Source :- BBC PUNJABI
ਤਸਵੀਰ ਸਰੋਤ, Satnam Singh
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਸਤਨਾਮ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਸਲਮਾਨ ਖ਼ਾਨ ਨੇ ਵੀਰਵਾਰ ਨੂੰ ਜਪਾਨ ਵਿੱਚ ਹੋਈਆਂ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਪੁਰਸ਼ਾਂ ਦੇ ਡਬਲ ਸਕਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਭਾਰਤੀ ਜੋੜੀ ਨੇ 6:13.25 ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਅਤੇ ਇਸ ਮੁਕਾਬਲੇ ਵਿੱਚ ਭਾਰਤ ਲਈ ਏਸ਼ੀਆਈ ਖੇਡਾਂ ਦਾ ਪਹਿਲਾ ਤਗਮਾ ਜਿੱਤਿਆ।
ਦੋਵਾਂ ਦਾ ਰੋਇੰਗ ਤੱਕ ਪਹੁੰਚਣ ਦਾ ਸਫ਼ਰ ਹਾਲਾਂਕਿ ਬਿਲਕੁਲ ਵੱਖਰਾ ਰਿਹਾ। ਸਾਬਕਾ ਕੌਮੀ ਪੱਧਰ ਦੇ ਹੈਂਡਬਾਲ ਖਿਡਾਰੀ ਸਤਨਾਮ ਨੇ 2017 ਵਿੱਚ ਇੱਕ ਓਲੰਪੀਅਨ ਰੋਵਰ ਦੇ ਸਕੂਲ ਦੌਰੇ ਤੋਂ ਬਾਅਦ ਰੋਇੰਗ ਅਪਣਾਈ, ਜਦਕਿ ਸਲਮਾਨ ਨੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਲਈ ਐੱਨਸੀਆਰ ਵਿੱਚ ਕੈਬ ਚਲਾਉਣ ਤੋਂ ਬਾਅਦ ਫ਼ੌਜ ਵਿੱਚ ਭਰਤੀ ਹੋ ਕੇ ਇਸ ਖੇਡ ਨੂੰ ਆਪਣਾ ਕਰੀਅਰ ਬਣਾਇਆ।
ਇਹ ਤਗਮਾ ਸਤਨਾਮ ਸਿੰਘ ਦਾ ਲਗਾਤਾਰ ਦੂਜੀਆਂ ਏਸ਼ੀਆਈ ਖੇਡਾਂ ਵਿੱਚ ਮੈਡਲ ਹੈ, ਜਦਕਿ ਸਲਮਾਨ ਲਈ ਇਹ ਉਨ੍ਹਾਂ ਦੇ ਉਸ ਸਫ਼ਰ ਦੀ ਵੱਡੀ ਉਪਲਬਧੀ ਹੈ, ਜੋ ਰੋਇੰਗ ਤੋਂ ਬਹੁਤ ਦੂਰ ਕੈਬ ਦੇ ਸਟੀਅਰਿੰਗ ਪਿੱਛੇ ਬੈਠੇ ਇੱਕ ਨੌਜਵਾਨ ਤੋਂ ਸ਼ੁਰੂ ਹੋਇਆ ਸੀ।
ਸਤਨਾਮ ਸਿੰਘ: ਹੈਂਡਬਾਲ ਤੋਂ ਰੋਇੰਗ ਤੱਕ
