰ ਖਾਣੇ ਨੂੰ ਸੁਆਦੀ ਬਣਾਉਣ ਤੋਂ ਇਲਾਵਾ, ਕੀ ਦੁਨੀਆ ਦੇ ਸਭ ਤੋਂ ਪੁਰਾਤਨ ਅਤੇ ਸਭ ਤੋਂ ਪਸੰਦੀਦਾ ਮਸਾਲਿਆਂ ਵਿੱਚੋਂ ਇੱਕ ਸਾਡੀ ਸਿਹਤ ਲਈ ਵੀ ਕੋਈ ਚਮਤਕਾਰ ਕਰ ਸਕਦਾ ਹੈ?

ਦੱਖਣੀ ਏਸ਼ੀਆਈ ਪਰਵਾਸੀ ਭਾਈਚਾਰੇ ਸਬੰਧੀ ਮਾਹਿਰ, ਫ਼ੂਡ ਰਿਸਰਚਰ ਅਤੇ ਪੌਡਕਾਸਟਰ ਰਾਗਿਨੀ ਕਸ਼ਯਪ ਨੇ ਫੂਡ ਚੇਨ ਪ੍ਰੋਗਰਾਮ ਨੂੰ ਦੱਸਿਆ, “ਮੇਰੇ ਪਰਿਵਾਰ ਦੀ ਵਿਰਾਸਤ ਪੰਜਾਬੀ ਹੈ ਅਤੇ ਮੈਂ ਅਜਿਹੇ ਕਿਸੇ ਵੀ ਪਕਵਾਨ ਬਾਰੇ ਨਹੀਂ ਸੋਚ ਸਕਦੀ, ਜਿਸ ਵਿੱਚ ਅਸੀਂ ਹਲਦੀ ਨਾ ਵਰਤਦੇ ਹੋਈਏ।”

ਹਲਦੀ ਦੀਆਂ ਲਗਭਗ 30 ਕਿਸਮਾਂ ਹਨ, ਜਿਹੜੀਆਂ ਏਸ਼ੀਆਈ, ਅਫ਼ਰੀਕੀ ਅਤੇ ਦੱਖਣੀ ਅਮਰੀਕੀ ਖਾਣੇ ਵਿੱਚ ਵਿਆਪਕ ਤੌਰ ‘ਤੇ ਵਰਤੀਆਂ ਜਾਂਦੀਆਂ ਹਨ। ਪਰ ਦੱਖਣੀ ਏਸ਼ੀਆਈ ਪਰਵਾਸੀ ਭਾਈਚਾਰੇ ਦੇ ਨਾਲ-ਨਾਲ ਇਹ ਪੂਰਬ ਵਿੱਚ ਬਾਲੀ ਅਤੇ ਫਿਜੀ ਦੇ ਪ੍ਰਸ਼ਾਂਤ ਟਾਪੂਆਂ ਤੋਂ ਲੈ ਕੇ ਪੱਛਮ ਵਿੱਚ ਕੈਰੀਬੀਅਨ ਟਾਪੂਆਂ ਤੱਕ ਵੀ ਪਹੁੰਚ ਗਈ ਹੈ।

ਕੀ ਐਂਟੀਸੈਪਟਿਕ ਦੀ ਤਰ੍ਹਾਂ ਕੰਮ ਕਰਦੀ ਹੈ ਹਲਦੀ

ਰਾਗਿਨੀ ਕਸ਼ਯਪ ਕਹਿੰਦੇ ਹਨ ਕਿ 2,500 ਸਾਲ ਪਹਿਲਾਂ ਦੇ ਲਿਖਤੀ ਸਰੋਤਾਂ ਵਿੱਚ ਵੀ ਹਲਦੀ ਦਾ ਜ਼ਿਕਰ ਮਿਲਦਾ ਹੈ। ਦੱਖਣੀ ਏਸ਼ੀਆ ਵਿੱਚ ਹਲਦੀ ਦੀ ਵਰਤੋਂ ਆਮ ਹੈ, ਜਿੱਥੇ ਲੋਕਾਂ ਦਾ ਇਹ ਡੂੰਘਾ ਵਿਸ਼ਵਾਸ ਹੈ ਕਿ ਇਸ ਵਿੱਚ ਐਂਟੀਸੈਪਟਿਕ ਅਤੇ ਸੋਜ ਘਟਾਉਣ ਵਾਲੇ ਗੁਣ ਹੁੰਦੇ ਹਨ।