ਓਲੰਪੀਅਨ ਰੋਵਰ ਸਵਰਨ ਸਿੰਘ ਵੱਲੋਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਫੱਤਾ ਮਾਲੋਕਾ ਦੇ ਇੱਕ ਸਰਕਾਰੀ ਸਕੂਲ ਦੇ ਦੌਰੇ ਨੇ ਸਤਨਾਮ ਸਿੰਘ ਦੇ ਖੇਡ ਕਰੀਅਰ ਦੀ ਦਿਸ਼ਾ ਬਦਲ ਦਿੱਤੀ।
ਨੌਂ ਸਾਲ ਬਾਅਦ, ਉਸ ਫ਼ੈਸਲੇ ਨੇ ਉਸ ਨੂੰ ਏਸ਼ੀਆਈ ਖੇਡਾਂ ਵਿੱਚ ਇਤਿਹਾਸ ਰਚਣ ਵਿੱਚ ਮਦਦ ਕੀਤੀ।
ਸਤਨਾਮ ਨੇ ਕਿਹਾ, “ਜਾਪਾਨ ਵਿੱਚ ਅਸੀਂ ਖੁਸ਼ ਹਾਂ ਕਿ ਅਸੀਂ ਡਬਲ ਸਕਲਜ਼ ਮੁਕਾਬਲੇ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤ ਸਕੇ। ਮੈਨੂੰ ਭਰੋਸਾ ਸੀ ਕਿ ਅਸੀਂ ਚੰਗਾ ਪ੍ਰਦਰਸ਼ਨ ਕਰ ਸਕਦੇ ਹਾਂ। ਮੈਨੂੰ ਆਪਣੇ ਸਾਥੀ ਸਲਮਾਨ ਖ਼ਾਨ ਦੀ ਫਾਰਮ ‘ਤੇ ਪੂਰਾ ਭਰੋਸਾ ਸੀ ਅਤੇ ਅਸੀਂ ਮਿਲ ਕੇ ਇੱਕ ਚੰਗੀ ਟੀਮ ਬਣਾਈ। ਸਾਨੂੰ ਭਰੋਸਾ ਸੀ ਕਿ ਅਸੀਂ ਪੋਡੀਅਮ ‘ਤੇ ਪਹੁੰਚਾਂਗੇ।”
26 ਸਾਲਾ ਸਤਨਾਮ ਲਈ ਇਹ ਤਗਮਾ ਲਗਾਤਾਰ ਦੂਜੀਆਂ ਏਸ਼ੀਆਈ ਖੇਡਾਂ ਵਿੱਚ ਪੋਡੀਅਮ ਫਿਨਿਸ਼ ਹੈ।
ਉਹ 2022 ਦੀਆਂ ਹਾਂਗਝੋਊ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੁਰਸ਼ਾਂ ਦੀ ਕਵਾਡਰੁਪਲ ਸਕਲਜ਼ ਟੀਮ ਦਾ ਹਿੱਸਾ ਸਨ, ਜੋ 2023 ਵਿੱਚ ਕਰਵਾਈਆਂ ਗਈਆਂ ਸਨ।
ਪਰ ਰੋਇੰਗ ਦੇ ਪੋਡੀਅਮ ਤੱਕ ਉਨ੍ਹਾਂ ਦਾ ਸਫ਼ਰ ਪਾਣੀ ਤੋਂ ਦੂਰ, ਫੱਤਾ ਮਾਲੋਕਾ ਦੇ ਇੱਕ ਸਕੂਲ ਦੇ ਮੈਦਾਨ ਤੋਂ ਸ਼ੁਰੂ ਹੋਇਆ ਸੀ।
2017 ਵਿੱਚ ਸਤਨਾਮ ਕੌਮੀ ਪੱਧਰ ਦੇ ਹੈਂਡਬਾਲ ਖਿਡਾਰੀ ਸਨ, ਜਦੋਂ ਉਨ੍ਹਾਂ ਦੇ ਸਕੂਲ ਦੇ ਖੇਡ ਅਧਿਆਪਕ ਹਰਪ੍ਰੀਤ ਸਿੰਘ ਨੇ ਓਲੰਪੀਅਨ ਰੋਵਰ ਸਵਰਨ ਸਿੰਘ ਨੂੰ ਸਰਕਾਰੀ ਸਕੂਲ ਵਿੱਚ ਸੱਦਾ ਦਿੱਤਾ।
ਇਸ ਇਲਾਕੇ ਦੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸਵਰਨ ਨੇ ਨੌਜਵਾਨ ਸਤਨਾਮ ਦਾ ਕੱਦ ਦੇਖਿਆ ਅਤੇ ਉਨ੍ਹਾਂ ਨੂੰ ਰੋਇੰਗ ਅਜ਼ਮਾਉਣ ਦੀ ਸਲਾਹ ਦਿੱਤੀ।

ਸਤਨਾਮ ਨੇ ਯਾਦ ਕਰਦਿਆਂ ਕਿਹਾ, “ਉਨ੍ਹਾਂ ਨੇ ਮੈਨੂੰ ਕਿਹਾ ਕਿ ਕਿਉਂਕਿ ਮੇਰਾ ਕੱਦ ਲੰਮਾ ਹੈ, ਲਗਭਗ 6 ਫੁੱਟ 1 ਇੰਚ, ਇਸ ਲਈ ਮੈਨੂੰ ਰੋਇੰਗ ਵਿੱਚ ਹੱਥ ਅਜ਼ਮਾਉਣਾ ਚਾਹੀਦਾ ਹੈ।”
ਇਹ ਸੁਝਾਅ ਸਤਨਾਮ ਦੇ ਮਨ ਨੂੰ ਲੱਗਾ। ਮਾਨਸਾ ਇਲਾਕੇ ਨਾਲ ਸਬੰਧਤ ਸਵਰਨ ਸਿੰਘ ਪਹਿਲਾਂ ਹੀ ਸਥਾਨਕ ਨੌਜਵਾਨਾਂ ਲਈ ਪ੍ਰੇਰਣਾ ਸਨ ਅਤੇ ਸਤਨਾਮ ਨੇ ਉਨ੍ਹਾਂ ਦੀ ਸਲਾਹ ਮੰਨਣ ਦਾ ਫ਼ੈਸਲਾ ਕੀਤਾ।
ਉਨ੍ਹਾਂ ਕਿਹਾ, “ਮੈਂ ਤੁਰੰਤ ਹੈਂਡਬਾਲ ਛੱਡ ਕੇ ਰੋਇੰਗ ਸ਼ੁਰੂ ਕਰ ਦਿੱਤੀ।”
ਸਤਨਾਮ 2017 ਵਿੱਚ ਰੋਪੜ ਸਥਿਤ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀਆਈਐੱਸ) ਦੇ ਰੋਇੰਗ ਸੈਂਟਰ ਵਿੱਚ ਸ਼ਾਮਲ ਹੋਏ।
ਇੱਕ ਸਾਲ ਦੇ ਅੰਦਰ ਹੀ ਉਹ ਭਾਰਤੀ ਜੂਨੀਅਰ ਟੀਮ ਵਿੱਚ ਸ਼ਾਮਲ ਹੋ ਗਏ ਅਤੇ 2018 ਦੀਆਂ ਯੂਥ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ, ਜਿੱਥੇ ਉਨ੍ਹਾਂ ਨੇ ਪੁਰਸ਼ਾਂ ਦੇ ਪੇਅਰ ਮੁਕਾਬਲੇ ਵਿੱਚ ਅੱਠਵਾਂ ਸਥਾਨ ਹਾਸਲ ਕੀਤਾ।
ਹੈਂਡਬਾਲ ਤੋਂ ਰੋਇੰਗ ਵਿੱਚ ਤਬਦੀਲੀ ਸਿਰਫ਼ ਸ਼ੁਰੂਆਤ ਸੀ। 2019 ਵਿੱਚ ਸਤਨਾਮ ਨੂੰ ਖੇਡ ਕੋਟੇ ਤਹਿਤ ਭਾਰਤੀ ਜਲ ਸੈਨਾ ਵਿੱਚ ਭਰਤੀ ਕੀਤਾ ਗਿਆ, ਇਸ ਨਾਲ ਵੱਡੇ ਮੁਕਾਬਲਿਆਂ ਅਤੇ ਹੋਰ ਮੌਕਿਆਂ ਦਾ ਰਾਹ ਖੁੱਲ੍ਹਿਆ।
ਭਾਰਤੀ ਜਲ ਸੈਨਾ ਵਿੱਚ ਪੈਟੀ ਅਫ਼ਸਰ ਵਜੋਂ ਤੈਨਾਤ ਸਤਨਾਮ ਸਿੰਘ ਨੇ ਕਿਹਾ, “2019 ਵਿੱਚ ਭਾਰਤੀ ਜਲ ਸੈਨਾ ਵਿੱਚ ਭਰਤੀ ਹੋਣ ਨਾਲ ਮੈਨੂੰ ਵੱਡੇ ਮੰਚਾਂ ‘ਤੇ ਪਹੁੰਚਣ ਦਾ ਟੀਚਾ ਬਣਾਉਣ ਵਿੱਚ ਮਦਦ ਮਿਲੀ। 2022 ਦੀਆਂ ਏਸ਼ੀਆਈ ਖੇਡਾਂ ਵਿੱਚ ਮੈਂ ਕਾਂਸੀ ਦਾ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ।”