ਦੁਬਈ ਵਿੱਚ ਰਹਿਣ ਵਾਲੇ ਰਾਗਿਨੀ ਕਸ਼ਯਪ ਦੱਸਦੇ ਹਨ, “ਜਦੋਂ ਮੈਂ ਬਿਮਾਰ ਹੁੰਦੀ ਹਾਂ, ਤਾਂ ਸਭ ਤੋਂ ਪਹਿਲਾਂ ਮੇਰੇ ਮਨ ਵਿੱਚ ਹਲਦੀ ਹੀ ਆਉਂਦੀ ਹੈ ਅਤੇ ਇਸ ਨਾਲ ਮੈਨੂੰ ਬਹੁਤ ਸਕੂਨ ਮਹਿਸੂਸ ਹੁੰਦਾ ਹੈ। ਇਹ ਕੁਝ ਹੱਦ ਤੱਕ ਸਕੂਨ, ਕੁਝ ਹੱਦ ਤੱਕ ਦਵਾਈ, ਅਤੇ ਕੁਝ ਹੱਦ ਤੱਕ ਯਾਦਾਂ ਨਾਲ ਜੁੜੀ ਹੋਈ ਹੈ।

ਭਾਰਤ ਵਿੱਚ ਤਾਂ ‘ਹਲਦੀ ਦੀ ਰਸਮ’ ਵੀ ਹੁੰਦੀ ਹੈ। ਇਹ ਵਿਆਹ ਤੋਂ ਪਹਿਲਾਂ ਦੀ ਇੱਕ ਰਸਮ ਹੈ, ਜਿਸ ਵਿੱਚ ਸੁੰਦਰਤਾ ਵਧਾਉਣ ਲਈ ਚਿਹਰੇ ‘ਤੇ ਹਲਦੀ ਦਾ ਲੇਪ ਲਗਾਇਆ ਜਾਂਦਾ ਹੈ।

ਹਿੰਦੂ ਭਾਈਚਾਰਿਆਂ ਵਿੱਚ ਹਲਦੀ ਨੂੰ ਵਿਆਹਾਂ ਵਰਗੇ ਤਿਉਹਾਰੀ ਮੌਕਿਆਂ 'ਤੇ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਹੈ

ਤਸਵੀਰ ਸਰੋਤ, Getty Images

ਹੁਣ ਇਸ ਦੀ ਵਿੱਕਰੀ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ ਪੱਛਮੀ ਦੇਸ਼ਾਂ ਦੇ ਖਪਤਕਾਰ ਵੀ ਇਨ੍ਹਾਂ ਪੁਰਾਤਨ ਦਾਵਿਆਂ ਵੱਲ ਧਿਆਨ ਦੇ ਰਹੇ ਹਨ।

ਹਲਦੀ ਦੇ ਸਪਲੀਮੈਂਟਸ ਨੂੰ ਹੱਡੀਆਂ ਅਤੇ ਜੋੜਾਂ ਦੀ ਸਿਹਤ ਨੂੰ ਬਿਹਤਰ ਕਰਨ ਤੋਂ ਲੈਕੇ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣ ਤੱਕ ਹਰ ਚੀਜ਼ ਲਈ ਲਾਭਕਾਰੀ ਦੱਸਿਆ ਜਾਂਦਾ ਹੈ। ਇਨ੍ਹਾਂ ਸਪਲੀਮੈਂਟਸ ਵਿੱਚ ਆਮ ਤੌਰ ‘ਤੇ ਕਰਕਿਊਮਿਨ ਨਾਂ ਦਾ ਤੱਤ ਹੁੰਦਾ ਹੈ ਅਤੇ ਜਿਸਨੂੰ ਅਕਸਰ ਸਿਹਤ ਲਈ ਲਾਭਕਾਰੀ ਮੰਨਿਆ ਜਾਂਦਾ ਹੈ।

ਕਸ਼ਯਪ ਸਮਝਾਉਂਦੇ ਹਨ ਕਿ ਇਸ ਦੀ ਲੋਕਪ੍ਰਿਯਤਾ ਦਾ ਇੱਕ ਕਾਰਨ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਆਪਣੇ ਸਕਾਰਾਤਮਕ ਤਜਰਬੇ ਸਾਂਝੇ ਕਰਨਾ ਵੀ ਹੈ।

ਉਹ ਕਹਿੰਦੇ ਹਨ, “ਜੇਕਰ ਲਗਭਗ ਇੱਕ ਅਰਬ ਲੋਕ ਬਹੁਤ ਪੂਰੀ ਤਰ੍ਹਾਂ ਨਾਲ ਇਹ ਮੰਨਦੇ ਹਨ ਕਿ ਹਲਦੀ ਕਈ ਚੀਜ਼ਾਂ ਨੂੰ ਠੀਕ ਕਰ ਸਕਦੀ ਹੈ, ਤਾਂ ਇਹ ਦੁਨੀਆ ਭਰ ਲਈ ਇੱਕ ਵੱਡਾ ਸੰਦੇਸ਼ ਬਣ ਜਾਂਦਾ ਹੈ।”

“ਅਤੇ ਫਿਰ ਜੇ ਇਸ ਦੇ ਪਿੱਛੇ ਲੌਬਿੰਗ, ਸਪਲੀਮੈਂਟ ਕੰਪਨੀਆਂ ਅਤੇ ਹੋਰ ਤਾਕਤਾਂ ਵੀ ਜੁੜ ਜਾਣ, ਤਾਂ ਇਹ ਸੰਦੇਸ਼ ਹੋਰ ਵੀ ਮਜ਼ਬੂਤ ਬਣ ਜਾਂਦਾ ਹੈ।”

ਫਾਇਦਿਆਂ ਬਾਰੇ ਕੌਣ ਚੁੱਕ ਰਹੇ ਹਨ ਸਵਾਲ

ਪਰ ਕੁਝ ਲੋਕ ਇਸ ਦੇ ਫਾਇਦਿਆਂ ‘ਤੇ ਖਦਸ਼ੇ ਜ਼ਾਹਿਰ ਕਰਦੇ ਹਨ। ਅਮਰੀਕਾ ਦੇ ਮਿਨੇਸੋਟਾ ਵਿੱਚ ਰਹਿਣ ਵਾਲੇ ਕੈਮਿਸਟ, ਡਾਕਟਰ ਕੈਥਰਿਨ ਨੈਲਸਨ ਨੇ ਕਰਕਿਊਮਿਨ ਬਾਰੇ 100 ਤੋਂ ਵੱਧ ਖੋਜ ਪੱਤਰਾਂ ਦੀ ਸਮੀਖਿਆ ਕੀਤੀ ਹੈ।

ਉਹ ਕਹਿੰਦੇ ਹਨ, “ਸਾਨੂੰ ਇਹ ਦਾਅਵਾ ਮਿਲਦਾ ਹੈ ਕਿ ਇਹ ਹਰ ਚੀਜ਼ ਕਰ ਸਕਦਾ ਹੈ, ਪਰ ਹਕੀਕਤ ਵਿੱਚ ਸ਼ਾਇਦ ਇਹ ਬਹੁਤ ਘੱਟ ਜਾਂ ਕੁਝ ਵੀ ਨਹੀਂ ਕਰਦਾ।”