ਇਨ੍ਹਾਂ ਮੈਡਲਾਂ ਨੇ ਖੇਡ ਮੈਦਾਨ ਤੋਂ ਬਾਹਰ ਸਤਨਾਮ ਦੇ ਪਰਿਵਾਰ ਦੀ ਜ਼ਿੰਦਗੀ ਵਿੱਚ ਵੀ ਬਦਲਾਅ ਲਿਆਂਦਾ ਹੈ।
ਰੋਇੰਗ ਨੇ ਸਮਾਜਿਕ-ਆਰਥਿਕ ਪੱਖੋਂ ਵੀ ਮਦਦ ਕੀਤੀ
ਤਸਵੀਰ ਸਰੋਤ, Getty Images
ਖੇਤੀਬਾੜੀ ਪਰਿਵਾਰ ਨਾਲ ਸਬੰਧਤ ਸਤਨਾਮ ਨੇ ਦੱਸਿਆ ਕਿ ਏਸ਼ੀਆਈ ਖੇਡਾਂ ਵਿੱਚ ਪਹਿਲਾਂ ਮਿਲੀ ਸਫ਼ਲਤਾ ਲਈ ਮਿਲੀਆਂ ਵਿੱਤੀ ਉਤਸ਼ਾਹ ਰਾਸ਼ੀਆਂ ਨਾਲ ਪਰਿਵਾਰ ਦੀ ਜ਼ਮੀਨ ਵਧਾਉਣ ਵਿੱਚ ਮਦਦ ਮਿਲੀ।
ਸਤਨਾਮ ਨੇ ਕਿਹਾ, “ਇਸ ਤੋਂ ਪਹਿਲਾਂ ਸਾਡੇ ਕੋਲ ਲਗਭਗ ਸੱਤ ਏਕੜ ਜ਼ਮੀਨ ਸੀ। ਏਸ਼ੀਆਈ ਖੇਡਾਂ ਵਿੱਚ ਮੈਡਲ ਜਿੱਤਣ ਲਈ ਮਿਲੀ ਨਕਦ ਉਤਸ਼ਾਹ ਰਾਸ਼ੀ ਨਾਲ ਮੈਂ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਵਧਾ ਕੇ 15 ਏਕੜ ਕਰ ਸਕਿਆ।”
“ਹੁਣ ਸਾਡੇ ਇਲਾਕੇ ਦੇ ਪੇਂਡੂ ਨੌਜਵਾਨਾਂ ਵਿੱਚ ਰੋਇੰਗ ਨੂੰ ਕਾਫ਼ੀ ਤਵੱਜੋ ਮਿਲ ਰਹੀ ਹੈ। ਏਸ਼ੀਆਈ ਖੇਡਾਂ ਦੇ ਮੈਡਲਾਂ ਨੇ ਨਾ ਸਿਰਫ਼ ਸਾਨੂੰ ਪਛਾਣ ਦਿਵਾਈ ਹੈ, ਸਗੋਂ ਸਮਾਜਿਕ-ਆਰਥਿਕ ਪੱਖੋਂ ਸਾਡੇ ਪਰਿਵਾਰਾਂ ਦੀ ਵੀ ਮਦਦ ਕੀਤੀ ਹੈ।”
“ਜੇ ਸਵਰਨ ਸਰ ਦੇ ਮੈਡਲਾਂ ਨੇ ਨੌਜਵਾਨਾਂ ਨੂੰ ਰੋਇੰਗ ਅਪਨਾਉਣ ਲਈ ਪ੍ਰੇਰਿਤ ਕੀਤਾ ਸੀ, ਤਾਂ ਮੈਂ ਉਮੀਦ ਕਰਦਾ ਹਾਂ ਕਿ ਮੇਰੇ ਲਗਾਤਾਰ ਦੋ ਏਸ਼ੀਆਈ ਖੇਡਾਂ ਦੇ ਤਗਮੇ ਵੀ ਨੌਜਵਾਨਾਂ ਨੂੰ ਰੋਇੰਗ ਨੂੰ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਨਗੇ।”
ਹੁਣ ਪੁਰਸ਼ਾਂ ਦੇ ਡਬਲ ਸਕਲਜ਼ ਵਿੱਚ ਭਾਰਤ ਲਈ ਇਤਿਹਾਸ ਰਚਣ ਅਤੇ ਆਪਣੇ ਤਗਮਿਆਂ ਦੇ ਸੰਗ੍ਰਹਿ ਵਿੱਚ ਇੱਕ ਹੋਰ ਏਸ਼ੀਆਈ ਖੇਡਾਂ ਦਾ ਮੈਡਲ ਜੋੜਨ ਤੋਂ ਬਾਅਦ ਸਤਨਾਮ ਕਾਫ਼ੀ ਲੰਮਾ ਸਫ਼ਰ ਤੈਅ ਕਰ ਚੁੱਕੇ ਹਨ।
ਸਲਮਾਨ ਖ਼ਾਨ: ਕੈਬ ਚਲਾਉਣ ਤੋਂ ਏਸ਼ੀਆਈ ਖੇਡਾਂ ਦੇ ਪੋਡੀਅਮ ਤੱਕ
ਤਸਵੀਰ ਸਰੋਤ, Salman Khan
ਨੈਸ਼ਨਲ ਕੈਪੀਟਲ ਰੀਜਨ ਵਿੱਚ ਕੈਬ ਚਲਾਉਣ ਤੋਂ ਲੈ ਕੇ ਏਸ਼ੀਆਈ ਖੇਡਾਂ ਵਿੱਚ ਤਮਗਾ ਜਿੱਤਣ ਤੱਕ ਸਲਮਾਨ ਖ਼ਾਨ ਦਾ ਸਫ਼ਰ ਆਮ ਨਹੀਂ ਰਿਹਾ।
ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਵਜੋਂ ਤੈਨਾਤ 28 ਸਾਲਾ ਸਲਮਾਨ ਨੇ ਕਿਹਾ, “ਮੇਰੀ ਖੁਸ਼ੀ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਇਹ ਇੱਕ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਸੁਪਨਾ ਸੀ ਅਤੇ ਆਖ਼ਰਕਾਰ ਸਤਨਾਮ ਸਿੰਘ ਦੀ ਮਦਦ ਨਾਲ ਅਸੀਂ ਦੇਸ਼ ਦਾ ਮਾਣ ਵਧਾ ਸਕੇ,”
ਸਲਮਾਨ ਦਾ ਜਨਮ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਪਿਊਰ ਢਿੰਗਈ ਪਿੰਡ ਵਿੱਚ ਹੋਇਆ। ਉਹ ਮੇਵਾਤ ਵਿੱਚ ਵੱਡੇ ਹੋਏ, ਜਿੱਥੇ ਉਨ੍ਹਾਂ ਦੇ ਪਿਤਾ ਮੁਹੰਮਦ ਕਾਸਿਮ ਖ਼ਾਨ ਟਰੱਕਾਂ ਦੀ ਬਾਡੀ ਬਣਾਉਣ ਦੇ ਕੰਮ ਨਾਲ ਜੁੜੇ ਹੋਏ ਸਨ।
2016 ਵਿੱਚ ਉਨ੍ਹਾਂ ਦੇ ਪਿਤਾ ਦੀ ਡੇਂਗੂ ਕਾਰਨ ਮੌਤ ਹੋ ਗਈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਅਚਾਨਕ ਬਦਲ ਗਈ। ਸਲਮਾਨ ਉਸ ਸਮੇਂ ਸਿਰਫ਼ 17 ਸਾਲ ਦੇ ਸਨ ਅਤੇ ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹੋਣ ਕਾਰਨ ਸੱਤ ਮੈਂਬਰਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਅਚਾਨਕ ਉਨ੍ਹਾਂ ਦੇ ਮੋਢਿਆਂ ‘ਤੇ ਆ ਗਈ।
ਖੇਤੀਬਾੜੀ ਵਾਲੀ ਜ਼ਮੀਨ ਜਾਂ ਆਮਦਨ ਦੇ ਕਿਸੇ ਹੋਰ ਸਰੋਤ ਨਾ ਹੋਣ ਕਰਕੇ ਉਨ੍ਹਾਂ ਨੂੰ ਹਾਈ ਸਕੂਲ ਪੂਰਾ ਕਰਨ ਤੋਂ ਬਾਅਦ ਅੱਗੇ ਦੀ ਪੜ੍ਹਾਈ ਛੱਡਣੀ ਪਈ ਅਤੇ ਫਿਰ ਉ੍ਨ੍ਹਾਂ ਨੇ ਐੱਨਸੀਆਰ ਵਿੱਚ ਕੈਬ ਡਰਾਈਵਰ ਵਜੋਂ ਵੈਗਨਆਰ ਚਲਾਉਣੀ ਸ਼ੁਰੂ ਕਰ ਦਿੱਤੀ।
ਸਲਮਾਨ ਨੇ ਯਾਦ ਕਰਦਿਆਂ ਕਿਹਾ, “ਪਿਤਾ ਦੇ ਦੇਹਾਂਤ ਤੋਂ ਬਾਅਦ ਸਾਰਾ ਬੋਝ ਮੇਰੇ ਮੋਢਿਆਂ ‘ਤੇ ਆ ਗਿਆ। ਪਰਿਵਾਰ ਲਈ ਉਨ੍ਹਾਂ ਵੱਲੋਂ ਖਰੀਦੀ ਗਈ ਕਾਰ ਹੀ ਮੇਰੀ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਬਣ ਗਈ।”
“ਇੱਕ ਨੌਜਵਾਨ ਵਜੋਂ ਸੱਤ ਮੈਂਬਰਾਂ ਦੇ ਪਰਿਵਾਰ ਦੀ ਦੇਖਭਾਲ ਕਰਨਾ ਬੇਹੱਦ ਚੁਣੌਤੀਪੂਰਨ ਸੀ। ਕਈ ਦਿਨ ਅਜਿਹੇ ਵੀ ਸਨ ਜਦੋਂ ਗੁਜ਼ਾਰਾ ਕਰਨਾ ਮੁਸ਼ਕਲ ਹੁੰਦਾ ਸੀ, ਪਰ ਇਨ੍ਹਾਂ ਮੁਸ਼ਕਲਾਂ ਨੇ ਮੈਨੂੰ ਹੋਰ ਮਜ਼ਬੂਤ ਬਣਾਇਆ।”
ਤਸਵੀਰ ਸਰੋਤ, Getty Images
ਉਹ ਕੈਬ ਚਲਾਉਂਦੇ ਰਹੇ, ਜਦੋਂ ਤੱਕ ਭਾਰਤੀ ਫ਼ੌਜ ਤੋਂ ਮੌਕਾ ਨਹੀਂ ਆਇਆ। ਇੱਕ ਦੋਸਤ ਨੇ ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ ਅਤੇ ਸਤੰਬਰ 2018 ਵਿੱਚ ਸਲਮਾਨ ਸਿਪਾਹੀ ਵਜੋਂ ਚੁਣੇ ਗਏ।
6 ਫੁੱਟ 5 ਇੰਚ ਲੰਮੇ ਸਲਮਾਨ ਦੀ ਸਰੀਰਕ ਬਣਤਰ ਨੇ ਜਲਦੀ ਹੀ ਉਨ੍ਹਾਂ ਦੇ ਫ਼ੌਜੀ ਸਾਥੀਆਂ ਅਤੇ ਕੋਚਾਂ ਦਾ ਧਿਆਨ ਖਿੱਚਿਆ। ਉਨ੍ਹਾਂ ਨੂੰ ਰੋਇੰਗ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਆਖ਼ਰਕਾਰ ਉਹ ਆਰਮੀ ਰੋਇੰਗ ਨੋਡ ਅਤੇ 122 ਇੰਜੀਨੀਅਰਜ਼ ਰੈਜੀਮੈਂਟ ਦਾ ਹਿੱਸਾ ਬਣੇ।
ਉਨ੍ਹਾਂ ਕਿਹਾ, “ਸ਼ੁਰੂ ਵਿੱਚ ਮੈਂ ਰੋਇੰਗ ਅਪਣਾਉਣ ਤੋਂ ਝਿਜਕ ਰਿਹਾ ਸੀ। ਪਰ ਮੇਰੇ ਕੋਚਾਂ ਨੇ ਪਛਾਣ ਲਿਆ ਕਿ ਮੇਰੀ ਸਰੀਰਕ ਬਣਤਰ ਇਸ ਖੇਡ ਲਈ ਢੁੱਕਵੀਂ ਹੈ ਅਤੇ ਮੈਨੂੰ ਇਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ। ਅੱਜ ਮੈਂ ਉਨ੍ਹਾਂ ਦਾ ਸੱਚਮੁੱਚ ਧੰਨਵਾਦੀ ਹਾਂ। ਨਹੀਂ ਤਾਂ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਗੁਆ ਬੈਠਦਾ।”
ਅੰਤਰਰਾਸ਼ਟਰੀ ਸਫ਼ਲਤਾ ਦਾ ਰਾਹ ਤੁਰੰਤ ਨਹੀਂ ਖੁੱਲ੍ਹਿਆ। ਸਰਵਿਸਿਜ਼ ਟੀਮ ਵਿੱਚ ਜਗ੍ਹਾ ਬਣਾਉਣ ਲਈ ਲਗਭਗ ਦੋ ਸਾਲ ਸੰਘਰਸ਼ ਕਰਨ ਤੋਂ ਬਾਅਦ ਸਲਮਾਨ ਨੇ ਜਨਵਰੀ 2022 ਵਿੱਚ ਰੋਇੰਗ ਛੱਡਣ ਦਾ ਫ਼ੈਸਲਾ ਕੀਤਾ। ਮੇਜਰ ਨਾਗੇਂਦਰ ਹੁੱਡਾ ਅਤੇ ਉਨ੍ਹਾਂ ਦੇ ਕੋਚਾਂ ਨੇ ਉਨ੍ਹਾਂ ਨੂੰ ਜਾਰੀ ਰੱਖਣ ਲਈ ਮਨਾਇਆ।
ਉਸੇ ਸਾਲ ਬਾਅਦ ਵਿੱਚ ਉਨ੍ਹਾਂ ਨੇ ਅਹਿਮਦਾਬਾਦ ਵਿੱਚ ਹੋਈਆਂ ਨੈਸ਼ਨਲ ਗੇਮਜ਼ ਵਿੱਚ ਸਰਵਿਸਿਜ਼ ਲਈ ਕਵਾਡਰੁਪਲ ਸਕਲਜ਼ ਵਿੱਚ ਸੋਨ ਤਗਮਾ ਜਿੱਤਿਆ।
ਇਸ ਤੋਂ ਬਾਅਦ ਉਨ੍ਹਾਂ ਨੇ 2023 ਵਿੱਚ ਗੋਆ ਵਿੱਚ ਹੋਈਆਂ ਨੈਸ਼ਨਲ ਗੇਮਜ਼ ਵਿੱਚ ਇੱਕ ਹੋਰ ਸੋਨ ਤਗਮਾ ਜਿੱਤਿਆ ਅਤੇ 2024 ਵਿੱਚ ਏਸ਼ੀਆ ਕੱਪ ਵਿੱਚ ਵੀ ਸੋਨੇ ਦਾ ਮੈਡਲ ਹਾਸਲ ਕੀਤਾ।
ਸਲਮਾਨ ਲਈ 2026 ਦੀਆਂ ਏਸ਼ੀਆਈ ਖੇਡਾਂ ਦਾ ਮੈਡਲ ਉਸ ਸਫ਼ਰ ਦਾ ਸਿੱਟਾ ਹੈ, ਜੋ ਰੋਇੰਗ ਕੋਰਸ ਤੋਂ ਬਹੁਤ ਦੂਰ, ਇੱਕ ਅਜਿਹੇ ਪਰਿਵਾਰ ਵਿੱਚ ਸ਼ੁਰੂ ਹੋਇਆ ਸੀ, ਜੋ ਗੁਜ਼ਾਰੇ ਲਈ ਸੰਘਰਸ਼ ਕਰ ਰਿਹਾ ਸੀ ਅਤੇ ਐਨਸੀਆਰ ਵਿੱਚ ਕੈਬ ਦੇ ਸਟੀਅਰਿੰਗ ਪਿੱਛੇ ਬੈਠੇ ਇੱਕ ਨੌਜਵਾਨ ਤੋਂ ਸ਼ੁਰੂ ਹੋਇਆ ਸੀ।
ਸਲਮਾਨ ਨੇ ਕਿਹਾ, “ਜੇ ਮੈਂ ਕੈਬ ਚਲਾਉਂਦਾ ਰਹਿੰਦਾ ਤਾਂ ਮੈਂ ਆਪਣੇ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਣਾ ਨਾ ਬਣ ਸਕਦਾ। ਫ਼ੌਜ ਵਿੱਚ ਸ਼ਾਮਲ ਹੋਣ ਅਤੇ ਰੋਇੰਗ ਅਪਣਾਉਣ ਨੇ ਸਭ ਕੁਝ ਬਦਲ ਦਿੱਤਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