ਡਾਕਟਰ ਨੈਲਸਨ ਕਹਿੰਦੇ ਹਨ ਕਿ ਹਲਦੀ ਨਾਲ ਸਮੱਸਿਆ ਇਸ ਦੀ ਕੇਮਿਕਲ ਕੰਪੋਜ਼ੀਸ਼ਨ (ਰਸਾਇਣਕ ਬਣਤਰ) ਵਿੱਚ ਹੋ ਸਕਦੀ ਹੈ, ਜਿਸਦਾ ਮਤਲਬ ਹੈ ਕਿ ਇਸ ‘ਤੇ ਅਧਿਐਨ ਕਰਨਾ ਆਸਾਨ ਨਹੀਂ ਹੈ। ਇਹ ਬਹੁਤ ਜ਼ਿਆਦਾ ਰਿਐਕਟਿਵ ਹੁੰਦੀ ਹੈ ਅਤੇ ਟੈਸਟ ਵਿੱਚ ਰੁਕਾਵਟ ਪੈਦਾ ਕਰਨ ਵਾਲਾ ਕੰਪਾਊਂਡ ਹੋ ਸਕਦੀ ਹੈ, ਮਤਲਬ ਅਜਿਹਾ ਲੱਗ ਸਕਦਾ ਹੈ ਕਿ ਇਹ ਕੰਮ ਕਰ ਰਹੀ ਹੈ, ਜਦਕਿ ਅਸਲ ਵਿੱਚ ਅਜਿਹਾ ਨਹੀਂ ਹੁੰਦਾ।

ਉਹ ਕਹਿੰਦੇ ਹਨ ਕਿ ਸਰੀਰ ਇਸ ਨੂੰ ਠੀਕ ਤਰ੍ਹਾਂ ਐਬਜ਼ੌਰਬ (ਸੋਖ) ਨਹੀਂ ਕਰ ਪਾਉਂਦਾ। ਮੂੰਹ ਰਾਹੀਂ ਲੈਣ ‘ਤੇ ਇਸ ਦਾ ਬਹੁਤ ਥੋੜ੍ਹਾ ਜਿਹਾ ਹਿੱਸਾ ਹੀ ਬਲੱਡ ਸਰਕੁਲੇਸ਼ਨ ਵਿੱਚ ਪਹੁੰਚਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਸਰੀਰ ਵਿੱਚ ਬਿਹਤਰ ਤਰੀਕੇ ਨਾਲ ਐਬਜ਼ੌਰਬ ਕਰਵਾਉਣ ਲਈ ਕਾਲੀ ਮਿਰਚ ਦੇ ਨਾਲ ਲੈਂਦੇ ਹਨ।

ਡਾਕਟਰ ਨੈਲਸਨ ਕਹਿੰਦੇ ਹਨ, “ਕਿਸੇ ਚੀਜ਼ ਨੂੰ ਇੱਕ ਲਾਭਦਾਇਕ ਦਵਾਈ ਬਣਾਉਣ ਦੀ ਸ਼ੁਰੂਆਤ ਕਰਨ ਦੇ ਲਿਹਾਜ਼ ਨਾਲ, ਇਹ ਸੱਚਮੁੱਚ ਸਭ ਤੋਂ ਖ਼ਰਾਬ ਕੇਮਿਕਲ ਸਟਰੱਕਚਰਜ਼ ਵਿੱਚੋਂ ਇੱਕ ਹੈ।”

ਹਲਦੀ ਤੋਂ ਬਣੇ ਸਪਲੀਮੈਂਟਸ ਬਾਰੇ ਕੀ ਕਿਹਾ ਜਾ ਰਿਹਾ?

ਹਲਦੀ

ਤਸਵੀਰ ਸਰੋਤ, Getty Images

ਦਹਾਕਿਆਂ ਤੋਂ ਵੱਡੇ ਪੱਧਰ ‘ਤੇ ਹਲਦੀ ‘ਤੇ ਬਾਰੇ ਖੋਜ ਹੋਈ ਹੈ, ਪਰ ਨਤੀਜੇ ਅਕਸਰ ਵੱਖ-ਵੱਖ ਹੁੰਦੇ ਹਨ ਅਤੇ ਅਧਿਐਨਾਂ ਦੀ ਕੁਆਲਿਟੀ ਵੀ ਵੱਖ-ਵੱਖ ਹੁੰਦੀ ਹੈ।

ਕੈਨੇਡਾ ਦੇ ਓਂਟਾਰੀਓ ਵਿੱਚ ਲੰਦਨ ਹੈਲਥ ਸਾਇੰਸਿਜ਼ ਸੈਂਟਰ ਵਿੱਚ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ, ਪ੍ਰੋਫ਼ੈਸਰ ਅਮਿਤ ਗਰਗ ਕਹਿੰਦੇ ਹਨ ਕਿ ਇਸ ਦੇ ਫਾਇਦਿਆਂ ਬਾਰੇ ਦੱਸਣ ਵਾਲੇ ਕਈ ਅਧਿਐਨ ਇਨਸਾਨਾਂ ‘ਤੇ ਨਹੀਂ ਕੀਤੇ ਗਏ ਸਨ।

ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਹੁਣ ਤੱਕ ਦੇ ਦੋ ਸਭ ਤੋਂ ਅਧਿਐਨ ਕੀਤੇ ਹਨ। ਪਹਿਲਾ ਅਧਿਐਨ ਇਹ ਪਤਾ ਲਗਾਉਣ ਲਈ ਸੀ ਕਿ ਕੀ ਕਰਕਿਊਮਿਨ ਉਨ੍ਹਾਂ ਲੋਕਾਂ ਵਿੱਚ ਕਿਡਨੀ ਦੀ ਸੱਟ ਅਤੇ ਸੋਜ ਨੂੰ ਰੋਕ ਸਕਦਾ ਹੈ, ਜਿਨ੍ਹਾਂ ਦੀ ਏਓਰਟਿਕ ਐਨਿਊਰਿਜ਼ਮ ਰਿਪੇਅਰ ਸਰਜਰੀ ਹੋ ਰਹੀ ਹੈ – ਪਰ 600 ਮਰੀਜ਼ਾਂ ‘ਤੇ ਕੀਤੇ ਗਏ ਟ੍ਰਾਇਲ ਵਿੱਚ ਉਨ੍ਹਾਂ ਨੂੰ ਕੋਈ ਫਾਇਦੇਮੰਦ ਅਸਰ ਦਿਖਾਈ ਨਹੀਂ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਕਿਡਨੀ ਦੀ ਬਿਮਾਰੀ ਵਾਲੇ ਲੋਕਾਂ ‘ਤੇ ਕਰਕਿਊਮਿਨ ਦੇ ਛੋਟੇ ਪਾਰਟੀਕਲ (ਮਾਈਕ੍ਰੋ-ਪਾਰਟੀਕਲ) ਦੀ ਵਰਤੋਂ ਕਰਕੇ ਦੇਖਿਆ ਕਿ ਕੀ ਇਸ ਨਾਲ ਉਨ੍ਹਾਂ ਦੀ ਕਿਡਨੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਜਾਂ ਇਹ ਕਿਡਨੀ ਦੀ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ – ਪਰ ਉਹ ਇਹ ਸਾਬਿਤ ਨਹੀਂ ਕਰ ਸਕੇ।

ਉਹ ਕਹਿੰਦੇ ਹਨ, “ਸਾਨੂੰ ਨਿਰਾਸ਼ਾ ਹੋਈ, ਕਿਉਂਕਿ ਅਸੀਂ ਖੁੱਲ੍ਹੇ ਦਿਮਾਗ ਨਾਲ ਟ੍ਰਾਇਲ ਸ਼ੁਰੂ ਕੀਤਾ ਸੀ। ਸਾਡਾ ਮਕਸਦ ਇਹ ਦਿਖਾਉਣਾ ਨਹੀਂ ਸੀ ਕਿ ਇਹ ਕੰਮ ਨਹੀਂ ਕਰਦਾ।”

ਪਰ ਇਸ ਗੱਲ ਨੂੰ ਕਿਵੇਂ ਸਮਝਿਆ ਜਾਵੇ ਕਿ ਹਜ਼ਾਰਾਂ ਸਾਲਾਂ ਤੋਂ ਲੋਕ ਇਸ ਨੂੰ ਦਵਾਈ ਦੇ ਤੌਰ ‘ਤੇ ਵਰਤਦੇ ਆ ਰਹੇ ਹਨ, ਖ਼ਾਸ ਕਰਕੇ ਭਾਰਤ ਵਿੱਚ?

ਡਾਕਟਰ ਗਰਗ ਦਾ ਕਹਿਣਾ ਹੈ ਕਿ ਕਿਸੇ ਆਰਗੈਨਿਕ ਚੀਜ਼ ਤੋਂ ਦਵਾਈ ਬਣਾਉਣ ਲਈ ਉਸ ਵਿੱਚੋਂ ਕੁਦਰਤੀ ਤੌਰ ‘ਤੇ ਮਿਲਣ ਵਾਲੇ ਕਿਸੇ ਇੱਕ ਕੰਪਾਊਂਡ ਨੂੰ ਅਲੱਗ ਕਰਨ ਅਤੇ ਪੂਰੀ ਆਰਗੈਨਿਕ ਚੀਜ਼ ਨਾਲ ਖਾਣਾ ਪਕਾਉਣ ਜਾਂ ਉਸ ਨੂੰ ਚਮੜੀ ‘ਤੇ ਵਰਤਣ ਵਿੱਚ ਨਿਸ਼ਚਿਤ ਤੌਰ ‘ਤੇ ਫ਼ਰਕ ਹੈ।

ਤਾਂ, ਕੀ ਮਾਹਿਰਾਂ ਨੂੰ ਲੱਗਦਾ ਹੈ ਕਿ ਮਹਿੰਗੇ ਸਪਲੀਮੈਂਟ ਫਾਇਦੇਮੰਦ ਹਨ?

ਪ੍ਰੋਫ਼ੈਸਰ ਗਰਗ ਦਾ ਕਹਿਣਾ ਹੈ ਕਿ ਕੀਮਤ ਤੋਂ ਇਲਾਵਾ, ਇਸ ਗੱਲ ਦੇ ਵੀ ਕਾਫ਼ੀ ਸਬੂਤ ਨਹੀਂ ਹਨ ਕਿ ਇਹ ਕੰਮ ਕਰਦੇ ਹਨ। ਉਹ ਦੱਸਦੇ ਹਨ ਕਿ ਕੁਦਰਤੀ ਸਿਹਤ ਉਤਪਾਦਾਂ ‘ਤੇ ਉਹੋ ਜਿਹੀਆਂ ਪਾਬੰਦੀਆਂ ਜਾਂ ਨਿਯਮ ਲਾਗੂ ਨਹੀਂ ਹੁੰਦੇ, ਜਿਵੇਂ ਦੂਜੀਆਂ ਦਵਾਈਆਂ ‘ਤੇ ਹੁੰਦੇ ਹਨ।

ਉਹ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਅਸੀਂ ਨਿਸ਼ਚਿਤ ਤੌਰ ‘ਤੇ ਖੁੱਲ੍ਹੇ ਵਿਚਾਰਾਂ ਵਾਲੇ ਹੋ ਸਕਦੇ ਹਾਂ। ਪਰ ਸਾਡੇ ਕੋਲ ਇੱਕ ਮਿਆਰ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਕੁਝ ਕਹਿੰਦੇ ਹਾਂ ਕਿ ਕਿਸੇ ਚੀਜ਼ ਦਾ ਕੋਈ ਖ਼ਾਸ ਅਸਰ ਹੁੰਦਾ ਹੈ, ਤਾਂ ਉਹ ਉੱਚ ਗੁਣਵੱਤਾ ਵਾਲੇ ਸਬੂਤਾਂ ‘ਤੇ ਆਧਾਰਿਤ ਹੋਣਾ ਚਾਹੀਦਾ ਹੈ।”

ਪਰ ਉਹ ਲੋਕਾਂ ਵੱਲੋਂ ਇਸ ਨੂੰ ਆਪਣੇ ਖਾਣੇ ਵਿੱਚ ਇਸਤੇਮਾਲ ਕਰਨ ਨੂੰ ਕੋਈ ਸਮੱਸਿਆ ਨਹੀਂ ਮੰਨਦੇ।

ਸਗੋਂ ਉਹ ਕਹਿੰਦੇ ਹਨ ਕਿ “ਜੇ ਲੋਕ ਹਲਦੀ ਵਾਲਾ ਖਾਣਾ ਪਸੰਦ ਕਰਦੇ ਹਨ, ਤਾਂ ਮੈਂ ਉਨ੍ਹਾਂ ਨੂੰ ਉਤਸ਼ਾਹਿਤ ਕਰਾਂਗਾ ਕਰਾਂਗਾ ਕਿ ਅਜਿਹਾ ਕਰਦੇ ਰਹਿਣ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI